ਸ਼ਬਦ-ਬੋਧ
ਕਾਂਡ – 5 ਕਿਰਿਆ – 1
ਕਿਰਿਆ 1 – ਜਿਹੜਾ ਸ਼ਬਦ ਕੋਈ ਕੰਮ ਤੇ ਉਸ ਕੰਮ ਦੇ ਹੋਣ ਦਾ ਸਮਾਂ ਦੱਸੇ, ਉਹਨੂੰ ਕਿਰਿਆ ਆਖਦੇ ਹਨ। ਜਿਵੇਂ – ਆਇਆ ਹੈ, ਪੜ੍ਹਦਾ ਸੀ, ਜਾਵੇਗੀ, ਖਾਂਦੇ ਹਨ।
ਜਿਹੜਾ ਸ਼ਬਦ ਕਿਸੇ ਜੀਵ ਜਾਂ ਸ਼ੈ ਦਾ ਕੰਮ ਤੇ ਨਾਲ ਹੀ ਉਸ ਕੰਮ ਦੇ ਕੀਤੇ ਜਾਣ ਦਾ ਸਮਾਂ ਦੱਸੇ, ਉਸ ਨੂੰ ਕਿਰਿਆ ਆਖਦੇ ਹਨ। ਜਿਵੇਂ – ‘ਪੰਜਾਬੀਆਂ ਨੇ ਵੱਖਰੇ ਪੰਜਾਬੀ ਸੂਬੇ ਦੀ ਮੰਗ ਕੀਤੀ। ਉਹਨਾਂ ਨੇ ਇਹਦੀ ਖਾਤਰ ਕੁਰਬਾਨੀਆਂ ਦਿੱਤੀਆਂ ਤੇ ਕੈਦਾਂ ਕੱਟੀਆਂ। ਅਸੀਂ ਸਭ ਪੰਜਾਬੀ ਬੋਲਦੇ ਹਾਂ ਤੇ ਪੰਜਾਬੀ ਪੜ੍ਹਦੇ ਹਾਂ। ਆਪਣੀ ਮਾਂ-ਬੋਲੀ ਪੰਜਾਬੀ ਨੂੰ ਉੱਨਤ ਕਰਾਂਗੇ’ ਇਨ੍ਹਾਂ ਵਾਕਾਂ ਵਿੱਚ ‘ਕੀਤੀ’, ‘ਦਿੱਤੀਆਂ’, ‘ਕੱਟੀਆਂ’, ‘ਬੋਲਦੇ ਹਾਂ’,‘ਪੜ੍ਹਦੇ ਹਾਂ’ ਤੇ ‘ਕਰਾਂਗੇ’ ਕਿਰਿਆਵਾਂ ਹਨ। ਇਹ ਸ਼ਬਦ ਕੰਮ ਤੇ ਕੰਮ ਦਾ ਸਮਾਂ ਪ੍ਰਗਟ ਕਰਦੇ ਹਨ। ਇਹਦੇ ਉਲਟ ‘ਪੜ੍ਹਨਾ’, ‘ਜਾਂਦਾ ਹੋਇਆ’, ‘ਖਾ ਰਿਹਾ’, ‘ਭੌਂਦਾ’, ‘ਰੋਂਦਾ’ ਕੰਮ ਤਾਂ ਪ੍ਰਗਟ ਕਰਦੇ ਹਨ, ਪਰ ਕੰਮ ਦੇ ਕੀਤੇ ਜਾਣ ਦਾ ਸਮਾਂ ਨਹੀਂ ਦੱਸਦੇ। ਇਸ ਕਰਕੇ ਕਿਰਿਆ ਨਹੀਂ ਹਨ।
ਕਿਰਿਆ ਦੀਆਂ ਅਵਸਥਾਵਾਂ
ਕਿਰਿਆ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ
(1) ਸਧਾਰਨ ਅਵਸਥਾ, (2) ਸੰਭਾਵਨਾਰਥਕ ਅਵਸਥਾ ਤੇ (3) ਪ੍ਰੇਰਨਾਰਥਕ ਅਵਸਥਾ
(1) ਸਧਾਰਨ ਅਵਸਥਾ – ਜਿਵੇਂ – ਭਾਰਤ ਆਜ਼ਾਦ ‘ਹੋ ਗਿਆ’। ਅਸੀਂ ਆਜ਼ਾਦੀ ਦੀਆਂ ਬਰਕਤਾਂ ‘ਮਾਣਦੇ ਹਾਂ’। ਸਭ ਪੰਜਾਬੀ ਮੋਢੇ ਨਾਲ ਮੋਢਾ ਡਾਹ ਕੇ ਦੇਸ਼ ਦੀ ਸੇਵਾ ‘ਕਰਨਗੇ’। ਇਹਨਾਂ ਵਾਕਾਂ ਦੀਆਂ ਕਿਰਿਆਵਾਂ ਸਧਾਰਨ ਅਵਸਥਾ ਵਿੱਚ ਹਨ।
(2) ਸੰਭਾਵਨਾਰਥਕ ਅਵਸਥਾ – ਜਿਵੇਂ – ਮੈਂ ਸ਼ਾਇਦ ਭਲਕੇ ‘ਜਾਵਾਂ’। ਸੰਭਵ ਹੈ ਕਿ ਉਹ ਪਾਸ ‘ਹੋ ਜਾਵੇ’। ਉਹ ਸ਼ਾਇਦ ‘ਆਉਂਦਾ ਹੋਵੇਗਾ’। ਇਹਨਾਂ ਵਾਕਾਂ ਦੀਆਂ ਕਿਰਿਆਵਾਂ ਸੰਭਾਵਨਾਰਥਕ ਅਵਸਥਾ ਵਿੱਚ ਹਨ।
(3) ਪ੍ਰੇਰਨਾਰਥਕ ਅਵਸਥਾ – ਜਿਵੇਂ – ਤੁਸੀਂ ਹੁਣ ‘ਜਾਓ’ ਅਤੇ ਆਰਾਮ ‘ਕਰੋ’। ਉਹ ਸੱਭੇ ‘ਚਲੇ ਜਾਣ’ ਤੇ ਭਲਕੇ ‘ਆਉਣ’। ਤੁਸੀਂ ਵੀ ਭਲਕੇ ‘ਆਇਓ’ ਤੇ ਮੇਰੇ ਨਾਲ ‘ਖੇਡਿਓ’। ਇਹਨਾਂ ਵਾਕਾਂ ਵਿੱਚ ‘ਜਾਓ’, ‘ਕਰੋ’,‘ਚਲੇ ਜਾਣ’, ‘ਆਉਣ’, ‘ਆਇਓ’, ਤੇ ‘ਖੇਡਿਓ’ ਸਭ ਕਿਰਿਆਵਾਂ ਪ੍ਰੇਰਨਾਰਥਕ ਅਵਸਥਾ ਵਿੱਚ ਹਨ।
