ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਸ਼ਬਦ-ਬੋਧ

ਕਾਂਡ – 7 ਕਿਰਿਆ – 3

  1. ਵਾਕ

ਵਾਕ ਦਾ ਵਿਸ਼ਾ ਵਾਕ ਦੀ ਕਿਰਿਆ ਦਾ ਕਰਤਾ ਹੈ ਜਾਂ ਕਰਮ, ਅਰਥਾਤ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦਾ ਕਰਨ ਵਾਲਾ ਉਹ ਆਪ ਹੀ ਹੈ ਜਾਂ ਉਹ ਕੰਮ ਉਸ ਉੱਪਰ ਹੁੰਦਾ ਹੈ, ਇਸ ਭੇਦ ਕਰਕੇ ਕਿਰਿਆ ਦੇ ਰੂਪ ਵਿੱਚ ਜੋ ਫ਼ਰਕ ਪੈਂਦਾ ਹੈ ਉਸ ਨੂੰ ਵਾਚ ਕਹਿੰਦੇ ਹਨ।

ਵਾਚ ਦੋ ਪ੍ਰਕਾਰ ਦੇ ਹੁੰਦੇ ਹਨ – (1) ਕਰਤਰੀ ਵਾਚ, (2) ਕਰਮ ਵਾਚ

(1) ਕਰਤਰੀ ਵਾਚ – ਜੇ ਵਾਕ ਦਾ ਵਿਸ਼ਾ ਕਿਰਿਆ ਦਾ ਕਰਤਾ ਹੋਵੇ, ਅਰਥਾਤ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦਾ ਕਰਨ ਵਾਲਾ ਉਹ ਆਪ ਹੀ ਹੋਵੇ ਤਾਂ ਕਿਰਿਆ ਕਰਤਰੀ ਵਾਚ ਹੀ ਹੁੰਦੀ ਹੈ। ਜਿਵੇਂ – ‘ਜੱਟੀ ਦੁੱਧ ਰਿੜਕਦੀ ਹੈ’। ਇਸ ਵਾਕ ਦਾ ਵਿਸ਼ਾ ਹੈ ‘ਜੱਟੀ’ ਅਤੇ ਵਾਕ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲਾ – ਰਿੜਕਣ ਦਾ ਕੰਮ – ਜੱਟੀ ਹੀ ਕਰਦੀ ਹੈ। ‘ਸਾਡੇ ਦੇਸ ਦੇ ਕਿਸਾਨ ਬਹੁਤ ਅਨਾਜ ਪੈਦਾ ਕਰਦੇ ਹਨ’। ਇਸ ਵਾਕ ਦਾ ਵਿਸ਼ਾ ਹੈ ‘ਸਾਡੇ ਦੇਸ ਦੇ ਕਿਸਾਨ’। ਵਾਕ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲਾ – ਅਨਾਜ ਪੈਦਾ ਕਰਨ ਦਾ ਕੰਮ – ‘ਸਾਡੇ ਦੇਸ ਦੇ ਕਿਸਾਨ ਕਰਦੇ ਹਨ’। ਇਸੇ ਤਰ੍ਹਾਂ ‘ਅਸੀਂ ਆਜ਼ਾਦੀ ਜਿੱਤ ਲਈ ਹੈ, ਅਸੀਂ ਇਸ ਨੂੰ ਸੰਭਾਲ ਕੇ ਰੱਖਾਂਗੇ’। ‘ਹਰਨਾਮ ਸਿੰਘ ਪਾਠ ਯਾਦ ਕਰਦਾ ਹੈ’। ਇਨ੍ਹਾਂ ਸਾਰੇ ਵਾਕਾਂ ਦੀਆਂ ਕਿਰਿਆਂ ਕਰਤਰੀ ਵਾਚ ਦੀਆਂ ਹਨ।

(2) ਕਰਮ ਵਾਚ – ਜੇ ਵਾਕ ਦਾ ਵਿਸ਼ਾ ਕਿਰਿਆ ਦਾ ਕਰਮ ਹੋਵੇ, ਅਰਥਾਤ ਕਿਰਿਆ ਤੋਂ ਪ੍ਰਗਟ ਹੋਣ ਵਾਲਾ ਕੰਮ ਉਹ ਆਪ ਨਾ ਕਰਦਾ ਹੋਵੇ, ਸਗੋਂ ਉਹ ਕੰਮ ਉਸ ਉੱਪਰ ਹੁੰਦਾ ਜਾਂ ਵਾਪਰਦਾ ਹੋਵੇ ਤੇ ਉਸ ਕੰਮ ਦੇ ਕਰਨ ਵਾਲਾ ਅਸਲ ਵਿੱਚ ਕੋਈ ਹੋਰ ਹੋਵੇ ਤਾਂ ਕਿਰਿਆ ਕਰਮ ਵਾਚ ਦੀ ਹੁੰਦੀ ਹੈ। ਜਿਵੇਂ – ‘ਦੁੱਧ ਰਿੜਕੀਦਾ ਹੈ’ ਵਿੱਚ ਵਾਕ ਦਾ ਵਿਸ਼ਾ ਹੈ ‘ਦੁੱਧ’, ਪਰ ਇਹ ਆਪ ਕੋਈ ਕੰਮ ਨਹੀਂ ਕਰ ਰਿਹਾ। ਕਿਰਿਆ ਤੋਂ ਪ੍ਰਗਟ ਹੋਣ ਵਾਲਾ ‘ਰਿੜਕਣ ਦਾ ਕੰਮ’ ਇਹ ਨਹੀਂ ਕਰ ਰਿਹਾ, ਸਗੋਂ ਉਹ ਕੰਮ ਉਸ ਉੱਪਰ ਹੋ ਜਾਂ ਵਾਪਰ ਰਿਹਾ ਹੈ। ਇਸ ਕਰਕੇ ਇਹ ਕਿਰਿਆ ਦੇ ਕਰਮ ਸਮਾਨ ਹੀ ਹੈ ਅਤੇ ਕਿਰਿਆ ‘ਰਿੜਕੀਦਾ ਹੈ’ ਕਰਮ ਵਾਚ ਦੀ ਕਿਰਿਆ ਹੈ। ਇਸੇ ਤਰ੍ਹਾਂ ‘ਰੋਟੀ ਪਕਦੀ ਹੈ’ ਵਿੱਚ ‘ਰੋਟੀ’ ਆਪ ਕੁਝ ਨਹੀਂ ਕਰਦੀ ਕੋਈ ਹੋਰ ਉਸ ਉੱਪਰ ਕੰਮ ਕਰ ਰਿਹਾ ਹੈ। ‘ਪਕਦੀ ਹੈ’ ਕਰਮ ਵਾਚ ਦੀ ਕਿਰਿਆ ਹੈ। ਇਸੇ ਤਰ੍ਹਾਂ ‘ਚੋਰ ਫੜਿਆ ਗਿਆ’, ‘ਮਕਾਨ ਉਸਾਰਿਆ ਜਾਵੇ’,‘ਆਜ਼ਾਦੀ ਸੰਭਾਲ ਕੇ ਰੱਖੀ ਜਾਵੇਗੀ’ ਵਿੱਚ ਕਿਰਿਆ ਕਰਮ ਵਾਚ ਦੀਆਂ ਹਨ। ਪਹਿਲੇ ਵਾਕ ਵਿੱਚ ਕੰਮ ਹੈ ‘ਫੜਨ’ ਦਾ. ਉਹ ‘ਚੋਰ’ ਨੇ ਨਹੀਂ ਕੀਤਾ, ਸਗੋਂ ਉਸ ਉੱਪਰ ਹੋਇਆ ਹੈ। ਦੂਜੇ ਵਾਕ ਵਿੱਚ ਕੰਮ ਹੈ ‘ਉਸਾਰਨ’ਦਾ, ਉਹ ‘ਮਕਾਨ’ ਨੇ ਨਹੀਂ ਕੀਤਾ, ਸਗੋਂ ਉਹ ‘ਮਕਾਨ’ ਉੱਤੇ ਹੋਣਾ ਹੈ। ਤੀਜੇ ਵਾਕ ਵਿੱਚ ਕੰਮ ਹੈ ‘ਰੱਖਣ’ ਦਾ, ਉਹ ਕੰਮ ਆਜ਼ਾਦੀ ਨੇ ਨਹੀਂ ਕਰਨਾ, ਸਗੋਂ ਉਸ ਉੱਤੇ ਹੋਣਾ ਹੈ। ਇਸ ਲਈ ਇਹ ਤਿੰਨੇ ਕਿਰਿਆਂ ਕਰਮ ਵਾਚ ਦੀਆਂ ਹਨ।

ਨੋਟ – ਕਰਤਰੀ ਵਾਚ ਤੋਂ ਕਰਮ ਵਾਚ ਤੇ ਕਰਮ ਵਾਚ ਤੋਂ ਕਰਤਰੀ ਵਾਚ ਬਣਾਉਣ ਦੇ ਢੰਗ ਤੇ ਨਮੂਨੇ ਅਤੇ ਇਹਨਾਂ ਸਬੰਧੀ ਹੋਰ ਵਿਚਾਰ ਵਾਕ-ਵਟਾਂਦਰਾ ਵਾਲੇ ਕਾਂਡ ਵਿੱਚ ਦਿੱਤੇ ਜਾਣਗੇ।

  1. ਮੇਲ

ਵਾਕ ਵਿਚਲੇ ਕਰਤਾ ਜਾਂ ਕਰਮ ਦੇ ਲਿੰਗ ਵਚਨ, ਤੇ ਪੁਰਖ ਦੇ ਬਦਲਨ ਨਾਲ ਵਾਕ ਦੀ ਕਿਰਿਆ ਦੇ ਰੂਪ ਵਿੱਚ ਜੋ ਤਬਦੀਲੀ ਹੁੰਦੀ ਹੈ, ਉਹਨੂੰ ਮੇਲ ਕਹਿੰਦੇ ਹਨ। ਕਿਰਿਆ ਦਾ ਕਰਤਾ ਜਾਂ ਕਰਮ ਨਾਲ ਤਿੰਨ ਤਰ੍ਹਾਂ ਦਾ ਹੁੰਦਾ ਹੈ।

