ਕਿਹੋ ਜਿਹੇ ਲੀਡਰਾਂ ਦੇ ਹੱਥਾਂ ‘ਚ ਹੈ ਮੇਰੇ ਵਤਨ ਦੀ ਡੋਰ
ਰਵੀ ਸਚਦੇਵਾ
ਮੇਰਾ ਭਾਰਤ ਮਹਾਨ ਹੈ। ਅਜ਼ਾਦ ਹੈ। ਪਰ ਖ਼ੁਸ਼ਹਾਲ ਨਹੀ। ਸੋਨੇ ਦੀ ਚਿੜ੍ਹੀ ਕਹੇ ਜਾਣ ਵਾਲੇ ਮੇਰੇ ਵਤਨ ਦੀ ਇਹ ਚਿੜ੍ਹੀ ਕਿੱਥੇ ਉਡ ਗਈ। ਪਤਾ ਨਹੀ…? ਭਾਰਤ ਦੇ ਮੁਕਾਬਲੇ ਵਿਦੇਸ਼ੀ ਮੁਲਕ ਅੱਜ ਖ਼ੁਸ਼ਹਾਲ ਤੇ ਪਾਵਰ ਫੁਲ ਕਿਉ ਹਨ..? ਬ੍ਰਿਟਿਸ਼ ਸਰਕਾਰ ਦੁਆਰਾ ਲਗਾਈ ਸਿਉਂਕ ਭਾਰਤ ਨੂੰ ਅੱਜ ਵੀ ਖੋਖਲਾ ਕਿਉ ਕਰ ਰਹੀ ਹੈ..? ਕੀ ਹਿੰਦੁਸਤਾਨ ਦੇ ਦੋ ਟੁਕੜੇ (ਭਾਰਤ ਤੇ ਪਾਕਿਸਤਾਨ) ਕਦੇ ਜੁੜ ਨੀ ਸਕਦੇ…? ਨਫ਼ਰਤ ਦੀ ਇਸ ਅੱਗ ਨੂੰ ਕਦੇ ਬੁਝਾਇਆਂ ਨਹੀ ਜਾ ਸਕਦਾ..? ਪਾਕਿਸਤਾਨ ‘ਚ ਸਰਗਰਮ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ, ਅਲ-ਕਾਇਦਾ, ਹਰਕਤ-ਉਲ-ਜੱਹਾਦੀ-ਅਲ-ਇਸਲਾਮੀ, ਲਸ਼ਕਰੇ-ਏ-ਤਾਇਬਾ ਤੇ ਹਿਜ਼ਬੁਲ ਮੁਜਾਹਦੀਨ ਵਰਗੀਆਂ ਇੰਤਹਾਪਸੰਦ ਜਥੇਬੰਦੀਆਂ ਦੇ ਹਕੂਮਤੀ ਲੀਡਰਾਂ ਦੁਆਰਾ ਮਜ਼੍ਹਬ ‘ਤੇ ਕਸ਼ਮੀਰ ਮੁੱਦੇ ਨੂੰ ਲੈ ਕੇ ਅਵਾਮ ਨੂੰ ਭੜਕਾਉਣਾ, ਹੁੜਦੰਗ ਮਚਾਉਣਾ ਤੇ ਹਿੰਸਕ ਕਾਰਵਾਈਆਂ ਕਰਨਾ, ਜ਼ਮੀਨ ਦੇ ਟੋਟੇ ਲਈ ਜੇਹਾਦ ਛੇੜਨ ਦੀਆ ਧਮਕੀਆਂ ਦੇਣਾ, ਆਤਮ ਘਾਤੀ ਧਮਾਕੇ ਕਰਵਾਉਣਾ ਕਿੱਥੋਂ ਦੀ ਸਿਆਣਪ ਹੈ। ਇਹ ਸਿਆਸੀ ਲੀਡਰ ਪਾਕਿਸਤਾਨ ਨੂੰ ਬਦਨਾਮ ਕਿਉ ਕਰ ਰਹੇ ਨੇ।
ਅੱਜ ਹਰ ਮੁਸਲਮ ਭਾਈ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਜੋ ਦੇਸ਼ ਦੀ ਏਕਤਾ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਹੈ। ਇਹਨਾਂ ਦਹਿਸ਼ਤਗਰਦੀ ਅੱਤਵਾਦੀ ਲੀਡਰਾਂ ਦਾ ਮਿਸ਼ਨ ਸ਼ਾਇਦ ਅੱਜ ਵੀ ਫੁੱਟ ਪਾਓ ਤੇ ਰਾਜ ਕਰੋ ਹੈ। ਇਹ ਕੌਮ ਤੇ ਮਜ਼੍ਹਬ ਦੇ ਵੈਰੀ ਸ਼ਾਇਦ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਂਝਾ ਝੰਡਾ ਹੋਵੇ, ਇੱਕ ਸਾਂਝਾ ਨਾਮ ਹੋਵੇ ਇੱਕ ਸਾਂਝੀ ਸਰਕਾਰ ਹੋਵੇ। “ਅਸਲਾਮਾ ਲੈਕੁਮ” ਦਾ ਅਰਥ ਹੈ ਤੇਰੇ ‘ਤੇ ਅਲਾਹ ਦੀ ਰਹਿਮਤ ਹੋਵੇ। “ਵਾ ਲੈਕੁਮ ਇਸਲਾਮ” ਅਰਥ ਹੈ ਤੇਰੇ ‘ਤੇ ਵੀ ਅਲਾਹ ਖ਼ੁਦਾ ਦੀ ਰਹਿਮਤ ਹੋਵੇ। ਯਾਨੀ ਕਿ ਇਸਲਾਮ ਦਾ ਸਹੀ ਅਰਥ ਹੀ ਅਮਨ ‘ਤੇ ਸ਼ਾਂਤੀ ਹੈ। ਇਸੇ ਲਈ ਇਸਦੇ ਸ਼ਰਧਾਲੂਆਂ ਨੂੰ “ਰੇਮੁਹਦੁਲਾਲੀ” ਕਿਹਾ ਜਾਂਦਾ ਹੈ। ਖੁਦਾ ਦੀ ਰਾਹ ਮੁਹੱਬਤ ਦੀ ਰਾਹ ਏ ਵੇਸ਼ਤ ਤੇ ਜੰਗ ਦੀ ਨਹੀ, ਇਹ ਪਿਆਰ ਮੁਹੱਬਤ ਅਮਨ ‘ਤੇ ਸ਼ਾਂਤੀ ਦੀ ਗੱਲ ਇਸਲਾਮ ਧਰਮ ‘ਚ ਹੀ ਨਹੀ ਸਗੋਂ ਹਰ ਧਰਮ, ਹਰ ਮਜ਼੍ਹਬ ਲਈ ਲਾਗੂ ਹੁੰਦੀ ਹੈ। ਦੇਸ਼ ਵਿੱਚ ਅਮਨ ‘ਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਵਿੱਚ ਸਾਡੇ ਰਾਜਸੀ ਹਕੂਮਤੀ ਅਧਿਕਾਰੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪਰ ਜੇ ਇਹ ਅਖੌਤੀ ਲੀਡਰ ਗੱਦੀ ਦਾ ਨਜਾਇਜ਼ ਫ਼ੈਦਾ ਉਠਾ ਕੇ ਅਵਾਮ ਨੂੰ ਇੰਜ ਹੀ ਭੜਕਾਉਂਦੇ ਰਹੇ ਤਾਂ ਖ਼ੁਸ਼ਹਾਲ ਦੇਸ਼ ਦੀ ਕਲਪਨਾ ਕਰਨਾ ਹੀ ਫ਼ਜ਼ੂਲ ਹੈ। ਪਿੱਛਲੇ ਦਿਨੀਂ ਅਜਿਹੇ ਹੀ ਇੱਕ ਅਖੌਤੀ ਹਕੂਮਤੀ ਲੀਡਰ ਨੇ ਆਪਣੇ ਸਵਾਰਥ ਦੀਆ ਰੋਟੀਆਂ ਛੇਕਣ ਲਈ ਫਿਲਮ “ਮਾਈ ਨੇਮ ਇਜ਼ ਖ਼ਾਨ” ਦੇ ਪ੍ਰਸਾਰਣ ਨੂੰ ਲੈ ਕੇ ਆਪਣੇ ਹਿਤੈਸ਼ੀਆਂ ਨੂੰ ਬੁਛਕਾਰ ਕੇ ਅਜਿਹਾ ਰੌਲਾ ਪਵਾਇਆਂ ਜੋ ਤੂਲ ਫੜਦਾ-ਫੜਦਾ ਇਕ ਵੱਡੇ ਵਿਵਾਦ ਦਾ ਕਾਰਨ ਬਣ ਗਿਆ।
