ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਬੱਚੇ ਦੀ ਸੁਣਨ ਸਮਰੱਥਾ

ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸਦੇ ਮਾਤਾ-ਪਿਤਾ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹੁੰਦੇ ਹਨ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਾਧਾਰਨ ਬੱਚਿਆਂ ਵਾਂਗ ਹੈ ਜਾਂ ਨਹੀਂ। ਜ਼ਾਹਿਰ ਹੈ ਕਿ ਇਸ ਸਿਹਤਮੰਦੀ ਵਿਚ ਬੱਚੇ ਦੀ ਸੁਣਨ ਸ਼ਕਤੀ ਵੀ ਸ਼ਾਮਲ ਹੈ ਪਰ ਕੀ ਇਹ ਪਤਾ ਲਾਉਣਾ ਸੰਭਵ ਹੈ ਕਿ ਬੱਚੇ ਦੀ ਸੁਣਨ ਸ਼ਕਤੀ ਸਹੀ ਤਰ੍ਹਾਂ ਕੰਮ ਕਰ ਰਹੀ ਹੈ ਜਾਂ ਨਹੀਂ। ਦੁਨੀਆਂ ਦੇ ਕਈ ਦੇਸ਼ਾਂ ਵਿਚ ਇਹ ਲਾਜ਼ਮੀ ਹੈ ਕਿ ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਡਿਸਚਾਰਜ ਕਰਨ ਤੋਂ ਪਹਿਲਾਂ ਉਸ ਦੀ ਸੁਣਨ ਸਮੱਰਥਾ ਦੀ ਜਾਂਚ ਕੀਤੀ ਜਾਵੇ। ਭਾਰਤ ਵਿਚ ਇਹੋ ਜਿਹਾ ਕੋਈ ਨਿਯਮ ਨਹੀਂ ਹੈ ਅਤੇ ਸਾਡੇ ਦੇਸ਼ਾਂ ਵਿਚ ਤਾਂ ਬਹੁਤੇ ਬੱਚੇ ਹਸਪਤਾਲਾਂ ਵਿਚ ਜਨਮ ਵੀ ਨਹੀਂ ਲੈਂਦੇ।

ਬੋਲਾਪਣ ਜਾਂਚਣ ਲਈ ਸਹੂਲਤ ਸਾਡੇ ਦੇਸ਼ ਵਿਚ ਕੁਝ ਹੀ ਥਾਵਾਂ ‘ਤੇ ਮੁਹੱਈਆ ਹੈ। ਅਸੀਂ ਕਈ ਅਜਿਹੇ ਬੱਚਿਆਂ ਨੂੰ ਦੇਖਦੇ ਹਾਂ ਜੋ ਸਕ੍ਰੀਨਿੰਗ ਟੈਸਟ ਵਿਚ ਫੇਲ੍ਹ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੁਖਤਾ ਜਾਂਚ ਦੀ ਲੋੜ ਪੈਂਦੀ ਹੈ। ਸਾਰੇ ਟੈਸਟ ਹੋ ਜਾਣ ਪਿੱਛੋਂ ਅਸੀਂ ਇਹ ਜਾਣ ਸਕਦੇ ਹਾਂ ਕਿ ਬੱਚਾ ਠੀਕ ਤਰ੍ਹਾਂ ਸੁਣ ਸਕਦਾ ਹੈ ਜਾਂ ਨਹੀਂ, ਜੇਕਰ ਬੋਲਾਪਣ ਹੈ ਤਾਂ ਕਿਸ ਹੱਦ ਤੱਕ ?

ਸੁਣਨ ਸ਼ਕਤੀ ਦੀ ਸ਼ੁਰੂ ਵਿਚ ਹੀ ਜਾਂਚ ਕਿਉਂ ਜ਼ਰੂਰੀ ਹੈ? ਉਦਾਹਰਣ ਲਈ ਦੋ ਸਾਲਾ ਬੱਚਾ ਜੋ ਅਜੇ ਤੱਕ ਠੀਕ ਤਰ੍ਹਾਂ ਕੋਈ ਸ਼ਬਦ ਵੀ ਸਾਫ ਤਰੀਕੇ ਨਾਲ ਬੋਲ ਨਹੀਂ ਸਕਦਾ। ਬਦਕਿਸਮਤੀ ਨਾਲ ਸਾਡੇ ਪਰਿਵਾਰਕ ਸ਼ੁੱਭਚਿੰਤਕ ਇਹ ਸਲਾਹ ਦਿੰਦੇ ਹਨ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਕੁਝ ਬੱਚੇ ਦੇਰ ਨਾਲ ਬੋਲਣਾ ਸਿੱਖਦੇ ਹਨ ਅਤੇ ਇਹ ਵੀ ਕੁਝ ਹੀ ਦੇਰ ‘ਚ ਬੋਲਣਾ ਸਿੱਖ ਲਵੇਗਾ, ਜਦੋਂ ਕਿ ਸੱਚਾਈ ਇਹ ਹੈ ਕਿ ਜੇਕਰ ਬੱਚੇ ਕੋਈ ਸ਼ਬਦ ਸ਼ੁਰੂ ਕਰ ਦਿੰਦਾ ਹੈ। ਇਨ੍ਹਾਂ ਧੁਨੀਆਂ ਨੂੰ ਸੁਣਦਿਆਂ-ਸੁਣਦਿਆਂ ਹੀ ਉਸਦੀ ਬੋਲਣ ਅਤੇ ਭਾਸ਼ਾ ਦੀ ਸਮਝ ਵਿਕਸਿਤ ਹੁੰਦੀ ਹੈ। ਸਾਲ ਦਾ ਹੁੰਦਿਆਂ-ਹੁੰਦਿਆਂ ਉਹ ਕੁਝ ਸ਼ਬਦ ਬੋਲਣੇ ਸਿੱਖ ਲੈਂਦਾ ਹੈ। ਜੇਕਰ ਬੱਚਾ ਬੋਲੇਪਣ ਦਾ ਸ਼ਿਕਾਰ ਹੈ ਤਾਂ ਉਹ ਬੋਲਣਾ ਨਹੀਂ ਸਿੱਖ ਸਕਦਾ। ਥੋੜ੍ਹੇ ਜਿਹੇ ਬੋਲੇਪਣ ਦਾ ਸ਼ਿਕਾਰ ਬੱਚਾ ਵੀ ਬੋਲਣਾ ਸਿੱਖ ਲੈਂਦਾ ਹੈ ਪਰ ਉਹ ਵੀ ਸਾਫ ਤਰ੍ਹਾਂ ਨਹੀਂ ਬੋਲ ਸਕਦਾ।

