ਹੱਥਾਂ ਨੂੰ ਕਿਵੇਂ ਬਣਾਈਏ ਸੁੰਦਰ
ਹੱਥ ਤੁਹਾਡੇ ਸਰੀਰ ਦਾ ਸਭ ਤੋਂ ਵੱਧ ਦਿੱਖਣ ਵਾਲੇ ਹਿੱਸਾ ਹੈ ਪਰ ਹੱਥਾਂ ਦਾ ਹੀ ਸਭ ਤੋਂ ਘੱਟ ਖਿਆਲ ਰੱਖਿਆ ਜਾਂਦਾ ਹੈ। ਤੁਸੀਂ ਹਰ ਕੰਮ ਹੱਥਾਂ ਨਾਲ ਕਰਦੇ ਹੋ ਤੇ ਆਪਣੇ ਚਿਹਰੇ ਦੀ ਤਰ੍ਹਾਂ ਆਪਣੇ ਹੱਥਾਂ ਨੂੰ ਵੀ ਸੁੰਦਰ ਬਣਾ ਸਕਦੇ ਹੋ।
ਭਾਂਡੇ ਮਾਂਜਦੇ ਹੋਏ ਆਪਣੇ ਹੱਥਾਂ ਨੂੰ ਕੋਮਲ ਬਣਾਉਣ ਲਈ ਇਕ ਚਮਚ ਬਦਾਮ ਦਾ ਤੇਲ ਭਾਂਡੇ ਧੋਣ ਵਾਲੇ ਪਾਣੀ ਵਿਚ ਪਾ ਦਿਓ। ਇਸ ਨਾਲ ਤੁਹਾਡੇ ਹੱਥ ਕੋਮਲ ਬਣੇ ਰਹਿਣਗੇ। ਨਿੰਬੂ ਅਤੇ ਨਮਕ ਦਾ ਘੋਲ ਲਗਾ ਕੇ ਹੱਥਾਂ ਦੀ ਮਰੀ ਚਮੜੀ ਠੀਕ ਕੀਤੀ ਜਾ ਸਕਦੀ ਹੈ। ਕਿਸੇ ਪੁਰਾਣੇ ਦੰਦਾਂ ਵਾਲੇ ਬੁਰਸ਼ ਨਾਲ ਇਸ ਘੋਲ ਨੂੰ ਹੱਥਾਂ ‘ਤੇ ਲਗਾਇਆ ਜਾਵੇ। ਹਫ਼ਤੇ ‘ਚ ਦੋ ਵਾਰ ਇਸ ਤਰ੍ਹਾਂ ਕਰਨ ਨਾਲ ਹੱਥ ਸੁੰਦਰ ਬਣ ਜਾਂਦੇ ਹਨ।
ਹੱਥਾਂ ਨੂੰ ਗਰਮ ਪਾਣੀ ਨਾਲ ਰੋਜ਼ ਧੋਂਦੇ ਰਹੋ। ਜੇ ਚਮੜੀ ਥੋੜੀ ਰੁੱਖੀ ਹੋ ਜਾਵੇ ਤਾਂ ਇਕ ਚਮਚ ਸ਼ਹਿਦ ‘ਚ ਇਕ ਚਮਚ ਜੈਤੂਨ ਦਾ ਤੇਲ ਪਾ ਕੇ ਹੱਥਾਂ ਤੇ ਲਗਾ ਲਓ। ਉਸ ਤੋਂ ਬਾਅਦ 30 ਮਿੰਟ ਲਈ ਹੱਥਾਂ ਨੂੰ ਪਲਾਸਟਿਕ ਦੇ ਇਕ ਲਿਫਾਫੇ ‘ਚ ਰੱਖੋ ਅਤੇ ਉਪਰ ਕਾਟਨ ਦੇ ਦਸਤਾਨੇ ਪਾ ਲਵੋ। ਇਸ ਦੀ ਗਰਮਾਹਟ ਹੱਥਾਂ ਦਾ ਚੰਗੀ ਤਰ੍ਹਾਂ ਇਲਾਜ ਕਰਦੀ ਹੈ।
30 ਸਕਿੰਟ ਲਈ ਇਕ ਕੱਪ ਦੁੱਧ ਨੂੰ ਮਾਈਕ੍ਰੋਵੇਵ ‘ਚ ਗਰਮ ਕਰੋ ਉਸ ਤੋਂ ਬਾਅਦ ਆਪਣੇ ਹੱਥਾਂ ਨੂੰ ਇਸ ‘ਚ ਡਬੋ ਦਿਓ ਇਸ ਨਾਲ ਹੱਥਾਂ ਅਤੇ ਖ਼ਾਸ ਕਰ ਕੇ ਨਹੁੰਆਂ ਨੂੰ ਤਾਕਤ ਮਿਲਦੀ ਹੈ। ਆਪਣੇ ਹੱਥਾਂ ਦੀ ਹਰ ਰੋਜ਼ ਸੌਣ ਤੋਂ ਪਹਿਲਾਂ ਵੈਸਲੀਨ ਜਾਂ ਕੋਲਡ ਕ੍ਰੀਮ ਨਾਲ ਮਾਲਸ਼ ਕਰੋ ਅਤੇ ਦਸਤਾਨੇ ਪਾ ਕੇ ਸੌ ਜਾਵੋ। ਅਗਲੀ ਸਵੇਰ ਹੱਥ ਮੁਲਾਇਮ ਹੋ ਜਾਣਗੇ।