ਬੱਚਿਆਂ ਦੇ ਸਿਰ ਦੀ ਨਾਜੁਕ ਚਮੜੀ
ਜਨਮ ਤੋਂ ਮਗਰੋਂ ਕੁਝ ਮਹੀਨਿਆਂ ਤੱਕ ਬੱਚੇ ਦੇ ਸਿਰ ਦੀ ਚਮੜੀ ਬਹੁਤ ਨਾਜ਼ੁਕ ਅਤੇ ਲਾਲ ਹੁੰਦੀ ਹੈ। ਇਸ ਚਮੜੀ ਤੇ ਪੀਲੀ, ਲਾਲ ਜਾਂ ਗੁਲਾਬੀ ਰੰਗ ਦੀ ਪੇਪੜੀ ਬਣੀ ਹੁੰਦੀ ਹੈ। ਇਸ ਨੂੰ ਕਰੈਡਲ ਕੈਪ ਵੀ ਕਹਿੰਦੇ ਹਨ। ਜਿਆਦਾਤਰ ਬੱਚਿਆਂ ਦੇ ਇਹ ਕਰੈਡਲ ਕੈਪ ਬਿਨਾ ਕਿਸੇ ਪ੍ਰੇਸ਼ਾਨੀ ਦੇ ਆਪਣੇ ਆਪ ਹੀ ਉਤਰ ਜਾਂਦਾ ਹੈ।
ਕਰੈਡਲ ਕੈਪ ਨੂੰ ਦੂਰ ਕਰਨ ਲਈ ਬੱਚਿਆਂ ਦੇ ਸ਼ੈਂਪੂ ਦਾ ਇਸਤੇਮਾਲ ਕਰੋ ਅਤੇ ਬਿਲਕੁਲ ਹਲਕੇ ਬਰਸ਼ ਨਾਲ ਸਿਰ ਵਾਹੋ। ਇਸ ਤੇ ਤੇਲ ਦੀ ਵਰਤੋਂ ਨਾ ਕਰੋ।
ਬੱਚਿਆਂ ਦੇ ਸ਼ੈਂਪੂ
ਬਹੁਤ ਸਾਰੇ ਬੱਚਿਆਂ ਦੇ ਮਾਹਿਰ ਬੱਚਿਆਂ ਲਈ ਅਨੇਕਾਂ ਤਰ੍ਹਾਂ ਦੇ ਸ਼ੈਂਪੂ ਦਸੱਦੇ ਹਨ ਜੋ ਜਨਮ ਤੋਂ ਲੈ ਕੇ ਇਕ ਸਾਲ ਦੀ ਉਮਰ ਤੱਕ ਚਲੱਦੇ ਹਨ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਦੇ ਸ਼ੈਂਪੂ ਵਿਚ ਸਲਫੇਟ ਬਿਲਕੁਲ ਨਹੀਂ ਹੋਣਾ ਚਾਹੀਦਾ। ਸ਼ੈਂਪੂ ਵਿਚ ਪੀ.ਐਚ. ਦੀ ਜ਼ਿਆਦਾ ਮਾਤਰਾ ਵੀ ਵਾਲਾਂ ਲਈ ਹਾਨੀਕਾਰਕ ਹੁੰਦੀ ਹੈ। ਇਸ ਨਾਲ ਅੱਖਾਂ ਵਿਚ ਜਲਣ ਸ਼ੁਰੂ ਹੋ ਜਾਂਦੀ ਹੈ। ਅੱਜ ਕਲ ਬਜ਼ਾਰ ਵਿਚ ਅਜਿਹੇ ਸ਼ੈਂਪੂ ਉਪਲਬਧ ਹਨ ਜਿਨ੍ਹਾਂ ਦੇ ਅੱਖ ਵਿਚ ਚਲੇ ਜਾਣ ਤੇ ਜਲਣ ਨਹੀਂ ਹੁੰਦੀ।
ਬੱਚਿਆਂ ਦੇ ਵਾਲਾਂ ਦੀ ਸਫਾਈ
ਕਈ ਬੱਚੇ ਗੰਜੇ ਪੈਦਾ ਹੁੰਦੇ ਹਨ ਤੇ ਕਈਆਂ ਦੇ ਵਾਲ ਹਲਕੇ ਤੇ ਭੂਰੇ ਰੰਗ ਦੇ ਹੁੰਦੇ ਹਨ। ਮਾਂਵਾਂ ਲਈ ਜ਼ਰੂਰੀ ਹੈ ਕਿ ਉਹ ਬੱਚਿਆਂ ਦੇ ਵਧ ਰਹੇ ਵਾਲਾਂ ਦਾ ਧਿਆਨ ਰੱਖਣ।
ਬੱਚਿਆਂ ਦੇ ਵਾਲਾਂ ਦਾ ਧਿਆਨ ਰੱਖਣਾ ਬਹੁਤ ਆਸਾਨ ਹੈ। ਵਾਲਾਂ ਨੂੰ ਧੋਣ ਲਈ ਬਾਜ਼ਾਰ ਵਿਚ ਵਿਸ਼ੇਸ਼ ਕਿਸਮ ਦੇ ਸ਼ੈਂਪੂ ਉਪਲਬਧ ਹਨ। ਬੱਚਿਆਂ ਦੇ ਸਿਰ ਦਾ ਉਪਰਲਾ ਹਿੱਸਾ ਬਹੁਤ ਨਾਜ਼ੁਕ ਹੁੰਦਾ ਹੈ, ਇਸ ਤੇ ਦਬਾਓ ਨਹੀਂ ਪਾਉਣਾ ਚਾਹੀਦਾ।
ਵਾਲਾਂ ਦੇ ਸੰਭਾਲ ਦੇ ਕੁਝ ਨੁਸਖੇ
ਬੱਚਿਆਂ ਦੇ ਵਾਲ ਧੋਣ ਤੋਂ ਪਹਿਲਾਂ ਆਪਣੇ ਕੋਲ ਜ਼ਰੂਰੀ ਚੀਜ਼ਾਂ ਇਕੱਠੀਆਂ ਕਰ ਲਓ, ਜਿਵੇਂ ਕਿ ਸ਼ੈਂਪੂ, ਤੌਲੀਆ, ਕੰਘੀ, ਬਰਸ਼ ਅਤੇ ਇਕ ਕੱਪ।
ਜਦੋਂ ਵਾਲ ਧੋਂਦੇ ਹੋਵੋ ਤਾਂ ਇਹ ਯਕੀਨੀ ਬਣਾ ਲਵੋ ਕਿ ਬੱਚੇ ਦੇ ਬੈਠਣ ਦੀ ਜਗ੍ਹਾ ਟੱਬ ਦੇ ਨੇਡ਼ੇ ਹੋਵੇ।
ਥੋਡ਼ੇ ਜਿਹੇ ਸ਼ੈਂਪੂ ਨੂੰ ਆਪਣੀ ਹਥੇਲੀ ਤੇ ਪਾ ਕੇ ਬੱਚੇ ਦੇ ਵਾਲਾਂ ਤੇ ਲਗਾਓ।
ਸ਼ੈਂਪੂ ਸਿੱਧਾ ਵਾਲਾਂ ਤੇ ਕਦੇ ਵੀ ਨਾ ਲਗਾਓ, ਕਿਉਂਕਿ ਇਸ ਤਰ੍ਹਾਂ ਸ਼ੈਂਪੂ ਉਸ ਦੀਆਂ ਅੱਖਾਂ ਵਿਚ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਕ ਹੱਥ ਨਾਲ ਬੱਚੇ ਦੀ ਪਿੱਠ ਪਕਡ਼ੋ ਅਤੇ ਦੂਜੇ ਹੱਥ ਨਾਲ ਉਸ ਦੇ ਵਾਲਾਂ ਤੇ ਸ਼ੈਂਪੂ ਲਗਾਓ।
ਵਾਲਾਂ ਵਿਚ ਸ਼ੈਂਪੂ ਥੋੜਾ ਜੀਹਾ ਮਲੋ ਅਤੇ ਪਾਣੀ ਹਮੇਸ਼ਾ ਪਿੱਛੇ ਨੂੰ ਪਾਓ ਤਾਂ ਜੋ ਅੱਖਾਂ ਬਚ ਸਕਣ।
ਪਾਣੀ ਥੋੜਾ-ਥੋੜਾ ਕਰਕੇ ਪਾਉਂਦੇ ਰਹੋ ਜਦ ਤੱਕ ਸਾਰਾ ਸ਼ੈਂਪੂ ਨਿਕਲ ਨਾ ਜਾਵੇ।
ਤੌਲੀਏ ਨਾਲ ਬੱਚੇ ਦੀਆਂ ਅੱਖਾਂ , ਕੰਨ ਅਤੇ ਗੱਲ੍ਹਾਂ ਸਾਫ ਕਰ ਦਿਓ।