ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਸ਼ਬਦ-ਬੋਧ
ਕਾਂਡ 2
ਨਾਉਂ

ਨਾਉਂ – ਜਿਹੜਾ ਸ਼ਬਦ ਕਿਸੇ ਜੀਵ, ਜਗ੍ਹਾ, ਗੁਣ, ਹਾਲਤ ਜਾਂ ਵਸਤੂ ਨੂੰ ਪ੍ਰਗਟ ਕਰੇ, ਉਹਨੂੰ ਨਾਉਂ ਆਖਦੇ ਹਨ। ਜਿਵੇਂ – ਮੁੰਡਾ, ਘੋੜਾ, ਘਰ, ਚੰਡੀਗੜ੍ਹ, ਨੇਕੀ, ਗਰਮੀ, ਕਣਕ, ਬੱਦਲ, ਬਿਮਾਰੀ, ਸਿਹਤ।

ਨਾਵਾਂ ਦੀ ਵੰਡ

ਜਿਹੜਾ ਸ਼ਬਦ ਕਿਸੇ ਜੀਵ, ਜਗ੍ਹਾ, ਗੁਣ, ਹਾਲਤ ਜਾਂ ਵਸਤੂ ਨੂੰ ਪ੍ਰਗਟ ਕਰੇ, ਜਿਸ ਸ਼ਬਦ ਨੂੰ ਸੁਣਿਆਂ ਕਿਸੇ ਜੀਵ, ਜਗ੍ਹਾ, ਗੁਣ, ਹਾਲਤ ਜਾਂ ਵਸਤੂ ਦਾ ਖਿਆਲ ਆਵੇ, ਉਹਨੂੰ ਨਾਉਂ ਕਹਿੰਦੇ ਹਨ। ਚੇਤੇ ਰੱਖੋ ਕਿ

ਕਿਸੇ ਜੀਵ,ਜਗ੍ਹਾ ਆਦਿ ਨੂੰ ਨਾਉਂ ਨਹੀਂ ਆਖੀਦਾ, ਅਤੇ ਨਾ ਹੀ ਉਹਦੇ ਨਾਂ ਨੂੰ। ਅਸੀਂ ਕਿਸੇ ਜੀਵ ਜਾਂ ਸ਼ੈ ਆਦਿ ਵੱਲ ਉਂਗਲ ਕਰ ਕੇ ਨਹੀਂ ਕਹਿ ਸਕਦੇ ਕਿ ਇਹ ਇੱਕ ਨਾਉਂ ਹੈ। ਸਗੋਂ ਨਾਉਂ ਤਾਂ ਉਹ ਸ਼ਬਦ ਹੁੰਦਾ ਹੈ

ਜੋ ਉਸ ਜੀਵ ਜਾਂ ਸ਼ੈ ਆਦਿ ਨੂੰ ਪ੍ਰਗਟ ਕਰਦਾ ਹੈ। ਉਸ ਸ਼ੈ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਨਾਉਂ ਆਖਦੇ ਹਨ।

ਨਾਉਂ ਪੰਜ ਪ੍ਰਕਾਰ ਦੇ ਹੁੰਦੇ ਹਨ – 1) ਖਾਸ ਨਾਉਂ, 2) ਆਮ ਜਾਂ ਜਾਤੀ ਨਾਉਂ, 3) ਇਕੱਠਵਾਚਕ ਨਾਉਂ, 4) ਵਾਸਤਵਾਚਕ ਨਾਉਂ ਤੇ 5) ਭਾਵਵਾਚਕ ਨਾਉਂ।

1) ਖਾਸ ਨਾਉਂ – ਜਿਹੜਾ ਨਾਉਂ ਕਿਸੇ ਖਾਸ ਇੱਕ ਜੀਵ, ਜਗ੍ਹਾ ਜਾਂ ਸ਼ੈ ਲਈ ਵਰਤਿਆ ਜਾਵੇ, ਤੇ ਉਹਨੂੰ ਬਾਕੀ ਸਭ ਨਾਲੋਂ ਵੱਖ ਕਰ ਦੇਵੇ, ਉਹਨੂੰ ਖਾਸ ਨਾਉਂ ਆਖਦੇ ਹਨ, ਜਿਵੇਂ – ਭਗਤ ਸਿੰਘ, ਲਾਜਪਤ ਰਾਏ, ਚੰਡੀਗੜ੍ਹ, ਬਿਆਸ, ਪੰਜਾਬ ਆਦਿ।

2) ਆਮ ਜਾਂ ਜਾਤੀ ਨਾਉਂ – ਜਿਹੜਾ ਨਾਉਂ ਗਿਣਨ-ਯੋਗ ਵਸਤੂਆਂ ਦੀ ਸਾਰੀ ਜਾਤੀ ਲਈ ਅਤੇ ਉਸ ਜਾਤੀ ਦੀ ਹਰੇਕ ਵਸਤੂ ਲਈ ਵਰਤਿਆ ਜਾਵੇ, ਉਹਨੂੰ ਜਾਤੀ ਜਾਂ ਆਮ ਨਾਉਂ ਆਖਦੇ ਹਨ, ਜਿਵੇਂ – ਇਨਸਾਨ, ਬੱਚਾ, ਘੋੜਾ, ਸ਼ੇਰ, ਦਰਿਆ, ਪਹਾੜ, ਸਮੁੰਦਰ, ਸਕੂਲ, ਵਿਦਿਆਰਥੀ, ਕਿਤਾਬ, ਦਵਾਤ, ਘਰ, ਹਵੇਲੀ, ਪਿੰਡ, ਸ਼ਹਿਰ, ਰੁੱਖ, ਅੱਖ, ਕੰਨ, ਪਜਾਮਾ, ਦਰੀ, ਕਮਰਾ।

3) ਇਕੱਠਵਾਚਕ ਨਾਉਂ – ਜਿਹੜਾ ਨਾਉਂ ਜੀਵਾਂ ਜਾਂ ਸ਼ੈਆਂ ਦੇ ਸਮੂਹ ਜਾਂ ਇਕੱਠ ਨੂੰ ਪ੍ਰਗਟ ਕਰੇ, ਉਹਨੂੰ ਇਕੱਠਵਾਚਕ ਨਾਉਂ ਆਖਦੇ ਹਨ, ਜਿਵੇਂ – ਫੌਜ, ਟੀਮ, ਟੋਲੀ, ਜਥਾ, ਸਭਾ, ਕਮੇਟੀ, ਵੱਗ, ਇੱਜੜ, ਡਾਰ, ਹੇੜ, ਜਮਾਤ, ਢੇਰ।

4) ਵਸਤਵਾਚਕ ਨਾਉਂ – ਜਿਹੜਾ ਨਾਉਂ ਤੋਲੀਆਂ, ਮਿਣੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਪ੍ਰਗਟ ਕਰੇ, ਉਹਨੂੰ ਵਸਤਵਾਚਕ ਨਾਉਂ ਆਖਦੇ ਹਨ, ਜਿਵੇਂ –ਸੋਨਾ,  ਚਾਂਦੀ,  ਲੋਹਾ,  ਮਿੱਟੀ,  ਰੇਤ,  ਪੱਥਰ,  ਪਾਣੀ,  ਲੱਕੜ,  ਹੱਡੀ,  ਮਾਸ,  ਚੂਨਾ,  ਸੀਮਿੰਟ, ਕਣਕ, ਖਰਬੂਜ਼ਾ।

ਨੋਟ – ਇੱਕੋ ਸ਼ਬਦ ਵਰਤੋਂ ਅਨੁਸਾਰ ਵਸਤਵਾਚਕ ਨਾਉਂ ਵੀ ਹੋ ਸਕਦਾ ਹੈ ਅਤੇ ਜਾਤੀ ਨਾਉਂ ਵੀ, ਜਿਹਾ ਕਿ – ‘ਇਸ ਦੇਸ ਵਿੱਚ ਗੰਨਾ ਬੜਾ ਹੁੰਦਾ ਹੈ’, ਵਿੱਚ ‘ਗੰਨਾ’ ਵਸਤਵਾਚਕ ਨਾਉਂ ਹੈ, ਪਰ ‘ਮੈਨੂੰ ਇੱਕ ਗੰਨਾ ਦਿਓ’ਵਿੱਚ ‘ਗੰਨਾ’ ਜਾਤੀ ਨਾਉਂ ਹੈ।

5) ਭਾਵ-ਵਾਚਕ ਨਾਉਂ – ਜਿਹੜਾ ਨਾਉਂ ਕਿਸੇ ਗੁਣ, ਹਾਲਤ, ਭਾਵ, ਹੁਨਰ ਜਾਂ ਕਾਰ ਨੂੰ ਪ੍ਰਗਟ ਕਰੇ, ਉਹਨੂੰ ਭਾਵ-ਵਾਚਕ ਨਾਉਂ ਆਖਦੇ ਹਨ, ਜਿਵੇਂ –ਗ਼ੁਲਾਮੀ,  ਸਿਹਤ,  ਚਿਟਿਆਈ,  ਕਮਜ਼ੋਰੀ,  ਪੀੜ,  ਰਾਗ,  ਜੋਤਸ਼,  ਹਾਸਾ,  ਬਾਲਪਨ, ਜਵਾਨੀ, ਬੁਢੇਪਾ, ਦਲੇਰੀ, ਬਿਮਾਰੀ, ਸ਼ਾਂਤੀ, ਗੁੱਸਾ, ਕਰੋਧ, ਹਲੀਮੀ, ਪਿਆਰ, ਦੇਸ-ਭਗਤੀ।

ਭਾਵ-ਵਾਚਕ ਨਾਉਂ ਅਜੇਹੀ ਵਸਤੂ ਨੂੰ ਪ੍ਰਗਟ ਕਰਦਾ ਹੈ ਜਿਸ ਦੀ ਆਪਣੀ ਵੱਖਰੀ ਹਸਤੀ ਕੋਈ ਨਹੀਂ ਹੁੰਦੀ, ਸਗੋਂ ਜਿਹੜੀ ਕਿਸੇ ਜੀਵ ਜਾਂ ਚੀਜ਼ ਵਿੱਚ ਸਮਾਈ ਹੁੰਦੀ ਹੈ ਜਿਵੇਂ – ‘ਕੁਡ਼ੱਤਣ’ ਕੋਈ ਸ਼ੈ ਨਹੀਂ, ਇਹ ਕੌੜੀ ਚੀਜ਼ ਦਾ ਗੁਣ ਹੈ, ‘ਦੁੱਖ, ਸੁੱਖ, ਖੁਸ਼ੀ, ਗ਼ਮੀ’ ਜੀਵਾਂ ਦੇ ਭਾਵ ਹਨ, ਵੱਖ-ਵੱਖ ਸ਼ੈਆਂ ਨਹੀਂ, ‘ਹਾਸਾ, ਰਾਗ, ਪੜ੍ਹਾਈ’ ਜੀਵਾਂ ਦੀ ਕਾਰ ਹਨ, ਵੱਖ-ਵੱਖ ਸ਼ੈਆਂ ਨਹੀਂ।

ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਖਾਸ, ਵਸਤਵਾਚਕ ਅਤੇ ਭਾਵਵਾਚਕ ਨਾਉਂ ਆਮ ਵਰਤੋਂ ਵਿੱਚ ਇੱਕ-ਵਚਨ ਹੁੰਦੇ ਹਨ, ਪਰ ਜਦ ਇਹ ਬਹੁਵਚਨ ਹੋਣ, ਇੱਕ ਤੋਂ ਵੱਧ ਜੀਵਾਂ ਜਾਂ ਸ਼ੈਆਂ ਲਈ ਵਰਤੇ ਜਾਣ, ਤਾਂ ਇਹ ਜਾਤੀ ਨਾਵਾਂ ਦੀ ਤਰਾਂ ਵਰਤੇ ਜਾਂਦੇ ਹਨ। ਜਿਵੇਂ – ਸਾਡੇ ਪਿੰਡ ਵਿੱਚ ਪੰਜ ‘ਭਗਤ ਸਿੰਘ’ ਹਨ। ਉਹਨੂੰ ‘ਪੱਥਰਾਂ’ ਦੀ ਮਾਰ ਪਈ। ਸਾਰੇ ‘ਦੁੱਖਾਂ’ ਦਾ ਦਾਰੂ ਨਾਮ ਹੈ। ਏਥੇ ‘ਬਿਮਾਰੀਆਂ’ ਪਈਆਂ ਹੀ ਰਹਿੰਦੀਆਂ ਹਨ। ਇਹ ‘ਪਿਆਰਾਂ’ ਦੀ ਧਰਤੀ ਹੈ। ਇਹਨਾਂ ਵਾਕਾਂ ਵਿੱਚ ਸ਼ਬਦ ‘ਭਗਤ ਸਿੰਘ’, ‘ਪੱਥਰਾਂ’, ‘ਦੁੱਖਾਂ’, ‘ਬਿਮਾਰੀਆਂ’, ‘ਪਿਆਰਾਂ’ ਜਾਤੀ ਨਾਵਾਂ ਵਾਕੁਰ ਵਰਤੇ ਗਏ ਹਨ।

  1. ਲਿੰਗ

ੳ) ਪੁਲਿੰਗ ਤੇ ਇਸਤਰੀ ਲਿੰਗ – ਸ਼ਬਦਾਂ ਦੇ ਜ਼ਨਾਨੇ-ਮਰਦਾਵੇਂ ਭੇਦ ਨੂੰ ਲਿੰਗ ਆਖਦੇ ਹਨ। ਪੰਜਾਬੀ ਵਿੱਚ ਲਿੰਗ ਦੋ ਹਨ – 1) ਪੁਲਿੰਗ ਤੇ 2) ਇਸਤਰੀ ਲਿੰਗ।

