ਦੇਈਂ ਦੇਈਂ ਵੇ ਬਾਬਲਾ
ਦੇਈਂ ਦੇਈਂ ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ।
ਡਾਹ ਪੀਹੜਾ ਬਹਿੰਦਾ ਸਾਹਮਣੇ ਵੇ,
ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ।
ਦੇਈਂ ਦੇਈਂ ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਦੇ ਬਾਹਲੜੇ ਪੁੱਤ, ਇੱਕ ਮੰਗੀਏ, ਇੱਕ ਵਿਆਹੀਏ,
ਵੇ ਮੈਂ ਸ਼ਾਦੀਆਂ ਵੇਖਾਂ ਨਿੱਤ, ਬਾਬਲ ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ।
ਦੇਈਂ ਦੇਈਂ ਵੇ ਬਾਬਲਾ ਓਸ ਘਰੇ,
ਜਿੱਥੇ ਬੂਰੀਆਂ ਝੋਟੀਆਂ ਸੱਠ,
ਇੱਕ ਰਿੜਕਾਂ ਇਕ ਜਮਾਇਸਾਂ,
ਵੇ ਮੇਰਾ ਚਾਟੀਆਂ ਦੇ ਵਿਚ ਹੱਥ, ਬਾਬਲ ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ।
ਦੇਈਂ ਦੇਈਂ ਵੇ ਬਾਬਲਾ ਓਸ ਘਰੇ,
ਜਿੱਥੇ ਦਰਜ਼ੀ ਸੀਵੇ ਪੱਟ,
ਇੱਕ ਪਾਵਾਂ ਇੱਕ ਟੰਗਣੇ,
ਮੇਰਾ ਵਿਚ ਸੰਦੂਕਾਂ ਦੇ ਹੱਥ, ਬਾਬਲ ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ।
ਦੇਈਂ ਦੇਈਂ ਵੇ ਬਾਬਲਾ ਓਸ ਘਰੇ,
ਜਿੱਥੇ ਘਾੜ ਘੜੇ ਸੁਨਿਆਰ,
ਇੱਕ ਪਾਵਾਂ ਦੂਜਾ ਡੱਬੜੇ,
ਵੇ ਮੇਰਾ ਵਿੱਚ ਡੱਬਿਆਂ ਦੇ ਹੱਥ, ਬਾਬਲ ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ
…..