ਕਾਲਾ ਅੰਬ
ਬਲਵੰਤ ਗਾਰਗੀ
ਮੈਂ ਛੜਾ ਸਾਂ ਤੇ ਪਟੇਲ ਨਗਰ ਵਿਚ ਮੈਨੂੰ ਕੋਈ ਮਕਾਨ ਕਿਰਾਏ ਉਤੇ ਨਹੀਂ ਸੀ ਮਿਲ ਰਿਹਾ। ਜਿਥੇ ਜਾਂਦਾ ਮਾਲਕ ਮਕਾਨ ਘੂਰ ਕੇ ਪੁੱਛਦਾ, “ਤੁਹਾਡੀ ਬੀਵੀ ?”
ਮੈਂ ਆਖਦਾ, “ਬਸ ਜੀ ਸ਼ਾਦੀ ਹੋਣ ਵਾਲੀ ਹੈ, ਇਸੇ ਲਈ ਮਕਾਨ ਤਲਾਸ਼ ਕਰ ਰਿਹਾ ਹਾਂ!”
ਇਤਨੇ ਵਿਚ ਮਾਲਕ ਮਕਾਨ ਦੀ ਮੋਟੀ-ਧਾਪਾਂ ਬੀਵੀ ਜਾਂ ਜਵਾਨ ਧੀ ਬਾਹਰ ਕਿਸੇ ਕੰਮ ਲਈ ਨਿਕਲਦੀ ਤਾਂ ਮੇਰਾ ਮੱਥਾ ਠਣਕਦਾ ਕਿ ਇਹ ਮਕਾਨ ਨਹੀਂ ਮਿਲਣਾ। ਮਾਲਕ ਮਕਾਨ ਆਪਣੀ ਕੁੜੀ ਨੂੰ ਝਿੜਕ ਕੇ ਮੇਰੇ ਵੱਲ ਗਹਿਰੀ ਨਜ਼ਰ ਨਾਲ ਤੱਕਦਾ ਤੇ ਆਖਦਾ, “ਇਹ ਕਬੀਲਦਾਰਾਂ ਦਾ ਮਹੱਲਾ ਐ! ਇਥੇ ਛੜਿਆਂ ਦਾ ਕੰਮ ਨਹੀਂ।”
ਮੈਂ ਬਥੇਰੇ ਜਤਨ ਕੀਤੇ ਪਰ ਕੋਈ ਮਕਾਨ ਕਿਰਾਏ ਉਤੇ ਨਾ ਮਿਲਿਆ। ਇਕ-ਦੋ ਸਿਫ਼ਾਰਿਸ਼ਾਂ ਪਹੁੰਚਾਈਆਂ, ਤਿੰਨ ਮਹੀਨੇ ਦਾ ਪੇਸ਼ਗੀ ਕਿਰਾਇਆ ਦੇਣਾ ਮੰਜੂਰ ਕੀਤਾ, ਗੌਰਮਿੰਟ ਆਫ ਇੰਡੀਆ ਦੀ ਪੱਕੀ ਨੌਕਰੀ ਤੇ ਹਰ ਮਹੀਨੇ ਤਨਖ਼ਾਹ ਦੇ ਸਬੂਤ ਦਿੱਤੇ। ਪਰ ਹਰ ਥਾਂ ਤੋਂ ਕੋਰਾ ਜਵਾਬ ਮਿਲਿਆ।
ਆਖ਼ਿਰ ਇਕ ਬੁੱਢੇ ਠੇਕੇਦਾਰ ਨੇ, ਜਿਸ ਦੇ ਨਾ ਧੀ ਸੀ, ਨਾ ਪੁੱਤ, ਮੈਨੂੰ ਇਕ ਛੋਟਾ ਜਿਹਾ ਕਮਰਾ ਦੇਣਾ ਮੰਜੂਰ ਕਰ ਲਿਆ। ਕਿਰਾਇਆ ਸੱਤਰ ਰੁਪਏ। ਅੱਗੇ ਕੱਚਾ ਵਿਹੜਾ ਸੀ, ਜਿਸ ਵਿਚ ਨਲਕਾ ਤੇ ਟੁੱਟਿਆ ਹੋਇਆ ਗ਼ੁਸਲਖ਼ਾਨਾ। ਨਾਲ ਹੀ ਨੀਵੀਂ ਕੱਚੀ ਕੰਧ ਸੀ। ਇਸ ਕੰਧ ਦੇ ਪਰਲੇ ਪਾਸੇ ਤਿੰਨ ਰਫ਼ਿਊਜੀ ਟੱਬਰ ਰਹਿੰਦੇ ਸਨ।
