ਬੋਲੀ ਬਾਰੇ ਵਿਗਿਆਨਕ ਤੱਥ
ਡਾ. ਹਰਸ਼ਿੰਦਰ ਕੌਰ
ਅਮਰੀਕਾ ਵਿਚ ਬੋਲੀ ਉੱਤੇ ਸੇਲੇਸਤੇ ਰੋਜ਼ਬੈਰੀ, ਮੈੱਕਿਬਨ ਤੇ ਐਲੀਜ਼ਾਂਡਰੋ ਬਰਾਈਸ ਦੀ ਕੀਤੀ ਖੋਜ ਤਹਿਤ ਬਹੁਤ ਹੀ ਜਾਣਕਾਰੀ ਭਰਪੂਰ ਤੱਥ ਸਾਹਮਣੇ ਆਏ ਹਨ। ਅਮਰੀਕਾ ਵਿਚ 2030 ਤਕ ਲਗਭਗ ਸਾਰੇ ਸਕੂਲੀ ਬੱਚਿਆਂ ਵਿੱਚੋਂ ਚਾਲੀ ਪ੍ਰਤੀਸ਼ਤ ਬੱਚੇ ਅਜਿਹੇ ਹੋਣਗੇ ਜਿਹੜੇ ਅੰਗਰੇਜ਼ੀ ਸਿੱਖਦੇ ਹੋਣਗੇ, ਕਿਉਂਕਿ ਉਨ੍ਹਾਂ ਦੀ ਮਾਂ-ਬੋਲੀ ਕੋਈ ਹੋਰ ਹੋਵੇਗੀ। ਕਈ ਥਾਂਵਾਂ ‘ਤੇ ਖ਼ਾਸਕਰ ਕੈਲੀਫ਼ੋਰਨੀਆ ਵਿਚ ਹੁਣ ਵੀ ਸੱਤਰ ਪ੍ਰਤੀਸ਼ਤ ਸਕੂਲੀ ਬੱਚਿਆਂ ਦੀ ਮਾਂ-ਬੋਲੀ ਅੰਗਰੇਜ਼ੀ ਨਹੀਂ ਹੈ, ਬਲਕਿ ਸਪੈਨਿਸ਼, ਫ਼ਰੈਂਚ, ਜਰਮਨ, ਪੰਜਾਬੀ, ਹਿੰਦੀ ਆਦਿ ਹੈ। ਇਸੇ ਲਈ ਇਹ ਖੋਜ ਕੀਤੀ ਗਈ ਕਿ ਅਜਿਹੇ ਬੱਚਿਆਂ ਨੂੰ ਕਦੋਂ ਅੰਗਰੇਜ਼ੀ ਭਾਸ਼ਾ ਸਿਖਾਈ ਜਾਵੇ ਤਾਂ ਜੋ ਉਹ ਅਮਰੀਕਾ ਵਿਚ ਸਫਲ ਜ਼ਿੰਦਗੀ ਜੀਅ ਸਕਣ।
ਉਥੋਂ ਦੇ ਬੋਲੀ-ਵਿਗਿਆਨੀਆਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਨਵੀਂ ਬੋਲੀ ਸਿੱਖਣ ਲੱਗਿਆਂ ਜਿਹੜਾ ਬੱਚਾ ਆਪਣੀ ਮਾਂ-ਬੋਲੀ ਵਧੀਆ ਤਰੀਕੇ ਨਾਲ ਜਾਣਦਾ ਹੋਵੇ, ਉਹੀ ਦੂਜੀ ਬੋਲੀ ਜਲਦੀ ਤੇ ਵਧੀਆ ਤਰੀਕੇ ਨਾਲ ਸਿੱਖਦਾ ਹੈ। ਜਿਹੜੇ ਬੱਚੇ ਮਾਂ-ਬੋਲੀ ਪੂਰੀ ਤਰ੍ਹਾਂ ਬੋਲਣ ਵਿਚ ਸਮਰੱਥ ਹੋਣ, ਉਹੀ ਨਵੀਂ ਬੋਲੀ ਦੀਆਂ ਬਰੀਕੀਆਂ ਵੀ ਜ਼ਿਆਦਾ ਛੇਤੀ ਸਮਝਦੇ ਹਨ। ਇਸੇ ਲਈ ਅਮਰੀਕੀ ਭਾਸ਼ਾ-ਵਿਗਿਆਨੀਆਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੇ ਵੀ ਅਮਰੀਕਾ ਵਿਚ ਵੱਸਦੇ ਗ਼ੈਰ-ਅਮਰੀਕੀ ਟੱਬਰਾਂ ਦੇ ਬੱਚੇ ਹਨ, ਉਹ ਪਹਿਲਾਂ ਆਪਣੀ ਮਾਂ-ਬੋਲੀ ਤੇ ਆਪਣੇ ਸਭਿਆਚਾਰ ਵਿਚ ਪਰਪੱਕ ਹੋਣ; ਤਾਂ ਹੀ ਉਹ ਬੱਚੇ ਬਹੁਤ ਵਧੀਆ ਤਰੀਕੇ ਨਾਲ ਅੰਗਰੇਜ਼ੀ ਭਾਸ਼ਾ ਸਿੱਖ ਸਕਦੇ ਹਨ। ਅਜਿਹੇ ਬੱਚਿਆਂ ਦਾ ਮਾਨਸਿਕ ਵਿਕਾਸ ਦੂਜੇ ਬੱਚਿਆਂ ਨਾਲੋਂ ਘੱਟ ਹੁੰਦਾ ਹੈ, ਜਿਹੜੇ ਛੇਤੀ ਮਾਂ-ਬੋਲੀ ਤੋਂ ਟੁੱਟ ਕੇ ਅੰਗਰੇਜ਼ੀ ਸਿੱਖਣ ਲੱਗ ਜਾਂਦੇ ਹਨ ਅਤੇ ਸਕੂਲ ਵਿਚ ਵੀ ਇਹ ਬੱਚੇ ਘੱਟ ਨੰਬਰ ਲੈਂਦੇ ਹਨ।
ਦੋ ਭਾਸ਼ਾਵੀ ਬੱਚੇ, ਅਮਰੀਕਾ ਵਾਲਿਆਂ ਨੂੰ ਆਪਣੇ ਆਰਥਿਕ ਵਿਕਾਸ ਲਈ ਵਧੀਆ ਜਾਪੇ ਹਨ, ਇਸੇ ਲਈ ਉਨ੍ਹਾਂ ਨੇ ਹਰ ਗ਼ੈਰ-ਅਮਰੀਕੀ ਮਾਪਿਆਂ ਨੂੰ ਇਹ ਤਾਕੀਦ ਕੀਤੀ ਹੈ ਕਿ ਉਹ ਘਰ ਵਿਚ ਬੱਚਿਆਂ ਨਾਲ ਮਾਂ-ਬੋਲੀ ਹੀ ਬੋਲਣ ਤਾਂ ਜੋ ਬੱਚਾ ਮਾਂ-ਬੋਲੀ ਵਿਚ ਪਰਪੱਕ ਹੋ ਸਕੇ। ਪਹਿਲਾਂ ਦੀ ਕੀਤੀ ਭਾਸ਼ਾ-ਵਿਗਿਆਨੀਆਂ ਦੀ ਖੋਜ ਦਾ ਸਿੱਟਾ ਸੀ ਕਿ ਜਿੰਨੀ ਜ਼ਿਆਦਾ ਛੇਤੀ ਅੰਗਰੇਜ਼ੀ ਪੜ੍ਹਾਈ ਜਾਏ ਤੇ ਮਾਂ-ਬੋਲੀ ਤੋਂ ਜਿੰਨਾ ਛੇਤੀ ਬੱਚਾ ਦੂਰ ਕੀਤਾ ਜਾ ਸਕੇ, ਬੱਚਾ ਓਨੀ ਹੀ ਜਲਦੀ ਅੰਗਰੇਜ਼ੀ ਭਾਸ਼ਾ ਸਿੱਖੇਗਾ। ਇਸ ਤਰ੍ਹਾਂ ਨਾਲ ਉਹੀ ਬੱਚੇ ਜਿਹੜੇ ਅੱਜ ਪੈਂਤੀ ਚਾਲ੍ਹੀ ਸਾਲ ਦੇ ਹੋ ਚੁੱਕੇ ਹਨ, ਉਨ੍ਹਾਂ ਵਿਚ ਅੰਗਰੇਜ਼ੀ ਬੋਲੀ ਸਿੱਖਣ ਲੱਗਿਆਂ ਬਹੁਤ ਜ਼ਿਆਦਾ ਵਕਤ ਲੱਗਿਆਂ ਤੇ ਪਰਪੱਕ ਹੋਣ ਦੇ ਬਾਅਦ ਵੀ ਉਹ ਕਈ ਬਰੀਕੀਆਂ ਚੰਗੀ ਤਰ੍ਹਾਂ ਨਹੀਂ ਸਨ ਸਮਝ ਸਕੇ।
ਇਸੇ ਲਈ ਅਮਰੀਕੀਆਂ ਨੇ ਦੋ ਭਾਸ਼ਾਵੀ ਬੱਚਿਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਅਮਰੀਕੀ ਭਾਸ਼ਾ-ਵਿਗਿਆਨੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਘਰਾਂ ਵਿਚ ਮਾਂ-ਬੋਲੀ ਵਰਤਣ ਦੇ ਬਾਵਜੂਦ ਨਰਸਰੀ ਤੇ ਪਹਿਲੀ ਜਮਾਤ ਵਿਚ ਨੱਬੇ ਪ੍ਰਤੀਸ਼ਤ ਸਿਰਫ ਮਾਂ-ਬੋਲੀ ਹੀ ਬੱਚੇ ਬੋਲਣ ਤੇ ਦਸ ਪ੍ਰਤੀਸ਼ਤ ਅੰਗਰੇਜ਼ੀ। ਜਿਵੇਂ ਜਿਵੇਂ ਅੰਗਰੇਜ਼ੀ ਭਾਸ਼ਾ ਸਿੱਖਣ ਵਿਚ ਨਿਖਾਰ ਆਉਂਦਾ ਜਾਏ। ਜਿਹੜੇ ਬੱਚੇ ਮਾਂ-ਬੋਲੀ ਤੋਂ ਤਰਜਮਾ ਕਰ ਕੇ ਫਟਾਫਟ ਸਿੱਖਣ ਲੱਗ ਪੈਂਦੇ ਹਨ, ਉਨ੍ਹਾਂ ਨੂੰ ਛੇਵੀਂ ਜਮਾਤ ਤਕ ਪਹੁੰਚਦੇ ਪਹੁੰਚਦੇ ਪੰਜਾਹ ਪ੍ਰਤੀਸ਼ਤ ਅੰਗਰੇਜ਼ੀ ਤੇ ਪੰਜਾਹ ਪ੍ਰਤੀਸ਼ਤ ਮਾਤ-ਭਾਸ਼ਾ ਵਿਚ ਸਿੱਖਦੇ ਰਹਿਣਾ ਚਾਹੀਦਾ ਹੈ।
ਇਸ ਤੋਂ ਇਕ ਦੋ ਸਾਲ ਬਾਅਦ ਨੱਬੇ ਪ੍ਰਤੀਸ਼ਤ ਅੰਗਰੇਜ਼ੀ ਤੇ ਦਸ ਪ੍ਰਤੀਸ਼ਤ ਮਾਤ-ਭਾਸ਼ਾ ਚਾਲੂ ਰਹਿਣੀ ਚਾਹੀਦੀ ਹੈ। ਇਹ ਤਾਂ ਹੋਈ ਅਮਰੀਕਾ ਵਿਚ ਵੱਸਣ ਵਾਲੇ ਬੱਚਿਆਂ ਵਾਸਤੇ ਕੀਤੀ ਬੋਲੀ ਸਿੱਖਣ ਲਈ ਖੋਜ, ਪਰ ਜਿਹੜੇ ਅਮਰੀਕਾ ਦੀ ਥਾਂ ਫ਼ਰਾਂਸ ਜਾਂ ਜਰਮਨੀ ਵਿਚ ਵੱਸਣਾ ਚਾਹ ਰਹੇ ਹਨ, ਉਨ੍ਹਾਂ ਬੱਚਿਆਂ ਉੱਤੇ ਵੀ ਨਵੀਂ ਬੋਲੀ ਸਿੱਖਣ ਦਾ ਇਹੀ ਅਸੂਲ ਲਾਗੂ ਹੁੰਦਾ ਹੈ। ਇਹ ਵੇਖਿਆ ਗਿਆ ਹੈ ਕਿ ਮਾਂ-ਬੋਲੀ ਵਿਚ ਪਰਪੱਕ ਬੱਚੇ ਅੰਗਰੇਜ਼ੀ ਤੋਂ ਸਿਵਾ ਹੋਰ ਵੀ ਹਰ ਬੋਲੀ ਬਹੁਤ ਛੇਤੀ ਸਿੱਖ ਲੈਂਦੇ ਹਨ ਤੇ ਜ਼ਿਆਦਾ ਡੂੰਘਿਆਈ ਨਾਲ ਸਿੱਖਦੇ ਹਨ। ਇਸ ਦਾ ਵੀ ਵਿਗਿਆਨਕ ਵਿਸ਼ਲੇਸ਼ਣ ਕੀਤਾ ਗਿਆ ਹੈ।
ਦਰਅਸਲ ਜਦੋਂ ਬੱਚਾ ਅਜੇ ਮਾਂ ਦੇ ਢਿੱਡ ਵਿਚ ਹੀ ਹੰਦਾ ਹੈ ਤਾਂ ਉਸ ਨੂੰ ਆਪਣੀ ਮਾਂ ਦੀ ਆਵਾਜ ਕੰਨੀਂ ਪੈਂਦੀ ਰਹਿੰਦੀ ਹੈ। ਬਾਕੀ ਦੀ ਕਸਰ ਉਹ ਮਾਂ ਦੀ ਗੋਦ ਵਿਚ ਪੂਰੀ ਕਰ ਲੈਂਦਾ ਹੈ, ਜਦੋਂ ਉਹ ਮਾਂ ਦੇ ਹਿੱਲਦੇ ਬੁੱਲ੍ਹਾਂ ਦੇ ਨਾਲ ਆਵਾਜ਼ ਵੀ ਸੁਣਦਾ ਰਹਿੰਦਾ ਹੈ ਤੇ ਚੀਜ਼ਾਂ ਵੇਖ ਕੇ ਉਨ੍ਹਾਂ ਨਾਲ ਉਸੇ ਅੱਖਰ ਦੀ ਸਾਂਝ ਵੀ ਬਣਾ ਲੈਂਦਾ ਹੈ। ਦਰਅਸਲ ਦਿਲੋਂ ਉਮੜਦੇ ਪਿਆਰ ਵਿਚ ਮੂੰਹੋਂ ਮਾਂ-ਬੋਲੀ ਵਿਚ ਹੀ ਅੱਖਰ ਨਿਕਲਦੇ ਹਨ, ਜਿਵੇਂ ਪੰਜਾਬੀ ਮਾਂ ਆਪਣੀ ਗੋਦ ਵਿਚ ਪਏ ਬੱਚੇ ਨੂੰ ‘ਗੁਗਲੁ-ਮੁਗਲੁ, ਸੋਨੂੰ, ਮੋਨੂੰ’ ਕਹਿ ਕੇ ਤਾਂ ਚੁੰਮਦੀ ਵੇਖੀ ਗਈ ਹੈ, ਪਰ ‘ਸਵੀਟ, ਲਵਲੀ, ਫੈਨਟਾਸਟਿਕ, ਵੰਡਰਫੁੱਲ’ ਕਹਿ ਕੇ ਨਹੀਂ। ਨਿੱਕੇ ਬੱਚੇ ਦਾ ਵਧਦਾ ਦਿਮਾਗ ਵੀ ਫੱਟ ਉਹ ਸੁਨੇਹਾ ਫੜ ਲੈਂਦਾ ਹੈ ਕਿ ਜਿਹੜੇ ਅੱਖਰ ਮਾਂ ਨੇ ਸੋਚਣ ਤੋਂ ਬਿਨਾਂ ਪਿਆਰ ਵਿਚ ਭਿਜ ਕੇ ਬੋਲੇ, ਉਹ ਤਾਂ ਡੂੰਘਾ ਪਿਆਰ ਦਰਸਾਉਂਦੇ ਹਨ, ਪਰ ਜਿਹੜੇ ਅੱਖਰ ਬੋਲਣ ਲੱਗਿਆਂ ਮਾਂ ਸੋਚਣ ਲੱਗ ਪਈ ਹੈ, ਉਹ ਅੱਖਰ ਓਨੇ ਮੋਹ ਭਿਜੇ ਨਹੀਂ ਹਨ।
ਬੋਲੀ ਦੀ ਹਰ ਡੂੰਘਿਆਈ ਬੱਚਾ ਮਾਂ ਤੋਂ ਆਪਣੇ ਆਪ ਹੀ ਸਿੱਖ ਲੈਂਦਾ ਹੈ ਕਿ ਸਿਹਾਰੀ, ਬਿਹਾਰੀ, ਲਾਵਾਂ, ਦੁਲੈਂਕੜ ਆਦਿ ਕਿੱਥੇ ਲੱਗਣੇ ਹਨ। ਵਚਨ, ਬਹੁ-ਵਚਨ, ਨਾਂਵ, ਪੜਨਾਂਵ, ਉਹ ਕਿਤਾਬਾਂ ਵਿਚ ਪੜ੍ਹਨ ਤੋਂ ਪਹਿਲਾਂ ਹੀ ਜਾਣਦਾ ਹੁੰਦਾ ਹੈ ਕਿ ‘ਚਿੜੀ ਉੱਡੇਗੀ’ ਤੇ ‘ਚਿੜੀਆਂ ਉੱਡਣਗੀਆਂ’। ਦੋ ਸਾਲ ਦੀ ਬੱਚੀ ਇਹ ਬਾਖ਼ੂਬੀ ਸਮਝਦੀ ਹੈ ਕਿ ਕੁੜੀਆਂ ਨਾਲ ‘ਜਾਵਾਂਗੀ’ ਅੱਖਰ ਲੱਗਦੇ ਹਨ ਤੇ ਮੁੰਡੇ ਨਾਲ ‘ਜਾਵੇਗਾ’ ਅੱਖਰ ਹੀ ਵਰਤਣੇ ਹਨ। ਜਦੋਂ ਛੋਟੇ ਬੱਚੇ ਨੂੰ ਕਿਸੇ ਵੀ ਨਵੀਂ ਬੋਲੀ ਦੇ ਅੱਖਰ ਸਿਖਾਉਣੇ ਸ਼ੁਰੂ ਕੀਤੇ ਜਾਣ ਤਾਂ ਪਹਿਲੀ ਪੌੜੀ ਹੁੰਦੀ ਹੈ, ‘ਚੁੱਪੀ ਦਾ ਦੌਰ’। ਇਸ ਦੌਰਾਨ ਬੱਚਾ ਨਵਾਂ ਅੱਖਰ ਧਿਆਨ ਨਾਲ ਸੁਣਦਾ ਹੈ ਤੇ ਉਸ ਦਾ ਦਿਮਾਗ ਉਸ ਅੱਖਰ ਨੂੰ ਘੋਖਦਾ ਹੈ ਕਿ ਕਿਤੇ ਪਹਿਲਾਂ ਦੇ ਜਮ੍ਹਾ ਹੋਏ ਅੱਖਰ-ਗਿਆਨ ਵਿਚ ਕਿਸੇ ਨਾਲ ਇਹ ਰਲਦਾ ਹੈ ਕਿ ਨਹੀਂ। ਇਸ ਦੌਰਾਨ ਬੱਚੇ ਘੱਟ ਬੋਲਦੇ ਹਨ ਤੇ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਨਵੇਂ ਅੱਖਰ ਛੇਤੀ ਯਾਦ ਕੀਤੇ ਜਾ ਸਕਣ। ਇਸ ਦੌਰਾਨ ਦਿਮਾਗ ਅੰਦਰ ਕੰਪਿਊਟਰ ਵਾਂਗ ਕੋਡਿੰਗ ਤੇ ਅਨ-ਕੋਡਿੰਗ ਚਲਦੀ ਰਹਿੰਦੀ ਹੈ ਤੇ ਨਵੇਂ ਅੱਖਰਾਂ ਦੀ ਸਾਂਝ ਪੁਰਾਣੇ ਅੱਖਰਾਂ ਨਾਲ ਜੋੜੀ ਜਾਂਦੀ ਹੈ।
ਜੇ ਬੱਚਾ ਵੱਡਾ ਹੋਵੇ ਅਤੇ ਇਕ ਬੋਲੀ ਵਿਚ ਪਹਿਲਾ ਪਰਪੱਕ ਹੋਵੇ ਤਾਂ ਇਹ ਸਾਂਝ ਛੇਤੀ ਬਣ ਜਾਂਦੀ ਹੈ ਤੇ ਇਹ ਚੁੱਪੀ ਦਾ ਦੌਰ ਕੁਝ ਹਫ਼ਤਿਆਂ ਤੋਂ ਕੁਝ ਮਹੀਨਿਆਂ ਵਿਚ ਖ਼ਤਮ ਹੋ ਜਾਂਦਾ ਹੈ। ਇਸ ਤੋਂ ਬਾਅਦ ਬੱਚਾ ਦੂਜੀ ਬੋਲੀ ਵੀ ਫ਼ਰਾਟੇਦਾਰ ਬੋਲਣਾ ਸਿੱਖ ਜਾਂਦਾ ਹੈ ਤੇ ਹੌਲੀ ਹੌਲੀ ਨਵੀਂ ਬੋਲੀ ਦੀਆਂ ਸਾਰੀਆਂ ਬਰੀਕੀਆਂ ਵੀ ਪਹਿਲਾਂ ਦੀ ਸਿੱਖੀ ਬੋਲੀ ਨਾਲ ਸਾਂਝ ਕੱਢ ਕੇ ਛੇਤੀ ਹੀ ਸਿੱਖ ਲੈਂਦਾ ਹੈ। ਜੇ ਬਹੁਤ ਛੋਟੇ ਬੱਚੇ ‘ਤੇ ਦੂਜੀ ਬੋਲੀ ਸਿੱਖਣ ਦਾ ਭਾਰ ਪਾ ਦਿੱਤਾ ਜਾਵੇ ਤਾਂ ਉਸ ਦਾ ਦਿਮਾਗ ਜੋ ਅਜੇ ਮਾਂ-ਬੋਲੀ ਹੀ ਪੂਰੀ ਤਰ੍ਹਾਂ ਨਹੀਂ ਸਿੱਖਿਆ ਹੁੰਦਾ, ਨਵੀਂ ਬੋਲੀ ਦੀ ਕੋਡਿੰਗ ਅਨ ਕੋਡਿੰਗ ਬਹੁਤ ਹੌਲੀ ਕਰਦਾ ਹੈ, ਕਿਉਂਕਿ ਪਹਿਲੀ ਬੋਲੀ ਦੇ ਪੂਰੇ ਅੱਖਰ ਅਜੇ ਦਿਮਾਗ ਵਿਚ ਭਰੇ ਹੀ ਨਹੀਂ ਹੁੰਦੇ। ਮਾਂ-ਬੋਲੀ ਦੀਆਂ ਬਰੀਕੀਆਂ ਨਾ ਸਮਝਣ ਵਾਲੇ ਦੋ ਜਾਂ ਤਿੰਨ ਵਰ੍ਹਿਆਂ ਦੇ ਬੱਚੇ ਵਿਚ ਇਹ ‘ਚੁੱਪੀ ਦਾ ਦੌਰ’ ਸਾਲ ਜਾਂ ਇਸ ਤੋਂ ਵੀ ਵੱਧ ਚਲਦਾ ਹੈ।
ਇਸ ਤੋਂ ਇਲਾਵਾ ਬਹੁਤੇ ਛੋਟੇ ਬੱਚੇ ਨੂੰ ਨਵੀਂ ਭਾਸ਼ਾ ਸਿਖਾਉਣ ਨਾਲ ਉਸ ਬੱਚੇ ਦਾ ਦਿਮਾਗ ਅਨ-ਕੋਡਿੰਗ ਠੀਕ ਤਰੀਕੇ ਨਾਲ ਨਹੀਂ ਕਰ ਸਕਦਾ ਤੇ ਉਹ ਬੱਚੇ ਦੋ ਭਾਸ਼ਾਵਾਂ ਦਾ ਮਿਸ਼ਰਣ ਕਰਨ ਲੱਗ ਪੈਂਦੇ ਹਨ, ਯਾਨੀ ਇਕ ਗੱਲ ਕਹਿਣ ਲੱਗਿਆਂ ਕੁਝ ਅੱਖਰ ਮਾਂ-ਬੋਲੀ ਤੇ ਕੁਝ ਨਵੀਂ ਭਾਸ਼ਾ ਦੇ। ਜਿਵੇਂ ”ਮੰਮੀ, ਸੁਸੂ ਕਰਿੰਗ, ਗੋਇੰਗ” ਜਾਂ ”ਮੈਂ ਚੱਲਿਆਂ, ਫੌਰ ਆ ਡਰਾਈਵ।” ਤੀਜੀ ਚੀਜ਼ ਜੋ ਛੇਤੀ ਨਵੀਂ ਬੋਲੀ ਸਿੱਖਣ ਵਾਲੇ ਬੱਚਿਆਂ ਵਿਚ ਵੇਖੀ ਗਈ ਹੈ, ਉਹ ਹੈ ‘ਲੈਂਗੂਏਜ ਲੌਸ’। ਇਨ੍ਹਾਂ ਬੱਚਿਆਂ ਵਿਚ ਬੋਲੀ ਦੀ ਪਕੜ ਹੀ ਖ਼ਤਮ ਹੋ ਜਾਂਦੀ ਹੈ। ਜਿਵੇਂ ਹੀ ਉਨ੍ਹਾਂ ਨੂੰ ਮਾਂ-ਬੋਲੀ ਤੋਂ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਜਾਂਦਾ ਹੈ ਤੇ ਸਿਰਫ ਨਵੀਂ ਬੋਲੀ ਸਿੱਖਣ ‘ਤੇ ਪੂਰਾ ਜ਼ੋਰ ਲਾ ਦਿੱਤਾ ਜਾਂਦਾ ਹੈ, ਉਨ੍ਹਾਂ ਦੀ ਬੋਲੀ ਦੀ ਰਵਾਨੀ ਖ਼ਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਹੌਲੀ ਹੌਲੀ ਨਵੀਂ ਸਿੱਖੀ ਬੋਲੀ ਵਿਚ ਵੀ ਤਰੁੱਟੀਆਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇ ਮਾਪੇ ਸਿਰਫ ਮਾਂ-ਬੋਲੀ ਬੋਲੀ ਜਾਣ ਤੇ ਸਕੂਲ ਵਿਚ ਬੱਚਾ ਸਿਰਫ ਨਵੀਂ ਬੋਲੀ ਬੋਲੇ ਤਾਂ ਇਸ ਨੂੰ ‘ਸਬਟਰੈਕਟਿਵ ਬਾਈ-ਲਿੰਗੁਆਲਿਜ਼ਮ’ ਕਹਿੰਦੇ ਹਨ। ਬੱਚੇ ਦੇ ਬੋਲੀਆਂ ਵਿਚਲੇ ਪਾੜ ਨੂੰ ਜੋੜ ਹੀ ਨਹੀਂ ਸਕਦੇ। ਇਸ ਨਾਲ ਬੱਚੇ ਵਿਚ ਆਤਮ ਵਿਸ਼ਵਾਸ ਦੀ ਕਮੀ ਵੀ ਹੋ ਜਾਂਦੀ ਹੈ ਤੇ ਮਾਨਸਿਕ ਤਣਾਓ ਦੇ ਨਾਲ ਨਾਲ ਬੱਚੇ ਵਿਚ ਮਾਨਸਿਕ ਵਿਗਾੜ ਤੇ ਢਹਿੰਦੀ ਕਲਾ ਵੀ ਸ਼ੁਰੂ ਹੋ ਸਕਦੀ ਹੈ। ਇਸ ਨਾਲ ਉਸ ਦੀ ਅਗਲੀ ਆਉਣ ਵਾਲੀ ਜ਼ਿੰਦਗੀ ‘ਤੇ ਵੀ ਅਸਰ ਪੈ ਸਕਦਾ ਹੈ।
