ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਵਰਣ-ਬੋਧ ਕਾਂਡ 2
ਸ਼ਬਦ
 – ਜੋੜ (1)

ਮੁੱਢਲੇ ਨੇਮ, ਸੰਜੁਗਤ-ਅੱਖਰ ਤੇ ਲਗਾਂ

ਮੁੱਢਲੇ ਨੇਮ

ਹਰੇਕ ਬੋਲੀ ਦੇ ਟਕਸਾਲੀ ਰੂਪ ਦੇ ਸ਼ਬਦ-ਜੋੜ ਬੱਝਵੇਂ ਤੇ ਇਕਸਾਰ ਹੁੰਦੇ ਹਨ। ਲਿਖਤ ਤਾਂ ਹੀ ਚੰਗੀ ਸਮਝੀ ਜਾ ਸਕਦੀ ਹੈ ਜੇ ਇਸ ਦੇ ਸ਼ਬਦ-ਜੋੜ ਠੀਕ ਅਤੇ ਇਕਸਾਰ ਹੋਣ। ਪਰ ਪੰਜਾਬੀ ਦੇ ਸ਼ਬਦ-ਜੋੜ ਅਜੇ ਤੀਕ ਬੱਝਵੇਂ ਤੇ ਇਕਸਾਰ ਨਹੀਂ ਹੋਏ। ਪੰਜਾਬੀ ਲਿਖਣ ਵਾਲੇ ਚੌਖੇ ਸੱਜਣ ਸ਼ੁੱਧ-ਅਸ਼ੁੱਧ ਸ਼ਬਦ-ਜੋੜਾਂ ਦੀ ਪਰਵਾਹ ਨਹੀਂ ਕਰਦੇ। ਕਈ ਸ਼ਬਦਾਂ ਨੂੰ ਵੱਖ-ਵੱਖ ਲਿਖਾਰੀ ਵੱਖ-ਵੱਖ ਜੋੜਾਂ ਨਾਲ ਲਿਖਦੇ ਹਨ। ਕਈ ਵੇਰ ਤਾਂ ਇੱਕ ਲਿਖਾਰੀ ਕਈ ਸ਼ਬਦਾਂ ਦੇ ਕਦੇ ਕੋਈ ਜੋੜ ਵਰਤਦਾ ਹੈ ਅਤੇ ਕਦੇ ਕੋਈ ਹੋਰ। ਪਰ ਜਦ ਤੀਕ ਪੰਜਾਬੀ ਦੇ ਸ਼ਬਦ-ਜੋੜਾਂ ਵਿੱਚ ਇਕਸਾਰਤਾ ਨਹੀਂ ਆਉਂਦੀ, ਇਹ ਪੱਕੇ ਤੌਰ ਤੇ ਬੱਝਵੇਂ ਨਹੀਂ ਬਣ ਜਾਂਦੇ ਤਦ ਤਾਈਂ ਇਹ ਉੱਨਤ ਹੋ ਕੇ ਟਕਸਾਲੀ ਰੂਪ ਨਹੀਂ ਧਾਰ ਸਕਦੀ।

ਪੰਜਾਬੀ ਦੇ ਉੱਘੇ ਵਿਦਵਾਨਾਂ ਨੇ ਪੰਜਾਬੀ ਦੇ ਸ਼ਬਦ-ਜੋੜਾਂ ਦੇ ਕੁਝ ਮੁੱਢਲੇ ਜਾਂ ਬੁਨਿਆਦੀ ਨੇਮ ਥਾਪੇ ਹਨ। ਉਨ੍ਹਾਂ ਨੇਮਾਂ ਉੱਪਰ ਤੇ ਉਨ੍ਹਾਂ ਦੇ ਚਾਨਣ ਵਿੱਚ ਵਰਤੋਂ ਕਰ ਕੇ ਸ਼ਬਦ-ਜੋੜ ਰਚੇ ਜਾਣੇ ਚਾਹੀਦੇ ਹਨ।

ਇਹ ਬੁਨਿਆਦੀ ਨੇਮ ਹੇਠ ਲਿਖੇ ਅਨੁਸਾਰ ਹਨ –

ਪੰਜਾਬੀ ਦੀ ਲਿਖਤ ਦਾ ਵੱਡਾ ਬੁਨਿਆਦੀ ਨੇਮ ਆਮ ਤੌਰ ਤੇ ਇਹ ਹੈ ਕਿ ਜਿਵੇਂ ਬੋਲੋ, ਤਿਵੇਂ ਲਿਖੋ। ਪੰਜਾਬੀ ਵਿੱਚ ਹਿੰਦੀ ਵਾਂਗ ਡਿਓਢੀਆਂ ਤੇ ਸਵਾਈਆਂ ਆਵਾਜਾਂ ਨਹੀਂ ਹਨ।

