ਤੰਬਾਕੂ ਰਹਿਤ ਸੰਸਾਰ ਕਿਵੇਂ ਬਣਾਈਏ (ਡਾ. ਰਿਪੁਦਮਨ ਸਿੰਘ)
ਦਿਨ ਨਹੀਂ, ਤੰਬਾਕੂ ਰਹਿਤ ਸੰਸਾਰ ਬਣਾਓ
ਕੰਧ ਤੇ ਲਟਕਦਾ ਕਲੰਡਰ ਦੱਸ ਰਿਹਾ ਹੈ ਕਿ ਅੱਜ 31 ਮਈ ਹੈ ਅਤੇ ਸੰਸਾਰ ਤੰਬਾਕੂ ਰਹਿਤ ਦਿਵਸ ਵੀ ਹੈ। ਅੱਜ ਸੰਸਾਰ ਵਿਚ ਲਗਭਗ 2827 ਲੱਖ ਤੋਂ ਵੀ ਵੱਧ ਲੋਕ ਪੱਕੇ ਤੌਰ ਤੇ ਤੰਬਾਕੂ ਦਾ ਸੇਵਨ ਕਰ ਰਹੇ ਹਨ। ਪਿਛਲੇ ਸਾਲ ਇਹ ਅੰਕੜੇ 1190 ਸਨ, ਵਾਧਾ ਹੀ ਹੋਇਆ ਹੈ। ਤੰਬਾਕੂ ਭਾਂਵੇ ਸਿਗਰਟ, ਬੀੜੀ ਜਾਂ ਸਿਗਾਰ ਦੇ ਰੂਪ ਵਿਚ ਵਰਤੀ ਜਾ ਰਹੀ ਹੋਵੇ, ਚਾਹੇ ਜਰਦਾ, ਗੁਟਕਾ ਦੇ ਰੂਪ ਵਿਚ, ਖਤਰਨਾਕ ਹੀ ਹੈ, ਸਮੁੱਚੇ ਤੌਰ ਤੇ। ਤੰਬਾਕੂ ਸੰਸਾਰ ਵਿਚ ਦੂਜਾ ਸਭ ਤੋਂ ਵੱਡਾ ਮੌਤ ਦਾ ਕਾਰਣ ਹੈ। ਸੱਚਾਈ ਹੈ ਕਿ ਤੰਬਾਕੂ ਦਾ ਅਸਰ ਕੇਵਲ ਉਸ ਦੇ ਸਿੱਧੇ ਤੌਰ ਤੇ ਵਰਤੋਂ ਕਰਨ ਵਾਲਿਆਂ ਤੇ ਹੀ ਨਹੀਂ ਹੁੰਦਾ ਸਗੋਂ ਤੰਬਾਕੂ ਦੇ ਧੂੰਏ ਤੋਂ ਲਗਭਗ 982 ਲੱਖ ਤੋਂ ਵੱਧ ਲੋਕ ਹਰ ਸਾਲ ਪ੍ਰਭਾਵਿਤ ਹੁੰਦੇ ਹਨ ਜਾਂ ਮਰ ਮੁੱਕ ਜਾਂਦੇ ਹਨ। ਸਿਗਰਟ, ਬੀੜੀ ਦੀ ਵਰਤੋਂ ਕਰਨ ਵਾਲਾ ਆਪ ਤਾਂ ਮਰਦਾ ਹੀ ਹੈ ਹੋਰਾਂ ਨੂੰ ਵੀ ਲੈ ਡੁੱਬਦਾ ਹੈ। ਇਹ ਮੌਤ ਵਾਂਗ ਸੱਚ ਹੈ । ਮੌਤ ਸਭ ਨੂੰ ਆਉਣੀ ਹੈ ਪਰ ਤੰਬਾਕੂ ਨਾਲ ਛੇਤੀ ਅਤੇ ਦੁੱਖ ਦਾਈ ਹੁੰਦੀ ਹੈ।