(1) ਕਰਤਰੀ ਮੇਲ
(2) ਕਰਮਣੀ ਮੇਲ
(3) ਸੁਤੰਤਰ ਮੇਲ

(1) ਕਰਤਰੀ ਮੇਲ – ਜਦ ਕਰਤਾ ਸਧਾਰਨ ਰੂਪ ਦਾ ਹੋਵੇ, ਭਾਵ ਉਸ ਨਾਲ ਕੋਈ ਸਬੰਧਕ ਨਾ ਲੱਗਾ ਹੋਵੇ ਤਾਂ ਕਿਰਿਆ ਦਾ ਲਿੰਗ, ਵਚਨ, ਤੇ ਪੁਰਖ ਕਰਤਾ ਅਨੁਸਾਰ ਹੁੰਦਾ ਹੈ। ਜਿਸ ਲਿੰਗ, ਵਚਨ ਤੇ ਪੁਰਖ ਦਾ ਕਰਤਾ ਹੋਵੇ, ਕਿਰਿਆ ਉਸੇ ਲਿੰਗ, ਵਚਨ ਤੇ ਪੁਰਖ ਦੀ ਹੁੰਦੀ ਹੈ। ਅਜੇਹੇ ਮੇਲ ਨੂੰ ਕਰਤਰੀ ਮੇਲ ਕਹਿੰਦੇ ਹਨ ਅਤੇ ਅਜੇਹੀ ਕਿਰਿਆ ਨੂੰ ਕਰਤਰੀ ਮੇਲ ਕਿਰਿਆ ਕਹਿੰਦੇ ਹਨ। ਜਿਵੇਂ – ‘ਜਵਾਨ ਕਸਰਤ ਕਰ ਰਿਹਾ ਹੈ, ਮੁੰਡੇ ਵੱਗ ਚਾਰਦੇ ਹਨ, ਕੁੜੀਆਂ ਚਰਖਾ ਕੱਤ ਰਹੀਆਂ ਹਨ, ਮੈਂ ਪਾਠ ਕਰਦੀ ਹਾਂ, ਤੁਸੀਂ ਗੀਤ ਗਾਉਂਦੇ ਹੋ, ਅਸੀਂ ਲੇਖ ਲਿਖਦੀਆਂ ਹਾਂ।’

ਵੇਖੋ ਇਹਨਾਂ ਵਾਕਾਂ ਵਿਚਲੇ ਕਰਮ – ਕਸਰਤ, ਵੱਗ, ਚਰਖੇ, ਪਾਠ, ਗੀਤ, ਲੇਖ ਦਾ ਕਿਰਿਆ ਦਾ ਲਿੰਗ, ਵਚਨ ਤੇ ਪੁਰਖ ਉੱਪਰ ਕੋਈ ਅਸਰ ਨਹੀਂ ਪਿਆ। ਕੇਵਲ ਕਰਤਾ ਦੇ ਲਿੰਗ ਵਚਨ ਤੇ ਪੁਰਖ ਦਾ ਹੀ ਕਿਰਿਆ ਉੱਪਰ ਅਸਰ ਹੁੰਦਾ ਹੈ। ਜਿਸ ਲਿੰਗ, ਵਚਨ ਤੇ ਪੁਰਖ ਦਾ ਕਰਤਾ ਹੈ, ਉਸੇ ਹੀ ਲਿੰਗ, ਵਚਨ ਤੇ ਪੁਰਖ ਦੀ ਕਿਰਿਆ ਹੈ। ਤਾਂ ਹੀ ਇਹ ਕਿਰਿਆ ਕਰਤਰੀ ਮੇਲ ਦੀਆਂ ਕਿਰਿਆਂ ਹਨ।

(2) ਕਰਮਣੀ ਮੇਲ – ਜਦੋਂ ਕਰਤਾ ਸਬੰਧਕੀ ਰੂਪ ਹੋਵੇ, ਅਰਥਾਤ ਉਸ ਨਾਲ ਸਬੰਧਕ ਲੱਗਾ ਹੋਵੇ ਅਤੇ ਕਰਮ ਸਧਾਰਨ ਰੂਪ ਦਾ ਹੋਵੇ, ਉਸ ਨਾਲ ਕੋਈ ਸਬੰਧਕ ਨਾ ਲੱਗਾ ਹੋਵੇ, ਤਾਂ ਕਿਰਿਆ ਦਾ ਲਿੰਗ, ਵਚਨ ਤੇ ਪੁਰਖ ਦਾ ਕਰਮ ਹੋਵੇ, ਕਿਰਿਆ ਉਸੇ ਹੀ ਲਿੰਗ, ਵਚਨ ਤੇ ਪੁਰਖ ਦੀ ਹੁੰਦੀ ਹੈ। ਏਥੇ ਕਿਰਿਆ ਦਾ ਮੇਲ ਕਰਮ ਨਾਲ ਹੁੰਦਾ ਹੈ, ਕਰਤਾ ਨਾਲ ਨਹੀਂ। ਅਜੇਹੇ ਮੇਲ ਨੂੰ ਕਰਮਣੀ ਮੇਲ ਕਹਿੰਦੇ ਹਨ ਅਤੇ ਅਜੇਹੀ ਕਿਰਿਆ ਨੂੰ ਕਰਮਣੀ ਮੇਲ ਕਿਰਿਆ ਕਹਿੰਦੇ ਹਨ। ਜਿਵੇਂ – ਮੁੰਡੇ ਨੇ ਚਿੱਠੀ ਲਿਖੀ, ਕੁੜੀਆਂ ਨੇ ਪਾਠ ਯਾਦ ਕੀਤਾ, ਅਸੀਂ ਪਰਸ਼ਾਦ ਛਕਿਆ, ਤੂੰ ਖਰਬੂਜ਼ੇ ਖਾਧੇ, ਉਸ ਨੇ ਦਾਣੇ ਚੱਬੇ, ਉਨ੍ਹਾਂ ਨੇ ਗੰਨਾ ਚੂਪਿਆ, ਕਿਸਾਨ ਨੇ ਖੇਤ ਵਾਹਿਆ ਤੇ ਕਣਕ ਬੀਜੀ।