ਪਰ ਸ਼ਬਦਾਂ ਦਾ ਉਚਾਰਨ ਤਾਂ ਇਲਾਕੇ-ਇਲਾਕੇ ਵਿੱਚ ਕੁਝ ਨਾਂ ਕੁਝ ਵੱਖਰਾ ਜਿਹਾ ਹੋ ਜਾਂਦਾ ਹੈ। ਬੋਲਚਾਲ ਦੀ ਬੋਲੀ ਤਾਂ ਬਾਰ੍ਹੀਂ ਕੋਹੀਂ ਬਦਲ ਜਾਂਦੀ ਹੈ। ਕਈ ਸ਼ਬਦਾਂ ਨੂੰ ਮਾਝੇ, ਮਾਲਵੇ, ਦੁਆਬੇ, ਆਦਿ ਇਲਾਕਿਆਂ ਵਿੱਚ ਵੱਖ-ਵੱਖ ਉਚਾਰਨਾਂ ਰਾਹੀਂ ਬੋਲਿਆ ਜਾਂਦਾ ਹੈ, ਇਸ ਲਈ “ਜਿਵੇਂ ਬੋਲੋ, ਤਿਵੇਂ ਲਿਖੋ” ਦਾ ਮਤਲਬ ਇਹ ਨਹੀਂ ਕਿ ਇੱਕੋ ਸ਼ਬਦ ਨੂੰ ਮਝੈਲ ਹੋਰ ਤਰ੍ਹਾਂ ਲਿਖਣ ਅਤੇ ਦੁਆਬੀਏ, ਮਲਵਈ, ਪੋਠੋਹਾਰੀਏ, ਸ਼ਾਹਪੁਰੀਏ, ਰਿਆੜਕੀਏ ਆਦਿ ਆਪੋ-ਆਪਣੇ ਉਚਾਰਨ ਅਨੁਸਾਰ ਭਿੰਨ-ਭਿੰਨ ਰੂਪਾਂ ਵਿੱਚ ਲਿਖਣ। ਇਸ ਤਰ੍ਹਾਂ ਤਾਂ ਅਣਗਿਣਤ ਸ਼ਬਦਾਂ ਦਾ ਟਕਸਾਲੀ ਤੇ ਸਾਂਝਾ ਰੂਪ ਕਾਇਮ ਨਹੀਂ ਹੋਵੇਗਾ, ਟਕਸਾਲੀ ਤੇ ਸਾਂਝੀ ਪੰਜਾਬੀ ਬੋਲੀ ਹੋਂਦ ਵਿੱਚ ਨਹੀਂ ਆਵੇਗੀ ਅਤੇ ਪੰਜਾਬੀਆਂ ਵਿੱਚ ਪੰਜਾਬੀ ਹੋਣ ਦਾ, ਪੰਜਾਬੀਅਤ ਦਾ, ਏਕਤਾ ਦਾ ਭਾਵ ਪੈਦਾ ਨਹੀਂ ਹੋਵੇਗਾ।

ਇਸ ਗੱਲ ਨੂੰ ਮੁੱਖ ਰੱਖ ਕੇ ਲਿਖਤੀ ਪੰਜਾਬੀ ਬੋਲੀ ਦਾ ਆਧਾਰ ਮਾਝੇ ਦਾ ਇਲਾਕਾ ਮੰਨਿਆ ਗਿਆ ਹੈ ਅਤੇ ਚਿਰਾਂ ਤੋਂ ਮੰਨਿਆ ਆ ਰਿਹਾ ਹੈ। ਮਾਝੇ ਦੀ ਬੋਲੀ ਠੇਠ ਪੰਜਾਬੀ ਗਿਣੀ ਜਾਂਦੀ ਹੈ, ਅਤੇ ਸ਼ਬਦਾਂ ਦਾ ਉਹ ਉਚਾਰਨ ਠੇਠ ਤੇ ਠੀਕ ਮੰਨਿਆ ਗਿਆ ਹੈ ਜਿਹੜਾ ਮਾਝੇ ਵਿੱਚ ਪ੍ਰਚਲਤ ਹੋਵੇ।

ਪਰ ਮਾਝੇ ਵਿਚਲੇ ਪ੍ਰਚਲਤ ਉਚਾਰਨ ਬਾਰੇ ਵੀ ਹੋਰ ਪੱਖ ਕਰਨ ਦੀ ਲੋੜ ਹੈ। ਮਾਝਾ ਚੌਖਾ ਲੰਮਾ ਇਲਾਕਾ ਹੈ। “ਬੋਲੀ ਬਾਰ੍ਹੀਂ ਕੋਹੀਂ ਬਦਲ ਜਾਂਦੀ ਹੈ” ਵਾਲਾ ਨੇਮ ਏਥੇ ਵੀ ਕੰਮ ਕਰਦਾ ਹੈ। ਮਾਝੇ ਦੇ ਵੱਖ-ਵੱਖ ਹਿੱਸਿਆਂ ਵਿੱਚ ਉਚਾਰਨ ਵੱਖਰਾ-ਵੱਖਰਾ ਹੋ ਸਕਦਾ ਹੈ ਅਤੇ ਹੈ ਵੀ। ਸੂਝ-ਬੂਝ ਵਾਲੇ ਸਾਊਆਂ ਸਿਆਣਿਆਂ ਦੇ ਉਚਾਰਨ ਵਿੱਚ ਮੋਟੀ-ਬੁੱਧੀ ਵਾਲੇ ਮੂੜ੍ਹ ਅਣਜਾਣ ਜਿਹੇ ਬੰਦਿਆਂ ਦੇ ਉਚਾਰਨ ਵਿੱਚ ਵੀ ਚੌਖਾ ਫਰਕ ਹੁੰਦਾ ਹੈ। ਨਾਲੇ ਪੇਂਡੂ ਇਲਾਕਿਆਂ ਵਿੱਚ ਕੁਝ ਸ਼ਬਦਾਂ ਦੇ ਉਚਾਰਨ ਅਜੇਹੇ ਹਨ ਜੋ ਭੁਲੇਖਾ ਪਾ ਸਕਦੇ ਹਨ, ਜਿਵੇਂ – “ਕੁਝ” ਦੇ ਥਾਂ “ਕੁਸ਼” “ਆਖਦਾ” ਦੇ ਥਾਂ “ਆਹਂਦਾ” “ਪੜ੍ਹਾਈ” ਦੇ ਥਾਂ “ਭੜਾਈ”, “ਪਹਿਲਵਾਨ” ਦੇ ਥਾਂ “ਭਲਵਾਨ”, “ਮੈਂ ਆਖਦਾ ਹਾਂ” ਦੇ ਥਾਂ “ਮਖ”।

