ਕੰਨਿਆ ਭਰੂਣ ਹੱਤਿਆ ਨੂੰ ਰੋਕਨ ਲਈ ਸਮੁੱਚੇ ਸਿੱਖ ਜਗਤ ਦੇ ਵਿਚਾਰ ਲਈ ਸੁਝਾਅ (ਡਾ. ਗੁਰਮਿੰਦਰ ਸਿੱਧੂ)
ਪੰਜਾਬੀ ਦੀਵਾਨਾਂ, ਇਕੱਠਾਂ ਦੌਰਾਨ “ਕੰਨਿਆ ਭਰੂਣ ਹੱਤਿਆ” ਅਤੇ “ਦਹੇਜ਼” ਵਿਰੁੱਧ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਬਾਰੇ ਦੱਸਿਆ ਜਾਵੇ। ਇਹ ਕਾਰਜ ਧਰਮ ਪ੍ਰਚਾਰਕ ਸੱਜਣ ਜਾਂ ਗ੍ਰੰਥੀ ਸਾਹਿਬਾਨ ਕਰ ਸਕਦੇ ਹਨ।
ਪਿੰਡਾ ਦੇ ਗੁਰੂਦੁਆਰਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਕਾਪੀ ਫਰੇਮ ਕਰਕੇ ਆਮ ਪੜ੍ਹਣਯੋਗ ਥਾਂ ਤੇ ਲਗਾਈ ਜਾਵੇ ਤਾਂ ਜੋ ਹਰ ਮਾਈ-ਭਾਈ ਇਸ ਨੂੰ ਪੜ੍ਹ ਸਕੇ। ਇਸ ਬਾਰੇ ਲਾਊਡਸਪੀਕਰ ਰਾਹੀਂ ਵੀ ਸੰਗਰਾਂਦ, ਮੱਸਿਆ, ਪੂਰਨਮਾਸ਼ੀ ਆਦਿ ਦੇ ਦੀਵਾਨ ਵਿਚ ਪ੍ਰਚਾਰ ਕੀਤਾ ਜਾਵੇ।
ਅਨੰਦ ਕਾਰਜ ਦੀ ਪਵਿੱਤਰ ਰਸਮ ਸਮੇਂ ਜਿੱਥੇ ਗ੍ਰੰਥੀ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਚੱਲਣ, ਅਮ੍ਰਿਤ ਪਾਨ ਕਰਨ ਅਤੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੰਦੇ ਹਨ, ਉਥੇ ਨਾਲ ਨਾਲ ਬੱਚੀਆਂ ਨਾਲ ਵਿਤਕਰਾ ਨਾ ਕਰਨ (ਸੋ ਕਿਉ ਮੰਦਾ ਆਖੀਐ….) ਅਤੇ ਗਰਭਕਾਲ ਦੌਰਾਨ ਕੁਡ਼ੀਆਂ ਨੂੰ ਨਾ ਮਾਰਨ ਦਾ ਸੁਨੇਹਾ ਵੀ ਦੇਣ।
ਸਿੰਘ ਸਭਾਵਾਂ ਜਾਂ ਹੋਰ ਪੰਥਕ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਗੁਰੂਦੁਆਰਿਆਂ ਦੇ ਮੈਂਬਰਾਨ ਸਕੂਲਾਂ ਕਾਲਜਾਂ ਵਿਚ ਸਮਾਜਿਕ ਕੁਰੀਤੀਆਂ ਬਾਰੇ ਸੈਮੀਨਾਰ, ਭਾਸ਼ਨ ਮੁਕਾਬਲੇ ਕਰਾਉਣ ਅਤੇ ਚੰਗੇ ਬੁਲਾਰਿਆਂ ਨੂੰ ਉਤਸਾਹਿਤ ਕਰਨ। ਇਹਨਾਂ ਧਾਰਮਿਕ ਆਗੂਆਂ, ਮੈਂਬਰਾਂ ਦੀ ਤਰੱਕੀ ਵੇਲੇ ਧਾਰਮਿਕ ਗਿਆਨ ਤੋਂ ਇਲਾਵਾ ਸਮਾਜ ਸੇਵਾ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ।
