ਚਿੱਠੀ ਪੱਤਰ
ਚਿੱਠੀਆਂ ਲਿਖਣਾ, ਅਜੋਕੇ ਜੀਵਨ ਵਿਚ, ਮਨੁੱਖ ਦੀ ਇਕ ਸਾਧਾਰਨ ਜਰੂਰਤ ਹੈ। ਹਰ ਵਿਅਕਤੀ ਆਪਣੇ ਸਾਕਾਂ-ਸਬੰਧੀਆਂ ਨੂੰ, ਆਪਣੇ ਸੱਜਣਾਂ-ਮਿੱਤਰਾਂ ਨੂੰ, ਚਿੱਠੀ-ਪੱਤਰ ਲਿਖਦਾ ਹੀ ਰਹਿੰਦਾ ਹੈ। ਅਜੇਹੀਆਂ ਨਿੱਜੀ ਚਿੱਠੀਆਂ ਤੋਂ ਇਲਾਵਾ ਕਦੇ ਕਦਾਈਂ ਸਰਕਾਰੀ ਜਾਂ ਵਿਹਾਰਕ ਪੱਤਰ ਵੀ ਲਿਖਣੇ ਪੈਂਦੇ ਹਨ। ਇਸ ਕਰਕੇ ਚਿੱਠੀਆਂ ਸਾਡੇ ਜੀਵਨ ਦਾ ਇਕ ਜਰੂਰੀ ਅੰਗ ਬਣ ਗਈਆਂ ਹਨ। ਹੁਣ ੳਹ ਸਮਾਂ ਨਹੀਂ ਰਿਹਾ ਜਦੋਂ ਇਕ ਪਰਿਵਾਰ ਦੇ ਸਾਰੇ ਜੀਅ ਇਕੋ ਮਹੱਲੇ ਜਾਂ ਇਕੋ ਪਿੰਡ ਵਿਚ ਹੀ ਵਸਦੇ ਸਨ ਅਤੇ ਹੋਰ ਰਿਸ਼ਤੇਦਾਰ ਵੀ ਨੇੜੇ-ਤੇੜੇ ਹੀ ਰਹਿੰਦੇ ਸਨ। ਅੱਜ ਕੱਲ੍ਹ ਤਾਂ, ਨੌਕਰੀ-ਚਾਕਰੀ, ਵਣਜ-ਵਪਾਰ, ਵਿਦਿਆ ਪਰਾਪਤੀ ਆਦਿ ਦੇ ਸਬੰਧ ਵਿਚ ਇਕ ਟੱਬਰ ਦੇ ਜੀਆਂ ਨੂੰ ਆਪਣਾ ਪਿੰਡ ਜਾਂ ਸ਼ਹਿਰ ਤਾਂ ਕੀ ਆਪਣਾ ਸੂਬਾ ਛੱਡ ਕੇ ਦੂਸਰੇ ਸੂਬਿਆਂ ਵਿਚ ਜਾ ਕੇ ਰਹਿਣਾ ਪੈਂਦਾ ਹੈ। ਪੰਜਾਬੀਆਂ ਦੇ ਰਿਸ਼ਤੇਦਾਰ ਤਾਂ ਇੰਗਲੈਂਡ, ਅਫਰੀਕਾ, ਅਮਰੀਕਾ ਆਦਿ ਤੱਕ ਪੁੱਜੇ ਹੋਏ ਹਨ। ਇਨ੍ਹਾਂ ਦੂਰ-ਦੂਰ ਬੈਠੇ ਸੰਬੰਧੀਆਂ ਨਾਲ ਚਿੱਠੀਆਂ ਰਾਹੀਂ ਹੀ ਮੇਲ-ਮਿਲਾਪ ਰਖਿਆ ਜਾਂਦਾ ਹੈ।
ਚਿੱਠੀ-ਪੱਤਰ ਦੀ ਇੰਨੀ ਮਹੱਤਤਾ ਹੁੰਦਿਆਂ ਹੋਇਆਂ ਵੀ, ਅਸੀਂ ਆਮ ਤੌਰ ਤੇ ਚਿੱਠੀਆਂ ਲਿਖਣ ਲੱਗਿਆਂ ਬੜੀ ਲਾਪਰਵਾਹੀ ਤੋਂ ਕੰਮ ਲੈਂਦੇ ਹਾਂ। ਪਰ ਜਦੋਂ ਕਿਤੇ ਸਾਨੂੰ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਦੀ ਲਾਪਰਵਾਹੀ ਨਾਲ ਲਿਖੀ ਹੋਈ ਚਿੱਠੀ ਮਿਲੇ ਤਾਂ ਅਸੀਂ ਬੜੇ ਖਿਝਦੇ ਹਾਂ। ਕਈ ਵਾਰੀ ਕਿਸੇ ਵਿਅਕਤੀ ਦੀ ਚਿੱਠੀ ਨੂੰ ਵੇਖ ਕੇ ਹੀ ਅਸੀਂ ਉਹਦੀ ਸੂਝ-ਬੂਝ ਉੱਤੇ, ਸਗੋਂ ਉਹਦੇ ਸੁਭਾ ਤੇ ਆਚਰਨ ਬਾਰੇ ਵੀ ਅਨੁਮਾਨ ਲਾਉਣ ਲੱਗ ਪੈਂਦੇ ਹਾਂ। ਕਈ ਵਾਰੀ ਕੁਚੱਜੇ ਢੰਗ ਨਾਲ ਲਿਖੀ ਚਿੱਠੀ ਕਰਕੇ ਹੀ ਸਾਕ-ਸੰਬੰਧੀ ਜਾਂ ਦੋਸਤ ਮਿੱਤਰ ਰੁੱਸ ਜਾਂਦੇ ਹਨ। ਕੋਈ ਚਿੱਠੀ ਬਣੇ ਹੋਏ ਕੰਮ ਵਿਗਾੜ ਸਕਦੀ ਹੈ, ਤੇ ਸੁਚੱਜੀ ਲਿਖੀ ਚਿੱਠੀ ਵਿਗਡ਼ੇ ਮਾਮਲੇ ਸੁਧਾਰ ਸਕਦੀ ਹੈ, ਭਾਵਨਾ ਦੀਆਂ ਟੁੱਟੀਆਂ ਤਾਰਾਂ ਜੋੜ ਦਿੰਦੀ ਹੈ।
ਇਹ ਸਭ ਕੁਝ ਤੋਂ ਇਹ ਸਿੱਧ ਹੁੰਦਾ ਹੈ ਕਿ ਹਰ ਪਡ਼੍ਹੇ ਲਿਖੇ ਵਿਅਕਤੀ ਨੂੰ ਨਾ ਸਿਰਫ ਚਿੱਠੀ ਲਿਖਣ ਦਾ ਢੰਗ ਹੀ ਆਉਣਾ ਚਾਹੀਦਾ ਹੈ, ਸਗੋਂ ਚੰਗੇ ਤੋਂ ਚੰਗੇ ਢੰਗ ਨਾਲ ਚਿੱਠੀ-ਪੱਤਰ ਲਿਖਣ ਦਾ ਅਭਿਆਸ ਵੀ ਹੋਣਾ ਚਾਹੀਦਾ ਹੈ। ਹੁਣ ਅਸੀਂ ਚਿੱਠੀ-ਪੱਤਰ ਲਿਖਣ ਬਾਰੇ ਕੁਝ ਜਰੂਰੀ ਨੁਕਤੇ ਦੱਸ ਕੇ, ਨਾਲ ਹੀ ਵੱਖ-ਵੱਖ ਪ੍ਰਕਾਰ ਦੀਆਂ ਚਿੱਠੀਆਂ ਦੇ ਥੋੜੇ ਜਿਹੇ ਉਦਾਹਰਣ ਵੀ ਦਿਆਂਗੇ। ਯਾਦ ਰਹੇ ਇਹ ਉਦਾਹਰਣ ਸਿਰਫ ਨਮੂਨਾ ਪੇਸ਼ ਕਰਨ ਲਈ ਹਨ। ਇਨ੍ਹਾਂ ਨੂੰ ਘੋਟਾ ਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਕੇਵਲ ਚਿੱਠੀਆਂ ਦਾ ਮੁੱਖ ਢਾਂਚਾ ਯਾਦ ਰੱਖਣਾ ਜਰੂਰੀ ਹੈ। ਚਿੱਠੀ ਦੇ ਵਿਸ਼ੇ ਨੂੰ ਆਪਣੇ ਸ਼ਬਦਾਂ ਵਿਚ ਵਰਨਣ ਕਰੋ। ਕਿਸੇ ਕਿਤਾਬ ਵਿਚੋਂ ਬਣੇ ਬਣਾਏ ਵਾਕ ਚੁੱਕ ਕੇ ਕਦੇ ਨਾ ਵਰਤੋ। ਅਜਿਹਾ ਕਰਨ ਨਾਲ ਤੁਸੀਂ ਕਦੀ ਵੀ ਸੁਤੰਤਰ ਤੌਰ ਤੇ ਚਿੱਠੀ ਲਿਖਣ ਦੇ ਯੋਗ ਨਹੀਂ ਹੋ ਸਕੋਗੇ ਅਤੇ ਇਹ ਸੰਕੋਚ ਸਾਰੀ ਉਮਰ ਬਣਿਆ ਰਹੇਗਾ। ਏਥੇ ਕੇਵਲ ਅਜਿਹੇ ਪੱਤਰਾਂ ਦੇ ਨਮੂਨੇ ਦਿੱਤੇ ਗਏ ਹਨ ਜਿਹੜੇ ਇਕ ਸਾਧਾਰਨ ਵਿਅਕਤੀ ਨੂੰ ਆਪਣੇ ਨਿੱਤ ਦੇ ਜੀਵਨ ਵਿਚ ਲਿਖਣੇ ਪੈਂਦੇ ਹਨ। ਅਜਿਹੇ ਪੱਤਰਾਂ ਦੀਆਂ ਤਿੰਨ ਪ੍ਰਧਾਨ ਸ਼੍ਰੇਣੀਆਂ ਹਨ –
1) ਨਿੱਜੀ ਪੱਤਰ – ਜਿਹੜੇ ਅਸੀਂ ਆਪਣੇ ਸਾਕਾਂ-ਸੰਬੰਧੀਆਂ, ਦੋਸਤਾਂ-ਮਿੱਤਰਾਂ, ਆਦਿ ਨੂੰ ਲਿਖਦੇ ਹਾਂ।
2) ਸਰਕਾਰੀ ਪੱਤਰ – ਇਨ੍ਹਾਂ ਵਿਚ ਬਿਨੈ-ਪੱਤਰ (ਪ੍ਰਾਰਥਨਾ ਪੱਤਰ) ਸ਼ਕਾਇਤਾਂ ਆਦਿ ਸ਼ਾਮਲ ਹਨ, ਜੋ ਸਾਨੂੰ ਕਦੇ ਕਦੇ ਅਧਿਕਾਰੀਆਂ ਨੂੰ ਲਿਖ ਕੇ ਘੱਲਣੀਆਂ ਪੈਂਦੀਆਂ ਹਨ।
3) ਵਿਹਾਰਕ ਪੱਤਰ – ਅਜਿਹੇ ਪੱਤਰਾਂ ਵਿਚ ਕਿਸੇ ਦੁਕਾਨ ਜਾਂ ਫਰਮ ਤੋਂ ਸਾਮਾਨ ਮੰਗਵਾਉਣ ਲਈ ਲਿਖੇ ਜਾਣ ਵਾਲੇ ਪੱਤਰ, ਮੰਗਵਾਇਆ ਗਿਆ ਮਾਲ ਠੀਕ ਨਾ ਪੁੱਜਣ ਬਾਰੇ ਸ਼ਕਾਇਤ-ਪੱਤਰ ਆਦਿ ਸ਼ਾਮਿਲ ਕੀਤੇ ਜਾਂਦੇ ਹਨ।
ਦਫਤਰੀ ਚਿੱਠੀਆਂ ਦੇ ਉਦਾਹਰਣ ਏਥੇ ਨਹੀਂ ਦਿੱਤੇ ਗਏ। ਦਫਤਰੀ ਚਿੱਠੀਆਂ ਅਜਿਹੇ ਪੱਤਰ ਹਨ ਜਿਹੜੇ ਕਿਸੇ ਇਕ ਸਰਕਾਰੀ ਦਫਤਰ ਤੋਂ ਦੂਜੇ ਦਫਤਰ ਨੂੰ, ਇਕ ਵਪਾਰਿਕ ਫਰਮ ਤੋਂ ਦੂਜੀ ਫਰਮ ਜਾਂ ਵਪਾਰੀ ਆਦਿ ਨੂੰ ਲਿਖੇ ਜਾਂਦੇ ਹਨ। ਅਜਿਹੇ ਪੱਤਰ ਲਿਖਣ ਦੀ ਵਿਸ਼ੇਸ਼ ਵਿਉਂਤ ਹੁੰਦੀ ਹੈ ਤੇ ਦਫਤਰੀ ਨੌਕਰੀ ਲਈ ਇਸ ਸ਼੍ਰੇਣੀ ਦੇ ਪੱਤਰ ਆਦਿ ਲਿਖਣ ਦੀ ਸਿਖਲਾਈ ਲੈਣੀ ਪੈਂਦੀ ਹੈ। ਇਨ੍ਹਾਂ ਪੱਤਰਾਂ ਦਾ ਸੰਬੰਧ ਕਿਉਂਕਿ ਦਫਤਰੀ ਨੌਕਰੀ ਕਰਨ ਵਾਲਿਆਂ ਨਾਲ ਹੀ ਹੈ, ਸਾਧਾਰਨ ਵਿਅਕਤੀ ਨੂੰ ਅਜਿਹੇ ਪੱਤਰ ਲਿਖਣ ਦੀ ਲੋੜ ਨਹੀਂ ਪੈਂਦੀ, ਇਸ ਲਈ ਏਥੇ ਇਨ੍ਹਾਂ ਪੱਤਰਾਂ ਦੇ ਨਮੂਨੇ ਨਹੀਂ ਦਿੱਤੇ ਗਏ।
ਉਪੱਰ ਦਿੱਤੀਆਂ ਗਈਆਂ ਤਿੰਨਾਂ ਸ਼੍ਰੇਣੀਆਂ ਵਿਚੋਂ ਪਹਿਲੀਆਂ ਦੋਹਾਂ ਦੇ ਪੱਤਰ ਵਿਸ਼ੇਸ਼ ਮਹੱਤਤਾ ਵਾਲੇ ਹਨ, ਤੀਜੀ ਸ਼੍ਰੇਣੀ ਓਨੀ ਜਰੂਰੀ ਨਹੀਂ, ਇਸ ਲਈ ਇਸ ਦੇ ਥੋੜੇ ਹੀ ਨਮੂਨੇ ਦਿੱਤੇ ਗਏ ਹਨ।
ਪੱਤਰ ਲਿਖਣ ਸੰਬੰਧੀ ਜਰੂਰੀ ਗੱਲਾਂ
– ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਚਿੱਠੀਆਂ ਨਿਸ਼ਚਿਤ ਵਿਉਂਤ ਅਨੁਸਾਰ ਲਿਖੀਆਂ ਜਾਂਦੀਆਂ ਹਨ। ਵੱਖ-ਵੱਖ ਸ਼੍ਰੇਣੀ ਦੀਆਂ ਚਿੱਠੀਆਂ ਦੀ ਵਿਉਂਤ ਵਿਚ ਕੁਝ ਫਰਕ ਹੈ। ਅੱਗੇ ਦਿੱਤੇ ਗਏ ਨਮੂਨਿਆਂ ਵਿਚੋਂ ਚਿੱਠੀਆਂ ਦੀ ਵਿਉਂਤ ਨੂੰ ਗਹੁ ਨਾਲ ਵੇਖਿਆ ਜਾਵੇ, ਤੇ ਏਸੇ ਵਿਉਂਤ ਅਨੁਸਾਰ ਹੀ ਚਿੱਠੀ ਲਿਖੀ ਜਾਵੇ।