ਮੈਂ ਤੜਕੇ ਉੱਠ ਕੇ ਗਵਾਂਢੀ ਗੁਆਲੇ ਤੋਂ ਸਾਹਮਣੇ ਖੜਾ ਹੋ ਕੇ ਮੱਝ ਦਾ ਦੁੱਧ ਚੁਆਉਂਦਾ, ਝੱਟ-ਪੱਟ ਨਾਸ਼ਤਾ ਤੇ ਚਾਹ ਤਿਆਰ ਕਰਦਾ ਅਤੇ ਸੁਵਖਤੇ ਹੀ ਜੰਦਰਾ ਮਾਰ ਕੇ ਦਫਤਰ ਚਲਿਆ ਜਾਂਦਾ। ਸ਼ਾਮ ਦੇ ਪੰਜ ਵਜੇ ਕਾਫ਼ੀ ਹਾਉਸ ਵਿਚ ਜਾ ਕੇ ਗਰਮ-ਗਰਮ ਵੜੇ ਤੇ ਡੋਸਾ ਖਾਂਦਾ, ਕਾਫ਼ੀ ਪੀਂਦਾ ਤੇ ਪੰਜਾਬੀ ਲੇਖਕਾਂ ਦੀਆਂ ਚੁਗਲੀਆਂ ਸੁਣਦਾ। ਮੁੜਦੇ ਹੋਏ ਮੈਂ ਸੇਰ ਪੱਕੇ ਅੰਬ ਜ਼ਰੂਰ ਖ਼ਰੀਦਦਾ।
ਨਿੱਕੇ ਹੁੰਦੇ ਤੋਂ ਮੇਰੀ ਭੂਆ ਨੇ ਇਹ ਗੱਲ ਮੇਰੇ ਢਿੱਡ ਵਿਚ ਪਾ ਦਿੱਤੀ ਸੀ ਕਿ ਜੇ ਬੰਦਾ ਗਰਮੀਆਂ ਵਿਚ ਹਰ ਰੋਜ਼ ਸੇਰ ਪੱਕੇ ਅੰਬ ਚੂਪ ਕੇ ਕੱਚੀ ਲੱਸੀ ਪੀਂਦਾ ਰਹੇ ਤਾਂ ਇਹ ਸਿੱਧਾ ਖੂਨ ਬਣਾਉਂਦੇ ਹਨ। ਆਦਮੀ ਕਦੇ ਬੀਮਾਰ ਨਹੀਂ ਹੁੰਦਾ।
ਪਟੇਲ ਨਗਰ ਦੇ ਬੱਸ ਸੈਂ ਤੋਂ ਉਤਰਦਿਆਂ ਹੀ ਸਬਜ਼ੀ ਤੇ ਫਲਾਂ ਦੀਆਂ ਦੁਕਾਨਾਂ ਹਨ। ਇਥੇ ਕੋਈ ਵੀਹ ਰੇੜ੍ਹੀਆਂ ਵਾਲੇ ਤਰ੍ਹਾਂ ਤਰ੍ਹਾਂ ਦੇ ਅੰਬ ਸਜਾਈ ਹੋਕੇ ਦੇਂਦੇ ਹਨ। ਲੰਗੜਾ, ਸੰਧੂਰੀ, ਮਾਲਦਾ, ਚੌਸਾ, ਸਫ਼ੈਦਾ, ਤੋਤਾ-ਪਰੀ, ਫ਼ਜ਼ਲੀ, ਦੁਸਹਿਰੀ, ਸਰੌਲੀ, ਟਪਕਾ ਤੇ ਬੰਬਈ ਦਾ ਅਲਫਾਨਜ਼ੋ, ਜਿਸ ਨੂੰ ਹਾਫ਼ਿਜ਼ ਜੀ ਵੀ ਆਖਦੇ ਹਨ। ਰੇੜ੍ਹੀਆਂ ਵਾਲੇ ਤੁਕਾਂ ਜੋੜ ਕੇ ਆਪਣੇ-ਆਪਣੇ ਮਾਲ ਦੀਆਂ ਸਿਫ਼ਤਾਂ ਕਰਦੇ ਤੇ ਜਿੱਦ-ਜਿੱਦ ਕੇ ਭਾਅ ਦੱਸਦੇ।
ਮੈਂ ਅੰਬ ਨੂੰ ਬਿਨਾ ਟੋਹੇ ਦੱਸ ਸਕਦਾ ਹਾਂ ਕਿ ਇਸ ਦੀ ਗੁਠਲੀ ਕਿੰਨੀ ਵੱਡੀ ਹੈ, ਵਾਲਾਂ ਵਾਲੀ ਹੈ ਜਾਂ ਰੋਡੀ। ਅੰਬ ਅੰਦਰੋਂ ਪੀਲਾ ਹੈ ਜਾਂ ਕੇਸਰੀ, ਜਾਂ ਸੰਦਲੀ, ਜਾਂ ਬਦਾਮੀ, ਜਾਂ ਹਲਕਾ ਹਰਾ। ਗੁੱਦਾ ਗਿਲਦੀਦਾਰ ਹੈ ਜਾਂ ਰਸੇਦਾਰ। ਸਵਾਦ ਮਿੱਠਾ ਹੈ ਕਿ ਬਕਬਕਾ, ਤੁਰਸ਼ ਹੈ ਜਾਂ ਖੱਟਾ।
ਕਾਲਜ ਵਿੱਚ ਪੜ੍ਹਦਿਆਂ ਮੈਂ ਤੇ ਮੇਰਾ ਲੰਗੋਟੀਆ ਸਾਧੂ ਸਿੰਘ ਜਦੋਂ ਕਿਸੇ ਮੇਲੇ ਜਾਂ ਵਿਆਹ-ਸ਼ਾਦੀ ਵਿਚ ਤੀਵੀਆਂ ਜਾਂ ਜਵਾਨ ਕੁੜੀਆਂ ਨੂੰ ਦੇਖਦੇ, ਤਾਂ ਉਨ੍ਹਾਂ ਦੀ ਖ਼ੂਬਸੂਰਤੀ ਦੇ ਨੰਬਰ ਦੇਂਦੇ। ਜੇ ਕੋਈ ਬਜ਼ੁਰਗ ਨੇੜੇ ਹੁੰਦਾ ਤਾਂ ਸਾਧੂ ਸਿੰਘ ਆਖਦਾ “ਬੜੀ ਗਰਮੀ ਐ। ਆ ਚੱਲ ਕੇ ਰਤਾ ਅੰਬਾਂ ਦੀ ਬਹਾਰ ਦੇਖੀਏ।” “ਅੰਬ” ਇਕ ਤਰ੍ਹਾਂ ਦਾ ਖ਼ੁਫੀਆ ਸ਼ਬਦ ਸੀ ਤੇ ਅਸੀਂ ਇਕ ਦੂਜੇ ਦਾ ਭਾਵ ਸਮਝ ਜਾਂਦੇ।
ਤੀਵੀਆਂ ਨੂੰ ਦੇਖ ਕੇ ਅਸੀਂ ਆਪਣੀ-ਆਪਣੀ ਪਰਖ ਦਾ ਵਟਾਂਦਰਾ ਇਸ ਤਰ੍ਹਾਂ ਕਰਦੇ
ਸਾਧੂ ਸਿੰਘ – ਔਹ ਤਾਂ ਸਾਲੀ ਚੂਪੀ ਹੋਈ ਗੁਠਲੀ ਐ।
ਮੈਂ – ਤੂੰ ਸੰਧੂਰੀ ਦੇ ਦਰਸ਼ਨ ਨਹੀਂ ਕੀਤੇ?
ਸਾਧੂ ਸਿੰਘ – ਕਿਹੜੀ ?
ਮੈਂ – ਔਹ ਜਿਹੜੀ ਲੰਗੜੇ ਬਨਾਰਸੀ ਤੇ ਚੌਸੇ ਦੇ ਵਿਚਕਾਰ ਖੜ੍ਹੀ ਐ।
ਸਾਧੂ ਸਿੰਘ – ਤੇਰੀ ਨਜ਼ਰ ਬੜੀ ਤੇਜ਼ ਐ, ਕੰਜਰਾ ! ਮੈਂ ਤਾਂ ਬਬੜ੍ਹ ਵਾਲੇ ਗਲ-ਘੋਟੂ ਫ਼ਜ਼ਲੀ ਉਤੇ ਹੀ ਲਾਲ੍ਹਾਂ ਸੁੱਟੀ ਬੈਠਾ ਸਾਂ। ਪਰ ਤੇਰੇ ਸੰਧੂਰੀ ਦਾ ਜਵਾਬ ਨਹੀਂ। ਸਹੁੰ ਗੁਰੂ ਦੀ ਮਿਸਰੀ ਐ।
ਨੌਜਵਾਨ ਔਰਤਾਂ ਦੇ ਹੁਸਨ, ਉਨ੍ਹਾਂ ਦੇ ਗੱਦਰ ਜਿਸਮ ਤੇ ਰਸੀਲੇ ਅੰਗਾਂ ਨੂੰ ਅਸੀਂ ਅੰਬਾਂ ਦੀ ਸ਼ਬਦਾਵਲੀ ਵਿਚ ਢਾਲ ਕੇ ਪਾਰਖੂਆਂ ਵਾਂਗ ਅਨੰਦ ਲੈਂਦੇ। ਬਚਪਨ ਵਿਚ ਜਦੋਂ ਅਸੀਂ ਅੰਬਾਂ ਦੇ ਦਰਖ਼ਤਾਂ ਉਤੇ ਚੜ੍ਹ ਕੇ ਟੀਸੀ ਦੇ ਲਾਲ-ਲਾਲ ਅੰਬ ਤੋੜਦੇ ਤਾਂ ਸੰਘਣੇ ਸਾਵੇ ਪੱਤਿਆਂ ਵਿਚੋਂ ਉਹੀ ਮਹਿਕ ਆਉਂਦੀ ਜੋ ਰੱਬੋ ਮਰਾਸਣ ਦੇ ਸਰੀਰ ਵਿਚੋਂ ਉਠਦੀ, ਜਦੋਂ ਕਦੀ ਉਹ ਸਾਡੇ ਵਿਹੜੇ ਆ ਕੇ ਪਿਆਰ ਨਾਲ ਮੈਨੂੰ ਕੁੱਛੜ ਚੁੱਕ ਲੈਂਦੀ।