ਮਰਦਾਵੇਂ ਬੋਲ ਦੇ ਸ਼ਬਦ ਪੁਲਿੰਗ ਅਤੇ ਜ਼ਨਾਨੇ ਬੋਲ ਦੇ ਸ਼ਬਦ ਇਸਤਰੀ ਲਿੰਗ ਅਖਵਾਉਂਦੇ ਹਨ। ਜਿਵੇਂ – ‘ਪੁੱਤ, ਗੱਭਰੂ, ਮੇਜ਼, ਕਮਰਾ, ਨਿੱਕਾ, ਵੱਡਾ, ਕੁੱਤਾ, ਕਬੂਤਰ, ਚਰਖਾ, ਪਹਾੜ, ਬੂਟਾ, ਕੋਰਾ, ਮੀਂਹ, ਸੂਰਜ, ਅੰਬ, ਕਰੋਧ, ਗੁੱਸਾ’ ਸਭ ਪੁਲਿੰਗ ਹਨ ਅਤੇ  ‘ਕੁੜੀ,  ਧੀ,  ਮੁਟਿਆਰ,  ਕੁਰਸੀ,  ਕੋਠੀ,  ਨਿੱਕੀ,  ਵੱਡੀ,  ਕੁੱਤੀ,  ਕਬੂਤਰੀ,  ਚਰਖੀ,  ਪਹਾੜੀ, ਬੂਟੀ, ਠੰਢ, ਬਰਫ਼, ਵਰਖਾ, ਧਰਤੀ, ਅੰਬੀ, ਸ਼ਾਂਤੀ, ਹਲੀਮੀ’ ਸਭ ਇਸਤਰੀ ਲਿੰਗ ਹਨ।

ਚੇਤੇ ਰੱਖੋ ਕਿ ਪੁਰਸ਼ਾਂ ਜਾਂ ਨਰਾਂ ਨੂੰ ਪੁਲਿੰਗ ਨਹੀਂ ਆਖਿਆ ਜਾਂਦਾ, ਸਗੋਂ ਨਰ ਜਾਂ ਪੁਰਸ਼ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਪੁਲਿੰਗ ਆਖੀਦਾ ਹੈ। ਇਸੇ ਤਰਾਂ ਇਸਤਰੀਆਂ ਜਾਂ ਮਦੀਨਾਂ ਨੂੰ ਇਸਤਰੀ ਲਿੰਗ ਨਹੀਂ ਕਿਹਾ ਜਾਂਦਾ ਸਗੋਂ ਇਸਤਰੀ ਜਾਂ ਮਦੀਨਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਇਸਤਰੀ ਲਿੰਗ ਕਿਹਾ ਜਾਂਦਾ ਹੈ। ਅਸੀਂ ਕਿਸੇ ਮੁੰਡੇ ਜਾਂ ਮੇਜ਼ ਵੱਲ ਉਂਗਲ ਕਰ ਕੇ ਇਹ ਨਹੀਂ ਕਹਿੰਦੇ ਕਿ ਇਹ ਪੁਲਿੰਗ ਪਿਆ ਹੈ, ਨਾ ਹੀ ਅਸੀਂ ਕਿਸੇ ਕੁਰਸੀ ਜਾਂ ਕੁੜੀ ਵੱਲ ਇਸ਼ਾਰਾ ਕਰ ਕੇ ਕਹਿ ਸਕਦੇ ਹਾਂ ਕਿ ਇਹ ਇਸਤਰੀ ਲਿੰਗ ਹੈ। ਹਾਂ, ਸ਼ਬਦ ‘ਮੁੰਡਾ’ ਤੇ ‘ਮੇਜ਼’ ਪੁਲਿੰਗ ਹਨ ਤੇ ਸ਼ਬਦ ‘ਕੁਰਸੀ’ ਤੇ ‘ਕੁੜੀ’ ਇਸਤਰੀ ਲਿੰਗ ਹਨ।

ਨਾਵਾਂ ਦਾ ਲਿੰਗ ਪਛਾਣਨ ਦਾ ਵੱਡਾ ਗੁਰ ਇਹ ਹੈ ਕਿ ਸ਼ੁੱਧ ਬੋਲੀ ਅਨੁਸਾਰ ਜਿਸ ਨਾਉਂ ਦੇ ਇੱਕ-ਵਚਨ ਰੂਪ ਨਾਲ ‘ਕੰਨਾ-ਅੰਤਿਕ’ ਕਿਰਿਆ ਵਰਤੀ ਜਾ ਸਕੇ, ਉਹ ਪੁਲਿੰਗ ਹੁੰਦਾ ਹੈ ਅਤੇ ਜਿਸ ਦੇ ਇੱਕ-ਵਚਨ ਰੂਪ ਨਾਲ ‘ਬਿਹਾਰੀ-ਅੰਤਿਕ’ ਕਿਰਿਆ ਵਰਤੀ ਜਾਵੇ, ਉਹ ਇਸਤਰੀ ਲਿੰਗ ਹੁੰਦਾ ਹੈ। ਜਿਵੇਂ – ਭਾਰਤ ਆਜ਼ਾਦ ਹੋ ਗਿਆ ਹੈ, ਦੁੱਧ ਕੜ੍ਹ ਗਿਆ ਹੈ, ਬਾਲ ਖੇਡ ਰਿਹਾ ਹੈ, ਮੀਂਹ ਵਰ੍ਹਦਾ ਹੈ। ਵਿੱਚ ‘ਭਾਰਤ’, ‘ਦੁੱਧ’, ‘ਬਾਲ’ ਤੇ ‘ਮੀਂਹ’ਪੁਲਿੰਗ ਹਨ। ਇਸੇ ਤਰਾਂ ਮੁੰਡੇ ਪੜ੍ਹਦੇ ਹਨ, ਕਾਮੇ ਕੰਮ ਕਰਦੇ ਹਨ, ਸ਼ੇਰ ਗੱਜਦੇ ਹਨ, ਵਿੱਚ ‘ਮੁੰਡੇ’, ‘ਕਾਮੇ’ ਤੇ ‘ਸ਼ੇਰ’ ਪੁਲਿੰਗ ਹਨ, ਕਿਉਂਕਿ ਇਹਨਾਂ ਦੇ ਇੱਕਵਚਨ ਰੂਪਾਂ ਨਾਲ ਕਿਰਿਆਵਾਂ ‘ਕੰਨਾ-ਅੰਤਿਕਾ’ ਵਰਤੀਆਂ ਜਾਂਦੀਆਂ ਹਨ, ‘ਮੁੰਡਾ ਪੜ੍ਹਦਾ ਹੈ, ਕਾਮਾ ਕੰਮ ਕਰਦਾ ਹੈ, ਸ਼ੇਰ ਗੱਜਦਾ ਹੈ’।

ਦੂਜੇ ਪਾਸੇ ‘ਆਜ਼ਾਦੀ ਸਭ ਨੂੰ ਪਿਆਰੀ ਲਗਦੀ ਹੈ’, ‘ਫ਼ੌਜ ਹੱਲੇ ਦੀ ਤਿਆਰੀ ਕਰ ਰਹੀ ਹੈ’, ‘ਚਾਹ ਤਿਆਰ ਹੋ ਗਈ ਹੈ’ ਵਿੱਚ ਸ਼ਬਦ ‘ਆਜ਼ਾਦੀ’, ‘ਫ਼ੌਜ’ ਤੇ ‘ਚਾਹ’ ਇਸਤ੍ਰੀ ਲਿੰਗ ਹਨ। ਇਸੇ ਤਰਾਂ ‘ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਬੱਤਖਾਂ ਤਰ ਰਹੀਆਂ ਹਨ, ਸਭ ਸ਼ੈਂਆਂ ਠੀਕ ਥਾਈਂ ਟਿਕੀਆਂ ਹੋਈਆਂ ਹਨ’ ਵਿੱਚ ਸ਼ਬਦ ‘ਖੁਸ਼ੀਆਂ, ਬੱਤਖਾਂ ਤੇ ਸ਼ੈਆਂ’ ਇਸਤ੍ਰੀ ਲਿੰਗ ਹਨ, ਕਿਉਂਕਿ ਇਹਨਾਂ ਦੇ ਇੱਕ ਵਚਨ ਰੂਪਾਂ ਨਾਲ ਕਿਰਿਆਵਾਂ ‘ਬਿਹਾਰੀ-ਅੰਤਿਕ’ ਵਰਤੀਆਂ ਜਾਂਦੀਆਂ ਹਨ – ‘ਖੁਸ਼ੀ ਮਨਾਈ ਜਾ ਰਹੀ ਹੈ, ਬੱਤਖ ਤਰ ਰਹੀ ਹੈ, ਸ਼ੈ ਟਿਕੀ ਹੋਈ ਹੈ’।

ਨੋਟ – ਆਮ ਤੌਰ ਤੇ ਬੇਜਾਨ ਜਾਂ ਨਿਰਜੀਵ ਸ਼ੈਆਂ ਦੇ ਪੁਲਿੰਗ ਰੂਪ ਵਡੇਰੀਆਂ ਤੇ ਇਸਤ੍ਰੀ ਲਿੰਗ ਰੂਪ ਛੁਟੇਰੀਆਂ ਸ਼ੈਆਂ ਪ੍ਰਗਟ ਕਰਦੇ ਹਨ, ਜਿਵੇਂ ਮਟਕਾ-ਮਟਕੀ, ਪਹਾੜ – ਪਹਾੜੀ, ਮੰਜਾ-ਮੰਜੀ, ਸੋਟਾ-ਸੋਟੀ, ਖੂੰਡਾ-ਖੂੰਡੀ,ਟੋਕਰਾ-ਟੋਕਰੀ, ਪੱਥਰ-ਪੱਥਰੀ, ਕੋਠਾ-ਕੋਠੀ।

(ਅ) ਇਸਤ੍ਰੀ ਲਿੰਗ ਬਣਾਉਣ ਦੇ ਨੇਮ – (1) ਮੁਕਤਾ-ਅੰਤਿਕ ਪੁਲਿੰਗ ਨਾਵਾਂ ਤੋਂ – ਮੁਕਤਾ-ਅੰਤਿਕ ਨਾਵਾਂ ਦਾ ਇਸਤ੍ਰੀ ਲਿੰਗ ਬਣਾਉਣ ਲਈ ਉਨ੍ਹਾਂ ਦੇ ਅੱਗੇ ‘ਕੰਨਾ’, ‘ਬਿਹਾਰੀ’, ‘ਣੀ’, ‘ਕੰਨਾ’ ਤੇ ‘ਣੀ’, ‘ੜੀ’ ਜਾਂ ‘ਕੀ’ਵਧਾਇਆ ਜਾਂਦਾ ਹੈ ਜਿਵੇਂ –

1.

ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਉਪਦੇਸ਼ਕ
ਉਪਦੇਸ਼ਿਕਾ
ਨਾਇਕ
ਨਾਇਕਾ
ਅਧਿਆਪਕ
ਅਧਿਆਪਕਾ
ਪਰਚਾਰਕ
ਪਰਚਾਰਕਾ
ਸੰਪਾਦਕ
ਸੰਪਾਦਕਾ
ਪਰਬੰਧਕ
ਪਰਬੰਧਕਾ
ਸੇਵਕ
ਸੇਵਕਾ
ਪ੍ਰੀਤਮ
ਪ੍ਰੀਤਮਾ
ਗਾਇਕ
ਗਾਇਕਾ
ਲੇਖਕ
ਲੇਖਕਾ
2.
ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਹੱਡ
ਹੱਡੀ
ਟੋਪ
ਟੋਪੀ
ਹਰਨ
ਹਰਨੀ
ਤਰਖਾਣ
ਤਰਖਾਣੀ
ਕਬੂਤਰ
ਕਬੂਤਰੀ
ਦਾਸ
ਦਾਸੀ
ਕੁੱਕੜ
ਕੁਕੜੀ
ਪੁੱਤਰ
ਪੁਤਰੀ
ਖੁਰਲ
ਖੁਰਲੀ
ਪਠਾਣ
ਪਠਾਣੀ
ਗਿੱਦੜ
ਗਿਦੜੀ
ਬਾਹਮਣ
ਬਾਹਮਣੀ
ਗੁੱਜਰ
ਗੁਜਰੀ
ਬਾਂਦਰ
ਬਾਂਦਰੀ
ਘੁਮਿਆਰ
ਘੁਮਿਆਰੀ
ਭੂੰਡ
ਭੂੰਡੀ
ਚਮਿਆਰ
ਚਮਿਆਰੀ
ਮੱਛ
ਮੱਛੀ
ਜੱਟ
ਜੱਟੀ
ਲੂੰਬੜ
ਲੂੰਬੜੀ
3.
ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਉਸਤਾਦ
ਉਸਤਾਦਣੀ
ਭਗਤ
ਭਗਤਣੀ
ਊਠ
ਊਠਣੀ
ਭੱਟ
ਭੱਟਣੀ
ਸੱਪ
ਸੱਪਣੀ
ਭੰਡ
ਭੰਡਣੀ
ਸਰਾਫ
ਸਰਾਫਣੀ
ਭੀਲ
ਭੀਲਣੀ
ਸਾਧ
ਸਾਧਣੀ
ਮਹੰਤ
ਮਹੰਤਣੀ
ਸਿੱਖ
ਸਿੱਖਣੀ
ਰਾਗ
ਰਾਗਣੀ
ਕੁੜਮ
ਕੁੜਮਣੀ
ਰਾਜਪੂਤ
ਰਾਜਪੂਤਣੀ
ਗਰੀਬ
ਗਰੀਬਣੀ
ਰਿੱਛ
ਰਿੱਛਣੀ
4.
ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਸਰਦਾਰ
ਸਰਦਾਰਨੀ
ਜਾਦੂਗਰ
ਜਾਦੂਗਰਨੀ
ਸਾਹੂਕਾਰ
ਸਾਹੂਕਾਰਨੀ
ਜਿਮੀਂਦਾਰ
ਜਿਮੀਂਦਾਰਨੀ
ਸੂਬੇਦਾਰ
ਸੂਬੇਦਾਰਨੀ
ਠੇਕੇਦਾਰ
ਠੇਕੇਦਾਰਨੀ
ਸ਼ੇਰ
ਸ਼ੇਰਨੀ
ਫਕੀਰ
ਫਕੀਰਨੀ
ਜਥੇਦਾਰ
ਜਥੇਦਾਰਨੀ
ਬਾਜੀਗਰ
ਬਾਜੀਗਰਨੀ
5.

ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਸੇਠ
ਸੇਠਾਣੀ
ਪਰੋਹਤ
ਪਰੋਹਤਾਣੀ
ਜੇਠ
ਜਿਠਾਣੀ
ਨੌਕਰ
ਨੌਕਰਾਣੀ
ਦੇਉਰ
ਦਰਾਣੀ
ਪੰਡਤ
ਪੰਡਤਾਣੀ
ਮਾਸਟਰ
ਮਾਸਟਰਾਣੀ
ਮਿਹਤਰ
ਮਿਹਤਰਾਣੀ
ਮਿਸ਼ਰ
ਮਿਸ਼ਰਾਣੀ
ਰਾਖਸ਼
ਰਾਖਸ਼ਣੀ
6.
ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਸੰਦੂਕ
ਸੰਦੂਕੜੀ
ਬੁਲਾਕ
ਬੁਲਾਕੜੀ
ਢੋਲ
ਢੋਲਕੀ
ਲਾਲ
ਲਾਲੜੀ
ਬਾਲ
ਬਾਲੜੀ
ਸੂਤ
ਸੂਤੜੀ

(2) ਕੰਨਾ- ਅੰਤਿਕਾ ਪੁਲਿੰਗ ਨਾਵਾਂ ਤੋਂ – ਕੰਨਾ ਅੰਤਿਕ ਪੁਲਿੰਗ ਨਾਵਾਂ ਤੋਂ ਇਸਤ੍ਰੀ ਲਿੰਗ ਬਣਾਉਣ ਲਈ ਕੰਨੇ ਦੀ ਥਾਂ ਬਿਹਾਰੀ ‘ਣ’, ‘ਨ’ ਜਾਂ ‘ਣੀ’ ਲਾਈ ਜਾਂਦੀ ਹੈ ਅਤੇ ਕਈ ਵੇਰ ਕੰਨਾ ਹਟਾ ਵੀ ਦਿੱਤਾ ਜਾਂਦਾ ਹੈ, ਜਿਵੇਂ

ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਆਰਾ
ਆਰੀ
ਚਰਖਾ
ਚਰਖੀ
ਸੁਨਿਆਰਾ
ਸੁਨਿਆਰੀ
ਚਾਚਾ
ਚਾਚੀ
ਹਰਨਾਮ
ਹਰਨਾਮੀ
ਬੋਤਾ
ਬੋਤੀ
ਕੁੜਤਾ
ਕੁੜਤੀ
ਮਹਿਰਾ
ਮਹਿਰੀ
ਘੋੜਾ
ਘੋੜੀ
ਰਾਖਾ
ਰਾਖਈ
ਸੱਕਾ
ਸੱਕਣ
ਭਠਿਆਰਾ
ਭਠਿਆਰਨ
ਸਪੇਰਾ
ਸਪੇਰਨ
ਲੁਟੇਰਾ
ਲੁਟੇਕਨ
ਘਸਿਆਰਾ
ਘਸਿਆਰਨ
ਚੀਨਾ
ਚੀਨਣ
ਦੁਆਬੀਆ
ਦੁਆਬਣ
ਪਹਾੜੀਆ
ਪਹਾੜਨ
ਪੂਰਬੀਆ
ਪੂਰਬਿਆਣੀ
ਬਾਗੜੀਆ
ਬਾਗੜਿਆਣੀ
ਕੋਠਾ
ਕੋਠੜੀ
ਬੱਤਖਾ
ਬੱਤਖ
ਸੰਢਾ
ਸੰਢ
ਮਹਿੰਮਾ
ਮਹਿੰ

(3) ਬਿਹਾਰੀ ਅੰਤਿਕ ਪੁਲਿੰਗ ਨਾਵਾਂ ਤੋਂ – ਬਿਹਾਰੀ ਅੰਤਿਕ ਪੁਲਿੰਗ ਨਾਵਾਂ ਤੋਂ ਇਸਤ੍ਰੀ ਲਿੰਗ ਨਾਉਂ ਬਣਾਉਣ ਲਈ ਬਿਹਾਰੀ ਦੀ ਥਾਂ ‘ਨ’. ‘ਣੀ’, ‘ਨੀ’ ਜਾਂ ‘ਆਣੀ’ ਲਾਈ ਜਾਂਦੀ ਹੈ ਜਿਵੇਂ

ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਅਕਾਲੀ
ਅਕਾਲਣ
ਸ਼ੁਦਾਈ
ਸ਼ੁਦਾਇਣ
ਸਾਥੀ
ਸਾਥਣ
ਸੋਗੀ
ਸੋਗਣ
ਹਲਵਾਈ
ਹਲਵਾਇਣ
ਪਟਵਾਰੀ
ਪਟਵਾਰਨ
ਕਸਾਈ
ਕਸਾਇਣ
ਖਿਡਾਰੀ
ਖਿਡਾਰਨ
ਗਿਆਨੀ
ਗਿਆਨਣ
ਦਰਜ਼ੀ
ਦਰਜ਼ਨ
ਗੁਆਂਢੀ
ਗੁਆਂਢਣ
ਦਰਬਾਰੀ
ਦਰਬਾਰਣ
ਤੇਲੀ
ਤੇਲਣ
ਹਾਥੀ
ਹਥਣੀ
ਧੋਬੀ
ਧੋਬਣ
ਸੂਫੀ
ਸੂਫਿਆਣੀ
ਨਾਈ
ਨਾਇਣ,ਨੈਣ
ਸੇਠੀ
ਸਠਿਆਣੀ
ਪਾਠੀ
ਪਾਠਣ
ਸੋਢੀ
ਸੋਢਿਆਣੀ
ਬੈਰਾਗੀ
ਬੈਰਾਗਣ
ਸੰਤਰੀ
ਸੰਤਰਾਣੀ
ਭੋਗੀ
ਭੋਗਣ
ਭੰਡਾਰੀ
ਭੰਡਾਰਨ
ਮਾਲੀ
ਮਾਲਣ
ਮਦਾਰੀ
ਮਦਾਰਨ
ਮਰਾਸੀ
ਮਰਾਸਣ
ਲਿਖਾਰੀ
ਲਿਖਾਰਨ
ਮੇਲੀ
ਮੇਲਣ
ਪਤੀ
ਪਤਨੀ
ਮੋਚੀ
ਮੋਚਣ
ਖੱਤਰੀ
ਖੱਤਰਾਣੀ
ਰਾਈਂ
ਰਾਇਂਣ
ਚੋਧਰੀ
ਚੋਧਰਾਣੀ
ਰੋਗੀ
ਰੋਗਣ
ਭਾਈ
ਭਾਈਆਣੀ
ਹਾਣੀ
ਹਾਣਨ
ਮਾਂਦਰੀ
ਮਾਂਦਰਣੀ

(4) ਔਂਕੜ ਜਾਂ ਦੂਲੈਂਕੜੇ ਅੰਤਿਕ ਪੁਲਿੰਗ ਨਾਵਾਂ ਤੇ – ਔਂਕੜ ਜਾਂ ਦੂਲੈਂਕੜ ਨਾਵਾਂ ਤੋਂ ਇਸਤ੍ਰੀ ਲਿੰਗ ਨਾਉਂ ਬਣਾਉਣ ਲਈ ‘ਆਣੀ’ ਲਾਇਆ ਜਾਂਦਾ ਹੈ। ਦੂਲੈਂਕੜੇ-ਅੰਤਿਕ ਪੁਲਿੰਗ ਨਾਵਾਂ ਤੋਂ ਇਸਤ੍ਰੀ ਲਿੰਗ ਨਾਉਂ ਬਣਾਉਣ ਲਈ ਦੂਲੈਂਕੜੇ ਦੀ ਥਾਂ ਹੋੜਾ ‘ਣ’, ‘ਣੀ’, ‘ਆਣੀ’ ਜਾਂ ‘ਵਾਣੀ’ ਲਾਇਆ ਜਾਂਦਾ ਹੈ ਜਿਵੇਂ –

ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਰਾਉ
ਰਾਉਆਣੀ
ਕਰਮੂ
ਕਰਮੋ
ਸਹਿਜੂ
ਸਹਿਜੋ
ਖਿਡਾਰੂ
ਖਿਡਾਰੋ
ਹਿਸਾਬੂ
ਹਿਸਾਬੋ
ਛੋਟੂ
ਛੋਟੋ
ਕਰਤਾਰੂ
ਕਰਤਾਰੋ
ਝਗੜਾਲੂ
ਝਗੜੇਲੂ
ਥਿੜਕੂ
ਥਿੜਕੋ
ਟਹਿਲੂ
ਟਹਿਲਣ
ਦਾਤੂ
ਦਾਤੋ
ਭਿਖਸ਼ੂ
ਭਿਖਸ਼ਣ
ਪੜ੍ਹਾਕੂ
ਪੜ੍ਹਾਕੋ
ਮੌਜੂ
ਮੌਜਣ
ਪੇਟੂ
ਪੇਟੋ
ਆਗੂ
ਆਗੂਆਣੀ
ਫਿਰਤੂ
ਫਿਰਤੋ
ਸਾਊ
ਸੁਆਣੀ
ਭੌਂਦੂ
ਭੌਂਦੋ
ਹਿੰਦੂ
ਹਿੰਦੂਆਣੀ
ਮੋਟੂ
ਮੋਟੋ
ਕਾਂਉਂ
ਕਾਂਉਂਆਣੀ
ਰੀਸੂ
ਰੀਸੋ
ਪੇਂਡੂ
ਪੇਂਡੂਆਣੀ
ਲੜਾਕੂ
ਲੜਾਕੋ
ਭਰਮਾਉ
ਭਰਮਾਉਣੀ
ਸੁੱਥੂ
ਸੁੱਥਣ
ਯਰਕਾਉ
ਯਰਕਾਉਣੀ
ਜਗਿਆਸੂ
ਜਗਿਆਸਣ
ਲੜਾਕੂ
ਲੜਾਕਣ

(5) ਫੁਟਕਲ – (ੳ) ਦੋਹਾਂ ਲਿੰਗਾਂ ਲਈ ਵੱਖਰੇ-ਵੱਖਰੇ ਸ਼ਬਦ

ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਸਹੁਰਾ
ਸੱਸ
ਪਿਉ
ਮਾਂ
ਸਾਹਬ
ਮੇਮ
ਪਿਤਾ
ਮਾਤਾ
ਸਾਂਢੂ
ਸਾਲੀ
ਪੁੱਤ
ਧੀ
ਖ਼ਸਮ
ਰੰਨ
ਨਰ
ਨਾਰੀ
ਗੱਭਰੂ
ਮੁਟਿਆਰ
ਪੁਰਖ
ਇਸਤ੍ਰੀ
ਟੱਟੂ
ਟੈਰ
ਫੁੱਫੜ
ਭੂਆ
ਜਵਾਈ
ਧੀ
ਬਲਦ
ਗਊ
ਜਿਠੁੱਤਰ
ਜਿੱਠੀ
ਬਾਦਸ਼ਾਹ
ਮਲਕਾ
ਦਿਰੁੱਤਰ
ਦਿਰੀ
ਬਾਪ
ਮਾਈ
ਦੇਉ
ਪਰੀ
ਭਰਾ
ਭੈਣ
ਦੇਵਤਾ
ਦੇਵੀ
ਮਰਦ
ਤੀਵੀਂ
ਨਵਾਬ
ਬੇਗ਼ਮ
ਮੁੰਡਾ
ਕੁੜੀ

(ਅ) ਦੋ-ਦੋ ਪੁਲਿੰਗ ਤੇ ਦੋ-ਦੋ ਇਸਤ੍ਰੀ ਲਿੰਗ ਪਰ ਅਰਥ ਵੱਖੋ-ਵੱਖਰੋ

ਪੁਲਿੰਗ
ਇਸਤ੍ਰੀ ਲਿੰਗ
ਵਹੁਟੀ
ਬਰਾਬਰ ਦੀ
ਉਪਦੇਸ਼ਕ
ਉਪਦੇਸ਼ਣ
ਉਪਦੇਸ਼ਕਾ
ਅਧਿਆਪਕ
ਅਧਿਆਪਕਣ
ਅਧਿਆਪਕਾ
ਸਾਲਾ
ਸਾਲੇਹਾਰ
ਸਾਲੀ
ਪੰਡਤ
ਪੰਡਤਾਣੀ
ਪੰਡਿਤਾ
ਪੁੱਤਰ
ਨੌਂਹ
ਧੀ, ਪੁੱਤਰੀ
ਭਰਾ
ਭਰਜਾਈ
ਭੈਣ