ਅਕਰਮਿਕ ਤੇ ਸਕਰਮਿਕ ਕਿਰਿਆਵਾਂ
ਕਰਤਾ, ਕਰਮ – ਕੰਮ ਕਰਨ ਵਾਲੇ ਨੂੰ ਕਰਤਾ ਆਖਦੇ ਹਨ ਅਤੇ ਜਿਸ ਉੱਤੇ ਕੰਮ ਹੋਵੇ ਉਸ ਨੂੰ ਕਰਮ ਕਹਿੰਦੇ ਹਨ। ਜਿਵੇਂ – ‘ਅਸਾਂ ਆਜ਼ਾਦੀ ਜਿੱਤੀ। ਸਾਰੇ ਭਾਰਤੀ ਖੁਸ਼ੀਆਂ ਮਨਾ ਰਹੇ ਹਨ। ਸਾਡੇ ਬਹਾਦਰ ਜਵਾਨ ਦੇਸ ਦੀ ਰੱਖਿਆ ਕਰਨਗੇ ਤੇ ਵੈਰੀਆਂ ਨੂੰ ਮਾਰ ਭਜਾਉਣਗੇ।’
ਇਹਨਾਂ ਵਾਕਾਂ ਵਿੱਚ ‘ਅਸਾਂ’, ‘ਸਾਰੇ ਭਾਰਤੀ’, ‘ਸਾਡੇ ਬਹਾਦਰ ਜਵਾਨ’ ਵਾਕਾਂ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮਾਂ ਨੂੰ ਕਰਨ ਵਾਲੇ ਜਾਂ ਕਰਤਾ ਹਨ ਅਤੇ ‘ਆਜ਼ਾਦੀ’, ‘ਖੁਸ਼ੀਆਂ’, ‘ਰੱਖਿਆ’ ਤੇ ‘ਵੈਰੀਆਂ’ ਕਰਮ ਹਨ ਜਿਨ੍ਹਾਂ ਉੱਪਰ ਕਿਰਿਆ ਦਾ ਕੰਮ ਹੋਇਆ, ਹੋ ਰਿਹਾ ਹੈ, ਜਾਂ ਹੋਵੇਗਾ।
ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਲਿਹਾਜ਼ ਨਾਲ ਕਿਰਿਆ ਦੋ ਕਿਸਮ ਦੀਆਂ ਹੁੰਦੀਆਂ ਹਨ। (1) ਅਕਰਮਿਕ ਕਿਰਿਆ ਤੇ (2) ਸਕਰਮਿਕ ਕਿਰਿਆ
(1) ਅਕਰਮਿਕ ਕਿਰਿਆ – ਅਕਰਮਿਕ ਦਾ ਅਰਥ ਹਾ ‘ਕਰਮ ਰਹਿਤ’। ਜਿਸ ਕਿਰਿਆ ਦਾ ਕੰਮ ਉਸ ਦੇ ਕਰਤਾ ਤੱਕ ਹੀ ਰਹੇ, ਅਗਾਂਹ, ਹੋਰ ਕਿਸੇ ਤੀਕ ਨਾ ਪੁੱਜੇ, ਅਗਾਂਹ ਕਿਸੇ ਉੱਤੇ ਨਾ ਹੋਵੇ, ਵਾਪਰੇ ਉਹਨੂੰ ਅਕਰਮਿਕ ਕਿਰਿਆ ਆਖਦੇ ਹਨ। ਜਿਵੇਂ – ‘ਅੰਗਰੇਜ਼ ਨੱਸ ਗਏ। ਅਸੀਂ ਪਿਆਰ ਨਾਲ ਰਹਿੰਦੇ ਹਾਂ। ਸੂਰਜ ਨਿੱਕਲ ਆਇਆ ਹੈ।’ ਇਹਨਾਂ ਵਾਕਾਂ ਦੀਆਂ ਕਿਰਿਆਂ – ਨੱਸ ਗਏ, ਰਹਿੰਦੇ ਹਾਂ, ਆਇਆ ਹੈ – ਅਕਰਮਿਕ ਕਿਰਿਆ ਹਨ।
(2) ਸਕਰਮਿਕ ਕਿਰਿਆ – ਸਕਰਮਿਕ ਕਿਰਿਆ ਦਾ ਅਰਥ ਹੈ ‘ਕਰਮ ਸਹਿਤ, ਕਰਮ ਵਾਲੀ।’ ਜਿਸ ਕਿਰਿਆ ਦਾ ਕੰਮ ਕਰਤਾ ਤੋਂ ਅਗਾਂਹ ਕਰਮ ਤੱਕ ਪਹੁੰਚੇ ਅਰਥਾਤ ਜਿਸ ਕਿਰਿਆ ਦਾ ਕਰਤਾ ਵੀ ਹੋਵੇ ਤੇ ਕਰਮ ਵੀ, ਉਹਨੂੰ ਸਕਰਮਿਕ ਕਿਰਿਆ ਕਹਿੰਦੇ ਹਨ। ਜਿਵੇਂ – ‘ਭਾਰਤੀਆਂ ਨੇ ਅੰਗਰੇਜ਼ਾਂ ਨੂੰ ਭਜਾ ਦਿੱਤਾ। ਅਸੀਂ ਪੰਜਾਬੀ ਪੜ੍ਹਦੇ ਹਾਂ। ਕੁੜੀ ਚਰਖਾ ਕਤਦੀ ਹੈ। ਜੋ ਮਜੂਰੀ ਕਰੇਗਾ, ਉਹ ਹੀ ਚੂਰੀ ਖਾਵੇਗਾ।’ ਇਹਨਾਂ ਵਾਕਾਂ ਵਿੱਚ ‘ਭਾਰਤੀਆਂ’, ‘ਅਸੀਂ’, ‘ਕੁੜੀ’, ‘ਜੋ’ ਤੇ ‘ਉਹ ਕਰਤਾ ਹਨ।’ ‘ਅੰਗਰੇਜ਼ਾਂ’, ‘ਪੰਜਾਬੀ’, ‘ਚਰਖਾ’, ‘ਮਜੂਰੀ’, ਤੇ ‘ਚੂਰੀ’ ਕਰਮ ਹਨ ਅਤੇ ‘ਭਜਾ ਦਿੱਤਾ’, ‘ਪੜ੍ਹਦੇ ਹਾਂ’, ‘ਕਤਦੀ ਹੈ’, ‘ਕਰੇਗਾ’ ਤੇ ‘ਖਾਵੇਗਾ’ ਸਕਰਮਿਕ ਕਿਰਿਆਵਾਂ ਹਨ।