ਵੇਖੋ ਇਨ੍ਹਾਂ ਵਾਕਾਂ ਦੇ ਕਰਤਾ – ਮੁੰਡੇ, ਕੁੜੀਆਂ, ਅਸਾਂ, ਤੂੰ, ਉਸ ਨੇ, ਉਹਨਾਂ, ਕਿਸਾਨ – ਦਾ ਕਿਰਿਆ ਦੇ ਲਿੰਗ, ਵਚਨ ਤੇ ਪੁਰਖ ਉੱਪਰ ਕੋਈ ਅਸਰ ਨਹੀਂ ਪਿਆ। ਕੇਵਲ ਕਰਮ ਦੇ ਲਿੰਗ, ਵਚਨ ਤੇ ਪੁਰਖ ਦਾ ਹੀ ਅਸਰ ਕਿਰਿਆ ਦੇ ਲਿੰਗ, ਵਚਨ ਤੇ ਪੁਰਖ ਉੱਪਰ ਹੋਇਆ ਹੈ। ਜਿਸ ਲਿੰਗ, ਵਚਨ ਤੇ ਪੁਰਖ ਦੀ ਕਰਮ ਹੈ, ਉਸੇ ਹੀ ਲਿੰਗ, ਵਚਨ ਤੇ ਪੁਰਖ ਦੀ ਕਿਰਿਆ ਹੈ। ਤਾਂ ਹੀ ਇਹ ਕਿਰਿਆ ਕਰਮਣੀ ਮੇਲ ਕਿਰਿਆਂ ਹਨ।

(3) ਸੁਤੰਤਰ ਮੇਲ – ਜਦੋਂ ਕਰਤਾ ਤੇ ਕਰਮ ਦੋਵੇਂ ਹੀ ਸਬੰਧਕੀ ਰੂਪ ਵਿੱਚ ਹੋਣ, ਅਰਥਾਤ ਦੋਹਾਂ ਨਾਲ ਸਬੰਧਕ ਲੱਗੇ ਹੋਏ ਹੋਣ ਤਾਂ ਕਿਰਿਆ ਦਾ ਲਿੰਗ, ਵਚਨ ਤੇ ਪੁਰਖ ਨਾ ਕਰਤਾ ਅਨੁਸਾਰ ਹੁੰਦਾ ਹੈ ਅਤੇ ਨਾ ਹੀ ਕਰਮ ਅਨੁਸਾਰ। ਕਿਰਿਆ ਦਾ ਆਪਣਾ ਹੀ ਸੁਤੰਤਰ ਰੂਪ ਹੁੰਦਾ ਹੈ। ਇਹ ਕਿਰਿਆ ਹਮੇਸ਼ਾ ਤੇ ਹਰ ਹਾਲਤ ਵਿੱਚ ਪੁਲਿੰਗ, ਇਕਵਚਨ ਤੇ ਤੀਜੇ ਪੁਰਖ ਦੀ ਹੁੰਦੀ ਹੈ। ਅਜੇਹੇ ਮੇਲ ਨੂੰ ਸੁਤੰਤਰ ਮੇਲ ਕਹਿੰਦੇ ਹਨ ਅਤੇ ਅਜੇਹੀ ਕਿਰਿਆ ਨੂੰ ਸੁਤੰਤਰ ਮੇਲ ਕਿਰਿਆ ਕਹਿੰਦੇ ਹਨ। ਜਿਵੇਂ – ਸਾਡੀ ਫ਼ੌਜ ਨੇ ਵੈਰੀਆਂ ਨੂੰ ਭਜਾ ਦਿੱਤਾ, ਮੁੰਡੇ ਨੇ ਘੋੜੀ ਨੂੰ ਫੜ ਲਿਆ, ਕੁੜੀਆਂ ਨੇ ਘਰਾਂ ਨੂੰ ਸਜਾਇਆ, ਵੱਢੀ-ਖੋਰ ਹਾਕਮਾਂ ਨੇ ਜਨਤਾ ਨੂੰ ਤਬਾਹ ਕਰ ਦਿੱਤਾ।

ਵੇਖੋ ਇਨ੍ਹਾਂ ਵਾਕਾਂ ਦੇ ਕਰਤਾ ਤੇ ਕਰਮ ਵਾਕਾਂ ਦੀਆਂ ਕਿਰਿਆਂ ਉੱਪਰ ਕੋਈ ਅਸਰ ਨਹੀਂ ਪਾਉਂਦੇ। ਕਿਰਿਆਂ ਇਹਨਾਂ ਤੋਂ ਸੁਤੰਤਰ ਹਨ। ਹਰੇਕ ਵਾਕ ਦੀ ਕਿਰਿਆ ਪੁਲਿੰਗ, ਇਕਵਚਨ ਤੇ ਤੀਜਾ ਪੁਰਖ ਹੈ। ਇਸੇ ਕਰਕੇ ਇਹ ਕਿਰਿਆਂ ਸੁਤੰਤਰ ਮੇਲ ਕਿਰਿਆਂ ਹਨ।