ਭਾਰਤ ਵਿੱਚ 18 ਵਰ੍ਹਿਆਂ ਦੀ ਉਮਰੇ ਤੱਕ ਆਉਂਦੇ-ਆਉਂਦੇ ਲਗਭਗ ਇਸ ਵਰਗ ਦੇ ਬੱਚਿਆਂ ਨੂੰ ਤੰਬਾਕੂ ਦੀ ਆਦਤ ਪੈ ਚੁੱਕੀ ਹੁੰਦੀ ਹੈ। ਕੁੜੀਆਂ ਵੀ ਪਿੱਛੇ ਨਹੀਂ ਹਨ ਇਸ ਬੀਮਾਰੀ ਤੋਂ, ਤਕਰੀਬਨ 39 ਫ਼ੀਸਦੀ ਕੁੜੀਆਂ ਜੋ ਕਿ ਮਲਟੀ ਨੈਸ਼ਨਲ ਕੰਪਨੀਆਂ ਵਿਚ ਚੋਖੀ ਤਨਖਾਹ ਤੇ ਕੰਮ ਕਰਦੀਆਂ ਹਨ, ਇਸ ਲਤ ਦੀ ਗਰਿਫ਼ਤ ਵਿਚ ਆ ਗਈਆਂ ਹਨ। ਨਾਈਟ-ਕਲੱਬਾਂ ਦੀ ਜਾਨ ਅਤੇ ਸ਼ਾਨ ਜੋ ਹਨ, ਸਿਗਰਟ, ਬੀੜੀਆਂ ਅਤੇ ਸਿਗਾਰ ਅਤੇ ਹੋਰ ਨਸ਼ੇ। ਇਸ ਵਿਚ ਟੀ.ਵੀ.ਚੈਨਲਾਂ ਦਾ ਚੰਗਾ ਖਾਸਾ ਯੋਗਦਾਨ ਹੈ। ਵਿਦੇਸ਼ੀ ਫਿਲਮਾਂ ਨੇ ਸਾਨੂੰ ਬਹੁਤ ਉਤਸ਼ਾਹਿਤ ਕੀਤਾ ਹੈ। ਸਾਹਿਤ ਵਿਚ ਰੱਬ ਨੂੰ ਮਿਲਾਣ ਵਾਲਿਆਂ ਵੱਲੋਂ ਕਿਸੇ ਨਾ ਕਿਸੇ ਕਿਸਮ ਦਾ ਨਸ਼ੇ ਲਈ ਧਰਮ ਦੇ ਨਾਮ ਤੇ ਸਹਾਰਾ ਲਿੱਤਾ ਜੋ ਗਲਤ ਵੀ ਹੈ ਅਤੇ ਗੈਰ-ਧਾਰਮਿਕ ਵੀ।
ਖੋਜਾਂ ਨੇ ਦੱਸਿਆ ਹੈ ਕਿ ਤੰਬਾਕੂ ਦੇ ਧੂੰਏ 67 ਤੋਂ ਵੱਧ ਰਸਾਇਣ ਸਿੱਧੇ ਤੌਰ ਤੇ ਫੇਫੜਿਆਂ ਦੇ ਕੈਂਸਰ ਨੂੰ ਜਨਮ ਦਿੰਦੇ ਹਨ ਅਤੇ ਇਹ ਧੂੰਆਂ ਕੈਂਸਰ ਨੂੰ ਵਧਾਣ ਫੈਲਣ ਵਿਚ ਸਹਾਇਤਾ ਕਰਦਾ ਹੈ। ਤੰਬਾਕੂ ਨਾਲ ਦਿਲ ਦੀ ਬੀਮਾਰੀ, ਸਾਹ, ਦਮਾ, ਦਿਮਾਗੀ ਤਬਦੀਲੀਆਂ, ਅਪੰਗਤਾ ਆਦਿ ਪਤਾ ਨਹੀਂ ਕੀ ਕੀ ਬੀਮਾਰੀਆਂ ਲਗ ਜਾਂਦੀਆਂ ਹਨ।
ਮੇਰੇ ਪੰਜਾਬ ਵਿਚ ਤੰਬਾਕੂ ਦੇ ਭੂਤ ਨੇ ਲਗਭਗ 91 ਪ੍ਰਤਿਸ਼ਤ ਸਮਾਜ ਨੂੰ ਆਪਣੀ ਬੁੱਕਲ ਵਿਚ ਲੁਕੋ ਲਿਆ ਹੈ ਅਤੇ ਪਾਲ ਪੋਸ ਕੇ ਤਬਾਹੀ ਵੱਲ ਧਰੂ ਰਿਹਾ ਹੈ। ਕੋਈ ਵੀ ਨਹੀਂ ਬਚ ਪਾ ਰਿਹਾ ਇਸ ਖਤਰਨਾਕ ਜਿੰਨ ਤੋਂ। ਤੰਬਾਕੂ ਦੀ ਵਰਤੋਂ ਕਰਨ ਵਾਲੇ ਭਾਰਤੀ ਆਪਣੀ ਸਿਹਤ ਤਾਂ ਖ਼ਰਾਬ ਕਰ ਹੀ ਰਹੇ ਹਨ ਨਾਲ ਨਾਲ ਲਗਭਗ 456 ਲੱਖ ਭਾਰਤੀ ਬੱਚਿਆਂ ਨੂੰ ਗਰਭ ਵਿਚ ਜਾਂ ਜਨਮ ਬਾਅਦ ਇਸ ਦੇ ਧੂੰਏ ਵਿਚ ਸਾਹ ਦਿਵਾ ਕੇ ਬੀਮਾਰ ਕਰ ਰਹੇ ਹਨ।