ਜਿਹਨਾਂ ਸਿੱਖ ਵਿਅਕਤੀਆਂ ਨੂੰ ਮਾਦਾ ਭਰੂਣ ਹੱਤਿਆ ਕਾਨੂੰਨ () ਅਧੀਨ ਸਜ਼ਾ ਹੁੰਦੀ ਹੈ, ਉਹਨਾਂ ਨੂੰ ਤਨਖਾਹੀਆ ਕਰਾਰ ਦੇ ਕੇ ਪੰਥ ਵਿਚੋਂ ਛੇਕਿਆ ਜਾਵੇ।
ਬਿਨਾਂ ਦਾਜ-ਦਹੇਜ ਵਿਆਹ ਕਰਵਾਉਣ ਵਾਲੇ ਪਰਿਵਾਰ ਨੂੰ ਨੇੜੇ ਦੇ ਗੁਰੂਦੁਆਰਾ ਸਾਹਿਬ ਵਿਚ ਸਨਮਾਨਿਤ ਕੀਤਾ ਜਾਵੇ।
ਜੇਕਰ ਹੋ ਸਕੇ ਤਾਂ ਲੜਕੀਆਂ ਵਾਸਤੇ ਮੁਫਤ ਕਿਤਾਬਾਂ ਜਾ ਪ੍ਰਬੰਧ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਰੇ, ਸਗੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਵਿਚ ਲੜਕੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ, ਸਿੱਖਿਆ ਹੀ ਧਰਮ ਅਤੇ ਸਮਾਜ ਨੂੰ ਤਰੱਕੀ ਵੱਲ ਲੈ ਜਾ ਸਕਦੀ ਹੈ।
ਸਿੱਖ ਆਗੂ ਸਮਾਜ ਅਤੇ ਸੰਗਤ ਅੱਗੇ ਇਮਾਨਦਾਰ, ਸਬਰ ਸੰਤੋਖ ਅਤੇ ਸਮਾਜ ਸੇਵਾ ਵਾਲੀ ਸਖਸ਼ੀਅਤ ਦੇ ਤੌਰ ਤੇ ਵਿਚਰਨ ਅਤੇ ਲੋਕਾਂ ਲਈ ਪ੍ਰੇਰਨਾ ਸਰੋਤ ਬਣਨ।
ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਜ਼ੁਲਮ ਨਾ ਕਰਨ ਅਤੇ ਜ਼ੁਲਮ ਨਾ ਸਹਿਣ ਦੀ ਸਿੱਖਿਆ ਦਿੱਤੀ ਗਈ ਹੈ, ਲੜਕੀਆਂ ਉੱਤੇ ਹੁੰਦੇ ਜ਼ੁਲਮਾਂ ਬਾਰੇ ਵੀ ਇਹ ਲਾਗੂ ਹੋਵੇ, ਇਸ ਬਾਰੇ ਪਰਿਵਾਰ, ਗੁਆਂਢ ਵਿਚ ਹੁੰਦੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੀ ਪ੍ਰੇਰਨਾ ਹਰ ਸਿੱਖ ਨੂੰ ਦਿੱਤੀ ਜਾਵੇ।
ਜੇਕਰ ਹੋ ਸਕੇ ਤਾਂ ਗਰੀਬ ਅਤੇ ਜ਼ੁਲਮ ਦਾ ਸ਼ਿਕਾਰ ਲੜਕੀਆਂ ਜਾਂ ਔਰਤਾਂ ਨੂੰ ਕਾਨੂੰਨੀ ਸਹਾਇਤਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਜਾ ਸਕਦੀ ਹੈ।
ਡਾ. ਗੁਰਮਿੰਦਰ ਸਿੱਧੂ, ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫਸਰ 658, ਫੇਜ਼ 3 ਬੀ-1, ਮੋਹਾਲੀ 160059 0172-22273728