ਵਾਕ-ਬੋਧ
ਕਾਂਡ – 1 ਵਾਕ ਦੇ ਹਿੱਸੇ
ਵਾਕ-ਬੋਧ ਵਿਆਕਰਣ ਦਾ ਉਹ ਹਿੱਸਾ ਹੈ ਜਿਸ ਵਿਚ ਸ਼ਬਦਾਂ ਤੋਂ ਵਾਕ ਬਣਾਉਣ ਦੇ ਨੇਮ ਦੇ ਢੰਗ ਅਤੇ ਵਾਕਾਂ ਸਬੰਧੀ ਹੋਰ ਵਿਚਾਰ ਦੱਸੇ ਜਾਂਦੇ ਹਨ। ਹਰੇਕ ਵਾਕ ਦੇ ਮੁੱਖ ਹਿੱਸੇ ਦੋ ਹੁੰਦੇ ਹਨ –
1) ਆਦਮ ਜਾਂ ਵਿਸ਼ਾ
2) ਅੰਤਮ ਜਾਂ ਵਰਣਨ
ਆਦਮ, ਵਿਸ਼ਾ – ਕਿਸੇ ਵਾਕ ਵਿਚ ਜਿਸ ਜੀਵ, ਸ਼ੈ, ਥਾਂ ਆਦਿ ਬਾਬਤ ਕੁਝ ਦੱਸਿਆ ਜਾਂ ਪੁੱਛਿਆ ਜਾਂਦਾ ਹੈ ਉਹਨੂੰ ਪ੍ਰਗਟ ਕਰਨ ਵਾਲੇ ਸ਼ਬਦ ਜਾਂ ਸ਼ਬਦਾਂ ਦੇ ਇੱਕਠ ਨੂੰ ਵਾਕ ਜਾ ਆਦਮ ਜਾਂ ਵਿਸ਼ਾ ਕਹਿੰਦੇ ਹਨ ਜਿਵੇਂ –“ਫੌਜ ਮਾਰੋ ਮਾਰ ਕਰਦੀ ਅੱਗੇ ਵਧ ਗਈ, ਸਾਡੇ ਬਹਾਦਰ ਜਵਾਨ ਦੇਸ ਦੀ ਸ਼ਾਨ ਵਧਾ ਰਹੇ ਹਨ, ਪੰਜਾਬ ਦੇ ਮਿਹਨਤੀ ਕਿਸਾਨ ਬੰਜਰਾਂ ਨੂੰ ਉਪਜਾਉ ਬਣਾ ਰਹੇ ਹਨ, ਤੁਸੀਂ ਕੀ ਚਾਹੁੰਦੇ ਹੋ ?” ਇਹਨਾਂ ਵਾਕਾਂ ਵਿਚ ‘ਫੌਜ’,‘ਸਾਡੇ ਬਹਾਦਰ ਜਵਾਨ’, ‘ਪੰਜਾਬ ਦੇ ਮਿਹਨਤੀ ਕਿਸਾਨ’, ਅਤੇ ‘ਤੁਸੀਂ’ ਆਪੋ ਆਪਣੇ ਵਾਕਾਂ ਦਾ ਵਿਸ਼ਾ ਹਨ।
ਅੰਤਮ, ਵਰਣਨ – ਕਿਸੇ ਵਾਕ ਵਿਚ ਜਿਹੜਾ ਸ਼ਬਦ ਜਾਂ ਸ਼ਬਦਾਂ ਦਾ ਇੱਕਠ ਕਿਸੇ ਜੀਵ, ਸ਼ੈ, ਥਾਂ ਆਦਿ ਬਾਰੇ ਕੁਝ ਦੱਸੇ ਜਾਂ ਪੁੱਛੇ, ਉਹਨੂੰ ਵਾਕ ਦਾ ਅੰਤਮ ਜਾਂ ਵਰਣਨ ਆਖਦੇ ਹਨ। ਜਿਵੇਂ – ”ਕਰਨੈਲ ਸਿੰਘ ਰੋਟੀ ਖਾ ਰਿਹਾ ਹੈ, ਸਾਡੇ ਪਿੰਡ ਵੀ ਸ਼ਹਿਰਾਂ ਦੀਆਂ ਸਹੂਲਤਾਂ ਮਾਣਨ ਲੱਗ ਪਏ ਹਨ, ਅਨੂਪ ਕਿੱਥੋਂ ਆਇਆ ਹੈ ? ” ਇਨ੍ਹਾਂ ਵਾਕਾਂ ਵਿਚ ‘ਰੋਟੀ ਖਾ ਰਿਹਾ ਹੈ’, ‘ਸ਼ਹਿਰ ਦੀਆਂ ਸਹੂਲਤਾਂ ਮਾਣਨ ਲੱਗ ਪਏ ਹਨ’, ‘ਕਿਥੋਂ ਆਇਆ ਹੈ’, ਆਪੋ ਆਪਣੇ ਵਾਕ ਦਾ ਅੰਤਮ ਜਾਂ ਵਰਣਨ ਹਨ।
ਆਦਮ ਜਾਂ ਵਿਸ਼ੇ ਦੇ ਅੰਗ
ਆਦਮ ਜਾਂ ਵਿਸ਼ੇ ਦੇ ਦੋ ਅੰਗ ਹੋ ਸਕਦੇ ਹਨ – 1) ਕਰਤਾ, 2) ਕਰਤਾ-ਵਿਸਥਾਰ