– ਚਿੱਠੀ ਦੇ ਅਰੰਭ ਤੇ ਅੰਤ ਵਿਚ ਵਰਤੇ ਜਾਣ ਵਾਲੇ ਸ਼ਬਦਾਂ ਵੱਲ ਵੀ ਖਾਸ ਧਿਆਨ ਦੇਣ ਦੀ ਲੋੜ ਹੈ। ਭਾਵੇਂ ਪੰਜਾਬੀ ਵਿਚ ਸੰਬੋਧਨ ਦੇ ਸ਼ਬਦ ਤੇ ਅੰਤ ਵਿਚ ਲਿਖਣ ਵਾਲੇ ਵਲੋਂ ਆਪਣੇ ਵਰਤੇ ਜਾਣ ਵਾਲੇ ਸ਼ਬਦ ਇਤਨੇ ਨਿਸ਼ਚਿਤ ਨਹੀਂ ਜਿੰਨੇ ਅੰਗ੍ਰੇਜ਼ੀ ਭਾਸ਼ਾਵਾਂ ਵਿਚ ਹਨ, ਫਿਰ ਵੀ ਅਜਿਹੇ ਸ਼ਬਦ ਠੀਕ ਅਤੇ ਢੁੱਕਵੇਂ ਹੋਣੇ ਚਾਹੀਦੇ ਹਨ।
– ਵਿਸ਼ਰਾਮ ਚਿੰਨ੍ਹਾਂ (ਕਾਮੇ, ਡੰਡੀ, ਆਦਿ) ਦੀ ਵਰਤੋਂ ਠੀਕ-ਠੀਕ ਹੋਣੀ ਚਾਹੀਦੀ ਹੈ। ਅੱਗੇ ਹਰ ਸ਼੍ਰੇਣੀ ਦੇ ਪੱਤਰਾਂ ਲਈ ਚਿਨ੍ਹਾਂ ਦੀ ਵਰਤੋਂ ਬਾਰੇ ਨੋਟ ਦਿੱਤੇ ਗਏ ਹਨ।
– ਖੱਬੇ ਪਾਸੇ ਹਾਸ਼ੀਆ ਜ਼ਰੂਰ ਛੱਡਿਆ ਜਾਵੇ, ਤੇ ਹਰ ਪੈਰੇ ਦੀ ਪਹਿਲੀ ਪੰਕਤੀ ਹਾਸ਼ੀਏ ਤੋਂ ਇਕ ਇੰਚ ਹਟਾ ਕੇ ਸ਼ੁਰੂ ਕੀਤੀ ਜਾਵੇ, ਬਾਕੀ ਲਾਈਨਾਂ ਹਾਸ਼ੀਏ ਦੇ ਨਾਲੋਂ ਅਰੰਭ ਕੀਤੀਆਂ ਜਾਣ।
– ਪੱਤਰ ਦੀ ਬੋਲੀ ਸ਼ੁੱਧ ਤੇ ਸਪਸ਼ਟ ਹੋਵੇ। ਅਜਿਹੇ ਵਾਕ ਕਦੇ ਨ ਲਿਖੋ ਜਿਨ੍ਹਾਂ ਦੇ ਅਰਥਾਂ ਵਿਚ ਭੁਲੇਖਾ ਪੈ ਸਕੇ। ਔਖੇ ਤੇ ਅਪ੍ਰਚਲਿਤ ਸ਼ਬਦ ਨਾ ਵਰਤੋ। ਲਿਖਾਈ ਵੀ ਸਾਫ ਅਤੇ ਸੁੰਦਰ ਹੋਣੀ ਚਾਹੀਦੀ ਹੈ।- ਚਿੱਠੀ
ਲਿਖਣ ਵਿਚ ਲਾਪਰਵਾਹੀ ਨਾਂ ਵਰਤੋ। ਅਧੂਰੇ ਵਾਕ, ਅਢੁੱਕਵੇਂ ਸ਼ਬਦ, ਅਸ਼ੁੱਧ ਸ਼ਬਦ-ਜੋੜ ਸਿਰਫ ਪ੍ਰੀਖਿਆ ਵਿਚ ਹੀ ਹਾਨੀਕਾਰਕ ਨਹੀਂ ਹੋ ਸਕਦੇ, ਸਗੋਂ ਆਮ ਜੀਵਨ ਵਿਚ ਵੀ ਇਹ ਅਪਜਸ ਦਾ ਕਾਰਨ ਬਣਦੇ ਹਨ।
– ਚਿੱਠੀ ਦੇ ਵਿਸ਼ੇ ਨੂੰ ਠੀਕ ਢੰਗ ਨਾਲ ਪੇਸ਼ ਕਰੋ, ਅਤੇ ਸਪਸ਼ਟ ਰੂਪ ਵਿਚ ਲਿਖੋ। ਚਿੱਠੀ ਅਰੰਭ ਕਰਨ ਤੋਂ ਪਹਿਲਾਂ ਕੁਝ ਚਿਰ ਸੋਚ ਲਵੋ ਕਿ ਕੀ ਕੁਝ ਲਿਖਣਾ ਹੈ, ਤੇ ਕਿਵੇਂ ਲਿਖਣਾ ਹੈ।
– ਸਿਰਨਾਵਾਂ ਠੀਕ-ਠੀਕ ਤੇ ਸਾਫ਼-ਸਾਫ਼ ਲਿਖੋ।
– ਲਿਖਣ ਪਿੱਛੋਂ ਇਕ ਵਾਰੀ ਸਾਰੀ ਚਿੱਠੀ ਆਪ ਪੜ੍ਹੋ। ਕੋਈ ਗ਼ਲਤੀ ਰਹਿ ਗਈ ਹੋਵੇ ਤਾਂ ਉਸ ਦੀ ਸੋਧ ਕਰੋ, ਕਿਤੇ ਲਿਖਤ ਸਾਫ਼ ਨਾ ਹੋਵੇ ਤਾਂ ਠੀਕ ਕਰੋ, ਕੋਈ ਸ਼ਬਦ ਜਾਂ ਵਾਕ ਠੀਕ ਨਾ ਜਾਪੇ ਤਾਂ ਬਦਲ ਦਿਓ।
ਨਿੱਜੀ ਪੱਤਰ
ਨਿੱਜੀ ਪੱਤਰ ਬਾਰੇ ਕੁਝ ਨੁਕਤੇ
– ਨਿੱਜੀ ਪੱਤਰ ਆਪਣੇ ਸੰਬੰਧੀਆਂ, ਮਿੱਤਰਾਂ, ਵਾਕਫ਼ਕਾਰਾਂ ਨੂੰ ਲਿਖੇ ਜਾਂਦੇ ਹਨ। ਜਿੱਥੇ ਸਰਕਾਰੀ ਜਾਂ ਵਿਹਾਰਕ ਪੱਤਰਾਂ ਵਿਚ ਸੰਬੰਧਿਤ ਵਿਸ਼ੇ ਤੋਂ ਵਾਧੂ ਕੋਈ ਗੱਲ ਲਿਖਣ ਦੀ ਗੁੰਜਾਇਸ਼ ਨਹੀਂ ਹੁੰਦੀ ਓਥੇ ਨਿੱਜੀ ਪੱਤਰਾਂ ਵਿਚ ਦਿੱਤੇ ਹੋਏ ਵਿਸ਼ੇ ਤੋਂ ਬਾਹਰ ਜਾਣਾ ਵਰਜਿਤ ਨਹੀਂ। ਕਈਆਂ ਹਾਲਤਾਂ ਵਿਚ ਤਾਂ ਵਿਸ਼ੇ ਤੋਂ ਇਲਾਵਾ ਕੁਝ ਹੋਰ ਵੀ ਲਿਖਣਾ ਜ਼ਰੂਰੀ ਹੰਦਾ ਹੈ।
– ਪਰ ਵਿਸ਼ੇ ਤੋਂ ਬਾਹਰ ਦੀਆਂ ਗੱਲਾਂ ਮੌਕੇ ਅਤੇ ਵਿਸ਼ੇ ਦੇ ਅਨੁਕੂਲ ਹੋਣੀਆਂ ਚਾਹੀਦੀਆਂ ਹਨ। ਕਿਸੇ ਮਾਤਮੀ ਚਿੱਠੀ ਵਿਚ ਅਗਲੇ ਦੀ ਸੁੱਖ-ਸਾਂਦ ਪੁਛਣੀ ਜਾਂ ਆਪਣੀ ਸੁੱਖ-ਸਾਂਦ ਦੱਸਣੀ, ਜਾਂ ਕੋਈ ਹੋਰ ਖੁਸ਼ੀਆਂ ਵਾਲੀ ਵਾਰਤਾ ਛੇਡਨੀ ਵੱਡੀ ਭੁੱਲ ਹੈ।