ਜ਼ਿਕਰਯੋਗ ਹੈ ਕਿ ਇਸ ਫਿਲਮ ‘ਚ ਮਜ਼੍ਹਬ ਦੀ ਆੜ ਵਿੱਚ ਨਫ਼ਰਤ ਦਾ ਬੀਜ ਉਗਾ ਕੇ ਉਗਰਵਾਦ ਨੂੰ ਹੱਲਾ-ਸ਼ੇਰੀ ਦੇਣ ਵਾਲੇ ਅਖੌਤੀ ਲੀਡਰਾਂ ਨੂੰ ਇਕ ਸਬਕ ਦਿੱਤਾ ਗਿਆ ਹੈ। ਜੋ ਕਿ ਭਾਰਤ ਤੇ ਪਾਕਿਸਤਾਨ ਦੇ ਬਾਸ਼ਿੰਦਿਆਂ ਵਿੱਚ ਪਈ ਤਰੇੜ ਨੂੰ ਖਤਮ ਕਰਣ ਦੀ ਇਕ ਕੋਸ਼ਿਸ਼ ਹੈ। ਅਜਿਹੀ ਫਿਲਮ ਦੇ ਨਿਰਮਾਤਾ ਤੇ ਅਦਾਕਾਰ ਨੂੰ ਸਨਮਾਨਿਤ ਕਰਣ ਦੀ ਬਜਾਏ। ਅਦਾਕਾਰ ਸ਼ਾਹਰੁਖ ਖਾਨ ਵੱਲੋਂ ਪਾਕਿਸਤਾਨ ਦੇ ਖਿਡਾਰੀਆਂ ਨੂੰ ਇਂਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਾਮਿਲ ਕਰਨ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਤੌਂ ਤਲਖ਼ੀ ਵਿੱਚ ਆਏ ਲੀਡਰ ਨੇ ਆਪਣੇ ਹਿਤੈਸ਼ੀਆਂ ਨੂੰ ਭੜਕਾ ਕੇ ਜੰਮਕੇ ਪ੍ਰਦਰਸ਼ਨ ਕੀਤਾ। ਅਦਾਕਾਰ ਤੇ ਮਾਫ਼ੀ ਮੰਗਨ ਲਈ ਦਬਾਅ ਪਾਉਣਾ ‘ਤੇ ਪਾਕਿਸਤਾਨ ਜਾਣ ਦੀ ਨਸੀਹਤ ਦੇਣ ਵਾਲੀ ਬਿਆਨ ਬਾਜੀ ਕਰਨਾ ਕਿੱਥੋਂ ਦੀ ਸਿਆਣਪ ਹੈ। ਸਪੱਸ਼ਟ ਹੈ ਕਿ ਰਾਜਸੀ ਸੁਆਰਥ ਹਉਮੈ ਤੇ ਵਿਰੋਧੀ ਨੂੰ ਕਿਸੇ ਤਰਾਂ ਹੇਠਾਂ ਸੁੱਟਣ ਦੀ ਨੀਅਤ ਹੈ। ਪਤਾ ਨਹੀ ਅਜਿਹੇ ਭ੍ਰਿਸ਼ਟ ਨੇਤਾ ਕਿਉ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦੇ ਆਪਸੀ ਸਬੰਧ ਮਜ਼ਬੂਤ ਹੋਣ। ਮੁੰਬਈ ਵਿੱਚ ਹੀ ਨਹੀ ਹਰ ਪਾਸੇ ਅਜਿਹੇ ਖੁਦਗਰਜ਼ ਨੇਤਾ ਆਪਣੇ ਵੋਟ ਬੈਕ ਨੂੰ ਵਧਾਉਣ ਲਈ ਅਜਿਹੀਆਂ ਚਾਲਾ ਖੇਡ ਰਹੇ ਨੇ। ਪੰਜਾਬ ਵੀ ਇਸ ਵੇਲੇ ਸਿਆਸਤ ਦਾ ਗੜ੍ਹ ਬਣਿਆ ਹੋਇਆ ਹੈ। ਪੰਜਾਬ ਵਿੱਚ ਆਏ ਦਿਨੀਂ ਕੋਈ ਨਾ ਕੋਈ ਨਵਾ ਵਿਵਾਦ ਖੜਾ ਹੋ ਜਾਂਦਾ ਹੈ।
ਇਹ ਸਭ ਸਿਆਸੀ ਲੀਡਰਾਂ ਦੀ ਭੜਕਾਊ ਬਿਆਨ ਬਾਜੀ ਦਾ ਹੀ ਨਤੀਜਾ ਹੈ। ਕਿਸੇ ਵੀ ਹਿੰਸਕ ਮਾਮਲੇ ਨੂੰ ਤੁਸੀਂ ਡੂੰਘਾਈ ਨਾਲ ਪਰਖੋ, ਇਸਦੇ ਤਾਰ ਕੀਤੇ ਨਾ ਕੀਤੇ ਸਰਕਾਰੀ ਤੰਤਰ, ਰਾਜਸੀ ‘ਤੇ ਧਰਮ ਦੇ ਸਿਆਸੀ ਨੇਤਾਵਾਂ ਨਾਲ ਜੁੜਦੇ ਜਰੂਰ ਮਿਲਣਗੇ। ਭਾਰਤ ਅੱਜ ਐਨਾ ਕਮਜ਼ੋਰ ਹੋ ਚੁੱਕਾ ਹੈ ਕਿ ਕੋਈ ਵੀ ਦੇਸ਼ ਇਸ ਬਹੁ-ਧਰਮੀ ਦੇਸ਼ ਦੀ ਕਮਜ਼ੋਰੀ ਦਾ ਫਾਇਦਾ ਉਠਾ ਸਕਦਾ ਏ ‘ਤੇ ਇਸਨੂੰ ਫਿਰ ਤੋਂ ਗੁਲਾਮ ਬਣਾ ਸਕਦਾ ਏ। ਧਰਮ ਦੇ ਨਾਂ ਤੇ, ਜਾਤ-ਬਰਾਦਰੀ ਦੇ ਨਾਂ ਤੇ, ਜਾ ਫਿਰ ਨਸਲਵਾਦ ਦੇ ਨਾਂ ਤੇ ਛੋਟੀ ਜਿਹੀ ਚਿੰਗਾਰੀ ਸੁੱਟਣ ਦੀ ਲੋੜ ਏ। ਅੱਗ ਦੇ ਭਾਂਬੜ ਮੱਚਣ ਲੱਗਦੇ ਨੇ। ਕਿੰਨੇ ਖੁਸ਼ ਹੁੰਦੇ ਹੋਣਗੇ ਸਾਡੇ ਗੁਰੂ ਸਾਹਿਬਾਨ ਕੀ ਅੱਜ ਇਸ ਦੁਨੀਆ ਤੇ ਹਰ ਇਨਸਾਨ ਨੇ ਮਿਲਕੇ ਹੱਲ ਕੱਢਣ ਦੀ ਬਜਾਏ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਸਿੱਖ ਲਿਆ ਏ। ਰੌਲਾ ਭਲੇ ਕੋਈ ਵੀ ਹੋਵੇ ਨਫ਼ਰਤ ਲਈ ਇੱਕ ਬਹਾਨਾ ਚਾਹੀਦਾ ਹੈ।