ਆਪਣੇ ਪਿੰਡ ਵਿਚ ਮੈਂ ਚਾਚੀਆਂ-ਤਾਈਆਂ ਦੇ ਵਿਹੜਿਆਂ ਵਿਚ ਖੇਡ ਕੇ ਵੱਡਾ ਹੋਇਆ ਸਾਂ। ਮੇਰੇ ਭਰਵੀਂ ਕਾਲੀ ਦਾੜ੍ਹੀ ਆ ਗਈ ਸੀ। ਭਾਵੇਂ ਉਨ੍ਹਾਂ ਲਈ ਮੈਂ ਹਾਲੇ ਵੀ ਮੁੰਡਾ-ਖੁੰਡਾ ਹੀ ਸਾਂ ਪਰ ਪਟੇਲ ਨਗਰ ਦੇ ਮਹੱਲੇ ਵਿਚ ਖਤਰਨਾਕ ਛੜਾ। ਮੇਰੀ ਇਸ ਮਹੱਲੇ ਨਾਲ ਕੋਈ ਸਾਂਝ ਨਹੀਂ ਸੀ। ਸਵੇਰੇ ਦਫਤਰ ਚਲਾ ਜਾਂਦਾ ਤੇ ਹਨੇਰੇ ਹੋਏ ਮੁੜਦਾ। ਗਰਮੀਆਂ ਦੇ ਦਿਨ ਹੋਣ ਕਰਕੇ ਲੋਕ ਗਲੀ ਵਿਚ ਮੰਜੀ ਡਾਹੀ ਬੈਠੇ ਹੁੰਦੇ। ਮੈਂ ਨੀਵੀਂ ਪਾਈ ਆਪਣੇ ਵਿਹੜੇ ਦੀ ਖਿੜਕੀ ਖੋਲ੍ਹਦਾ, ਨਲਕੇ ਹੇਠ ਬੈਠ ਕੇ ਨਹਾਉਂਦਾ, ਤੇ ਦੋ-ਚਾਰ ਬਾਲਟੀਆਂ ਕੱਚੇ ਵਿਹੜੇ ਵਿਚ ਛਿੜਕਦਾ। ਪਾਣੀ ਛਿੜਕਣ ਨਾਲ ਤਪੀ ਹੋਈ ਮਿੱਟੀ ਵਿਚੋਂ ਮਹਿਕਦੀ ਹੋਈ ਭੜਾਸ ਉਠਦੀ। ਮੰਜੀ ਵਿਹੜੇ ਵਿਚ ਡਾਹ ਕੇ ਤੇੜ ਤਹਿਮਤ ਬੰਨ੍ਹ ਕੇ ਨੰਗੇ ਧੜ ਮੈਂ ਬਾਲਟੀ ਵਿਚੋਂ ਠੰਡੇ ਕੀਤੇ ਅੰਬ ਚੂਪਦਾ। ਬੜਾ ਆਨੰਦ ਆਉਂਦਾ। ਫਿਰ ਕੱਚੀ ਲੱਸੀ ਦੇ ਦੋ ਗਿਲਾਸ ਪੀਂਦਾ। ਇਸ ਨਿਤਨੇਮ ਪਿਛੋਂ ਮੈਂ ਸੌਂ ਜਾਂਦਾ।
ਸਾਰੇ ਮੁਹੱਲੇ ਵਿਚ ਮੇਰੀ ਸ਼ਰਾਫ਼ਤ ਦਾ ਸਿੱਕਾ ਬੈਠ ਗਿਆ ਸੀ।
ਇਕ ਸ਼ਾਮ ਜਦੋਂ ਮੈਂ ਆਪਣੇ ਨਿਤਨੇਮ ਤੋਂ ਵਿਹਲਾ ਹੋ ਕੇ ਮੰਜੀ ਉਤੇ ਲੇਟਿਆ, ਤਾਂ ਮੇਰੀ ਨਜ਼ਰ ਵਿਹੜੇ ਵਿਚ ਲੱਗੀ ਕਪੜੇ ਟੰਗਣ ਵਾਲੀ ਤਣੀ ਉਤੇ ਜਾ ਪਈ। ਕੋਈ ਛੋਟਾ ਜਿਹਾ ਝੱਗਾ ਲਟਕ ਰਿਹਾ ਸੀ। ਇਹ ਮੇਰੀ ਕਮੀਜ਼ ਨਹੀਂ ਸੀ ਹੋ ਸਕਦੀ। ਨੀ ਹੀ ਉਹ ਪਜਾਮਾ ਜਾਂ ਲੰਗੋਟ ਸੀ। ਮੈਂ ਸੋਚਦਾ ਰਿਹਾ ਕਿ ਸ਼ਾਇਦ ਸਵੇਰੇ ਜਾਂਦਾ ਹੋਇਆ ਚਿੱਟਾ ਪਰਨਾ ਸੁੱਕਣਾ ਪਾ ਕੇ ਭੁੱਲ ਗਿਆ ਸਾਂ। ਪਰਨਾ ਤਾਂ ਨਚੋੜ ਕੇ ਕਿੱਲੀ ਉੱਤੇ ਪਾਇਆ ਸੀ। ਮੈਂ ਉਠਿਆ ਤੇ ਦੁਬਿਧਾ ਮਿਟਾਉਣ ਖਾਤਰ ਇਸ ਕਪੜੇ ਨੂੰ ਤਣੀ ਉਤੋਂ ਲਾਹਿਆ। ਇਉਂ ਲਗਿਆ ਜਿਵੇਂ ਸੱਪ ਹੱਥ ਵਿਚ ਆ ਗਿਆ ਹੋਵੇ। ਇਹ ਕਿਸੇ ਜਨਾਨੀ ਦੀ ਅੰਗੀ ਸੀ।
ਸੋਚਣ ਲੱਗਾ, ਮੇਰੇ ਘਰ ਇਹ ਅੰਗੀ ਕਿਥੋਂ ਆਈ? ਕੌਣ ਭੁੱਲ ਗਿਆ? ਮੈਨੂੰ ਪਤਾ ਸੀ ਕਿ ਦਿਨ ਵੇਲੇ ਮੇਰੀ ਗ਼ੈਰ-ਹਾਜ਼ਰੀ ਵਿਚ ਮਹੱਲੇ ਦੀਆਂ ਤੀਵੀਆਂ ਇਥੇ ਆ ਕੇ ਪਾਣੀ ਭਰਦੀਆਂ ਤੇ ਕਪੜੇ ਧੋਂਦੀਆਂ ਸਨ। ਇਹ ਗੱਲ ਮੈਨੂੰ ਗੁਆਂਢੀ ਗਵਾਲੇ ਨੇ ਦੱਸੀ ਸੀ ਕਿ ਜਦੋਂ ਉਹ ਆਪਣੀ ਮੱਝ ਨੂੰ ਨੁਹਾਉਣ ਲਈ ਮੇਰੇ ਨਲਕੇ ਤੇ ਪਾਣੀ ਲੈਣ ਆਉਂਦਾ ਤਾਂ ਵਿਹੜੇ ਵਿਚ ਦੋ-ਚਾਰ ਜਨਾਨੀਆਂ ਹਮੇਸ਼ਾ ਕਪੜੇ ਧੋ ਰਹੀਆਂ ਹੁੰਦੀਆਂ। ਮੈਂ ਇਹ ਗੱਲ ਸੁਣ ਕੇ ਚੁੱਪ ਹੋ ਰਿਹਾ ਕਿ ਚਲੋ ਦਿਨ ਵੇਲੇ ਘਰ ਦੀ ਰਾਖੀ ਰਹਿੰਦੀ ਹੈ ਅਤੇ ਮੇਰੇ ਵਿਹੜੇ ਦੀ ਖੁਲ੍ਹਦਿਲੀ ਕਰਕੇ ਮੈਂ ਉਨ੍ਹਾਂ ਦੀਆਂ ਨਜ਼ਰਾਂ ਵਿਚ ਭਲਾ ਮਾਣਸ ਹਾਂ, ਮੇਰਾ ਕੀ ਜਾਂਦਾ ਸੀ। ਐਤਵਾਰ ਦੇ ਦਿਨ ਜਦੋਂ ਮੈਂ ਘਰ ਹੁੰਦਾ, ਉਸ ਦਿਨ ਕੋਈ ਨਹੀਂ ਸੀ ਆਉਂਦਾ।
ਮੈਂ ਅੰਗੀ ਨੂੰ ਹਨੇਰੇ ਵਿਚ ਟੋਹ ਕੇ ਦੇਖਿਆ। ਜਾਲੀਦਾਰ ਨਰਮ ਮੋਮਜਾਮੇ ਦੀਆਂ ਗੁਲਾਈਆਂ ਤੇ ਤਣੀਆਂ ਹਾਲੀਂ ਸਿਲ੍ਹੀਆਂ ਸਨ। ਮੈਨੂੰ ਸ਼ਰਾਰਤ ਸੁਝੀ। ਬਾਲਟੀ ਵਿਚੋਂ ਬਚੇ ਹੋਏ ਅੰਬ ਕੱਢ ਕੇ ਮੈਂ ਅੰਗੀ ਦੀਆਂ ਮੋਮੀ ਗੁਲਾਈਆਂ ਵਿਚ ਪਾ ਦਿੱਤੇ ਅਤੇ ਇਨ੍ਹਾਂ ਨੂੰ ਆਪਣੀ ਛਾਤੀ ਨਾਲ ਬੰਨ੍ਹ ਕੇ ਪਲੋਸਦਾ ਰਿਹਾ। ਫਿਰ ਮੈਨੂੰ ਆਪਣੀ ਹਰਕਤ ਉਤੇ ਸ਼ਰਮ ਤੇ ਹਾਸਾ ਆਇਆ। ਇਰਦ-ਗਿਰਦ ਤੱਕਿਆ। ਕੋਈ ਨਹੀਂ ਸੀ ਦੇਖ ਰਿਹਾ, ਪਰ ਮੈਨੂੰ ਇਹ ਹਰਕਤ ਆਪਣੇ-ਆਪ ਵਿਚ ਫ਼ਜ਼ੂਲ ਜਾਪੀ। ਮੈਂ ਅੰਗੀ ਖੋਲ੍ਹ ਕੇ, ਅੰਬ ਬਾਲਟੀ ਵਿਚ ਸੁੱਟੇ ਤੇ ਉਸ ਨੂੰ ਉਸੇ ਤਰ੍ਹਾਂ ਤਣੀ ਉਤੇ ਲਟਕਾ ਦਿੱਤਾ।
ਸਵੇਰੇ ਮੈਂ ਦੁੱਧ ਲੈਣ ਗਿਆ। ਵਾਪਸ ਆਇਆ ਤਾਂ ਅੰਗੀ ਗਾਇਬ ਸੀ।
ਮੈਂ ਚਾਹ ਤਿਆਰ ਕੀਤੀ ਤੇ ਨਾਸ਼ਤਾ ਕਰਕੇ ਦਫਤਰ ਚਲਾ ਗਿਆ। ਫਿਰ ਉਸੇ ਨਿੱਤ ਦੇ ਮਾਮੂਲ ਵਿਚ ਦਿਨ ਲੰਘਦੇ ਗਏ।
ਇਕ ਦਿਨ ਮੈਂ ਦਫਤਰੋਂ ਆਇਆ ਤਾਂ ਮੇਰਾ ਮੱਥਾ ਦੁੱਖ ਰਿਹਾ ਸੀ। ਉਸ ਦਿਨ ਦਫਤਰ ਵਿਚ ਮੈਂ ਇਕ ਪੁਰਾਣੀ ਫ਼ਾਈਲ ਵਿਚ ਰੁੱਝਿਆ ਰਿਹਾ ਸਾਂ। ਅਫਸਰ ਨੇ ਸਾਰਾ ਕੰਮ ਮੁਕੰਮਲ ਕਰਕੇ ਜਾਣ ਦੀ ਤਾਕੀਦ ਕੀਤੀ ਸੀ। ਸ਼ਾਮ ਨੂੰ ਜਦੋਂ ਕੰਮ ਮੁਕਾ ਕੇ ਬਾਹਰ ਨਿਕਲਿਆ ਤਾਂ ਜਿਸਮ ਟੁੱਟ ਰਿਹਾ ਸੀ। ਇਤਨੀ ਥਕਾਵਟ ਸੀ ਕਿ ਬਸ ਚੜ੍ਹਨ ਲਈ ਲੰਮੀ ਕਤਾਰ ਵਿਚ ਖਲੋਣ ਦੀ ਹਿੰਮਤ ਨਾ ਪਈ। ਸਕੂਟਰ ਫੜ੍ਹਿਆ ਤੇ ਸਿੱਧਾ ਘਰ ਆ ਕੇ ਮੰਜੀ ਉਤੇ ਲੇਟ ਗਿਆ। ਉਸ ਦਿਨ ਮੈਂ ਅੰਬ ਵੀ ਨੀ ਖਰੀਦੇ।
ਰਾਤ ਨੂੰ ਦੇਰ ਤੀਕ ਮੇਰਾ ਸਿਰ ਦੁਖਦਾ ਰਿਹਾ। ਗਰਮੀ ਤੇ ਹੁੰਮਸ ਕਾਰਨ ਨੀਂਦ ਨਹੀਂ ਸੀ ਆ ਰਹੀ। ਰਾਤ ਦੇ ਤੀਜੇ ਪਹਿਲ ਜਦੋਂ ਹਵਾ ਵਿਚ ਰਤਾ ਠੰਢ ਘੁਲ ਗਈ, ਤਾਂ ਕਿਤੇ ਮੇਰੀ ਅੱਖ ਲੱਗੀ ਤੇ ਦਿਨ ਚੜ੍ਹੇ ਤੀਕ ਸੁੱਤਾ ਰਿਹਾ।
ਉਸ ਦਿਨ ਮੈਂ ਦਫਤਰ ਤੋਂ ਛੁੱਟੀ ਕਰ ਲਈ ਤੇ ਕਮਰੇ ਅੰਦਰ ਮੰਜੀ ਡਾਹ ਕੇ ਆਰਾਮ ਕਰਨ ਦੀ ਸੋਚੀ। ਚਾਹ ਪੀ ਕੇ ਬੂਹਾ ਢੋਇਆ ਤੇ ਪੱਖਾ ਛੱਡ ਕੇ ਸੌਂ ਗਿਆ।
ਗਿਆਰਾਂ ਕੁ ਵਜੇ ਮੁੜ੍ਹਕੋ ਮੁੜ੍ਹਕੀ ਹੋਇਆ ਮੈਂ ਉਠਿਆ। ਬਿਜਲੀ ਦੇ ਯਕਾ-ਯਕ ਬੰਦ ਹੋ ਜਾਣ ਨਾਲ ਪੱਖਾ ਖਲੋ ਗਿਆ ਸੀ। ਕਮਰੇ ਵਿਚ ਸਾਹ ਘੁਟ ਰਿਹਾ ਸੀ। ਤਾਜ਼ੀ ਹਵਾ ਲੈਣ ਲਈ ਮੈਂ ਨਿੱਕੀ ਖਿੜਕੀ ਖੋਲ੍ਹੀ। ਵਿਹੜੇ ਵਿਚ ਇਕ ਔਰਤ ਤਣੀ ਉੱਤੇ ਅੰਗੀ ਟੰਗ ਰਹੀ ਸੀ। ਤੇੜ ਬਾਰੀਕ ਪੇਟੀਕੋਟ, ਜੋ ਭਿਜ ਕੇ ਉਹਦੇ ਸਰੀਰ ਨਾਲ ਚੰਬੜਿਆ ਹੋਇਆ ਸੀ। ਧੜ ਨੰਗਾ, ਵਾਲ ਖੁਲ੍ਹੇ, ਰੰਗ ਪੱਕਾ ਮੁਸ਼ਕੀ। ਉਹ ਮੇਰੇ ਗੁਆਂਢੀ ਤੰਦੂਰ ਵਾਲੇ ਦੀ ਜਵਾਨ ਬੀਵੀ ਸੀ- ਦੋ ਬੱਚਿਆਂ ਦੀ ਮਾਂ, ਜਿਨ੍ਹਾਂ ਨੂੰ ਕੁੱਛੜ ਲਈ ਬੈਠੀ ਉਹ ਤੰਦੂਰ ਉਤੇ ਰੋਟੀਆਂ ਥੱਪਦੀ ਹੁੰਦੀ ਸੀ।