ਇਸ ਕਰਕੇ ਠੇਠ, ਲਿਖਤੀ ਪੰਜਾਬੀ ਦੀ ਆਧਾਰ ਮਾਝੇ ਦਾ ਉਹ ਉਚਾਰਨ ਮਨੰਦਾ ਹੈ ਜਿਹੜਾ ਸੂਝ-ਬੂਝ ਵਾਲੇ ਸਾਊ, ਸਿਆਣੇ ਮਝੈਲਾਂ ਵਿੱਚ ਪ੍ਰਚਲਤ ਹੋਵੇ। ਨਾਲ ਹੀ ਕੁਝ ਕੁ ਸ਼ਬਦਾਂ ਦੇ ਨਿਰੋਲ ਪੇਂਡੂ ਰੂਪਾਂ ਤੇ ਉਚਾਰਨਾਂ ਨੂੰ ਵੀ ਤਿਆਗਣਾ ਹੈ।

ਉੱਪਰ ਦੱਸੇ ਦੋਹਾਂ ਨੇਮਾਂ – “ਜਿਵੇਂ ਬੋਲੋ ਤਿਵੇਂ ਲਿਖੋ” ਅਤੇ “ਮਾਝੇ ਦੇ ਸੂਝ-ਬੂਝ ਵਾਲੇ ਸਾਊਆਂ ਸਿਆਣਿਆਂ ਦੇ ਉਚਾਰਨ ਨੂੰ ਠੇਠ ਲਿਖਿਤ ਦਾ ਆਧਾਰ ਬਣਾਓ” ਨੂੰ ਮੁੱਖ ਰੱਖ ਕੇ ਕਿਸੇ ਸ਼ਬਦ ਦੇ ਜੋੜ ਨੂੰ ਅੰਤਿਮ ਤੌਰ ਤੇ ਟਕਸਾਲੀ ਮੰਨਣ ਲਈ ਇਨਾਂ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਹਰੇਕ ਸ਼ਬਦ ਅਰਥ-ਭੇਦ ਕਰ ਕੇ ਆਪਣੇ ਅਸਲੇ ਨੂੰ ਪ੍ਰਗਟ ਕਰੇ, ਜਾਂ “ਆਪਣੇ ਅਸਲੇ ਦਾ ਲਖਾਇਕ ਰਹੇ”, ਜਿਵੇਂ ਅਸੀਂ ਬੋਲਦੇ ਤਾਂ ਭਾਵੇਂ“ਅਕਾਸੀ”, “ਅਕਤਾਲੀ”, “ਕੱਠੇ”, “ਅਕੱਠੇ”, “ਅਕੋਤਰਸੌ”, “ਅਕੱਲਾ”, “ਕੱਲਾ”, “ਅਕੱਤਰਤਾ”, ਆਦਿ ਹਾਂ, ਪਰ ਲਿਖਤ ਵਿੱਚ ਇਨ੍ਹਾਂ ਨੂੰ “ਇਕਾਸੀ” (ਇੱਕ ਤੇ ਅੱਸੀ), “ਇਕਤਾਲੀ” (ਇੱਕ ਤੇ ਚਾਲੀ), “ਇਕੱਠੇ”,“ਇਕੋ ਤਰਸੌ”, “ਇਕੱਲਾ”, “ਇਕੱਤਰਤਾ” ਆਦਿ ਹੀ ਲਿਖਣਾ ਚਾਹੀਦਾ ਹੈ।

ਪੰਜਾਬੀ ਦੇ ਸ਼ਬਦ-ਜੋੜਾਂ ਦੇ ਇਹ ਤਿੰਨ ਮੁੱਢਲੇ ਦਾਂ ਬੁਨਿਆਦੀ ਨੇਮ ਹਨ ਤੇ ਪੰਜਾਬੀ ਸ਼ਬਦ-ਜੋੜਾਂ ਨੂੰ ਟਕਸਾਲੀ ਬਣਾਉਣ ਲਈ ਇਨ੍ਹਾਂ ਤਿੰਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ – 1) ਉਚਾਰਨ – ਬੋਲਣ ਸਮੇਂ ਕੀ ਆਵਾਜ਼ ਨਿੱਕਲਦੀ ਹੈ। 2) ਮਾਝੇ ਦੇ ਸਿਆਣਿਆ ਸੂਝਵਾਨਾਂ ਦੇ ਉਚਾਰਨ ਦਾ ਪ੍ਰਧਾਨਤਾ ਅਤੇ 3) ਸ਼ਬਦਾਂ ਦੇ ਅਸਲੇ ਤੇ ਅਰਥ ਨੂੰ ਪ੍ਰਗਟ ਕਰਨ ਲਈ ਵਿਦਵਾਨਾਂ ਦੀ ਵਰਤੋਂ।