ਪੁਲਿੰਗ
ਇਸਤ੍ਰੀ ਲਿੰਗ
ਪਤੀ
ਬਰਾਬਰ ਦਾ
ਸਾਲੀ
ਸਾਢੂ
ਸਾਲਾ
ਧੀ
ਜਵਾਈ
ਪੁੱਤ
ਪੁੱਤਰੀ
ਜਵਾਈ
ਪੁੱਤਰ
ਭੈਣ
ਭਣਵਈਆ
ਭਰਾ
ਭੂਆ
ਫੁੱਫੜ
ਚਾਚਾ,ਤਾਇਆ

(ੲ) ਇਸਤ੍ਰੀ ਲਿੰਗ ਤੋਂ ਬਣੇ ਪੁਲਿੰਗ

ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਅਰਦਾਸ
ਅਰਦਾਸਾ
ਠੀਕਰੀ
ਠੀਕਰਾ
ਇੱਟ
ਇੱਟਾ
ਨਣਦ
ਨਣਦੋਈਆ
ਇੱਲ
ਇੱਲਾ
ਨਿਨਾਣ
ਨਿਨਾਣਵਈਆ
ਸੰਢ
ਸੰਢਾ
ਪੱਗ
ਪੱਗੜ
ਕੱਛ
ਕੱਛਾ,ਕਛਹਿਰਾ
ਪੱਠ
ਪਠੋਰਾ
ਕਾਰ
ਕਾਰਾ
ਫੁੱਫੀ
ਫੁੱਫੜ
ਖੱਚਰ
ਖਚਰਾ
ਬੱਤਖ
ਬੱਤਖਾ
ਖੁੰਡ
ਖੰਡਾ
ਭੇਡ
ਭੇਡੂ
ਗੱਡ
ਗੱਡਾ
ਭੈਣ
ਭੈਣਵਈਆ
ਗਰਦ
ਗਰਦਾ
ਮਹਿੰ
ਮਹਿੰਆ
ਗਾਰ
ਗਾਰਾ
ਮਤ
ਮਤਾ
ਚਾਹ
ਚਾਹਟਾ
ਮਾਸੀ
ਮਾਸੜ
ਚੋਗ
ਚੋਗਾ
ਰੇਤ
ਰੇਤਾ
ਜੋਤ
ਜੋਤਾ
ਲਾਗ
ਲਾਗਾ
ਟੈਰ
ਟੈਰਾ
ਵਹਿੜ
ਵਹਿੜਕਾ

(ਸ) ਇਸਤ੍ਰੀ ਲਿੰਗ ਸਧਾਰਨ ਜਾਂ ਛੁਟੇਰੇ ਅਤੇ ਪੁਲਿੰਗ ਵਡੇਰੇ ਜਾਂ ਸਧਾਰਨ ਤੋਂ ਵਧੇਰੇ ਆਕਾਰ ਪ੍ਰਗਟ ਕਰਨ ਵਾਲੇ –

ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਉੱਖਲੀ
ਉੱਖਲ
ਛੁਰੀ
ਛੁਰਾ
ਆਰੀ
ਆਰਾ
ਜੁੱਤੀ
ਜੁੱਤਾ
ਆਵੀ
ਆਵਾ
ਟੋਕਰੀ
ਟੋਕਰਾ
ਸਿੱਪੀ
ਸਿੱਪ
ਤੱਕੜੀ
ਤੱਕੜ
ਸੋਟੀ
ਸੋਟਾ
ਦਾਤੀ
ਦਾਤ
ਹੱਟੀ
ਹੱਟ
ਦੌਰੀ
ਦੌਰਾ
ਕਾੜ੍ਹਨੀ
ਕਾੜ੍ਹਨਾ
ਪੱਖੀ
ਪੱਖਾ
ਕੁੰਡੀ
ਕੁੰਡਾ
ਬਾਟੀ
ਬਾਟਾ
ਕੈਂਚੀ
ਕੈਂਚ
ਬੂਟੀ
ਬੂਟਾ
ਖੁਰਲੀ
ਖੁਰਲ
ਭੱਠੀ
ਭੱਠਾ
ਘੜੀ
ਘੜਾ
ਰੰਬੀ
ਰੰਬਾ

(ਹ) ਕਈ ਸ਼ਬਦ ਅਜੇਹੇ ਹਨ ਕਿ ਉਹਨਾਂ ਦਾ ਮੂਲ ਰੂਪ ਇਸਤ੍ਰੀ ਲਿੰਗ ਹੈ, ਜਿਸ ਤੋਂ ਪੁਲਿੰਗ ਰੂਪ ਬਣਿਆ ਹੈ। ਫੇਰ ਇਸ ਪੁਲਿੰਗ ਤੋਂ ਅਗਾਂਹ ਹੋਰ ਇਸਤ੍ਰੀ ਲਿੰਗ ਰੂਪ ਬਣ ਗਿਆ ਹੈ। ਦੋਹਾਂ ਇਸਤ੍ਰੀ ਲਿੰਗ ਰੂਪਾਂ ਦੇ ਅਰਥਾਂ ਵਿੱਚ ਕਾਫੀ ਫਰਕ ਹੈ। ਕੁਝ ਅਜੇਹੇ ਸ਼ਬਦ ਹੇਠਾਂ ਦਿੱਤੇ ਹਨ –

ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਸੰਢ
ਸੰਢਾ
ਸੰਢੀ
ਕੱਛ
ਕੱਛਾ
ਕੱਛੀ
ਗੱਡ
ਗੱਡਾ
ਗੱਡੀ
ਗੰਢ
ਗੰਢਾ
ਗੰਢੀ
ਠੀਕਰ
ਠੀਕਰਾ
ਠੀਕਰੀ
ਡੱਡ
ਡੱਡੂ
ਡੱਡੀ
ਭੱਠ
ਭੱਠਾ
ਭੱਠੀ
ਮੱਖ
ਮੱਖਾ
ਮੱਖੀ

(ਕ) ਸਹੁਰੇ ਸਾਕਾਂ ਦੇ ਪੁਲਿੰਗ ਤੇ ਇਸਤ੍ਰੀ ਲਿੰਗ ਨਾਉਂ

ਪੁਲਿੰਗ
ਇਸਤ੍ਰੀ ਲਿੰਗ
ਪੁਲਿੰਗ
ਇਸਤ੍ਰੀ ਲਿੰਗ
ਸਹੁਰਾ
ਸੱਸ
ਪਤਿਆਹੁਰਾ
ਪਤੀਹਸ
ਸਾਲਾ
ਸਾਲੇਹਾਰ
ਫੁਫਿਆਹੁਰਾ
ਫੁਫੇਹਸ
ਦਦਿਆਹੁਰਾ
ਦਦੇਹਸ
ਮਸਿਆਹੁਰਾ
ਮਸੇਹਸ
ਨਨਿਆਹੁਰਾ
ਨਨੇਹਸ
ਮਮਿਆਹੁਰਾ
ਮਮੇਹਸ

(ਖ) ਨਿਰੇ ਇਸਤ੍ਰੀ ਲਿੰਗ ਜਾਂ ਨਿਰੇ ਪੁਲਿੰਗ ਨਾਉਂ

ਇਸਤ੍ਰੀ ਲਿੰਗ – ਉੱਲੀ,  ਅੱਗ,  ਇਮਾਰਤ,  ਸਲੇਟ,  ਸ਼ਾਂਤੀ,  ਸੀਤ,  ਹਵਾ,  ਹਿੰਮਤ,  ਕਿਸਮਤ,  ਕੰਧ,  ਗਰਮੀ, ਚੁਗਾਠ, ਛਾਂ, ਜੀਭ, ਝੀਲ, ਟਾਹਲੀ, ਠੋਕਰ, ਦਲੇਰੀ, ਧਰਤੀ, ਧੁੱਪ, ਨੇਕੀ, ਪੌਣ, ਫਸਲ, ਬਰਫ, ਭੌਂ, ਮਿਠਾਸ, ਰੁੱਤ, ਆਦਿ।

ਪੁਲਿੰਗ – ਅਸਮਾਨ, ਅਨਾਜ. ਆਕਾਸ਼,  ਸੂਰਜ,  ਹੰਕਾਰ,  ਕਰੋਧ,  ਕਲੇਸ਼,  ਗੁੱਗਲ,  ਗੁੜ,  ਘਰ,  ਚੂਨਾ,  ਜਲ, ਝਗੜਾ, ਟਰੰਕ, ਬੰਬ, ਮੀਂਹ, ਰਥ, ਰੁੱਖ ਆਦਿ।

(ਗ) ਦੋਹਾਂ ਲਿੰਗਾਂ ਦੇ ਰੂਪ ਪਰ ਅਰਥ ਵੱਖੋ-ਵੱਖਰੇ ਹਾਰ, ਪੱਤ, ਫੁੱਟ, ਬਾਣ, ਭਾਨ, ਵੱਟ, ਵੰਡ, ਵੱਲ, ਵਾਰ ਆਦਿ।

3) ਵਚਨ

ਇੱਕ ਜਾਂ ਇੱਕ ਤੋਂ ਵਧ ਦੇ ਫਰਕ ਨੂੰ ਵਚਨ ਆਖਦੇ ਹਨ। ਵਚਨ ਦੋ ਹੁੰਦੇ ਹਨ। ਨਾਵਾਂ ਦਾ ਜਿਹੜਾ ਰੂਪ ਇਕ ਸ਼ੈ ਜਾਂ ਜੀਵ ਪ੍ਰਗਟ ਕਰੇ ਉਹਨੂੰ ਵਚਨ ਕਹਿੰਦੇ ਹਨ। ਜਿਵੇਂ ਸ਼ੀਸ਼ਾ, ਕਾਕਾ, ਬਿੱਲੀ, ਰਸਤਾ, ਕੁਰਸੀ। ਨਾਵਾਂ ਦਾ ਜਿਹੜਾ ਰੂਪ ਇਕ ਤੋਂ ਵੱਧ ਸ਼ੈਆਂ ਜਾਂ ਜੀਆਂ ਨੂੰ ਪ੍ਰਗਟ ਕਰੇ ਉਹਨੂੰ ਬਹੁਵਚਨ ਆਖਦੇ ਹਨ। ਜਿਵੇਂ ਸ਼ੀਸ਼ੇ, ਕਾਕੇ, ਬਿੱਲੀਆਂ, ਰਸਤੇ, ਕੁਰਸੀਆਂ।

ਬਹੁਵਚਨ ਬਣਾਉਣ ਦੇ ਨੇਮ

(1) ਪੁਲਿੰਗ ਨਾਉਂ – (ੳ) ਜਿਨ੍ਹਾਂ ਪੁਲਿੰਗ ਨਾਵਾਂ ਦੇ ਅੰਤ ਵਿੱਚ ਕੰਨਾ ਹੋਵੇ, ਉਹਨਾਂ ਦਾ ਬਹੁਵਚਨ ਕੰਨੇ ਦੀ ਥਾਂ ਲਾਂ ਲਾਇਆ ਜਾਂਦਾ ਹੈ। ਜਿਵੇਂ  ਸੋਟਾ – ਸੋਟੇ, ਕਾਕਾ – ਕਾਕੇ, ਖੋਤਾ – ਖੋਤੇ, ਘੋੜਾ – ਘੋੜੇ, ਫੱਟਾ – ਫੱਟੇ।

ਨੋਟ – ਕਈ ਕੰਨਾ-ਅੰਤਿਕਾ ਪੁਲਿੰਗ ਨਾਵਾਂ ਦਾ ਦੋਹਾਂ ਵਚਨਾਂ ਵਿੱਚ ਇੱਕੋ ਰੂਪ ਹੁੰਦਾ ਹੈ ਜਿਵੇਂ – ਸੁਭਾੱ,  ਚਾੱ,  ਦਰਿਆ,  ਪਿਤਾ,  ਭਰਾ।

(ਅ) ਜਿਨ੍ਹਾਂ ਪੁਲਿੰਗ ਨਾਵਾਂ ਦੇ ਅੰਤ ਵਿੱਚ ਕੰਨਾ ਹੁੰਦਾ ਹੈ, ਉਨ੍ਹਾਂ ਦੇ ਬਹੁਵਚਨ ਦਾ ਰੂਪ ਇੱਕ ਵਚਨ ਵਾਲਾ ਹੀ ਹੁੰਦਾ ਹੈ ਜਿਵੇਂ – ਅਸਮਾਨ,  ਅਸਰ,  ਸੱਪ,  ਕੁੱਕੜ,  ਕੋਹ,  ਖੇਤ,  ਖਾਲ,  ਗੁਣ,  ਘਰ,  ਚੋਰ,  ਜੱਗ,  ਠੁੱਡ,  ਥੇਹ, ਦਰਬਾਰ, ਨਸੀਬ, ਹਾਥੀ, ਤੇਲੀ, ਦਰਜ਼ੀ, ਧੋਬੀ, ਬੇਲੀ, ਮੇਲੀ, ਲਲਾਰੀ, ਵਾਗੀ, ਸਾਊ, ਡੱਡੂ, ਡਾਕ, ਦਾਰੂ, ਪੇਂਡੂ, ਲੱਡੂ, ਖਿੱਦੋ, ਘਿਉ, ਪਿਉ। ‘ਤੇਲੀ’ ਆਪੋ ਆਪਣੇ ‘ਕੋਹਲੂ’ ਚਲਾ ਕੇ ਤੇਲ ਕੱਢ ਰਹੇ ਹਨ। ਮੇਰੇ ‘ਬੇਲੀ’ ਚਾਰ ‘ਕੁੱਕੜ’ ਲਿਆਏ ਹਨ ਤੇ ਵੀਹ ‘ਕੋਹ’ ਤੁਰ ਕੇ ਆਏ ਹਨ। ਕਈਆਂ ਦੇ ‘ਘਰ’ ‘ਚੋਰ’ ਲੁੱਟ ਕੇ ਲੈ ਗਏ। ਚੰਗੇ ‘ਗੁਣ’ ਸਿਖੋ ਤਾਂ ਤੁਹਾਡੇ ‘ਨਸੀਬ’ ਜਾਗ ਪੈਣਗੇ। ‘ਦਰਜ਼ੀ’ ਕੱਪੜੇ ਸੀਊਂਦੇ ਤੇ ‘ਧੋਬੀ’ ਕੱਪੜੇ ਧੋਂਦੇ ਹਨ।

