ਬਾਲ-ਸਾਹਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ?
ਡਾ. ਹਰਸ਼ਿੰਦਰ ਕੌਰ
ਬਾਲ-ਸਾਹਿਤ ਬਾਰੇ ਕੁੱਝ ਕਹਿਣਾ ਮੇਰੇ ਲਈ ਅੰਗਿਆਰ ਉਤੇ ਤੁਰਨ ਜਿਹਾ ਹੈ, ਕਿਉਂਕਿ ਮੇਰੇ ਹਰ ਲਫ਼ਜ਼ ਦੀ ਤੁਲਨਾ ਮੇਰੇ ਪਾਪਾ ਜੀ ਪ੍ਰੋ. ਪ੍ਰੀਤਮ ਸਿੰਘ ਜੀ ਨਾਲ ਕੀਤੀ ਜਾਵੇਗੀ, ਜਿਨ੍ਹਾਂ ਬਾਲ-ਸਾਹਿਤ ਘੜਨ ਲੱਗਿਆਂ ਇਤਿਹਾਸ ਰਚਿਆ ਸੀ। ਇਸੇ ਹੀ ਤਰ੍ਹਾਂ ਬਾਲ-ਸਾਹਿਤ ਦੇ ਅਨੇਕ ਲੇਖਕ ਤੇ ਬੁੱਧੀਜੀਵੀ ਜਿਨ੍ਹਾਂ ਨੂੰ ਵੱਡੇ ਤੋਂ ਵੱਡੇ ਸਨਮਾਨਾਂ ਨਾਲ ਸਤਿਕਾਰਿਆ ਜਾ ਚੁੱਕਾ ਹੈ, ਵੀ ਸ਼ਾਇਦ ਮੈਨੂੰ ਸਿਖਾਂਦਰੂ ਕਹਿ ਕੇ ਮੇਰੇ ਲੇਖ ਨੂੰ ਪੜ੍ਹੇ-ਸੁਣੇ ਬਗ਼ੈਰ ਨਕਾਰ ਦੇਣ। ਪਰ ਫਿਰ ਵੀ ਮੈਂ ਬਾਲ-ਸਾਹਿਤ ਦੇ ਅਥਾਹ ਸਮੁੰਦਰ ਵਿਚ ਤਾਰੀਆਂ ਲਾਉਂਦੇ ਹਰ ਉਸ ਲੇਖਕ ਤੇ ਬੁੱਧੀਜੀਵੀ ਨੂੰ ਡੂੰਘੇ ਸਮੁੰਦਰ ਅੰਦਰਲੀ ਸੀਪ ਵਿਚਲੇ ਮੋਤੀ ਬਾਰੇ ਜ਼ਰੂਰ ਦੱਸਣਾ ਚਾਹਾਂਗੀ।
ਮੇਰੇ ਕਹਿਣ ਦਾ ਭਾਵ ਇਹ ਹੈ ਕਿ ਬੱਚੇ ਕਿਹੋ ਜਿਹਾ ਸਾਹਿਤ ਮੰਗਦੇ ਹਨ? ਛੇ ਹਫ਼ਤਿਆਂ ਦੇ ਬੱਚੇ ਦਾ ਦਿਮਾਗ਼ ਕਿਹੋ ਜਿਹੀ ਕਹਾਣੀ ਸੁਣਨੀ ਚਾਹੁੰਦਾ ਹੈ? ਨੌਂ ਮਹੀਨੇ ਦੇ ਬੱਚੇ ਨੂੰ ਕਿਹੜੀ ਕਹਾਣੀ ਸੁਆਦਲੀ ਲੱਗਦੀ ਹੈ ਤੇ ਉਸ ਦਾ ਦਿਮਾਗ਼ ਕਿਹੜੇ ਲਫ਼ਜ਼ਾਂ ਨੂੰ ਸੌਖੇ ਤਰੀਕੇ ਨਾਲ ਆਪਣੇ ਅੰਦਰ ਵਸਾ ਸਕਦਾ ਹੈ? ਇਸੇ ਹੀ ਤਰ੍ਹਾਂ ਤਿੰਨ ਵਰ੍ਹਿਆਂ ਦੇ ਬੱਚੇ ਦੇ ਵਿਕਾਸਸ਼ੀਲ ਦਿਮਾਗ਼ ਦੀ ਤੁਲਨਾ ਚੌਦਾਂ ਸਾਲ ਦੇ ਬੱਚੇ ਦੇ ਵਿਕਸਿਤ ਦਿਮਾਗ਼ ਨਾਲ ਕੀਤੀ ਹੀ ਨਹੀਂ ਜਾ ਸਕਦੀ।
