ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਅੰਮੀਏ ਨਾ ਮਾਰ ਲਾਡਲੀ (ਰੋਜ਼ੀ ਸਿੰਘ)

ਵਿਗਿਆਨ ਦੁਨੀਆ ਦੇ ਹਰ ਖੇਤਰ ਵਿਚ ਆਪਣੀਆਂ ਲੀਹਾਂ ਛੱਡਦਾ ਜਾ ਰਿਹਾ ਹੈ। ਲੋਕ ਹੁਣ ਚੰਨ ਅਤੇ ਵੱਸਣ ਦੀ ਤਿਆਰੀ ਕਰ ਰਹੇ ਹਨ। ਜੀਵਨ ਦੇ ਹਰ ਪਹਿਲੂ ਦੀ ਜਾਣਕਾਰੀ ਅੱਜ ਹਰ ਮਨੁੱਖ ਰੱਖਦਾ ਹੈ। ਮਨੁੱਖਤਾ ਦੀ ਟੀਸੀ ਤੇ ਪਹੁੰਚਣ ਲਈ ਅੱਜ ਹਰ ਵਿਅਕਤੀ ਆਪਣੇ ਸਰੀਰਕ ਅਤੇ ਮਾਨਸਿਕ ਸੰਤੁਲਨ ਨੂੰ ਅਰੋਗ ਅਤੇ ਸੁਡੋਲ ਰੱਖਦਾ ਹੈ। ਜਿਥੇ ਵਿਗਿਆਨ ਨੇ ਜ਼ਿੰਦਗੀ ਦੇ ਹਰ ਖੇਤਰ ਵਿਚ ਮਨੁੱਖ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਅਤੇ ਉਸ ਦੀ ਸੋਚ ਦਾ ਦਾਇਰਾ ਵਿਸ਼ਾਲ ਕੀਤਾ ਹੈ, ਉਥੇ ਇਸ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਵੀ ਪਏ ਹਨ। ਮੈਡੀਕਲ ਖੇਤਰ ਵਿਚ ਭਰੂਣ ਟੈਸਟ ਤਕਨਾਲੋਜੀ ਵਿਗਿਆਨ ਦੀ ਇਕ ਕਾਢ ਹੈ ਪਰ ਇਹ ਉਨ੍ਹਾਂ ਸਾਰੀਆਂ ਅਭਾਗਣ ਕੁੜੀਆਂ ਲਈ ਮੌਤ ਦਾ ਸੁਨੇਹਾ ਸਾਬਤ ਹੋਈ ਜਿਨ੍ਹਾਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਇਸ ਥਾਂ ਆ ਕੇ ਮਨੁੱਖ ਦੀ ਸੋਚ ਅਤੇ ਮਾਨਸਿਕਤਾ ਕੋਝੀ ਨਜ਼ਰ ਆਉਂਦੀ ਹੈ। ਕੁੜੀਆਂ ਨੂੰ ਕੁੱਖ ‘ਚ ਹੀ ਮਾਰਨ ਦਾ ਰੁਝਾਨ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ ਜੋ ਕਿ ਪੂਰੇ ਭਾਰਤ ਲਈ ਇਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਵੱਡੇ-ਵੱਡੇ ਬੁੱਧੀ ਜੀਵੀਆਂ, ਨਾਵਲਕਾਰਾਂ, ਨੇਤਾਵਾਂ ਅਤੇ ਕਾਨੂੰਨ ਦੇ ਉਪਰਾਲੇ ਇਸ ਰੁਝਾਨ ਨੂੰ ਘੱਟ ਕਰਨ ਵਿਚ ਅਸਫਲ ਰਹੇ ਹਨ। ਇਥੇ ਆ ਕੇ ਸਾਡਾ ਕਾਨੂੰਨ ਵੀ ਮਹਿਜ਼ ਦਰਸ਼ਕ ਬਣ ਕੇ ਰਹਿ ਜਾਂਦਾ ਹੈ।