(2) ਇਸਤ੍ਰੀ ਲਿੰਗ ਨਾਉਂ – (ੳ) ਜਿਨ੍ਹਾਂ ਇਸਤ੍ਰੀ ਲਿੰਗ ਨਾਵਾਂ ਦੇ ਅਖੀਰ ਵਿੱਚ ਬਿਹਾਰੀ, ਔਂਕੜ, ਦੁਲੈਂਕੜੇ, ਦੁਲਾਈਆਂ ਜਾਂ ਕਨੌੜਾ ਹੋਵੇ, ਉਹਨਾਂ ਦਾ ਬਹੁਵਚਨ, ‘ਆਂ’ ਵਧਾਉਣ ਨਾਲ ਬਣਦਾ ਹੈ, ਜਿਵੇਂ –
ਬਿਹਾਰੀ ਅੰਤਿਕ

ਸਖੀ – ਸਖੀਆਂ, ਸਾਖੀ – ਸਾਖੀਆਂ, ਹਰਨੀ – ਹਰਨੀਆਂ, ਕੁਰਸੀ – ਕੁਰਸੀਆਂ, ਗਲੀ – ਗਲੀਆਂ, ਘੜੀ – ਘੜੀਆਂ, ਚੌਂਕੀ – ਚੌਂਕੀਆਂ, ਜੁੱਤੀ – ਜੁੱਤੀਆਂ, ਟੋਪੀ – ਟੋਪੀਆਂ, ਪੋਥੀ, ਪੋਥੀਆਂ, ਮਾਮੀ – ਮਾਮੀਆਂ, ਰਾਖੀ –ਰਾਖੀਆਂ।

ਔਂਕੜ ਅਤਿੰਕ
ਸਹੁੰ – ਸਹੁੰਆਂ, ਰਹੁ – ਰਹੁਆਂ, ਵਿਹੁ – ਵਿਹੁਆਂ।

ਦੁਲੈਂਕੜੇ ਅਤਿੰਕ
ਸੂ – ਸੂਆਂ, ਖੂ – ਖੂਆਂ, ਜੂੰ – ਜੂੰਆਂ, ਜੋਰੂ, ਜੋਰੂਆਂ, ਪੀਲੂੰ – ਪੀਲੂੰਆਂ, ਬੂ – ਬੂਆਂ, ਵਸਤੂ – ਵਸਤੂਆਂ।

ਹੋੜਾ ਅੰਤਿਕ
ਸੋ – ਸੋਆਂ, ਕੰਨਸੋ – ਕੰਨਸੋਆਂ, ਖੋ – ਖੋਆਂ, ਗੋ – ਗੋਆਂ, ਨਖਰੇਲੋ – ਨਖਰੇਲੋਆਂ, ਬੋ – ਬੋਆਂ, ਬਦਬੋ – ਬਦਬੋਆਂ, ਭੋਂ – ਭੋਂਆਂ, ਮਾਖੋ – ਮਾਖੋਆਂ, ਮਾਣੋਂ – ਮਾਣੋਂਆਂ, ਲੋ – ਲੋਆਂ।

ਕਨੌੜਾ ਅਤਿੰਕ
ਚੌ –ਚੌਆਂ, ਰੌ – ਰੌਆਂ, ਗੌਂ – ਗੌਂਆਂ।

(ਅ) ਜਿਨ੍ਹਾਂ ਇਸਤ੍ਰੀ ਲਿੰਗ ਨਾਵਾਂ ਦਾ ਅਖੀਰਲਾ ਅੱਖਰ ਮੁਕਤਾ ਹੁੰਦਾ ਹੈ, ਉਹਨਾਂ ਦਾ ਬਹੁਵਚਨ ਬਿੰਦੀ ਵਾਲਾ ਕੰਨਾ ਜਾਂ ਬਿੰਦੀ ਵਾਲੀ ਬਿਹਾਰੀ ਲਾਉਣ ਨਾਲ ਬਣਦਾ ਹੈ। ਜਿਵੇਂ ਸੀਖ – ਸੀਖਾਂ, ਕਸਰ – ਕਸਰਾਂ (ਕਸਰੀਂ), ਕੰਧ – ਕੰਧਾਂ (ਕੰਧੀ), ਕਪਾਹ – ਕਪਾਹਾਂ (ਕਪਾਹੀਂ), ਗੁੱਤ – ਗੁੱਤਾਂ, ਟੀਮ – ਟੀਮਾਂ, ਠੋਕਰ – ਠੋਕਰਾਂ, ਢੀਮ – ਢੀਮਾਂ, ਤਰ – ਤਰਾਂ, ਦਾਲ – ਦਾਲਾਂ (ਦਾਲੀਂ), ਧਾਹ – ਧਾਹਾਂ (ਧਾਹੀਂ), ਨੁੱਕਰ – ਨੁੱਕਰਾਂ, ਨੋਂਹ – ਨੋਂਹਾਂ, ਬੋਤਲ – ਬੋਤਲਾਂ, ਮੱਝ – ਮੱਝਾਂ (ਮੱਝੀਆਂ), ਰੰਨ – ਰੰਨਾਂ (ਰੰਨੀਂ), ਵਹਿੜ – ਵਹਿੜਾਂ, ਵੀਹ –ਵੀਹਾਂ।
ਪਰ ਜਿਨ੍ਹਾਂ ਇਸਤ੍ਰੀ ਲਿੰਗ ਨਾਵਾਂ ਦੇ ਅੰਤ ਵਿੱਚ ‘ਹ’ ਮੁਕਤਾ ਹੋਵੇ ਉਹਨਾਂ ਦਾ ਬਹੁਵਚਨ ਕਈ ਵੇਰ ‘ਵਾਂ’ ਜਾਂ ਫਿਰ ਬਿੰਦੀ ਵਾਲੀ ਬਿਹਾਰੀ ਵਧਾਉਣ ਨਾਲ ਵੀ ਬਣਦਾ ਹੈ। ਜਿਵੇਂ – ਕਪਾਹ ਤੋਂ ਕਪਾਹਵਾਂ, ਕਪਾਹੀਂ, ਗੋਹ ਤੋਂ ਗੋਹਾਂ, ਚਰਾਗਾਹ ਤੋਂ ਚਰਾਗਾਹਵਾਂ, ਜੂਹ ਤੋਂ ਜੂਹਵਾਂ, ਧਾਹ ਤੋਂ ਧਾਹਵਾਂ, ਵਾਹ ਤੋਂ ਵਾਹਵਾਂ, ਵਾਹੀਂ।

(ੲ) ਜਿਨ੍ਹਾਂ ਇਸਤ੍ਰੀ ਲਿੰਗ ਨਾਵਾਂ ਦੇ ਅੰਤ ਵਿੱਚ ਕੰਨਾ ਹੋਵੇ ਉਹਨਾਂ ਤੋਂ ਬਹੁਵਚਨ ‘ਵਾ’ ‘ਈ’ ਵਧਾਇਆਂ ਬਣਦਾ ਹੈ, ਜਿਵੇਂ ਉਪਦੇਸ਼ਕਾ – ਉਪਦੇਸ਼ਕਾਵਾਂ, ਅਧਿਆਪਕਾ – ਅਧਿਆਪਕਾਵਾਂ, ਸਭਾ – ਸਭਾਵਾਂ, ਸੇਵਾ –ਸੇਵਾਵਾਂ,  ਸੇਵਕਾ – ਸੇਵਕਾਵਾਂ,  ਹਵਾ – ਹਵਾਵਾਂ (ਹਵਾਈਂ), ਕਥਾ – ਕਥਾਵਾਂ, ਕਵਿਤਾ – ਕਵਿਤਾਵਾਂ, ਕਿਰਿਆ – ਕਿਰਿਆਵਾਂ,  ਘਟਨਾ – ਘਟਨਾਵਾਂ,  ਬਲਾ – ਬਲਾਵਾਂ (ਬਲਾਈਂ), ਮਾਤਾ – ਮਾਤਾਵਾਂ, ਰਚਨਾ –ਰਚਨਾਵਾਂ, ਵਾਰਤਾ – ਵਾਰਤਾਵਾਂ।
ਪਰ ਕਈ ਵੇਰ ਅਜੇਹੇ (ਕੰਨਾ ਅੰਤਿਕ) ਇਸਤ੍ਰੀ ਲਿੰਗ ਨਾਵਾਂ ਦੇ ਅੰਤਲੇ ਕੰਨੇ ਉਪਰ ਬਿੰਦੀ ਲਾਇਆਂ ਵੀ ਬਹੁਵਚਨ ਬਣ ਜਾਂਦਾ ਹੈ ਜਿਵੇਂ, ਇੱਛਾ – ਇੱਛਾਂ, ਕਥਾ – ਕਥਾਂ, ਕਿਰਿਆ – ਕਿਰਿਆਂ, ਕਲਾ – ਕਲਾਂ, ਭਾਵਨਾ –ਭਾਵਨਾਂ, ਭੂਆ – ਭੂਆਂ।

(ਸ) ਜਿਨ੍ਹਾਂ ਇਸਤ੍ਰੀ ਲਿੰਗ ਨਾਵਾਂ ਦੇ ਅਖੀਰ ਵਿੱਚ ਬਿੰਦੀ ਵਾਲਾ ਕੰਨਾ ਜਾਂ ਬਿੰਦੀ ਵਾਲੀ ਬਿਹਾਰੀ ਹੋਵੇ, ਉਹਨਾਂ ਦਾ ਬਹੁਵਚਨ ‘ਆਂ’, ‘ਈਂ’ ਜਾਂ ‘ਵਾਂ’ ਵਧਾਇਆਂ ਬਣਦਾ ਹੈ। ਜਿਵੇਂ ਸਰਾਂ ਤੋਂ ਸਰਾਵਾਂ (ਸਰਾਈਂ), ਗਾਂ ਤੋਂ ਗਾਂਵਾਂ (ਗਾਈਂ), ਛਾਂ ਤੋਂ ਛਾਂਵਾਂ, ਜੜਾਂ ਤੋਂ ਜੜਾਂਵਾਂ, ਥਾਂ ਤੋਂ ਥਾਵਾਂ (ਥਾਈਂ), ਲਾਂ ਤੋਂ ਲਾਂਵਾਂ, ਹੀਂ ਤੋਂ ਹੀਂਆਂ।

ਨੋਟ – 1. ਚੇਤੇ ਰੱਖੋ ਕਿ ਇਕ ਵਚਨ ਤੋਂ ਬਹੁਵਚਨ ਬਣਾਉਣ ਸਮੇਂ ਨਾਵਾਂ ਦੇ ਕੇਵਲ ਸਧਾਰਨ ਰੂਪ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ, ਸਬੰਧਕੀ ਜਾਂ ਸੰਬੋਧਨ ਰੂਪ ਨੂੰ ਨਹੀਂ। ਸਧਾਰਨ ਰੂਪ ਵਿੱਚ ਹਰਨ, ਸ਼ੇਰ, ਗਿੱਦੜ, ਧੋਬੀ, ਤੇਲੀ ਇਕਵਚਨ ਵੀ ਹਨ ਅਤੇ ਬਹੁਵਚਨ ਵੀ। ਪਰ ਸਬੰਧਕੀ ਰੂਪ ਵਿੱਚ ਇਹਨਾਂ ਦੇ ਬਹੁਵਚਨ ‘ਹਰਨਾਂ (ਨੂੰ), ਸ਼ੇਰਾਂ (ਦਾ), ਗਿੱਦੜਾਂ (ਦੀ), ਧੋਬੀਆਂ (ਨੇ)’ ਹੋ ਜਾਣਗੇ।

2.ਜੇ ਇਕ ਵਚਨ ਨਾਵਾਂ ਨਾਲ ਸ੍ਰੀਮਾਨ ਜੀ, ਜੀ ਹੁਰੀਂ, ਮਹਾਰਾਜ ਸਾਹਿਬ, ਆਦਿ ਆਦਰ-ਸੂਚਕ ਕੋਈ ਸ਼ਬਦ ਲਾਇਆ ਜਾਵੇ, ਤਾਂ ਉਹ ਨਾਉਂ ਬਹੁਵਚਨ ਵਾਂਗ ਸਮਝੇ ਵਰਤੇ ਜਾਂਦੇ ਹਨ, ਜਿਵੇਂ ਜਥੇਦਾਰ ਜੀ ਆ ਗਏ ਹਨ, ਸੰਤ ਜੀ ਮਹਾਰਾਜ ਉਪਦੇਸ਼ ਦੇ ਰਹੇ ਹਨ, ਪ੍ਰਧਾਨ ਹੁਰੀਂ ਅਜੇ ਨਹੀਂ ਆਏ3.ਕਈਆਂ ਬਹੁਵਚਨ ਨਾਵਾਂ ਦਾ ਇਕਵਚਨ ਹੁੰਦਾ ਹੀ ਨਹੀਂ, ਜਿਵੇਂ ਸਹੁਰੇ, ਦਾਦਕੇ, ਨਾਨਕੇ, ਪੇਕੇ, ਮਾਪੇ, ਲੋਕ, ਤੇਰੇ ਨਾਨਕੇ ਕਿਹੜੇ ਪਿੰਡ ਹਨ? ਜਿਸ ਪਿੰਡ ਮੇਰੇ ਮਾਤਾ ਜੀ ਦੇ ਪੇਕੇ ਹਨ, ਉਸੇ ਪਿੰਡ ਮੇਰੇ ਨਾਨਕੇ ਹਨ ਤੇ ਉਸੇ ਪਿੰਡ ਮੇਰੇ ਪਿਤਾ ਜੀ ਦੇ ਸਹੁਰੇ ਹਨ। ਮਾਪੇ ਆਪਣੇ ਪੁੱਤਾਂ ਧੀਆਂ ਨੂੰ ਪਾਲਦੇ ਪਿਆਰਦੇ ਹਨ। ਇਸ ਦੇਸ ਦੇ ਲੋਕ ਆਪੋ ਵਿੱਚ ਪਾਟੇ ਹੋਏ ਹਨ ਤੇ ਤਬਾਹ ਹੋ ਰਹੇ ਹਨ।