  1. ਕਿਰਦੰਤ

ਜਿਹੜੇ ਸ਼ਬਦ ਧਾਤੂਆਂ ਤੋਂ ਬਣਨ ਪਰ ਕਿਰਿਆ ਨਾ ਹੋਣ ਅਰਥਾਤ ਉਹਨਾਂ ਤੋਂ ਕਿਸੇ ਨਾ ਕਿਸ ਕੰਮ ਦਾ ਕਰਨਾ ਜਾਂ ਹੋਣਾ ਤਾਂ ਪ੍ਰਗਟ ਹੋਵੇ, ਪਰ ਕੰਮ ਦੇ ਹੋਣ ਜਾਂ ਕੀਤੇ ਜਾਣ ਦਾ ਸਮਾਂ ਪ੍ਰਗਟ ਨਾ ਹੋਵੇ, ਉਨ੍ਹਾਂ ਨੂੰ ਕਿਰਦੰਤ ਆਖਦੇ ਹਨ। ਜਿਵੇਂ –  ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ ਹਰੇਕ ਸਿੱਖ ਦਾ ਧਾਰਮਿਕ ਫ਼ਰਜ਼ ਹੈ। ਧਰਿਆ ਤੇ ਜਰਿਆ ਵੇਲੇ ਸਿਰ ਕੰਮ ਆਉਂਦਾ ਹੈ। ਮੈਂ ਤੁਰਦਾ-ਤੁਰਦਾ ਥੱਕ ਗਿਆ ਹਾਂ।’ ਇਹਨਾਂ ਵਾਕਾਂ ਵਿੱਚ ‘ਕਰਨੀ’, ‘ਜਪਣਾ’, ‘ਛਕਣਾ’, ‘ਧਰਿਆ’, ‘ਜਰਿਆ’ ਤੇ ਤੁਰਦਾ-ਤੁਰਦਾ ਸਭ ਕਿਰਦੰਤ ਹਨ। ਇਹ ਸ਼ਬਦ ਕੋਈ ਨਾ ਕੋਈ ਕੰਮ ਤਾਂ ਪ੍ਰਗਟ ਕਰਦੇ ਹਨ, ਪਰ ਉਸ ਕੰਮ ਦੇ ਕੀਤੇ ਜਾਣ ਦਾ ਸਮਾਂ ਨਹੀਂ ਦੱਸਦੇ। ਇਸ ਲਈ ਇਹ ਕਿਰਿਆ ਨਹੀਂ ਹਨ ਸਗੋਂ ਕਿਰਦੰਤ ਹਨ।

ਕਿਰਦੰਤ ਛੇ ਪ੍ਰਕਾਰ ਦੇ ਹੁੰਦੇ ਹਨ
(1) ਭਾਵਾਰਥ ਕਿਰਦੰਤ
(2) ਕਿਰਿਆ-ਫਲ ਕਿਰਦੰਤ
(3) ਭੂਤ ਕਿਰਦੰਤ
(4) ਵਰਤਮਾਨ ਕਿਰਦੰਤ
(5) ਪੂਰਬ ਪੂਰਨ ਕਿਰਦੰਤ
(6) ਕਰਤਰੀ-ਵਾਚੀ ਸੰਗਿਆ

(1) ਭਾਵਾਰਥ ਕਿਰਦੰਤ – ਧਾਤ ਦੇ ਮਗਰ ‘ਣਾ’ ਜਾਂ ‘ਨਾ’ ਲਾਉਣ ਨਾਲ ਜਿਹੜਾ ਨਾਉਂ ਬਣਦਾ ਹੈ, ਉਹਨੂੰ ਭਾਵਾਰਥ ਕਿਰਦੰਤ ਆਖਦੇ ਹਨ। ਜਿਵੇਂ – ‘ਆ’ ਤੋਂ  ‘ਆਉਣਾ’,  ‘ਸਿੱਖ’ ਤੋਂ  ‘ਸਿੱਖਣਾ’,  ‘ਲਿਖਾ’ ਤੋਂ ‘ਲਿਖਾਉਣਾ’,  ‘ਕਰ’ ਤੋਂ ‘ਕਰਨਾ’,  ‘ਸੜ’ ਤੋਂ ‘ਸੜਨਾ’, ‘ਮਿਲ’ ਤੋਂ ‘ਮਿਲਨਾ’

ਧਿਆਨ ਨਾਲ ਨੋਟ ਕਰੋ ਕਿ ਭਾਵਾਰਥ ਕਿਸੇ ਕੰਮ ਦਾ ਨਾਂ ਪ੍ਰਗਟ ਕਰਦੇ ਹਨ, ਪਰ ਕੰਮ ਦੇ ਕੀਤੇ ਜਾਣ ਦਾ ਸਮਾਂ ਨਹੀਂ ਦੱਸਦੇ। ਇਸ ਲਈ ਇਹ ਕਿਰਿਆਂ ਨਹੀਂ ਹਨ। ਇਹਨਾਂ – ਕਰਨਾ, ਸਿੱਖਣਾ, ਲਿਖਾਉਣਾ, ਆਦਿ – ਨੂੰ ਕਿਰਿਆ ਕਹਿਣਾ ਗ਼ਲਤੀ ਹੈ ਜੋ ਚੌਖੀ ਪ੍ਰਚਲਤ ਹੈ। ਇਸ ਤੋਂ ਬਚਣਾ ਚਾਹੀਦਾ ਹੈ।

ਨਾਉਂ ਵਾਕੁਰ ਭਾਵਾਰਥ ਵੀ ਕਿਰਿਆ ਦਾ ਕਰਤਾ, ਕਰਮ, ਆਦਿਕ ਹੋ ਸਕਦਾ ਹੈ। ਜਿਵੇਂ –
ਕਿਸੇ ਦਾ ਬੁਰਾ ‘ਲੋਚਨਾ’ ਮਾੜਾ ਕੰਮ ਹੈ (ਕਰਤਾ)
ਮੈਨੂੰ ‘ਤਰਨਾ’ ਆ ਗਿਆ ਹੈ (ਕਰਤਾ)
ਮੈਂ ‘ਤਰਨਾ’ ਜਾਣਦਾ ਹਾਂ। ਉਹ ਪੜ੍ਹਨਾ ਭੁਲਾ ਬੈਠਾ ਹੈ। (ਕਰਮ)
ਅਫਸਰ ਵੱਢੀ ਖਾਣੋਂ (ਖਾਣ ਤੋਂ) ਨਹੀਂ ਹਟਦੇ। (ਅਪਾਦਾਨ)