– ਸਰਕਾਰੀ ਤੇ ਵਿਹਾਰਕ ਪੱਤਰਾਂ ਵਿਚ ਗਿਣਵੇਂ-ਮਿਥਵੇਂ ਅਤੇ ਕਈ ਹਾਲਤਾਂ ਵਿਚ ਨਿਸ਼ਚਿਤ ਵਾਕ ਜਾਂ ਸ਼ਬਦ ਵਰਤਣੇ ਪੈਂਦੇ ਹਨ। ਪਰ ਨਿੱਜੀ ਚਿੱਠੀਆਂ ਵਿਚ, ਚਿੱਠੀ ਰੋਚਕ ਬਣਾਉਣ ਲਈ, ਹਾਸਬਿਲਾਸ, ਵਿਅੰਗ-ਵਿਨੋਦ ਵਾਲੇ ਵਾਕ ਲਿਖੇ ਜਾ ਸਕਦੇ ਹਨ। ਹਾਂ, ਉੱਪਰ ਦੱਸੇ ਅਨੁਸਾਰ ਅਜਿਹੇ ਵਾਕ ਮੌਕੇ ਅਤੇ ਸੰਬੋਧਨ ਕੀਤਾ ਜਾ ਰਹੇ ਵਿਅਕਤੀ ਦੀ ਪਦਵੀ ਜਾਂ ਰਿਸ਼ਤੇ ਦੇ ਅਨੁਕੂਲ ਹੋਣੇ ਚਾਹੀਦੇ ਹਨ। ਆਪਣੇ ਪਿਤਾ ਨੂੰ ਚਿੱਠੀ ਲਿਖਦਿਆਂ ਕੋਈ ਪੁੱਤਰ ਵਿਅੰਗ-ਵਿਨੋਦ ਵਾਲੇ ਵਾਕ ਨਹੀਂ ਵਰਤ ਸਕਦਾ।
– ਪ੍ਰੀਖਿਆ ਵਿਚ ਲਿਖੀਆਂ ਜਾਣ ਵਾਲੀਆਂ ਚਿੱਠੀਆਂ ਵਿਚ ਅਜਿਹੀਆਂ ਵਿਸ਼ੇ ਤੋਂ ਬਾਹਰ ਦੀਆਂ ਗੱਲਾਂ ਨੂੰ ਘੱਟ ਤੋਂ ਘੱਟ ਥਾਂ ਦਿੱਤੀ ਜਾਵੇ। ਅਜੇਹੇ ਪੱਤਰਾਂ ਵਿਚ ਨੰਬਰ ਸਿਰਫ ਦਿੱਤੇ ਹੋਏ ਵਿਸ਼ੇ ਦੇ ਹੀ ਮਿਲਦੇ ਹਨ। ਬਾਕੀ ਬਾਹਰ ਦੇ ਮਾਮਲੇ ਸਿਰਫ ਚਿੱਠੀ ਨੂੰ ਰੋਚਕ ਬਣਾਉਣ ਲਈ ਅਤੇ ਵਿਸ਼ੇ ਨੂੰ ਪੇਸ਼ ਕਰਨ ਵਾਲਾ ਵਾਤਾਵਰਣ ਬਣਾਉਣ ਲਈ, ਲਿਖੇ ਜਾਂਦੇ ਹਨ।
ਨਿੱਜੀ ਪੱਤਰ ਦੀ ਵਿਉਂਤ
ਨਿੱਜੀ ਪੱਤਰ ਦੇ ਪੰਜ ਮੁੱਖ ਭਾਗ ਹੁੰਦੇ ਹਨ। ਆਪਣਾ ਪਤਾ, ਸੰਬੋਧਨ ਦੇ ਸ਼ਬਦ, ਵਿਸ਼ੇ ਦੇ ਵਰਣਨ, ਅੰਤ ਵਿਚ ਲਿਖਣ ਵਾਲੇ ਦਾ ਨਾਂ ਤੇ ਜਿਸ ਨੂੰ ਚਿੱਠੀ ਲਿਖੀ ਗਈ ਹੈ, ਉਸ ਦਾ ਪੂਰਾ ਸਿਰਨਾਵਾਂ। ਹੇਠਾਂ ਇੰਨ੍ਹਾਂ ਹਿੱਸਿਆਂ ਬਾਰੇ ਕੁਝ ਹੋਰ ਜ਼ਰੂਰੀ ਨੁਕਤੇ ਦੱਸੇ ਗਏ ਹਨ।
– ਨਿੱਜੀ ਪੱਤਰ ਵਿਚ ਸਭ ਤੋਂ ਉੱਤੇ ਸੱਜੇ ਹੱਥ ਲਿਖਣ ਵਾਲੇ ਦਾ ਆਪਣਾ ਪਤਾ ਹੁੰਦਾ ਹੈ। ਪਤੇ ਵਿਚ ਲਿਖਣ ਵਾਲੇ ਦਾ ਨਾਂ ਨਹੀਂ ਹੁੰਦਾ, ਪਰ ਬਾਕੀ ਪੂਰਾ ਸਿਰਨਾਵਾਂ ਲਿਖਿਆ ਜਾਂਦਾ ਹੈ, ਜਿਸ ਉੱਤੇ ਚਿੱਠੀ ਦਾ ਜਵਾਬ ਭੇਜਿਆ ਜਾ ਸਕੇ।
– ਇਹ ਪਤਾ, ਆਮ ਤੌਰ ਤੇ, ਤਿੰਨਾਂ ਲਾਈਨਾਂ ਵਿਚ ਲਿਖਿਆ ਜਾਂਦਾ ਹੈ। ਕਿਸੇ-ਕਿਸੇ ਹਾਲਤ ਵਿਚ ਚਾਰ ਲਾਈਨਾਂ ਵੀ ਬਣਾਉਣੀਆਂ ਪੈਂਦੀਆਂ ਹਨ। ਇਸ ਤੋਂ ਵਧੇਰੇ ਲਾਈਨਾਂ ਵਿਚ ਲਿਖਿਆ ਪਤਾ ਬੇਢੰਗਾ ਜਿਹਾ ਜਾਪਦਾ ਹੈ।
– ਪਤੇ ਦੀ ਆਖਰੀ ਪੰਕਤੀ ਦੇ ਅੰਤ ਵਿਚ ਡੰਡੀ ਲਾਈ ਜਾਂਦੀ ਹੈ, ਇਸ ਤੋਂ ਪਹਿਲੀਆਂ ਲਾਈਨਾਂ ਦੇ ਅੰਤ ਵਿਚ ਕਾਮਾ ਲਾਉਣਾ ਜ਼ਰੂਰੀ ਹੈ।
– ਜੇ ਪਤਾ ਪਿੰਡ ਦਾ ਹੈ, ਤਾਂ ਪਹਿਲੀ ਪੰਕਤੀ ਵਿਚ ਪਿੰਡ ਦਾ ਨਾਂ, ਦੂਜੀ ਵਿਚ ਡਾਕਖਾਨਾ, ਤੇ ਤੀਜਾ ਵਿਚ ਜਿਲ੍ਹਾ ਲਿਖੋ। ਜੇ ਡਾਕਖਾਨਾ ਪਿੰਡ ਵਿਚ ਹੀ ਹੈ ਤਾਂ ਇਕੋ ਪੰਕਤੀ ਵਿਚ ਲਿਖੋ ‘ਪਿੰਡ ਤੇ ਡਾਕਖਾਨਾ’। ਜੇ ਪਿੰਡ ਕਾਫੀ ਵੱਡਾ ਹੈ, ਅਤੇ ਪੱਤੀ ਜਾਂ ਮਹੱਲਾ ਆਦਿ ਲਿਖਣਾ ਜ਼ਰੂਰੀ ਹੈ, ਤਾਂ ਪਹਿਲੀ ਪੰਕਤੀ ਵਿਚ ਪੱਤੀ, ਮਹੱਲਾ ਆਦਿ ਲਿਖੋ, ਦੂਜੀ ਵਿਚ ਪਿੰਡ।