ਪੂਰਨ ਤੇ ਅਪੂਰਨ ਕਿਰਿਆ
ਅਕਰਮਿਕ ਤੇ ਸਕਰਮਿਕ ਕਿਰਿਆ ਦੀਆਂ ਅਗਾਂਹ ਦੋ-ਦੋ ਕਿਸਮਾਂ ਹਨ
(1) ਪੂਰਨ ਅਤੇ (2) ਅਪੂਰਨ
(1) ਪੂਰਨ ਅਕਰਮਿਕ ਕਿਰਿਆ – ਜਿਹੜੀ ਅਕਰਮਿਕ ਕਿਰਿਆ ਕਰਤਾ ਨਾਲ ਮਿਲ ਕੇ ਪੂਰਾ ਵਾਕ ਬਣ ਸਕੇ। ਉਹ ਪੂਰਨ ਅਕਰਮਿਕ ਕਿਰਿਆ ਹੁੰਦੀ ਹੈ। ਜਿਵੇਂ – ‘ਮੁੰਡਾ ਡਿੱਗਾ, ਕੁੜੀ ਰੋਈ, ਮਾਂ ਜਾਗ ਪਈ’ ਇਨ੍ਹਾਂ ਵਾਕਾਂ ਵਿੱਚ ‘ਮੁੰਡਾ’, ‘ਕੁੜੀ’ ਤੇ ‘ਮਾਂ’ ਕਰਤਾ ਹਨ ਅਤੇ ‘ਡਿੱਗਾ’, ‘ਰੋਈ’ ਤੇ ‘ਜਾਗ ਪਈ’ ਪੂਰਨ ਅਕਰਮਿਕ ਕਿਰਿਆਂ ਹਨ। ਕਿਉਂਕਿ ਏਥੇ ਕਰਤਾ ਤੇ ਕਿਰਿਆ ਮਿਲ ਕੇ ਪੂਰੀ ਗੱਲ ਜਾਂ ਪੂਰਾ ਵਾਕ ਬਣਾ ਦਿੰਦੇ ਹਨ।
(2) ਅਪੂਰਨ ਅਕਰਮਿਕ ਕਿਰਿਆ – ਜਿਹੜੀ ਅਕਰਮਿਕ ਕਿਰਿਆ ਕਰਤਾ ਨਾਲ ਮਿਲ ਕੇ ਵਾਕ ਪੂਰਾ ਨਾ ਕਰ ਸਕੇ, ਉਹਨੂੰ ਅਪੂਰਨ ਅਕਰਮਿਕ ਕਿਰਿਆ ਆਖਦੇ ਹਨ। ਜਿਵੇਂ – ‘ਭਾਰਤ ਹੋ ਗਿਆ’ ਵਿੱਚ ਕਰਤਾ (ਭਾਰਤ) ਵੀ ਹੈ ਅਤੇ ਅਕਰਮਿਕ ਕਿਰਿਆ (ਹੋ ਗਿਆ) ਵੀ ਹੈ, ਪਰ ਇਹਨਾਂ ਦੋਹਾਂ ਦੇ ਮੇਲ ਤੋਂ ਪੂਰੀ ਗੱਲ ਨਹੀਂ ਬਣੀ, ਵਾਕ ਪੂਰਾ ਨਹੀਂ ਹੋਇਆ। ਪੜ੍ਹਣ, ਸੁਣਨ ਵਾਲਾ ਆਖੇਗਾ, ‘ਭਾਰਤ ਕੀ ਹੋ ਗਿਆ?’ ਜੇ ਇਸ ਕਰਤਾ ਤੇ ਕਿਰਿਆ ਦੇ ਵਿਚਕਾਰ ‘ਆਜ਼ਾਦ’, ‘ਸੁਖੀ’, ‘ਪ੍ਰਸਿੱਧ’ ਆਦਿਕ ਕੋਈ ਸ਼ਬਦ ਪਾ ਦੇਈਏ, ਤਾਂ ਇੱਕ ਪੂਰੀ ਗੱਲ ਬਣ ਜਾਂਦੀ ਹੈ, ਤੇ ਇੱਕ ਵਾਕ ਪੂਰਾ ਹੋ ਜਾਂਦਾ ਹੈ। ‘ਭਾਰਤ ਆਜ਼ਾਦ ਹੋ ਗਿਆ, ਭਾਰਤ ਸੁਖੀ ਹੋ ਗਿਆ, ਭਾਰਤ ਪ੍ਰਸਿੱਧ ਹੋ ਗਿਆ’। ਇਸ ਲਈ ਹੋ ਗਿਆ ਅਪੂਰਨ ਅਕਰਮਿਕ ਕਿਰਿਆ ਹੈ।
ਇਸੇ ਤਰ੍ਹਾਂ ‘ਉਹ ਵਜ਼ੀਰ ਬਣ ਗਿਆ’ ਵਿੱਚ ‘ਬਣ ਗਿਆ’ ਅਪੂਰਨ ਅਕਰਮਿਕ ਕਿਰਿਆ ਹੈ। ਕਿਉਂਕਿ ਇਹਦਾ ਕਰਮ ਕੋਈ ਨਹੀਂ, ਇਸ ਕਰਕੇ ਇਕ ਅਕਰਮਿਕ ਕਿਰਿਆ ਹੈ ਅਤੇ ਕਰਤਾ ਤੇ ਕਿਰਿਆ ਮਿਲ ਕੇ ਵਾਕ ਪੂਰਾ ਨਹੀਂ ਕਰਦੇ, ਇਸ ਕਰਕੇ ਇਹ ਅਪੂਰਨ ਅਕਰਮਿਕ ਕਿਰਿਆ ਹੈ।
(3) ਪੂਰਨ ਸਕਰਮਿਕ ਕਿਰਿਆ – ਜਿਹੜੀ ਕਿਰਿਆ ਕਰਤਾ ਤੇ ਕਰਮ ਨਾਲ ਮਿਲ ਕੇ ਵਾਕ ਪੂਰਾ ਨਾ ਕਰ ਸਕੇ, ਉਹਨੂੰ ਪੂਰਨ ਸਕਰਮਿਕ ਕਿਰਿਆ ਕਹਿੰਦੇ ਹਨ। ਜਿਵੇਂ – ‘ਕਿਸਾਨਾਂ ਨੇ ਅੰਨ ਉਗਾਇਆ। ਜਵਾਨਾਂ ਨੇ ਦੇਸ ਬਚਾਇਆ। ਭਾਰਤੀਆਂ ਨੇ ਖੁਸ਼ੀ ਮਨਾਈ।’ ਇਹਨਾਂ ਵਾਕਾਂ ਵਿੱਚ ‘ਕਿਸਾਨਾਂ’, ‘ਜਵਾਨਾਂ’, ਤੇ ‘ਭਾਰਤੀਆਂ’ ਕਰਤਾ ਹਨ। ‘ਅੰਨ’, ‘ਦੇਸ’ ਤੇ ਖੁਸ਼ੀ ਕਰਮ ਹਨ ਅਤੇ ‘ਉਗਾਇਆ’, ‘ਬਚਾਇਆ’ ਤੇ ‘ਮਨਾਈ’ ਸਕਰਮਿਕ ਕਿਰਿਆ ਹਨ। ਤਿੰਨੇ – ਕਿਰਿਆ, ਕਰਤਾ ਤੇ ਕਰਮ ਰਲ ਕੇ ਪੂਰੀ ਗੱਲ ਜਾਂ ਪੂਰਾ ਵਾਕ ਬਣਾ ਲੈਂਦੇ ਹਨ। ਇਸ ਕਰਕੇ ‘ਉਗਾਇਆ’, ‘ਬਚਾਇਆ’ ਤੇ ‘ਮਨਾਈ’ ਪੂਰਨ ਸਕਰਮਿਕ ਕਿਰਿਆ ਹਨ।