ਜਿਹੜੀ ਲਿਖਤ ਤੇ ਸ਼ਬਦ-ਜੋੜ ਇਹਨਾਂ ਤਿੰਨਾ ਕਸਵੱਟੀਆਂ ਤੇ ਪੂਰੇ ਉੱਤਰ ਸਕਣ, ਉਹਨੂੰ ਹੀ ਸ਼ੁੱਧ ਤੇ ਠੇਠ ਪੰਜਾਬੀ ਲਿਖਤ ਮੰਨਿਆ ਜਾ ਸਕਦਾ ਹੈ।


ਸੰਜੁਗਤ – ਅੱਖਰ

ਦੋਂਹ ਅੱਖਰਾਂ ਦੇ ਸੰਜੋਗ ਜਾਂ ਮੇਲ ਤੋਂ ਬਣੇ ਅੱਖਰ ਨੂੰ ਸੰਜੁਗਤ ਆਖਦੇ ਹਨ। ਸੰਜੁਗਤ ਦੇ ਦੋਵੇਂ ਅੱਖਰ ਇਕੱਠੇ ਰਲ ਕੇ ਬੋਲਦੇ ਹਨ, ਉਨ੍ਹਾਂ ਵਿਚਕਾਰ ਕੋਈ ਲਗ ਨਹੀਂ ਬੋਲਦੀ ਜਿਵੇਂ ਪੜ੍ਹ, ਕਿਲ੍ਹਾ, ਪ੍ਰੀਤ ਵਿੱਚ “ੜ੍ਹ”, “ਲ੍ਹ”, “ਪ੍ਰ”ਸੰਜੁਗਤ-ਅੱਖਰ ਹਨ। ਇਸ ਕਰਕੇ “ਕ੍ਰਿਪਾ” ਦਾ ਉਚਾਰਨ “ਕਰਿਪਾ” ਹੋਵੇਗਾ ਨਾ “ਕਿਰਪਾ”। “ਕਰਿਪਾ” ਪੰਜਾਬੀ ਨਹੀਂ, ਇਸ ਲਈ “ਕ੍ਰਿਪਾ” ਜੋੜ ਅਸ਼ੁੱਧ ਤੇ “ਕਿਰਪਾ” ਸ਼ੁੱਧ ਹੈ।

ਆਮ ਤੌਰ ਤੇ ਪੰਜਾਬੀ ਵਿੱਚ ਸੰਜੁਗਤ-ਅੱਖਰ ਘੱਟ ਵਰਤੀਦੇ ਹਨ। ਸੰਸਕ੍ਰਿਤ ਤੇ ਹਿੰਦੀ ਵਿੱਚ ਇਨ੍ਹਾਂ ਦੀ ਵਰਤੋਂ ਆਮ ਹੈ। ਇਸ ਦੇ ਕਈ ਕਾਰਨ ਹਨ। ਇੱਕ ਤਾਂ ਪੰਜਾਬੀ ਦਾ ਉਚਾਰਨ ਆਮ ਕਰਕੇ ਸੰਜੁਗਤ ਅੱਖਰਾਂ ਦੀ ਵਰਤੋਂ ਦੇ ਵਿਰੁੱਧ ਹੈ। ਦੂਜੇ ਗੁਰਮੁਖੀ ਅੱਖਰਾਂ ਦੀ ਬਣਾਵਟ ਹੀ ਅਜੇਹੀ ਹੈ ਕਿ ਉਹ ਇੱਕ ਦੂਜੇ ਦੇ ਹੇਠਾਂ ਉੱਪਰ ਲਿਖੇ ਹੋਏ ਸੂਤ ਨਹੀਂ ਆਉਂਦੇ। ਤੀਜੇ ਸੰਸਕ੍ਰਿਤ ਹਿੰਦੀ ਤੋਂ ਆਏ ਸ਼ਬਦ ਪੰਜਾਬੀ ਵਿੱਚ ਆ ਕੇ ਸਿੱਧਾ-ਸਾਦਾ ਉਚਾਰਨ ਅਪਣਾ ਲੈਂਦੇ ਹਨ। ਜਿਵੇਂ “ਮੰਤ੍ਰ, ਕ੍ਰਿਪਾ, ਭ੍ਰਮ, ਵਿਦ੍ਵਾਨ” ਆਦਿ ਪੰਜਾਬੀ ਵਿੱਚ ਆ ਕੇ “ਮੰਤਰ, ਕਿਰਪਾ, ਭਰਮ, ਵਿਦਵਾਨ” ਬਣ ਜਾਂਦੇ ਹਨ ਅਤੇ ਇਨ੍ਹਾਂ ਨੂੰ ਇਨ੍ਹਾਂ ਦੇ ਪੰਜਾਬੀ ਰੂਪ ਵਿੱਚ ਹੀ ਲਿਖਣਾ ਚਾਹੀਦਾ ਹੈ।