ਇਸ ਵਿਚ ਕਸੂਰ ਕਿਸੇ ਇਕ ਦਾ ਨਹੀਂ ਹੈ। ਸਗੋਂ ਸਾਡਾ ਸਾਰਾ ਸਮਾਜ ਇਸ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਵਿਚ ਮਾਂ, ਪਿਉ, ਘਰ ਦੇ ਸਾਰੇ ਮੈਂਬਰ, ਡਾਕਟਰ, ਅਤੇ ਉਹ ਸਾਰੇ ਲੋਕ ਜਿੰਮੇਵਾਰ ਹਨ ਜਿਹੜੇ ਉਪਰੋਕਤ ਕਾਰਵਾਈ ਨੂੰ ਅੱਖੀਂ ਵੇਖ ਕੇ ਕੁਝ ਬੋਲਦੇ ਨਹੀਂ ਹਨ।

ਸ਼ਾਹੂਕਾਰ, ਅਮੀਰ ਲੋਕਾਂ ਵੱਲੋਂ ਆਪਣੀਆਂ ਲੜਕੀਆਂ ਦੇ ਵਿਆਹਵਾਂ ਵਿਚ ਕੀਤੇ ਜਾਂਦੇ  ਰਾਜੇ ਮਹਾਰਾਜਿਆਂ ਵਾਲੇ ਖਰਚੇ ਕਰਕੇ ਅੱਜ ਸਮਾਜ ਵਿਚ ਲੜਕੀ ਇਕ ਹਊਆ ਬਣ ਕੇ ਰਹਿ ਗਈ ਹੈ। ਕਿਉਂਕਿ ਆਮ ਆਦਮੀ ਅੱਜ ਆਪਣੀ ਲੜਕਾ ਨੂੰ ਪਹਿਲਾਂ ਤਾਂ ਮਹਿੰਗੀ ਵਿੱਦਿਆ ਦੇ ਨਹੀਂ ਸਕਦਾ ਦੂਸਰਾ ਉਹ ਆਪਣੀ ਲੜਕੀ ਦੇ ਵਿਆਹ ਵਿਚ ਅਮੀਰਾਂ ਵਾਲੇ ਖਰਚੇ ਕਰਦਾ ਕਰਦਾ ਆਪਣਾ ਝੁੱਗਾ ਚੌੜ ਕਰਾ ਲੈਂਦਾ ਹੈ ਅਤੇ ਸਾਰੀ ਉਮਰ ਉਹ ਆਪਣੇ ਸਿਰ ਚੜ੍ਹਿਆ ਕਰਜ਼ਾ ਉਤਾਰਦਾ ਮਰ ਜਾਂਦਾ ਹੈ। ਇਸ ਤਰ੍ਹਾਂ ਅਮੀਰ ਲੋਕਾਂ ਵੱਲੋਂ ਸਮਾਜ ਵਿਚ ਫੈਲਾਈ ਜਿਆਦਾ ਖਰਚ ਕਰਨ ਦੀ ਰੁਚੀ ਅਤੇ ਦਾਜ ਵਿਚ ਅੱਤ ਮਹਿੰਗੀਆਂ ਵਸਤਾਂ ਆਪਣੀਆਂ ਕੁੜੀਆਂ ਨੂੰ ਦੇਣਾ ਵੀ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ।