ਪਤੇ ਵਿਚ ਤਹਿਸੀਲ ਲਿਖਣ ਦੀ ਲੋਡ਼ ਨਹੀਂ ਹੁੰਦੀ। ਪਰ ਜੇ ਡਾਕਖਾਨੇ ਵਾਲਾ ਪਿੰਡ ਛੋਟਾ ਤੇ ਘੱਟ ਪ੍ਰਸਿਧ ਹੈ, ਜਾਂ ਇਸ ਨਾਂ ਦੇ ਇਕ ਤੋਂ ਵਧੇਰੇ ਪਿੰਡ ਉਸੇ ਜਿਲ੍ਹੇ ਵਿਚ ਮੌਜ਼ੂਦ ਹਨ, ਤਾਂ ਪਤੇ ਵਿਚ ਬਰਾਸਤਾ ਲਿਖਿਆ ਜਾਂਦਾ ਹੈ। ਇਹ ਉਸ ਸ਼ਹਿਰ ਜਾਂ ਕਸਬੇ ਦਾ ਨਾਂ ਹੁੰਦਾ ਹੈ, ਜਿਥੋਂ ਪੇਂਡੂ ਡਾਕਖਾਨਿਆਂ ਲਈ ਡਾਕ ਛਾਂਟੀ ਜਾਂਦੀ ਹੈ।
– ਜੇ ਪਤਾ ਸ਼ਹਿਰ ਦਾ ਹੈ, ਤਾਂ ਪਹਿਲੀ ਪੰਕਤੀ ਵਿਚ ਮਹੱਲਾ, ਗਲੀ, ਸੈਕਟਰ ਆਦਿ ਲਿਖੋ। ਜੇ ਮਕਾਨ ਨੰਬਰ ਲਿਖਣਾ ਜ਼ਰੂਰੀ ਹੈ ਤਾਂ ਪਹਿਲੀ ਪੰਕਤੀ ਵਿਚ ਸਭ ਤੋਂ ਪਹਿਲਾਂ ਮਕਾਨ ਨੰਬਰ ਲਿਖੋ, ਫੇਰ ਕਾਮਾ ਪਾ ਕੇ ਏਸੇ ਪੰਕਤੀ ਵਿਚ ਗਲੀ, ਮਹੱਲਾ ਆਦਿ ਲਿਖੋ। ਜੇ ਸ਼ਹਿਰ ਦੇ ਪਤੇ ਵਿਚ ਡਾਕਖਾਨੇ ਦੇ ਸਰਕਲ ਨੰਬਰ ਦੀ ਲੋਡ਼ ਹੈ ਤਾਂ ਇਹ ਨਾਲ ਹੀ ਲਿਖਣਾ ਚਾਹੀਦਾ ਹੈ, ਜਿਵੇਂ – ‘ਦਿੱਲੀ -6’।
– ਜੇ ਚਿੱਠੀ ਆਪਣੇ ਸਕੂਲ ਵਿਚੋਂ ਲਿਖ ਰਹੇ ਹੋ ਤਾਂ ਪਹਿਲੀ ਪੰਕਤੀ ਵਿਚ ਸਕੂਲ ਦਾ ਨਾਮ ਲਿਖੋ। ਆਪਣੀ ਕਲਾਸ ਪੱਤਰ ਦੇ ਅੰਤ ਵਿਚ ਆਪਣੇ ਨਾਂ ਹੇਠਾਂ ਲਿਖੋ।
– ਜੇ ਚਿੱਠੀ ਕਿਸੇ ਦੂਜੇ ਪ੍ਰਾਂਤ ਵਿਚ ਭੇਜੀ ਜਾ ਰਹੀ ਹੈ, ਤਾਂ ਪਤੇ ਦੀ ਆਖਰੀ ਪੰਕਤੀ ਵਿਚ ਆਪਣੇ ਰਾਜ ਦਾ ਨਾਮ ਲਿਖੋ। ਜੇ ਚਿੱਠੀ ਪਰਦੇਸ (ਬਾਹਰ ਦੇ ਦੇਸ਼) ਨੂੰ ਜਾ ਰਹੀ ਹੈ ਤਾਂ ਆਪਣੇ ਪਤੇ ਦੇ ਅੰਤ ਵਿਚ ‘ਭਾਰਤ’ ਵੀ ਲਿਖੋ।
– ਪਤੇ ਦੇ ਹੇਠਾਂ ਲਿਖਣ ਦੀ ਤਾਰੀਖ (ਮਿਤੀ) ਲਿਖੀ ਜਾਂਦੀ ਹੈ। ਤਾਰੀਖ ਵਿਚ ਮਹੀਨੇ ਦਾ ਨਾਮ ਲਿਖਣਾ ਚਾਹੀਦਾ ਹੈ, ਨੰਬਰ ਲਿਖਣਾ ਠੀਕ ਨਹੀਂ।
– ਮਹੀਨੇ ਦੇ ਨਾਮ ਪਿੱਛੋਂ ਕਾਮਾ ਲਾਇਆ ਜਾਵੇ, ਤੇ ਸੰਨ ਪਿੱਛੋਂ ਡੰਡੀ। ਪਰ ਡੰਡੀ ਜਰਾ ਹਟਾ ਕੇ ਪਾਈ ਜਾਵੇ, ਤਾਂ ਜੋ ਇਸ ਤੋਂ ਏਕੇ ਦਾ ਭੁਲੇਖਾ ਨਾ ਪਵੇ। ਪਰ ਬਿਹਤਰ ਇਹੀ ਹੈ ਕਿ ਸੰਨ ਤੋਂ ਪਿਛੋਂ ਡੰਡੀ ਪਾਈ ਹੀ ਨਾ ਜਾਵੇ।
– ਪਤੇ ਦੀਆਂ ਸਾਰੀਆਂ ਪੰਕਤੀਆਂ ਤੇ ਤਾਰੀਖ ਦੀ ਪੰਕਤੀ ਦੇ ਖੱਬੇ ਪਾਸੇ ਦੇ ਅੱਖਰ ਸੇਧ ਵਿਚ ਹੋਣੇ ਚਾਹੀਦੇ ਹਨ। ਸੱਜੇ ਪਾਸੇ ਵੱਲ ਪੰਕਤੀਆਂ ਲੰਮੀਆਂ ਛੋਟੀਆਂ ਹੋ ਸਕਦੀਆਂ ਹਨ। ਪਰ ਜੇ ਪਤੇ ਦੀ ਅੰਤਿਮ ਪੰਕਤੀ ਵਿਚ ਇੱਕੋ ਨਾਮ ਹੋਵੇ – ਦੇਸ਼ ਦਾ, ਪ੍ਰਾਂਤ ਦਾ, ਜਾਂ ਸ਼ਹਿਰ ਦਾ ਤਾਂ ਇਹ ਪੰਕਤੀ ਦੇ ਵਿਚਾਲੇ ਲਿਖਣ ਦਾ ਕੋਈ ਹਰਜ਼ ਨਹੀਂ।
– ਪਤਾ ਤੇ ਤਾਰੀਖ ਲਿਖਣ ਦੇ ਕੁਝ ਨਮੂਨੇ ਵੇਖੋ –
(ੳ) ਪਿੰਡ ਬਿਸ਼ਨੀਵਾਲ
ਡਾਕਖਾਨਾ ਅਲੀਵਾਲ
ਜ਼ਿਲ੍ਹਾ ਗੁਰਦਾਸਪੁਰ
15 ਅਗਸਤ, 2008
(ਅ) ਪੱਤੀ ਭੁਲੇਰੀਆਂ
ਪਿੰਡ ਤੇ ਡਾਕਖਾਨਾ ਘਣੀਏਕੇ ਬਾਂਗਰ
ਜ਼ਿਲ੍ਹਾ ਗੁਰਦਾਸਪੁਰ
10 ਅਪ੍ਰੈਲ, 2008
(ੲ) ਪਿੰਡ ਤੇੜੀ,
ਡਾਕਖਾਨਾ ਧਾਰੀਵਾਲ
ਬਰਾਸਤਾ ਅਜਨਾਲਾ
ਜ਼ਿਲ੍ਹਾ ਅੰਮ੍ਰਿਤਸਰ (ਪੰਜਾਬ)
20 ਮਾਰਚ 2008