  1. ਕਾਰਕ

ਕਿਸੇ ਵਾਕ ਵਿੱਚ ਕਿਸੇ ਨਾਉਂ ਦਾ ਜੋ ਸਬੰਧ ਵਾਕ ਦੀ ਕਿਰਿਆ ਨਾਲ ਜਾਂ ਵਾਕ ਦੇ ਕਿਸੇ ਨਾਉਂ ਨਾਲ ਹੁੰਦਾ ਹੈ, ਉਸ ਨੂੰ ਕਾਰਕ ਆਖਦੇ ਹਨ ਜਾਂ ਇਉਂ ਕਹਿ ਲਵੋ ਕਿ ਕਿਸੇ ਵਾਕ ਵਿਚਲੇ ਨਾਉਂ ਤੇ ਕਿਰਿਆ ਦੇ ਸਬੰਧ ਨੂੰ ਜਾਂ ਉਸ ਵਾਕ ਵਿਚਲੇ ਨਾਵਾਂ ਦੇ ਆਪੋ ਵਿਚਲੇ ਸਬੰਧ ਨੂੰ ਕਾਰਕ ਆਖਦੇ ਹਨ।

(ੳ) ਪਰਕਾਰ – ਪੰਜਾਬੀ ਵਿੱਚ ਕਾਰਕ ਅੱਠ ਪਰਕਾਰ ਦੇ ਹੁੰਦੇ ਹਨ – (1) ਕਰਤਾ ਕਾਰਕ, (2) ਕਰਮ ਕਾਰਕ, (3) ਕਰਨ ਕਾਰਕ, (4) ਸੰਪਰਦਾਨ ਕਾਰਕ, (5) ਅਪਦਾਨ ਕਾਰਕ, (6) ਸਬੰਧ ਕਾਰਕ, (7) ਅਧਿਕਰਨ ਕਾਰਕ, (8) ਸੰਬੋਧਨ ਕਾਰਕ।

(1) ਕਰਤਾ ਕਾਰਕ – ਵਾਕ ਦੀ ਕਿਰਿਆ ਤੋਂ ਜੋ ਕੰਮ ਪ੍ਰਗਟ ਹੁੰਦਾ ਹੈ, ਉਸ ਦੇ ਕਰਨ ਵਾਲੇ ਨੂੰ ਪ੍ਰਗਟਾਉਣ ਵਾਲਾ ਨਾਉਂ ਕਰਤਾ ਕਾਰਕ ਵਿੱਚ ਹੁੰਦਾ ਹੈ, ਜਿਵੇਂ – ‘ਚੰਗੇ ਨਾਗਰਿਕ ਦੇਸ ਨਾਲ ਪਿਆਰ ਕਰਦੇ ਹਨ, ਸਾਡੇ  ਵੱਢੀ ਖੋਰ ਹਾਕਮਾਂ ਨੇ ਦੇਸ ਨੂੰ ਲੁੱਟ ਖਾਧਾ ਹੈ, ਧਰਮੀ ਬੰਦਾ ਹਰੇਕ ਨਾਲ ਨੇਕੀ ਕਰਦਾ ਹੈ’ ਵਿੱਚ ‘ਨਾਗਰਿਕ’, ‘ਹਾਕਮਾਂ’ ਤੇ ‘ਬੰਦਾ’ ਕਰਤਾ ਕਾਰਕ ਹਨ।
ਕਰਤਾ ਕਾਰਕ ਦਾ ਚਿੰਨ੍ਹ ‘ਨੇ’ ਹੁੰਦਾ ਹੈ, ਜੋ ਕਦੇ ਆਉਂਦਾ ਹੈ ਅਤੇ ਕਦੇ ਨਹੀਂ, ਜਿਵੇਂ ਦੇਸ-ਭਗਤਾਂ ਨੇ ਆਜ਼ਾਦੀ ਲਈ ਮੁਸੀਬਤਾਂ ਝੱਲੀਆਂ, ਧਰਮੀ ਬੰਦੇ ਸੱਚੀ ਕਿਰਤ ਕਰਦੇ ਤੇ ਵੰਡ ਕੇ ਛਕਦੇ ਹਨ।
ਨੋਟ – ਵਾਕ ਵਿਚੋਂ ਕਰਤਾ ਕਾਰਕ ਵਾਲਾ ਨਾਉਂ ਲੱਭਣ ਲਈ ਉਸ ਵਾਕ ਦੀ ਕਿਰਿਆ ਤੋਂ ਪਹਿਲਾਂ ‘ਕੌਣ’, ‘ਕਿਸ ਨੇ’ ਜਾਂ ‘ਕਿਨ੍ਹਾਂ ਨੇ’ ਲਾ ਕੇ ਪ੍ਰਸ਼ਨ ਬਣਾਓ। ਉੱਤਰ ਵਿਚ ਜੋ ਨਾਉਂ ਆਵੇ, ਉਹ ਕਰਤਾ ਕਾਰਕ ਵਿੱਚ ਹੋਵੇਗਾ, ਜਿਵੇਂ (1)    ‘ਸਰਦਾਰ ਭਗਤ ਸਿੰਘ ਸ਼ਹੀਦ ਹੋ ਗਿਆ।’ ਪ੍ਰਸ਼ਨ – ਕੌਣ ਸ਼ਹੀਦ ਹੋ ਗਿਆ ? ਉੱਤਰ – ਸਰਦਾਰ ਭਗਤ ਸਿੰਘ।

(2)    ‘ਠਾਣੇਦਾਰ ਨੇ ਚੋਰ ਫੜ ਲਿਆ’ ਪ੍ਰਸ਼ਨ – ਕਿਸ ਨੇ ਚੋਰ ਫੜ ਲਿਆ? ਉੱਤਰ – ਠਾਣੇਦਾਰ ਨੇ।

(3)    ‘ਜਵਾਨਾਂ ਨੇ ਦੇਸ ਦੀ ਰੱਖਿਆ ਕੀਤੀ’ ਪ੍ਰਸ਼ਨ – ਕਿਨ੍ਹਾਂ ਨੇ ਦੇਸ ਦੀ ਰੱਖਿਆ ਕੀਤੀ ? ਉੱਤਰ – ਜਵਾਨਾਂ ਨੇ।
ਸੋ ਇਸ ਵਾਕ ਵਿਚ ਸਰਦਾਰ ਭਗਤ ਸਿੰਘ, ਠਾਣੇਦਾਰ ਨੇ ਤੇ ਜਵਾਨਾਂ ਕਰਤਾ ਕਾਰਕ ਵਿਚ ਹਨ।

(2) ਕਰਮ ਕਾਰਕ – ਵਾਕ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦਾ ਅਸਰ ਜਿਸ ਜੀਵ ਜਾਂ ਸ਼ੈ ਉੱਪਰ ਹੋਵੇ, ਉਸ ਨੂੰ ਪ੍ਰਗਟ ਕਰਨ ਵਾਲੇ ਨਾਉਂ ਨੂੰ ਕਰਮ ਕਾਰਕ ਆਖਦੇ ਹਨ। ਜਿਹੜਾ ਨਾਉਂ ਅਜੇਹੇ ਜੀਵ ਜਾਂ ਸ਼ੈ ਲਈ ਆਵੇ ਜਿਸ ਉਪਰ ਕਿਰਿਆ ਤੋਂ ਪ੍ਰਗਟ ਹੋਣ ਵਾਲਾ ਕੰਮ ਵਾਪਰਦਾ ਹੋਵੇ, ਉਹ ਨਾਉਂ ਕਰਮ ਕਾਰਕ ਵਾਲਾ ਨਾਉਂ ਹੁੰਦਾ ਹੈ। ਉਹ ਕਰਮ ਕਾਰਕ ਵਿਚ ਹੁੰਦਾ ਹੈ ਜਿਵੇਂ ‘ਸਰਦਾਰ ਊਧਮ ਸਿੰਘ ਨੇ ਪਾਪੀ ਓਡਵਾਇਰ ਮਾਰ ਦਿੱਤਾ। ਅੰਗਰੇਜ਼ਾਂ ਨੇ ਉਸ ਦੇਸ-ਭਗਤ ਨੂੰ ਸ਼ਹੀਦ ਕਰ ਦਿੱਤਾ’ ਵਿਚ ‘ਓਡਵਾਇਰ’ ਤੇ ‘ਦੇਸ-ਭਗਤ’ ਦਾ ਕਾਰਕ ਕਰਮ ਕਾਰਕ ਹੈ।
ਕਰਮ ਕਾਰਕ ਦਾ ਚਿੰਨ੍ਹ ‘ਨੂੰ’ ਹੁੰਦਾ ਹੈ, ਜੋ ਕਦੇ ਆਉਂਦਾ ਹੈ ਅਤੇ ਕਦੇ ਨਹੀਂ।

ਨੋਟ – ਕਰਮ ਕਾਰਕ ਵਾਲਾ ਨਾਉਂ ਲੱਭਣ ਲਈ ਵਾਕ ਦੀ ਕਿਰਿਆ ਨਾਲ ‘ਕੀ’, ‘ਕਿਸ ਨੂੰ’ ਜਾਂ ‘ਕਿਨ੍ਹਾਂ ਨੂੰ’ ਲਾ ਕੇ ਪ੍ਰਸ਼ਨ ਕਰੋ, ਜੋ ਉੱਤਰ ਆਵੇ, ਉਹ ਕਰਮ ਕਾਰਕ ਵਾਲਾ ਨਾਉਂ ਹੋਵੇਗਾ। ਜਿਵੇਂ ‘ਸਰਦਾਰ ਦਰਸ਼ਨ ਸਿੰਘ ਨੇ ਮਰਨ ਵਰਤ ਰੱਖਿਆ’। ਕੀ ਰੱਖਿਆ ? ‘ਮਰਨ ਵਰਤ’।

(3) ਕਰਨ ਕਾਰਕ – ‘ਕਰਨ’ ਦਾ ਅਰਥ ਹੈ ‘ਵਸੀਲਾ ਸਾਧਨ’। ਜਿਹੜਾ ਨਾਉਂ ਵਾਕ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਕਰਨ ਦਾ ਵਸੀਲਾ ਜਾਂ ਸਾਧਨ ਦੱਸੇ, ਉਹ ਕਰਨ ਕਾਰਕ ਵਿਚ ਹੁੰਦਾ ਹੈ। ਜਿਵੇਂ – ‘ਸ਼ਿਕਾਰੀ ਨੇ ਬੰਦੂਕ ਨਾਲ ਚਾਰ ਤਿੱਤਰ ਮਾਰੇ, ਫੇਰ ਉਹਨੇ ਉਹਨਾਂ ਨੂੰ ਆਪਣੇ ਹੱਥੀਂ ਬਣਾਇਆ ਅਤੇ ਪਕਾਇਆ’। ਇਸ ਵਾਕ ਵਿੱਚ ‘ਬੰਦੂਕ, ਹੱਥੀਂ’ ਉਹ ਨਾਉਂ ਪ੍ਰਗਟ ਕਰਦੇ ਹਨ ਜੋ ਕਿਸੇ ਕੰਮ ਦੇ ਸਾਧਨ ਬਣੇ।

ਇਹ ਕਰਨ ਕਾਰਕ ਵਿਚ ਹਨ। ਅਜੇਹੇ ਨਾਵਾਂ ਅੱਗੇ ‘ਨਾਲ’ ‘ਰਾਹੀਂ’ ਆਦਿਕ ਸਬੰਧਕ ਜਾਂ ਕੋਈ ਸਬੰਧਕੀ ਚਿੰਨ੍ਹ (ਹੱਥੀਂ) ਲੱਗਾ ਹੁੰਦਾ ਹੈ।

(4) ਸੰਪਰਦਾਨ ਕਾਰਕ – ‘ਸੰਪਰਦਾਨ’ ਦਾ ਅਰਥ ਹੈ ‘ਦੇਣਾ, ਬਖਸ਼ਸ਼’ ਵਾਕ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲਾ ਕੰਮ ਜਿਸ ਵਿਅਕਤੀ ਜਾਂ ਵਸਤੂ ਲਈ ਕੀਤਾ ਜਾਵੇ ਉਸ ਨੂੰ ਪ੍ਰਗਟ ਕਰਨ ਵਾਲੇ ਨਾਉਂ ਦਾ ਕਾਰਕ ‘ਸੰਪਰਦਾਨ ਕਾਰਕ’ ਹੁੰਦਾ ਹੈ। ਅਜੇਹੇ ਨਾਵਾਂ ਅੱਗੇ ‘ਵਾਸਤੇ’, ‘ਲਈ’ ਆਦਿਕ ਸਬੰਧਕ ਆਉਂਦੇ ਹਨ। ਜਿਵੇਂ ‘ਫੌਜਾਂ ਲਈ ਲੰਗਰ ਅਤੇ ਘੋੜਿਆਂ ਵਾਸਤੇ ਦਾਣਾ ਤਿਆਰ ਕਰੋ’, ਵਿਚ ‘ਫੌਜਾਂ’ ਤੇ ‘ਘੋੜਿਆਂ’ ਦਾ ਕਾਰਕ ‘ਸੰਪਰਦਾਨ ਕਾਰਕ’ ਹੈ।