ਕੌਣ ਨੇ ਇਹ ਹਕੂਮਤੀ ਲੀਡਰ ਜੋ ਕਦੇ ਸਾਡੇ ਸਿੱਖ ਭਾਈਆ ਨੂੰ ਭੜਕਾਉਂਦੇ ਨੇ ਤੇ ਕਦੇ ਹਿੰਦੂ, ਮੁਸਲਮ ਜਾਂ ਇਸਾਈ ਭਾਈਆ ਨੂੰ। ਕੌਣ ਨੇ ਇਹ ਲੋਕ, “ਜੋ ਧਰਮ ਦੇ ਨਾਂ ਤੇ ਵੰਡੀਆਂ ਪਵਾਉਣਾ ਚਾਹੁੰਦੇ ਨੇ। ਕੌਣ ਨੇ ਇਹ ਦੇਸ਼ ਤੇ ਕੌਮ ਦੇ ਦੁਸ਼ਮਣ, “ਜੋ ਆਪਣੇ ਧਰਮ ਨੂੰ ਸਰੇਸ਼ਟ ਤੇ ਦੂਸਰੇ ਧਰਮ ਨੂੰ ਵੱਧਦਾ- ਫੁੱਲਦਾ ਨਹੀ ਦੇਖ ਸਕਦੇ। ਇਹ ਭਲਾ ਕਿਹੜੀ ਜੰਗ ਜਿੱਤਣਾ ਚਾਹੁੰਦੇ ਨੇ ਪਰਮਾਤਮਾ ਦੀਆ ਵੰਡੀਆਂ ਪਵਾਕੇ। ਤੇਰਾ ਗੁਰੂ ਹੈ…, ਮੇਰਾ ਭਗਵਾਨ ਹੈ…, ਉਸਦਾ ਖ਼ੁਦਾ ਹੈ…। ਅਜਿਹਾ ਕਿਉ……? ਕੋਈ ਧਰਮ ਬੁਰਾ ਨਹੀ। ਕੋਈ ਮਜ਼੍ਹਬ ਬੁਰਾ ਨਹੀ। ਬਸ ਬੁਰਾਈ ਤੇ ਉਤਰ ਆਏ ਉਹ ਇਨਸਾਨ ਹੀ ਬੁਰਾ ਹੁੰਦਾ ਹੈ। ਗੁਰਦੁਆਰਾ ਸਾਹਿਬ ਹੋਵੇ ਜਾਂ ਮੰਦਰ, ਮਸਜ਼ਿਦ, ਚਰਚ ਜਾਂ ਹੋਵੇ ਕੋਈ ਡੇਰਾ। ਹਰ ਸੰਸਥਾ ਦਾ ਮਿਸ਼ਨ ਹੈ। ਸਰੱਬਤ ਦੇ ਭਲੇ ਦਾ ਵਡਮੁੱਲਾ ਸੰਦੇਸ਼ ਜਨ-ਜਨ ਦੇ ਦਿਲਾਂ ਅੰਦਰ ਪਾਉਣਾ, ਭਟਕੇ ਹੋਏ ਲੋਕਾਂ ਦੀਆਂ ਬੁਰਾਈਆਂ ਛੁੜਵਾ ਕੇ ਸਿੱਧੇ ਰਾਹ ਪਾਉਣਾ। ਭਾਈਚਾਰਾ,ਹਮਦਰਦੀ, ਆਪਸੀ ਪ੍ਰੇਮ ਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨਾ। ਕੀ ਹੁੰਦਾ ਜੇ ਧਰਮ ਨਾ ਹੁੰਦੇ…? ਗੁਰੂ ਕੀ ਬਾਨੀ ਪ੍ਰਮਾਰਥੀ ਬਚਨ ਨਾ ਹੁੰਦੇ…? ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾ ਹੁੰਦੇ…? ਦੇਸ਼, ਜਾਤ-ਬਰਾਦਰੀ ਤੇ ਨਸਲਵਾਦ ਦੇ ਨਾਂ ਤੇ ਕਈ ਟੁਕੜਿਆਂ ‘ਚ ਵੰਡਿਆ ਜਾਦਾਂ। ਉਹ ਕਿਹੜੇ ਨਫ਼ਰਤ ਦੇ ਪੁਜਾਰੀ, ਧਰਮ ਤੇ ਕੌਮ ਦੇ ਦੁਸ਼ਮਣ ਲੀਡਰ ਨੇ ਜੋ ਕਿਸੇ ਧਾਰਮਿਕ ਸੰਸਥਾ ਨੂੰ ਖਤਮ ਕਰਨ ਦੀਆ ਗੱਲਾ ਕਰਕੇ ਸਾਡੇ ਵੀਰਾ ਨੂੰ ਭਟਕਾਉਂਦੇ ਨੇ। ਸਾਨੂੰ ਆਪਣੇ ਹੀ ਧਰਮ ਤੋਂ ਗੁੰਮਰਾਹ ਕਰਦੇ ਨੇ। ਸਰਬੰਸ ਦਾਨੀ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰਾਂ ਚੁੱਕੀਆਂ ਸਨ ਧਰਮ ਦੀ ਰੱਖਿਆ ‘ਤੇ ਮਨੁੱਖਤਾ ਦੇ ਭਲੇ ਲਈ। ਉਹਨਾਂ ਜ਼ਾਲਮ ਮੁਗਲਾਂ ਦੇ ਖਿਲਾਫ਼ ਜੋ ਘਟੀਆ ਮਨਸੂਬਿਆਂ ਨਾਲ ਲੋਕਾ ਦੇ ਦਿਲਾਂ ਵਿੱਚ ਜ਼ਹਿਰ ਉਗਲਦੇ ਸਨ। ਉਹਨਾਂ ਦੇ ਹੱਕ ‘ਚ ਫੈਸਲਾ ਨਾ ਲੈਣ ਵਾਲਿਆਂ ਨੂੰ ਦਿਲ ਕੰਬਣੇ ਤਸੀਹੇ ਦੇ ਕੇ ਮਾਰਿਆ ਜਾਂਦਾ ਸੀ। ਜ਼ਬਰਨ ਧਰਮ ਪ੍ਰੀਵਰਤਨ ਕਰਵਾਉਣ ਲਈ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾਂਦਾ ਸੀ। ਤਲਵਾਰਾਂ ਤਾਂ ਅੱਜ ਵੀ ਉਠ ਰਹੀਆਂ ਨੇ।