ਇਕ ਰਿਪੋਰਟ ਮੁਤਾਬਕ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਵਾਲਿਆਂ ਵਿਚ ਮੱਧ ਵਰਗ ਦੇ ਲੋਕ ਜਿਆਦਾ ਹਨ। ਇਹ ਲੋਕ ਆਪਣੀ ਲੜਕੀ ਦੇ ਵਿਆਹ ਸਮੇਂ ਦਾਜ ਦੇਣ ਤੋਂ ਅਸਮਰਥ ਹਨ ਕਿਉਂਕਿ ਉਹ ਆਪਣੀ  ਹੀ ਰੋਟੀ-ਟੁੱਕ ਦਾ ਪ੍ਰਬੰਧ ਕਰਨ ਦੇ ਮਸਾਂ ਯੋਗ ਹੁੰਦੇ ਹਨ। ਬੇਰੁਜ਼ਗਾਰੀ ਵੀ ਇਕ ਅਜਿਹਾ ਕੋਹੜ ਹੈ ਜਿਹੜਾ ਭਰੂਣ ਹੱਤਿਆ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਵਿਕਾਸ ਅਤੇ ਤਰੱਕੀ ਦੀ ਇਸ ਸਿਖਰ ਤੇ ਪਹੁੰਚ ਕੇ ਅੱਜ ਅਸੀਂ ਬਹੁਤ ਪਿੱਛੇ ਛੱਡਦੇ ਜਾ ਰਹੇ ਹਨ। ਅੱਜ ਔਰਤ ਜਿਹੜੀ ਆਪਣੀ ਧੀ ਨੂੰ ਕੁੱਖ ਵਿਚ ਹੀ ਮਾਰ ਰਹੀ ਹੈ ਉਹ ਇਹ ਵੀ ਭੁੱਲ ਰਹੀ ਹੈ ਕਿ ਉਹ ਵੀ ਕਿਸੇ ਦੀ ਧੀ ਹੈ। ਅੱਜ ਅਸੀਂ ਔਰਤਾਂ ਵਲੋਂ ਦੇਸ ਦੀ ਆਜ਼ਾਦੀ ਵੇਲੇ ਦੇ ਪਾਏ ਗਏ ਯੋਗਦਾਨ ਨੂੰ ਅੱਖੋਂ-ਪਰੋਖੇ ਕਰਕੇ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਦੀ ਵਿਉਂਤ ਬਣਾਈ ਬੈਠੇ ਹਾਂ। ਹਾਲਾਂ ਕਿ ਬਹੁਤੀਆਂ ਔਰਤਾਂ ਕਿਸੇ ਤੇ ਨਿਰਭਰ ਨਹੀਂ ਹਨ, ਅੱਜ ਦੀ ਔਰਤਾਂ ਆਪਣੇ ਪੈਰਾਂ ਤੇ ਆਪ ਖੜ੍ਹੀ ਹੈ ਅਤੇ ਵੱਡੇ-ਵੱਡੇ ਸਰਕਾਰੀ ਅਤੇ ਨਿਜੀ ਅਹੁਦਿਆਂ ਤੇ ਬਿਰਾਜਮਾਨ ਹਨ।

ਲੋੜ ਹੈ ਅੱਜ ਸਮਾਜ ਵਿਚ ਫੈਲੀ ਇਸ ਬੀਮਾਰੀ ਨੂੰ ਨੱਥ ਪਾਉਣ ਦੀ, ਅੱਜ ਉਹ ਹਰ ਅਣ ਜੰਮੀ ਧੀ ਆਪਣੀ ਮਾਂ ਨੂੰ ਇਹੀ ਕਹਿ ਰਹੀ ਹੈ। “ਜੋੜੀ, ਅੰਮੀਏ ਨਾ ਮਾਰ ਲਾਡਲੀ ਕੌਣ ਗਾਊਗਾ ਵੀਰੇ ਦੀ ਦੱਸ ਘੋੜੀ ।“ ਇਹਨਾਂ ਅਣ ਜੰਮੀਆਂ ਧੀਆਂ ਦਾ ਵੀ ਤਾਂ ਕੋਈ ਸੁਪਨਾ ਹੋਵੇਗਾ। ਜਿਹੜਾ ਪੂਰਾ ਹੋਣ ਤੋਂ ਪਹਿਲਾਂ ਹੀ ਦਫ਼ਨਾ ਦਿੱਤਾ ਜਾਂਦਾ ਹੈ। ਉਹਨਾਂ ਦੀਆਂ ਰੂਹਾਂ ਚਿੱਲਾ-ਚਿੱਲਾ ਕੇ ਸਮਾਜ ਨੂੰ ਇਹੀ ਕਹਿ ਰਹੀਆਂ ਹਨ “ਆਖੋਂ ਮੇਂ ਸਪਨਾ ਸਾ ਹੈ, ਜੋ ਮੇਰਾ ਅਪਣਾ ਸਾ ਹੈ, ਛੂ ਲੂੰ ਮੈਂ ਆਸਮਾਨ, ਐਸੀ ਹੋ ਮੇਰੀ ਉਡਾਨ।“

ਰੋਜ਼ੀ ਸਿੰਘ,(9815755184) ਸੋ-ਫਾਇਨ ਕੰਪਿਊਟਰ ਇੰਸਟੀਚਿਊਟ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ।

Loading spinner