(4) ਅਪੂਰਨ ਸਕਰਮਿਕ ਕਿਰਿਆ – ਜਿਹੜੀ ਸਕਰਮਿਕ ਕਿਰਿਆ ਕਰਤਾ ਤੇ ਕਰਮ ਨਾਲ ਮਿਲ ਕੇ ਵਾਕ ਪੂਰਾ ਨਾ ਕਰ ਸਕੇ, ਉਹਨੂੰ ਅਪੂਰਨ ਸਕਰਮਿਕ ਕਿਰਿਆ ਕਹਿੰਦੇ ਹਨ। ਜਿਵੇਂ – ‘ਗੁਰੂ ਗੋਬਿੰਦ ਸਿੰਘ ਨੇ ਪੰਜਾਬੀਆਂ ਨੂੰ ਬਣਾ ਦਿੱਤਾ’ ਵਿੱਚ ਕਰਤਾ, ਕਰਮ ਤੇ ਕਿਰਿਆ ਤਿੰਨੇ ਹਨ, ਪਰ ਇਹਨਾਂ ਤਿੰਨਾਂ ਦੇ ਮੇਲ ਤੋਂ ਵਾਕ ਪੂਰਾ ਨਹੀਂ ਬਣਿਆ। ਪੜ੍ਹਨ – ਸੁਣਨ ਵਾਲਾ ਪੁੱਛਦਾ ਹੈ, ‘ਗੁਰੂ ਜੀ ਨੇ ਪੰਜਾਬੀਆਂ ਨੂੰ ਕੀ ਬਣਾ ਦਿੱਤਾ?’ ਜੇ ਕਿਰਿਆ ਤੋਂ ਪਹਿਲਾਂ ‘ਅਣਖੀਲੇ’, ‘ਬਹਾਦਰ’, ‘ਆਜ਼ਾਦੀ ਦੇ ਚਾਹਵਾਨ’ ਆਦਿਕ ਸ਼ਬਦ ਪਾ ਦੇਈਏ ਤਾਂ ਵਾਕ ਪੂਰਾ ਹੋ ਜਾਂਦਾ ਹੈ। ਇਸ ਲਈ ਇਸ ਵਾਕ ਵਿੱਚ ‘ਬਣਾ ਦਿੱਤਾ’ ਅਪੂਰਨ ਸਕਰਮਿਕ ਕਿਰਿਆ ਹੈ।
ਪੂਰਕ
‘ਪੂਰਕ’ ਦਾ ਅਰਥ ਹੈ ‘ਪੂਰਾ ਕਰਨ ਵਾਲਾ’। ਕਰਤਾ ਤੇ ਕਰਮ ਤੋਂ ਬਿਨਾਂ ਜਿਹੜੇ ਸ਼ਬਦ ਵਾਕ ਨੂੰ ਪੂਰਾ ਕਰਨ ਲਈ ਕਿਰਿਆ ਦੇ ਨਾਲ ਲਾਏ ਜਾਣ, ਉਹਨਾਂ ਨੂੰ ਪੂਰਕ ਆਖਦੇ ਹਨ। ‘ਪੰਜਾਬੀ ਸਰਕਾਰੀ ਬੋਲੀ ਬਣ ਗਈ। ਸਰਕਾਰ ਨੇ ਪੰਜਾਬੀ ਨੂੰ ਸਰਕਾਰੀ ਬੋਲੀ ਬਣਾ ਦਿੱਤਾ।’ ਇਹਨਾਂ ਵਾਕਾਂ ਵਿੱਚ ਸਰਕਾਰੀ ਬੋਲੀ ਪੂਰਕ ਹੈ।
ਅਕਰਮਿਕ ਕਿਰਿਆ ਦੇ ਪੂਰਕ ਨੂੰ ਕਰਤਰੀ ਪੂਰਕ ਆਖਦੇ ਹਨ, ਕਿਉਂਕਿ ਇਹਦਾ ਸਬੰਧ ਕਰਤਾ ਨਾਲ ਹੁੰਦਾ ਹੈ। ਸਕਰਮਿਕ ਕਿਰਿਆ ਦੇ ਪੂਰਕ ਨੂੰ ਕਰਮ ਪੂਰਕ ਆਖਦੇ ਹਨ ਕਿਉਂਕਿ ਇਹਦਾ ਸਬੰਧ ਕਰਮ ਨਾਲ ਹੁੰਦਾ ਹੈ। ‘ਸਰਦਾਰ ਭਗਤ ਸਿੰਘ ਸ਼ਹੀਦ ਹੋ ਗਿਆ’ ਵਿੱਚ ‘ਸ਼ਹੀਦ’ ਅਕਰਮਿਕ ਕਿਰਿਆ ‘ਹੋ ਗਿਆ’ ਦਾ ਪੂਰਕ ਹੈ। ਇਸ ਦਾ ਸਬੰਧ ਇਸ ਅਕਰਮਿਕ ਕਿਰਿਆ ਦੇ ਕਰਤਾ (ਸਰਦਾਰ ਭਗਤ ਸਿੰਘ) ਨਾਲ ਹੈ। ਇਸ ਲਈ ਇਹ ਕਰਤਰੀ ਪੂਰਕ ਹੈ। ‘ਅੰਗ੍ਰੇਜ਼ ਸਰਕਾਰ ਨੇ ਉਸ ਦੇਸ਼-ਭਗਤ ਨੂੰ ਮੌਤ ਦੀ ਸਜ਼ਾ ਦਿੱਤੀ’ ਵਿੱਚ ‘ਮੌਤ ਦੀ ਸਜ਼ਾ’ ਸਕਰਮਿਕ ਕਿਰਿਆ ‘ਦਿੱਤੀ’ ਦਾ ਪੂਰਕ ਹੈ। ਇਸ ਦਾ ਸਬੰਧ ਇਸ ਕਿਰਿਆ ਦੇ ਕਰਮ (ਉਸ ਦੇਸ-ਭਗਤ) ਨਾਲ ਹੈ। ਇਸ ਲਈ ਇਹ ਕਰਮ ਪੂਰਕ ਹੈ।
ਕਰਮ ਦੀਆਂ ਕਿਸਮਾਂ
(1-2) ਪ੍ਰਧਾਨ ਤੇ ਅਪ੍ਰਧਾਨ ਕਰਮ – ਕਈ ਸਕਰਮਿਕ ਕਿਰਿਆਂ ਦੇ ਦੋ ਕਰਮ ਹੁੰਦੇ ਹਨ। ਜਿਵੇਂ – ‘ਸਰਦਾਰ ਊਧਮ ਸਿੰਘ ਨੇ ਪਾਪੀ ਓਡਵਾਇਰ ਨੂੰ ਗੋਲ਼ੀ ਮਾਰੀ’ ਵਿੱਚ ‘ਓਡਵਾਇਰ’ ਤੇ ‘ਗੋਲ਼ੀ’ ਦੋ ਕਰਮ ਹਨ।
