ਸ਼ਬਦ-ਬੋਧ
ਕਾਂਡ – 9 ਸੰਬੰਧਕ
ਸੰਬੰਧਕ – ਜਿਹੜਾ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਦੇ ਮਗਰ ਆ ਕੇ ਵਾਕ ਦੀ ਕਿਰਿਆ ਜਾਂ ਹੋਰ ਕਿਸੇ ਸ਼ਬਦ ਨਾਲ ਉਹਦਾ ਸੰਬੰਧ ਪ੍ਰਗਟ ਕਰੇ, ਉਹਨੂੰ ਸੰਬੰਧਕ ਆਖਦੇ ਹਨ। ਜਿਵੇਂ – ਵਿੱਚ, ਦਾ, ਨੂੰ, ਨੇ, ਨਾਲ, ਨਾਲੋਂ, ਵਿੱਚੋਂ।
ਜਿਹੜਾ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਦੇ ਮਗਰ ਆ ਕੇ ਉਹਦਾ ਸਬੰਧ ਵਾਕ ਦੀ ਕਿਰਿਆ ਜਾਂ ਕਿਸੇ ਹੋਰ ਸ਼ਬਦ ਨਾਲ ਪ੍ਰਗਟ ਕਰੇ। ਉਹਨੂੰ ਸਬੰਧਕ ਆਖਦੇ ਹਨ। ਜਿਵੇਂ – ‘ਸਿਪਾਹੀ ਨੇ ਚੋਰ ਨੂੰ ਹਵਾਲਾਤ ਵਿੱਚ ਡੱਕ ਦਿੱਤਾ।’ ਵਿੱਚ ‘ਨੇ’, ‘ਨੂੰ’, ਤੇ, ‘ਵਿੱਚ’। ਵਾਗੀ ਨੇ ਮੱਝਾਂ ਘਰ ਲਿਆਂਦੀਆਂ ਤੇ ਉਹਨਾਂ ਅੱਗੇ ਪੱਠੇ ਪਾਏ ਵਿੱਚ ‘ਨੇ’ ਤੇ ‘ਅੱਗੇ’।
ਸਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਹਨ –
(1) ਪੂਰਨ ਸਬੰਧਕ
(2) ਅਪੂਰਨ ਸਬੰਧਕ ਤੇ
(3) ਦੁਬਾਜਰੇ ਸਬੰਧਕ
(1) ਪੂਰਨ ਸਬੰਧਕ – ਜਿਹੜੇ ਸ਼ਬਦ ਇੱਕਲੇ ਹੀ, ਕਿਸੇ ਹੋਰ ਸ਼ਬਦ ਜਾਂ ਸ਼ਬਦਾਂ ਦੀ ਸਹਾਇਤਾ ਤੋਂ ਬਿਨਾਂ ਸਬੰਧਕ ਹੋ ਸਕਣ। ਉਹ ਪੂਰਨ ਸਬੰਧਕ ਹੁੰਦੇ ਹਨ। ਜਿਵੇਂ – ਦਾ, ਦੇ, ਦੀ, ਦੀਆਂ, ਤੋਂ, ਨੇ, ਨੂੰ, ਤੱਕ, ਤੀਕ, ਤੋੜੀ, ਥੋਂ, ਤਾਈਂ।
(2) ਅਪੂਰਨ ਸਬੰਧਕ – ਜਿਹੜੇ ਸ਼ਬਦ ਇਕੱਲੇ ਸਬੰਧਕ ਦਾ ਕੰਮ ਨਾ ਕਰ ਸਕਣ ਸਗੋਂ ਕਿਸੇ ਪੂਰਨ ਸਬੰਧਕ ਨਾਲ ਰਲ ਕੇ ਸਬੰਧਕ ਹੋ ਸਕਣ, ਉਹਨਾਂ ਨੂੰ ਅਪੂਰਨ ਸਬੰਧਕ ਆਖਦੇ ਹਨ। ਜਿਵੇਂ – ਪਰੇ, ਨੇੜੇ, ਲਾਗੇ, ਦੂਰ, ਵਿਰੁੱਧ, ਬਾਹਰ, ਸਾਹਮਣੇ, ਵਿਚਕਾਰ ਆਦਿਕ। ‘ਘਰ ਦੇ ਨੇੜੇ, ਘਰ ਤੋਂ ਦੂਰ, ਸੜਕੇ ਦੇ ਵਿਚਕਾਰ, ਲੋਕਾਂ ਦੇ ਸਾਹਮਣੇ। ਭੀੜ ਤੋਂ ਪਰੇ, ਸ਼ਹਿਰੋਂ ਬਾਹਰ, ਪਿੰਡ ਦੇ ਲਾਗੇ।’