ਮੈਂ ਇਕਦਮ ਖਿੜਕੀ ਭੀੜ ਲਈ ਅਤੇ ਫਿਰ ਪੋਲੇ ਜਿਹੇ ਰਤਾ ਕੁ ਖੋਲ੍ਹ ਕੇ ਝੀਥ ਵਿਚੋਂ ਦੀ ਤੱਕਣ ਲੱਗਾ।
ਉਹ ਵੇਲਾ ਤਾੜ ਕੇ ਇਥੇ ਨਹਾਉਣ ਆਈ ਸੀ। ਵਿਹੜੇ ਦਾ ਖਿੜਕ ਬੰਦ ਕਰਕੇ ਉਸ ਨੇ ਕੁੰਡੀ ਵਿਚ ਦਾਤਣ ਫਸਾ ਰੱਖੀ ਸੀ ਤੇ ਨਿਸ਼ਚਿੰਤ ਹੋ ਕੇ ਨਹਾਉਣ ਦਾ ਮਜ਼ਾ ਲੈ ਰਹੀ ਸੀ।
ਉਸ ਨੇ ਅੰਗੀ ਨੂੰ ਛੰਡਿਆ ਤੇ ਅੱਡੀਆਂ ਚੁੱਕ ਕੇ ਤਣੀ ਉੱਤੇ ਪਾਉਣ ਲੱਗੀ।
ਮੈਂ ਸਾਹ ਰੋਕੀ ਖੜ੍ਹਾ ਸੀ।
ਉਸ ਦੀਆਂ ਦੋਵੇਂ ਬਾਂਹਾਂ ਉਤਾਂਹ ਨੂੰ ਉਲਰੀਆਂ ਹੋਈਆਂ ਸਨ। ਮੈਨੂੰ ਕੱਛਾਂ ਦੇ ਮੁੰਨੇ ਹੋਏ ਵਾਲ ਨਜ਼ਰ ਆਏ ਤੇ ਨਾਲ ਹੀ ਉਸ ਦੀਆਂ ਤਣੀਆਂ ਹੋਈਆਂ ਕਾਲੀਆਂ ਛਾਤੀਆਂ। ਇਨ੍ਹਾਂ ਉੱਤੇ ਕਾਲੇ ਦਾਇਰੇ ਸਨ ਜਿਵੇਂ ਕਿਸੇ ਨੇ ਬੁਰਸ਼ ਨਾਲ ਲੁੱਕ ਫੇਰ ਦਿੱਤੀ ਹੋਵੇ। ਦਾਇਰਿਆਂ ਉਤੇ ਫ਼ਾਲਸਾਈ ਡੋਡੀਆਂ ਉਭਰੀਆਂ ਹੋਈਆਂ ਸਨ। ਮੈਨੂੰ ਇਉਂ ਜਾਪਿਆ ਜਿਵੇਂ ਲਿਫ਼ੀ ਹੋਈ ਟਹਿਣੀ ਉਤੇ ਦੋ ਕਾਲੇ ਅੰਬ ਟੁੰਗ ਰੱਖੇ ਹੋਣ।
ਧੁੱਪ ਵਿਚ ਉਨ੍ਹਾਂ ਉਤੇ ਪਾਣੀ ਦੀਆਂ ਦੋ ਬੂੰਦਾਂ ਡਲ੍ਹਕ ਰਹੀਆਂ ਸਨ, ਜਿਵੇਂ ਅੰਬ ਨੂੰ ਰਤਾ ਕੁ ਦਬਾਉਣ ਨਾਲ ਰਸ ਦੇ ਟੇਪੇ ਬਾਹਰ ਆ ਜਾਂਦੇ ਹਨ। ਕਾਲੇ ਅੰਬਾਂ ਦੇ ਇਸ ਰਸ ਭਰੇ ਹੁਸਨ ਨੂੰ ਮੈਂ ਤਕ ਰਿਹਾ ਸਾਂ। ਇਕ ਦਮ ਉਸ ਦੀ ਨਜ਼ਰ ਖੁੱਲ੍ਹੀ ਹੋਈ ਖਿੜਕੀ ਵੱਲ ਪਈ ਤੇ ਅੰਗੀ ਨੂੰ ਛੱਡ ਕੇ ਉਸ ਨੇ ਝਟ ਪਾਸਾ ਪਰਤ ਲਿਆ।