ਅਜੇਹੀ ਕਿਰਿਆ ਨੂੰ ਦੁਕਰਮਿਕ ਕਿਰਿਆ (ਦੋ ਕਰਮਾਣ ਵਾਲੀ ਕਿਰਿਆ) ਕਹਿੰਦੇ ਹਨ। ਦੁਕਰਮਿਕ ਕਿਰਿਆ ਦੇ ਜਿਸ ਕਰਮ ਨਾਲ ‘ਨੂੰ’ ਨਾ ਲੱਗਾ ਹੋਵੇ, ਉਹਨੂੰ ਪ੍ਰਧਾਨ ਕਰਮ ਕਹਿੰਦੇ ਹਨ। ਦੁਕਰਮਿਕ ਕਿਰਿਆ ਦੇ ਜਿਸ ਕਰਮ ਨਾਲ ‘ਨੂੰ’ ਆਵੇ ਉਹਨੂੰ ਅਪ੍ਰਧਾਨ ਕਰਮ ਆਖਦੇ ਹਨ। ਉਪਰਲੇ ਵਾਕ ਵਿੱਚ ‘ਗੋਲ਼ੀ’ ਪ੍ਰਧਾਨ ਕਰਮ ਹੈ ਅਤੇ ‘ਓਡਵਾਇਰ’ ਅਪ੍ਰਧਾਨ ਕਰਮ ਹੈ।
(3) ਸਜਾਤੀ ਕਰਮ – ਕਈ ਵੇਰ ਅਕਰਮਿਕ ਕਿਰਿਆ ਨਾਲ ਉਸੇ ਕਿਰਿਆ ਤੋਂ ਬਣਿਆ ਹੋਇਆ ਨਾਉਂ ਕਰਮ ਦੀ ਥਾਂ ਵਰਤ ਕੇ ਉਸ ਅਕਰਮਿਕ ਕਿਰਿਆ ਨੂੰ ਸਕਰਮਿਕ ਬਣਾ ਲਿਆ ਜਾਂਦਾ ਹੈ। ਜਿਵੇਂ – ‘ਗੋਪੀ ਬੁਰੀ ਬਹਿਣੀ ਬੈਠਾ। ਗੁਰਮੁਖ ਚੰਗੀ ਰਹਿਣੀ ਰਹਿੰਦਾ ਹੈ। ਜੋਗਿੰਦਰ ਸਿੰਘ ਇਕ ਮੀਲ ਦੀ ਦੌੜ ਦੌੜਿਆ। ਅਕਬਰ ਕਈ ਲੜਾਈਆਂ ਲੜਿਆ।’ ਇਨ੍ਹਾਂ ਵਾਕਾਂ ਵਿੱਚ ਸ਼ਬਦ ‘ਬਹਿਣੀ’, ‘ਰਹਿਣੀ’, ‘ਦੌੜ’ ਤੇ ‘ਲੜਾਈਆਂ’ਕਿਰਿਆ ਤੋਂ ਬਣੇ ਨਾਉਂ ਹਨ ਅਤੇ ਕਰਮ ਦਾ ਕੰਮ ਦਿੰਦੇ ਹਨ। ਇਹਨਾਂ ਨੇ ਆਪੋ-ਆਪਣੀ ਕਿਰਿਆ ਨੂੰ ਅਕਰਮਿਕ ਤੋਂ ਸਕਰਮਿਕ ਬਣਾ ਦਿੱਤਾ ਹੈ। ਅਜੇਹੇ ਕਰਮ ਨੂੰ ਸਜਾਤੀ ਕਰਮ ਕਹਿੰਦੇ ਹਨ।
ਨੋਟ – ਕਈ ਕਿਰਿਆ ਅਜੇਹੀਆਂ ਹਨ ਕਿ ਉਹਨਾਂ ਨੂੰ ਅਕਰਮਿਕ ਤੇ ਸਕਰਮਿਕ ਦੋਵੇਂ ਤਰਾਂ ਵਰਤਿਆ ਜਾ ਸਕਦਾ ਹੈ। ਜਿਵੇਂ – ‘ਬਾਲ ਖੇਡਦਾ ਹੈ, ਕੁੜੀ ਰੋਂਦੀ ਹੈ।’ ਵਿੱਚ ਕਿਰਿਆ (ਖੇਡਦਾ ਹੈ, ਰੋਂਦੀ ਹੈ) ਅਕਰਮਿਕ ਹਨ। ਪਰ ‘ਰਘਬੀਰ ਹਾਕੀ ਖੇਡਦਾ ਹੈ, ਕੁੜੀ ਆਪਣੀ ਮਾਂ ਨੂੰ ਰੋਂਦੀ ਹੈ’ ਵਿੱਚ ਉਹੋ ਕਿਰਿਆ (ਖੇਡਦਾ ਹੈ, ਰੋਂਦੀ ਹੈ) ਸਕਰਮਿਕ ਬਣ ਗਈਆਂ ਹਨ। ਇਸੇ ਤਰਾਂ ‘ਮੈਂ ਪੜ੍ਹਦਾ ਹਾਂ, ਤੁਸੀਂ ਲਿਖਦੇ ਹੋ’ ਵਿੱਚ ‘ਪੜ੍ਹਦਾ ਹਾਂ’, ‘ਲਿਖਦੇ ਹੋ’ਅਕਰਮਿਕ ਕਿਰਿਆ ਹਨ। ਪਰ ‘ਮੈਂ ਪੰਜਾਬੀ ਪੜ੍ਹਦਾ ਹਾਂ, ਤੁਸੀਂ ਚਿੱਠੀ ਲਿਖਦੇ ਹੋ’ ਵਿੱਚ ਇਹ ਕਿਰਿਆ ਸਕਰਮਿਕ ਹਨ।
ਸੰਸਰਗੀ, ਸਹਾਇਕ ਤੇ ਮੁੱਖ ਕਿਰਿਆ
- ਸੰਸਰਗੀ ਕਿਰਿਆ -‘ਹੈਂ’, ‘ਸੀ’ ਅਤੇ ਇੰਨ੍ਹਾਂ ਦੇ ਰੂਪ ਜਦ ਵਾਕਾਂ ਵਿੱਚ ਇਕੱਲੇ ਹੀ ਕਿਰਿਆ ਦਾ ਕੰਮ ਕਰਨ, ਤਾਂ ਇੰਨ੍ਹਾਂ ਨੂੰ ਸੰਸਰਗੀ ਕਿਰਿਆ ਕਹਿੰਦੇ ਹਨ। ਜਿਵੇਂ -‘ਇਹ ਸਾਡਾ ਪਿਆਰਾ ਦੇਸ਼ ਹੈ। ਅਸੀਂ ਇਸ ਆਜ਼ਾਦ ਦੇਸ਼ ਦੇ ਨਾਗਰਿਕ ਹਾਂ। ਤੁਸੀਂ ਬੜੇ ਬੀਬੇ ਹੋ। ਤੁਸੀਂ ਕੱਲ੍ਹ ਕਿੱਥੇ ਸਾਉ? ਪਹਿਲਾਂ ਸਾਡਾ ਦੇਸ ਪਰਦੇਸੀਆਂ ਦੇ ਅਧੀਨ ਸੀ। ਅੰਗਰੇਜ਼ ਲੋਕ ਸਾਡੇ ਹਾਕਮ ਸਨ।’