(3) ਦੁਬਾਜਰੇ ਸਬੰਧਕ – ਜਿਹੜੇ ਸਬੰਧਕ ਕਦੇ ਪੂਰਨ ਤੇ ਕਦੇ ਅਪੂਰਨ ਹੋਣ ਉਹਨਾਂ ਨੂੰ ਦੁਬਾਜਰੇ ਸਬੰਧਕ ਕਹਿੰਦੇ ਹਨ। ਜਿਵੇਂ
ਕੋਲ, ਪਾਸ, ਬਿਨਾ, ਅਨੁਸਾਰ, ਰਾਹੀਂ, ਲਈ, ਉੱਤੇ, ਹੇਠਾਂ, ਵਾਸਤੇ, ਵਰਗਾ, ਲਈ, ਨਾਲ, ਵੱਲ, ਦੁਆਰਾ, ਵਿੱਚ, ਗੋਚਰਾ ਆਦਿ। ‘ਮੈਨੂੰ ਉਸ ਗੋਚਰਾ ਕੋਈ ਕੰਮ ਨਹੀਂ। ਮੈਨੂੰ ਉਸ ਦੇ ਗੋਚਰਾ ਕੋਈ ਕੰਮ ਹੈ। ਕਾਂ ਬਨੇਰੇ ਉੱਤੇ ਬੈਠਾ ਹੈ। ਇਹ ਕਿਤਾਬ ਉਸ ਬੱਚੇ ਵਾਸਤੇ ਹੈ। ਸਾਡੇ ਘਰ ਕੋਲ ਇੱਕ ਛੱਪੜ ਹੈ। ਛੱਪੜ ਵਿੱਚ ਮੱਝਾਂ ਬੈਠੀਆਂ ਹਨ। ਉਹਦੀ ਪੁਸਤਕ ਇਸ ਮੁੰਡੇ ਪਾਸ ਹੈ। ਸਕੂਲ ਸਾਡੇ ਘਰ ਦੇ ਪਾਸ ਹੈ।’
ਨੋਟ – (1) ਜਦੋਂ ਕੋਈ ਲਗ ਕਿਸੇ ਸ਼ਬਦ ਮਗਰ ਲੱਗ ਕੇ ਸਬੰਧਕ ਦਾ ਕੰਮ ਦੇਵੇ, ਤਾਂ ਉਸ ਨੂੰ ਸਬੰਧ-ਸੂਚਕ ਪਿਛੇਤਰ ਕਹਿੰਦੇ ਹਨ। ਜਿਵੇਂ – ਪਿੰਡੋਂ (ਪਿੰਡ ਤੋਂ), ਸ਼ਹਿਰੀਂ (ਸ਼ਹਿਰਾਂ ਵਿੱਚ), ਸਕੂਲੇ (ਸਕੂਲ ਵਿੱਚ), ਹੱਥੀਂ (ਹੱਥਾਂ ਨਾਲ) ਵਿੱਚ ਹੋੜਾ, ਬਿਹਾਰੀ ਤੇ ਲਾਂ-ਬਿੰਦੀ।
(2) ਸਬੰਧਕੀ ਸਬੰਧਮਾਨ – ਜਿਸ ਨਾਉਂ ਜਾਂ ਪੜਨਾਉਂ ਦੇ ਮਗਰ ਸਬੰਧਕ ਜਾਂ ਸਬੰਧ-ਸੂਚਕ ਪਿਛੇਤਰ ਆਵੇ ਉਹਨੂੰ ਸਬੰਧੀ ਕਹਿੰਦੇ ਹਨ ਅਤੇ ਜਿਸ ਸ਼ਬਦ ਨਾਲ ਉਸ ਸਬੰਧੀ ਦਾ ਸਬੰਧ ਪ੍ਰਗਟ ਹੋਵੇ ਉਹਨੂੰ ਸਬੰਧਮਾਨ ਆਖਦੇ ਹਨ। ਜਿਵੇਂ – ਗ਼ਰੀਬ ਦੀ ਕੁੱਲੀ ਵਿੱਚ ਗ਼ਰੀਬ ਸਬੰਧੀ ਹੈ ਤੇ ਕੁੱਲੀ ਸਬੰਧਮਾਨ ਹੈ। ਦੁੱਧ ਵਿੱਚ ਖੰਡ ਪਾਓ ਵਿੱਚ ਦੁੱਧ ਸਬੰਧੀ ਤੇ ਖੰਡ ਸਬੰਧਮਾਨ ਹੈ। ਗੱਡੀ ਉੱਤੇ ਚੜ੍ਹੋ ਵਿੱਚ ਗੱਡੀ ਸਬੰਧੀ ਹੈ ਅਤੇ ਚਡ਼੍ਹੋ ਸਬੰਧਮਾਨ ਹੈ। ਮੱਝ ਨੂੰ ਵੰਡ ਪਾਓ ਵਿੱਚ ਮੱਝ ਸਬੰਧੀ ਤੇ ਵੰਡ ਸਬੰਧਮਾਨ ਹੈ।