ਇਸੇ ਲਈ ਹੁਣ ਬੋਲੀ ਸਿਖਾਉਣ ਲਈ ‘ਐਡੀਟਿਵ ਬਾਈ-ਲਿੰਗੁਆਲਿਜ਼ਮ’ ‘ਤੇ ਹੀ ਦੁਨੀਆ ਭਰ ਵਿਚ ਜ਼ੋਰ ਪਾਇਆ ਜਾਂਦਾ ਹੈ, ਜਿਸ ਦੇ ਤਹਿਤ ਪਹਿਲਾਂ ਮਾਂ-ਬੋਲੀ ਨੂੰ ਪਰਪੱਕ ਕਰਨ ਦੀ ਤਰਜੀਹ ਦਿੱਤੀ ਜਾਂਦੀ ਹੈ ਤੇ ਫੇਰ ਦੋਵੇਂ ਬੋਲੀਆਂ ਨਾਲੋ-ਨਾਲ ਸਿਖਾਈਆਂ ਜਾਂਦੀਆਂ ਹਨ। ਜਦੋਂ ਵੀ ਕੋਈ ਦੁਭਾਸ਼ੀ ਇਨਸਾਨ ਜਿਹੜਾ ਦੋਵੇਂ ਭਾਸ਼ਾਵਾਂ ਦਾ ਮਾਹਿਰ ਹੋਵੇ, ਕੋਈ ਰਚਨਾ ਘੜੇ ਤਾਂ ਉਹ ਆਪਣੇ ਆਪ ਹੀ ਬੇਮਿਸਾਲ ਚੀਜ਼ ਹੋਣੀ ਹੋਈ। ਜੇ ਕੋਈ ਅਰਬੀ ਭਾਸ਼ਾ ਦਾ ਵਿਦਵਾਨ, ਜਿਸ ਨੇ ਜਰਮਨ ਭਾਸ਼ਾ ਸਿੱਖੀ ਹੋਵੇ, ਆਪਣੀ ਭਾਸ਼ਾ ਦੇ ਗੂੜ੍ਹ ਗਿਆਨ ਨੂੰ ਜਰਮਨ ਵਿਚ ਲਿਖਦਾ ਹੈ ਜਾਂ ਜਰਮਨ ਭਾਸ਼ਾ ਦੇ ਗੁੜ੍ਹ ਗਿਆਨ ਨੂੰ ਆਪਣੀ ਮਾਂ-ਬੋਲੀ ਅਰਬੀ ਵਿਚ ਆਪਣੇ ਲੋਕਾਂ ਨੂੰ ਜਾਣਕਾਰੀ ਦਿੰਦਾ ਹੈ ਤਾਂ ਉਹ ਆਪਣੀ ਮਾਂ-ਬੋਲੀ ਨੂੰ ਅਮੀਰ ਬਣਾ ਰਿਹਾ ਹੁੰਦਾ ਹੈ। ਇਸੇ ਹੀ ਤਰ੍ਹਾਂ ਜੇ ਕੋਈ ਰੂਸੀ ਜ਼ੁਬਾਨ ਵਿਚ ਖੋਜ ਕਰ ਰਿਹਾ ਡਾਕਟਰ ਆਪਣੀ ਮਾਂ-ਬੋਲੀ ਉਰਦੂ ਵਿਚ ਇਹ ਜਾਣਕਾਰੀ ਲਿਖਦਾ ਹੈ ਤਾਂ ਵੀ ਕਮਾਲ ਦਾ ਸਾਹਿਤ ਉਰਦੂ ਵਿਚ ਹੋਂਦ ਵਿਚ ਆ ਜਾਵੇਗਾ। ਇਸੇ ਹੀ ਤਰ੍ਹਾਂ ਅੰਗਰੇਜ਼ੀ ਵਿਚ ਰਚਿਆ ਡਾਕਟਰੀ ਸਾਹਿਤ ਜੇ ਪੰਜਾਬੀ ਬੋਲੀ ਵਿਚ ਦੋਹਾਂ ਦਾ ਵਧੀਆ ਸੁਮੇਲ ਕਰ ਕੇ ਘੜ ਦਿੱਤਾ ਜਾਏ ਤਾਂ ਆਪੇ ਹੀ ਰੂਹ ਦੀ ਖੁਰਾਕ ਬਣ ਜਾਣਾ ਹੋਇਆ।
ਇਸੇ ਕਰਕੇ ਦੁਭਾਸ਼ੀ ਜਾਂ ਤਿਭਾਸ਼ੀ ਇਨਸਾਨਾਂ ਦੀ ਅੱਜ ਕੱਲ੍ਹ ਕਾਫ਼ੀ ਕਦਰ ਪੈਣ ਲੱਗ ਗਈ ਹੈ। ਇਹ ਸਭ ਵਿਗਿਆਨਕ ਤੱਥ ਦੱਸਣ ਦਾ ਮੇਰਾ ਮਕਸਦ ਸੀ ਕਿ ਮਾਂ-ਬੋਲੀ ਦੀ ਅਹਿਮੀਅਤ ਸਮਝਾਈ ਜਾ ਸਕੇ। ਜੇ ਹੁਣ ਗੱਲ ਕਰੀਏ ਪੰਜਾਬੀ ਭਾਸ਼ਾ ਦੀ ਤਾਂ ਮੈਂ ਸ਼ਾਇਦ ਪੂਰਾ ਇਨਸਾਫ਼ ਨਾ ਕਰ ਸਕਾਂ, ਕਿਉਂਕਿ ਮੈਂ ਇਸ ਬੋਲੀ ਦੀ ਨਾ ਐਮ. ਏ. ਕੀਤੀ ਹੈ ਤੇ ਨਾ ਪੀ.ਐਚ.ਡੀ., ਪਰ ਮੈਂ ਆਪਣੀ ਹੀ ਉਦਾਹਰਣ ਦੇ ਕੇ ਕੁੱਲ ਸਾਬਤ ਕਰਨਾ ਚਾਹੁੰਦੀ ਹਾਂ। ਮੈਨੂੰ ਮੇਰੇ ਪਿਤਾ ਪ੍ਰੋ. ਪ੍ਰੀਤਮ ਸਿੰਘ ਜੀ ਨੇ ਬਹੁਤ ਸਾਲ ਹੱਲਾਸ਼ੇਰੀ ਦਿੱਤੀ ਕਿ ਮੈਂ ਨੀਰਸ ਡਾਕਟਰੀ ਸਾਹਿਤ ਨੂੰ ਮਾਂ-ਬੋਲੀ ਪੰਜਾਬੀ ਵਿਚ ਲਿਖ ਕੇ ਜੇ ਪੰਜਾਬੀਆਂ ਨੂੰ ਇਸ ਗਿਆਨ ਸਾਹਿਤ ਬਾਰੇ ਜਾਣਕਾਰੀ ਦੇ ਦੇਵਾਂ ਤਾਂ ਇਹ ਮਾਂ-ਬੋਲੀ ਦੀ ਸੇਵਾ ਹੋਵੇਗੀ। ਮੈਂ ਸ਼ਾਇਦ ਕਦੇ ਵੀ ਨਾ ਲਿਖਦੀ ਜੇ ਪਿੰਡਾਂ ਵਿਚ ਮੈਂ ਮੁਫ਼ਤ ਮੈਡੀਕਲ ਕੈਂਪ ਨਾ ਲਗਾਉਣ ਜਾਂਦੀ। ਅਨਪੜ੍ਹਤਾ ਕਾਰਨ ਪੰਜਾਬੀਆਂ ਦੀ ਹਲਕੀ ਬੀਮਾਰੀ ਵੀ ਮੈਂ ਕਈ ਗੁਣਾ ਵਧੀ ਵੇਖੀ। ਉਨ੍ਹਾਂ ਨੂੰ ਵੱਡੀ ਪੱਧਰ ‘ਤੇ ਜਾਣਕਾਰੀ ਪਹੁੰਚਾਉਣ ਦਾ ਕੋਈ ਹੋਰ ਜ਼ਰੀਆ ਨਹੀਂ ਸੀ, ਸਿਵਾਏ ਅਖ਼ਬਾਰਾਂ ਰਾਹੀਂ ਲਿਖਣ ਦੇ। ਵਹਿਮਾਂ-ਭਰਮਾਂ ਵਿਚ ਜਿਸ ਤਰ੍ਹਾਂ ਉਹ ਡੁੱਬੇ ਪਏ ਸਨ, ਉਸ ਦੀ ਮਿਸਾਲ ਮੈਂ ਪਹਿਲਾਂ ਵੀ ਲੇਖ ਰਾਹੀਂ ਦੇ ਚੁੱਕੀ ਹਾਂ ਕਿ ਮੁੰਡਾ ਪੈਦਾ ਕਰਵਾਉਣ ਲਈ ਕਿਸ ਤਰ੍ਹਾਂ ਇਕ ਸੱਸ ਆਪਣੀ ਨੂੰਹ ਨੂੰ ਦਰਖ਼ਤ ਥੱਲੇ ਖੜਾ ਕਰਕੇ ਰੱਖਦੀ ਸੀ ਕਿ ਜੇ ਕਾਲਾ ਕਾਂ ਉਸ ਉੱਤੇ ਵਿੱਠ ਕਰ ਦੇਵੇ ਤਾਂ ਢਿੱਡ ਅੰਦਰਲਾ ਬੱਚਾ ਮੁੰਡੇ ਵਿਚ ਤਬਦੀਲ ਹੋ ਜਾਵੇਗਾ। ਇਹ ਸਭ ਵੱਡੀ ਪੱਧਰ ‘ਤੇ ਲੋਕਾਂ ਨੂੰ ਜਾਗਰੂਕ ਕਰਨ ਨਾਲ ਹੀ ਠੀਕ ਹੋ ਸਕਦਾ ਸੀ।
ਇਸੇ ਕਰਕੇ ਮੈਂ ਅਖ਼ਬਾਰਾਂ ਤੇ ਰਸਾਲਿਆਂ ਵਿਚ ਲਿਖਣਾ ਸ਼ੁਰੂ ਕੀਤਾ। ਮੇਰੇ ਲੇਖ ਪੜ੍ਹ ਕੇ ਮੈਨੂੰ ਨੈਰੋਬੀ, ਇਟਲੀ, ਇੰਗਲੈਂਡ, ਕੈਨੇਡਾ, ਅਮਰੀਕਾ ਤੇ ਜਰਮਨੀ ਵਿਚ ਵੱਸਦੇ ਪੰਜਾਬੀ ਪਰਵਾਸੀਆਂ ਦੇ ਵੀ ਫੋਨ ਪਹੁੰਚੇ ਹਨ। ਮੈਂ ਜਦੋਂ ਹੈਰਾਨੀ ਨਾਲ ਉਨ੍ਹਾਂ ਨੂੰ ਪੁੱਛਣਾ ਕਿ ਉਥੇ ਬੈਠੇ ਵੀ ਉਹ ਅਜੀਤ ਅਖ਼ਬਾਰ ਰਾਹੀਂ ਆਪਣੀ ਪੰਜਾਬੀ ਮਾਂ-ਬੋਲੀ ਪ੍ਰਤੀ ਮੋਹ ਕਿਵੇਂ ਤੇ ਕਿਉਂ ਪਾਲ ਰਹੇ ਹਨ ਤੇ ਮੇਰੇ ਲੇਖ ਏਨੇ ਧਿਆਨ ਨਾਲ ਕਿਉਂ ਪੜ੍ਹ ਰਹੇ ਹਨ ਤਾਂ ਲਗਭਗ ਸਭ ਦਾ ਜਵਾਬ ਇੱਕੋ ਜਿਹਾ ਸੀ। ਉਨ੍ਹਾਂ ਕਿਹਾ ਕਿ ਉਥੇ ਦੇ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਉਨ੍ਹਾਂ ਨੂੰ ਵਕਤ ਬਹੁਤ ਘੱਟ ਮਿਲਦਾ ਹੈ, ਪਰ ਹਰ ਐਤਵਾਰ ਨੂੰ ਉਹ ਇੰਟਰਨੈੱਟ ‘ਤੇ ਆਪਣੇ ਪੰਜਾਬ ਦੀ ਧਰਤੀ ਬਾਰੇ ਪੜ੍ਹ ਕੇ ਇਸ ਤਰ੍ਹਾਂ ਦਾ ਇਹਸਾਸ ਕਰ ਲੈਂਦੇ ਹਨ, ਜਿਵੇਂ ਇਥੇ ਹੀ ਪਹੁੰਚ ਗਏ ਹੋਣ ਤੇ ਆਪਣੀ ਧਰਤੀ ਦੀ ਖੁਸ਼ਬੋ ਸੁੰਘ ਰਹੇ ਹੋਣ। ਦੂਜੀ ਚੀਜ਼ ਹੈ ਪੰਜਾਬੀ ਬੋਲੀ ਨਾਲ ਲਗਾਉ ਦੀ। ਇਹੀ ਇਕ ਬੋਲੀ ਹੈ, ਜਿਸ ਨਾਲ ਉਹ ਹਾਲੇ ਵੀ ਦੁਨੀਆ ਦੇ ਹਰ ਕੋਨੇ ਵਿਚ ਵੱਸਦੇ ਪੰਜਾਬੀ ਨਾਲ ਦਿਲੀ ਸਾਂਝ ਜੋੜ ਕੇ ਬੈਠੇ ਹਨ, ਕਿਉਂਕਿ ਹਰ ਪੰਜਾਬੀ ਦੀ ਪਛਾਣ ਪੰਜਾਬੀ ਬੋਲੀ ਨਾਲ ਜੁੜੀ ਪਈ ਹੈ। ਅੱਜ ਵੀ ਕਿਤੇ ਉਨ੍ਹਾਂ ਨੂੰ ਸੱਤ ਸਮੁੰਦਰੋਂ ਪਾਰ ਕੋਈ ਪੰਜਾਬੀ ਮਿਲਦਾ ਹੈ ਤਾਂ ਉਹ ਗੱਜ ਕੇ ‘ਸਤਿ ਸ੍ਰੀ ਅਕਾਲ’ ਬੁਲਾਉਂਦੇ ਹਨ ਤੇ ਉਨ੍ਹਾਂ ਦੀ ਰੂਹ ਤਕ ਖੁਸ਼ ਹੋ ਜਾਂਦੀ ਹੈ, ਜਿਵੇਂ ਕੋਈ ਆਪਣਾ ਹੀ ਮਿਲ ਗਿਆ ਹੋਵੇ।
