ਕਸਰਤ ਕਰੋ – ਵਜ਼ਨ ਘਟਾਉ
ਸਿਰਫ ਡਾਈਟਿੰਗ ਕਰਨ ਨਾਲ ਸਰੀਰ ਦਾ ਵਜ਼ਨ ਨਹੀਂ ਘਟਦਾ। ਇਸ ਦਾ ਕਾਰਨ ਹੈ ਸਾਡੀ ਪਾਚਣ ਕਿਰਿਆ, ਜਿਸ ਨਾਲ ਸਾਡੇ ਸਰੀਰ ਦੀ ਕੈਲੋਰੀ ਨਸ਼ਟ ਹੁੰਦੀ ਹੈ। ਜੇ ਇਹ ਕਿਰਿਆ ਤੇਜ਼ ਹੈ ਤਾਂ ਸਰੀਰ ਦੀ ਕੈਲੋਰੀ ਛੇਤੀ ਤੇ ਸਰਲਤਾ ਨਾਲ ਨਸ਼ਟ ਹੋ ਜਾਵੇਗੀ ਅਤੇ ਜੇ ਇਹ ਕਿਰਿਆ ਹੌਲੀ ਹੈ ਤਾਂ ਸਾਡੇ ਵੱਲੋਂ ਗ੍ਰਹਿਣ ਕੀਤੀ ਗਈ ਕੈਲੋਰੀ ਦਾ ਜਿਆਦਾ ਹਿੱਸਾ ਸਾਡੇ ਸ਼ਰੀਰ ਵਿਚ ਚਿਕਨਾਈ ਦੇ ਰੂਪ ਵਿਚ ਜਮ੍ਹਾ ਹੋ ਜਾਏਗਾ। ਜਿਸ ਨਾਲ ਕਈ ਬੀਮਾਰੀਆਂ ਜਨਮ ਲੈਂਦੀਆਂ ਹਨ ਹਾਈ ਬਲੱਡ-ਪ੍ਰੈਸ਼ਰ ਅਤੇ ਸ਼ੂਗਰ ਇਨ੍ਹਾਂ ਵਿਚੋਂ ਹਨ। ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਪਾਚਣ ਕਿਰਿਆ ਨੂੰ ਤੇਜ਼ ਕਰਨਾ ਸੰਭਵ ਹੈ, ਜਿਸ ਨਾਲ ਅਸੀਂ ਵਾਧੂ ਕੈਲੋਰੀ ਨਸ਼ਟ ਕਰ ਕੇ ਵਜ਼ਨ ਘਟਾ ਸਕਦੇ ਹਾਂ। ਵਾਧੂ ਕੈਲੋਰੀ ਨਸ਼ਟ ਕਰਕੇ ਹੇਠ ਲਿਖੇ ਢੰਗਾਂ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ।
ਭੋਜਨ ਵਿਚ ਚਿਕਨਾਈ ਦੀ ਮਾਤਰਾ ਘੱਟ ਕਰਨਾ – ਜ਼ਿਆਦਾ ਚਿਕਨਾਈ ਵਾਲੇ ਭੋਜਨ ਜ਼ਿਆਦਾ ਚਰਬੀ ਵਧਾਉਂਦੇ ਹਨ, ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਚਿਕਨਾਈ ਪਾਚਣ ਕਿਰਿਆ ਨੂੰ ਹੌਲੀ ਕਰ ਦਿੰਦੀ ਹੈ। ਵਿਗਿਆਨਕਾਂ ਅਨੁਸਾਰ ਕਾਰਬੋਹਾਈਡ੍ਰੇਟ ਦੀ 100 ਕੈਲੋਰੀ ਨੂੰ ਚਰਬੀ ਵਿਚ ਤਬਦੀਲ ਕਰਨ ਦੀ ਕਿਰਿਆ ਵਿਚ ਸਰੀਰ 23 ਕੈਲੋਰੀ ਦੀ ਵਰਤੋਂ ਕਰਦਾ ਹੈ ਜਦਕਿ ਖਾਦ ਪਦਾਰਥਾਂ ਤੋ ਪ੍ਰਾਪਤ ਵਸਾ ਨੂੰ 100 ਕੈਲੋਰੀ ਚਰਬੀ ਵਿਚ ਤਬਦੀਲ ਕਰਨ ਲਈ ਸਿਰਫ ਤਿੰਨ ਕੈਲੋਰੀ ਦੀ ਵਰਤੋਂ ਕਰਦਾ ਹੈ। ਇਸ ਤਰ੍ਹਾਂ ਸਰੀਰ ਵਿਚ ਚਰਬੀ ਦੇ ਰੂਪ ਵਿਚ ਜਿਆਦਾ ਕੈਲੋਰੀ ਜਮਾਂ ਹੋ ਜਾਏਗੀ।