ਬੋਲ ਚਾਲ ਵਿੱਚ ‘ਊ’, ‘ਆ’, ‘ਈ’, ‘ਏ’, ‘ਜੂ’, ‘ਨੇ’, ‘ਵੇ’, ‘ਵਾ’ ਦੀ ਸੰਸਰਗੀ ਕਿਰਿਆ ਦੇ ਤੌਰ ਤੇ ਵਰਤੇ ਜਾਂਦੇ ਹਨ ਅਤੇ ਕਈ ਥਾਈਂ ਲਿਖਤ ਵਿੱਚ ਵੀ। ਜਿਵੇਂ – ਮੇਰਾ ਭਰਾ ਵਕੀਲ ਏ। ਤੇਰਾ ਭਰਾ ਔਹ ਈ। ਕਿਤਾਬ ਕਿੱਥੇ ਵੇ। ਇਹ ਮੁੰਡੇ ਸਭ ਬੀਬੇ ਨੇ। ਮੇਰਾ ਗੰਨਾ ਮਿੱਠਾ ਵਾ। ਔਹ ਮੇਰਾ ਮਿੱਤਰ ਜੂ, ਇਹ ਨਾਖ ਮਿੱਠੀ ਊ।
ਨੋਟ – ‘ਮਾਂ ਕਿੱਥੇ ਈ?’ ਤੇ ‘ਮਾਂ ਕਿੱਥੇ ਆ?’ ਦੇ ਅਰਥਾਂ ਵਿੱਚ ਫਰਕ ਹੈ। ਪਹਿਲਾ ਸਵਾਲ ਇਸ ਜਣੇ ਦੀ ਮਾਂ ਬਾਰੇ ਹੈ ਜਿਸ ਤੋਂ ਪੁੱਛ ਕੀਤੀ ਗਈ ਹੈ। ਦੂਜਾ ਸਵਾਲ ਜਿਸ ਤੋਂ ਪੁੱਛਿਆ ਗਿਆ ਹੈ ਤੇ ਜਿਸ ਨੇ ਪੁੱਛਿਆ ਹੈ ਦੋਹਾਂ ਦੀ ਸਾਂਝੀ ਮਾਂ ਬਾਰੇ ਹੈ। ਪਹਿਲੇ ਸਵਾਲ ਦਾ ਅਰਥ ਹੈ। ‘ਤੇਰੀ ਮਾਂ ਕਿੱਥੇ ਹੈ?’ ਦੂਜੇ ਦਾ ਭਾਵ ਹੈ ‘ਆਪਾਂ ਦੋਹਾਂ ਦੀ ਮਾਂ ਕਿੱਥੇ ਹੈ?’
2. ਸਹਾਇਕ ਕਿਰਿਆ– ਜਦੋਂ‘ਹੈ’, ‘ਸੀ’ ਤੇ ਇੰਨ੍ਹਾਂ ਦੇ ਰੂਪ ਕਿਸੇ ਅਕਰਮਿਕ ਜਾਂ ਸਕਰਮਿਕ ਕਿਰਿਆ ਦੇ ਕਿਸੇ ਰੂਪ ਨਾਲ ਮਿਲ ਕੇ ਕਿਰਿਆ ਦਾ ਕੰਮ ਕਰਮ, ਤਾਂ ਉਹਨਾਂ ਨੂੰ ਸਹਾਇਕ ਕਿਰਿਆ ਕਹਿੰਦੇ ਹਨ। ਜਿਸ ਸਕਰਮਿਕ ਜਾਂ ਅਕਰਮਿਕ ਕਿਰਿਆ ਦੀ ਸਹਾਇਤਾ ਸਹਾਇਕ ਕਿਰਿਆ ਕਰਦੀ ਹੈ ਅਰਥਾਤ ਜਿਸ ਨਾਲ ਮਿਲ ਕੇ ਉਹ ਕਿਰਿਆ ਕੰਮ ਕਰਦੀ ਹੈ, ਉਸ ਨੂੰ ਮੁੱਖ ਕਿਰਿਆ ਆਖਦੇ ਹਨ। ਜਿਵੇਂ – ‘ਹਰ ਕੋਈ ਸੁਖ ਲਈ ਤਾਂਘਦਾ ਹੈ। ਸਾਰੇ ਚੰਗੇ ਨਾਗਰਿਕ ਦੇਸ ਦੀ ਉਨੱਤੀ ਲਈ ਜਤਨ ਕਰਦੇ ਹਨ। ਅਸੀਂ ਤੁਹਾਡਾ ਭਲਾ ਚਾਹੁੰਦੇ ਹਾਂ। ਸਾਡੇ ਵੱਡੇ ਵਡੇਰਿਆਂ ਨੇ ਦੇਸ ਦੀ ਖਾਤਰ ਕਈ ਘਾਲਾਂ ਘਾਲੀਆਂ ਸਨ।’
ਇਹਨਾਂ ਵਾਕਾਂ ਵਿੱਚ ‘ਤਾਂਘਦਾ’, ‘ਕਰਦੇ’, ‘ਚਾਹੁੰਦੇ’, ਤੇ ‘ਘਾਲੀਆਂ’ ਮੁੱਖ ਕਿਰਿਆ ਹਨ, ਅਤੇ ‘ਹੈ’, ‘ਹਨ’, ‘ਹਾਂ’ ਅਤੇ ‘ਸਨ’ ਸਹਾਇਕ ਕਿਰਿਆਂ ਹਨ।
ਬੋਲ-ਚਾਲ ਵਿੱਚ ਕਈ ਵੇਰ ਲਿਖ ਵਿੱਚ ਵੀ ‘ਊ’, ‘ਆ’, ‘ਈ’, ‘ਏ’, ‘ਜੂ’, ‘ਨੇ’ ਤੇ ‘ਵਾ’ ਵੀ ਸਹਾਇਕ ਕਿਰਿਆ ਦੇ ਤੌਰ ਤੇ ਵਰਤੇ ਜਾਂਦੇ ਹਨ। ਜਿਵੇਂ – ਮਾਂ ਕਿੱਥੇ ਗਈ ਊ? ਉਹ ਵਾਂਢੇ ਗਈ ਏ (ਵਾ)। ਪਰਾਹੁਣੇ ਆ ਗਏ ਨੇ। ਮੱਝ ਭੱਜ ਚੱਲੀ ਜੂ। ਘੋੜਾ ਹਿਣਕਦਾ ਵਾ।