(5) ਅਪਾਦਾਨ ਕਾਰਕ – ‘ਅਪਾਦਾਨ’ ਦਾ ਅਰਥ ਹੈ ‘ਲੈਣਾ’, ਉਹ ਜੀਵ ਜਾਂ ਸ਼ੈ ਜਿਸ ਤੋਂ ਕੋਈ ਚੀਜ਼ ਲਈ ਜਾਂ ਵੱਖ ਕੀਤੀ ਜਾਵੇ। ਜਿਸ ਵਿਅਕਤੀ ਜਾਂ ਵਸਤੂ ਤੋਂ ਕੋਈ ਸ਼ੈ ਲਈ ਜਾਂ ਵੱਖ ਕੀਤੀ ਜਾਵੇ ਜਾਂ ਜਿਸ ਤੋਂ ਕਿਰਿਆ ਪ੍ਰਗਟ ਹੋਣ ਵਾਲਾ ਕੰਮ ਸ਼ੁਰੂ ਹੋਵੇ, ਉਹਨੂੰ ਪ੍ਰਗਟ ਕਰਨ ਵਾਲੇ ਨਾਉਂ ਦਾ ਕਾਰਕ ਅਪਾਦਾਨ ਕਾਰਕ ਹੁੰਦਾ ਹੈ। ਅਜੇਹੇ ਨਾਵਾਂ ਅੱਗੇ ‘ਤੋਂ’ ਆਦਿਕ ਸ਼ਬੰਧਕ ਜਾਂ ‘ਓਂ’ ਆਦਿਕ ਸਬੰਧਕੀ ਚਿਨ੍ਹ ਆਉਂਦੇ ਹਨ। ਜਿਵੇਂ ‘ਮੁੰਡਾ ਕੋਠੇ ਤੋਂ ਡਿੱਗ ਪਿਆ’, ‘ਕਰਮਾ ਅਜੇ ਦਰਵਾਜ਼ਿਓਂ ਨਿਕਲਿਆ ਹੀ ਸੀ ਕਿ ਅੱਗੋਂ ਮੈਂ ਟੱਕਰ ਪਿਆ’, ‘ਮੈਂ ਆਪਣੇ ਘਰੋਂ ਉਹਨੂੰ ਮਿਲਨ ਵਾਸਤੇ ਆਇਆ ਸਾਂ’। ਇਹਨਾਂ ਵਾਕਾਂ ਵਿਚ ‘ਕੋਠੇ’, ‘ਦਰਵਾਜ਼ਿਓਂ’ ਤੇ ‘ਘਰੋਂ’ ਅਪਾਦਾਨ ਕਾਰਕ ਵਿਚ ਹਨ।

(6) ਸਬੰਧ ਕਾਰਕ – ਜਦੋਂ ਇਕ ਨਾਉਂ ਦਾ ਕਿਸੇ ਹੋਰ ਨਾਉਂ ਨਾਲ ਮਾਲਕੀ ਆਦਿ ਦਾ ਸਬੰਧ ਦੱਸਿਆ ਜਾਵੇ, ਤਾਂ ਉਹਨਾਂ ਨਾਵਾਂ ਦਾ ਕਾਰਕ ਸਬੰਧ ਕਾਰਕ ਹੁੰਦਾ ਹੈ। ਅਜੇਹੇ ਨਾਵਾਂ ਨਾਲ ‘ਦਾ’, ‘ਦੇ’, ‘ਦੀ’ ਆਦਿਕ ਸਬੰਧਕ ਪਦ ਲਗਦੇ ਹਨ। ਇਨ੍ਹਾਂ ਨਾਵਾਂ ਵਿਚੋਂ ਪਹਿਲੇ ਨੂੰ, ਜੋ ਮਾਲਕ ਜਾਂ ਮੁੱਖ ਵਸਤੂ ਪ੍ਰਗਟ ਕਰਦਾ ਹੈ, ਸਬੰਧੀ ਆਖਦੇ ਹਨ ਅਤੇ ਦੂਜੇ ਨੂੰ, ਜੋ ਮਾਲਕੀ ਵਿਚ ਆਈ ਚੀਜ਼ ਜਾਂ ਅੰਗ ਜਾਂ ਹਿੱਸੇ ਨੂੰ ਪ੍ਰਗਟ ਕਰਦੇ ਹੈ, ਸਬੰਧਮਾਨ ਕਹਿੰਦੇ ਹਨ। ਜਿਵੇਂ ‘ਦੇਸ ਦੀ ਉੱਨਤੀ’, ‘ਭਾਰਤ ਦਾ ਵਸਨੀਕ’, ‘ਉੱਤਮ ਸਿੰਘ ਦਾ ਘਰ’, ‘ਪੰਜਾਬੀਆਂ ਦੀ ਮਾਂ-ਬੋਲੀ’, ‘ਪੰਜਾਬ ਦੇ ਗਭਰੂ’ ਵਿਚ ‘ਦੇਸ’, ‘ਭਾਰਤ’, ‘ਉੱਤਮ ਸਿੰਘ’, ‘ਪੰਜਾਬੀਆਂ’ ਤੇ ‘ਪੰਜਾਬ’ ਸਭ ਸਬੰਧੀ ਹਨ,  ਅਤੇ  ‘ਉੱਨਤੀ’, ‘ਘਰ’,  ‘ਮਾਂ-ਬੋਲੀ’, ‘ਗੱਭਰੂ’ ਸਭ ਸਬੰਧਮਾਨ ਹਨ।

(7) ਅਧਿਕਰਨ ਕਾਰਕ – ‘ਅਧਿ’ ਅਗੇਤਰ ਦਾ ਅਰਥ ਹੈ ‘ਸਹਾਰਾ, ਆਸਰਾ’। ਵਾਕ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲਾ ਕੰਮ ਜਿਸ ਵਿਅਕਤੀ ਜਾਂ ਵਸਤੂ ਦੇ ਆਸਰੇ ਹੋਵੇ ਜਾਂ ਜਿਸ ਜਗ੍ਹਾ ਹੋਵੇ, ਉਹਨੂੰ ਪ੍ਰਗਟ ਕਰਨ ਵਾਲੇ ਨਾਉਂ ਦਾ ਕਾਰਕ ਅਧਿਕਰਨ ਕਾਰਕ ਹੁੰਦਾ ਹੈ, ਜਾਂ ਇਉਂ ਕਹਿ ਲਵੋ ਕਿ ਜੋ ਨਾਉਂ ਉਸ ਵਿਅਕਤੀ ਜਾਂ ਵਸਤੂ ਨੂੰ ਪ੍ਰਗਟ ਕਰੇ ਜੋ ਕਰਤਾ ਜਾਂ ਕਰਮ ਦੀ ਕਿਰਿਆ ਦਾ ਸਹਾਰਾ ਹੋਵੇ, ਉਹ ਨਾਉਂ ਅਧਿਕਰਨ ਕਾਰਕ ਵਾਲਾ ਨਾਉਂ ਹੁੰਦਾ ਹੈ। ਅਜੇਹੇ ਨਾਵਾਂ ਨਾਲ ‘ਵਿੱਚ’, ‘ਅੰਦਰ’, ‘ਤੇ’, ‘ਉਤੇ’, ‘ਕੋਲ’ ‘ਪਾਸ’ ਆਦਿਕ ਸਬੰਧਕ ਜਾਂ ਬਿੰਦੀ ਵਾਲੀ ਬਿਹਾਰੀ, ਬਿੰਦੀ ਵਾਲੀ ਲਾਂ ਆਦਿਕ ਸਬੰਧਕੀ ਚਿੰਨ੍ਹ ਲਗਦੇ ਹਨ ਜਿਵੇਂ – ‘ਸਾਡੇ ਪਿੰਡਾਂ ਵਿੱਚ ਬਿਜਲੀ ਲੱਗ ਗਈ ਹੈ, ਹੁਣ ਸਾਡੇ ਘਰਾਂ ਅੰਦਰ ਰਾਤ ਨੂੰ ਦਿਨ ਚੜ੍ਹ ਜਾਂਦਾ ਹੈ, ਕਿਤਾਬਾਂ ਮੇਜ਼ ਤੇ ਰੱਖੋ’ ਮੰਦੀਂ ਕਮੀ ਪੈਣਾ ਮੂਰਖਤਾ ਹੈ, ਮੈਂ ਭੈੜੇ ਰਾਹ ਕਦੇ ਪਿਆ ਹੀ ਨਹੀਂ, ਉਹ ਘਰੇ ਹੀ ਬੈਠਾ ਰਹਿੰਦਾ ਹੈ, ਪਹਾੜੀਂ ਬਰਫ ਪੈਂਦੀ ਹੈ। ਇਹਨਾਂ ਵਾਕਾਂ ਵਿੱਚ ‘ਪਿੰਡਾਂ’,  ‘ਘਰਾਂ’,  ‘ਮੇਜ਼’,  ‘ਕੰਮੀਂ’,  ‘ਰਾਹੇ’, ‘ਘਰੇ’ ਤੇ ‘ਪਹਾੜੀਂ’ ਸਭ ਅਧਿਕਰਨ ਕਾਰਕ ਵਿੱਚ ਹਨ।

(8) ਸੰਬੋਧਨ ਕਾਰਕ – ਨਾਉਂ ਦਾ ਜਿਹੜਾ ਰੂਪ ਕਿਸੇ ਨੂੰ ਆਵਾਜ਼ ਮਾਰਨ ਜਾਂ ਸੰਬੋਧਨ ਕਰ ਕੇ ਕੁਝ ਕਹਿਣ ਲਈ ਵਰਤਿਆ ਜਾਵੇ, ਉਹਦੇ ਕਾਰਕ ਨੂੰ ਸੰਬੋਧਨ ਕਾਰਕ ਕਹਿੰਦੇ ਹਨ। ਜਿਵੇਂ – ‘ਹੇ ਰੱਬਾ, ਸਾਡੀ ਕੌਮ ਨੂੰ ਏਕਤਾ ਬਖਸ਼, ਭਰਾਓ, ਸਾਰੇ ਰਲ਼ ਮਿਲ਼ ਕੇ ਦੇਸ ਦੀ ਸੇਵਾ ਕਰੋ, ਪੁੱਤਰਾ, ਭੈੜੇ ਬੰਦਿਆਂ ਦੀ ਸੰਗਤ ਨਾ ਕਰੀਂ, ਪੰਜਾਬੀਓ, ਆਪਣੀ ਮਾਂ-ਬੋਲੀ ਦੀ ਉੱਨਤੀ ਲਈ ਜਤਨ ਕਰੋ’। ਇਹਨਾਂ ਵਾਕਾਂ ਵਿਚ ‘ਰੱਬਾ’, ‘ਭਰਾਓ’, ‘ਪੁੱਤਰਾ’ ਤੇ ‘ਪੰਜਾਬੀਓ’ ਸੰਬੋਧਨ ਕਾਰਕ ਵਿੱਚ ਹਨ।

(ਅ) ਕਾਰਕ ਰੂਪ – ਜਦੋਂ ਕਿਸੇ ਨਾਉਂ ਨਾਲ ਕਾਰਕ-ਚਿੰਨ੍ਹ ਲਾਏ ਜਾਂਦੇ ਹਨ, ਤਾਂ ਉਹਦੇ ਜਿਹੜੇ ਰੂਪ ਬਣਦੇ ਹਨ, ਉਹਨਾਂ ਨੂੰ ਉਸ ਨਾਉਂ ਦੇ ਕਾਰਕ ਰੂਪ ਕਿਹਾ ਜਾਂਦਾ ਹੈ। ਪੰਜਾਬੀ ਵਿਚ ਕਾਰਕ-ਰੂਪ ਚਾਰ ਹਨ।

(1) ਸਧਾਰਨ, (2) ਸਬੰਧਕੀ, (3) ਸੰਮਿਲਿਤ ਸਬੰਧਕੀ ਤੇ (4) ਸੰਬੋਧਨ

(1) ਸਧਾਰਨ ਰੂਪ – ਜਿਸ ਨਾਉਂ ਨਾਲ ਕੋਈ ਕਾਰਕ ਚਿੰਨ੍ਹ ਨਾ ਲੱਗਾ ਹੋਵੇ, ਉਹਦਾ ਰੂਪ ਸਧਾਰਨ ਹੁੰਦਾ ਹੈ, ਜਿਵੇਂ – ‘ਨੇਕ ਬੰਦੇ ਨੇਕ ਕੰਮ ਕਰਦੇ ਹਨ, ਜੱਟ ਫਸਲਾਂ ਬੀਜਦੇ ਹਨ, ਕਾਕਾ ਦੁੱਧ ਚੁੰਘਦਾ ਹੈ’। ਇਹਨਾਂ ਵਾਕਾਂ ਵਿੱਚ ‘ਬੰਦੇ’, ‘ਕੰਮ’, ‘ਜੱਟ’, ‘ਫਸਲਾਂ’, ‘ਕਾਕਾ’ ਤੇ ‘ਦੁੱਧ’ ਸਧਾਰਨ ਰੂਪ ਵਿੱਚ ਹਨ।