ਜੇਕਰ ਕੋਈ ਬੱਚਾ 12 ਤੋਂ 14 ਮਹੀਨਿਆਂ ਤੱਕ ਬੋਲਣਾ ਸ਼ੁਰੂ ਨਹੀਂ ਕਰਦਾ ਤਾਂ ਉਸਦੀ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਛੇਤੀ ਜਾਂਚ ਕਰਾਉਣੀ ਇਸ ਲਈ ਲਾਜ਼ਮੀ ਹੈ ਕਿਉਂਕਿ ਜਿੰਨੀ ਛੇਤੀ ਬੱਚੇ ਦੀ ਕਮੀ ਦਾ ਪਤਾ ਲੱਗੇਗਾ, ਓਨੀ ਛੇਤੀ ਹੀ ਉਸਦਾ ਇਲਾਜ ਵੀ ਸ਼ੁਰੂ ਕੀਤਾ ਜਾ ਸਕੇਗਾ ਅਤੇ ਉਹ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਵਧੇਰੇ ਬੇਹਤਰ ਬੋਲ ਸਕੇਗਾ ਜਿਨ੍ਹਾਂ ਦੀ ਬਿਮਾਰੀ ਦਾ ਪਤਾ ਦੇਰ ਨਾਲ ਲੱਗਦਾ ਹੈ। ਜਨਮ ਤੋਂ ਲੈ ਕੇ 5-7 ਸਾਲਾਂ ਵਿਚ ਹੀ ਮਨੁੱਖੀ ਦਿਮਾਗ ਦਾ ਵਿਕਾਸ ਹੋ ਜਾਂਦਾ ਹੈ। ਇਸ ਸਮੇਂ ਦੌਰਾਨ ਜੇਕਰ ਬੱਚਾ ਹਰ ਤਰ੍ਹਾਂ ਦੀਆਂ ਧੁਨੀਆਂ ਸੁਣਦਾ ਹੈ ਤਾਂ ਉਸ ਦਾ ਬੋਲਣਾ ਸਾਧਾਰਨ ਹੁੰਦਾ ਹੈ ਪਰ ਜੇਕਰ ਕੋਈ ਬੱਚਾ 9 ਸਾਲਾਂ ਦਾ ਹੈ ਅਤੇ ਅਜੇ ਤੱਕ ਉਸਨੇ ਕੋਈ ਆਵਾਜ਼ ਨਹੀਂ ਸੁਣੀ ਅਤੇ ਇਸ ਉਮਰ ਵਿਚ ਪਹੁੰਚ ਕੇ ਸੁਣਨਾ ਸ਼ੁਰੂ ਕਰਦਾ ਹੈ ਤਾਂ ਉਹ ਅਜਿਹਾ ਕੁਝ ਵੀ ਨਹੀਂ ਬੋਲ ਸਕੇਗਾ, ਜਿਸਦਾ ਕੋਈ ਸਾਫ ਮਤਲਬ ਨਿਕਲ ਸਕੇ। ਇਸ ਲਈ ਜ਼ਰੂਰੀ ਹੈ ਕਿ ਬੱਚਾ 5-7 ਸਾਲ ਦੀ ਉਮਰ ਤੱਕ ਸਾਰੀਆਂ ਆਵਾਜ਼ਾਂ ਸੁਣ ਲਵੇ ਤਾਂ ਕਿ ਵੱਡਾ ਹੋਣ ‘ਤੇ ਉਹ ਬਾਕੀਆਂ ਵਾਂਗ ਹੀ ਸੁਣ ਅਤੇ ਬੋਲ ਸਕੇ। ਜਿਸ ਬੱਚੇ ਦੇ ਬੋਲੇਪਣ ਦਾ ਸਮੇਂ ਰਹਿੰਦੇ ਪਤਾ ਲੱਗ ਜਾਂਦਾ ਹੈ ਉਸ ਦੇ ਕੰਨ ਵਿਚ ਇਕ ਸ਼ਕਤੀਸ਼ਾਲੀ ਯੰਤਰ ਫਿਟ ਕਰ ਦਿੱਤਾ ਜਾਂਦਾ ਹੈ। ਜਿਨ੍ਹਾਂ ਬੱਚਿਆਂ ਵਿਚ 70 ਡੈਸੀਬਲ ਤੋਂ ਘੱਟ ਬੋਲਾਪਣ ਹੈ ਉਹ ਇਸ ਯੰਤਰ ਦੀ ਮਦਦ ਨਾਲ ਚੰਗੀ ਤਰ੍ਹਾਂ ਸੁਣ ਸਕਦੇ ਹਨ ਪਰ ਜੇਕਰ 70 ਡੈਸੀਬਲ ਤੋਂ ਵਧੇਰੇ ਬੋਲਾਪਣ ਹੈ ਤਾਂ ਇਹ ਯੰਤਰ ਕੁਝ ਨਹੀਂ ਕਰ ਸਕਦਾ, ਫਿਰ ਇਸ ਦਾ ਇਕੋ-ਇਕ ਇਲਾਜ ਹੈ ਬੱਚੇ ਦੀ ਸਰਜਰੀ, ਜਿਸ ਨੂੰ ਕੋਕਲੀਅਰ ਇੰਪਲਾਂਟ ਕਹਿੰਦੇ ਹਨ। ਇਸ ਪਿੱਛੋਂ ਬੱਚਾ ਸਾਧਾਰਨ ਬੱਚਿਆਂ ਵਾਂਗ ਸੁਣ ਅਤੇ ਬੋਲ ਸਕਦਾ ਹੈ ਬਾਸ਼ਤਰੇ ਬੱਚਾ ਘੱਟ ਉਮਰ ਦਾ ਹੋਵੇ। ਇਸ ਸਰਜਰੀ ਵਿਚ ਕੋਕਲੀਅਰ ਇੰਪਲਾਂਟ ਕਹਾਉਣ ਵਾਲਾ ਇਹ ਛੋਟਾ ਜਿਹਾ ਯੰਤਰ ਕੰਨ ਦੀ ਚਮਣੀ ਦੇ ਪਿੱਛੇ ਲਗਾਇਆ ਜਾਂਦਾ ਹੈ। ਸਰਜਰੀ ਦੇ ਕੁਝ ਹਫਤਿਆਂ ਪਿੱਛੋਂ ਇਕ ਪ੍ਰੋਸੈਸਰ ਲਗਾਇਆ ਜਾਂਦਾ ਹੈ ਅਤੇ ਉਸ ਸਮੇਂ ਤੋਂ ਲੈ ਕੇ ਬੱਚਾ ਹਰ ਤਰ੍ਹਾਂ ਦੀ ਆਵਾਜ਼ ਸੁਣਨੀ ਸ਼ੁਰੂ ਕਰ ਦਿੰਦਾ ਹੈ।