ਨੋਟ – ‘ਮਾਂ ਕਿੱਥੇ ਗਈ ਊ?’ ਤੇ ‘ਮਾਂ ਕਿੱਥੇ ਗਈ ਏ?’ ਵਿੱਚ ਉਹੋ ਫਰਕ ਹੈ ਜੋ ‘ਮਾਂ ਕਿੱਥੇ ਈ?’ ਤੇ ‘ਮਾਂ ਕਿੱਥੇ ਆ?’ ਵਿੱਚ ਹੈ। ਪਹਿਲਾ ਸਵਾਲ ਉਸ ਜਣੇ ਦੀ ਮਾਂ ਬਾਰੇ ਹੈ ਜਿਸ ਤੋਂ ਪੁੱਛ ਕੀਤੀ ਗਈ ਹੈ। ਦੂਜਾ ਸਵਾਲ ਜਿਸ ਤੋਂ ਪੁੱਛਿਆ ਗਿਆ ਹੈ ਤੇ ਜਿਸ ਨੇ ਪੁੱਛਿਆ ਦੋਹਾਂ ਦੀ ਸਾਂਝੀ ਮਾਂ ਬਾਰੇ ਹੈ।
ਧਾਤੂ
ਜਿਨ੍ਹਾਂ ਮੂਲ ਸ਼ਬਦਾਂ ਤੋਂ ਸਭ ਕਿਸਮ ਦੀਆਂ ਕਿਰਿਆ ਬਣਦੀਆਂ ਹਨ, ਉਨ੍ਹਾਂ ਨੂੰ ਧਾਤੂ ਆਖਦੇ ਹਨ। ਜਿਵੇਂ – ਅ, ਕਰ, ਜਾ, ਜਾਗ, ਪੜ੍ਹ, ਲਿਖਵਾ।
ਨੋਟ – ਧਾਤੂ ਜਦ ਇਕੱਲਾ ਵਰਤਿਆ ਜਾਵੇ ਤਾਂ ਉਹ ਇਕ-ਵਚਨ ਦੂਜੇ ਪੁਰਖ ਦੀ ਕਿਰਿਆ ਹੁੰਦਾ ਹੈ ਅਤੇ ਹੁਕਮ, ਆਗਿਆ ਜਾਂ ਬੇਨਤੀ ਪ੍ਰਗਟ ਕਰਦਾ ਹੈ। ਜਿਵੇਂ – ਰੋਟੀ ਖਾ (ਤੂੰ ਖਾ), ਪਾਣੀ ਪੀ (ਤੂੰ ਪੀ), ਚਿੱਠੀ ਲਿਖ (ਤੂੰ ਲਿਖ)।
ਮੂਲ ਤੇ ਰਚਿਤ ਧਾਤੂ – ਜਿਹੜਾ ਧਾਤੂ ਕਿਸੇ ਹੋਰ ਸ਼ਬਦ ਤੋਂ ਨਾ ਬਣਿਆ ਹੋਵੇ ਉਹਨੂੰ ਮੂਲ ਧਾਤੂ ਜਾਂ ਸਧਾਰਨ ਧਾਤੂ ਕਹਿੰਦੇ ਹਨ। ਜਿਵੇਂ – ਆ, ਸੌਂ, ਕਰ, ਜਾਗ, ਲਿਖ। ਜਿਹੜਾ ਧਾਤੂ ਕਿਸੇ ਹੋਰ ਧਾਤੂ ਤੋਂ ਬਣਿਆ ਹੋਵੇ, ਉਹਨੂੰ ਰਚਿਤ ਧਾਤੂ ਆਖਦੇ ਹਨ। ਜਿਵੇਂ – ਕਰਵਾ, ਗਿਰਵਾ, ਪੜ੍ਹਾ, ਲਿਖਾ, ਮੰਗਵਾ, ਜਾਇਆ ਕਰ, ਲਿਖਿਆ ਕਰ, ਬਹਿ ਜਾ, ਫੜਿਆ ਜਾ।
ਰਚਿਤ ਧਾਤੂ ਪੰਜ ਪ੍ਰਕਾਰ ਦੇ ਹਨ। (1) ਨਕਲੀ, (2) ਸੰਜੁਗਤ, (3) ਪ੍ਰੇਰਨਾਰਥਕ, (4) ਕਰਤਰੀਵਾਚ, (5) ਕਰਮਵਾਚ।
(1) ਨਕਲੀ ਧਾਤੂ – ਜਿਹੜੇ ਧਾਤੂ ਕਿਸੇ ਨਾਉਂ, ਵਿਸ਼ੇਸ਼ਣ ਤੋਂ ਜਾਂ ਕਿਸੇ ਹੋਰ ਸ਼ਬਦ-ਭੇਦ ਤੋਂ ਬਣਨ, ਉਹਨਾਂ ਨੂੰ ਨਕਲੀ ਧਾਤੂ (ਨਕਲੀ ਰਚਿਤ ਧਾਤੂ) ਕਹਿੰਦੇ ਹਨ। ਜਿਵੇਂ – ਸ਼ਰਮਾ, ਅਪਣਾ, ਹਥਿਆ, ਪਰਗਟਾ।
(2) ਸੰਜੁਗਤ ਧਾਤੂ – ਜਿਹੜੇ ਧਾਤੂ ਦੋ ਜਾਂ ਵਧੇਰੇ ਸਧਾਰਨ (ਮੂਲ) ਧਾਤੂਆਂ ਤੋਂ ਬਣਦੇ ਹਨ, ਉਹਨਾਂ ਨੂੰ ਸੰਜੁਗਤ (ਸੰਜੁਗਤ ਰਚਿਤ ਧਾਤੂ) ਆਖਦੇ ਹਨ। ਜਿਵੇਂ – ਜਾਇਆ ਕਰ, ਮੰਨ ਲਿਆ ਕਰ, ਜਾਗ ਪਿਆ ਕਰ।
ਸੰਜੁਗਤ ਧਾਤੂ ਤੋਂ ਬਣੀ ਕਿਰਿਆ ਨੂੰ ਸੰਜੁਗਤ ਕਿਰਿਆ ਕਹਿੰਦੇ ਹਨ। ਜਿਵੇਂ – ਮੁੰਡਾ ਸਕੂਲੇ ਜਾਇਆ ਕਰਦਾ ਹੈ। ਸਾਥੋਂ ਇਹ ਨਿਰਾਦਰੀ ਨਹੀਂ ਜਰੀ ਜਾਂਦੀ। ਸੰਜੁਗਤ ਕਿਰਿਆ ਦੀ ਪਹਿਲੀ ਕਿਰਿਆ ਨੂੰ, ਜਿਸ ਤੋਂ ਕਿਰਿਆ ਦਾ ਮੁਖ ਅਰਥ ਅਤੇ ਉਸ ਦਾ ਅਕਰਮਿਕ ਜਾਂ ਸਕਰਮਿਕ ਹੋਣਾ ਪ੍ਰਗਟ ਹੁੰਦਾ ਹੈ, ਮੁੱਖ ਕਿਰਿਆ ਆਖਦੇ ਹਨ। ਜਿਹੜੀ ਕਿਰਿਆ ਕਿਸੇ ਮੁੱਖ ਕਿਰਿਆ ਨਾਲ ਲੱਗ ਕੇ ਸੰਜੁਗਤ ਕਿਰਿਆ ਬਣਾਵੇ, ਉਹਨੂੰ ਸਹਾਇਕ ਕਿਰਿਆ ਕਹਿੰਦੇ ਹਨ। ਉੱਪਰਲੀਆਂ ਉਦਾਹਰਨਾਂ ਵਿੱਚ ‘ਜਾਇਆ’ ਤੇ ‘ਜਰੀ’ ਮੁੱਖ ਕਿਰਿਆ ਹਨ, ਅਤੇ ‘ਕਰਦਾ ਹੈ’ ਤੇ ‘ਜਾਂਦੀ’ ਸਹਾਇਕ ਕਿਰਿਆ ਹਨ।