ਕਰਤਾ – ਵਾਕ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਕਰਨ ਵਾਲੇ ਨੂੰ ਕਰਤਾ ਆਖਦੇ ਹਨ ਜਿਵੇਂ – “ਫੌਜ ਅੱਗੇ ਵਧ ਰਹੀ ਹੈ” ਵਿਚ ‘ਅੱਗੇ ਵਧਣ’ ਦਾ ਕੰਮ ‘ਫੌਜ’ ਕਰਦੀ ਹੈ। ਇਸ ਕਰਕੇ ‘ਫੌਜ’ ਇਸ ਵਾਕ ਦਾ ਕਰਤਾ ਹੈ।
ਕਰਤਾ-ਵਿਸਥਾਰ – ਕਰਤਾ ਬਾਰੇ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਜਾਂ ਸ਼ਬਦਾਂ ਦੇ ਇੱਕਠ ਨੂੰ ਕਰਤਾ-ਵਿਸਥਾਰ ਆਖਦੇ ਹਨ ਜਿਵੇਂ – “ਸਾਡੇ ਸਕੂਲ ਦਾ ਹਰੇਕ ਵਿਦਿਆਰਥੀ ਜੀ ਲਾ ਕੇ ਕੰਮ ਕਰਦਾ ਹੈ” ਵਿਚ ਵਿਸ਼ਾ ਤਾਂ ਹੈ ‘ਸਾਡੇ ਸਕੂਲ ਦੇ ਹਰੇਕ ਵਿਦਿਆਰਥੀ’ ਪਰ ਕਰਤਾ ਹੈ ਕੇਵਲ ‘ਵਿਦਿਆਰਥੀ’। ਸ਼ਬਦ ‘ਸਾਡੇ ਸਕੂਲ ਦਾ ਹਰੇਕ’ ਤਾਂ ‘ਵਿਦਿਆਰਥੀ’ ਬਾਰੇ ਹੋਰ ਗੱਲ ਜਾਂ ਉਹਦੀ ਵਿਸ਼ੇਸ਼ਤਾ ਦੱਸਦੇ ਹਨ, ਭਈ ਕਿਹੜਾ ਵਿਦਿਆਰਥੀ। ਇਸ ਕਰਕੇ ਇਹ ਸ਼ਬਦ ‘ਸਾਡੇ ਸਕੂਲ ਦਾ ਹਰੇਕ’ ਕਰਤਾ-ਵਿਸਥਾਰ ਹਨ।
ਨੋਟ –
ੳ) ਚੇਤੇ ਰੱਖੋ ਕਿ ਕਰਤਾ ਕੇਵਲ ਨਾਉਂ ਜਾਂ ਨਾਉਂ ਦਾ ਕੰਮ ਕਰਨ ਵਾਲੇ (ਨਾਉਂ ਤੁਲ) ਸ਼ਬਦ ਹੀ ਹੋ ਸਕਦੇ ਹਨ ਜਿਵੇਂ-
1) ਨਾਉਂ – ‘ਸੂਰਜ’ ਨਿਕਲ ਆਇਆ ਹੈ।
2) ਪੜਨਾਉਂ – ‘ਉਹ’ ਤੇਜ਼ ਦੌੜਦਾ ਹੈ।
3) ਨਾਉਂ ਤੁਲ ਵਿਸ਼ੇਸ਼ਣ – ‘ਤਕੜੇ’ ਮਨ-ਆਈਆਂ ਕਰਦੇ ਹਨ, ‘ਮਾੜੇ ਵਿਚਾਰੇ’ ਸਿਰ-ਪਈਆਂ ਜਰਦੇ ਹਨ।
4) ਭਾਵਾਰਥ – ‘ਲੜਨਾ’ ਮਾੜਾ ਕੰਮ ਹੈ। ਮੈਨੂੰ ‘ਤਰਨਾ’ ਆ ਗਿਆ ਹੈ।
5) ਕਿਰਿਆ ਫਲ – ‘ਜਰਿਆ’ ਤੇ ‘ਧਰਿਆ’ ਵੇਲੇ ਸਿਰ ਕੰਮ ਆਉਂਦਾ ਹੈ।
6) ਵਾਕੰਸ਼ – ‘ਗਰੀਬਾਂ ਦੀਆਂ ਫਰਿਆਦਾਂ’ ਰੱਬ ਤੀਕ ਪੁਜਦੀਆਂ ਹਨ।