(ਇਹ ਚਿੱਠੀ ਪੰਜਾਬ ਤੋਂ ਬਾਹਰ ਜਾ ਰਹੀ ਹੈ, ਇਸ ਲਈ ਪਤੇ ਵਿਚ (ਪੰਜਾਬ) ਲਿਖਿਆ ਗਿਆ ਹੈ। ਪਤਾ ਚੌਂਹ ਪੰਕਤੀਆਂ ਵਿਚ ਰੱਖਣ ਲਈ ਰਾਜ ਦਾ ਨਾਮ (ਪੰਜਾਬ), ਜ਼ਿਲ੍ਹੇ ਵਾਲੀ ਪੰਕਤੀ ਵਿਚ ਹੀ ਲਿਖਿਆ ਗਿਆ ਹੈ। ਅੰਮ੍ਰਿਤਸਰ ਬੜਾ ਪ੍ਰਸਿੱਧ ਸ਼ਹਿਰ ਹੈ, ਇਸ ਲਈ ਰਾਜ ਦਾ ਨਾਮ ਲਿਖਣ ਤੋਂ ਬਿਨਾਂ ਵੀ, ਭਾਰਤ ਦੇ ਕਿਸੇ ਵੀ ਹਿੱਸੇ ਵਿਚੋਂ ਚਿੱਠੀ ਠੀਕ ਪੁੱਜ ਜਾਵੇਗੀ। ਫਿਰ ਵੀ ਮੁਕੰਮਲ ਪਤਾ ਲਿਖਣ ਲਈ ਪੰਜਾਬ ਲਿਖਣਾ ਉਚਿਤ ਹੈ।)
(ਸ) ਪਿੰਡ ਖੁਰਾਣੀ
ਡਾਕਖਾਨਾ ਸੰਗਰੂਰ
5 ਜੁਲਾਈ, 2008
(ਕਿਉਂਕਿ ਡਾਕਖਾਨਾ ਸੰਗਰੂਰ ਹੈ, ਤੇ ਜਿਲ੍ਹਾ ਵੀ ਸੰਗਰੂਰ ਹੀ ਹੈ, ਇਸ ਲਈ ਡਾਕਖਾਨਾ ਸੰਗਰੂਰ ਲਿਖ ਕੇ, ਨਾਲ ਹੀ ਜ਼ਿਲ੍ਹਾ ਸੰਗਰੂਰ ਲਿਖਣ ਦੀ ਲੋੜ ਨਹੀਂ।)
(ਹ)
210, ਮਾਡਲ ਟਾਊਨ,
ਲੁਧਿਆਣਾ, (ਪੰਜਾਬ)
ਭਾਰਤ
28 ਮਾਰਚ, 2008
(ਚਿੱਠੀ ਦੇਸ ਤੋਂ ਬਾਹਰ ਜਾ ਰਹੀ ਹੈ, ਇਸ ਲਈ ਪਤੇ ਵਿਚ ਭਾਰਤ ਲਿਖਿਆ ਗਿਆ ਹੈ। ਇਥੇ 210 ਮਕਾਨ ਦਾ ਨੰਬਰ ਹੈ।)
(ਕ) 3408, ਸੈਕਟਰ 35-ਡੀ,
ਚੰਡੀਗੜ੍ਹ।
19 ਜੂਨ, 2008
(ਖ) 57, ਹੇਲੀ ਰੋਡ,
ਨਵੀਂ ਦਿੱਲੀ-1
12 ਸਤੰਬਰ, 2008
ਨੋਟ – ਪਰ ਪ੍ਰੀਖਿਆ ਵਿਚ ਲਿਖੇ ਪੱਤਰਾਂ ਵਿਚ ਆਪਣਾ ਸ਼ਹਿਰ ਜਾਂ ਪਿੰਡ ਦਾ ਪਤਾ ਲਿਖਣ ਦੀ ਥਾਂ ਸਿਰਫ ‘ਪ੍ਰੀਖਿਆ ਹਾਲ’ ਲਿਖਣਾ ਉਚਿਤ ਹੈ।
ਸੰਬੋਧਨ ਦੇ ਸ਼ਬਦ
– ਸੰਬੋਧਨ ਦੇ ਸ਼ਬਦ ਖੱਬੇ ਪਾਸਿਓਂ ਹਾਸ਼ੀਏ ਨਾਲ ਲਿਖਣੇ ਸ਼ੁਰੂ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦੇ ਅੰਤ ਵਿਚ ਕਾਮਾ ਲਾਇਆ ਜਾਂਦਾ ਹੈਂ। ਇਸ ਪੰਕਤੀ ਦੀ ਸੇਧ ਸੱਜੇ ਪਾਸੇ ਪਤੇ ਦੇ ਥੱਲੇ ਲਿਖੀ ਤਾਰੀਖ ਤੋਂ ਹੇਠਾਂ ਹੋਣੀ ਚਾਹੀਦੀ ਹੈ।
– ਨਿੱਜੀ ਪੱਤਰਾਂ ਵਿਚ ਸੰਬੋਧਨ ਦੇ ਸ਼ਬਦਾਂ ਦੀ ਚੋਣ ਬਾਰੇ ਬਹੁਤ ਕਰੜਾਈ ਨਹੀਂ ਵਰਤੀ ਜਾ ਸਕਦੀ। ਆਪ ਤੋਂ ਵੱਡਿਆਂ ਲਈ ਆਦਰ-ਸਤਿਕਾਰ ਵਾਲੇ, ਆਪਣੇ ਬਰਾਬਰ ਦਿਆਂ ਲਈ ਪਿਆਰ ਤੇ ਅਪਣੱਤ ਵਾਲੇ ਅਤੇ ਆਪ ਤੋਂ ਛੋਟਿਆਂ ਲਈ ਸਨੇਹ ਤੇ ਲਾਡ ਵਾਲੇ ਸ਼ਬਦ ਵਰਤੇ ਜਾਂਦੇ ਹਨ।
– ਵੱਡਿਆਂ ਲਈ ਸਤਿਕਾਰਯੋਗ, ਪਰਮ ਸਤਿਕਾਰਯੋਗ ਜਾਂ ਆਦਰਯੋਗ ਢੁੱਕਵੇਂ ਸ਼ਬਦ ਹਨ। ਬਰਾਬਰ ਦਿਆਂ ਵਾਸਤੇ ਪਿਆਰੇ ਜਾਂ ਮੇਰੇ ਪਿਆਰੇ ਲਿਖਣ ਦਾ ਰਿਵਾਜ ਹੋ ਚੁੱਕਾ ਹੈ, ਅਤੇ ਇਹ ਠੀਕ ਹੈ। ਆਪ ਤੋਂ ਛੋਟਿਆਂ ਨੂੰ ਵੀ ਪਿਆਰੇ ਜਾਂ ਮੇਰੇ ਪਿਆਰੇ ਕਹਿ ਕੇ ਹੀ ਸੰਬੋਧਨ ਕੀਤਾ ਜਾ ਸਕਦਾ ਹੈ। ਵੱਡਿਆਂ ਨੂੰ ਸੰਬੋਧਨ ਕਰਦਿਆਂ ਪਿੱਛੋਂ ਆਦਰਵਾਜੀ ਸ਼ਬਦ ਜੀ ਲਿਖਣਾ ਜ਼ਰੂਰੀ ਹੈ, ਜਿਵੇਂ -ਸਤਿਕਾਰਯੋਗ ਪਿਤਾ ਜੀ,
ਆਦਰਯੋਗ ਮਾਮਾ ਜੀ,
ਪਰਮ ਸਤਿਕਾਰਯੋਗ ਮਾਤਾ ਜੀ ਆਦਿ।