(2) ਸਬੰਧਕੀ ਰੂਪ – ਜਿਸ ਨਾਉਂ ਨਾਲ ਕਾਰਕ ਚਿੰਨ੍ਹ ਵਜੋਂ ਕੋਈ ਸੰਬੋਧਕ ਲੱਗਾ ਹੋਵੇ, ਉਹਦਾ ਰੂਪ ਸੰਬੋਧਕੀ ਰੂਪ ਹੁੰਦਾ ਹੈ। ਜਿਵੇਂ – ‘ਊਧਮ ਸਿੰਘ ਨੇ ਓਡਵਾਇਰ ਗੋਲੀ ਨਾਲ ਮਾਰ ਦਿੱਤਾ’ ਵਿੱਚ ‘ਊਧਮ ਸਿੰਘ’, ‘ਓਡਵਾਇਰ’  ਤੇ  ‘ਗੋਲੀ’  ਸਬੰਧਕੀ ਰੂਪ ਵਿਚ ਹਨ।

(3) ਸੰਮਿਲਿਤ ਸਬੰਧਕੀ ਰੂਪ – ਜਿਸ ਨਾਉਂ ਦੇ ਮਗਰ ਕਾਰਕ ਚਿੰਨ੍ਹ ਵਜੋਂ ਸਬੰਧ ਪ੍ਰਗਟ ਕਰਨ ਵਾਲਾ ਕੋਈ ਪਿਛੇਤਰ ਜਾਂ ਸਬੰਧਕੀ ਚਿੰਨ੍ਹ ਲੱਗਾ ਹੋਇਆ ਹੋਵੇ, ਉਹ ਸੰਮਿਲਿਤ ਸਬੰਧਕੀ ਰੂਪ ਵਿਚ ਹੁੰਦਾ ਹੈ। ਜਿਵੇਂ – ‘ਘਰੋਂ’, ‘ਹੱਥੀਂ’,  ‘ਸਕੂਲੇ’,  ‘ਕੋਠਿਓਂ’, ‘ਦੇਸੋਂ’। ਇਹ ਸਾਰੇ ਨਾਉਂ ਸੰਮਿਲਿਤ ਸਬੰਧਕੀ ਰੂਪ ਵਿਚ ਹਨ।

(4) ਸੰਬੋਧਨ ਰੂਪ – ਨਾਉਂ ਦਾ ਉਹ ਰੂਪ ਜਿਸ ਦੇ ਨਾਲ ਕਾਰਕ ਚਿੰਨ੍ਹ ਵਜੋਂ ਕੋਈ ਵਿਸਮਕ ਪਦ ਜਾਂ ਸੰਬੋਧਨ ਪਿਛੇਤਰ ਲੱਗਾ ਹੋਇਆ ਹੋਵੇ, ਸੰਬੋਧਨ ਰੂਪ ਵਿਚ ਹੁੰਦਾ ਹੈ। ਜਿਵੇਂ ‘ਹੇ, ਅਕਾਲ ਪੁਰਖ, ਵੇ ਮੁੰਡਿਆ, ਨੀ ਕੁੜੀਏ, ਭਰਾਓ, ਹਾਇ ਰੱਬਾ, ਵੇ ਭਰਾਵਾ, ਓਇ ਮੁੰਡਿਆ’। ਇਹ ਸਾਰੇ ਨਾਉਂ ਸੰਬੋਧਨ ਰੂਪ ਵਿਚ ਹਨ।

(ੲ) ਕਾਰਕ ਰੂਪ ਸਾਧਨਾ – ਲਿੰਗ, ਵਚਨ ਤੇ ਕਾਰਕ ਰੂਪ ਕਰਕੇ ਕਿਸੇ ਨਾਉਂ, ਪੜਨਾਉਂ ਜਾਂ ਵਿਸ਼ੇਸ਼ਣ ਦੇ ਜੋ ਵੱਖ-ਵੱਖ ਰੂਪ ਹੁੰਦੇ ਹਨ, ਉਨ੍ਹਾਂ ਸਭ ਨੂੰ ਦੱਸਣ ਨੂੰ ਉਸ ਨਾਉਂ, ਪੜਨਾਉਂ ਜਾਂ ਵਿਸ਼ੇਸ਼ਣ ਦੀ ਕਾਰਕ ਰੂਪ

ਸਾਧਨਾ ਕਰਨੀ ਆਖਦੇ ਹਨ।
ਨਮੂਨੇ ਵਜੋਂ ‘ਸ਼ੇਰ’, ‘ਧੋਬੀ’, ‘ਕਾਕਾ’, ‘ਜੇਠ’ ਤੇ ‘ਪੁੱਤਰ’ ਦੀ ਕਾਰਕ ਰੂਪ ਸਾਧਨਾ ਕੀਤੀ ਜਾਂਦੀ ਹੈ।

ਸ਼ੇਰ
ਕਾਰਕ-ਰੂਪ
ਇਕ-ਵਚਨ
ਬਹੁਵਚਨ
ਇਕ-ਵਚਨ
ਬਹੁਵਚਨ
ਸਧਾਰਨ
ਸ਼ੇਰ
ਸ਼ੇਰ
ਸ਼ੇਰਨੀ
ਸ਼ੇਰਨੀਆਂ
ਸਬੰਧਕੀ
ਸ਼ੇਰ (ਨੇ)
ਸ਼ੇਰਾਂ (ਨੂੰ)
ਸ਼ੇਰਨੀ (ਦਾ)
ਸ਼ੇਰਨੀਆਂ (ਦੇ)
ਸੰਬੇਧਨ
ਸ਼ੇਰਾ !
ਸ਼ੇਰੋ !
ਸ਼ੇਰਨੀਏ !
ਸ਼ੇਰਨੀਓ !

ਧੋਬੀ
ਕਾਰਕ-ਰੂਪ
ਇਕ-ਵਚਨ
ਬਹੁਵਚਨ
ਇਕ-ਵਚਨ
ਬਹੁਵਚਨ
ਸਧਾਰਨ
ਧੋਬੀ
ਧੋਬੀ
ਧੋਬਣ
ਧੋਬਣਾਂ
ਸਬੰਧਕੀ
ਧੋਬੀ (ਨੂੰ)
ਧੋਬੀਆਂ (ਨੇ)
ਧੋਬਣ (ਨੂੰ)
ਧੋਬਣਾਂ (ਨੇ)
ਸੰਬੇਧਨ
ਧੋਬੀਆ !
ਧੋਬੀਓ !
ਧੋਬਣੇ !
ਧੋਬਣੋਂ !

ਕਾਕਾ
ਕਾਰਕ-ਰੂਪ
ਇਕ-ਵਚਨ
ਬਹੁਵਚਨ
ਇਕ-ਵਚਨ
ਬਹੁਵਚਨ
ਸਧਾਰਨ
ਕਾਕਾ
ਕਾਕੇ
ਕਾਕੀ
ਕਾਕੀਆਂ
ਸਬੰਧਕੀ
ਕਾਕੇ (ਨੇ)
ਕਾਕਿਆਂ (ਨੂੰ)
ਕਾਕੀ (ਦਾ)
ਕਾਕੀਆਂ (ਦੇ)
ਸੰਬੇਧਨ
ਕਾਕਿਆ!
ਕਾਕਿਓ !
ਕਾਕੀਏ !
ਕਾਕੀਓ !

ਜੇਠ
ਕਾਰਕ-ਰੂਪ
ਇਕ-ਵਚਨ
ਬਹੁਵਚਨ
ਇਕ-ਵਚਨ
ਬਹੁਵਚਨ
ਸਧਾਰਨ
ਜੇਠ
ਜੇਠ
ਜਿਠਾਣੀ
ਜਿਠਾਣੀਆਂ
ਸਬੰਧਕੀ
ਜੇਠ (ਨੇ)
ਜੇਠਾਂ (ਪਾਸ)
ਜਿਠਾਣੀ (ਦਾ)
ਜਿਠਾਣੀਆਂ(ਦੇ)
ਸੰਬੇਧਨ
ਜੇਠਾ !
ਜੇਠੋ !
ਜਿਠਾਣੀਏ !
ਜਿਠਾਣੀਓ !

ਪੁੱਤਰ
ਕਾਰਕ-ਰੂਪ
ਇਕ-ਵਚਨ
ਬਹੁਵਚਨ
ਇਕ-ਵਚਨ
ਬਹੁਵਚਨ
ਸਧਾਰਨ
ਪੁੱਤਰ
ਪੁੱਤਰ
ਧੀ, ਪੁੱਤਰੀ
ਧੀਆਂ, ਪੁੱਤਰੀਆਂ
ਸਬੰਧਕੀ
ਪੁੱਤਰ (ਦਾ)
ਪੁੱਤਰਾਂ (ਦੇ)
ਧੀ (ਨੂੰ),  ਪੁੱਤਰੀ (ਨੇ)
ਧੀਆਂ (ਦਾ),  ਪੁੱਤਰੀਆਂ (ਦੇ)
ਸੰਬੇਧਨ
ਪੁੱਤਰਾ!
ਪੁੱਤਰੋ !
ਧੀਏ !,  ਪੁੱਤਰੀਏ !
ਧੀਓ !, ਪੁੱਤਰੀਓ !

(ਸ) ਕਾਰਕ-ਸਾਧਨਾ – ਕਿਸੇ ਨਾਉਂਦਾ ਕਿਰਿਆ ਨਾਲ ਜਾਂ ਹੋਰ ਕਿਸੇ ਨਾਉਂ ਨਾਲ ਸਬੰਧ ਪ੍ਰਗਟ ਕਰਨ ਲਈ ਉਸ ਨਾਉਂ ਨਾਲ ਕਾਰਕ ਚਿੰਨ੍ਹ ਲਾਉਣ ਨੂੰ ਉਸ ਨਾਉਂ ਦੀ ਕਾਰਕ-ਸਾਧਨਾ ਕਰਨਾ ਆਖਦੇ ਹਨ। ਉਦਾਹਰਨ ਵਜੋਂ ਮੁੰਡਾ (ਪੁਲਿੰਗ) ਅਤੇ ਕੁੜੀ (ਇਸਤ੍ਰੀ ਲਿੰਗ) ਦੀ ਕਾਰਕ ਸਾਧਨਾ ਕੀਤੀ ਜਾਂਦੀ ਹੈ।

ਮੁੰਡਾ
ਨੰਬਰ
ਕਾਰਕ
ਇਕ-ਵਚਨ
ਬਹੁਵਚਨ
1.
ਕਰਤਾ ਕਾਰਕ
ਮੁੰਡਾ, ਮੁੰਡੇ ਨੇ
ਮੁੰਡੇ, ਮੁੰਡਿਆਂ ਨੇ
2.
ਕਰਮ ਕਾਰਕ
ਮੁੰਡੇ ਨੂੰ
ਮੁੰਡਿਆਂ ਨੂੰ
3.
ਕਰਨ ਕਾਰਕ
ਮੁੰਡੇ ਨਾਲ
ਮੁੰਡਿਆਂ ਨਾਲ
4.
ਸੰਪਰਦਾਨ ਕਾਰਕ
ਮੁੰਡੇ ਵਾਸਤੇ (ਲਈ)
ਮੁੰਡਿਆਂ ਵਾਸਤੇ (ਲਈ)
5.
ਅਪਾਦਾਨ ਕਾਰਕ
ਮੁੰਡੇ ਤੋਂ (ਪਾਸੋਂ)
ਮੁੰਡਿਆਂ ਤੋਂ
6.
ਸਬੰਧ ਕਾਰਕ
ਮੁੰਡੇ ਦਾ (ਦੇ)
ਮੁੰਡਿਆਂ ਦਾ (ਦੇ)
7.
ਅਧਿਕਰਨ ਕਾਰਕ
ਮੁੰਡੇ ਉੱਤੇ (ਪਾਸ,ਕੋਲ)
ਮੁੰਡਿਆਂ ਉੱਤੇ (ਪਾਸ,ਕੋਲ)
8.
ਸੰਬੋਧਨ ਕਾਰਕ
ਮੁੰਡਿਆ !
ਮੁੰਡਿਓ !
ਕੁੜੀ
1.
ਕਰਤਾ ਕਾਰਕ
ਕੁੜੀ, ਕੁੜੀ ਨੇ
ਕੁੜੀਆਂ, ਕੁੜੀਆਂ ਨੇ
2.
ਕਰਮ ਕਾਰਕ
ਕੁੜੀ ਨੂੰ
ਕੁੜੀਆਂ ਨੂੰ
3.
ਕਰਨ ਕਾਰਕ
ਕੁੜੀ ਨਾਲ
ਕੁੜੀਆਂ ਨਾਲ
4.
ਸੰਪਰਦਾਨ ਕਾਰਕ
ਕੁੜੀ ਲਈ (ਵਾਸਤੇ)
ਕੁੜੀਆਂ ਲਈ (ਵਾਸਤੇ)
5.
ਅਪਾਦਾਨ ਕਾਰਕ
ਕੁੜੀ ਤੋਂ (ਪਾਸੋਂ)
ਕੁੜੀਆਂ ਤੋਂ (ਪਾਸੋਂ)
6.
ਸਬੰਧ ਕਾਰਕ
ਕੁੜੀ ਦਾ (ਦੇ)
ਕੁੜੀਆਂ ਦਾ (ਦੇ)
7.
ਅਧਿਕਰਨ ਕਾਰਕ
ਕੁੜੀ ਪਾਸ (ਤੇ,ਕੋਲ)
ਕੁੜੀਆਂ ਪਾਸ (ਤੇ,ਕੋਲ)
8.
ਸੰਬੋਧਨ ਕਾਰਕ
ਕੁੜੀਏ !
ਕੁੜੀਓ !

 

Loading spinner