ਇਹ ਹੁੰਦੀ ਹੈ ਬੋਲੀ ਦੀ ਖਿੱਚ ਤੇ ਕਿਸੇ ਵੀ ਅਣਪਛਾਤੇ ਹਮ-ਜ਼ੁਬਾਨ ਨਾਲ ਦਿਲੀ ਸਾਂਝ ਜੋ ਕਿਸੇ ਨੂੰ ਬਿਨਾਂ ਦੇਖੇ ਵੀ ਇਕ ਦੂਜੇ ਨਾਲ ਬੰਨ੍ਹ ਦਿੰਦੀ ਹੈ। ਜੇ ਮੈਂ ਅੱਜ ਵੀ ਪਿੱਛੇ ਝਾਤ ਮਾਰਾਂ ਤਾਂ ਮੈਂ ਵੀ ਲੱਖਾਂ ਡਾਕਟਰਾਂ ਵਿੱਚੋ ਹੀ ਇਕ ਡਾਕਟਰ ਸੀ, ਪਰ ਨੈਰੋਬੀ ਜਾਂ ਇਟਲੀ ਵਿਚਲੇ ਅਣਦੇਖੇ ਵੀਰ ਨਾਲ ਦਿਲੀ ਸਾਂਝ ਆਪਣੀ ਮਾਂ-ਬੋਲੀ ਦੀਆਂ ਤਰੰਗਾਂ ਰਾਹੀਂ ਹੀ ਬਣਾ ਸਕੀ ਹਾਂ। ਪੰਜਾਬ ਦੀ ਧਰਤੀ ਤੇ ਮੇਰੀ ਪਛਾਣ ਵੀ ਮਾਂ-ਬੋਲੀ ਦੀ ਸੇਵਾ ਕਰਕੇ ਹੀ ਹੈ। ਬਾਬਾ ਫ਼ਰੀਦ ਜੀ ਨੇ ਅੱਠ ਸੌ ਸਾਲ ਪਹਿਲਾਂ ਜਦੋਂ ਰਚਨਾ ਸ਼ੁਰੂ ਕੀਤੀ ਤਾਂ ਪੰਜਾਬੀ ਭਾਸ਼ਾ ਹੀ ਚੁਣੀ ਸੀ, ਕਿਉਂਕਿ ਉਹ ਜਾਣਦੇ ਸਨ ਕਿ ਭਾਸ਼ਾ ਨੂੰ ਅਗਾਂਹ ਵਧਾਉਣ ਲਈ ਇਸ ਨੂੰ ਵਧੀਆ ਸਾਹਿਤ ਨਾਲ ਭਰਪੂਰ ਕਰਨਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਹੁਣ ਦੀਆਂ ਪ੍ਰਚਲਿਤ ਬੋਲੀਆਂ ਵਿੱਚੋਂ ਸਭ ਤੋਂ ਪੁਰਾਣੀ ਬੋਲੀ ਪੰਜਾਬੀ ਬੋਲੀ ਹੀ ਹੋਈ।
ਪੰਜਾਬ ਦੇ ਕੁੱਖੋਂ ਜੰਮੀ ਮਹਾਨ ਤੇ ਪੂਜਨੀਕ ਸ਼ਖ਼ਸੀਅਤ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਲੋਕਾਂ ਨੇ ਪੁੱਛਿਆ ਕਿ ਉਹ ਆਪਣੀ ਰਚਨਾ ਫ਼ਾਰਸੀ ਛੱਡ ਕੇ ਪੰਜਾਬੀ ਵਿਚ ਕਿਉਂ ਰਚ ਰਹੇ ਹਨ ਤਾਂ ਉਨ੍ਹਾਂ ਲਾਹਨਤ ਪਾ ਕੇ ਕਿਹਾ, ”ਓਏ ‘ਮਲੇਸ਼ ਬੋਲੀ’ ਨੂੰ ਅਪਣਾਉਣ ਵਾਲਿਓ, ਕੁਝ ਸ਼ਰਮ ਕਰੋ ਤੇ ਪਰਾਈ ਬੋਲੀ ਨੂੰ ਅਪਣਾਉਣ ਦੀ ਥਾਂ ਆਪਣੀ ਬੋਲੀ ਨੂੰ ਅਪਣਾਓ।” ਸ੍ਰੀ ਗੁਰੂ ਅਮਰ ਦਾਸ ਜੀ ਨੂੰ ਜਦੋਂ ਲੋਕਾਂ ਨੇ ਪੁੱਛਿਆ ਕਿ ਉਹ ਦੇਵ ਬੋਲੀ ਸੰਸਕ੍ਰਿਤ ਨੂੰ ਛੱਡ ਕੇ ਪੰਜਾਬੀ ਵਿਚ ਕਿਉਂ ਲਿਖ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਸੰਸਕ੍ਰਿਤ ਤਾਂ ਛੱਪੜੀ ਵਾਂਗ ਹੈ, ਜੋ ਇੱਕੋ ਥਾਂ ‘ਤੇ ਟਿਕੀ ਹੋਈ ਹੈ, ਪਰ ਪੰਜਾਬੀ ਬੋਲੀ ਮੀਂਹ ਵਾਂਗ ਹੈ, ਜੋ ਵੱਸ ਕੇ ਸਭ ਨੂੰ ਰੋਮ ਰੋਮ ਤਕ ਭਿਉਂ ਦਿੰਦੀ ਹੈ। ਪਾਕਿਸਤਾਨ ਦੇ ਰੂਹੇ-ਰਵਾਂ ਡਾ. ਸਰ ਮੁਹੰਮਦ ਇਕਬਾਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਿਹਾ ਸੀ, ”ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ। ਹਿੰਦ ਕੋ ਇਕ ਮਰਦੇ-ਕਾਮਿਲ ਨੇ ਜਗਾਇਆ ਖ਼ਵਾਬ ਸੇ।” ਯਾਨੀ ਗੁਰੂ ਨਾਨਕ ਦੇਵ ਜੀ ਕਿਸੇ ਇਕ ਧਰਮ ਦੀ ਲੀਕ ਨਾਲ ਬੰਨ੍ਹੇ ਨਹੀਂ ਗਏ, ਬਲਕਿ ਆਪਣੀ ਰਚਨਾ ਕਾਰਨ ਸਭ ਧਰਮਾਂ ਦੇ ਲੋਕਾਂ ਦੇ ਪੂਜਨੀਕ ਬਣ ਗਏ ਹਨ।