ਅ) ਕਰਤਾ-ਵਿਸਥਾਰ ਕਰਤਾ ਦੀ ਵਿਸ਼ੇਸ਼ਤਾ ਦਸਦਾ ਹੈ ਜਾਂ ਉਹਦੇ ਵਿਸ਼ੇਸ਼ਣ ਦਾ ਕੰਮ ਕਰਦਾ ਹੈ। ਇਸ ਲਈ ਵਿਸ਼ੇਸ਼ਣ ਜਾਂ ਵਿਸ਼ੇਸ਼ਣ-ਤੁਲ ਸ਼ਬਦ ਹੀ ਕਰਤਾ-ਵਿਸਥਾਰ ਹੋ ਸਕਦੇ ਹਨ, ਜਿਵੇਂ –
1) ਵਿਸ਼ੇਸ਼ਣ – ‘ਅਣਖੀਲੇ’ ਗੱਭਰੂ ਆਪਣੇ ਫਰਜ਼ ਦੀ ਪਾਲਨਾ ਕਰਦੇ ਹਨ।
2) ਕਿਰਦੰਤ – ‘ਵਿਗੜਿਆ’ ਬਾਲ ਜ਼ਰੂਰ ਔਖਾ ਹੁੰਦਾ ਹੈ, ਵਗਦਾ ਪਾਣੀ ਸਾਫ ਰਹਿੰਦਾ ਹੈ।
3) ਸੰਬੰਧਕਾਰਕ – ‘ਅਮੀਰ ਲੋਕਾਂ ਦੇ’ ਕਮਲੇ ਵੀ ਸਿਆਣੇ ਮੰਨੇ ਜਾਂਦੇ ਹਨ।
4) ਅਨਕਰਮੀ – ‘ਪੰਜਾਬ ਦੇ ਸ਼ੇਰ’, ਮਹਾਰਾਜਾ ਰਣਜੀਤ ਸਿੰਘ ਨੇ ਸਰਬ-ਪੰਜਾਬੀ ਰਾਜ ਕਾਇਮ ਕੀਤਾ।
5) ਪੜਨਾਉਂ – ਉਹ ‘ਆਪ’ ਜਨਤਾ ਦੀ ਫਰਿਆਦ ਸੁਣਿਆ ਕਰਦਾ ਸੀ।
6) ਵਾਕੰਸ਼ – ‘ਹੋਰਨਾਂ ਦਾ ਹੱਕ ਮਾਰਨ ਵਾਲਾ’ ਬੰਦਾ ਮਹਾਂ ਪਾਪੀ ਹੁੰਦਾ ਹੈ।
ੲ) ਵਾਕ ਦੇ ਵਰਣਨ ਨਾਲ ਕੌਣ, ਕਿਸ ਨੂੰ, ਕਿਨ੍ਹਾਂ ਨੇ ਲਾਇਆ ਜੋ ਪ੍ਰਸ਼ਨ ਬਣੇ ਉਨ੍ਹਾਂ ਦੇ ਉੱਤਰ ਵਿਚ ਦੋ ਸ਼ਬਦ ਜਾਂ ਸ਼ਬਦ-ਸਮੂਹ ਆਵੇ, ਉਹ ਵਾਕ ਦਾ ਕਰਤਾ ਜਾਂ ਵਿਸਥਾਰ ਸਹਿਤ ਕਰਤਾ ਹੁੰਦਾ ਹੈ, ਜਿਵੇਂ – “ਕਿਰਪਾਲ ਕਸਰਤ ਕਰਦਾ ਹੈ”। “ਮੇਰੇ ਵੱਡੇ ਭਰਾ ਨੇ ਮੈਨੂੰ ਘੜੀ ਦਿੱਤੀ”। “ਸਾਡੇ ਬਹਾਦਰ ਜਵਾਨਾਂ ਨੇ ਦੇਸ਼ ਦੇ ਵੈਰੀਆਂ ਨੂੰ ਮਾਰ ਭਜਾਇਆ”। “ਏਥੇ ਕੌਣ ਕਸਰਤ ਕਰਦਾ ਹੈ ?”, “ਕਿਸ ਨੇ ਮੈਨੂੰ ਘੜੀ ਦਿੱਤੀ ? ਦੇਸ ਦੇ ਵੈਰੀਆਂ ਨੂੰ ਕਿੰਨ੍ਹਾਂ ਨੇ ਮਾਰ ਭਜਾਇਆ”। ਪ੍ਰਸ਼ਨ ਬਣਦੇ ਹਨ। ਇਨ੍ਹਾਂ ਪ੍ਰਸ਼ਨਾਂ ਦੇ ਉਤਰ ਹਨ – ‘ਕਿਰਪਾਲ’, ‘ਮੇਰੇ ਵੱਡੇ ਭਰਾ’, ਅਤੇ ‘ਸਾਡੇ ਬਹਾਦਰ ਜਵਾਨਾਂ’। ਸੋ ਇਹ ਆਪੋ-ਆਪਣੀ ਥਾਂ ਵਾਕ ਦਾ ਕਰਤਾ ਜਾਂ ਵਿਸਥਾਰ ਸਹਿਤ ਕਰਤਾ ਹਨ।
ਵਰਣਨ ਦੇ ਅੰਗ
ਵਰਣਨ ਜਾਂ ਅੰਤਮ ਦੇ ਛੇ ਅੰਗ ਹੋ ਸਕਦੇ ਹਨ – 1) ਕਰਮ, 2) ਕਰਮ-ਵਿਸਥਾਰ, 3) ਪੂਰਕ, 4) ਪੂਰਕ-ਵਿਸਥਾਰ, 5) ਕਿਰਿਆ ਅਤੇ 6) ਕਿਰਿਆ-ਵਿਸਥਾਰ।