ਭਰੂਣ ਵੀ ਕਹਾਣੀ ਸੁਣਨੀ ਪਸੰਦ ਕਰਦੇ ਹਨ, ਪਰ ਇਹ ਕਹਾਣੀ ਮਾਂ ਹੀ ਵਧੀਆ ਘੜ ਸਕਦੀ ਹੈ ਤੇ ਉਹ ਹੀ ਸੁਆਦਲੇ ਢੰਗ ਨਾਲ ਉਸ ਨੂੰ ਸੁਣਾ ਵੀ ਸਕਦੀ ਹੈ। ਇਹ ਪੱਕੀ ਗੱਲ ਹੈ ਕਿ ਭਰੂਣ ਨੂੰ ਭੂਤ-ਪ੍ਰੇਤਾਂ ਦੀਆਂ ਕਹਾਣੀਆਂ ਜਾਂ ਰਾਮ-ਸ਼ਾਮ ਦੀਆਂ ਕਹਾਣੀਆਂ ਬਿਲਕੁਲ ਨਹੀਂ ਭਾਉਂਦੀਆਂ। ਜੇ ਇਸ ਬਾਰੇ ਡੂੰਘਿਆਈ ਨਾਲ ਸੋਚਿਆ ਜਾਵੇ ਤਾਂ ਪਤਾ ਲੱਗੇਗਾ ਕਿ ਪੰਜਾਬੀ ਬਾਲ-ਸਾਹਿਤ ਬਹੁਤ ਪੱਛੜਿਆ ਪਿਆ ਹੈ, ਕਿਉਂਕਿ ਭਰੂਣ ਲਈ ਤਾਂ ਕਿਸੇ ਨੇ ਕਹਾਣੀ ਘੜੀ ਹੀ ਨਹੀਂ ਤੇ ਨਾ ਹੀ ਨਵ-ਜੰਮੇ ਜਾਂ ਦੋ ਮਹੀਨੇ ਦੇ ਬੱਚੇ ਲਈ। ਇਸੇ ਤਰ੍ਹਾਂ ਨੌਂ ਮਹੀਨੇ ਦੇ ਬੱਚੇ ਦੇ ਲਈ ਤੇ ਦੋ ਸਾਲ ਦੇ ਬੱਚੇ ਲਈ ਕਹਾਣੀ ਬਿਲਕੁਲ ਹੀ ਵੱਖਰੀ ਕਿਸਮ ਦੀ ਹੋਣੀ ਚਾਹੀਦੀ ਹੈ।
ਭਰੂਣ ਨਾਲ ਵਾਰਤਾ
ਜਦੋਂ ਮਾਂ ਆਰਾਮ ਕਰਨ ਲਈ ਲੇਟਦੀ ਹੈ ਤਾਂ ਭਰੂਣ ਹਿਲਜੁਲ ਕਰ ਕੇ ਆਪਣਾ ਅਹਿਸਾਸ ਕਰਵਾਉਂਦਾ ਹੈ। ਜੇ ਉਸ ਵਕਤ ਹੱਥ ਰੱਖ ਕੇ ਉਸ ਨੂੰ ਸਹਿਲਾਇਆ ਜਾਏ ਤਾਂ ਉਹ ਜ਼ੋਰ ਜ਼ੋਰ ਦੀ ਹਿਲਦਾ ਹੈ ਕਿ ਮੈਨੂੰ ਤੁਹਾਡਾ ਪਿਆਰ ਭਰਿਆ ਸੁਨੇਹਾ ਮਿਲ ਗਿਆ ਹੈ। ਇਸ ਮੌਕੇ ਸੰਗੀਤ ਦੀਆਂ ਧੁਨਾਂ ਨੂੰ ਬੱਚਾ ਬਹੁਤ ਧਿਆਨ ਨਾਲ ਸੁਣਦਾ ਹੈ। ਮੱਧਮ ਤੇ ਸੁਖਾਵਾਂ ਸੰਗੀਤ ਉਸ ਨੂੰ ਭਾਉਂਦਾ ਹੈ ਤੇ ਉਸ ਦੀ ਮਾਨਸਿਕਤਾ ‘ਤੇ ਵਧੀਆ ਅਸਰ ਪਾਉਂਦਾ ਹੈ। ਇਸ ਵਕਤ ਜੇ ਉਸ ਨੂੰ ਉਸ ਦਾ ਪਿਓ ਮੂੰਹ ਨੇੜੇ ਕਰਕੇ ਕਹਾਣੀ ਸੁਣਾਉਣਾ ਚਾਹੇ ਤਾਂ ਉਹ ਕਾਫ਼ੀ ਖ਼ੁਸ਼ ਹੁੰਦਾ ਹੈ। ਇਹ ਕਹਾਣੀ ਬਹੁਤ ਛੋਟੀ ਤੇ ਇਕ ਇਕ ਅੱਖਰ ਹੌਲੀ ਹੌਲੀ ਪਿਆਰ ਨਾਲ ਬੋਲ ਕੇ ਦੁਹਰਾਉਣੀ ਹੁੰਦੀ ਹੈ। ਇਸ ਵਿਚ ਭਰੂਣ ਦਾ ਫਰਜ਼ੀ ਨਾਂ ਲੈਣਾ ਜ਼ਰੂਰੀ ਹੁੰਦਾ ਹੈ, ਜਿਸ ਨਾਲ ਉਸ ਨੂੰ ਸੰਬੋਧਨ ਕਰਨਾ ਹੋਵੇ। ਜਿਵੇਂ, ”ਸੋਨੂੰ, ਕੀ ਹਾਲ ਹੈ? ਪਾਪਾ ਬੋਲਦੇ ਨੇ। ਅੱਜ ਬਾਜ਼ਾਰ ਗਏ। ਤੇਰੇ ਲਈ ਬੂਟ ਲਏ।” ਦੁਬਾਰਾ ਫਿਰ ਇਹੀ ਦੁਹਰਾਉਣਾ। ਜਦੋਂ ਭਰੂਣ ਜਵਾਬੀ ਹੁੰਗਾਰੇ ਵਿਚ ਘਸੁੰਨ ਮਾਰ ਦੇਵੇ ਤਾਂ ਕਹਾਣੀ ਅੱਗੇ ਤੋਰੀ ਜਾ ਸਕਦੀ ਹੈ,” ਓ ਸੋਨੂੰ, ਬੂਟ ਬਹੁਤ ਸੋਹਣੇ ਨੇ।” ਕੁੱਝ ਵਕਤ ਲੰਘਣ ‘ਤੇ ਫੇਰ ਪੁੱਛਿਆ ਜਾ ਸਕਦਾ ਹੈ, ”ਮੇਰਾ ਸੋਨੂੰ ਇਹ ਬੂਟ ਪਾਏਗਾ?” ਨਾਲ ਨਾਲ ਚੁੰਮਣ ਦੀ ਆਵਾਜ਼ ਕੱਢਣੀ ਤੇ ਉਸ ਨੂੰ ਸਹਿਲਾਉਣਾ ਵੀ ਜ਼ਰੂਰੀ ਹੈ। ਗ਼ੌਰ-ਤਲਬ ਗੱਲ ਇਹ ਹੈ ਕਿ ਦੋ ਸ਼ਬਦ ਹੀ ਵਾਰ ਵਾਰ ਦੁਹਰਾਏ ਗਏ। ‘ਸੋਨੂੰ’ ਤੇ ‘ਬੂਟ’। ਅਗਲੇ ਦਿਨ ਕਿਸੇ ਹੋਰ ਚੀਜ਼, ਜਿਵੇਂ ਕਮੀਜ਼ ਜਾਂ ਸਵੈਟਰ ਦੀ ਗੱਲ ਛੇੜ ਲਈ, ਪਰ ਨਾਂ ‘ਸੋਨੂੰ ਜਾਂ ਕੋਈ ਵੀ ਹੋਰ ਫ਼ਰਜ਼ੀ ਨਾਂ ਉਹੀ ਰਹਿੰਦਾ ਹੈ।
ਨਵੇਂ ਜਨਮੇ ਬੱਚੇ ਨਾਲ ਵਾਰਤਾ
ਹੁਣ ਗੱਲ ਕਰੀਏ ਨਵ-ਜੰਮੇ ਬੱਚੇ ਦੀ। ਉਹ ਆਪਣੀ ਹਰ ਗੱਲ ਅਲੱਗ ਅਲੱਗ ਕਿਸਮ ਦੇ ਰੋਣ ਨਾਲ ਹੀ ਸਮਝਾਉਂਦਾ ਹੈ ਤੇ ਉਸ ਦਾ ਹੁੰਗਾਰਾ ਉਸੇ ਆਵਾਜ ਨੂੰ ਬਿਹਤਰ ਹੁੰਦਾ ਹੈ, ਜਿਹੜਾ ਉਹ ਜਨਮ ਤੋਂ ਪਹਿਲਾਂ ਤੋਂ ਸੁਣ ਰਿਹਾ ਹੁੰਦਾ ਹੈ। ਮਸਲਨ ਹੁਣ ਉਹ ਕਹਾਣੀ ਕੁੱਝ ਇਸ ਤਰ੍ਹਾਂ ਦੀ ਸੁਣਨਾ ਚਾਹੁੰਦਾ ਹੈ, ”ਸੇਨੂੰ, ਆਹ ਮਾਮਾ। ਆਹ ਪਾਪਾ। ਆਹ ਤੇਰੇ ਬੂਟ। ਸੋਨੂੰ ਨੇ ਨਵੇਂ ਬੂਟ ਪਾਏ। ਹੁਣ ਸੋਨੂੰ ਸੋਹਣਾ ਹੋ ਗਿਆ।” ਕਹਾਣੀ ਸੁਣਾਉਣ ਦੇ ਨਾਲ ਆਵਾਜ਼ ਵਿਚ ਪਿਆਰ ਝਲਕਣਾ ਜ਼ਰੂਰੀ ਹੁੰਦਾ ਹੈ। ਇਹ ਦਰਅਸਲ ਜਾਣ-ਪਛਾਣ ਦਾ ਦੌਰ ਹੁੰਦਾ ਹੈ, ਜਿਸ ਵਿਚ ਬੱਚੇ ਦਾ ਦਾਇਰਾ ਆਪਣਿਆਂ ਤਕ ਸੀਮਿਤ ਹੰਦਾ ਹੈ ਤੇ ਉਹ ਕਹਾਣੀ ਵਿਚ ਜਾਣੇ-ਪਛਾਣੇ ਲਫ਼ਜ਼ ਸੁਣ ਕੇ ਰੋਂਦਾ ਹੋਇਆ ਵੀ ਚੁੱਪ ਕਰ ਜਾਂਦਾ ਹੈ।
ਡੇਢ ਮਹੀਨੇ ਦੇ ਬੱਚੇ ਨਾਲ ਵਾਰਤਾ
ਮਾਹਿਰ ਦੱਸਦੇ ਹਨ ਕਿ ਡੇਢ ਮਹੀਨੇ ਦੇ ਬੱਚੇ ਨੂੰ ਕਿਤਾਬ ਵਿੱਚੋਂ ਪੜ੍ਹ ਕੇ ਕਹਾਣੀ ਸੁਣਾਈ ਜਾ ਸਕਦੀ ਹੈ। ਕਿਤਾਬ ਨਾਲ ਬੱਚੇ ਦੀ ਇਹ ਪਹਿਲੀ ਮੁਲਾਕਾਤ ਹੁੰਦੀ ਹੈ। ਬੱਚੇ ਬਹੁਤ ਸਾਰੀਆਂ ਗੱਲਾਂ ਸੁਣਨੀਆਂ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਬਣਦਾ ਹੋਇਆ ਦਿਮਾਗ਼ ਨਵੇਂ ਸ਼ਬਦ ਸਮੇਟਣਾ ਸ਼ੂਰ ਕਰਦਾ ਹੈ ਤਾਂ ਜੋ ਅੱਗੇ ਜਾ ਕੇ ਇਨ੍ਹਾਂ ਸ਼ਬਦਾਂ ਨਾਲ ਦੇਖੀ ਹੋਈ ਚੀਜ਼ ਦੀ ਸਾਂਝ ਬਣਾ ਸਕੇ। ਦਰਅਸਲ ਸ਼ਬਦਾਂ ਦਾ ਤਾਂ ਬੱਚੇ ਨੂੰ ਮਤਲਬ ਪਤਾ ਹੀ ਨਹੀਂ ਹੁੰਦਾ। ਉਹ ਤਾਂ ਸਿਰਫ਼ ਮਾਂ ਜਾਂ ਪਿਓ ਦੇ ਪਿਆਰ ਨਾਲ ਬੋਲਣ ਦੇ ਅੰਦਾਜ਼ ‘ਤੇ ਹੀ ਫ਼ਿਦਾ ਹੋ ਜਾਂਦਾ ਹੈ ਤੇ ਸਦੀਵੀ ਸਾਂਝ ਗੰਢ ਲੈਂਦਾ ਹੈ।
ਤਿੰਨ ਮਹੀਨੇ ਦੇ ਬੱਚੇ ਨਾਲ ਵਾਰਤਾ
ਤਿੰਨ ਮਹੀਨੇ ਦਾ ਬੱਚਾ ਤਾਂ ਮਾਂ ਜਾਂ ਪਿਓ ਦੀ ਆਵਾਜ਼ ਸੁਣ ਕੇ ਉਧਰ ਮੂੰਹ ਵੀ ਘੁਮਾਉਂਦਾ ਹੈ ਤੇ ਹਲਕੀ ਮੁਸਕਰਾਹਟ ਵੀ ਬਿਖੇਰਦਾ ਹੈ। ਇਸ ਉਮਰ ‘ਤੇ ਉਹ ਕਹਾਣੀ ਦਾ ਹੁੰਗਾਰਾ ਵੀ ਆਪਣੀ ਪਿਆਰੀ ‘ਊ ਊ’ ਨਾਲ ਕਰਦਾ ਹੈ। ਇਸ ਉਮਰ ਦੀ ਕਹਾਣੀ ਕੁੱਝ ਇਸ ਤਰ੍ਹਾਂ ਦੀ ਹੋ ਸਕਦੀ ਹੈ, ”ਇਕ ਮਗਰਮੱਛ ਸੀ। ਇਕ ਬਾਂਦਰ ਤੋਂ ਉਸ ਨੇ ਜ਼ਾਮਨ ਮੰਗੇ। ਮਗਰਮੱਛ ਜਾਮੁਨ ਖਾ ਕੇ ਘੁੰਮਣ ਚਲਾ ਗਿਆ।” ਇਸ ਕਹਾਣੀ ਵਿਚ ਮਾਂ ਵੱਲੋ ਅੱਖਾਂ ਘੁਮਾਉਣੀਆਂ, ਮੂੰਹ ਵੱਡਾ ਛੋਟਾ ਜਾਂ ਗੋਲ ਖੋਲ੍ਹਣਾ ਤੇ ਰੱਜ ਕੇ ਮੁਸਕਰਾਉਣਾ ਜ਼ਰੂਰੀ ਹੈ, ਕਿਉਂਕਿ ਬੱਚੇ ਨੂੰ ਮਗਰਮੱਛ ਜਾਂ ਬਾਂਦਰ ਦੀ ਉ ਸਮਝ ਨਹੀਂ ਹੁੰਦੀ। ਇਸ ਉਮਰ ਵਿਚ ਜੇ ਬੱਚਾ ਹੀ ਕਹਾਣੀ ਸੁਣਨਾ ਚਾਹੇ ਤਾਂ ਆਪਣੀ ‘ਊ ਊ’ ਕਰਕੇ ਬੁਲਾਉਂਦਾ ਹੈ। ਜੇ ਤਾਂ ਮਾਪੇ ਟੀ.ਵੀ. ਜਾਂ ਅਖ਼ਬਾਰ ਵਿਚ ਮਗਨ ਹਨ ਤੇ ਉਸਦੀ ‘ਊ ਊ’ ਨਹੀਂ ਸੁਣਦੇ ਤਾਂ ਬੱਚਾ ਆਪੇ ਹੀ ਚੁੱਪ ਹੋ ਜਾਂਦਾ ਹੈ ਜਾਂ ਰੋਣਾ ਸ਼ੁਰੂ ਕਰ ਦਿੰਦਾ ਹੈ। ਕਈ ਵਾਰ ਬੱਚਾ ਆਪਣੀ ਸਾਂਝ ਹੀ ਮਾਪਿਆਂ ਨਾਲ ਘਟਾ ਦਿੰਦਾ ਹੈ। ਜੇ ਮਾਪੇ ‘ਊ ਊ’ ਦਾ ਜਵਾਬੀ ਹੁੰਗਾਰਾ ‘ਊ ਊ’ ਜਾਂ ‘ਤੂ ਰੂ’ ਆਦਿ ਕਹਿ ਕੇ ਹੀ ਸਾਰ ਦੇਣ ਤਾਂ ਬੱਚਾ ਸਮਝ ਲੈਂਦਾ ਹੈ ਕਿ ਮਾਪੇ ਵੀ ਮੇਰੇ ਵਾਂਗ ਗੁੰਗੇ ਹੀ ਹਨ, ਅੱਗੋਂ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ। ਜੇ ਮਾਪੇ ਇਹ ਸੁਨੇਹਾ ਸਮਝ ਕੇ ਕਹਾਣੀ ਸੁਣਾਉਣ ਲੱਗ ਪੈਣ ਤਾਂ ਬੱਚਾ ਜ਼ਿਆਦਾ ਵਾਰ ਜ਼ਿਆਦਾ ਸ਼ਬਦ ਸੁਣਨ ਨਾਲ ਲਾਇਕ ਬਣਨਾ ਸ਼ੁਰੂ ਹੋ ਜਾਂਦਾ ਹੈ।
ਚਾਰ ਤੋਂ ਛੇ-ਮਹੀਨੇ ਦੇ ਬੱਚੇ ਨਾਲ ਵਾਰਤਾ
ਚਾਰ ਤੋਂ ਛੇ ਮਹੀਨੇ ਦੇ ਬੱਚੇ ਦੀ ਕਹਾਣੀ ਵਿਚ ਆਵਾਜਾਂ ਹੋਣੀਆਂ ਬਹੁਤ ਜ਼ਰੂਰੀ ਹਨ ਤੇ ਇਸ਼ਾਰੇ ਵੀ, ਕਿਉਂਕਿ ਬੱਚਾ ‘ਬਾ,’ ‘ਮਾਂ’ ਅੱਖਰ ਆਪ ਵੀ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਇਸੇ ਲਈ ਕਹਾਣੀ ਵਿਚਲੇ ਬਹੁਤੇ ਅੱਖਰ ਇਨ੍ਹਾਂ ਅੱਖਰਾਂ ਤੋਂ ਸ਼ੁਰੂ ਹੋਣੇ ਚਾਹੀਦੇ ਹਨ। ਕਹਾਣੀ ਕੁੱਝ ਇਸ ਤਰ੍ਹਾਂ ਹੋ ਸਕਦੀ ਹੈ, ‘ਬਿੱਲੀ ਬੋਲੀ ਮਿਆਊਂ। ਮੰਮੀ ਵੀ ਬੋਲੀ ਮਿਆਊਂ। ਬਕਰੀ ਬੋਲੀ ਮੇਂ ਮੇਂ।” ਗਾਣਾ ਸੁਣਨ ਨੂੰ ਵੀ ਬੱਚਾ ਤਰਜੀਹ ਦਿੰਦਾ ਹੈ ਤੇ ਮਾਂ ਵੱਲੋਂ ਸੁਣਾਇਆ ਗਾਣਾ ਜਾਂ ਲੋਰੀ ਵੀ ਖ਼ੁਸ਼ ਹੋ ਕੇ ਸੁਣਦਾ ਹੈ ਤੇ ਗਾਣੇ ਵਿਚ ਹੀ ਆਪਣੀ ‘ਕੂ ਕੂ’ ਨਾਲ ਰਸ ਭਰ ਦਿੰਦਾ ਹੈ।
ਸੱਤ ਮਹੀਨੇ ਤੋਂ ਇਕ ਸਾਲ ਦੇ ਬੱਚੇ ਨਾਲ ਵਾਰਤਾ
ਸੱਤ ਮਹੀਨੇ ਤੋਂ ਇਕ ਸਾਲ ਦਾ ਬੱਚਾ ਆਪਣਾ ਨਾਂ ਪਛਾਣਦਾ ਹੈ ਤੇ ਆਮ ਚੀਜ਼ਾਂ ਜਿਵੇਂ ਕੱਪ, ਗਲਾਸ, ਪਾਣੀ ਆਦਿ ਵੀ ਪਛਾਣਨ ਲੱਗ ਪੈਂਦਾ ਹੈ। ਉਹ ‘ਆ ਜਾ,’ ‘ਟਾ ਟਾ’ ਤੇ ‘ਨਾਂ ਜਾਂ ‘ਹਾਂ’ ਵਾਚਕ ਅੱਖਰ ਤੇ ਉਨ੍ਹਾਂ ਸ਼ਬਦਾਂ ਦੇ ਮਤਲਬ ਵੀ ਸਮਝਣ ਲੱਗ ਪੈਦਾ ਹੈ। ਬੱਚਾ ਮਾਪਿਆਂ ਵੱਲੋ ਕੱਢੀਆਂ ਆਵਾਜ਼ਾਂ ਦੁਹਰਾਉਂਦਾ ਵੀ ਹੈ। ਇਹ ਭਾਸ਼ਾ-ਵਿਗਿਆਨੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਬੱਚਾ ਛੇ ਮਹੀਨਿਆਂ ਦੀ ਉਮਰ ਤੋਂ ਹੀ ਆਪਣੀ ਮਾਂ-ਬੋਲੀ ਦੀਆਂ ਧੁਨੀਆਂ ਨੂੰ ਬੋਲਣ ਦਾ ਤਰੀਕਾ ਮਾਂ ਦੇ ਹਿਲਦੇ ਬੁੱਲ੍ਹਾਂ ਨਾਲ ਜੋੜ ਕੇ ਸਿੱਖ ਲੈਂਦਾ ਹੈ ਕਿ ‘ਆ’ ਲਫ਼ਜ਼ ਲਈ ਕਿਵੇਂ ਦਾ ਮੂੰਹ ਖੋਲ੍ਹਣਾ ਹੈ ਤੇ ‘ਈ’ ਲਫ਼ਜ਼ ਲਈ ਕਿਵੇਂ ਦਾ। ਇਸੇ ਲਈ ਉਹ ਆਪਣਾ ਜਬਾੜਾ, ਬੁੱਲ੍ਹ ਤੇ ਜੀਭ ਨੂੰ ਅਲੱਗ ਅਲੱਗ ਤਰੀਕੇ ਨਾਲ ਤਾਲਮੇਲ ਕਰ ਕੇ ਵੱਖਰੀਆਂ ਵੱਖਰੀਆਂ ਆਵਾਜ਼ਾਂ ਕੱਢਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਸ ਤਰ੍ਹਾਂ ਦੇ ਤਾਲਮੇਲ ਨਾਲ ਕਿਹੜੀ ਤਰ੍ਹਾਂ ਦੀ ਆਵਾਜ਼ ਨਿਕਲੇਗੀ। ਨੌਂ ਕੁ ਮਹੀਨਿਆਂ ਦਾ ਬੱਚਾ ਤਾਂ ‘ਬਲਾ, ਵਲਾ, ਊ, ਬਾ, ਕੀ’ ਆਦਿ ਊਟ- ਪਟਾਂਗ ਆਵਾਜ਼ਾਂ ਕੱਢ ਕੇ ਆਪਣੀ ਪੂਰੀ ਗੱਲ ਸਮਝਾ ਵੀ ਦਿੰਦਾ ਹੈ।
ਸੱਤ ਮਹੀਨਿਆਂ ਤੋਂ ਇਕ ਸਾਲ ਦਾ ਬੱਚਾ ਕੁੱਝ ਅਜਿਹੀ ਕਹਾਣੀ ਵਿਚ ਜ਼ਿਆਦਾ ਧਿਆਨ ਦਿੰਦਾ ਹੈ, ਜਿਸ ਵਿਚ ਜਾਣੀਆਂ-ਪਛਾਣੀਆਂ ਚੀਜ਼ਾਂ ਹੋਣ ਤੇ ਆਵਾਜ਼ਾਂ ਦੀ ਖੁੱਲੀ ਵਰਤੋਂ ਕੀਤੀ ਗਈ ਹੋਵੇ। ਇਹ ਜ਼ਰੂਰੀ ਹੈ ਕਿ ਕਹਾਣੀ ਵਿਚਲੀਆਂ ਚੀਜ਼ਾਂ ਨਾਲ ਬੱਚੇ ਦੀ ਜਾਣ-ਪਛਾਣ ਨਾਲ ਦੀ ਨਾਲ ਹੀ ਕੀਤੀ ਜਾਵੇ। ਜਿਵੇਂ ”ਇਕ ਚਿੜੀ ਸੀ, ਔਹ ਵੇਖ ਚਿੜੀ ਬੈਠੀ ਹੈ। ਚਿੜੀ ਕਹਿੰਦੀ ਚੀਂ ਚੀਂ, ਅੱਜ ਮੈਂ ਸੋਨੂੰ ਦੇ ਗਲਾਸ ਵਿੱਚੋਂ ਦੁੱਧ ਪੀ ਲੈਣੈ। ਉਹ ਵੇਖ ਬਿੱਲੀ ਆਈ, ਐਹ ਬਿੱਲੀ ਕਹਿੰਦੀ, ਮਿਆਊਂ ਮਿਆਊਂ, ਮੈਂ ਪੀਵਾਂਗੀ, ਸੋਨੂੰ ਦੇ ਗਲਾਸ ਵਿੱਚੋਂ ਦੁਧੂ। ਫੇਰ ਕੁੱਤਾ ਆ ਗਿਆ। ਓਹ ਰਿਹਾ, ਵਾਊ ਵਾਊ ਕਰਦਾ। ਕੁੱਤਾ ਕਹਿੰਦਾ, ਵਾਊ ਵਾਊ ਮੈਂ ਪੀਵਾਂਗਾ ਸੋਨੂੰ ਦਾ ਦੁੱਧ। ਸੋਨੂੰ ਸਭ ਤੋਂ ਤਗੜਾ ਸੀ। ਸੋਨੂੰ ਨੇ ਫਟਾਫਟ ਗਲਾਸ ਵਿੱਚੋਂ ਦੁੱਧ ਪੀ ਲਿਆ। ਚਿੜੀ ਚੀਂ ਚੀਂ ਕਰ ਕੇ ਉੱਡ ਗਈ। ਕੁੱਤਾ ਵਾਊ ਵਾਊ ਕਰਦਾ ਭੱਜ ਗਿਆ। ਬਿੱਲੀ ਵੀ ਮਿਆਊਂ ਮਿਆਊਂ ਕਰਦੀ ਭੱਜ ਗਈ।”