ਚੰਗੇ ਕਾਰਬੋਹਾਈਡ੍ਰੇਟ ਵਾਲੇ ਭੋਜਨ ਦੀ ਚੋਣ ਕਰਨਾ – ਕਾਰਬੋਹਾਈਡ੍ਰੇਟਸ ਜਿਵੇਂ ਕਿ ਚੀਨੀ, ਸ਼ਹਿਦ, ਟੌਫੀਆਂ ਅਤੇ ਬਿਸਕੁਟ ਆਦਿ ਵਿਚ ਜ਼ਿਆਦਾ ਕੈਲੋਰੀ ਹੋਣ ਕਾਰਨ ਡਾਈਟਿੰਗ ਲਈ ਹਾਨੀਕਾਰਕ ਹੋ ਸਕਦੇ ਹਨ ਅਤੇ ਇਨ੍ਹਾਂ ਵਿਚ ਪੋਸ਼ਟਕ ਤੱਤਾਂ ਦੀ ਵੀ ਘਾਟ ਹੁੰਦੀ ਹੈ। ਜਦਕਿ ਸਧਾਰਨ ਕਾਰਬੋਹਾਈਡ੍ਰੇਟਸ (ਜਿਵੇਂ ਕਿ ਸਬਜ਼ੀਆਂ ਅਤੇ ਚੋਕਰ ਦੀ ਰੋਟੀ ਆਦਿ) ਇੰਸੁਲਿਨ ਨਾਮਕ ਹਾਰਮੋਨ ਦੇ ਉਤਪਾਦਨ ਨੂੰ ਵਧਾਉਂਦੇ ਹਨ। ਇਹ ਹਾਰਮੋਨ ਖੂਨ ਪਰਵਾਹ ਰਾਹੀਂ ਸ਼ਰਕਰਾ ਨੂੰ ਕੋਸ਼ਿਕਾਵਾਂ ਤੱਕ ਪਹੁੰਚਾਉਂਦਾ ਹੈ
ਭੋਜਨ ਸਮੇਂ ਤੇ ਕਰਨਾ – ਜਿਹੜੇ ਲੋਕ ਇਕ ਸਮੇਂ ਦਾ ਭੋਜਨ ਨਾ ਖਾ ਕੇ ਦੂਜੇ ਸਮੇਂ ਜਿਆਦਾ ਭੋਜਨ ਕਰਦੇ ਹਨ, ਉਹ ਉਹਨਾਂ ਲੋਕਾਂ ਤੋਂ ਮੋਟੇ ਹੁੰਦੇ ਹਨ ਜਿਹੜੇ ਥੋੜ੍ਹਾ-ਥੋੜ੍ਹਾ ਭੋਜਨ ਵਾਰ-ਵਾਰ ਕਰਦੇ ਹਨ। ਆਪਣੀ ਪਾਚਣ ਕਿਰਿਆ ਨੂੰ ਮਜ਼ਬੂਤ ਅਤੇ ਵਿਵਸਥਿਤ ਰੱਖਣ ਲਈ ਹਰ ਰੋਜ਼ ਤਿੰਨ ਵਾਰ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ।
ਲੌੜੀਂਦੇ ਕੈਲੋਰੀ ਗ੍ਰਹਿਣ ਕਰਨਾ ਲੋੜ ਤੋਂ ਵੱਧ ਕੈਲੋਰੀ ਗ੍ਰਹਿਣ ਕਰਨ ਨਾਲ ਅਸੀਂ ਪੋਸ਼ਟਿਕਤਾ ਤੋਂ ਵਾਂਝੇ ਰਹਿ ਜਾਂਦੇ ਹਾਂ ਇਸ ਸਦਕਾ ਸਰੀਰ ਭੋਜਨ ਦੀ ਕਮੀ ਨੂੰ ਭੁੱਖੇ ਰਹਿਣ ਦਾ ਸੰਕੇਤ ਮੰਨ ਲੈਂਦਾ ਹੈ ਅਤੇ ਊਰਜਾ ਬਚਾਉਣ ਲਈ ਸਰੀਰ ਦੀ ਪਾਚਣ ਕਿਰਿਆ ਨੂੰ ਹੌਲੀ ਕਰ ਦਿੰਦਾ ਹੈ। ਇਸ ਲਈ ਘੱਟ ਕੈਲੋਰੀ ਵਾਲੀ ਖੁਰਾਕ ਨਾਲ ਵਜ਼ਨ ਘੱਟ ਹੋਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਘੱਟ ਖਾਣ ਨਾਲ ਸਰੀਰ ਘੱਟ ਕੈਲੋਰੀ ਨਸ਼ਟ ਕਰਦਾ ਹੈ। ਇਸ ਲਈ ਡਾਈਟਿੰਗ ਵੇਲੇ ਵਿਟਾਮਿਨ ਅਤੇ ਖਣਿਜ ਪਦਾਰਥ ਲੈਣੇ ਚਾਹੀਦੇ ਹਨ ਜੋ ਸਰੀਰ ਦੀ ਲੋੜੀਂਦੀ ਪੋਸ਼ਟਿਕਤਾ ਪੂਰੀ ਕਰਦੇ ਹਨ।
ਰੋਜ਼ਾਨਾ ਕਸਰਤ ਕਰਨਾ – ਜੇ ਤੁਸੀਂ ਭੋਜਨ ਦੇ ਨਾਲ ਨਾਲ ਕਸਰਤ ਵੀ ਕਰਦੇ ਰਹੋ ਤਾਂ ਤੁਹਾਡਾ ਵਜ਼ਨ ਛੇਤੀ ਘਟ ਜਾਏਗਾ। ਕਸਰਤ ਨਾਲ ਕੈਲੋਰੀ ਵੀ ਨਸ਼ਟ ਹੁੰਦੀ ਹੈ ਅਤੇ ਪਾਚਣ ਕਿਰਿਆ ਵੀ ਤੇਜ਼ ਹੁੰਦੀ ਹੈ।
ਐਰੋਬਿਕ ਕਸਰਤ ਨਾਲ ਸਰੀਰ ਸਰਗਰਮ ਹੋ ਜਾਂਦਾ ਹੈ ਅਤੇ ਪਾਚਣ ਕਿਰਿਆ ਉਤੇਜਿਤ ਹੁੰਦੀ ਹੈ।