(2) ਕਿਰਿਆ-ਫਲ ਕਿਰਦੰਤ – ਧਾਤੂ ਦੇ ਨਾਲ ‘ਇਆ’ ਲਾਉਣ ਨਾਲ ਜਿਹੜਾ ਨਾਉਂ ਬਣਦਾ ਹੈ, ਉਹਨੂੰ ਕਿਰਿਆ-ਫਲ ਕਹਿੰਦੇ ਹਨ। ਜਿਵੇਂ – ਪੜ੍ਹਿਆ, ਬੋਲਿਆ, ਖਵਾਇਆ, ਬਚਾਇਆ। ਉਹਦਾ ‘ਪੜ੍ਹਿਆ’ ਕਿਸੇ ਕੰਮ ਨਾ ਆਇਆ। ਸਾਡਾ ‘ਬੋਲਿਆ ਚਾਲਿਆ’ ਮਾਫ਼ ਕਰਨਾ। ‘ਜਰਿਆ-ਧਰਿਆ’ ਵੇਲੇ ਸਿਰ ਕੰਮ ਆਉਂਦਾ ਹੈ। ਬਾਲ ਦਾ ‘ਖਿਡਾਇਆ’ ਭੁੱਲ ਗਿਆ ਤੇ ਉਹਦਾ ‘ਰੁਆਇਆ’ ਯਾਦ ਰਹਿ ਗਿਆ।

ਕਈ ਧਾਤੂਆਂ ਤੋਂ ਕਿਰਿਆ-ਫਲ ਹੋਰਵੇਂ ਹੀ ਢੰਗ ਨਾਲ ਬਣਦੇ ਹਨ। ਜਿਵੇਂ – ਖਾ ਤੋਂ ਖਾਧਾ, ਪੀ ਤੋਂ ਪੀਤਾ, ਕਰ ਤੋਂ ਕੀਤਾ, ਕਰ ਤੋਂ ਕੀਤਾ, ਪੀਹ ਤੋਂ ਪੀਠ। ‘ਇਹਨੂੰ ਖਾਧਾ-ਪੀਤਾ ਨਹੀਂ ਲਗਦਾ। ਤੇਰੇ ਪੀਠੇ ਦਾ ਹੁਦਾਲਣਾ ਕੀ?ਕਿਸੇ ਦਾ ਕੀਤਾ ਭੁਲਾਉਣਾ ਨਹੀਂ ਚਾਹੀਦਾ।’

ਲਿੰਗ, ਵਚਨ ਤੇ ਪੁਰਖ ਕਰਕੇ ਕਿਰਿਆ-ਫਲ ਦਾ ਰੂਪ ਨਹੀਂ ਬਦਲਦਾ, ਪਰ ਇਸ ਦੇ ਸਬੰਧਕੀ ਤੇ ਸੰਮਿਲਿਤ ਸਬੰਧਕੀ ਰੂਪ ਹੁੰਦੇ ਹਨ। ਜਿਵੇਂ – ਤੇਰੇ ‘ਆਏ’ ਦਾ ਸਾਨੂੰ ਕੀ ਸੁਖ ਹੋਇਆ? ਤੇਰੇ ‘ਆਇਆਂ’ ਸਾਡਾ ਕੀ ਸੌਰਿਆ? ਜਿਸ ਸ਼ੈ ਦੇ ‘ਖਾਧਿਆਂ-ਪੀਤਿਆਂ’ ਦੁੱਖ ਹੋਵੇ, ਉਹਦੇ ‘ਖਾਧੇ-ਪੀਤੇ’ ਦਾ ਕੀ ਲਾਭ?।

(3) ਭੂਤ ਕਿਰਦੰਤ – ਧਾਤੂ ਦੇ ਨਾਲ ‘ਇਆਂ’ ਲਾਉਣ ਨਾਲ ਜਿਹੜਾ ਵਿਸ਼ੇਸ਼ਣ ਬਣਦਾ ਹੈ, ਉਸ ਨੂੰ ਭੁਤ ਕਿਰਦੰਤ ਆਖਦੇ ਹਨ। ਜਿਵੇਂ – ‘ਪੜ੍ਹਿਆ ਲਿਖਿਆ’ ਬੰਦਾ, ਹੱਥੀਂ ‘ਕਮਾਇਆ ਹੋਇਆ’ ਧਨ, ‘ਵਿਆਹਿਆ ਹੋਇਆ’ ਪੁੱਤ, ‘ਉਣਿਆ ਹੋਇਆ’ ਕੱਪੜਾ।

ਕਿਰਿਆ-ਫਲ ਵਾਂਝ ਕਈ ਭੂਤ ਕਿਰਦੰਤ ਵੀ ਬਨੇਮੇ ਹੀ ਬਣਦੇ ਹਨ। ਜਿਵੇਂ – ਖਾ ਤੋਂ ਖਾਧਾ, ਸੌਂ ਤੋਂ ਸੁੱਤਾ, ਕਰ ਤੋਂ ਕੀਤਾ, ਧੋ ਤੋਂ ਧੋਤਾ, ਕਹੁ ਤੋਂ ਕਿਹਾ, ਜਾ ਤੋਂ ਗਿਆ, ਢਹਿ ਤੋਂ ਢੱਠਾ, ਬਹਿ ਤੋਂ ਬੈਠਾ, ਦੇ ਤੋਂ ਦਿੱਤਾ, ਰਿੰਨ੍ਹ ਤੋਂ ਰਿੱਧਾ, ਵਿੰਨ੍ਹ ਤੋਂ ਵਿੱਧਾ।