ਕਰਮ – ਜਿਸ ਜੀਵ ਜਾਂ ਸ਼ੈ ਉੱਪਰ ਵਾਕ ਦੀ ਕਿਰਿਆ ਦਾ ਕੰਮ ਹੋਵੇ ਉਹਨੂੰ ਪ੍ਰਗਟ ਕਰਨ ਵਾਲੇ ਸ਼ਬਦ ਜਾਂ ਸ਼ਬਦ-ਸਮੂਹ ਨੂੰ ਉਸ ਕਿਰਿਆ ਦਾ ਕਰਮ ਆਖਦੇ ਹਨ, ਜਿਵੇਂ “ਰਣਬੀਰ ਨੇ ਦੁਧ ਪੀਤਾ। ਮੇਰੇ ਭਰਾ ਨੇ ਮੈਨੂੰ ਵਿਆਕਰਣ ਦੀ ਪੁਸਤਕ ਦਿੱਤੀ”। ਇੱਥੇ ‘ਦੁੱਧ’ ਤੇ ‘ਵਿਆਕਰਣ ਦੀ ਪੁਸਤਕ’ ਤੇ ‘ਮੈਨੂੰ’ ਕਰਮ ਹਨ।
ਨੋਟ –
ੳ) ਚੇਤੇ ਰੱਖੋ ਕਿ ਕਰਮ ਕੋਈ ਜੀਵ ਜਾਂ ਸ਼ੈਲੀ ਨਹੀਂ ਹੁੰਦੀ, ਸਗੋਂ ਉਹ ਜੀਵ ਜਾਂ ਸ਼ੈ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਜਾਂ ਸ਼ਬਦਾਂ ਦਾ ਇੱਕਠ ਹੁੰਦਾ ਹੈ। ਨਾ ਹੀ ਕਿਸੇ ਸ਼ਬਦ ਜਾਂ ਵਾਕੰਸ਼ ਉੱਪਰ ਕੋਈ ਕੰਮ ਵਾਪਰ ਸਕਦਾ ਹੈ। ਕੰਮ ਤਾਂ ਵਾਪਰਦਾ ਹੈ ਕਿਸੇ ਜੀਵ ਜਾਂ ਸ਼ੈ ਉੱਪਰ, ਜਿਵੇਂ – “ਮੁੰਡੇ ਨੇ ਮੱਝ ਚੋਈ ਅਤੇ ਆਪਣੇ ਪਿਤਾ ਨੂੰ ਦੁਧ ਛਕਾਇਆ”। ਇੱਥੇ ਮੁੰਡੇ ਨੇ ਕਿਸੇ ਸ਼ਬਦ ਨੂੰ ਨਹੀਂ ਚੋਇਆ ਤੇ ਨਾ ਹੀ ਉਹਨੇ ਆਪਣੇ ਪਿਤਾ ਨੂੰ ਕੋਈ ਸ਼ਬਦ ਛਕਾਇਆ, ਸਗੋਂ ਮੁੰਡੇ ਨੇ ਇੱਕ ਜੀਵ (ਮੱਝ) ਨੂੰ ਚੋਇਆ ਤੇ ਇੱਕ ਸ਼ੈ (ਦੁੱਧ) ਆਪਣੇ ਪਿਉ ਨੂੰ ਛਕਾਈ। ਇਸ ਕਰਕੇ ਇਹ ਕਹਿਣਾ ਗ਼ਲਤ ਹੈ ਕਿ “ਜਿਸ ਵਾਕੰਸ਼ ਉੱਤੇ ਕੰਮ ਵਾਪਰੇ ਉਹ ਕਰਮ ਅਖਵਾਉਂਦਾ ਹੈ”।
ਅ) ਕਰਮ ਕੇਵਲ ਨਾਉਂ ਜਾਂ ਨਾਉਂ-ਤੁਲ ਸ਼ਬਦ ਹੀ ਹੋ ਸਕਦੇ ਹਨ, ਜਿਵੇਂ –
1) ਨਾਉਂ – ਅਸਾਂ ‘ਪਰਸ਼ਾਦ’ ਛਕਿਆ, ਤੁਸਾਂ ‘ਚੋਰ’ ਨੂੰ ਫੜ ਲਿਆ।
2) ਪੜਨਾਉਂ – ਮੈਂ ‘ਤੁਹਾਨੂੰ’ ਜਾਣਦਾ ਹਾਂ।
3) ਨਾਉਂ ਤੁਲ ਵਿਸ਼ੇਸ਼ਣ – ਵਾਹਿਗੁਰੂ ‘ਨਿਆਸਰਿਆਂ’ ਨੂੰ ਪਾਲਦਾ ਹੈ।
4) ਭਾਵਾਰਥ – ਸਾਡੇ ਅਫਸਰ ‘ਵੱਢੀ ਖਾਣੀ’ ਹੀ ਜਾਣਦੇ ਹਨ।