ਅੱਜ ਵੀ ਬੰਬ ਧਮਾਕੇ ਦੇਸ਼ ਦਾ ਦਿਲ ਛਲਣੀ- ਛਲਣੀ ਕਰ ਰਹੇ ਨੇ। ਅੱਜ ਵੀ ਉਹ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪਰ ਸਿਰਫ ਦੂਸਰੇ ਧਰਮ ‘ਤੇ ਕੌਮ ਦੇ ਖਾਤਮੇ ਲਈ। ਅਜਿਹਾ ਕਿਉ…? ਸਾਡੀ ਕ੍ਰਿਪਾਣ ਲਹੂ ਨਾਲ ਲਿੱਬੜਨ ਲਈ ਇਤਨੀ ਉਤਾਵਲੀ ਕਿਉਂ ਹੋ ਰਹੀ ਏ। ਤਹੱਮਲ ਨਾਲ ਬੈਠ ਕੇ, ਸਰਬ-ਸੰਮਤ ਤੇ ਸਾਰਥਕ ਹੱਲ ਲੱਭ ਕੇ ਮਸਲਾ ਸੁਲਝਾਉਣ ਦੀ ਬਜਾਇ ਅਸੀਂ ਸ਼ੇਰਾਂ ਵਾਂਗ ਹੀਂਗਣ ਕਿਉ ਲਗਦੇ ਹਾਂ। ਮਾਰ-ਕੁੱਟ ਦਾ ਰਸਤਾ ਕਿਉ ਫੜ੍ਹਿਆ ਹੈ। ਕਿੱਥੇ ਗਏ ਉਹ ਦਯਾਲੂ ਤੇ ਕ੍ਰਿਪਾਲੂ ਗੁਣ ਜੋ ਸਾਡੇ ਪਰਉਪਕਾਰੀ ਗੁਰੂ ਸਾਹਿਬਾਨਾਂ ਨੇ ਸਾਡੇ ਅੰਦਰ ਕੁੱਟ-ਕੁੱਟ ਕੇ ਭਰੇ ਨੇ। ਸਾਡੀ ਬੁੱਧੀ ਤੇ ਲੀਡਰਾਂ ਨੇ ਕਬਜ਼ਾ ਕਿਉ ਕੀਤਾ ਹੋਇਆ ਹੈ… !! ਆਖਿਰ ਅਸੀਂ ਆਪਣੇ ਜ਼ਮੀਰ ਦੀ ਅਵਾਜ਼ ਨੂੰ ਕਿਉ ਨਹੀ ਸੁਣਨਾ ਚਾਹੁੰਦੇ। ਕੁਝ ਮਹੀਨੇ ਪਹਿਲਾ ਮੈਂ ਟੀ.ਵੀ ਤੇ ਕਿਸੇ ਮਹਾਂਪੁਰਸ਼ਾਂ ਦੀ ਸਤਸੰਗ ਸੁਣੀ। ਸਤਸੰਗ ਦੌਰਾਨ ਉਹਨਾਂ ਨੇ ਇੱਕ ਕਿੱਸਾ ਸੁਣਾਇਆ ਤੇ ਇਹ ਕਿੱਸਾ ਅੱਜ ਮੈਂ ਤੁਹਾਡੇ ਨਾਲ ਸਾਝਾਂ ਕਰਨ ਲੱਗਾ ਹਾਂ। ਮੈਨੂੰ ਉਮੀਦ ਹੈ ਕੀ ਤੁਸੀਂ ਇੱਕ ਵਾਰ ਜ਼ਰੂਰ ਸੋਚੋਗੇ ਕੀ ਅਸੀਂ ਕੀਤੇ ਆਪਣੇ ਜ਼ਮੀਰ ਦੀ ਅਵਾਜ਼ ਨੂੰ ਅਣਸੁਣਿਆ ਕਰ ਕੇ ਮਨ ਦੇ ਮਗਰ ਤਾਂ ਨਹੀ ਲੱਗ ਰਹੇ। ਧਰਮ ਤੋਂ ਪਾਸੇ ਹੱਟ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕੋਈ ਕੰਮ ਤਾਂ ਨਹੀ ਕਰ ਰਹੇ। ਲਓ ਪੇਸ਼ ਹੈ-
– ਖ਼ਬਰ ਉੱਡੀ ਤੇ ਉਡਦੀ-ਉਡਦੀ ਰਾਜਾ ਪ੍ਰੀਛਤ ਦੇ ਕੰਨੀ ਪਈ। ਆਪਣੇ ਇਲਾਕੇ ‘ਚ ਆਏ ਵੇਦ ਵਿਆਸ ਨਾ ਦੇ ਮਹਾਂਪੁਰਸ਼ਾਂ ਦੀ ਤਰੀਫ਼ ਸੁਣਦੇ ਹੀ ਰਾਜਾ ਪ੍ਰੀਛਤ ਨੇ ਉਹਨਾਂ ਨੂੰ ਮਿਲਣ ਦਾ ਮਨ ਬਣਾਇਆ ਤੇ ਸ਼ਰਧਾ ਤੇ ਵਿਸ਼ਵਾਸ ਨਾਲ ਤੁਰ ਪਏ। ਪਹੁੰਚਦੇ ਹੀ ਰਾਜਾ ਪ੍ਰੀਛਤ ਨੇ ਵੇਦ ਵਿਆਸ ਜੀ ਨੂੰ ਇੱਕ ਸਵਾਲ ਕੀਤਾ।
-“ਮਹਾਪੁਰਖੋ” ਮੇਰੀ ਪ੍ਰਜਾ ਕਹਿੰਦੀ ਏ ਕਿ ਮੇਰੇ ਬਜ਼ੁਰਗ ਸਾਰੀ ਉਮਰ ਮਨ ਦੇ ਕਹੇ ਲੱਗਦੇ ਰਹੇ ‘ਤੇ ਹੁਣ ਮੈਂ ਵੀ। ਇਸਦਾ ਕੋਈ ਉਪਾਓ… ਦੱਸੋ…!!
– ਵੇਦ ਵਿਆਸ ਜੀ ਨੇ ਜਵਾਬ ਦਿੰਦੇ ਕਿਹਾ, “ਮਨ ਹੁੰਦਾ ਹੀ ਬੜਾ ਜ਼ਬਰਦਸਤ ਏ। ਇਸਦੇ ਪ੍ਰਭਾਵ ਤੋਂ ਬਚਣਾ ਬੜਾ ਹੀ ਕਠਿਨ ਹੈ। ਪਰ ਤੂੰ ਬੜੀ ਸ਼ਰਧਾ ਤੇ ਵਿਸ਼ਵਾਸ ਨਾਲ ਆਇਆਂ ਏ। ਮੈਂ ਤੈਨੂੰ ਮਨ ਦੇ ਪ੍ਰਭਾਵ ਤੋਂ ਬਚਨ ਦਾ ਇਕ ਸਰਲ ਤਰੀਕਾ ਪਹਿਲੇ ਤੋਂ ਹੀ ਦੱਸਦਾ ਹਾਂ। ਹੁਣ ਦੇਖਣਾ ਇਹ ਹੈ ਕਿ ਤੂੰ ਇਸ ਤੋਂ ਕਿੱਥੋਂ ਤੱਕ ਬਚ ਸਕਦਾ ਏ। ਅੱਜ ਤੋਂ ਤਿੰਨ ਮਹੀਨੇ ਬਾਦ ਤੇਰੇ ਕੋਲ ਇੱਕ ਸੌਦਾਗਰ ਘੋੜਾ ਵੇਚਣ ਆਏਗਾ। ਪਰ ਤੂੰ ਉਹ ਘੋੜਾ ਨਾ ਖਰੀਦੀ। ਜੇ ਖਰੀਦ ਵੀ ਲਿਆ ਤਾਂ ਉਸ ਤੇ ਸਵਾਰੀ ਨਾ ਕਰੀ। ਜੇ ਸਵਾਰ ਵੀ ਹੋ ਗਿਆ ਤਾਂ ਪੂਰਬ ਦਿਸ਼ਾ ਵੱਲ ਨਾ ਜਾਈ। ਜੇ ਪੂਰਬ ਦਿਸ਼ਾ ਵੱਲ ਚਲਾ ਵੀ ਗਿਆ ਤਾਂ ਉਥੇ ਕਿਸੀ ਵੀ ਔਰਤ ਨਾਲ ਗੱਲ ਨਾ ਕਰੀ। ਜੇ ਗੱਲ ਕਰਨਾ ਮਜ਼ਬੂਰੀ ਬਣ ਜਾਵੇ ਤਾਂ ਉਸਨੂੰ ਆਪਣੇ ਮਹਿਲ ਵਿੱਚ ਕਦੇ ਨਾ ਲਿਆਈ। ਜੇ ਮਹਿਲ ਵਿੱਚ ਲੈ ਵੀ ਆਇਆਂ ਤਾਂ ਉਸ ਨਾਲ ਵਿਆਹ ਨਾ ਕਰੀ। ਜੇ ਵਿਆਹ ਵੀ ਕਰ ਲਿਆ ਤਾਂ ਉਹਦੇ ਕਹੇ ਨਾ ਲੱਗੀ। ਜਾ ਉਪਾਓ ਕਰ ਲੈ।