– ਬਰਾਬਰ ਦਿਆਂ ਤੇ ਛੋਟਿਆਂ ਨੂੰ ਸੰਬੋਧਨ ਕਰਦਿਆਂ, ਸ਼ਬਦ ਪਿਆਰੇ ਦੇ ਪਿੱਛੋਂ ਸੰਬੋਧਨ ਕੀਤੇ ਗਏ ਵਿਅਕਤੀ ਦਾ ਨਾਂ ਲਿਖਿਆ ਜਾਂਦਾ ਹੈ। ਇਹ ਨਾਮ ਉਹੋ ਹੋਣਾ ਉਚਿਤ ਹੈ ਜਿਸ ਨਾਲ ਤੁਸੀਂ ਗੱਲਬਾਤ ਕਰਦਿਆਂ ਉਸ ਵਿਅਕਤੀ ਨੂੰ ਸੰਬੋਧਨ ਕਰਦੇ ਹੋ। ਕਈ ਵਾਰ ਲਾਡ ਵਿਚ ਪੂਰੇ ਨਾਮ ਦੀ ਥਾਂ ਇਸ ਦਾ ਕੋਈ ਛੋਟਾ ਰੂਪ ਵਰਤਿਆ ਜਾਂਦਾ ਹੈ। ਚਿੱਠੀ ਵਿਚ ਵੀ ਕਿਸੇ ਛੋਟੇ ਰੂਪ ਨਾਲ ਸੰਬੋਧਨ ਕਰਨ ਦਾ ਕੋਈ ਹਰਜ਼ ਨਹੀਂ। ਇਹ ਅਪਣੱਤ ਤੇ ਸਨੇਹ ਦਾ ਚਿੰਨ੍ਹ ਹੈ। ਤੁਸੀਂ ਆਪਣੇ ਮਿੱਤਰਾਂ, ਸਹੇਲੀਆਂ ਜਾਂ ਛੋਟੇ ਭੈਣਾਂ-ਭਰਾਵਾਂ ਨੂੰ ਸਕੂਲ ਦੇ ਰਜਿਸਟਰ ਵਿਚ ਦਰਜ਼ ਉਨ੍ਹਾਂ ਦੇ ਪੂਰੇ ਨਾਮ ਨਾਲ ਸੰਬੋਧਨ ਨਹੀਂ ਕਰ ਸਕਦੇ। ਉਦਾਹਰਣ ਲਈ ਜੇ ਤੁਸੀਂ ਆਪਣੇ ਦੋਸਤ ਇਕਬਾਲ ਸਿੰਘ ਨੂੰ ਬਾਲੀ ਕਹਿ ਕੇ ਬੁਲਾਉਂਦੇ ਹੋ ਤਾਂ ਚਿੱਠੀ ਵਿਚ ਵੀ ਤੁਸੀਂ ਉਸ ਨੂੰ ਪਿਆਰੇ ਬਾਲੀ ਜਾਂ ਪਿਆਰੇ ਇਕਬਾਲ ਕਹਿ ਕੇ ਸੰਬੋਧਨ ਕਰੋਗੇ, ਪਿਆਰੇ ਇਕਬਾਲ ਸਿੰਘ ਲਿਖਣਾ ਬੇਗਾਨਗੀ ਅਤੇ ਓਪਰਾਪਨ ਪ੍ਰਗਟ ਕਰਦਾ ਹੈ।
– ਅੰਗ੍ਰੇਜ਼ੀ ਦੀ ਰੀਸ ਨਾਲ ਆਪ ਤੋਂ ਵੱਡਿਆਂ ਲਈ ਵੀ ਸ਼ਬਦ ਪਿਆਰੇ ਵਰਤਣ ਦਾ ਰਿਵਾਜ ਹੁੰਦਾ ਜਾ ਰਿਹਾ ਹੈ। ਸਾਡੇ ਦੇਸ਼ ਦੀ ਸੱਭਿਅਤਾ ਅਨੁਸਾਰ ਆਪ ਤੋਂ ਵੱਡਿਆਂ ਲਈ ਸਨਮਾਨ ਵਾਲੇ ਸ਼ਬਦ ਵਰਤਣੇ ਹੀ ਉਚਿਤ ਹਨ। ਇਸ ਲਈ ਉੱਪਰ ਨੰਬਰ 2 ਵਿਚ ਦੱਸੇ ਅਨੁਸਾਰ ਵੱਡਿਆਂ ਨੂੰ ਸੰਬੋਧਨ ਕਰਦਿਆਂ ਸਤਿਕਾਰਯੋਗ, ਆਦਰਯੋਗ ਵਰਗੇ ਸ਼ਬਦ ਹੀ ਵਰਤਣੇ ਚਾਹੀਦੇ ਹਨ। ਸਾਡੇ ਦੇਸ਼ ਦੇ ਪੱਤਰ-ਵਿਹਾਰ ਦਾ ਪੱਛਮੀ ਦੇਸ਼ਾਂ ਦੇ ਚਿੱਠੀ-ਪੱਤਰ ਨਾਲੋਂ ਇਕ ਫਰਕ ਇਹ ਵੀ ਹੈ ਕਿ ਅਸੀਂ ਸੰਬੋਧਨ ਦੇ ਸ਼ਬਦਾਂ ਪਿੱਛੋਂ, ਮੌਕੇ ਅਨੁਸਾਰ, ਸਤਿ ਸ੍ਰੀ ਅਕਾਲ, ਨਮਸਕਾਰ, ਚਰਨ-ਬੰਦਨਾ ਜਾਂ ਛੋਟੀ ਪੀਡ਼੍ਹੀ ਲਈ ਕੋਈ ਆਸ਼ੀਰਵਾਦ ਲਿਖਦੇ ਹਾਂ। ਇਹ ਪ੍ਰਥਾ ਵੀ ਜਾਰੀ ਰੱਖਣੀ ਚਾਹੀਦੀ ਹੈ।
ਨੋਟ – ਪਰ ਪ੍ਰੀਖਿਆ ਵਿਚ ਲਿਖੇ ਗਏ ਪੱਤਰਾਂ ਵਿਚ ਇਹ ਕੁਝ ਨਹੀਂ ਲਿਖਣਾ ਚਾਹੀਦਾ, ਕਿਉਂਕਿ ਇਸ ਨਾਲ ਤੁਹਾਡੀ ਸ਼ਖਸੀਅਤ ਪ੍ਰਗਟ ਹੋ ਜਾਂਦੀ ਹੈ।
ਵਿਸ਼ੇ ਦਾ ਵਰਣਨ
ਨਿੱਜੀ ਪੱਤਰਾਂ ਵਿਚ ਵਿਸ਼ੇ ਦੇ ਵਰਣਨ ਬਾਰੇ, ਪਿੱਛੇ ਨਿੱਜੀ ਪੱਤਰਾਂ ਬਾਰੇ ਕੁਝ ਨੁਕਤੇ ਦੇ ਉਪ-ਸਿਰਲੇਖ ਹੇਠਾਂ ਵਿਸਥਾਰ ਨਾਲ ਲਿਖਿਆ ਜਾ ਚੁੱਕਾ ਹੈ। ਪੱਤਰ ਦਾ ਅੰਤ ਪੱਤਰ ਦੇ ਅੰਤ ਵਿਚ ਸੱਜੇ ਪਾਸੇ ਹੇਠਾਂ ਆਪਣਾ ਨਾਂ ਲਿਖਣ ਤੋਂ ਪਹਿਲਾਂ ਹੇਠ ਲਿਖੇ ਅਨੁਸਾਰ, ਉਚਿਤ ਸ਼ਬਦ ਲਿਖਣੇ ਜ਼ਰੂਰੀ ਹਨ।
- ਮਾਤਾ ਪਿਤਾਨੂੰ ਲਿਖੀ ਚਿੱਠੀ ਵਿਚ
ਤੁਹਾਡਾ ਪੁੱਤਰ,
ਜਾਂ
ਤੁਹਾਡਾ ਪਿਆਰਾ ਪੁੱਤਰ,
ਜਾਂ
ਤੁਹਾਡਾ ਆਗਿਆਕਾਰ ਪੁੱਤਰ,
ਜਾਂ
ਤੁਹਾਡਾ ਆਗਿਆਕਾਰ,
ਜਾਂ
ਆਗਿਆਕਾਰ
- ਚਾਚੇ, ਮਾਮੇ ਆਦਿ ਤੇ ਹੋਰ ਵੱਡਿਆਂ ਨੂੰ ਲਿਖੀ ਚਿੱਠੀ ਵਿਚ
ਤੁਹਾਡਾ ਆਗਿਆਕਾਰ
ਜਾਂ ਕੇਵਲ
ਆਗਿਆਕਾਰ ਲਿਖਣਾ ਠੀਕ ਰਹੇਗਾ।