ਨੋਟ – ਭੂਤ-ਕਿਰਦੰਤ ਦਾ ਰੂਪ ਉਹੋ ਹੁੰਦਾ ਹੈ ਜੋ ਕਿਰਿਆ-ਫਲ ਦਾ, ਪਰ ਕਿਰਿਆ-ਫਲ ਨਾਉਂ ਹੁੰਦਾ ਹੈ ਅਤੇ ਅਸਾਧ ਹੁੰਦਾ ਹੈ, ਭਾਵ, ਉਸ ਦੀ ਰੂਪ-ਸਾਧਨਾ ਨਹੀਂ ਹੁੰਦੀ, ਭੂਤ-ਕਿਰਦੰਤ ਵਿਸ਼ੇਸ਼ਣ ਹੁੰਦਾ ਹੈ ਅਤੇ ਉਹਦੀ ਰੂਪ-ਸਾਧਨਾ ਹੋਰ ਕੰਨਾ-ਅੰਤਿਕ ਵਿਸ਼ੇਸ਼ਣ ਵਾਂਙ ਹੁੰਦੀ ਹੈ। ਜਿਵੇਂ – ਸੁੱਤਾ, ਸੁੱਤੇ, ਸੁੱਤੀ, ਸੁੱਤੀਆਂ, ਸੁੱਤਿਆ, ਸੁੱਤਿਓ, ਸੁੱਤੀਏ, ਸੁੱਤੀਓ।

(4) ਵਰਤਮਾਨ ਕਿਰਦੰਤ – ਧਾਤੂ ਦੇ ਮਗਰ ‘ਦਾ’ ਲਾਉਣ ਨਾਲ ਜੋ ਵਿਸ਼ੇਸ਼ਣ ਬਣਦਾ ਹੈ, ਉਸ ਨੂੰ ਵਰਤਮਾਨ ਕਿਰਦੰਤ ਆਖਦੇ ਹਨ। ਜਿਵੇਂ – ‘ਜਾਗਦਾ’ ਆਦਮੀ,  ‘ਵਗਦਾ’ ਪਾਣੀ,  ‘ਵਰ੍ਹਦਾ’ ਪਾਣੀ,  ‘ਗਿੜਦਾ’ ਖੂਹ, ‘ਉੱਬਲਦਾ’ ਪਾਣੀ,  ‘ਹੱਸਦਾ’ ਬਾਲ, ‘ਜਗਦਾ’ ਦੀਵਾ।
ਪਰ ਜੇ ਧਾਤੂ ਦੇ ਅੰਤ ਵਿੱਚ ਕੋਈ ਲਗ (ਕੰਨਾ, ਬਿਹਾਰੀ, ਲਾਂ ਆਦਿ) ਲੱਗੀ ਹੋਵੇ, ਤਾਂ ‘ਦਾ’ ਤੋਂ ਪਹਿਲਾਂ ‘ਬਿੰਦੀ’ ਜਾਂ ‘ਉ’ ਵੀ ਲਾਇਆ ਜਾਂਦਾ ਹੈ। ਜਿਵੇਂ – ‘ਖਾਂਦਾ ਪੀਂਦਾ’ ਆਦਮੀ, ‘ਰੋਂਦਾ’ ਬਾਲ, ‘ਗਾਉਂਦਾ ਜਾਂਦਾ’ਫਕੀਰ, ਕੱਪੜੇ ‘ਧੋਂਦਾ’ ਧੋਬੀ, ਮਸ਼ੀਨ ‘ਚਲਾਉਂਦਾ’ ਦਰਜੀ, ਭੁੰਜੇ ‘ਸੌਂਦਾ’ ਸੰਤ, ਸਕੂਲੋਂ ‘ਆਉਂਦਾ’ ਵਿਦਿਆਰਥੀ।
ਵਰਤਮਾਨ ਕਿਰਦੰਤ ਦੀ ਰੂਪ-ਸਾਧਨਾ ਕੰਨਾ-ਅੰਤਿਕਾ ਵਿਸ਼ੇਸ਼ਣਾ ਵਾਂਙ ਹੁੰਦੀ ਹੈ। ਜਿਵੇਂ – ਖਾਂਦਾ, ਖਾਂਦੇ,  ਖਾਂਦੀ, ਖਾਂਦੀਆਂ,  ਖਾਂਦਿਓ, ਖਾਂਦੀਏ, ਖਾਂਦੀਓ।

(5) ਪੂਰਬ ਪੂਰਨ ਕਿਰਦੰਤ – ਧਾਤੂ ਦੇ ਮਗਰ ‘ਕੇ’ ਲਾਇਆਂ ਜਿਹੜਾ ਕਿਰਦੰਤ ਵਿਸ਼ੇਸ਼ਣ ਬਣਦਾ ਹੈ, ਉਹਨੂੰ ਪੂਰਬ ਪੂਰਨ ਕਿਰਦੰਤ ਆਖਦੇ ਹਨ। ਇਹ ਕਿਰਦੰਤ ਕਿਸੇ ਹੋਰ ਕੰਮ ਤੋਂ ਪਹਿਲਾਂ (ਪੂਰਬ) ਮੁੱਕ ਚੁੱਕੇ (ਪੂਰਨ ਹੋਏ) ਕੰਮ ਨੂੰ ਪ੍ਰਗਟ ਕਰਦਾ ਹੈ, ਭਈ ਪਹਿਲਾਂ ਇਹ ਕੰਮ ਕੀਤੇ ਤੇ ਫੇਰ ਉਹ। ਜਿਵੇਂ – ਅਸੀਂ ਇਸ਼ਨਾਨ ‘ਕਰ ਕੇ’ ਪਾਠ ਕਰਾਂਗੇ, ਸਾਡੀ ਫ਼ੌਜ ‘ਜਿੱਤ’ ਕੇ ਆਈ ਹੈ, ਸਾਡੇ ਜਵਾਨ ਸੋਭਾ ‘ਖੱਟ’ ਕੇ ਰਣ-ਭੂਮੀ ਤੋਂ ਮੁੜੇ।

