ਗੁਰਬਖਸ਼ ਸਿੰਘ (1895-1977)
ਸ. ਗੁਰਬਖਸ਼ ਸਿੰਘ ਦਾ ਜਨਮ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਸ. ਪਿਸ਼ੌਰਾ ਸਿੰਘ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਤੋਂ ਬਾਅਦ ਕੁਝ ਸਮਾਂ ਕਲਰਕੀ ਕੀਤੀ। ਫੇਰ ਨੌਕਰੀ ਛੱਡ ਕੇ ਰੁੜਕੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਪਿੱਛੋਂ ਕੁਝ ਸਮਾਂ ਫੌਜ ਵਿੱਚ ਨੌਕਰੀ ਕਰ ਕੇ ਇੰਜੀਨੀਅਰਿੰਗ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਚਲੇ ਗਏ। ਉਥੋਂ ਵਾਪਸ ਆ ਕੇ ਕੁਝ ਦੇਰ ਰੇਲਵੇ ਵਿੱਚ ਨੌਕਰੀ ਕੀਤੀ। 1931 ਵਿੱਚ ਨੌਕਰੀ ਛੱਡ ਕੇ ਪਿਸ਼ੌਰ ਦੇ ਲਾਗੇ ਖੇਤੀ ਕਰਨ ਲੱਗ ਪਏ। ਉੱਥੇ ਹੀ 1933 ਵਿੱਚ ਮਾਸਿਕ ਪੱਤਰ “ਪ੍ਰੀਤਲੜੀ” ਕੱਢਣਾ ਸ਼ੁਰੂ ਕਰ ਦਿੱਤਾ। ਉਸ ਪਿੱਛੋਂ ਪ੍ਰੀਤਨਗਰ ਆ ਵਸਾਇਆ। ਉਦੋਂ ਤੋਂ ਲੈ ਕੇ ਆਪਣੇ ਅੰਤਮ ਸੁਆਸ ਤਿਆਗਣ ਤੱਕ ਉਹ “ਪ੍ਰੀਤਲੜੀ” ਦੁਆਰਾ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹੇ।
ਗੁਰਬਖਸ਼ ਸਿੰਘ ਤੋਂ ਪਹਿਲਾਂ ਬਹੁਤੀ ਪੰਜਾਬੀ ਵਾਰਤਕ ਵਿੱਚ ਕੇਵਲ ਧਾਰਮਿਕ ਵਿਸ਼ਿਆਂ ਬਾਰੇ ਹੀ ਲਿਖਿਆ ਜਾਂਦਾ ਸੀ। ਆਪ ਨੇ ਪੰਜਾਬੀ ਵਾਰਤਕ ਦੇ ਘੇਰੇ ਨੂੰ ਵਿਸ਼ਾਲ ਕਰ ਕੇ ਸਮਾਜਿਕ, ਨੈਤਿਕ ਤੇ ਜ਼ਿੰਦਗੀ ਦੀਆਂ ਹੋਰ ਅਨੇਕ ਸਮੱਸਿਆਵਾਂ ਦੇ ਵਿਸ਼ਿਆਂ ਬਾਰੇ ਆਪਣੇ ਲੇਖਾਂ ਅਤੇ ਕਹਾਣੀਆਂ ਵਿੱਚ ਲਿਖਣਾ ਸ਼ੁਰੂ ਕੀਤਾ। ਭਾਵੇਂ ਆਪ ਨੇ ਕਹਾਣੀਆਂ, ਦੋ ਨਾਵਲ ਤੇ ਕੁਝ ਨਾਟਕ ਵੀ ਲਿਖੇ ਪਰ ਪੰਜਾਬੀ ਸਾਹਿਤ ਵਿੱਚ ਆਪ ਦਾ ਸਥਾਨ ਵਾਰਤਕ ਲੇਖਕ ਤੇ ਸ਼ੈਲੀਕਾਰ ਵਜੋਂ ਵਧੇਰੇ ਪ੍ਰਵਾਨ ਕੀਤਾ ਜਾਂਦਾ ਹੈ। ਆਪ ਨੇ ਦੋ ਦਰਜਨ ਤੋਂ ਵੱਧ ਵਾਰਤਕ ਪੁਸਤਕਾਂ ਪੰਜਾਬੀ ਵਿੱਚ ਲਿਖੀਆਂ। ਪੱਛਮੀ ਦੇਸਾਂ ਵਿੱਚ ਦੇਖੇ ਖੁਲ੍ਹੇ ਡੁਲ੍ਹੇ ਜੀਵਣ ਦਾ ਆਪ ਦੇ ਵਿਚਾਰਾਂ ਉੱਤੇ ਡੂੰਘਾ ਪ੍ਰਭਾਵ ਸੀ। ਉਸ ਜੀਵਣ ਨੂੰ ਇਹਨਾਂ ਆਪਣਾ ਆਦਰਸ਼ ਬਣਾ ਲਿਆ ਸੀ। ਆਪ ਨੇ ਸਮਾਜ ਵਿੱਚ ਕੁਰੀਤੀਆਂ, ਵਹਿਮਾਂ-ਭਰਮਾਂ ਤੇ ਹੋਰ ਬੁਰਾਈਆਂ ਨੂੰ ਆਪਣੀ ਲੇਖਣੀ ਦੁਆਰਾ ਨੰਗਾ ਕਰ ਕੇ ਅਤੇ ਪੱਧਰੀ ਜ਼ਿੰਦਗੀ ਦਾ ਆਦਰਸ਼ ਪੇਸ਼ ਕੀਤਾ।