ਸਾਰੇ ਕਹਿੰਦੇ ਹਨ ਕਿ ਪਹਿਲੋਂ ਪਹਿਲ ਸਮਾਜ ਨੂੰ ਇਸ ਬਾਰੇ ਸੁਚੇਤ ਕਰੋ, ਸੁਚੇਤ ਤਾਂ 31 ਮਈ 1987 ਤੋਂ ਸੰਸਾਰ ਕਰ ਰਿਹਾ ਹੈ, ਪਰ ਇਸ ਦਾ ਕੋਈ ਅਸਰ ਨਹੀਂ ਦਿਖ ਰਿਹਾ। ਕਿਉਂਕਿ ਸਾਰਵਜਨਿਕ ਥਾਂ ਤੇ ਵਰਤੋਂ ਤੇ ਰੋਕ ਹੈ ਪਰ ਵੇਚਣ ਤੇ ਨਹੀਂ। ਇਸੇ ਲਈ ਬਸ-ਸਟੈਂਡਾਂ, ਰੇਲਵੇ ਸਟੇਸ਼ਨਾਂ ਅਤੇ ਬਾਜ਼ਾਰਾਂ ਵਿਚ ਧੱੜਲੇ ਨਾਲ ਵਿਕ ਰਿਹਾ ਹੈ ਸਾਰਾ ਸਾਜੋ-ਸਮਾਨ। ਕੋਈ ਰੋਕ-ਟੋਕ ਨਹੀਂ, ਕੋਈ ਸਜ਼ਾ ਨਹੀਂ ਇਨ੍ਹਾਂ ਵੇਚਣ ਵਾਲਿਆਂ ਅਤੇ ਤਿਆਰ ਕਰਨ ਵਾਲਿਆਂ ਨੂੰ। ਖਾਣ ਵਾਲੇ ਨੂੰ ਕਿਵੇਂ ਰੋਕ ਸਕਦੇ ਹਾਂ। ਮੇਰੇ ਸ਼ਹਿਰ ਪਟਿਆਲਾ ਵਿਚ ਸਰਕਾਰੀ ਹੁਕਮ ਲਾਗੂ ਹੋਇਆਂ 8 ਮਹੀਨੇ ਹੋ ਗਏ ਹਨ ਪਰ ਖਾਨਾ-ਪੂਰਤੀ ਲਈ, ਸਿਰਫ ਚਾਰ ਚਲਾਨ ਹੀ ਕੱਟੇ ਗਏ ਹਨ ਅੱਜ ਤੱਕ। ਇਸ ਤੋਂ ਲਗਦਾ ਨਹੀਂ ਕਿ ਪੰਜਾਬ ਵਿਚ ਤੰਬਾਕੂ-ਨੋਸ਼ੀ ਬੰਦ ਹੋ ਗਈ ਹੈ, ਕਾਲਾ ਝੂਠ ਹੈ ਇਹ।
ਭਾਰਤ ਸਰਕਾਰ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਤੇ ਅੱਜ 31 ਮਈ 2009 ਤੋਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ ਜਿਸ ਅਧੀਨ ਤੰਬਾਕੂ ਦੇ ਪੈਕਟਾਂ ਤੇ ਫੋਟੋਆਂ ਸਹਿਤ ਚੇਤਾਵਨੀਆਂ ਛਾਪਣਾ ਕਾਨੂੰਨ ਲਾਜ਼ਮੀ ਕਰਾਰ ਦਿੱਤਾ ਗਿਆ ਹੈ, ਫਿਰ ਵਿਕਦੇ ਖੁੱਲ੍ਹੇ ਤੰਬਾਕੂ ਤੇ ਕੀ ਛਾਪਾਂਗੇ?