ਨੋਟ – (1) ਪੂਰਬ ਪੂਰਨ ਕਿਰਦੰਤ ਦਾ ਕਰਤਾ ਤੇ ਵਾਕ ਦੀ ਕਿਰਿਆ ਦਾ ਕਰਤਾ ਸਾਂਝਾ ਹੁੰਦਾ ਹੈ। ਇਸ ਕਿਰਦੰਤ ਤੋਂ ਪ੍ਰਗਟ ਹੋਣ ਵਾਲਾ ਕੰਮ ਵੀ ਉਹੋ ਕਰਦਾ ਹੈ ਜੋ ਕਿਰਿਆ ਤੋਂ ਪ੍ਰਗਟ ਹੋਣ ਵਾਲਾ ਕੰਮ ਕਰਦਾ ਹੈ। ਇਸ ਦਾ ਕਰਮ ਵੀ ਹੋ ਸਕਦਾ ਹੈ। ਰੋਟੀ ਖਾ ਕੇ, ਸੋਭਾ ਖੱਟ ਕੇ, ਲੜਾਈ ਲੜ ਕੇ।

(2) ਇਸ ਕਿਰਦੰਤ ਦੇ ਨਿਸਾਨ ‘ਕੇ’ ਨੂੰ ਧਾਤੂ ਨਾਲੋਂ ਨਿਖੇੜ ਕੇ ਲਿਖਣਾ ਚਾਹੀਦਾ ਹੈ, ਨਾਲ ਜੋੜ ਕੇ ਨਹੀਂ। ਜਿਵੇਂ ਖਾ ਕੇ, ਕਰ ਕੇ। ਜਿਹਾ ਕਿ ਸ਼ਬਦ-ਜੋੜਾਂ ਦੇ ਫੁਟਕਲ ਨੇਮ ਵਿੱਚ ਖੋਲ੍ਹ ਕੇ ਦੱਸਿਆ ਗਿਆ ਹੈ, ‘ਕੇ’ ਨੂੰ ਧਾਤੂਆਂ ਨਾਲ ਜੋੜਿਆਂ ਸ਼ਬਦ ਹੋਰ ਹੀ ਬਣ ਜਾਂਦੇ ਹਨ ਤੇ ਅਰਥ-ਭੇਦ ਹੋ ਜਾਂਦਾ ਹੈ।

(7) ਕਰਤਰੀ ਵਾਚੀ ਸੰਗਿਆ – ਭਾਵਾਰਥ ਦਾ ਅੰਤਲਾ ਕੰਨਾ ਹਟਾ ਕੇ ‘ਵਾਲਾ’ ਜਾਂ ‘ਹਾਰ’ ਲਾਇਆਂ, ਜਾਂ ਧਾਤੂ ਨਾਲ ਦੂਲੈਂਕੜੇ ਜਾਂ ‘ਊ’ ਲਾਇਆਂ, ਜੋ ਕਿਰਦੰਤ ਬਣਦਾ ਹੈ, ਉਸ ਨੂੰ ਕਰਤਰੀ ਵਾਚੀ ਸੰਗਿਆ ਕਹਿੰਦੇ ਹਨ। ਜਿਵੇਂ – ਕਰਨ ਵਾਲਾ, ਧੋਣ ਵਾਲਾ, ਲਿਖਣ ਵਾਲਾ, ਸਿਰਜਣਹਾਰ, ਪਾਲਣਹਾਰ, ਪਾਰ ਉਤਾਰਣਹਾਰ, ਡਰੂ, ਸਡ਼ੂ, ਖਾਊ, ਕਮਾਊ।
ਕਰਤਰੀ ਵਾਚੀ ਸੰਗਿਆ ਕਦੇ ਨਾਉਂ ਦਾ ਤੇ ਕਦੇ ਵਿਸ਼ੇਸ਼ਣ ਦਾ ਕੰਮ ਕਰਦੀ ਹੈ। ਜਿਵੇਂ – ਚੰਗਾ ‘ਲਿਖਣ ਵਾਲਾ’ ਮੁੰਡਾ, ਭਾਂਡੇ ਕਲੀ ‘ਕਰਨ ਵਾਲਾ’ ਆਇਆ ਹੈ। ‘ਸਿਰਜਣਹਾਰ’ ਕਰਤਾਰ ਦੇ ਰੰਗ ਨਿਆਰੇ ਹਨ। ਉਹ ਸਭ ਦਾ ‘ਪਾਲਣਹਾਰ’ ਪਿਤਾ ਹੈ। ਹਰ ਵੇਲੇ ‘ਸੜਦੇ ਰਹਿਣ ਵਾਲੇ’ ਨੂੰ ਸੁਖ ਕਦੇ ਨਹੀਂ ਹੁੰਦਾ। ਇਮਾਨਦਾਰੀ ਨਾਲ ਕੰਮ ‘ਕਰਨ ਵਾਲੇ’ ਨੂੰ ਕਦੇ ਘਾਟਾ ਨਹੀਂ ਪੈਂਦਾ। ਬੇਈਮਾਨੀ ‘ਕਰਨ ਵਾਲਾ’ ਆਦਮੀ ਫਿਟਕਾਰਨਯੋਗ ਹੁੰਦਾ ਹੈ। ‘ਡਰੂ’ ਮੁੰਡਾ ਕਾਸੇ ਜੋਗਾ ਨਹੀਂ ਹੁੰਦਾ।
ਇਸ ਕਿਰਦੰਤ ਦੀ ਰੂਪ-ਸਾਧਨਾ ਨਾਉਂ ਜਾਂ ਵਿਸ਼ੇਸ਼ਣ ਵਾਕੁਰ ਹੀ ਹੁੰਦੀ ਹੈ

 

Loading spinner