ਸੰਤ ਕਲਾਕਾਰ ਸਰਦਾਰ ਸੋਭਾ ਸਿੰਘ (ਹਿਰਦੇਪਾਲ ਸਿੰਘ)
ਕਲਾਕਾਰ ਕਿਸੇ ਵੀ ਦੇਸ਼ ਦਾ ਮਹੱਤਵਪੂਰਨ ਤੇ ਬਹੁਮੁੱਲਾ ਸਰਮਾਇਆ ਹੁੰਦੇ ਹਨ। ਦੁਖੀ, ਚਿੰਤਾਵਾਂ ਤੇ ਪਰੇਸ਼ਾਨੀਆਂ ਭਰੀ ਇਸ ਦੁਨੀਆ ਵਿਚ ਸੁੰਦਰਤਾ ਦਾ ਪ੍ਰਕਾਸ਼ ਕਰਨ ਵਾਲੇ ਇਹ ਲੋਕ ਪ੍ਰਤੱਖ-ਅਪ੍ਰਤੱਖ ਰੂਪ ਵਿਚ ਸਾਰਿਆ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਜੀਵਨ ਨੂੰ ਜਿਉਣ ਯੋਗ ਬਣਾ ਦਿੰਦੇ ਹਨ। ਦੇਸ਼, ਧਰਮ ਅਤੇ ਜਾਤ-ਪਾਤ ਦੀਆਂ ਹੱਦਾਂ ਤੋਂ ਬਹੁਤ ਉਪਰ ਵਿਚਰਨ ਵਾਲੇ ਇਨ੍ਹਾਂ ਲੋਕਾਂ ਵਿਚ ਚਿੱਤਰਕਾਰ ਸੋਭਾ ਸਿੰਘ ਦਾ ਨਾਂਅ ਪ੍ਰਮੁੱਖ ਹੈ।
ਸਾਡੇ ਸਭਿਆਚਾਰ ਤੇ ਮਹਾਨ ਵਿਰਸੇ ਨੂੰ ਹੋਰ ਅਮੀਰ ਤੇ ਮਜ਼ਬੂਤ ਬਣਾਉਣ ਲਈ ਇਸ ਫ਼ਿਲਾਸਫ਼ਰ ਨੇ ਚਿੱਤਰਕਲਾ ਨੂੰ ਆਪਣਾ ਮਾਧਿਅਮ ਚੁਣਿਆ ਅਤੇ ਆਪਣੀ ਤੂਲਿਕਾ ਨਾਲ ਸਮਾਜ ਦੇ ਵੱਡੇ ਕੈਨਵੈਸ ਉਤੇ ਸੁੰਦਰਤਾ ਦੇ ਰੰਗ ਭਰ ਕੇ ਸਿਖਰ ਤਕ ਪਹੁੰਚਾਇਆ। ਪਿਤਾ ਦੇਵਾ ਸਿੰਘ ਤੇ ਮਾਂ ਅੱਛਰਾਂ ਦੇਵੀ ਦੇ ਚਾਰ ਬੱਚਿਆਂ ‘ਚੋਂ ਸੋਭਾ ਸਿੰਘ ਸਭ ਤੋਂ ਛੋਟੇ ਸਨ। ਪੰਜ ਵਰ੍ਹਿਆਂ ਦੀ ਉਮਰ ਵਿਚ ਮਾਂ ਦਾ ਸਾਇਆ ਸਿਰ ਤੋਂ ਉਠ ਗਿਆ, ਫਿਰ ਗਿਆਰਾਂ ਵਰ੍ਹਿਆਂ ਪਿਛੋਂ ਪਿਤਾ ਜੀ ਵੀ ਤੁਰ ਗਏ। ਬਚਪਨ ਤੋਂ ਹੀ ਸੰਘਰਸ਼ ਵਿਚ ਘਿਰੇ ਬਾਲਕ ਸੋਭਾ ਸਿੰਘ ਨੂੰ ਭੈਣ ਲਛਮੀ ਦੇਵੀ ਨੇ ਸੰਭਾਲਿਆ।