-ਤਿੰਨ ਮਹੀਨੇ ਬੀਤ ਗਏ। ਇੱਕ ਸੌਦਾਗਰ ਘੋੜਾ ਲੈ ਕੇ ਆਇਆਂ। ਅਜਿਹਾ ਘੋੜਾ ਰਾਜੇ ਨੇ ਪਹਿਲਾ ਕਦੇ ਨਹੀ ਸੀ ਵੇਖਿਆ। ਅਮੀਰਾਂ,ਵਜ਼ੀਰਾਂ ਨੇ ਵਡਿਆਇਆ ਕਿ ਮਹਾਰਾਜ ਖਰੀਦ ਲਓ,ਜੇ ਸਵਾਰੀ ਨਹੀ ਕਰਨੀ ਤੇ ਨਾ ਕਰਿਓ। ਤਬੇਲੇ ਦਾ ਸ਼ਿੰਗਾਰ ਤਾਂ ਹੈ। ਬਾਹਰਲੇ ਰਾਜੇ ਆ ਕੇ ਵੇਖਣਗੇ। ਜੇ ਆਪਾ ਨਾ ਖਰੀਦਿਆਂ ਤਾਂ ਕੋਈ ਹੋਰ ਰਾਜਾ ਖਰੀਦ ਲਵੇਗਾ। ਰਾਜੇ ਨੂੰ ਗੱਲ ਜਚ ਗਈ। ਉਸਨੇ ਘੋੜਾ ਖਰੀਦ ਲਿਆ। ਕੁਝ ਦਿਨ ਬੀਤ ਗਏ। ਪ੍ਰਜਾ ਨੇ ਘੋੜੇ ਦੀ ਬੜੀ ਤਾਰੀਫ਼ ਕੀਤੀ ਕਿ ਸਾਹਿਬ ! ਘੋੜਾ ਬੜਾ ਸੁੰਦਰ ਹੈ। ਜ਼ਰਾ ਵੀ ਐਬ ਨਹੀ। ਤੁਹਾਡੀ ਸਵਾਰੀ ਲਾਇਕ ਹੈ। ਰਾਜੇ ਨੇ ਮਨ ‘ਚ ਸੋਚਿਆ ਅੱਛਾ ! ਸਵਾਰ ਹੋ ਜਾਂਦੇ ਹਾਂ, ਪਰ ਪੂਰਬ ਦਿਸ਼ਾ ਵੱਲ ਨਹੀ ਜਾਂਦੇ। ਜਦ ਰਾਜਾ ਘੋੜੇ ਤੇ ਸਵਾਰ ਹੋਇਆ ਘੋੜਾ ਮੂੰਹ ਜ਼ੋਰ ਹੋ ਕੇ ਜੰਗਲ ਵਿੱਚ ਪੂਰਬ ਦਿਸ਼ਾ ਨੂੰ ਜਾਂ ਨਿਕਲਿਆ। ਅੱਗੋਂ ਇੱਕ ਜਗ੍ਹਾ ‘ਤੇ ਇੱਕ ਖ਼ੂਬਸੂਰਤ ਔਰਤ ਬੈਠੀ ਰੋ ਰਹੀ ਸੀ। ਘੋੜੇ ਤੋਂ ਉਤਰ ਕੇ ਰਾਜੇ ਨੇ ਕਾਰਨ ਪੁੱਛਿਆ। ਉਹ ਕਹਿਣ ਲੱਗੀ ਕਿ ਮੇਰੇ ਰਿਸ਼ਤੇਦਾਰ ਮੈਂਥੋਂ ਵਿੱਛੜ ਗਏ ਨੇ। ਇਸ ਜੰਗਲ ‘ਚ ਜਾਨਵਰ ਮੈਨੂੰ ਮਾਰ ਦੇਣਗੇ। ਮੈਂ ਮਰਨਾ ਨਹੀ ਚਾਹੁੰਦੀ। ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਰਾਜੇ ਨੂੰ ਦਯਾ ਆ ਗਈ। ਉਸਨੇ ਪਤਾ ਪੁੱਛਿਆ। ਪਤਾ ਦੁਸ਼ਮਣ ਰਾਜੇ ਦੇ ਇਲਾਕੇ ਦਾ ਸੀ। ਰਾਜੇ ਨੇ ਔਰਤ ਨੂੰ ਘਰ ਛੱਡ ਕੇ ਆਉਣ ਤੋਂ ਮਨਾ ਕਰ ਦਿੱਤਾ। ਔਰਤ ਦੇ ਵਾਰ-ਵਾਰ ਦੁਹਾਈਆਂ ਪਾਉਣ ਤੇ ਰਾਜਾ ਉਸਨੂੰ ਆਪਣੇ ਮਹਿਲ ਲੈ ਆਇਆ। ਕੁਝ ਦਿਨ ਬੀਤ ਗਏ। ਲੋਕਾ ਨੇ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਕਿ ਮਹਿਮਾਨ ਬੜੀ ਨੇਕ ਤੇ ਸੁਸ਼ੀਲ ਸੁਭਾਉ ਵਾਲੀ ਔਰਤ ਏ। ਆਪ ਦੇ ਲਾਇਕ ਏ। ਰਾਜੇ ਨੂੰ ਵੀ ਇਹ ਸੋਹਣੀ ਔਰਤ ਜਚ ਗਈ ਸੀ।
ਮਨ ਨੇ ਇੱਕ ਵਾਰ ਫਿਰ ਮਰੋੜਾ ਦਿੱਤਾ। ਉਸਨੇ ਵਿਆਹ ਵੀ ਕਰ ਲਿਆ। ਇਸਤਰੀ ਮਾਇਆ ਦਾ ਜਾਲ ਏ। ਕੁਝ ਦਿਨ ਗੁਜ਼ਰ ਗਏ ਤਾਂ ਉਹ ਕਹਿਣ ਲੱਗੀ, ਇੱਕ ਮਿਹਤਰ ਵੀ ਸ਼ਾਦੀ ਕਰਦਾ ਏ। ਉਹ ਆਪਣੀ ਬਰਾਦਰੀ ਦੀ ਰੋਟੀ ਕਹਿੰਦਾ ਏ। ਰਾਜੇ ਨੇ ਪੁੱਛਿਆ ਤੂੰ ਕੀ ਚਾਹੁੰਦੀ ਏ। ਉਹ ਕਹਿਣ ਲੱਗੀ, ਰਿਸ਼ੀਆਂ ਮੁਨੀਆਂ, ਨੇਕ ਪੁਰਸ਼ਾਂ ਨੂੰ ਬੁਲਾਓ ‘ਤੇ ਜ਼ਿਆਫ਼ਤ, ਭੋਜ਼ ਫ਼ੀਸਟ ਕਰੋ। ਜਿਸ ਵਕਤ ਸਾਰੇ ਰਿਸ਼ੀ-ਮੁਨੀ ਆ ਕੇ ਬੈਠ ਗਏ ਤਾਂ ਰਾਣੀ ਰਾਜੇ ਨੂੰ ਕਹਿਣ ਲੱਗੀ, “ਮੈਂ ਤੇਰੀ ਅਰਧਾਂਗਣੀ ਹਾਂ। ਮੈਂ ਵੀ ਤੇਰੇ ਨਾਲ ਸੇਵਾ ਕਰਾਂਗੀ। ਦੋਵੇਂ ਸੇਵਾ ਕਰਨ ਲੱਗ ਗਏ। ਉਹ ਜੰਗਲ ਦੇ ਰਹਿਣ ਵਾਲੇ ਸਨ। ਰਾਣੀ ਦੇ ਮਨ ਮੋਹਣੇ ‘ਤੇ ਭੜਕਾਊ ਵਸਤਰ ਵਾਰ-ਵਾਰ ਉਹਨਾਂ ਦਾ ਧਿਆਨ ਖਿੱਚ ਰਹੇ ਸਨ। ਰੋਟੀ ਵਰਤਾਉਂਦੇ-ਵਰਤਾਉਂਦੇ ਰਾਣੀ ਕਹਿਣ ਲੱਗੀ,ਇਹ ਤਾਂ ਸਾਰੇ ਦੇ ਸਾਰੇ ਲੁੱਚੇ ਆਦਮੀ ਨੇ ਮੇਰੇ ਵੱਲ ਵਾਰ-ਵਾਰ ਤੱਕ ਰਹੇ ਨੇ। ਰਾਜੇ ਨੂੰ ਗੁੱਸਾ ਆ ਗਿਆ।