(3) ਪ੍ਰੇਰਨਾਰਥਕ ਧਾਤੂ – ਜਿਸ ਕਿਰਿਆ ਦਾ ਕਰਤਾ ਉਸ ਕਿਰਿਆ ਤੋਂ ਪ੍ਰਗਟ ਹੋਣ ਵਾਲਾ ਕੰਮ ਖੁਦ ਆਪ ਨਹੀਂ ਕਰਦਾ, ਸਗੋਂ ਕਿਸੇ ਹੋਰ ਨੂੰ ਪ੍ਰੇਰ ਕੇ ਉਸ ਤੋਂ ਕਰਾਉਂਦਾ ਹੈ, ਉਹਨੂੰ ਪ੍ਰੇਰਨਾਰਥਕ ਕਿਰਿਆ ਕਹਿੰਦੇ ਹਨ ਅਤੇ ਉਹਦੇ ਧਾਤੂ ਨੂੰ ਪ੍ਰੇਰਨਾਰਥਕ ਧਾਤੂ ਆਖਦੇ ਹਨ ਜਿਵੇਂ – ‘ਅਸਾਂ ਧੋਬੀ ਤੋਂ ਕੋਟ ਧੁਆਇਆ।’ ਏਥੇ ‘ਧੁਆਇਆ’ ਪ੍ਰੇਰਨਾਰਥਕ ਕਿਰਿਆ ਹੈ ਅਤੇ ‘ਧੁਆ’ ਪ੍ਰੇਰਨਾਰਥਕ ਧਾਤੂ ਹੈ। ਇਸ ਵਾਕ ਵਿੱਚ ‘ਅਸਾਂ’ ਪ੍ਰੇਰਕ ਕਰਤਾ ਹੈ ਅਤੇ ‘ਧੋਬੀ’ ਪ੍ਰੇਰਿਤ ਕਰਤਾ ਹੈ।
ਪ੍ਰੇਰਨਾਰਥਕ ਧਾਤੂ ਦੇ ਦੋ ਪ੍ਰਕਾਰ ਹੁੰਦੇ ਹਨ।
ਸਮਾਨ ਪ੍ਰੇਰਨਾਰਥਕ ਧਾਤੂ – ਜਿਵੇਂ ਕਰ ਤੋਂ ਕਰਾ, ਲਿਖ ਤੋਂ ਲਿਖਾ, ਪੜ੍ਹ ਤੋਂ ਪੜ੍ਹਾ।
ਵਿਸ਼ੇਸ਼ ਪ੍ਰੇਰਨਾਰਥਕ ਧਾਤੂ – ਜਿਵੇਂ ਕਰ ਤੋਂ ਕਰਵਾ, ਲਿਖ ਤੋਂ ਲਿਖਵਾ, ਪੜ੍ਹ ਤੋਂ ਪੜ੍ਹਵਾ।
(4) ਕਰਤਰੀ ਵਾਚ ਧਾਤੂ – ਜੇ ਵਾਕ ਦਾ ਵਿਸ਼ਾ ਕਿਰਿਆ ਦਾ ਕਰਤਾ ਹੋਵੇ ਉਸ ਕਿਰਿਆ ਨੂੰ ਕਰਤਰੀਵਾਚ ਕਿਰਿਆ ਤੇ ਉਸ ਦੇ ਧਾਤੂ ਨੂੰ ਕਰਤਰੀਵਾਚ ਧਾਤੂ ਆਖਦੇ ਹਨ। ਜਿਵੇਂ – ‘ਮੁੰਡਾ ਸਲੇਟ ਭੰਨਦਾ ਹੈ, ਰਾਜ ਕੰਧ ਉਸਾਰਦਾ ਹੈ’। ਏਥੇ ‘ਭੰਨਦਾ ਹੈ’, ‘ਉਸਾਰਦਾ ਹੈ’ ਕਰਤਰੀਵਾਚ ਕਿਰਿਆ ਹਨ ਅਤੇ ‘ਭੰਨ’ ਤੇ ‘ਉਸਾਰ’ ਕਰਤਰੀਵਾਚ ਧਾਤੂ ਹਨ।
(5) ਕਰਮਵਾਚ ਧਾਤੂ – ਜੇ ਵਾਕ ਦਾ ਵਿਸ਼ਾ ਅਸਲ ਵਿੱਚ ਕਿਰਿਆ ਦਾ ਕਰਮ ਹੋਵੇ, ਕਿਰਿਆ ਤੋਂ ਪ੍ਰਗਟ ਹੋਣ ਵਾਲਾ ਕੰਮ ਕਰਦਾ ਨਾ ਹੋਵੇ ਸਗੋਂ ਉਸ ਉੱਤੇ ਹੁੰਦਾ ਹੋਵੇ ਤਾਂ ਉਸ ਕਿਰਿਆ ਨੂੰ ਕਰਮਵਾਚ ਕਿਰਿਆ ਅਤੇ ਉਸ ਦੇ ਧਾਤੂ ਨੂੰ ਕਰਮਵਾਚ ਧਾਤੂ ਕਹਿੰਦੇ ਹਨ। ਜਿਵੇਂ – ‘ਸਲੇਟ ਭੱਜ ਗਈ। ਕੰਧ ਉਸਰ ਗਈ।’ ਏਥੇ ‘ਭੱਜ ਗਈ’, ‘ਉਸਰ ਗਈ’ ਕਰਮਵਾਚ ਕਿਰਿਆ ਹਨ ਅਤੇ ‘ਭੱਜ ਜਾ’ ਅਤੇ ‘ਉਸਰ ਜਾ’ ਕਰਮਵਾਚ ਧਾਤੂ ਹਨ। ਕੁਝ ਕਰਮਵਾਚ ਧਾਤੂ ਇਹ ਹਨ – ਤੋੜ ਤੋਂ ਟੁੱਟ, ਪਾੜ ਤੋਂ ਪਾਟ, ਰਿੰਨ੍ਹ ਤੋਂ ਰਿਝ, ਬੰਨ੍ਹ ਤੋਂ ਬੱਝ, ਡੇਗ ਤੋਂ ਡਿੱਗ, ਢਾਹ ਤੋਂ ਢੱਠ, ਢਹਿ, ਨਿਬੇੜ ਤੋਂ ਨਿੱਬੜ, ਲਿਖ ਤੋਂ ਲਿਖਿਆ ਜਾ, ਕੱਢ ਤੋਂ ਕੱਢਿਆ ਜਾ।