5) ਕਿਰਿਆ ਫਲ – ਹਰੇਕ ‘ਆਪਣਾ ਬੀਜਿਆ’ ਵੱਢਦਾ ਹੈ।
6) ਵਾਕੰਸ਼ – ਉਹਨੇ ‘ਭੈੜਿਆਂ ਨਾਲ ਬਹਿਣਾ-ਖੜਣਾ’ ਛੱਡ ਦਿੱਤਾ।
ਇਸ ਲਈ ਇਹ ਕਹਿਣਾ ਠੀਕ ਨਹੀਂ ਕਿ ਕਰਮ ‘ਨਾਉਂ, ਪੜਨਾਉਂ, ਜਾਂ ਵਿਸ਼ੇਸ਼ਣ ਹੀ ਹੁੰਦਾ ਹੈ’। ਵਿਸ਼ੇਸ਼ਣ ਦਾ ਕੰਮ ਕਰ ਰਿਹਾ ਕੋਈ ਸ਼ਬਦ ਕਰਮ ਨਹੀਂ ਹੋ ਸਕਦਾ ਭਾਵ ਜਦ ਕੋਈ ਵਿਸ਼ੇਸ਼ਣ ਵਿਸ਼ੇਸ਼ਣ ਦਾ ਕੰਮ ਕਰਦਾ ਹੋਵੇ, ਉਹ ਕਰਮ ਨਹੀਂ ਹੋ ਸਕਦਾ। ਹਾਂ ਜਦ ਕੋਈ ਵਿਸ਼ੇਸ਼ਣ ਵਿਸ਼ੇਸ਼ਣ ਵਾਲਾ ਨਹੀਂ, ਸਗੋਂ ਨਾਉਂ ਵਾਲਾ ਕੰਮ ਕਰੇ, ਤਾਂ ਓਦੋਂ ਉਹ ਕਰਮ ਹੋ ਸਕਦਾ ਹੈ, ਜਿਵੇਂ – ਅਮੀਰ ਲੋਕ ‘ਗਰੀਬਾਂ’ ਨੂੰ ਲੁੱਟਦੇ ਹਨ, ‘ਤਕੜੇ’ ਨੂੰ ਕੋਈ ਕੁਝ ਨਹੀਂ ਕਹਿੰਦਾ।
ੲ) ਵਾਕ ਦੇ ਵਰਣਨ ਨਾਲ ‘ਕੀ’, ‘ਕਿਸ ਨੂੰ’, ਜਾਂ ‘ਕਿਨ੍ਹਾਂ ਨੂੰ’ ਲਾਇਆਂ ਬਣੇ ਪ੍ਰਸ਼ਨ ਦੇ ਉੱਤਰ ਵਿਚ ਜੋ ਸ਼ਬਦ ਜਾਂ ਸ਼ਬਦ-ਸਮੂਹ ਆਵੇ, ਉਹ ਕਰਮ ਹੁੰਦਾ ਹੈ, ਜਿਵੇਂ – “ਸੁਰਿੰਦਰ ਗੀਤ ਗਾਉਂਦਾ ਹੈ।“ “ਪੁਲਿਸ ਨੇ ਚੋਰ ਨੂੰ ਕੁੱਟਿਆ”। “ਮਾਂ ਨੇ ਦੋਹਾਂ ਪੁੱਤਰਾਂ ਨੂੰ ਦੁੱਧ ਛਕਾਇਆ”। ਏਥੇ “ਸੁਰਿੰਦਰ ਕੀ ਗਾਉਂਦਾ ਹੈ ?”, “ਪੁਲਿਸ ਨੇ ਕਿਸ ਨੂੰ ਕੁੱਟਿਆ ?”, “ਮਾਂ ਨੇ ਦੋਹਾਂ ਪੁੱਤਰਾਂ ਨੂੰ ਕੀ ਛਕਾਇਆ ?”, “ਮਾਂ ਨੇ ਦੁੱਧ ਕਿੰਨ੍ਹਾਂ ਨੂੰ ਛਕਾਇਆ ?”, ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਤਰਤੀਬਵਾਰ ਇਹ ਹਨ – ‘ਗੀਤ’, ‘ਚੋਰ ਨੂੰ’, ‘ਦੁੱਧ’, ‘ਦੋਹਾਂ ਪੁੱਤਰਾਂ ਨੂੰ’, ਇਹ ਸ਼ਬਦ ਕਰਮ ਹਨ।
ਕਰਮ-ਵਿਸਥਾਰ – ਜਿਹੜੇ ਸ਼ਬਦ ਕਰਮ ਬਾਰੇ ਵਿਸ਼ੇਸ਼ਤਾ ਦੱਸਣ, ਕਰਮ ਦੇ ਵਿਸ਼ੇਸ਼ਣ ਦਾ ਕੰਮ ਕਰਨ, ਉਹ ਕਰਮ ਵਿਸਥਾਰ ਹੁੰਦੇ ਹਨ, ਜਿਵੇਂ – “ਹਰਨਾਮ ਕੌਰ ਨੇ ਨੱਠੇ ਜਾਂਦੇ ਚੋਰ ਨੂੰ ਫੜ ਲਿਆ।“ “ਮੈਂ ਇੱਕ ਮਿੱਠੀ ਰੋਟੀ ਖਾਧੀ।“ ਏਥੇ ‘ਨੱਠੇ ਜਾਂਦੇ’ ਤੇ ‘ਇੱਕ ਮਿੱਠੀ’ ਕਰਮ ਵਿਸਥਾਰ ਹਨ।