ਪੰਜਾਬੀ ਵਿੱਚ ਕੇਵਲ ਤਿੰਨ ਅੱਖਰ – “ਹ”, “ਰ” ਤੇ “ਵ” ਹੀ ਹੋਰਨਾਂ ਅੱਖਰਾਂ ਦੇ ਪੈਰੀਂ ਲਿਖੇ ਜਾਂਦੇ ਹਨ।

ਨੋਟ – ੳ) ਚੇਤੇ ਰੱਖੋ ਕਿ ਸੰਜੁਗਤ-ਅੱਖਰ ਤਦ ਹੀ ਬਣ ਸਕਦਾ ਹੈ ਜੇ ਦੋਵੇਂ ਅੱਖਰ ਰਲ ਕੇ ਬੋਲਣ ਅਤੇ ਉਨ੍ਹਾਂ ਦੇ ਵਿਚਕਾਰ ਕੋਈ ਲਗ ਨਾ ਹੋਵੇ। ਨਾਲੇ ਇਹ ਵੀ ਖਿਆਲ ਰੱਖੋ ਕਿ ਸੰਜੁਗਤ ਦਾ ਪਹਿਲਾ ਅੱਖਰ ਸਦਾ ਲਗ ਰਹਿਤ ਹੁੰਦਾ ਹੈ ਤੇ ਲਗ-ਰਹਿਤ ਉਚਾਰਿਆ ਜਾਂਦਾ ਹੈ ਤੇ ਲਗ ਦੂਜੇ ਅੱਖਰ ਨਾਲ ਬੋਲਦੀ ਹੈ, ਜਿਵੇਂ “ਪ੍ਰੀਤ” ਵਿੱਚ “ਪ” ਲਗ ਰਹਿਤ ਹੈ ਅਤੇ ਬਿਹਾਰੀ (ੀ) “ਰ” ਨਾਲ ਬੋਲਦੀ ਹੈ। ਅਸੀਂ ਇਸ ਸ਼ਬਦ ਨੂੰ ਇਓਂ ਹੀ ਪੜ੍ਹਦੇ ਹਾਂ ਜਿਵੇਂ ਜੇ ਇਹ “ਪਰੀਤ” ਲਿਖਿਆ ਹੋਵੇ, ਤਾਂ ਪੜ੍ਹੀਏ। ਇਸੇ ਤਰ੍ਹਾਂ  “ਕ੍ਰਿਸ਼ਨ”,  “ਤ੍ਰਿਸ਼ਨਾ”  ਤੇ  “ਦ੍ਰਿੜ”  ਵਿੱਚ  “ਕ”,  “ਤ”  ਤੇ  “ਦ” ਲਗ-ਰਹਿਤ ਹਨ ਅਤੇ ਲਗਾਂ ਪੈਰੀਂ ਪਏ “ਰ” ਨਾਲ ਬੋਲਦੀਆਂ ਹਨ। ਅਸੀਂ ਇਨ੍ਹਾਂ ਸ਼ਬਦਾਂ ਨੂੰ ਇਓਂ ਹੀ ਪੜ੍ਹਦੇ ਹਾਂ ਜਿਵੇਂ ਜੇ ਇਹ “ਕਰਿਸ਼ਨ”, “ਤਰਿਸ਼ਨਾ”, “ਦਰਿੜ” ਲਿਖੇ ਹੋਣ ਤਾਂ ਪੜ੍ਹੀਏ।

ਸੰਜੁਗਤ-ਅੱਖਰ ਨਾਲ ਲਗਾਂ ਦੇ ਉਚਾਰਨ ਦੇ ਇਸ ਨੇਮ ਅਨੁਸਾਰ ਜੇ ਅਸੀਂ “ਕ੍ਰਿਪਾ” ਤੇ “ਕ੍ਰਿਆ” ਲਿਖੀਏ ਤਾਂ ਇਨ੍ਹਾਂ ਨੂੰ “ਕਰਿਪਾ” ਤੇ “ਕਰਿਆ” ਪੜ੍ਹਨਾ ਪਵੇਗਾ। ਪਰ ਇਨ੍ਹਾਂ ਸ਼ਬਦਾਂ ਦਾ ਪੰਜਾਬੀ ਵਿੱਚ ਪ੍ਰਚਲਤ ਉਚਾਰਨ  “ਕਿਰਪਾ” ਤੇ “ਕਿਰਿਆ” ਹੈ। ਇਸ ਲਈ “ਕ੍ਰਿਪਾ” ਤੇ “ਕ੍ਰਿਆ” ਜੋੜ ਗ਼ਲਤ ਹਨ ਅਤੇ “ਕਿਰਪਾ” ਤੇ “ਕਿਰਿਆ” ਜੋੜ ਸ਼ੁੱਧ ਹਨ।

ਹੇਠਾਂ ਕੁਝ ਅਜੇਹੇ ਸ਼ਬਦ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਕਈ ਸੱਜਣ “ਰ” ਪੈਰੀਂ ਲਾ ਕੇ ਲਿਖਣ ਦੀ ਗ਼ਲਤੀ ਕਰਦੇ ਹਨ। ਇਨ੍ਹਾਂ ਸ਼ਬਦਾਂ ਦੇ ਸ਼ੁੱਧ ਜੋੜ ਧਿਆਨ ਨਾਲ ਪੜ੍ਹ ਘੋਖ ਕੇ ਚੇਤੇ ਕਰ ਲਵੋ, ਤੇ ਕੇਵਲ ਇਹ ਹੀ ਵਰਤੋ –