- ਦੋਸਤਾਂ-ਮਿੱਤਰਾਂ ਲਈ
ਤੁਹਾਡਾ ਆਪਣਾ
ਜਾਂ
ਸਿਰਫ ਤੁਹਾਡਾ ਲਿਖਣਾ ਕਾਫ਼ੀ ਹੈ।
ਆਪ ਤੋਂ ਛੋਟਿਆਂ ਲਈ ਸ਼ਬਦ
ਤੇਰਾ
ਵਰਤਣਾ ਲਾਡ ਤੇ ਅਪਣੱਤ ਪ੍ਰਗਟ ਕਰਦਾ ਹੈ। ਇਸ ਲਈ ਛੋਟਿਆਂ ਨੂੰ
ਤੇਰਾ ਪਿਆਰਾ ਪਿਤਾ
ਜਾਂ
ਤੇਰਾ ਪਿਤਾ
ਜਾਂ
ਤੇਰਾ ਪਿਆਰਾ ਮਾਮਾ
ਆਦਿ ਲਿਖਿਆ ਜਾਂਦਾ ਹੈ।
ਕਈ ਲੋਕ ਉੱਪਰ ਦੱਸੇ ਗਏ ਸ਼ਬਦ ਲਿਖਣ ਤੋਂ ਪਹਿਲਾਂ, ਆਦਰ ਸਹਿਤ, ਸਤਿਕਾਰ ਸਹਿਤ, ਪਿਆਰ ਸਹਿਤ ਆਦਿ ਲਿਖਣਾ ਯੋਗ ਸਮਝਦੇ ਹਨ। ਜੇ ਅਜਿਹੇ ਸ਼ਬਦ ਲਿਖਣੇ ਹੋਣ ਤਾਂ ਇਹ ਪੱਤਰ ਦੇ ਅੰਤ ਵਿਚ ਖੱਬੇ ਪਾਸੇ, ਨਵੇਂ ਪੈਰੇ ਵਿਚ ਲਿਖ ਕੇ ਕਾਮਾ ਲਾਇਆ ਜਾਵੇ। ਜਿਵੇਂ-
ਸਤਿਕਾਰ ਸਹਿਤ,
ਤੁਹਾਡਾ ਆਗਿਆਕਾਰ ਪੁੱਤਰ,
ਨੋਟ – ਪ੍ਰੀਖਿਆ ਪੱਤਰ ਵਿਚ ਲਿਖੇ ਪੱਤਰਾਂ ਵਿਚ ਪੱਤਰਾਂ ਵਿਚ ਹੇਠਾਂ ਨਾਂ ਦੀ ਥਾਂ ਰੋਲ ਨੰਬਰ ਲਿਖਣਾ ਚਾਹੀਦਾ ਹੈ।
ਪੱਤਰ ਪ੍ਰਾਪਤ ਕਰਨ ਵਾਲੇ ਦਾ ਸਿਰਨਾਵਾਂ
ਸਿਰਨਾਵਾਂ ਮੁਕੰਮਲ ਤੇ ਸਾਫ਼-ਸਾਫ਼ ਲਿਖਣਾ ਚਾਹੀਦਾ ਹੈ। ਅਧੂਰੇ ਜਾਂ ਅਸਪੱਸ਼ਟ ਪਤੇ ਨਾਲ ਚਿੱਠੀ ਦਾ ਟਿਕਾਣੇ ਤੇ ਪੁੱਜਣਾ ਸੰਭਵ ਨਹੀਂ। ਸਿਰਨਾਵੇਂ ਵਿਚ ਸਭ ਤੋਂ ਉੱਪਰ ਉਸ ਵਿਅਕਤੀ ਦਾ ਨਾਮ ਲਿਖਿਆ ਜਾਂਦਾ ਹੈ, ਜਿਸ ਨੂੰ ਚਿੱਠੀ ਲਿਖੀ ਗਈ ਹੈ। ਬਾਕੀ ਸਿਰਨਾਵਾਂ ਓਸੇ ਤਰਤੀਬ ਨਾਲ ਲਿਖਿਆ ਜਾਂਦਾ ਹੈ ਜਿਸ ਨਾਲ ਆਪਣਾ ਪਤਾ ਚਿੱਠੀ ਵਿਚ ਲਿਖਿਆ ਗਿਆ ਹੈ। ਨਾਮ ਤੋਂ ਪਹਿਲਾਂ ਆਦਰਵਾਚੀ ਸ਼ਬਦ – ਸਰਦਾਰ, ਪੰਡਿਤ, ਸ਼੍ਰੀ, ਸ੍ਰੀਮਤੀ ਆਦਿ ਲਿਖੇ ਜਾਂਦੇ ਹਨ। ਆਪ ਤੋਂ ਛੋਟਿਆਂ ਦੇ ਸਿਰਨਾਵੇਂ ਵਿਚ ਵੀ ਆਦਰਵਾਚੀ ਜਾਂ ਸਨੇਹੀ ਸ਼ਬਦ – ਕਾਕਾ, ਬੀਬੀ ਆਦਿ ਲਿਖਣਾ ਉਚਿਤ ਹੈ।ਜੇ ਪ੍ਰੋਫੈਸਰ, ਡਾਕਟਰ, ਮਾਸਟਰ, ਕੈਪਟਨ, ਮੇਜਰ ਆਦਿ ਪਦਵੀ ਸੂਚਕ ਸ਼ਬਦ ਨਾਮ ਤੋਂ ਪਹਿਲਾਂ ਲਿਖਿਆ ਜਾਵੇ, ਤਾਂ ਫਿਰ ਆਦਰਵਾਚੀ – ਸ਼੍ਰੀ, ਸਰਦਾਰ ਆਦਿ ਨਹੀਂ ਲਿਖਿਆ ਜਾਂਦਾ। ਜੇ ਵਿਦਿਅਕ ਡਿਗਰੀਆਂ – ਐਮ.ਏ., ਪੀ-ਐਚ.ਡੀ. ਆਦਿ ਜਾਂ ਸਰਵਿਸ ਕੇਡਰ ਆਈ. ਏ. ਐਸ, ਆਈ. ਪੀ. ਐਸ., ਜਾਂ ਬਹਾਦਰੀ ਦੇ ਤਗਮੇ ਪੀ.ਵੀ.ਸੀ (ਪਰਮ ਵੀਰ ਚੱਕਰ), ਐਮ.ਵੀ.ਸੀ. (ਮਹਾਂ ਵੀਰ ਚੱਕਰ) ਆਦਿ ਨਾਮ ਦੇ ਨਾਲ ਲਿਖਣੇ ਹੋਣ, ਤਾਂ ਇਹ ਨਾਂ ਤੋਂ ਪਿੱਛੋਂ ਓਸੇ ਪੰਕਤੀ ਵਿਚ ਲਿਖਣੇ ਚਾਹੀਦੇ ਹਨ, ਜਿਵੇਂ ਕਿ – ਡਾ. ਜੋਗਾ ਸਿੰਘ, ਐਮ.ਏ.,ਪੀ-ਐਚ.ਡੀ., ਜੇ ਅਹੁਦਾ ਜਾਂ ਪਦਵੀ ਨਾਮ ਤੋਂ ਪਿੱਛੋਂ ਲਿਖਣਾ ਹੈ, ਤਾਂ ਉਹ ਨਾਮ ਦੀ ਲਾਈਨ ਤੋਂ ਹੇਠਾਂ ਸੱਜੇ ਪਾਸੇ ਕਰ ਕੇ ਲਿਖੀ ਜਾਂਦੀ ਹੈ, ਜਿਵੇਂ –
ਸ੍ਰੀ ਕ੍ਰਿਸ਼ਨ ਗੋਪਾਲ
ਆਈ. ਏ. ਐਸ.,
ਡਿਪਟੀ ਕਮਿਸ਼ਨਰ ਗੁਰਦਾਸਪੁਰ
ਗੁਰਦਾਸਪੁਰ
ਪ੍ਰੀਖਿਆ ਵਿਚ ਲਿਖੇ ਜਾਣ ਵਾਲੇ ਪੱਤਰਾਂ ਦਾ ਸਿਰਨਾਵਾਂ, ਪੱਤਰ ਤੋਂ ਹੇਠਾਂ, ਪੰਕਤੀਆਂ ਲਾ ਕੇ ਲਿਖ ਦੇਣਾ ਚਾਹੀਦਾ ਹੈ