ਮੈਂ ਖਿੜਕੀ ਤੋਂ ਪਰ੍ਹਾਂ ਹਟ ਗਿਆ। ਮੈਨੂੰ ਗ਼ੁਸਲਖ਼ਾਨੇ ਵਿਚੋਂ ਬਾਲਟੀ ਦਾ ਖੜਕਾ ਸੁਣਾਈ ਦਿੱਤਾ ਤੇ ਫਿਰ ਪੈਰਾਂ ਦੀ ਬਿੜਕ। ਥੋੜੇ ਚਿਰ ਪਿਛੋਂ ਵਿਹੜੇ ਦੇ ਫਿੜਕ ਦੇ ਖੁੱਲ੍ਹਣ ਤੇ ਭਿੜਨ ਦੀ ਆਵਾਜ਼ ਆਈ। ਉਹ ਜਾ ਚੁੱਕੀ ਸੀ।
ਮੈਂ ਆ ਕੇ ਮੁੜ ਮੰਜੀ ਉਤੇ ਪੈ ਗਿਆ। ਥੋੜ੍ਹੇ ਚਿਰ ਪਿੱਛੋਂ ਬਿਜਲੀ ਆ ਗਈ। ਪੱਖਾ ਚੱਲਣ ਲੱਗਾ ਤੇ ਸੁਤ-ਉਨੀਂਦਰੇ ਵਿਚ ਮੈਂ ਸ਼ਾਮ ਤੀਕ ਲੇਟਿਆ ਰਿਹਾ। ਜਦੋਂ ਉੱਠਿਆ ਤਾਂ ਧੁੱਪਾਂ ਕਦੋਂ ਦੀਆਂ ਢਲ ਚੁੱਕੀਆਂ ਸਨ। ਮੇਰਾ ਸਰੀਰ ਹੌਲਾ-ਫੁੱਲ ਸੀ ਤੇ ਤਬੀਅਤ ਬਿਲਕੁਲ ਠੀਕ।
ਮੂੰਹ-ਹੱਥ ਧੋ ਕੇ ਮੈਂ ਸੈਰ ਕਰਨ ਤੁਰ ਗਿਆ। ਆਦਤ ਅਨੁਸਾਰ ਬੱਸਾਂ ਦੇ ਅੱਡੇ ਕੋਲ ਫ਼ਲਾਂ ਦੀਆਂ ਦੁਕਾਨਾਂ ਤੇ ਰੇੜ੍ਹੀਆਂ ਉਤੇ ਅੰਬ ਖਰੀਦਣ ਜਾ ਨਿਕਲਿਆ।
ਮੈਨੂੰ ਦੇਖਣਸਾਰ, ਰੋਜ਼ ਦਾ ਗਾਹਕ ਸਮਝ ਕੇ, ਰੇੜ੍ਹੀ ਵਾਲੇ ਨੇ ਕਿਹਾ, ਬਾਬੂ ਜੀ, “ਅੱਜ ਤਾਜ਼ਾ ਸੰਧੂਰੀ ਆਇਆ ਏ। ਰਤਾ ਚਖ ਕੇ ਦੇਖੋ।”
ਮੈਂ ਅੰਬ ਦੀ ਫਾਕ ਚਖੀ ਤੇ ਮੈਨੂੰ ਇਸ ਦਾ ਸੁਆਦ ਬਕਬਕਾ ਜਾਪਿਆ। ਮੇਰੇ ਸਿਰ ਹਿਲਾਉਣ ਉਤੇ ਉਸ ਨੇ ਬਨਾਰਸੀ ਲੰਗੜਾ ਦਿਖਾਇਆ ਤੇ ਬੋਲਿਆ, “ਲਉ ਇਹ ਲੈ ਜਾਉ। ਨਿਰੀ ਮਿਸਰੀ।”
ਮੈਂ ਉਸ ਨੂੰ ਟੋਹਿਆ ਤੇ ਨਮੂਨੇ ਵਜੋਂ ਚੂਪਣ ਲਈ ਇਕ ਅੰਬ ਖਰੀਦਿਆ। ਮੂੰਹ ਨੂੰ ਬਿਲਕੁਲ ਬੇਸੁਆਦ। ਇਸ ਪਿੱਛੋਂ ਮੈਨੂੰ ਉਸ ਨੇ ਸਰੌਲੀ, ਚੌਸਾ, ਦੁਸਹਿਰੀ ਤੇ ਸਹਾਰਨੀ ਦਿਖਾਏ। ਪਰ ਮੈਨੂੰ ਹਰ ਅੰਬ ਫਿੱਕਾ ਤੇ ਖੱਟਾ-ਟੀਟ ਜਾਪਿਆ।
ਦੁਕਾਨਦਾਰ ਨੇ ਖਿਝ ਕੇ ਪੁੱਛਿਆ, “ਬਾਬੂ ਜੀ, ਸਾਰੀਆਂ ਵਧੀਆ ਕਿਸਮਾਂ ਤੁਹਾਨੂੰ ਦਿਖਾ ਦਿੱਤੀਆਂ। ਤੁਹਾਨੂੰ ਚਾਹੀਦਾ ਕਿਹੜਾ ਅੰਬ ਐ?”
ਮੇਰੇ ਮੂੰਹ ਵਿਚੋਂ ਆਪ-ਮੁਹਾਰੇ ਨਿਕਲ ਗਿਆ
“ਕਾਲਾ ਅੰਬ!”
ਦੁਕਾਨਦਾਰ ਮੇਰੇ ਵੱਲ ਹੈਰਾਨ ਹੋ ਕੇ ਤੱਕਣ ਲੱਗਾ।