ਉਸਨੇ ਤਲਵਾਰ ਨਾਲ ਇੱਕ-ਇੱਕ ਕਰਕੇ ਸਾਰੇ ਮਹਾਂਪੁਰਖਾਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ। ਉਸੀ ਵਕਤ ਵੇਦ ਵਿਆਸ ਜੀ ਪਰਗਟ ਹੋਏ ‘ਤੇ ਕਹਿਣ ਲੱਗੇ, “ਕਿਉ ਰਾਜਾ ਕਰ ਲਿਆ ਉਪਾਓ, ਸਭ ਜਾਣਦੇ ਹੋਏ ਵੀ ਤੂੰ ਮਨ ਦੇ ਧੱਕੇ ਚੜ ਗਿਆ। ਆਪਣੀ ਜ਼ਮੀਰ ਦੀ ਅਵਾਜ਼ ਨੂੰ ਅਣਸੁਣਿਆ ਕਰਕੇ ਤੂੰ ਮਨ ਜ਼ਾਲਮ ਦੇ ਮਗਰ ਲੱਗਦਾ ਰਿਹਾ। ‘ਤੇ ਅੱਜ ਇਸ ਮਨ ਨੇ ਤੇਰੇ ਤੋਂ ਉਹਨਾਂ ਮਹਾਂਪੁਰਖਾਂ ਦਾ ਕਤਲ ਕਰਵਾ ਦਿੱਤਾ।
ਜਿਨ੍ਹਾਂ ਨੇ ਲੱਖਾਂ ਲੋਕਾ ਨੂੰ ਬੁਰਾਈ ਛੱੜਵਾ ਕੇ ਸਿੱਧੇ ਰਾਹ ਪਾਉਣਾ ਸੀ। ਮਨ ਨੇ ਵੱਡਿਆ-ਵੱਡਿਆ ਦੀ ਮਿੱਟੀ ਪਲੀਤ ਕਰ ਦਿੱਤੀ। ਪੁਰਾਣਾ ਨੂੰ ਪੜ੍ਹ ਕੇ ਵੇਖ। ਸਾਰੀਆਂ ਕਿਤਾਬਾਂ ਕਹਿੰਦੀਆਂ ਨੇ, ਜਿਹੜੀਆਂ ਤਾਕਤਾਂ ਮਨ ਨੂੰ ਕਾਬੂ ਕਰਦੀਆਂ ਨੇ, ਉਹ ਤੁਹਾਡੇ ਅੰਦਰ ਹਨ। ਜਦ ਨੌਆਂ ਦੁਆਰਿਆਂ ਤੋਂ ਉੱਪਰ ਚੜ੍ਹ ਕੇ ਮੁਕਾਮ ਅਲ੍ਹਾ ਤੇ ਪਹੁੰਚ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਉਗੇ ਤਾਂ ਮਨ ਕਾਬੂ ਆ ਜਾਵੇਗਾ।
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਮੁੱਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਨ ਵਾਲੇ ਸੰਤ ਪੀਰ ਫ਼ਕੀਰਾਂ ਦਾ ਪਰਉਪਕਾਰੀ ਜੀਵਨ ਅਧਿਆਤਮਿਕ ਪਾਂਧੀਆਂ, ਸਰੱਬਤ ਦਾ ਭਲਾ ਮੰਗਣ ਵਾਲੀ ਸੋਚ, ਬੇਮਿਸਾਲ ਕਰਿਸ਼ਮੇ, ਹਰ ਵਰਗ ਧਰਮ,ਜਾਤ,ਨਸਲ ‘ਤੇ ਕੌਮ ਦਾ ਸਤਿਕਾਰ ਸਮੁੱਚੀ ਮਨੁੱਖਤਾ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਇੰਝ ਹੀ ਕਰੋੜਾਂ ਲੋਕਾ ਦੀ ਸ਼ਰਧਾ ਦਾ ਕੇਂਦਰ ਨਹੀ ਬਣ ਜਾਂਦੇ। ਥੋੜਾ ਸੋਚੋ ਕਿਤੇ ਅਸੀਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ, ਕਿਸੇ ਧਰਮ ਜਾਂ ਮਜ਼੍ਹਬ ਨੂੰ ਨੀਵਾਂ ਵਿਖਾਉਣ ਲਈ ਕੋਈ ਸਾਜ਼ਿਸ਼ ਜਾਂ ਕੋਈ ਅਪਸ਼ਬਦ ਦਾ ਪ੍ਰਯੋਗ ਤਾਂ ਨਹੀ ਕਰ ਰਹੇ। ਪਹਿਲਾ ਆਪਣੇ ਜ਼ਮੀਰ ਦੀ ਅਵਾਜ਼ ਸੁਣੋ। ਅਸੀਂ ਖੁਦ ਗਊਆਂ ਪੁੰਨ ਕਰਕੇ ਨਹੀ ਬੈਠੇ। ਕੁਝ ਮਹੀਨੇ ਪਹਿਲਾ ਪੰਜਾਬ ਦੇ ਇੱਕ ਹੋਣਹਾਰ ਗਾਇਕ ਬੱਬੂ ਮਾਨ ਦੀ ਇੱਕ ਕੈਸਟ “ਸਿੰਘ ਇਜ਼ ਬੈਟਰ ਦੈਨ ਕਿੰਗ” ਦੀ ਬੜੀ ਚਰਚਾ ਸੁਣੀ। ਇਸ ਕੈਸਟ ਦਾ ਇੱਕ ਧਾਰਮਿਕ ਗੀਤ ਲੰਬਾ ਸਮਾ ਵਿਵਾਦਾਂ ‘ਚ ਰਿਹਾ। ਇਸ ਗੀਤ ਨੂੰ ਲੈ ਕੇ ਦੋ ਧਿਰ ਪੈਦਾ ਹੋ ਗਏ। ਕਈ ਲੇਖਕ ਵੀਰਾ ਨੇ ਗਾਇਕ ਦੇ ਹੱਕ ‘ਚ ਆਪਣੀ ਕਲਮ ਚੁੱਕੀ ‘ਤੇ ਕੁਝ ਲੇਖਕ ਵੀਰਾ ਨੇ ਇਸ ਗਾਇਕੀ ਦੇ ਵਿਰੁੱਧ।