ਬੋਲੇਪਣ ਦੇ ਸ਼ਿਕਾਰ ਬੱਚੇ ਵਿਚ ਛੇਤੀ ਤੋਂ ਛੇਤੀ ਇੰਪਲਾਂਟੇਸ਼ਨ ਹੋਣ ‘ਤੇ ਹੀ ਉਹ ਸਾਧਾਰਨ ਬੱਚਿਆਂ ਵਾਂਗ ਬੋਲਣ ਅਤੇ ਭਾਸ਼ਾ ਦੀ ਸਮੱਰਥਾ ਵਿਕਸਿਤ ਕਰ ਸਕੇਗਾ। ਹਰ ਇੰਪਲਾਂਟੀ ਬੱਚਾ ਬਾਕੀ ਬੱਚਿਆਂ ਨਾਲ ਸਕੂਲ ਜਾ ਸਕਦਾ ਹੈ ਅਤੇ ਫਿਰ ਕਾਲਜ, ਯੂਨੀਵਰਸਿਟੀ ਆਦਿ ਵਿਚ ਵੀ ਉੱਚ ਸਿੱਖਿਆ ਹਾਸਲ ਕਰ ਸਕਦਾ ਹੈ। ਅਜਿਹੇ ਬੱਚੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਹੋ ਕੇ ਵਿਸ਼ਵ ਲਈ ਬਹੁਤ ਕੁਝ ਕਰ ਸਕਦੇ ਹਨ।

ਜਿਹੜੇ ਬਾਲਗਾਂ ਦੀ ਸੁਣਨ ਸ਼ਕਤੀ ਕਿਸੇ ਬਿਮਾਰੀ ਜਾਂ ਦੁਰਘਟਨਾ ਦਾ ਸ਼ਿਕਾਰ ਹੋਈ ਹੈ, ਉਹ ਵੀ ਕੋਕਲੀਅਰ ਇੰਪਲਾਂਟ ਦਾ ਲਾਭ ਲੈ ਸਕਦੇ ਹਨ। ਨੌਂ ਮਹੀਨੇ ਦੇ ਨਵਜਾਤ ਬੱਚੇ ਤੋਂ ਲੈ ਕੇ 73 ਸਾਲ ਦੇ ਬਜ਼ੁਰਗਾਂ ਦੇ ਸਫਲਤਾਪੂਰਵਕ ਕੋਕਲੀਅਰ ਪਲਾਂਟ ਲਗਾਉਣ ਦੀਆਂ ਮਿਸਾਲਾਂ ਮੌਜੂਦ ਹਨ।

ਕੋਕਲੀਅਰ ਪਲਾਂਟ ਦੋ ਹਿੱਸਿਆਂ ਵਿਚ ਹੁੰਦਾ ਹੈ ਪਹਿਲਾ ਅੰਦਰੂਨੀ ਯੰਤਰ ਜੋ ਕੰਨ ਦੇ ਪਿੱਛੇ ਸਰਜਰੀ ਰਾਹੀਂ ਫਿੱਟ ਕੀਤਾ ਜਾਂਦਾ ਹੈ ਅਤੇ ਦੂਜਾ ਬਾਹਰੀ ਯੰਤਰ ਭਾਵ ਪ੍ਰੋਸੈਸਰ ਜੋ ਮਰੀਜ਼ ਅਸਥਾਈ ਤੌਰ ‘ਤੇ ਦਿਨ ਵੇਲੇ ਕੰਨ ਦੇ ਪਿੱਛੇ ਪਹਿਨਦਾ ਹੈ, ਨਿਚੋੜ ਇਹ ਹੈ ਕਿ ਬੱਚੇ ਦੇ ਸਾਧਾਰਨ ਵਿਕਾਸ ਦਾ ਮੂਲ ਮੰਤਰ ਇਹੀ ਹੈ ਕਿ ਉਸਦੀ ਸੁਣਨ ਸਮੱਰਥਾ ਦੇ ਬਾਰੇ ਛੇਤੀ ਤੋਂ ਛੇਤੀ ਪਤਾ ਲਗਾ ਲਓ ਤਾਂ ਕਿ ਜੇਕਰ ਉਸ ਨੂੰ ਇਲਾਜ ਦੀ ਲੋੜ ਪਵੇ ਤਾਂ ਤੁਸੀਂ ਸਹੀ ਸਮੇਂ ‘ਤੇ ਮੁਹੱਈਆਂ ਕਰਵਾ ਸਕੋ।

Loading spinner