ਚੇਤੇ ਰੱਖੋ ਕਿ ਕਰਤਾ ਵਿਸਥਾਰ ਵਾਂਙੂ, ਕਰਮ ਵਿਸਥਾਰ ਵੀ ਕੇਵਲ ਵਿਸ਼ੇਸ਼ਣ ਜਾਂ ਵਿਸ਼ੇਸ਼ਣ-ਤੁਲ ਸ਼ਬਦ ਹੀ ਹੋ ਸਕਦੇ ਹਨ, ਜਿਵੇਂ –
1) ਵਿਸ਼ੇਸ਼ਣ – ਇਸ ਜਵਾਨ ਨੇ ‘ਚੰਗੀ’ ਸੋਭਾ ਖੱਟੀ।
2) ਕਿਰਦੰਤ – ‘ਵਿਗੜੇ ਹੋਏ’ ਬੰਦੇ ਨੂੰ ਡੰਡਾ ਹੀ ਦਰੁਸਤ ਕਰ ਸਕਦਾ ਹੈ। ਮੈਂ ‘ਉੱਡਦੇ’ ਪੰਛੀ ਨੂੰ ਵੀ ਫੁੰਡ ਲੈਂਦਾ ਹਾਂ।
3) ਸੰਬੰਧ ਕਾਰਕ – ਚੋਰਾਂ ਨੇ ‘ਜ਼ਿਮੀਦਾਰ ਦਾ’ ਘਰ ਲੁੱਟ ਲਿਆ।
4) ਅਨਕਰਮੀ – ਪੰਡਤ ਨਹਿਰੂ, ‘ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ’ ਨੂੰ ਸਭ ਸਲਾਹੁੰਦੇ ਸਨ।
5) ਵਾਕੰਸ਼ – ਮਹਾਰਾਜਾ ਪਟਿਆਲਾ ਨੇ ‘ਪੱਛਮੀ ਪੰਜਾਬ ਤੋਂ ਉੱਜੜ-ਪੁੱਜੜ ਕੇ ਆਏ ਹੋਏ’ ਲੋਕਾਂ ਨੂੰ ਵਸਾਇਆ।
ਪੂਰਕ – ਕਰਤਾ ਤੇ ਕਰਮ ਤੋਂ ਬਿਨਾਂ ਜਿਹੜੇ ਸ਼ਬਦ ਕਿਸੇ ਵਾਕ ਨੂੰ ਪੂਰਾ ਕਰਨ ਵਾਸਤੇ ਅਪੂਰਨ ਕਿਰਿਆ ਨਾਲ ਲਾਏ ਜਾਂਦੇ ਹਨ, ਉਹਨਾਂ ਨੂੰ ਉਸ ਕਿਰਿਆ ਦਾ ਪੂਰਕ ਆਖਦੇ ਹਨ। ਜਿਵੇਂ – ਇਹ ਮੁੰਡਾ ‘ਦਲੇਰ’ ਹੈ। ਤੁਸੀਂ‘ਪਾਸ’ ਹੋ ਗਏ ਹੋ। ਮੈਂ ਤੁਹਾਨੂੰ ‘ਆਪਣਾ ਭਰਾ’ ਸਮਝਦਾ ਹਾਂ। ਅਸੀਂ ਆਪਣਾ ਦੇਸ ‘ਖੁਸ਼ਹਾਲ’ ਬਣਾ ਰਹੇ ਹਾਂ। ਇਹਨਾਂ ਵਾਕਾਂ ਵਿੱਚ ‘ਦਲੇਰ’, ‘ਪਾਸ’, ‘ਆਪਣਾ ਭਰਾ’, ਤੇ ‘ਖੁਸ਼ਹਾਲ’ ਪੂਰਕ ਹਨ।
ਅਪੂਰਨ ਕਿਰਿਆ ਵਾਲੇ ਵਾਕ ਦੇ ਵਰਣਨ ਨਾਲ ‘ਕੀ’ ਲਾ ਕੇ ਬਣੇ ਪ੍ਰਸ਼ਨ ਦੇ ਉੱਤਰ ਵਿੱਚ ਜੋ ਸ਼ਬਦ ਜਾਂ ਸ਼ਬਦ-ਸਮੂਹ ਆਵੇ, ਉਹ ਪੂਰਕ ਹੁੰਦਾ ਹੈ। ਜਿਵੇਂ – ਉੱਪਰ ਦਿੱਤੇ ਵਾਕਾਂ ਬਾਰੇ ਪ੍ਰਸ਼ਨਾਂ ‘ਇਹ ਮੁੰਡਾ ਕੀ ਹੈ?