ਦਰਿਆ ਬਿਆਸ ਦੇ ਕਿਨਾਰੇ ਵਸੇ ਆਪਣੇ ਪਿੰਡ ਸ੍ਰੀ ਹਰਿਗੋਬਿੰਦਪੁਰ (ਗੁਰਦਾਸਪੁਰ) ਰਹਿੰਦਿਆਂ ਹੀ ਉਨ੍ਹਾਂ ਦੇ ਅੰਦਰਲਾ ਕਲਾਕਾਰ ਜਾਗ ਉਠਿਆ ਸੀ। ਇਹ ਲੰਬਾ ਪਤਲਾ ਬਾਲਕ ਆਪਣੀਆਂ ਛੋਟੀ ਛੋਟੀ ਉਂਗਲੀਆਂ ਨਾਲ ਰੇਤ ਦੇ ਘਰ ਬਣਾਉਣ ਦੇ ਨਾਲ ਕੋਈ ਅਜੇਹਾ ਚਿਹਰਾ ਬਣਾਉਣ ਦਾ ਯਤਨ ਕਰਦਾ ਜੋ ਉਸ ਦੀ ਮਾਂ ਨਾਲ ਮਿਲਦਾ ਹੋਵੇ। ਸਕੂਲ ਵਿਚ ਵਿੱਦਿਆ ਪੰਜਵੀਂ ਤਕ ਲੈ ਕੇ ਇਂਡਸਟ੍ਰੀਅਲ ਸਕੂਲ ਅੰਮ੍ਰਿਤਸਰ ਤੋਂ ਆਰਟ ਐਂਡ ਕਰਾਫ਼ਟ ਦਾ ਡਿਪਲੋਮਾ ਪਾਸ ਕੀਤਾ ਤੇ ਆਪਣੇ ਓਵਰਸੀਅਰ ਜੀਜੇ ਤੋਂ ਨਕਸ਼ਾ-ਨਵੀਸੀ ਦਾ ਕੰਮ ਸਿੱਖਿਆ।
ਸਤੰਬਰ 1919, ਅਠਾਰਾਂ ਸਾਲ ਦੀ ਉਮਰ ਵਿਚ ਫੌਜ ਵਿਚ ਨਕਸ਼ਾ-ਨਵੀਸ ਭਰਤੀ ਹੋ ਕੇ ਬਗ਼ਦਾਦ ਚਲੇ ਗਏ। ਉਥੇ ਅੰਗਰੇਜ਼ ਅਧਿਕਾਰੀਆਂ ਨੇ ਉਨ੍ਹਾਂ ਦੇ ਬਣਾਏ ਚਿੱਤਰਾਂ ਦੀ ਕੇਵਲ ਸ਼ਲਾਘਾ ਹੀ ਨਹੀਂ ਕੀਤੀ, ਸਗੋਂ ਪ੍ਰੇਰਨਾ ਅਤੇ ਉਤਸ਼ਾਹ ਦੇਣ ਲਈ ਪ੍ਰਸਿੱਧ ਚਿੱਤਰਕਾਰਾਂ ਦੀਆਂ ਜੀਵਨੀਆਂ ਤੇ ਕਲਾ-ਪੁਸਤਕਾਂ ਵੀ ਮੁਹੱਈਆ ਕਰਵਾਈਆਂ। ਫੌਜ ਦੀ ਨੌਕਰੀ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਮਹੱਤਵਪੂਰਨ ਪੜਾਅ ਸੀ। ਇਸ ਸਮੇਂ ਹੀ ਨੌਜਵਾਨ ਸੋਭਾ ਸਿੰਘ ਨੇ ਆਪਣੀ ਜ਼ਿੰਦਗੀ ਦਾ ਅਹਿਮ ਫੈਸਲਾ ਕੀਤਾ ਕਿ ਉਹ ਚਿੱਤਰਕਾਰ ਬਣੇਗਾ। ਫੌਜ ਦੀ ਨੌਕਰੀ ਛੱਡ ਕੇ ਸਾਲ 1923 ਦੌਰਾਨ ਅੰਮ੍ਰਿਤਸਰ ਵਿਖੇ ਅਪਣਾ “ਸੁਭਾਸ਼ ਸਟੂਡੀਓ” ਸਥਾਪਤ ਕੀਤਾ। ਸ਼ਾਇਦ ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਤੋਂ ਪ੍ਰਭਾਵਿਤ ਹੋਣ ਕਿਉਂ ਜੋ ਉਨ੍ਹਾਂ ਦਿਨਾਂ ਵਿਚ ਆਪਣੇ ਨਾਂਅ ਨਾਲ “ਸੁਭਾਸ਼” ਤੱਖ਼ਲਸ ਵੀ ਲਿਖਿਆ ਕਰਦੇ ਸਨ। ਫਿਰ ਅਨਾਰਕਲੀ ਬਾਜ਼ਾਰ ਲਾਹੌਰ ਵਿਖੇ “ਈਕੋ ਸਕੂਲ ਆਫ ਆਰਟ” ਵੀ ਸਥਾਪਤ ਕੀਤਾ। ਇਸ ਉਪਰੰਤ ਦਿੱਲੀ ਵਿਖੇ ਵੀ ਆਪਣਾ ਆਰਟ ਸਟੂਡੀਓ ਸ਼ਿਫਟ ਕਰ ਲਿਆ। ਕੁਝ ਸਮਾਂ ਪ੍ਰੀਤ ਨਗਰ ਅਤੇ ਸ਼ਿਮਲੇ ਰਹਿ ਕੇ ਨਿਸਬਤ ਰੋਡ ਲਾਹੌਰ ਵਿਖੇ ਮੁੜ ਅਪਣਾ ਸਟੂਡੀਓ ਖੋਲ੍ਹਿਆ ਅਤੇ ਇਸ ਦੇ ਨਾਲ ਹੀ ਫਿਲਮਾਂ ਦੀ ਆਰਟ ਡਾਇਰੈਕਸ਼ਨ ਦਾ ਕੰਮ ਵੀ ਕਰਨ ਲਗੇ। ਇਸ ਸਮੇਂ ਦੌਰਾਨ ਹੀ ਫਿਰਕੂ ਹਿੰਸਾ ਦੀ ਹਨੇਰੀ ਵਿਚ ਸਭ ਕੁਝ ਤਬਾਹ ਹੋ ਗਿਆ ਤੇ 1947 ਤਕ ਬਣਾਏ ਲਗਪਗ 300 ਚਿੱਤਰ ਸਾੜ ਦਿੱਤੇ ਗਏ। ਇਥੋਂ ਉਜੜ ਕੇ ਕਾਂਗੜਾ ਘਾਟੀ ਦੀ ਗੋਦ ਵਿਚ ਵਸੇ ਇਕ ਛੋਟੇ ਜਿਹੇ ਪਿੰਡ ਅੰਧਰੇਟਾ ਆ ਗਏ ਅਤੇ ਆਪਣੇ ਜੀਵਨ ਦਾ ਬਾਕੀ ਸਾਰਾ ਸਮਾਂ ਇਥੇ ਹੀ ਬਿਤਾਇਆ।
ਆਪਣੇ 85 ਸਾਲ ਦੇ ਜੀਵਨ-ਕਾਲ ਦੌਰਾਨ ਸਰਦਾਰ ਸੋਭਾ ਸਿੰਘ ਨੇ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ, ਕੌਮੀ ਨੇਤਾਵਾਂ ਆਦਿ ਦੇ ਚਿੱਤਰਾਂ ਦੇ ਨਾਲ ਨਾਲ ਪ੍ਰੇਮ-ਕਥਾਵਾਂ ਤੇ ਆਪਣੇ ਸਭਿਆਚਾਰ ਨਾਲ ਸਬੰਧਿਤ ਚਿੱਤਰ ਬਣਾਏ। ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਭਗਵਾਨ ਸ੍ਰੀ ਰਾਮ ਚੰਦਰ ਜੀ, ਈਸਾ ਮਸੀਹ, ਹਜ਼ਰਤ ਮੀਆਂ ਮੀਰ, ਭਗਤ ਰਵਿਦਾਸ ਆਦਿ ਉਨ੍ਹਾਂ ਦੇ ਪ੍ਰਸਿੱਧ ਧਾਰਮਿਕ ਚਿੱਤਰ ਹਨ। ਉਹਨਾਂ ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ, ਮਹਾਤਮਾ ਗਾਂਧੀ, ਪੰਡਤ ਨਹਿਰੂ, ਲਾਲ ਬਹਾਦਰ ਸ਼ਾਸਤਰੀ ਵਰਗੇ ਕੌਮੀ ਨੇਤਾਵਾਂ ਦੇ ਚਿੱਤਰ ਵੀ ਬਣਾਏ ਹਨ। ਕਲਾ-ਜਗਤ ਵਿਚ ਵਿਸ਼ੇਸ਼ ਸਥਾਨ ਉਨ੍ਹਾਂ ਦੇ ਸ਼ਾਹਕਾਰ “ਸੋਹਣੀ-ਮਹੀਂਵਾਲ” ਨੇ ਦਿਵਾਇਆ। ਇਸੇ ਚਿੱਤਰ ਕਾਰਨ ਰਾਜ ਮਹਿਲਾਂ ਤੇ ਅਮੀਰ ਘਰਾਣਿਆ ਵਿਚ ਸਿਮਟੀ ਕਲਾ ਆਮ ਆਦਮੀ ਤਕ ਪਹੁੰਚੀ। ਇਸ ਸ਼ਾਹਕਾਰ ਚਿੱਤਰ ਕਾਰਨ ਚਿੱਤਰਕਾਰ ਸੋਭਾ ਸਿੰਘ ਨੂੰ ਕਲਾ-ਜਗਤ ਵਿਚ ਬਹੁਤ ਪ੍ਰਸਿੱਧੀ ਮਿਲੀ।
ਸਰਦਾਰ ਸੋਭਾ ਸਿੰਘ ਕਿਸੇ ਵੀ ਚਿੱਤਰ ‘ਤੇ ਕੰਮ ਕਰਨ ਤੋਂ ਪਹਿਲਾਂ ਉਸ ਬਾਰੇ ਵੱਧ ਤੋਂ ਵੱਧ ਸਾਹਿਤ ਦਾ ਪੂਰਾ ਅਧਿਐਨ ਕਰਦੇ ਸਨ ਅਤੇ ਫਿਰ ਕਈ ਕਈ ਹਫ਼ਤੇ, ਮਹੀਨੇ ਉਸ ਨੁੰ ਮੁਕੰਮਲ ਕਰਨ ਵਿਚ ਲਗੇ ਰਹਿੰਦੇ। ਉਨ੍ਹਾਂ ਨੇ ਕਿਸੇ ਵੀ ਚਿੱਤਰ ਲਈ ਕਿਸੇ ਮਾਡਲ ਦੀ ਵਰਤੋਂ ਨਹੀਂ ਕੀਤੀ। ਇਤਿਹਾਸ, ਸਭਿਆਚਾਰ, ਵਿਰਸੇ ਨਾਲ ਜੁੜੇ ਚਿੱਤਰ ਉਨ੍ਹਾਂ ਦੇ ਡੂੰਘੇ ਅਧਿਐਨ ਤੇ ਚਿੰਤਨ ਦਾ ਫਲ ਹਨ।
ਅੰਧਰੇਟਾ ਸਥਿਤ ਇਸ ਸੰਤ ਕਲਾਕਾਰ ਦੇ ਘਰ ਤੇ ਆਰਟ-ਗੈਲਰੀ ਨੂੰ ਉਨ੍ਹਾਂ ਦੀ ਬੇਟੀ ਬੀਬੀ ਗੁਰਚਰਨ ਕੌਰ ਨੇ ਬੜੇ ਹੀ ਸਲੀਕੇ ਨਾਲ ਸੰਭਾਲੇ ਹੋਏ ਹਨ। ਉਹ ਦੱਸਦੇ ਹਨ ਕਿ ਕਲਾ ਬਾਰੇ ਸਰਦਾਰ ਸੋਭਾ ਸਿੰਘ ਕਿਹਾ ਕਰਦੇ ਸਨ, “ਮੇਰੀ ਕਲਾ ਹੀ ਮੇਰਾ ਧਰਮ ਹੈ ਅਤੇ ਮੇਰਾ ਕਰਤਵ ਨਿਰਾਕਾਰ ਨੂੰ ਸਾਕਾਰ ਕਰਨਾ ਹੈ। ਕਲਾ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ, ਜੇ ਇਹ ਮਾਨਵ ਮਨ ਦੀਆਂ ਅੰਤਰੀਵ ਅਨੁਭੂਤੀਆਂ ਨੂੰ ਛੁਹ ਕੇ ਮਾਨਵ ਦੇ ਵਿਕਾਸ ਲਈ ਸਹਾਇਤਾ ਨਹੀ ਕਰਦੀ, ਤਾਂ ਬੇਕਾਰ ਹੈ। ਉਹੀ ਚਿੱਤਰਕਾਰ ਸਫ਼ਲ ਹੈ ਜਿਸ ਨੇ ਮਾਨਵਤਾ ਨੂੰ ਸਮਝਿਆ ਅਤੇ ਪ੍ਰਗਟ ਕੀਤਾ। ਚਿੱਤਰਕਾਰ ਦੇ ਮਾਨਸਿਕ ਵਿਕਾਸ ਦੇ ਨਾਲ ਨਾਲ ਉਸ ਦੀ ਕਲਾ ਦਾ ਵਿਕਾਸ ਵੀ ਹੁੰਦੇ ਰਹਿਣਾ ਚਾਹੀਦਾ ਹੈ। ਇਸ ਲਈ ਦਿਮਾਗ ਦੀ ਸਮਝਦਾਰੀ, ਦਿਲ ਦੀ ਪਵਿੱਤਰਤਾ ਅਤੇ ਉਂਗਲੀਆਂ ਦੇ ਹੁਨਰ ਦੀ ਨਿਪੁੰਨਤਾ ਦੀ ਲੋੜ ਹੈ।”
ਇਹ ਤਾਲਮੇਲ ਉਨ੍ਹਾਂ ਦੇ ਹਰ ਚਿੱਤਰ ਵਿਚ ਝਲਕਦਾ ਹੈ। ਉਨ੍ਹਾਂ ਦੀਆਂ ਕਲਾ-ਕ੍ਰਿਤੀਆਂ ਵਿਚ ਸ਼ਾਂਤ-ਰਸ ਵਿਚ ਡੁੱਬੇ ਹੋਏ ਗੁਰੂ ਤੇਗ਼ ਬਹਾਦਰ, ਗੁਰੂ ਅਮਰਦਾਸ, ਮਹਾਤਮਾ ਗਾਂਧੀ ਜਾਂ ਪ੍ਰਭਾਤ ਦੀ ਦੇਵੀ ਦੇ ਚਿੱਤਰ, ਸ਼ਿੰਗਾਰ-ਰਸ ਵਿਚ ਸ਼ਰਸ਼ਾਰ ਹੀਰ-ਰਾਂਝਾ, ਉਮਰ-ਖ਼ਿਆਮ ਜਾਂ ਸੋਹਣੀ ਮਹੀਂਵਾਲ ਅਤੇ ਵੀਰ ਰਸ ਵਿਚ ਦਮਕਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ, ਭਗਵਾਨ ਰਾਮ, ਯੁਵਰਾਜ ਦਲੀਪ ਸਿੰਘ ਜਾਂ ਗੋਰਖਾ ਸੈਨਿਕ ਦੇ ਚਿੱਤਰ- ਮੂੰਹ ਬੋਲਦੀ ਤਸਵੀਰ ਹਨ।
ਇਸ ਮਹਾਨ ਕਲਾਕਾਰ ਨੂੰ ਆਪਣੇ ਜੀਵਨ-ਕਾਲ ਦੌਰਾਨ ਯੋਗ ਸਨਮਾਨ ਮਿਲਿਆ। ਉਹ ਹਰ ਤਰ੍ਹਾਂ ਦੇ ਲਾਲਚ ਤੇ ਪ੍ਰਚਾਰ ਤੋਂ ਦੂਰ ਰਹਿ ਕੇ ਇਕ ਰਿਸ਼ੀ ਵਾਂਗ ਕਲਾ ਸਾਧਨਾ ਕਰਦੇ ਰਹੇ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ “ਸਟੇਟ ਆਰਟਿਸਟ” ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਅਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਦੇ ਸਨਮਾਨ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਅਵਸਰ ਤੇ ਭਾਰਤ ਸਰਕਾਰ ਨੇ 29 ਨਵੰਬਰ 2001 ਨੂੰ ਇਕ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ। ਪੰਜਾਬ ਵਿਚ ਬਾਦਲ ਸਰਕਾਰ ਅਤੇ ਹਿਮਾਚਲ ਦੀ ਪ੍ਰੋ. ਧੂਮਲ ਸਰਕਾਰ ਨੇ ਜਨਮ ਸ਼ਤਾਬਦੀ ਰਾਜ ਪੱਧਰ ਦੇ ਸਮਾਗਮ ਆਯੋਜਿਤ ਕਰ ਕੇ ਮਨਾਈ। ਅੰਧਰੇਟਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂਅ ਉਨਾਂ ਦੇ ਨਾਂਅ ‘ਤੇ ਕੀਤਾ ਗਿਆ ਹੈ। ਪੰਜਾਬ ਤੇ ਹਿਮਾਚਲ ਦੇ ਭਾਸ਼ਾ ਵਿਭਾਗਾਂ ਨੇ ਆਪਣੇ ਆਪਣੇ ਪਰਚਿਆਂ ਦੇ “ਸ. ਸੋਭਾ ਸਿੰਘ ਵਿਸ਼ੇਸ਼ ਅੰਕ” ਪ੍ਰਕਾਸ਼ਿਤ ਕੀਤੇ। ਜਨਮ ਸ਼ਤਾਬਦੀ ਦੇ ਸਰਕਾਰੀ ਪੱਧਰ ਦੇ ਸਮਾਗਮ ਸ. ਸੋਭਾ ਸਿੰਘ ਮੈਮੋਰੀਅਲ ਆਰਟ ਸੋਸਾਇਟੀ ਅਤੇ ਘਟ ਗਿਣਤੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਸ. ਤਰਲੋਚਨ ਸਿੰਘ ਦੇ ਨਿਜੀ ਯਤਨਾਂ ਸਦਕਾ ਮਨਾਏ ਗਏ।
29 ਨਵੰਬਰ 1901 ਤੋਂ 22 ਅਗਸਤ 1986 ਤਕ ਆਪਣੇ ਜੀਵਨ ਦੇ ਸਫ਼ਰ ਵਿਚ ਇਹ ਸੰਤ ਕਲਾਕਾਰ ਜਿਥੇ ਵੀ ਰਹੇ, ਉਹਨਾਂ ਨੇ ਆਪਣੇ ਆਲੇ-ਦੁਆਲੇ ਨੂੰ ਰੰਗਾਂ ਨਾਲ ਭਰ ਦਿੱਤਾ ਅਤੇ ਉਹ ਸਤਰੰਗੀ ਪੀਂਘ ਵਾਂਗ ਘਰ ਘਰ ਵਿਚ ਬਿਖਰ ਗਏ।