ਕਲਮਕਾਰ ਭਾਈਚਾਰੇ ਦੇ ਆਪਸੀ ਮਤਭੇਦ ਪੜ੍ਹ ਕੇ ਇਹ ਕਹਿਣਾ ਬੜਾ ਹੀ ਮੁਸ਼ਕਿਲ ਹੈ ਕਿ ਕੌਣ ਕਿੰਨਾ ਕੁ ਸਹੀ ਹੈ ‘ਤੇ ਕੌਣ ਕਿੰਨਾ ਕੁ ਗਲਤ। ਇਸਦਾ ਫੈਸਲਾ ਤਾਂ ਆਮ ਜਨਤਾ ਹੀ ਕਰ ਸਕਦੀ ਹੈ। ਕਈ ਵੀਰ ਲਿਖਦੇ ਨੇ ਕੀ ਕੁਝ ਬਾਬਿਆਂ ਨੇ ਜਜ਼ਬਾਤੀ ਹੋਕੇ ਗਾਇਕ ਦੇ ਵਿਰੁੱਧ ਕਾਫੀ ਨਜ਼ਾਇਜ ਬੋਲ ਦਿੱਤਾ। ਉਹਨਾਂ ਨੂੰ ਇਹਨਾਂ ਭਾਵੁਕ ਨਹੀ ਹੋਣਾ ਚਾਹੀਦਾ ਸੀ। ਸਗੋਂ ਸੰਤੋਖ, ਧੀਰਜ, ਨਿਮਰਤਾ ‘ਤੇ ਸਹਿਨਸ਼ੀਲਤਾ ਨਾਲ ਕੰਮ ਲੈਣਾ ਚਾਹੀਦਾ ਸੀ। ਗਾਇਕ ਨੇ ਤਾਂ ਇੱਕ ਸੱਚ ਤੋਂ ਪੜਦਾ ਉਠਾਇਆਂ ਏ। ਪਾਠਕ ਇਹ ਸੋਚ ਰਹੇ ਹੋਣਗੇ ਕਿ ਇੱਕ ਪਾਸੇ ਲੇਖਕ ਨਿਡਰ ਹੋਕੇ ਲਿਖਣ ਦੀਆ ਗੱਲਾਂ ਕਰਦਾ ਹੈ ‘ਤੇ ਦੂਸਰੇ ਪਾਸੇ ਉਹਨਾਂ ਬਾਬਿਆਂ ਦੇ ਨਾਮ ਲਿਖਣ ਤੋਂ ਵੀ ਡਰਦਾ ਹੈ। “ਪਿਆਰੇ ਪਾਠਕੋ” ਇਨਸਾਨੀਅਤ ਹੀ ਮੇਰਾ ਧਰਮ ਹੈ। ‘ਤੇ ਇਹ ਸਿਰਫ ਜੋੜਨਾ ਸਿਖਾਉਂਦਾ ਹੈ ਤੋੜਨਾ ਨਹੀ। ਮੈਂ ਭਲਾ ਦੂਸਰੇ ਵੀਰਾ ਦੀ ਸ਼ਰਧਾ ਤੇ ਸੱਟ ਮਾਰਕੇ ਉਹਨਾਂ ਦੇ ਦਿਲ ਕਿਵੇਂ ਤੋੜ ਸਕਦਾ ਹਾਂ। ਕਬੀਰ ਜੀ ਫ਼ਰਮਾਉਂਦੇ ਨੇ-
ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਈ।
ਜੋ ਮਨ ਖੋਜਿਆ ਆਪਣਾ ਤੋਂ ਮੁਜਸੇ ਬੁਰਾ ਨਾ ਕੋਈ॥
ਸੋ ਮੈਂ ਕੋਈ ਦੁੱਧ ਦਾ ਧੁਲਿਆ ਨਹੀ। ਤੁਹਾਡੇ ਵਰਗਾ ਇੱਕ ਆਮ ਆਦਮੀ ਹਾਂ। ਖੈਰ ਆਪਾ ਗੱਲ ਗਾਇਕ ਦੇ ਵਿਰੁੱਧ ਲਿਖਣ ਵਾਲੀਆ ਦੀ ਕਰਦੇ ਹਾਂ। ਕੁਝ ਵੀਰ ਲਿਖਦੇ ਨੇ ਕਿ ਚੰਗਾ ਹੁੰਦਾ ਜੇ ਗਾਇਕ “ਸੀ” ਦੀ ਥਾਂ ਗੁਰੂ ਜੀ ਦੀ ਹੋਂਦ ‘ਤੇ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ, ਗੁਰੂ ਸਾਹਿਬਾਨਾਂ ਦੀ ਬਾਨੀ ਜੁਗੋ ਜੁਗ ਅਟਲ ਧੰਨ ਗੁਰੂ ਗ੍ਰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਨੂੰ ਮੁੱਖ ਰੱਖ ਕੇ ਕੁਝ ਅਜਿਹਾ ਗਾਉਂਦਾ ਜਿਸ ਨਾਲ ਲੋਕਾ ਅੰਦਰ ਸਾਡੇ ਗੁਰੂਆਂ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਦਾ ਜਜ਼ਬਾ ਹੋਰ ਪੱਕਾ ਹੁੰਦਾ। ਜੇ ਇਸ ਗੀਤ ਨੂੰ ਪ੍ਰਮਾਰਥੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਇਸ ਵਿੱਚ ਪਰਮਾਰਥ ਘੱਟ ‘ਤੇ ਬੁਰਾਈ ਦੇ ਲਫ਼ਜ਼ ਜਿਆਦਾ ਨੇ।
ਇਸ ਗੱਲ ਨੂੰ ਵੀ ਨਜ਼ਰ ਅੰਦਾਜ਼ ਨਹੀ ਕੀਤਾ ਜਾ ਸਕਦਾ ਕੀ ਜਿਥੇ ਗਾਇਕ ਨੇ ਗੁਰੂ ਇਤਿਹਾਸ ਭੁੱਲ ਰਹੇ ਲੋਕਾ ਨੂੰ ਫਿਰ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆ ਪ੍ਰਮਾਰਥੀ ਯਾਤਰਾਵਾਂ ਦਾ ਜਿਕਰ ਕਰਕੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਯਾਦ ਕਰਵਾਇਆ ਹੈ। ਬਹੁਤ ਹੀ ਤਰੀਫ਼ ਕਰਨ ਯੋਗ ਗੱਲ ਹੈ। ਪਰ ਨਾਲ ਹੀ ਬੁਰਾਈ ਕਰਕੇ ਲੱਖਾਂ ਲੋਕਾ ਦੀਆ ਭਾਵਨਾਵਾਂ ਨੂੰ ਵਲੂੰਧਰ ਦਿੱਤਾ। ਇਹ ਬਹੁਤ ਅਫ਼ਸੋਸ ਦੀ ਗੱਲ ਹੈ। ਹਾਂ… ਕਈ ਬਾਬੇ ਅਜਿਹੇ ਵੀ ਹਨ ਜੋ ਧਰਮ ਦੇ ਨਾਂ ਤੇ ਪੈਸੇ ਲੁੱਟ ਰਹੇ ਨੇ। ਆਪਣੀ ਕੋਈ ਬੁਰਾਈ ਨੂੰ ਲੁਕਾਉਣ ਲਈ ਦੂਸਰੇ ਬਾਬਿਆਂ ਵਿਰੁੱਧ ਬਿਆਨ ਬਾਜੀ ਕਰਕੇ ਅਵਾਮ ਨੂੰ ਭੜਕਾਉਂਦੇ ਨੇ। ਪਰ ਇਸ ਗੱਲ ਨੂੰ ਵੀ ਨਜ਼ਰ-ਅੰਦਾਜ਼ ਨਹੀ ਕੀਤਾ ਜਾਂ ਸਕਦਾ ਕਿ ਇਸ ਦੁਨੀਆ ‘ਚ ਅਜਿਹੇ ਮਹਾਂਪੁਰਖ ਵੀ ਹਨ। ਜਿੰਨਾ ਦਾ ਮਿਸ਼ਨ ਧਰਮ ਪ੍ਰਚਾਰ ਨਹੀ ਬਲਕਿ ਨਿਸਵਾਰਥ ਲੋਕਾਂ ਦੇ ਦਿਲਾਂ ਅੰਦਰ ਲੁਕੇ ਇਨਸਾਨੀਅਤ ‘ਤੇ ਧਾਰਮਿਕ ਜਜ਼ਬੇ ਨੂੰ ਨਿਖਾਰਨਾ ਹੈ। ਇਸ ਕਾਰਜ ਲਈ ਉਹ ਦਿਨ ਰਾਤ ਖਪਦੇ ਹਨ। ਅਜਿਹੇ ਪ੍ਰਚਾਰਕਾਂ ਦੇ ਬਾਸ਼ਿੰਦੇ ਆਪਣੇ ਸ਼ਰੀਰ ਦਾ ਭੋਰਾ-ਭੋਰਾ ਰੱਤ, ਮਰਨ ਤੋਂ ਬਾਦ ਆਪਣੇ ਸ਼ਰੀਰ ਦਾ ਅੰਗ-ਅੰਗ ਸਮੁੱਚੀ ਮਾਨਵਤਾ ਦੇ ਨਾਮ ਲਿਖ ਰਹੇ ਹਨ। ਇਹਨਾਂ ਪ੍ਰਚਾਰਕਾਂ ਦੇ ਭਗਤ ਯੋਧਾ ਆਪਣੇ ਗੁਰੂ ਸਾਹਿਬਾਨਾਂ ਦੇ ਬਚਨਾਂ ਤੇ ਫੁੱਲ ਚੜ੍ਹਾਉਂਦੇ ਹੋਏ ਵੇਸਵਾਵਾਂ ਨਾਲ ਵਿਆਹ ਰਚਾ ਕੇ ਸਮੁੱਚੀ ਮਨੁੱਖਤਾ ਤੇ ਇੱਕ ਵੱਡਾ ਉਪਕਾਰ ਕਰ ਰਹੇ ਨੇ।
ਭਲੇ ਹੀ ਇਸ ਗੀਤ ‘ਚ ਕਿਸੇ ਵੀ ਬਾਬੇ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਖਿਲਾਫ਼ ਨਾਮ ਲੈ ਕੇ ਸਿੱਧਾ ਵਾਰ ਨਹੀ ਕੀਤਾ ਗਿਆ। ਪਰ ਨਫ਼ਰਤ ਦੇ ਪੁਜਾਰੀ ਧਰਮ ‘ਤੇ ਕੌਮ ਦੇ ਵੈਰੀ ਸਾਰੇ ਬਾਬਿਆਂ ਨੂੰ ਇੱਕ ਹੀ ਤੱਕੜੀ ਵਿੱਚ ਤੋਲਦੇ ਹਨ। ਜਿਸ ਬਾਬੇ ਦੀ ਛਵੀ ਸਾਡੇ ਅਖੌਤੀ ਧਰਮ ਦੇ ਠੇਕੇਦਾਰਾਂ ਨੇ ਹੇਠਾਂ ਸੁੱਟ ਦਿੱਤੀ। ਸਾਡੇ ਮਨਾ ਅੰਦਰ ਦੂਸਰੇ ਬਾਬਿਆਂ ਜਾਂ ਧਰਮਾਂ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ਅਸੀਂ ਉਸਨੂੰ ਇਸ ਗੀਤ ਦਾ ਪਾਤਰ ਮੰਨ ਕੇ ਦੇਖਦੇ ਹਾਂ। ਕਿੰਨੀ ਸ਼ਰਮ ਦੀ ਗੱਲ ਹੈ। ਸਾਡਾ ਧਰਮ ਸਾਨੂੰ ਨਿੰਦਿਆ ਚੁਗਲੀ, ਦੁਰਕਾਰਨਾ, ਫਿਟਕਾਰਨਾ ‘ਤੇ ਕਿਸੇ ਨੂੰ ਮਾੜਾ ਬੋਲਣਾ ਨਹੀ ਸਿਖਾਉਂਦਾ। ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਤਾਂ ਸਿਰਫ ਆਪਸੀ ਪ੍ਰੇਮ, ਦੇਸ਼ ਭਗਤੀ ਦਾ ਜਜ਼ਬਾ, ਹਮਦਰਦੀ ਦੀ ਭਾਵਨਾ, ਭਾਈਚਾਰਾ, ਦਸਾਂ ਨਹੁੰਆਂ ਦੀ ਕਿਰਤ ਤੇ ਵੰਡ ਕੇ ਛਕਣਾ। ਇਹਨਾਂ ਕਹਿੰਦੇ ਹੋਏ ਮੈਂ ਸਮੁੱਚੀ ਕੌਮ ਨੂੰ ਇੱਕ ਅਪੀਲ ਜਰੂਰ ਕਰਾਂਗਾ ਕਿ “ਪਿਆਰੇ ਵੀਰੋ” ਆਓ ਮਿਲਕੇ ਅੱਜ ਪ੍ਰਣ ਕਰੀਏ। ਨਫ਼ਰਤ ਨੂੰ ਦਿਲਾਂ ‘ਚੌ ਕੱਢ ਕੇ, ਮਿਲਕੇ, ਫੁੱਟ ਦੇ ਕਾਰਣਾਂ ਤੇ ਗੋਰ ਕਰੀਏ ਤੇ ਸਾਂਝੇ ਹੱਲ ਲੱਭਣ ਦੀ ਕੋਸ਼ਿਸ਼ ਕਰੀਏ। ਕਲਮਕਾਰ ਭਾਈਚਾਰੇ ਨੂੰ ਵੀ ਬੇਨਤੀ ਕਰਾਂਗਾ ਕਿ ਆਓ ਮਿਲਕੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਝ ਅਜਿਹਾ ਲਿਖੀਏ ਜਿਸ ਨਾਲ ਭਾਰਤ ਤੇ ਪਾਕਿਸਤਾਨ ਦੀ ਸੁੱਤੀ ਸਰਕਾਰ ਜਾਗ ਪਵੇ ‘ਤੇ ਜਨਤਾ ਦੇ ਮਨਾਂ ਅੰਦਰ ਉਸਾਰੂ ਭਾਵਨਾ ਸਿਰਜ ਕੇ ਨਫ਼ਰਤ ਦੀ ਥਾਂ ਪਿਆਰ, ਦੰਗਿਆਂ ਦੀ ਥਾਂ ਅਮਨ ਤੇ ਸ਼ਾਂਤੀ ਦਾ ਵਾਤਾਵਰਣ ਪੈਦਾ ਕਰ ਸਕੀਏ। ਸਰੱਬਤ ਦੇ ਭਲੇ ਲਈ ਹਮਦਰਦੀ ਦਾ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ ‘ਚ ਪਹੁੰਚਾ ਸਕੀਏ। ਉਹ ਦਿਨ ਦੂਰ ਨਹੀ ਜਦ ਭਾਈਚਾਰੇ ਦੀ ਮਿਸਾਲ ਬਣੀਆਂ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਂਝਾ ਝੰਡਾ ਲਹਿਰਾਏਗਾ।
ਜੈ ਹਿੰਦ……!!
ਸਾਹਿਤਕ ‘ਤੇ ਪਰੀਵਾਰਕ ਨਾਮ:- ਰਵੀ ਸਚਦੇਵਾ
ਰਵੀ ਸਚਦੇਵਾ,
ਸਚਦੇਵਾ ਮੈਡੀਕੋਜ,
ਮਲੋਟ ਰੋੜ ਚੌਕ,ਮੁਕਤਸਰ (ਪੰਜਾਬ)