ਤੁਸੀਂ ਕੀ ਹੋ ਗਏ ਹੋ? ਮੈਂ ਤੁਹਾਨੂੰ ਕੀ ਸਮਝਦਾ ਹਾਂ? ਅਸੀਂ ਆਪਣੇ ਦੇਸ ਨੂੰ ਕੀ ਬਣਾ ਰਹੇ ਹਾਂ?’ ਦੇ ਉੱਤਰ ਹਨ ‘ਦਲੇਰ’, ‘ਪਾਸ’, ‘ਆਪਣਾ ਭਰਾ’, ਤੇ ‘ਖੁਸ਼ਹਾਲ’ ਇਹ ਪੂਰਕ ਹਨ।
ਪੂਰਕ ਵਿਸਥਾਰ – ਪੂਰਕ ਬਾਰੇ ਵਿਸ਼ੇਸ਼ਤਾ ਦੱਸਣ ਵਾਲੇ ਜਾਂ ਪੂਰਕ ਦੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਸ਼ਬਦ ਜਾਂ ਸ਼ਬਦ-ਇਕੱਠ ਨੂੰ ਪੂਰਕ ਵਿਸਥਾਰ ਕਹਿੰਦੇ ਹਨ। ਜਿਵੇਂ ‘ਇਹ ਮੁੰਡਾ ਬੜਾ ਦਲੇਰ ਹੈ, ਮੈਂ ਤੁਹਾਨੂੰ ਆਪਣਾ ਅਤੀ ਪਿਆਰਾ ਮਿੱਤਰ ਸਮਝਦਾ ਹਾਂ’ ਵਿੱਚ ‘ਬਹੁਤ’ ਤੇ ‘ਆਪਣਾ ਅਤੀ ਪਿਆਰਾ’ ਪੂਰਕ ਵਿਸਥਾਰ ਹਨ।
ਪੂਰਕ ਵਿਸਥਾਰ ਹੇਠ ਲਿਖੇ ਹੁੰਦੇ ਹਨ
ਵਿਸ਼ੇਸ਼ਣ – ਭਗਤ ਸਿੰਘ ‘ਬੜਾ ਨਿਰਭੈ’ ਜਵਾਨ ਸੀ।
ਸਬੰਧ ਕਾਰਕ – ਇਹ ਘੋੜੀ ‘ਤੁਹਾਡੇ ਚਾਚੇ ਦੀ’ ਹੈ।
ਵਾਕੰਸ਼ – ਨਾਮ ‘ਸਭ ਦੁੱਖਾਂ ਨੂੰ ਦੂਰ ਕਰਨ ਵਾਲਾ’ ਦਾਰੂ ਹੈ।
ਕਿਰਿਆ – ਵਾਕ ਵਿਚਲੇ ਕੰਮ ਨੂੰ ਕਾਲ ਸਹਿਤ ਪ੍ਰਗਟ ਕਰਨ ਵਾਲੇ ਸ਼ਬਦ ਜਾਂ ਸ਼ਬਦਾਂ ਨੂੰ ਕਿਰਿਆ ਕਹਿੰਦੇ ਹਨ। ਜਿਵੇਂ – ਦੇਸ਼ ਭਗਤਾਂ ਨੇ ਬੜੇ ਦੁੱਖ ‘ਝੱਲੇ’। ਅੰਗਰੇਜ਼ ਸਾਡਾ ਦੇਸ਼ ਛੱਡ ਕੇ ‘ਚਲੇ ਗਏ’। ਸਾਰੇ ਭਾਰਤੀ ਉੱਨਤੀ ਲਈ ਜਤਨ ‘ਕਰ ਰਹੇ’ ਹਨ।
ਕਿਰਿਆ ਵਿਸਥਾਰ – ਜਿਹੜਾ ਸ਼ਬਦ ਜਾਂ ਸ਼ਬਦ-ਇਕੱਠ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮਾਂ ਦਾ ਸਮਾਂ, ਮਨੋਰਥ, ਥਾਂ, ਢੰਗ, ਸਾਧਨ, ਕਾਰਨ, ਆਦਿ ਦੱਸੇ, ਉਹਨੂੰ ਕਿਰਿਆ-ਵਿਸਥਾਰ ਕਹਿੰਦੇ ਹਨ। ਜਿਵੇਂ ਅਸੀਂ ‘ਪਰਸੋਂ’ਆਏ ਸਾਂ। ਤੁਸੀਂ ‘ਚੰਡੀਗੜ੍ਹ’ ਗਏ ਸਾਉ। ਇਹ ਮੁੰਡਾ ‘ਬੜਾ ਸਾਫ਼-ਸੁਥਰਾ’ ਲਿਖਦਾ ਹੈ। ਚੋਰ ‘ਲਾਠੀਆਂ ਨਾਲ’ ਕੁੱਟਿਆ ਗਿਆ। ‘ਤੁਹਾਡੇ ਛੇਤੀ ਨਾ ਤੁਰਨ ਕਰਕੇ’ ਅਸੀਂ ਗੱਡੀ ਨਾ ਚੜ੍ਹ ਸਕੇ। ਅਸੀਂ ‘ਚੰਗੀ ਵਿਦਿਆ ਪ੍ਰਾਪਤ ਕਰਨ ਲਈ’ ਸਕੂਲੇ ਆਉਂਦੇ ਹਾਂ।