ਸੱਚ ਤੰਬਾਕੂ ਵਾਂਗ ਕੌੜਾ ਹੈ, ਅਸਲ ਵਿਚ ਅਸੀਂ ਸਾਰੇ ਇਸ ਮਾੜੀ ਲਤ ਦੀ ਜੜ੍ਹ ਹੀ ਨਹੀਂ ਮੁਕਾਉਣਾ ਚਾਹੁੰਦੇ। ਸਿਰਫ ਬੈਨਰ ਜਾਂ ਪੋਸਟਰ ਲਗਵਾਉਣ ਨਾਲ ਇਸ ਬੁਰਾਈ ਤੋਂ ਨਿਜਾਤ ਨਹੀਂ ਪਾਈ ਜਾ ਸਕਦੀ। ਛੁਟਕਾਰਾ ਪਾਉਣ ਲਈ ਮਨ ਪੱਕਾ ਕਰਨਾ ਹੋਵੇਗਾ ਤੇ ਹਰ ਉਸ ਨੂੰ ਰੋਕਣਾ ਹੋਵੇਗਾ ਜੋ ਇਸ ਦੀ ਵਰਤੋਂ ਕਰ ਰਿਹਾ ਹੋਵੇ ਭਾਵੇਂ ਉਸ ਕੋਈ ਵੀ ਕਿਉਂ ਨਾ ਹੋਵੇ।
ਪੰਜਾਬ ਨੂੰ ਮੋਢੀ ਹੋਣਾ ਪਵੇਗਾ ਇਸ ਕਾਰਜ ਲਈ। ਉਹ ਵੀ ਮੌਜੂਦਾ ਸਰਕਾਰ ਨੂੰ, ਕਿਉਂਕਿ ਪੰਜਾਬ ਵਿਚ ਧਾਰਮਿਕ ਅਤੇ ਸਿਧਾਂਤਕ ਤੌਰ ਤੇ ਤੰਬਾਕੂ ਦੀ ਸਿੱਧੇ ਅਤੇ ਅਸਿੱਧੇ ਰੂਪ ਵਿਚ ਵਰਤੋਂ ਦੀ ਸਖ਼ਤ ਮਨਾਹੀ ਹੈ। ਪੰਜਾਬ ਵਿਚ ਇਸ ਦੀ ਆਮਦ ਹੀ ਰੋਕ ਦਿੱਤੀ ਜਾਵੇ, ਕਿਉਂਕਿ ਇਨ੍ਹਾਂ ਵਿਚੋਂ ਕਿਸੇ ਵੀ ਵਸਤੂ ਦੀ (ਬੀੜੀ, ਸਿਗਰਟ, ਪਾਨ, ਸਿਗਾਰ) ਪੰਜਾਬ ਵਿਚ ਪੈਦਾਵਾਰ ਨਹੀਂ ਹੁੰਦੀ ਅਤੇ ਨਾਂ ਬਣਦੀ ਹੈ। ਹੁਣ ਸਰਕਾਰ ਨੂੰ ਲੋਕ ਹਿੱਤ ਵਿਚ ਹੁਕਮ ਜਾਰੀ ਕਰ ਦੇਣਾ ਚਾਹੀਦਾ ਹੈ। ਸਾਰਾ ਸੰਸਾਰ ਸਾਡੇ ਨਾਲ ਹੋਵੇਗਾ। ਫਿਰ ਜਿਹੜੇ ਇਸ ਦੀ ਵਰਤੋਂ ਤੋਂ ਨਾ ਰੁਕਨ ਉਨ੍ਹਾਂ ਦੇ ਲੱਲ੍ਹੇ ਪਾ ਦੇਣੇ ਚਾਹੀਦੇ ਹਨ, ਕੁੱਟ-ਕੁੱਟ ਦੇ, ਆਖ਼ਰ ਅਸੀਂ “ਪੀਰ ਹਾਂ ਡੰਡੇ ਦੇ”, ਕਿਉਂਕਿ “ਡੰਡੇ ਮੂਹਰੇ ਹੀ ਭੂਤ ਨੱਚਦਾ ਹੈ”। ਸਿਰਫ ਕਾਗਜ਼ੀ ਕਾਰਵਾਈ ਨਾਲ ਕੁਝ ਨਹੀਂ ਹੋਣ ਲੱਗਾ।
ਹੁਣ ਸਮਾਂ ਵੀ ਹੈ ਦਿਨ ਵੀ ਹੈ, ਅਦਾਲਤਾਂ ਵੀ ਨਾਲ ਹਨ, ਬਸ ਮੂਲ ਜੜ੍ਹੋਂ ਹੀ ਪੁੱਟ ਸੁੱਟੀਏ। ਹਿੰਮਤ ਕਰੀਏ ਕੁਝ, ਅਸਲ ਵਿਚ ਕਰ ਵਿਖਾਉਣ ਦਾ, ਨਾ ਕੇ ਰੈਲੀਆਂ ਤੇ ਬੈਠਕਾਂ ਦਾ, ਫੋਟੋ ਛਪਵਾਉਣ ਦਾ, ਬਸ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਜਿੱਤ ਦਾ ਨਗਾਰਾ ਵਜਾ ਹੀ ਦੇਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ।
ਡਾ. ਰਿਪੂਦਮਨ ਸਿੰਘ (98152 00134) 134-ਐਸ, ਸੰਤ ਨਗਰ, ਪਟਿਆਲਾ