ਬਿਲਕੁਲ ਇਸੇ ਹੀ ਤਰ੍ਹਾਂ ਪੰਜਾਬੀ ਬੋਲੀ ਵੀ ਕਿਸੇ ਧਰਮ ਨਾਲ ਨਹੀਂ ਜੁੜੀ ਹੋਈ, ਬਲਕਿ ਹਰ ਪੰਜਾਬੀ ਦੀ ਪਛਾਣ ਹੈ, ਭਾਵੇਂ ਉਹ ਪਾਕਿਸਤਾਨ ਵਿਚ ਹੈ, ਹਿੰਦੁਸਤਾਨ ਵਿਚ, ਅਰਬ ਵਿਚ, ਰੂਸ ਵਿਚ ਜਾਂ ਅਮਰੀਕਾ ਵਿਚ। ਦੁਨੀਆ ਭਰ ਵਿਚ ਐਸ ਵੇਲੇ 6,800 ਬੋਲੀਆਂ ਪ੍ਰਚਲਿਤ ਹਨ ਤੇ ਇਨ੍ਹਾਂ ਵਿੱਚੋਂ ਹਰ ਪੰਦਰੀਂ ਦਿਨੀਂ ਇਕ ਬੋਲੀ ਖ਼ਤਮ ਹੁੰਦੀ ਜਾ ਰਹੀ ਹੈ। ਕਾਰਨ ਹੈ ਬੋਲੀ ਬੋਲਣ ਵਾਲਿਆਂ ਦਾ ਖ਼ਤਮ ਹੋਣਾ ਜਾਂ ਆਪਣੀ ਬੋਲੀ ਛੱਡ ਕੇ ਦੂਜੀ ਬੋਲੀ ਅਪਣਾ ਲੈਣਾ। ਦੁਨੀਆ ਭਰ ਦੀਆਂ ਪ੍ਰਚਲਿਤ ਬੋਲੀਆਂ ਵਿੱਚੋਂ ਪੰਜਾਬੀ ਬੋਲੀ ਐਸ ਵੇਲੇ ਤੇਰ੍ਹਵੇਂ ਨੰਬਰ ਉੱਤੇ ਪਹੁੰਚੀ ਦੱਸੀ ਜਾਂਦੀ ਹੈ। ਪੰਜਾਬ ਵਿਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਤੋਂ ਕੁਝ ਸ਼ਰਮ ਆਉਣੀ ਸ਼ੁਰੂ ਹੋ ਚੁੱਕੀ ਹੈ। ਇਸੇ ਲਈ ਬੋਲੀ ਦਾ ਬੱਚੇ ਦੇ ਮਾਨਸਿਕ ਵਿਕਾਸ ਉਤੇ ਅਸਰ ਜਾਣੇ ਬਗ਼ੈਰ ਉਹ ਆਪਣੇ ਨਿੱਕੇ ਬੱਚੇ ਨੂੰ ਸਕੂਲ ਦਾਖਲ ਕਰਨ ਤੋਂ ਪਹਿਲਾਂ ਹੀ ਅੰਗਰੇਜ਼ੀ ਜ਼ੁਬਾਨ ਸਿਖਾਉਣ ਵੱਲ ਰੁੱਝ ਗਏ ਹਨ। ਹਰ ਗਲੀ ਵਿਚ ਖੁੱਲ੍ਹੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਇਸ ਦੇ ਗਵਾਹ ਹਨ। ਸਰਕਾਰਾਂ ਤਾਂ ਇਸ ਪੱਖ ਵੱਲੋਂ ਬਿਲਕੁਲ ਬੇ-ਗੌਰੀਆਂ ਹਨ, ਪਰ ਜੇ ਕਿਸੇ ਪੰਜਾਬੀ ਨੂੰ ਮੇਰੇ ਇਸ ਲੇਖ ਰਾਹੀਂ ਮਾਂ-ਬੋਲੀ ਦਾ ਮਹੱਤਵ ਸਮਝ ਆ ਗਿਆ ਹੋਵੇ ਤਾਂ ਉਹ ਸਮਝ ਸਕਦਾ ਹੈ ਕਿ ਉਹ ਆਪਣੇ ਬੱਚੇ ਨਾਲ ਕਿਸ ਤਰ੍ਹਾਂ ਦਾ ਵੈਰ ਕਮਾ ਰਿਹਾ ਹੈ। ਇਸ ਨਾਲ ਇਕ ਪਾਸੇ ਤਾਂ ਉਨ੍ਹਾਂ ਦਾ ਬੱਚਾ ਕਿਸੇ ਵੀ ਜ਼ੁਬਾਨ ਦਾ ਮਾਹਿਰ ਤਾਂ ਬਣ ਹੀ ਨਹੀਂ ਸਕਣ ਲੱਗਾ ਤੇ ਦੂਜੇ ਪਾਸੇ ਪੰਜਾਬੀ ਜ਼ੁਬਾਨ ਦੇ ਅੰਤ ਦਾ ਐਲਾਨ ਕਰਨ ਲੱਗ ਪਿਆ ਹੈ।
ਇਸੇ ਲਈ ਹਰ ਪੰਜਾਬੀ ਨੂੰ ਹੰਭਲਾ ਮਾਰ ਕੇ ਉੱਠਣਾ ਚਾਹੀਦਾ ਹੈ ਕਿ ਉਸ ਦਾ ਬੱਚਾ ਚੌਥੀ ਜਮਾਤ ਤਕ ਤਾਂ ਸਿਰਫ ਪੰਜਾਬੀ ਹੀ ਪੜ੍ਹੇਗਾ ਤਾਂ ਜੋ ਮਾਂ-ਬੋਲੀ ਨਾਲ ਉਸ ਦਾ ਮਾਨਸਿਕ ਵਿਕਾਸ ਠੀਕ ਹੋ ਸਕੇ। ਮਾਂ-ਬੋਲੀ ਦੇ ਪਰਪੱਕ ਹੋ ਜਾਣ ‘ਤੇ ਭਾਵੇਂ ਉਸ ਨੂੰ ਅੰਗਰੇਜ਼ੀ ਸਮੇਤ ਦਸ ਹੋਰ ਭਾਸ਼ਾਵਾਂ ਵੀ ਸਿਖਾ ਦਿੱਤੀਆਂ ਜਾਣ ਤਾਂ ਵੀ ਉਹ ਆਸਾਨੀ ਨਾਲ ਸਿੱਖ ਲਵੇਗਾ। ਹਰ ਪੰਜਾਬੀ ਨੂੰ ਆਪਣੇ ਆਪਣੇ ਕਿੱਤੇ ਵਿਚ ਮਾਹਿਰ ਬਣਨ ਤੋਂ ਬਾਅਦ ਬਾਕੀਆਂ ਨੂੰ ਆਪਣੀ ਮਾਂ-ਬੋਲੀ ਵਿਚ ਉਸ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬੀ ਭਾਸ਼ਾ ਨੂੰ ਹੋਰ ਭਰਪੂਰ ਕੀਤਾ ਜਾ ਸਕੇ ਤੇ ਇਸ ਪਿਆਰੀ ਭਾਸ਼ਾ ਨੂੰ ਕਦੇ ਵੀ ਖ਼ਤਮ ਨਾ ਕੀਤਾ ਜਾ ਸਕੇ, ਖ਼ਾਸਕਰ ਅੰਗਰੇਜ਼ੀ ਨਾਲ ਤਾਂ ਬਿਲਕੁਲ ਨਹੀਂ। ਜੇ ਅਸੀਂ ਪੰਜਾਬੀ ਬੋਲੀ ਦੀ ਇਬਾਦਤ ਕਰਨੀ ਸਿੱਖ ਲਈਏ ਤਾਂ ਅਤਿਕਥਨੀ ਨਹੀਂ ਹੋਵੇਗੀ ਕਿ ਇਹ ਆਪਣੀ ਤੇਰ੍ਹਵੀਂ ਕੁਰਸੀ ਛੱਡ ਕੇ ਉਪਰਲੀਆਂ ਕੁਰਸੀਆਂ ਵੱਲ ਵਧਣਾ ਸ਼ੁਰੂ ਕਰ ਦੇਵੇਗੀ।