ਚੇਤੇ ਰੱਖੋ ਕਿ ਕਿਰਿਆ-ਵਿਸਥਾਰ ਕੇਵਲ ਕਿਰਿਆ-ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਹੋਰ ਸ਼ਬਦ ਹੀ ਹੋ ਸਕਦੇ ਹਨ, ਜਿਵੇਂ –
ਕਿਰਿਆ-ਵਿਸ਼ੇਸ਼ਣ – ‘ਛੇਤੀ-ਛੇਤੀ’ ਤੁਰੋ।
ਵਾਕੰਸ਼ – ਉਹ ‘ਕਈ ਮਹੀਨਿਆਂ ਤੋ’ ਇੱਥੇ ਆਇਆ ਬੈਠਾ ਹੈ।
ਪੂਰਬ-ਪੂਰਨ ਕਿਰਦੰਤ – ਮੈਂ ‘ਮਿਹਨਤ ਕਰਕੇ’ ਪਾਸ ਹੋ ਗਿਆ।
ਵਰਤਮਾਨ ਕਿਰਦੰਤ – ਮੁੰਡਾ ‘ਗੀਤ ਗਾਉਂਦਾ’ ਪੈਂਡਾ ਕਰਦਾ ਗਿਆ।
ਵਿਸ਼ੇਸ਼ਣ – ਉਹ ‘ਸਾਫ਼-ਸੁਥਰਾ’ ਲਿਖਦਾ ਹੈ।
ਭਾਵਾਰਥ – ਮੈਂ ‘ਲਿਖਣ’ ਬੈਠਾ ਹਾਂ।
ਕਰਨ-ਕਾਰਕ – ਪੁਲਿਸ ਨੇ ਡਾਕੂ ਨੂੰ ‘ਗੋਲੀ ਨਾਲ’ ਮਾਰ ਦਿੱਤਾ।
ਸੰਪਰਦਾਨ-ਕਾਰਕ – ਸਰਕਾਰ ਨੇ ‘ਪੱਛੜੀਆਂ ਜਾਤੀਆਂ ਵਾਸਤੇ’ ਕਈ ਕੰਮ ਕੀਤੇ।
ਅਪਾਦਾਨ ਕਾਰਕ – ਅਸੀਂ ‘ਸਕੂਲੋਂ’ ਆਏ ਹਾਂ।
ਅਧਿਕਰਨ ਕਾਰਕ – ਮੈਂ ‘ਇਸ ਪਿੰਡ ਵਿੱਚ’ ਰਹਿੰਦਾ ਹਾਂ।
ਵਾਕੰਸ਼ – ਅਸੀਂ ‘ਸਾਰਾ ਕੰਮ ਪੂਰਾ ਕਰਨ ਮਗਰੋਂ’ ਹੀ ਜਾਵਾਂਗੇ।
ਨਾਉਂ – ਮੈਂ ਘਰ ਬੈਠਾ ਸਾਂ।
ਕਿਰਿਆ-ਵਿਸਥਾਰ ਇਹ ਕੁਝ ਪ੍ਰਗਟ ਕਰਦੇ ਹਨ।
ਸਮਾਂ – ਉਹ ‘ਭਲਕੇ’ ਆਵੇਗਾ।
ਥਾਂ – ਮੈਂ ‘ਚੰਡੀਗੜ੍ਹ’ ਜਾ ਰਿਹਾ ਹਾਂ।
ਮਿਣਤੀ – ਗਿਣਤੀ – ਮੈਂ ‘ਛੇ ਘੰਟੇ’ ਪੜ੍ਹਦਾ ਰਿਹਾ ਤੇ ਫੇਰ ਮੈਂ ‘ਦੋ ਘੰਟੇ’ ਖੇਡਿਆ।
ਤਰੀਕਾ – ਉਹ ‘ਸਹਿਜੇ-ਸਹਿਜੇ’ ਚੱਲ ਰਿਹਾ ਸੀ।
ਸਾਧਨ – ਚੋਰ ‘ਗੋਲੀ ਨਾਲ’ ਮਾਰਿਆ ਗਿਆ।
ਕਾਰਨ – ਉਹ ‘ਬਹੁਤਾ ਖਾਣ ਕਰਕੇ’ ਬਿਮਾਰ ਹੋ ਗਿਆ।
ਮਨੋਰਥ – ਗੁਰੂ ਨਾਨਕ ਦੇਵ ਜੀ ਨੇ ‘ਸਭ ਜੀਆਂ ਦਾ ਭਲਾ ਕਰਨ ਦੀ ਖਾਤਰ’ ਦੇਸਾਂ-ਪਰਦੇਸਾਂ ਦਾ ਚੱਕਰ ਲਾਇਆ।
ਕਿਰਿਆ-ਵਿਸਥਾਰ ਦੀ ਪਛਾਣ ਇਹ ਹੈ ਕਿ ਜੇ ਕਿਰਿਆ ਨਾਲ ‘ਕਦੋਂ’, ‘ਕਿੱਥੇ’, ‘ਕਿਥੋਂ’, ‘ਕਿੱਦਾਂ’, ‘ਕਿਸ ਲਈ’, ‘ਕਿਉਂ’ ਆਦਿ ਸ਼ਬਦ ਲਾ ਕੇ ਪ੍ਰਸ਼ਨ ਬਣਾਇਆ ਤਾਂ ਉੱਤਰ ਵਿੱਚ ਜੋ ਸ਼ਬਦ ਜਾਂ ਸ਼ਬਦ-ਇਕੱਠ ਆਵੇ ਉਹ ਕਿਰਿਆ-ਵਿਸਥਾਰ ਹੁੰਦਾ ਹੈ।