ਅਜਿਹੀ ਕਹਾਣੀ ਵਿਚ ਬੱਚਾ ਆਪਣੇ ਆਪ ਨੂੰ ਸ਼ਾਮਿਲ ਸਮਝਦਾ ਹੈ ਤੇ ਆਵਾਜਾਂ ਬੋਲਣ ਦੀ ਕੋਸ਼ਿਸ਼ ਵੀ ਕਰਦਾ ਹੈ। ਕਹਾਣੀ ਸਰਲ ਬੋਲੀ ਤੇ ਮਾਂ-ਬੋਲੀ ਵਿਚ ਹੀ ਹੋਣੀ ਚਾਹੀਦੀ ਹੈ ਤਾਂ ਜੋ ਬੱਚੇ ਦੇ ਸਾਫ਼ ਸਲੇਟ ਵਰਗੇ ਦਿਮਾਗ਼ ਦੇ ਕੰਪਿਊਟਰ ਵਿਚ ਠੀਕ ਚੀਜ਼ਾਂ ਭਰੀਆਂ ਜਾ ਸਕਣ। ਇਸ ਤਰ੍ਹਾਂ ਉਹ ਨਵੇਂ ਅੱਖਰ ਛੇਤੀ ਸਿੱਖਦਾ ਹੈ। ਇਸ ਉਮਰ ਦੀ ਕਹਾਣੀ ਵਿਚ ਰੰਗ ਦੀ ਵਰਤੋਂ ਵੀ ਕੀਤੀ ਜਾਣੀ ਚਾਹੀਦੀ ਹੈ। ਜਿਵੇਂ, ”ਸੋਨੂੰ ਦੀ ਲਾਲ ਪੈਂਟ ਤੇ ਪੀਲਾ ਫੁੱਲ ਐ। ਨੀਟੂ ਕਹਿੰਦੀ ਐ ਮੈਂ ਇਹ ਫੁੱਲ ਲੈਣੈ। ਇਸ ਫੁੱਲ ਨਾਲ ਹਰੇ ਪੱਤੇ ਨੇ”, ਆਦਿ। ਕਹਾਣੀਆਂ ਵਿਚ ਗਿਣਤੀ ਵੀ ਸ਼ਾਮਿਲ ਕਰ ਲੈਣੀ ਚਾਹੀਦੀ ਹੈ। ਜਿਵੇਂ ਆਪਣੀ ਇਕ ਉਂਗਲ ਚੁੱਕ ਕੇ ਵਿਖਾਓ ਤੇ ਕਹੋ, ”ਸੋਨੂੰ ਐਹ ਇਕ ਗੇਂਦ।” ਇਸ ਦੇ ਨਾਲ ਹੀ ਗੇਂਦ ਨੂੰ ਚੁੱਕ ਕੇ ਵਿਖਾ ਵੀ ਦਿਓ। ਫੇਰ ਦੂਜੀ ਉਂਗਲ ਚੱਕ ਕੇ ‘ਦੋ’ ਬੋਲੋ, ਆਦਿ। ਇਸ ਉਮਰ ਤੋਂ ਹੀ ਬੱਚੇ ਦੇ ‘ਊ, ਊ’ ਦਾ ਜਵਾਬੀ ਹੁੰਗਾਰਾ ਇਸ ਤਰ੍ਹਾਂ ਹੋਣਾ ਜ਼ਰੂਰੀ ਹੈ, ”ਅੱਛਾ ਫੇਰ ਕੀ ਹੋਇਆ? ਹੋਰ ਸੁਣਾ? ਆ ਹਾ। ਸੱਚੀਂ? ਸੋਨੂੰ ਐਨਾ ਕੁੱਝ ਸੁਣਾ ਰਿਹਾ।” ਇਸ ਨਾਲ ਬੱਚੇ ਨੂੰ ਹੋਰ ਬੋਲਣ ਦਾ ਉਤਸ਼ਾਹ ਮਿਲਦਾ ਹੈ ਕਿ ਸ਼ਾਇਦ ਉਹ ਵੀ ਕਹਾਣੀ ਸੁਣਾ ਸਕਦਾ ਹੈ। ਇਸ ਤਰ੍ਹਾਂ ਕਈ ਵਾਰ ਬੱਚਾ ਆਪਣੀ ਭੁੱਖ ਵੀ ਭੁੱਲ ਕੇ ਘੰਟਿਆਂ ਬੱਧੀ ‘ਊ ਆ’ ਕਰਦਾ ਰਹਿੰਦਾ ਹੈ।
ਇਸੇ ਉਮਰ ਦੇ ਬੱਚੇ ਨਾਲ ਕਹਾਣੀ ਸੁਣਾਉਂਦਿਆਂ ਹੋਇਆਂ ਤਾੜੀ ਮਾਰਨੀ, ਲੁਕਾ ਭਿਤੀ ਕਰਨੀ ਜਾਂ ਹੱਟ ਮੱਖੀ ਦੌੜ ਜਾ ਮੇਰਾ ਸੋਨੂੰ ਕਹਾਣੀ ਸੁਣਾ ਰਿਹਾ ਹੈ, ਆਦਿ ਕਹਿਣਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਕਹਾਣੀ ਸੁਣਾਉਂਦਿਆਂ ਸੁਣਾਉਂਦਿਆਂ ