ਸ਼ਬਦ-ਬੋਧ
ਕਾਂਡ 4 ਪੜਨਾਉਂ
ਪੜਨਾਉਂ – ਜਿਹੜਾ ਸ਼ਬਦ ਕਿਸੇ ਨਾਉਂ ਦੀ ਥਾਂ ਵਰਤਿਆ ਜਾਵੇ ਅਤੇ ਜਿਸ ਦੀ ਵਰਤੋਂ ਅਰਥਾਂ ਵਿੱਚ ਫਰਕ ਨਾ ਪਾਵੇ, ਉਹਨੂੰ ਪੜਨਾਉਂ ਆਖਦੇ ਹਨ, ਜਿਵੇਂ – ਮੈਂ, ਤੂੰ, ਉਹ, ਇਹ, ਤੁਸੀਂ।
ਜਿਹੜਾ ਸ਼ਬਦ ਕਿਸੇ ਨਾਉਂ ਦੀ ਥਾਂ ਵਰਤਿਆ ਜਾਵੇ ਅਤੇ ਜਿਸ ਦੀ ਵਰਤੋਂ ਅਰਥਾਂ ਵਿੱਚ ਕੋਈ ਫ਼ਰਕ ਨਾ ਪਾਵੇ, ਉਹਨੂੰ ਪੜਨਾਉਂ ਆਖਦੇ ਹਨ। ਪੜਨਾਵਾਂ ਦੀ ਵਰਤੋਂ ਬੋਲੀ ਨੂੰ ਚੰਗੇਰਾ ਬਣਾ ਦਿੰਦੀ ਹੈ, ਕਿਉਂਕਿ ਇੱਕੋ ਨਾਉਂ ਦੇ ਘੜੀ ਮੁੜੀ ਵਰਤੇ ਜਾਣ ਨਾਲ ਬੋਲੀ ਕੌੜੀ ਤੇ ਅਣਭਾਉਂਦੀ ਬਣ ਜਾਂਦੀ ਹੈ। ਜਿਵੇਂ – ‘ਮਸਤਾਨ ਮਸਤਾਨ ਦੇ ਘਰ ਆਇਆ। ਮਸਤਾਨ ਨੇ ਮਸਤਾਨ ਦੀ ਮਾਂ ਪਾਸੋਂ ਰੋਟੀ ਮੰਗੀ। ਰੋਟੀ ਖਾ ਕੇ ਮਸਤਾਨ ਮਸਤਾਨ ਦੇ ਖੇਤਾਂ ਨੂੰ ਚਲਿਆ ਗਿਆ।’ ਏਥੇ ਮਸਤਾਨ ਸ਼ਬਦ ਦਾ ਘੜੀ ਮੁੜੀ ਆਉਣਾ ਚੰਗਾ ਨਹੀਂ ਲਗਦਾ। ਪੜਨਾਵਾਂ ਦੀ ਵਰਤੋਂ ਨਾਲ ਇਹ ਵਾਕ ਇਉਂ ਬਣ ਜਾਂਦੇ ਹਨ। ‘ਮਸਤਾਨ ਆਪਣੇ ਘਰ ਆਇਆ।
ਉਹਨੇ ਆਪਣੀ ਮਾਂ ਪਾਸੋਂ ਰੋਟੀ ਮੰਗੀ। ਰੋਟੀ ਖਾ ਕੇ ਉਹ ਆਪਣੇ ਖੇਤਾਂ ਨੂੰ ਚਲਾ ਗਿਆ।’
ਏਥੇ ‘ਆਪਣੇ’, ‘ਉਹ’, ‘ਉਹਨੇ’ ਪੜਨਾਉਂ ਹਨ। ਇਸੇ ਤਰਾਂ ‘ਮੱਝ ਅਡ਼ਿੰਗਦੀ ਹੈ। ਇਹ ਭੁੱਖੀ ਹੈ। ਇਹਨੂੰ ਪੱਠੇ ਪਾਓ’। ਏਖੇ ‘ਇਹ’ ਤੇ ‘ਇਹਨੂੰ’ ਪੜਨਾਉਂ ਹਨ।
ਪੜਨਾਉਂ ਛੇ ਪਰਕਾਰ ਦੇ ਹੁੰਦੇ ਹਨ।
ਪਰਕਾਰ
(1) ਪੁਰਖਵਾਚਕ ਪੜਨਾਉਂ (2) ਨਿਜਵਾਚਕ ਪੜਨਾਉਂ (3) ਨਿਸਚੇਵਾਚਕ ਪੜਨਾਉਂ (4) ਅਨਿਸਚੇਵਾਚਕ ਪੜਨਾਉਂ (5) ਸੰਬੋਧਕਵਾਚਕ ਪੜਨਾਉਂ (6) ਪ੍ਰਸ਼ਨਵਾਚਕ ਪੜਨਾਉਂ
1) ਪੁਰਖਵਾਚਕ ਪੜਨਾਉਂ – ਜਿਹੜੇ ਪੜਨਾਉਂ ਕੇਵਲ ਉਹਨਾਂ ਪੁਰਖਾਂ (ਵਿਅਕਤੀਆਂ) ਦੀ ਥਾਂ ਵਰਤੇ ਜਾਣ ਜਿਹੜੇ ਗੱਲ ਕਰ ਰਹੇ ਹੋਣ, ਜਾਂ ਜਿਨ੍ਹਾਂ ਨਾਲ ਗੱਲ ਹੋ ਰਹੀ ਹੋਵੇ, ਉਹਨਾਂ ਨੂੰ ਪੁਰਖਵਾਚਕ ਪੜਨਾਉਂ ਆਖਦੇ ਹਨ। ਇਹ ਪੜਨਾਉਂ ਕਿਸੇ ਪੁਰਖ ਦੀ ਥਾਂ ਵਰਤੇ ਜਾਂਦੇ ਹਨ ਤੇ ਕੇਵਲ ਪੁਰਖ-ਗਿਆਨ ਹੀ ਦਿੰਦੇ ਹਨ। ਜਿਵੇਂ ਮੈਂ, ਮੇਰਾ, ਮੈਨੂੰ, ਮੈਥੋਂ, ਅਸੀਂ, ਅਸਾਂ, ਸਾਥੋਂ, ਸਾਨੂੰ, ਸਾਡਾ, ਤੂੰ, ਤੈਨੂੰ, ਤੈਥੋਂ, ਤੇਰਾ, ਤੁਸੀਂ, ਤੁਸਾਂ, ਤੁਹਾਡਾ, ਤੁਹਾਨੂੰ, ਤੁਹਾਥੋਂ, ਇਹ, ਇਹਦਾ, ਇਹਨੂੰ, ਇਸ, ਉਹ, ਉਹਦਾ, ਉਹਨੂੰ, ਉਸ।
ਪੁਰਖ
ਪੁਰਖ ਤਿੰਨ ਹੁੰਦੇ ਹਨ। ਇਸ ਕਰਕੇ ਪੁਰਖਵਾਚਕ ਪੜਨਾਉਂ ਵੀ ਤਿੰਨ ਪਰਕਾਰ ਦੇ ਹੁੰਦੇ ਹਨ।
(1) ਉੱਤਮ ਜਾਂ ਪਹਿਲਾ ਪੁਰਖ – ਗੱਲ ਕਰਨ ਵਾਲਾ। ਜਿਹੜੇ ਪੁਰਖਵਾਚਕ ਪੜਨਾਉਂ ਗੱਲ ਕਰਨ ਵਾਲੇ ਪੁਰਖ ਨੂੰ ਪ੍ਰਗਟ ਕਰਨ, ਉਹ ਉੱਤਮ ਪੁਰਖ ਜਾਂ ਪਹਿਲੇ ਪੁਰਖ ਦੇ ਪੁਰਖਵਾਚਕ ਪੜਨਾਉਂ ਹੁੰਦੇ ਹਨ। ਜਿਵੇਂ – ਮੈਂ, ਮੈਨੂੰ, ਅਸੀਂ, ਅਸਾਂ, ਸਾਨੂੰ, ਸਾਡਾ, ਮੇਰਾ।
(2) ਮੱਧਮ ਜਾਂ ਦੂਜਾ ਪੁਰਖ – ਜਿਸ ਨਾਲ ਗੱਲ ਕੀਤੀ ਜਾਵੇ। ਜਿਸ ਪੁਰਖਵਾਚਕ ਪੜਨਾਉਂ ਤੋਂ ਉਹ ਪੁਰਖ ਪ੍ਰਗਟ ਹੋਵੇ ਜਿਸ ਨਾਲ ਗੱਲ ਕੀਤੀ ਜਾਵੇ, ਉਹ ਮੱਧਮ ਜਾਂ ਦੂਜੇ ਪੁਰਖ ਦਾ ਪੁਰਖਵਾਚਕ ਪੜਨਾਉਂ ਹੁੰਦਾ ਹੈ। ਜਿਵੇਂ – ਤੂੰ, ਤੇਰਾ, ਤੈਨੂੰ, ਤੁਸੀਂ, ਤੁਸਾਂ, ਤੁਹਾਡਾ, ਤੁਹਾਨੂੰ।
(3) ਅੰਨ ਜਾਂ ਤੀਜਾ ਪੁਰਖ – ਜਿਸ ਬਾਬਤ ਗੱਲ ਕੀਤੀ ਜਾਵੇ। ਜਿਸ ਪੁਰਖਵਾਚਕ ਪੜਨਾਉਂ ਤੋਂ ਉਹ ਪੁਰਖ ਪ੍ਰਗਟ ਹੋਵੇ ਜਿਸ ਬਾਬਤ ਗੱਲ ਕੀਤੀ ਜਾਵੇ, ਉਹ ਅੰਨ ਜਾਂ ਤੀਜੇ ਦਰਜੇ ਦਿ ਪੁਰਖਵਾਚਕ ਪੜਨਾਉਂ ਹੁੰਦਾ ਹੈ। ਜਿਵੇਂ – ਉਹ, ਉਸ, ਉਹਨਾਂ, ਇਹ, ਇਸ, ਇਹਨਾਂ।
ਨੋਟ – (ੳ) ਮੈਂ, ਅਸਾਂ, ਤੂੰ, ਤੁਸਾਂ ਆਪਣੇ ਆਪ ਵਿੱਚ ਸਬੰਧਕੀ ਰੂਪ ਹਨ। ਇਹਨਾਂ ਨਾਲ ‘ਨੇ’ ਨਹੀਂ ਲਾਇਆ ਜਾਂਦਾ। ਇਸ ਲਈ ‘ਮੈਂ ਨੇ’, ‘ਤੂੰ ਨੇ’, ‘ਅਸਾਂ ਨੇ’ ਜਾਂ ‘ਤੁਸਾਂ ਨੇ’ ਲਿਖਣਾ ਗ਼ਲਤ ਹੈ। ‘ਮੈਂ ਦੁੱਧ ਪੀਤਾ, ਤੂੰ ਲੱਸੀ ਪੀਤੀ, ਅਸਾਂ ਪਾਠ ਕੀਤਾ, ਤੁਸਾਂ ਸ਼ਬਦ ਪਡ਼੍ਹਿਆ’। ਇਹ ਵਾਕ ਇਹਨਾਂ ਪੜਨਾਵਾਂ ਦੀ ਸ਼ੁੱਧ ਵਰਤੋਂ ਦੇ ਨਮੂਨੇ ਹਨ। ‘ਅਸੀਂ ਪਰਸ਼ਾਦ ਛਕਿਆ, ਤੁਸੀਂ ਵਰਤ ਰੱਖਿਆ’ ਵਿੱਚ ‘ਅਸੀਂ’ ਤੇ ‘ਤੁਸੀਂ’ ਦੀ ਥਾਂ ‘ਅਸਾਂ’ ਤੇ ‘ਤੁਸਾਂ’ਹੋਣਾ ਚਾਹੀਦਾ ਹੈ। ਅੰਨ ਪੁਰਖ ਦੇ ਪੁਰਖਵਾਚਕ ਪੜਨਾਵਾਂ ਨਾਲ ਜੇ ਸਬੰਧਕ ਲਾਇਆ ਜਾਵੇ ਤਾਂ ਉਹਨਾਂ ਦਾ ਰੂਪ ਕਦੇ ‘ਉਸ’ ਤੇ ‘ਇਸ’ ਹੋ ਜਾਂਦਾ ਹੈ, ਅਤੇ ਕਦੇ ‘ਉਹ’ ਤੇ ‘ਇਹ’ ਹੀ ਰਹਿੰਦਾ ਹੈ। ਜਿਵੇਂ- ‘ਇਸ ਨਾਲ, ਇਸ ਲਈ, ਉਸ ਪਾਸ, ਉਸ ਕੋਲ, ਇਹਦਾ, ਇਹਨੂੰ, ਇਹਨੇ, ਉਹਦਾ, ਉਹਨੇ’, ਔਹਦਾ, ਐਹਦਾ, ਔਹਨੂੰ, ਐਹਨੂੰ, ਔਹਨੇ, ਐਹਨੇ, ਐਸ ਕੋਲ, ਔਸ ਕੋਲ, ਇਨ੍ਹਾਂ ਦਾ, ਉਨ੍ਹਾਂ ਦਾ, ਐਹਨਾਂ ਦਾ, ਔਹਨਾਂ ਲਈ’।
ਇਸ ਦਾ, ਇਸ ਨੂੰ, ਇਸ ਨੇ, ਉਸ ਦਾ, ਉਸ ਨੂੰ, ਉਸ ਨੇ, ਐਸ ਦਾ, ਐਸ ਨੂੰ, ਐਸ ਨੇ, ਔਸ ਨੂੰ, ਇਨ੍ਹਾਂ ਦਾ, ਉਨ੍ਹਾਂ ਦਾ, ਔਨ੍ਹਾਂ ਨੂੰ’ ਆਦਿ ਰੂਪ ਵੀ ਵਰਤੋਂ ਵਿਚ ਆ ਰਹੇ ਹਨ। ਪਰ ਠੇਠ ਪੰਜਾਬੀ ਉਚਾਰਨ ‘ਇਹਦਾ, ਉਹਨੂੰ, ਉਨ੍ਹਾਂ, ਇਨ੍ਹਾਂ, ਐਹਨਾਂ, ਔਹਨੂੰ’ ਵਾਲਾ ਹੈ। ਇਸ ਲਈ ਇਹਨਾਂ ਰੂਪਾਂ ਨੂੰ ਪਹਿਲ ਮਿਲਨੀ ਚਾਹੀਦੀ ਹੈ।
(ਅ) ਕਈ ਵੇਰ ਆਦਰ ਦੀ ਖਾਤਰ ਦੂਜੇ ਤੇ ਤੀਜੇ ਪੁਰਖ ਵਾਸਤੇ ‘ਆਪ’ ਜਾ ‘ਆਪ ਜੀ’ ਵਰਤਿਆ ਜਾਂਦਾ ਹੈ। ਜਿਵੇਂ – ‘ਸਰਦਾਰ ਜੀ, ਆਪ ਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਤਲਵੰਡੀ ਵਿੱਚ ਅਵਤਾਰ ਧਾਰਿਆ। ਆਪ ਜੀ ਦੀ ਜਨਮ ਨਗਰੀ ਹੁਣ ਪਾਕਿਸਤਾਨ ਵਿੱਚ ਹੈ। ਆਪ ਜੀ ਨੂੰ ਜਤਨ ਕਰਨੇ ਚਾਹੀਦੇ ਹਨ ਕਿ ਆਪ ਦੇ ਗੁਆਂਢੀ ਸੁਖੀ ਹੋਣ।’
2. ਨਿਜਵਾਚਕ ਪੜਨਾਉਂ– ਜਿਹੜੇ ਪੜਨਾਉਂ ਕਿਸੇ ਵਾਕ ਦੇ ਕਰਤਾ ਨਾਲ ਆਕੇ ਇਹ ਪ੍ਰਗਟ ਕਰਨ ਕਿ ਕਿਰਿਆ ਦਾ ਅਸਰ ਖੁਦ ਉਸ ਕਰਤਾ ਉੱਪਰ ਹੋ ਰਿਹਾ ਹੈ, ਜਾਂ ਜਿਹੜੇ ਪੜਨਾਉਂ ਕਰਤਾ ਨੂੰ ਖਾਸ ਵਿਸ਼ੇਸ਼ਤਾ ਦੇਣ ਦਾ ਕੰਮ ਕਰਨ ਉਹਨਾਂ ਨੂੰ ਨਿਜਵਾਚਕ ਪੜਨਾਉਂ ਕਿਹਾ ਜਾਂਦਾ ਹੈ। ਜਿਵੇਂ -‘ਜਿਹੜੇ ਲੋਕ ਆਪੋ ਵਿੱਚ ਲੜਦੇ ਰਹਿੰਦੇ ਹਨ, ਉਹ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਨ। ਤੁਸੀਂ ਆਪ ਉਥੇ ਗਏ ਸਾਉ। ਮਹਾਤਮਾ ਗਾਂਧੀ ਜੀ ਨੇ ਆਪ ਕਈ ਵੇਰ ਇਹ ਗੱਲ ਮੰਨੀ ਸੀ। ਮੈਂ ਆਪ ਆਪ ਜੀ ਦਾ ਵਖਿਆਣ ਸੁਣਿਆ ਸੀ। ਤੁਸੀਂ ਖੁਦ ਇਹ ਮੰਨਦੇ ਹੋ।’
ਉੱਪਰ ਦਿੱਤੀਆਂ ਉਦਾਹਨਾਂ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਆਪ ਪੁਰਖਵਾਚਕ ਪੜਨਾਉਂ ਵੀ ਹੁੰਦਾ ਹੈ, ਅਤੇ ਨਿਜਵਾਚਕ ਪੜਨਾਉਂ ਵੀ। ਇਸ ਸਬੰਧ ਵਿੱਚ ਹੇਠ ਲਿਖੀਆਂ ਗੱਲਾਂ ਚੇਤੇ ਰੱਖਣੀਆਂ ਚਾਹੀਦੀਆਂ ਹਨ।
(ੳ) ਜਦੋਂ ‘ਆਪ’ ਪੁਰਖਵਾਚਕ ਪੜਨਾਉਂ ਹੁੰਦਾ ਹੈ ਤਦੋਂ ਇਹ ਕੇਵਲ ਬਹੁਵਚਨ ਤੇ ਮਧਮ ਤੇ ਅੰਨ ਪੁਰਖਾਂ ਲਈ ਵਰਤਿਆ ਜਾਂਦਾ ਹੈ ਤੇ ਜਿਸ ਨਾਉਂ ਦੀ ਥਾਂ ਇਹ ਵਰਤਿਆ ਜਾਂਦਾ ਹੈ, ਉਹ ਉਸੇ ਵਾਕ ਵਿੱਚ ਨਹੀਂ ਹੁੰਦਾ। ਜਿਵੇਂ – ‘ਮੈਂ ਆਪ ਦੇ ਦਰਸ਼ਨਾਂ ਲਈ ਗਿਆ, ਪਰ ਆਪ ਨੂੰ ਮਿਲ ਨਾ ਸਕਿਆ’। ਏਥੇ ਆਪ ਪੁਰਖਵਾਚਕ ਪੜਨਾਉਂ ਹੈ।
(ਅ) ਜਦ ‘ਆਪ’ ਨਿਸ਼ਚੇਵਾਚਕ ਪੜਨਾਉਂ ਹੋਵੇ, ਤਦ ਇਹ ਦੋਹਾਂ ਵਚਨਾਂ ਤੇ ਤਿੰਨਾਂ ਹੀ ਪੁਰਖਾਂ ਲਈ ਵਰਤਿਆ ਜਾਂਦਾ ਹੈ, ਅਤੇ ਜਿਸ ਨਾਉਂ ਜਾਂ ਪੜਨਾਉਂ ਦੀ ਥਾਂ ਇਹ ਆਉਂਦਾ ਹੈ, ਉਹ ਉਸੇ ਵਾਕ ਵਿੱਚ ਮਜ਼ੂਦ ਹੁੰਦਾ ਹੈ। ਜਿਵੇਂ – ਤੁਸੀਂ ਆ ਕੇ ਵੇਖ ਲਵੋ। ਮੈਂ ‘ਆਪ’ ਤੁਹਾਨੂੰ ਇਹ ਗੱਲ ਦੱਸੀ ਸੀ। ਭਗਤ ਸਿੰਘ ਨੇ ‘ਆਪ’ ਮੰਨ ਲਿਆ ਕਿ ਬੰਬ ਉਹਨੇ ਸੁੱਟਿਆ ਸੀ। ਅਸੀਂ ‘ਆਪ’ ਉਹਨਾਂ ਦੇ ਦਰਸ਼ਨ ਕੀਤੇ। ਤੂੰ ‘ਆਪ’ ਉਹਨਾਂ ਨੂੰ ਵੇਖਿਆ ਸੀ। ਉਹ ਸਾਰੇ ਜਣੇ ‘ਆਪ’ ਹੀ ਗ੍ਰਿਫਤਾਰ ਹੋ ਗਏ।
- ਨਿਸ਼ਚੇਵਾਚਕ ਪੜਨਾਉਂ– ਜਿਹੜਾ ਪੜਨਾਉਂ ਕਿਸੇ ਦਿਸ ਰਹੇ ਜੀਵ ਜਾਂ ਵਸਤੂ ਵੱਲ ਇਸ਼ਾਰਾ ਕਰੇ ਉਸ ਜੀਵ ਜਾਂ ਵਸਤੂ ਨੂੰ ਪ੍ਰਗਟ ਕਰਨ ਵਾਲੇ ਨਾਉਂ ਦੀ ਥਾਂ ਵਰਤਿਆ ਜਾਵੇ, ਉਹਨੂੰ ਨਿਸ਼ਚੇਵਾਚਕ ਪੜਨਾਉਂ ਆਖਦੇ ਹਨ। ਜਿਵੇਂ -‘ਇਹ ਭੋਲਾ-ਭਾਲਾ ਹੈ। ਉਹ ਬੜਾ ਚਲਾਕ ਹੈ, ਆਹ ਮੇਰਾ ਭਰਾ ਹੈ, ਔਹ ਤੇਰਾ ਮਾਮਾ ਹੈ।’
ਨਿਸ਼ਚੇਵਾਚਕ ਪੜਨਾਉਂ ਚਾਰ ਹਨ – ਇਹ, ਉਹ, ਐਹ ਜਾਂ ਆਹ, ਤੇ ਔਹ। ਇਹਨਾਂ ਵਿੱਚੋਂ ‘ਇਹ’ ਤੇ ‘ਐਹ (ਆਹ)’ ਨੇੜੇ ਦੀਆਂ ਸ਼ੈਆਂ ਆਦਿ ਪ੍ਰਗਟ ਕਰਨ ਵਾਲੇ ਨਾਵਾਂ ਦੀ ਥਾਂ ਵਰਤੇ ਜਾਂਦੇ ਹਨ ਅਤੇ ਨਿਕਟਵਰਤੀ ਵਿਸ਼ਚੇਵਾਚਕ ਪੜਨਾਉਂ ਅਖਵਾਉਂਦੇ ਹਨ। ‘ਉਹ’ ਤੇ ‘ਔਹ’ ਦੁਰਾੜੀਆਂ ਅਰਥਾਤ ਗੱਲ ਕਰਨ ਵਾਲੇ ਤੋਂ ਪਰੇ ਪਈਆਂ ਚੀਜ਼ਾਂ ਆਦਿ ਪ੍ਰਗਟ ਕਰਨ ਵਾਲੇ ਨਾਵਾਂ ਦੀ ਥਾਂ ਵਰਤੇ ਜਾਂਦੇ ਹਨ ਅਤੇ ਦੂਰਵਰਤੀ ਨਿਸ਼ਚੇਵਾਚਕ ਪੜਨਾਉਂ ਅਖਵਾਉਂਦੇ ਹਨ।
ਬੋਲ-ਚਾਲ ਵਿੱਚ ਇਕ ਹੋਰ ਨਿਸ਼ਚੇਵਾਚਕ ਪੜਨਾਉਂ ਵੀ ਵਰਤਿਆ ਜਾਂਦਾ ਹੈ। ਉਹ ਹੈ ‘ਹਾਹ’ ਜਿਸ ਨਾਲ ਗੱਲ ਕੀਤੀ ਜਾਵੇ, ਉਸ ਪਾਸਲੀ ਚੀਜ਼ ਆਦਿ ਨੂੰ ਪ੍ਰਗਟ ਕਰਨ ਵਾਲੇ ਨਾਉਂ ਦੀ ਥਾਂ ਇਹ ਪੜਨਾਉਂ – ਹਾਹਾ- ਵਰਤਿਆ ਜਾਂਦਾ ਹੈ। ਜਿਵੇਂ – ‘ਇੱਕ ਕਿਤਾਬ ਮੇਰੇ ਪਾਸ ਹੈ, ਇੱਕ ਤੇਰੇ ਪਾਸ ਅਤੇ ਇੱਕ ਭੁੰਜੇ ਪਈ ਹੈ।’ ‘ਆਹ’ ਮੇਰੀ ਹੈ, ‘ਹਾਹ’ ਤੇਰੀ ਹੈ ਅਤੇ ‘ਔਹ’ ਪਤਾ ਨਹੀਂ ਕਿਹਦੀ।
ਨੋਟ (1) ਜਦੋਂ ‘ਇਹ’, ‘ਉਹ’, ‘ਹਾਹ’, ‘ਐਹ’, ‘ਆਹ’ ਤੇ ‘ਔਹ’ ਕਿਸੇ ਨਾਉਂ ਦੇ ਨਾਲ ਵਰਤੇ ਜਾਣ ਉਦੋਂ ਇਹ ਨਿਸ਼ਚੇਵਾਚਕ ਵਿਸ਼ੇਸ਼ਣ ਹੁੰਦੇ ਹਨ। ਜਿਵੇਂ – ਇਹ ਮੂਰਤ ਸੋਹਣੀ ਹੈ। ਉਹ ਕਿਸਾਨ ਮਿਹਨਤੀ ਹੈ। ਹਾਹ ਕਮੀਜ ਮੈਲੀ ਹੈ। ਔਹ ਗਊ ਲਵੇਰੀ ਹੈ। ਆਹ ਰੁਮਾਲ ਮੇਰਾ ਹੈ। ਔਹ ਮੱਝ ਸੂਣ ਵਾਲੀ ਹੈ। ਪਰ ਜਦ ਅਸੀਂ ਸਾਹਮਣੇ ਪਈ ਕਿਸੇ ਚੀਜ਼ ਆਦਿ ਵੱਲ ਇਸ਼ਾਰਾ ਕਰ ਕੇ ਉਹਦਾ ਨਾ ਲਿਆਂ ਬਿਨਾਂ ‘ਇਹ’, ‘ਉਹ’, ‘ਹਾਹ’,‘ਐਹ’ ਜਾਂ ‘ਔਹ’ ਵਰਤਦੇ ਹਾਂ, ਤਾਂ ਇਹ ਸ਼ਬਦ ਨਿਸ਼ਚੇਵਾਚਕ ਪੜਨਾਉਂ ਹੁੰਦੇ ਹਨ। ਜਿਵੇਂ – ਇਹ ਮੇਰੀ ਹੈ, ਉਹ ਮੇਰੇ ਭਰਾ ਦੀ ਹੈ, ਹਾਹ ਤੇਰੀ ਹੈ, ਐਹ ਸਾਡੀ ਹੈ, ਆਹ ਵੀ ਸਾਡੀ ਹੈ, ਔਹ ਪਤਾ ਨਹੀ ਕਿਹਦੀ ਹੈ। ‘ਹਾਹ’ਦਾ ਸਬੰਧਕੀ ਰੂਪ ‘ਹੈਸ’ ਹੁੰਦਾ ਹੈ। ਹੈਸ ਪਾਸੇ, ਹੈਸ ਨਾਲ।
(2) ਜਦੋਂ ‘ਇਹ’ ਜਾਂ ‘ਉਹ’ ਪਹਿਲਾਂ ਆ ਚੁੱਕੇ ਕਿਸੇ ਨਾਉਂ ਦੀ ਥਾਂ ਵਰਤਿਆ ਜਾਵੇ, ਉਦੋਂ ‘ਇਹ’ ਜਾਂ ‘ਉਹ’ ਪੁਰਖਵਾਚਕ ਪੜਨਾਉਂ ਹੁੰਦਾ ਹੈ, ਪਰ ਜਦੋਂ ਸਾਹਮਣੇ ਪਈ ਕਿਸੇ ਚੀਜ਼ ਆਦਿ ਵੱਲ ਇਸ਼ਾਰਾ ਕਰ ਕੇ ਉਸ ਦਾ ਨਾਂ ਲਿਆਂ ਬਗੈਰ, ਉਸ ਨੂੰ ਪ੍ਰਗਟ ਕਰਨ ਵਾਲੇ ਨਾਉਂ ਦੀ ਥਾਂ ਵਰਤਿਆ ਜਾਵੇ, ਉਦੋਂ ‘ਇਹ’ ਜਾਂ ‘ਉਹ’ ਨਿਸ਼ਚੇਵਾਚਕ ਪੜਨਾਉਂ ਹੁੰਦਾ ਹੈ। ਜਿਵੇਂ – ‘ਜਿਹੜੇ ਲੋਕ ਹੋਰਨਾਂ ਦਾ ਭਲਾ ਕਰਦੇ ਹਨ, ਉਹ ਸਤਕਾਰ ਪਰਾਪਤ ਕਰਦੇ ਹਨ’। ‘ਮੱਝ ਨੂੰ ਚੋ ਲਵੋ, ਇਹ ਹੁਣੇ ਹੀ ਚਰ ਕੇ ਆਈ ਹੈ’। ਇਹਨਾਂ ਵਾਕਾਂ ਵਿੱਚ ‘ਉਹ’ ਤੇ ‘ਇਹ’ ਪੁਰਖਵਾਚਕ ਪੜਨਾਉਂ ਹਨ। ‘ਤੁਸੀਂ ਕਿਹੜਾ ਰਜਾਈ ਲੈਣਾ ਚਾਹੁੰਦੇ ਹੋ? ਇਹ ਹੌਲੀ ਹੈ, ਉਹ ਭਾਰੀ ਹੈ।’ ਏਥੇ ‘ਇਹ’ ਤੇ ‘ਉਹ’ ਨਿਸ਼ਚੇਵਾਚਕ ਪੜਨਾਉਂ ਹਨ।
- ਅਨਿਸ਼ਚੇਵਾਚਕ ਪੜਨਾਉਂ– ਜਿਹੜੇ ਪੜਨਾਉਂ ਅਜੇਹੇ ਨਾਵਾਂ ਦਾ ਜਿਨ੍ਹਾਂ ਦੀ ਥਾਂ ਉਹ ਵਰਤੇ ਜਾਣ, ਪੂਰਾ ਪੂਰਾ ਨਿਸ਼ਚਾ ਨਾ ਕਰਨ-ਕਰਾਉਣ, ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਉਂ ਆਖਦੇ ਹਨ। ਜਿਵੇਂ– ਸਭ, ਬਹੁਤੇ, ਅਨੇਕ, ਕਈ, ਕੋਈ, ਸਾਰੇ, ਬਹੁਤ ਸਾਰੇ, ਕੁਝ, ਕੁਝ ਹੋਰ, ਵਿਰਲੇ, ਥੋੜੇ, ਸਰਬਤ।
ਨੋਟ – ਇਹ ਸ਼ਬਦ – ਸਭ, ਬਹੁਤੇ, ਅਨੇਕ ਆਦਿ ਜਦ ਨਾਵਾਂ ਦੇ ਵਾਲ ਵਰਤੇ ਜਾਂਦੇ ਹਨ, ਤਾਂ ਇਹ ਅਨਿਸ਼ਚੇਵਾਚਕ ਵਿਸ਼ੇਸ਼ਣ ਹੁੰਦੇ ਹਨ ਅਤੇ ਜਦ ਇਹ ਨਾਵਾਂ ਤੋਂ ਬਿਨਾਂ ਨਾਵਾਂ ਦੀ ਥਾਂ ਵਰਤੇ ਜਾਣ ਤਾਂ ਅਨਿਸ਼ਚੇਵਾਚਕ ਪੜਨਾਉਂ ਹੁੰਦੇ ਹਨ। ਜਿਹਾ ਕਿ – ‘ਉਸ’ ਨੂੰ ‘ਸਭ’ ਲੋਕ ਸਲਾਹੁੰਦੇ ਹਨ। ‘ਕਈ’ ਆਦਮੀ ਸ਼ਰਾਬ ਪੀ ਪੀ ਕੇ ਤਬਾਹ ਹੋ ਗਏ ਹਨ। ਅਸਾਂ ‘ਕੋਈ’ ਜੁਆਰੀਆ ਖੁਸ਼ਹਾਲ ਹੋਇਆ ਨਹੀਂ ਵੇਖਿਆ। ਆਜ਼ਾਦੀ ਦੀ ਖਾਤਰ ‘ਬਹੁਤ ਸਾਰੇ’ ਦੇਸ-ਭਗਤ ਸ਼ਹੀਦ ਹੋਏ। ਇਹਨਾਂ ਵਾਕਾਂ ਵਿੱਚ‘ਸਭ’, ‘ਕਈ’, ‘ਕੋਈ’ ਤੇ ‘ਬਹੁਤ ਸਾਰੇ’ ਅਨਿਸ਼ਚੇਵਾਚਕ ਵਿਸ਼ੇਸ਼ਣ ਹਨ। ਉਸ ਨੂੰ ‘ਸਭ’ ਚਾਹੁੰਦੇ ਹਨ। ‘ਕਈ’ ਆਉਂਦੇ ਹਨ ਤੇ ‘ਕਈ’ ਜਾਂਦੇ ਹਨ। ‘ਕੋਈ’ ਮਰੇ ਤੇ ‘ਕੋਈ’ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ‘ਬਹੁਤ ਸਾਰੇ’ ਤਾਂ ਆ ਪਹੁੰਚੇ ਹਨ, ਪਰ ‘ਕੁਝ’ ਅਜੇ ਆਉਣ ਵਾਲੇ ਹਨ। ਇਹਨਾਂ ਵਾਕਾਂ ਵਿੱਚ ‘ਸਭ’, ‘ਕਈ’, ‘ਕੋਈ’, ‘ਬਹੁਤ ਸਾਰੇ’ ਤੇ ‘ਕੁਝ’ ਅਨਿਸ਼ਚੇਵਾਚਕ ਪੜਨਾਉਂ ਹਨ।
- ਸਬੰਧਵਾਚਕ ਪੜਨਾਉਂ– ਜਿਹੜੇ ਸ਼ਬਦ ਪੜਨਾਵਾਂ ਵਾਂਙ ਨਾਵਾਂ ਦੀ ਥਾਂ ਵਰਤੇ ਜਾਣ ਅਤੇ ਯੋਜਕਾਂ ਵਾਂਙ ਵਾਕਾਂ ਨੂੰ ਜਾਂ ਵਾਕਾਂ ਦੇ ਹਿੱਸਿਆਂ ਨੂੰ ਜੋੜਨ ਦਾ ਕੰਮ ਵੀ ਕਰਦੇ ਹੋਣ, ਉਹਨਾਂ ਨੂੰ ਸਬੰਧਵਾਚਕ ਪੜਨਾਉਂ ਆਖਦੇ ਹਨ। ਜਿਵੇਂ -‘ਜੋ ਘੜਿਆ ਸੋ ਭੱਜਸੀ, ਜੋ ਜੰਮਿਆ ਸੋ ਮਰਸੀ। ਜਿਹੜੇ ਮਜੂਰੀ ਕਰਦੇ ਹਨ ਉਹ ਹੀ ਚੂਰੀ ਦੇ ਹੱਕਦਾਰ ਹੁੰਦੇ ਹਨ। ਜਿਹੜੇ ਗੱਜਦੇ ਹਨ ਉਹ ਵਰ੍ਹਦੇ ਨਹੀਂ। ਜਿਸ ਦਾ ਖਾਈਏ ਤਿਸ ਦਾ ਜਸ ਗਾਈਏ।’ ਇਹਨਾਂ ਵਾਕਾਂ ਵਿੱਚ ‘ਜੋ’, ‘ਜਿਹੜੇ’, ਤੇ ‘ਜਿਸ’ ਸਬੰਧਵਾਚਕ ਪੜਨਾਉਂ ਹਨ।
ਵੇਖੋ ਉਪਰਲੇ ਵਾਕਾਂ ਵਿੱਚ ‘ਜੋ’, ‘ਜਿਹੜੇ’ ਤੇ ‘ਜਿਸ’ ਸਬੰਧਵਾਚਕ ਪੜਨਾਵਾਂ ਦੇ ਨਾਲ ‘ਸੋ’, ‘ਉਹ’ ਤੇ ‘ਤਿਸ’ ਵੀ ਆਏ ਹਨ ਇਹਨਾਂ ਸੋ, ਉਹ ਤੇ ਕਿਸ ਨੂੰ ਅਨ-ਸਬੰਧਵਾਚਕ ਪੜਨਾਉਂ ਆਖਦੇ ਹਨ।
6.ਪ੍ਰਸ਼ਨਵਾਚਕ ਪੜਨਾਉਂ– ਜਿਹੜਾ ਸ਼ਬਦ ਪੜਨਾਉਂ ਵਾਂਗ ਨਾਉਂ ਦੀ ਥਾਂ ਵਰਤਿਆ ਜਾਵੇ ਤੇ ਨਾਲ ਹੀ ਉਸ ਰਾਹੀਂ ਕੁਝ ਪੁੱਛਿਆ ਵੀ ਜਾਵੇ, ਉਹ ਪ੍ਰਸ਼ਨਵਾਚਕ ਪੜਨਾਉਂ ਹੁੰਦਾ ਹੈ। ਜਿਵੇਂ -‘ਕੌਣ ਨਹੀਂ ਚਾਹੁੰਦਾ ਕਿ ਉਹ ਸੁਖੀ ਹੋਵੇ? ਤੁਸੀਂ ਕੀ ਚਾਹੁੰਦੇ ਹੋ?ਕਿਹੜਾ ਕਹਿੰਦਾ ਹੈ ਕਿ ਮੈਂ ਉਥੇ ਸਾਂ? ਮੈਂ ਸੱਦਿਆ ਕਿਹਨੂੰ ਸੀ ਤੇ ਆ ਕੌਣ ਗਿਆ?’ ਇਹਨਾਂ ਵਾਕਾਂ ਵਿੱਚ ‘ਕੌਣ’, ‘ਕੀ’, ‘ਕਿਹੜਾ’ ਤੇ ‘ਕਿਹਨੂੰ’ ਪ੍ਰਸ਼ਨਵਾਚਕ ਪੜਨਾਉਂ ਹਨ।
ਨੋਟ – ਜਦ ‘ਕੌਣ’, ‘ਕਿਹੜਾ’, ‘ਕੀ’, ‘ਕਿਸੇ’ ਆਦਿਕ ਸ਼ਬਦ ਕਿਸੇ ਨਾਉਂ ਦੇ ਨਾਲ ਆਉਣ, ਤੇ ਇਹ ਪੜਨਾਵੀਂ ਵਿਸ਼ੇਸ਼ਣ ਹੁੰਦੇ ਹਨ ਅਤੇ ਜਦ ਇਕੱਲੇ ਆਉਣ ਤਾਂ ਪ੍ਰਸ਼ਨਵਾਚਕ ਪੜਨਾਉਂ ਹੁੰਦੇ ਹਨ। ਜਿਵੇਂ –
ਪੜਨਾਵੀਂ ਵਿਸ਼ੇਸ਼ਣ |
ਪ੍ਰਸ਼ਨਵਾਚਕ ਪੜਨਾਉਂ |
ਕਿਹੜਾ ਘੋੜਾ ਚੰਗਾ ਹੈ? |
ਕਿਹੜਾ ਉਸ ਨੂੰ ਘਾਹ ਪਾਵੇ? |
ਕਿਸ ਮੁੰਡੇ ਨੇ ਮੇਰੀ ਦਵਾਤ ਭੰਨੀ? |
ਮੇਰੀ ਦਵਾਤ ਕਿਸ ਨੇ ਭੰਨੀ? |
ਤੁਸਾਂ ਕੀ ਸ਼ੈ ਮੰਗੀ ਹੈ? |
ਤੁਸਾਂ ਕੀ ਮੰਗਿਆ ਹੈ? |
ਉਹ ਕੌਣ ਆਦਮੀ ਹੈ? |
ਉਹ ਆਦਮੀ ਕੌਣ ਹੈ? |
ਕਾਰਕ ਸਾਧਨਾ ਤੇ ਕਾਰਕ-ਰੂਪ ਸਾਧਨਾ
ਨਾਵਾਂ ਵਾਕੁਰ ਪੁਰਖਵਾਚਕ ਪੜਨਾਵਾਂ ਦੇ ਰੂਪ ਵੀ ਕਾਰਕ ਕਰਕੇ ਬਦਲਦੇ ਹਨ। ਹੇਠਾਂ ਇਹਨਾਂ ਪੜਨਾਵਾਂ ਦੀ ਕਾਰਕ ਸਾਧਨਾ ਤੇ ਕਾਰਕ-ਰੂਪ ਸਾਧਨਾ ਕਰ ਕੇ ਦੱਸੀ ਗਈ ਹੈ।
ਕਾਰਕ ਸਾਧਨਾ
- ਉੱਤਮ ਜਾਂ ਪਹਿਲਾ ਪੁਰਖ– ਮੈਂ, ਅਸੀਂ
ਨੰ |
ਕਾਰਕ |
ਇੱਕ ਵਚਨ |
ਬਹੁਵਚਨ |
1 |
ਕਰਤਾ ਕਾਰਕ |
ਮੈਂ |
ਅਸੀਂ, ਅਸਾਂ |
2 |
ਕਰਮ ਕਾਰਕ |
ਮੈਨੂੰ |
ਸਾਨੂੰ |
3 |
ਕਰਨ ਕਾਰਕ |
ਮੇਰੇ ਨਾਲ |
ਸਾਡੇ ਨਾਲ |
4 |
ਸੰਪਰਦਾਨ ਕਾਰਨ |
ਮੇਰੇ ਵਾਸਤੇ |
ਸਾਡੇ ਵਾਸਤੇ |
5 |
ਅਪਾਦਾਨ ਕਾਰਕ |
ਮੇਥੋਂ, ਮੈਥੋਂ, ਮੇਰੇ ਪਾਸੋਂ |
ਸਾਥੋਂ, ਸਾਡੇ ਪਾਸੋਂ |
6 |
ਸਬੰਧ ਕਾਰਕ |
ਮੇਰਾ, ਮੇਰੇ, ਮੇਰੀ, ਮੇਰੀਆਂ |
ਸਾਡਾ, ਸਾਡੇ, ਸਾਡੀ, ਸਾਡੀਆਂ |
7 |
ਅਧਿਕਰਨ ਕਾਰਕ |
ਮੇਰੇ ਪਾਸ (ਕੋਲ) |
ਸਾਡੇ ਪਾਸ (ਕੋਲ) |
- ਮੱਧਮ ਜਾਂ ਦੂਜਾ ਪੁਰਖ– ਤੂੰ, ਤੁਸੀਂ
ਨੰ |
ਕਾਰਕ |
ਇੱਕ ਵਚਨ |
ਬਹੁਵਚਨ |
1 |
ਕਰਤਾ ਕਾਰਕ |
ਤੂੰ |
ਤੁਸੀਂ, ਤੁਸਾਂ |
2 |
ਕਰਮ ਕਾਰਕ |
ਤੈਨੂੰ |
ਤੁਹਾਨੂੰ |
3 |
ਕਰਨ ਕਾਰਕ |
ਤੇਰੇ ਨਾਲ |
ਤੁਹਾਡੇ ਨਾਲ |
4 |
ਸੰਪਰਦਾਨ ਕਾਰਨ |
ਤੇਰੇ ਵਾਸਤੇ |
ਤੁਹਾਡੇ ਵਾਸਤੇ |
5 |
ਅਪਾਦਾਨ ਕਾਰਕ |
ਤੇਥੋਂ, ਤੈਥੋਂ, ਤੇਰੇ ਪਾਸੋਂ |
ਤੁਹਾਥੋਂ, ਤੁਹਾਡੇ ਪਾਸੋਂ |
6 |
ਸਬੰਧ ਕਾਰਕ |
ਤੇਰਾ, ਤੇਰੇ, ਤੇਰੀ, ਤੇਰੀਆਂ |
ਤੁਹਾਡਾ, ਤੁਹਾਡੇ, ਤੁਹਾਡੀ,ਤੁਹਾਡੀਆਂ |
7 |
ਅਧਿਕਰਨ ਕਾਰਕ |
ਤੇਰੇ ਪਾਸ (ਉੱਤੇ, ਕੋਲ) |
ਤੁਹਾਡੇ ਪਾਸ (ਉੱਤੇ, ਕੋਲ) |
- ਅੰਨ ਜਾਂ ਤੀਜਾ ਪੁਰਖ– ਇਹ, ਉਹ
ਨੰ |
ਕਾਰਕ |
ਇੱਕ ਵਚਨ |
ਬਹੁਵਚਨ |
1 |
ਕਰਤਾ ਕਾਰਕ |
ਇਹ, ਉਹ, ਇਹਨੇ, ਉਹਨੇ, ਇਸ ਨੇ, ਉਸ ਨੇ |
ਇਹ, ਉਹ, ਇਨ੍ਹਾਂ ਨੇ, ਉਨ੍ਹਾਂ ਨੇ |
2 |
ਕਰਮ ਕਾਰਕ |
ਇਹਨੂੰ, ਉਹਨੂੰ, ਇਸ ਨੂੰ, ਉਸ ਨੂੰ |
ਇਨ੍ਹਾਂ ਨੂੰ, ਉਨ੍ਹਾਂ ਨੂੰ |
3 |
ਕਰਨ ਕਾਰਕ |
ਇਸ ਨਾਲ, ਉਸ ਨਾਲ |
ਇਹਨਾਂ ਨਾਲ, ਉਨ੍ਹਾਂ ਨਾਲ |
4 |
ਸੰਪਰਦਾਨ ਕਾਰਨ |
ਇਹਦੇ ਲਈ, ਉਹਦੇ ਲਈ, ਇਸ ਵਾਸਤੇ, ਉਸ ਵਾਸਤੇ |
ਇਹਨਾਂ ਲਈ, ਉਹਨਾਂ ਲਈ |
5 |
ਅਪਾਦਾਨ ਕਾਰਕ |
ਇਸ ਤੋਂ, ਉਸ ਤੋਂ |
ਇਹਨਾਂ ਤੋਂ, ਉਨ੍ਹਾਂ ਤੋਂ |
6 |
ਸਬੰਧ ਕਾਰਕ |
ਇਹਦਾ, ਉਹਦਾ, ਇਸ ਦਾ, ਉਸ ਦਾ |
ਇਹਨਾਂ ਦਾ, ਉਹਨਾ ਦਾ |
7 |
ਅਧਿਕਰਨ ਕਾਰਕ |
ਇਸ ਪਾਸ, ਉਸ ਪਾਸ, ਇਹਦੇ ਪਾਸ, ਉਹਦੇ ਪਾਸ |
ਇਹਨਾਂ ਪਾਸ, ਉਨ੍ਹਾਂ ਪਾਸ |
ਕਾਰਕ-ਰੂਪ ਸਾਧਨਾ
1. ਉੱਤਮ ਜਾਂ ਪਹਿਲਾ ਪੁਰਖ – ਮੈਂ, ਅਸੀਂ |
|||
ਨੰ |
ਕਾਰਕ |
ਇੱਕ ਵਚਨ |
ਬਹੁਵਚਨ |
1 |
ਸਧਾਰਨ ਰੂਪ |
ਮੈਂ |
ਅਸੀਂ |
2 |
ਸਬੰਧਕੀ ਰੂਪ |
ਮੈਂ, ਮੈਨੂੰ, ਮੇਰਾ, ਮੇਥੋਂ, ਮੈਥੋਂ |
ਅਸਾਂ, ਸਾਨੂੰ, ਸਾਡਾ, ਸਾਥੋਂ |
2. ਮੱਧਮ ਜਾਂ ਦੂਜਾ ਪੁਰਖ – ਤੂੰ, ਤੁਸੀਂ |
|||
1 |
ਸਧਾਰਨ ਰੂਪ |
ਤੂੰ |
ਤੁਸੀਂ |
2 |
ਸਬੰਧਕੀ ਰੂਪ |
ਤੂੰ, ਤੈਨੂੰ, ਤੇਥੋਂ, ਤੈਥੋਂ |
ਤੁਸਾਂ, ਤੁਹਾਨੂੰ, ਤੁਹਾਥੋਂ |
3. ਅੰਨ ਜਾਂ ਤੀਜਾ ਪੁਰਖ – ਇਹ, ਉਹ |
|||
1 |
ਸਧਾਰਨ ਰੂਪ |
ਇਹ, ਉਹ |
ਇਹ, ਉਹ |
2 |
ਸਬੰਧਕੀ ਰੂਪ |
ਇਹਦਾ, ਇਹਨੂੰ, ਇਹਨੇ, ਇਸ ਨਾਲ, ਇਸ ਤੋਂ, ਉਹਦਾ, ਉਹਨੂੰ, ਉਹਨੇ, ਉਸ ਨਾਲ, ਉਸ ਤੋਂ |
ਇਹਨਾ ਦਾ (ਨੂੰ, ਨੇ), ਉਹਨਾ ਦਾ (ਨੂੰ, ਨੇ, ਕੋਲ) |