ਸ਼ੁੱਧ
ਅਸ਼ੁੱਧ
ਸ਼ੁੱਧ
ਅਸ਼ੁੱਧ
ਉਪਰੰਤ
ਉਪ੍ਰੰਤ
ਕਿਰਤ
ਕ੍ਰਿਤ
ਅਕਿਰਤਘਣ
ਅਕ੍ਰਿਤਘਣ
ਕਿਰਤੀ
ਕ੍ਰਿਤੀ
ਅੰਤਰ
ਅੰਤ੍ਰ
ਕਿਰਿਆ
ਕ੍ਰਿਆ
ਆਦਰਸ਼
ਆਦ੍ਰਸ਼
ਕਿਰਪਾ
ਕ੍ਰਿਪਾ
ਇੰਦਰ
ਇੰਦ੍ਰ
ਖੇਤਰ
ਖੇਤ੍ਰ
ਸ਼ਸਤਰ
ਸ਼ਸਤ੍ਰ
ਘਿਰਣਾ
ਘ੍ਰਿਣਾ
ਸਕੱਤਰ
ਸਕੱਤ੍ਰ
ਚੱਕਰ
ਚੱਕ੍ਰ
ਸਨਿਮਰ
ਸਨਿਮ੍ਰ
ਚਾਤਰ
ਚਾਤ੍ਰ
ਸਮਰਥਾ
ਸਮ੍ਰਥਾ
ਚਿਤਰ
ਚਿਤ੍ਰ
ਸ਼ਾਸਤਰ
ਸ਼ਾਸਤ੍ਰ
ਚਿਤਰਕਾਰ
ਚਿਤ੍ਰਕਾਰ
ਸੁੰਦਰ
ਸੁੰਦ੍ਰ
ਜੰਤਰ
ਜੰਤ੍ਰ
ਸੁੰਦਰਤਾ
ਸੁੰਦ੍ਰਤਾ
ਜੰਤਰੀ
ਜੰਤ੍ਰੀ
ਸੂਤਰ
ਸਤ੍ਰ
ਜਾਗਰਿਤ
ਜਾਗ੍ਰਿਤ
ਯਾਤਰਾ
ਯਾਤ੍ਰਾ
ਪਰਮੁੱਖ
ਪ੍ਰਮੁੱਖ
ਯਾਤਰੀ
ਯਾਤ੍ਰੀ
ਪਰਵਾਨ
ਪ੍ਰਵਾਨ
ਤੰਤਰ
ਤੰਤ੍ਰ
ਪਰਵੇਸ਼
ਪ੍ਰਵੇਸ਼
ਤਰਕਾਲਾਂ
ਤ੍ਰਕਾਲਾਂ
ਪਰਾਪਤ
ਪ੍ਰਾਪਤ
ਤਾਂਤਰਿਕ
ਤਾਂਤ੍ਰਿਕ
ਪਰੀਖਿਆ
ਪ੍ਰੀਖਿਆ
ਧਰਤੀ
ਧ੍ਰਤੀ
ਪਰੋਹਤ
ਪ੍ਰੋਹਤ
ਪੁੱਤਰ
ਪੁੱਤ੍ਰ
ਪਵਿੱਤਰ
ਪਵਿੱਤ੍ਰ
ਪਰਸ਼ਾਦ
ਪ੍ਰਸ਼ਾਦ
ਪਵਿੱਤਰਤਾ
ਪਵਿੱਤ੍ਰਤਾ
ਪਰਸੰਨ
ਪ੍ਰਸੰਨ
ਪਿੱਤਰ
ਪਿੱਤ੍ਰ
ਪਰਸੰਨਤਾ
ਪ੍ਰਸੰਨਤਾ
ਪੁੱਤਰੀ
ਪੁੱਤ੍ਰੀ
ਪਰਸਿੱਧ
ਪ੍ਰਸਿੱਧ
ਬਰਾਹਮਣ
ਬ੍ਰਾਹਮਣ
ਪਰਕਾਸ਼
ਪ੍ਰਕਾਸ਼
ਬਿਰਤੀ
ਬ੍ਰਿਤੀ
ਪ੍ਰਕਾਸ਼ਕ
ਪ੍ਰਕਾਸ਼ਕ
ਬਿਰਧ
ਬ੍ਰਿਧ
ਪਰਕਾਰ
ਪ੍ਰਕਾਰ
ਭਰਮ
ਭ੍ਰਮ
ਪਰਗਟ
ਪ੍ਰਗਟ
ਭਰਿਸ਼ਟ
ਭ੍ਰਿਸ਼ਟ
ਪਗਰਟਾਵਾ
ਪ੍ਰਗਟਾਵਾ
ਭੀਤਰ
ਭੀਤ੍ਰ
ਪਰਗਾਸ
ਪ੍ਰਗਾਸ
ਭੀਤਰੀ
ਭੀਤ੍ਰੀ
ਪਰਤੱਖ
ਪ੍ਰਤੱਖ
ਮੰਤਰਾਲਾ
ਮੰਤ੍ਰਾਲਾ
ਪਰੰਤੂ
ਪ੍ਰੰਤੂ
ਮੰਤਰੀ
ਮੰਤ੍ਰੀ
ਪਰਦੇਸ
ਪ੍ਰਦੇਸ
ਮਿਸਰ
ਮਿਸ੍ਰ
ਪਰਧਾਨ
ਪ੍ਰਧਾਨ
ਮਿੱਤਰ
ਮਿੱਤ੍ਰ
ਪਰਫੁੱਲਤ
ਪ੍ਰਫੁੱਲਤ
ਮਿੱਤਰਤਾ
ਮਿੱਤ੍ਰਤਾ
ਪਰਬਲ
ਪ੍ਰਬਲ
ਮਿਰਗ
ਮ੍ਰਿਗ
ਪਰਭਾਤ
ਪ੍ਰਭਾਤ
ਰਾਸ਼ਟਰ
ਰਾਸ਼ਟ੍ਰ
ਪਰਮਾਣ
ਪ੍ਰਮਾਣ
ਰਾਸ਼ਟਰੀ
ਰਾਸ਼ਟ੍ਰੀ
ਪਰਮਾਣੀਕ
ਪ੍ਰਮਾਣੀਕ
ਵਿਸ਼ਰਾਮ
ਵਿਸ਼੍ਰਾਮ

ਪਰ ਹੇਠ ਲਿਖੇ ਸ਼ਬਦਾਂ ਵਿੱਚ “ਰ” ਦੀ ਪੈਰ ਵਰਤੋਂ ਠੀਕ ਮੰਨੀ ਗਈ ਹੈ

ਅੰਮ੍ਰਿਤ, ਅੰਮ੍ਰਿਤਸਰ, ਆਸ਼੍ਰਮ, ਸੰਸਕ੍ਰਿਤ, ਸ਼੍ਰੀ, ਸ਼੍ਰੀਮਾਨ, ਸ਼੍ਰੀਮਤੀ, ਗ੍ਰੰਥ (ਪਰ ਗਰੰਥ ਵੀ ਲਿਖਦੇ ਹਨ),  ਤ੍ਰਿਸ਼ਨਾ, ਤ੍ਰਿਪਤੀ, ਤ੍ਰੀਮਤ,  ਦ੍ਰਿੜ,  ਦ੍ਰਿੜਤਾ,  ਪ੍ਰਸ਼ਨ,  ਪ੍ਰਭ,  ਪ੍ਰਭੂ,  ਪ੍ਰਿਤਪਾਲ,  ਪ੍ਰਿੰਸੀਪਲ,  ਪ੍ਰਿੰਟਰ,  ਪ੍ਰੀਤ, ਪ੍ਰੀਤ, ਪ੍ਰੇਮ, ਪ੍ਰੈੱਸ, ਬ੍ਰਹਮ।

ਅ) “ਹ” ਦੀ ਪੈਰ ਵਰਤੋਂ ਖਾਸ ਕਰਕੇ “ਨ”, “ਮ”, “ਰ”, “ਲ” ਤੇ “ੜ” ਨਾਲ ਹੁੰਦੀ ਹੈ ਜਿਵੇਂ – ਉਨ੍ਹਾਂ (ਪਰ ਚੰਗੇਰਾ ਜੋੜ “ਉਹਨਾਂ” ਹੈ). ਇਨ੍ਹਾਂ (ਪਰ ਚੰਗੇਰਾ ਜੋੜ  “ਇਹਨਾਂ”  ਹੈ),  ਸੰਨ੍ਹ,  ਸਾਨ੍ਹ,  ਕਿਨ੍ਹਾਂ,  ਗੁੰਨ੍ਹ,  ਜਿਨ੍ਹਾਂ, ਬੰਨ੍ਹ, ਰਿੰਨ੍ਹ, ਵਿੰਨ੍ਹ, ਜਮ੍ਹਾਂ, ਡੁੰਮ੍ਹ, ਥੰਮ੍ਹ, ਨਿੰਮ੍ਹਾ, ਗ਼ਰ੍ਹਨਾ, ਚਰ੍ਹ, ਚਰ੍ਹੀ,  ਠਰ੍ਹੰਮਾ,  ਤਰ੍ਹਾਂ,  ਪਰ੍ਹੇ,  ਵਰ੍ਹਨਾ,  ਵਰ੍ਹਾ, ਵਰ੍ਹੀਣਾ, ਸਿੱਲ੍ਹ, ਸਿੱਲ੍ਹਾ, ਕੱਲ੍ਹ, ਕਿੱਲ੍ਹਣਾ, ਕਿੱਲ੍ਹਾ, ਖੁੱਲ੍ਹ, ਖੁੱਲ੍ਹਣਾ, ਖੁੱਲ੍ਹਾ, ਗੱਲ੍ਹ,ਗਿਲ੍ਹਾ, ਚਲ੍ਹਾ, ਚੁੱਲ੍ਹਾ, ਜਿਲ੍ਹਣ, ਠੱਲ੍ਹ,  ਠਿੱਲ੍ਹਣਾ, ਠੁੱਲ੍ਹਾ, ਠੇਲ੍ਹਣਾ, ਠੇਲ੍ਹਾ, ਡੁੱਲ੍ਹਣਾ,  ਡੋਲ੍ਹਣਾ, ਪੱਲ੍ਹਰਨਾ, ਫਲ੍ਹਾ, ਬੁਲ੍ਹਾ, ਮਲ੍ਹਮ, ਸੂੜ੍ਹੀ,  ਕੜ੍ਹਨਾ,  ਕੜ੍ਹੀ, ਕੁੜ੍ਹਨਾ, ਗੜ੍ਹ,  ਗੜ੍ਹੀ,  ਚੜ੍ਹ,  ਚੜ੍ਹਨਾ,  ਚੜ੍ਹਾਵਾ,  ਚਾੜ੍ਹਨਾ,  ਜੜ੍ਹ,  ਤਿੜ੍ਹ, ਥੜ੍ਹਾ,  ਥੋੜ੍ਹਾ,  ਪੜ੍ਹਨਾ,  ਮੜ੍ਹਨਾ,  ਮੜ੍ਹੀ,  ਮੁੜ੍ਹਕਾ, ਰਿੜ੍ਹਨਾ, ਰੁੜ੍ਹਨਾ, ਰੋੜ੍ਹ, ਰੋੜ੍ਹਨਾ।

ੲ) “ਵ” ਦੀ ਪੈਰ ਵਰਤੋਂ ਉਹਨਾਂ ਸ਼ਬਦਾਂ ਵਿੱਚ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ “ਸ੍ਵੈ” ਆਦਿ ਦਾ ਭਾਵ “ਆਪ”. “ਆਪਣਾ” ਜਾਂ “ਆਪਾ” ਹੋਵੇ, ਜਿਵੇਂ “ਸ੍ਵਾਧੀਨ, ਸ੍ਵਾਧੀਨਤਾ, ਸ੍ਵੈਸਤਕਾਰ, ਸ੍ਵੈਮਾਨ, ਸ੍ਵੈਰਾਜ, ਸ੍ਵੈਰੂਪ”। ਵਿਆਕਰਣ ਦਾ ਸ਼ਬਦ “ਸ੍ਵਰ” ਵੀ “ਵ” ਪੈਰੀਂ ਲਾ ਕੇ ਲਿਖੀਦਾ ਹੈ। ਆਮ ਬੋਲੀ ਵਿੱਚ ਸੰਸਕ੍ਰਿਤ ਹਿੰਦੀ ਦਾ ਸ਼ਬਦ “ਸ੍ਵਰ” ਪੰਜਾਬੀ ਵਿੱਚ ਸੁਰ ਬਣ ਜਾਂਦਾ ਹੈ।


ਲਗਾਂ ਦੀ ਵਰਤੋਂ

ਲਗਾਂ ਸਬੰਧੀ ਚੇਤੇ ਰੱਖਣ-ਯੋਗ ਗੱਲ ਇਹ ਹੈ ਕਿ ਸ੍ਵਰ ਅੱਖਰਾਣ (ਉ, ਅ, ੲ) ਨਾਲ ਕਿਹੜੀਆਂ-ਕਿਹੜੀਆਂ ਲਗਾਂ ਲੱਗਦੀਆਂ ਹਨ। “ਓ” ਕਦੇ ਵੀ ਮੁਕਤਾ ਨਹੀਂ ਆਉਂਦਾ। ਇਸ ਨਾਲ ਕੇਵਲ ਤਿੰਨ ਲਗਾਂ –

ਔਂਕੜ, ਦੂਲੈਂਕੜ ਤੇ ਹੋੜਾ ਲਗਦੀਆਂ ਹਨ, ਹੋਰ ਕੋਈ ਲਗ ਨਹੀਂ ਲੱਗ ਸਕਦੀ, ਜਿਵੇਂ ਉੱਠ, ਉੱਚਾ, ਊਠ, ਖਾਊ, ਓਟ, ਜਾਓ।

“ਅ” ਨਾਲ ਚਾਰ ਲਗਾਂ – ਮੁਕਤਾ, ਕੰਨਾ, ਦੁਲਾਈਆਂ ਤੇ ਕਨੌੜਾ ਲਗਦੀਆਂ ਹਨ, ਜਿਵੇਂ – ਅਰਕ, ਅਮਲੀ, ਆਰਾ, ਆਵਾ, ਆਇਆ, ਐਤਵਾਰ, ਔਂਤਰਾ, ਔਰਤ।

“ੲ” ਨਾਲ ਤਿੰਨ ਲਗਾਂ – ਸਿਹਾਰੀ, ਬਿਹਾਰੀ ਤੇ ਲਾਂ ਹੀ ਲਗਦੀਆਂ ਹਨ। ਇਨ੍ਹਾਂ ਵਿੱਚ ਕਿਸੇ ਪਰਕਾਰ ਦੀ ਤਬਦੀਲੀ ਕਰਨ ਨਾਲ ਸ਼ਬਦ-ਜੋੜ ਅਸ਼ੁੱਧ ਹੋ ਜਾਂਦੇ ਹਨ। “ਓ”, “ੲ” ਨਾਲ ਕੋਈ ਨਾਂ ਕੋਈ ਲਗ ਜ਼ਰੂਰ ਹੋਣਾ ਚਾਹੀਦੀ ਹੈ।

 

Loading spinner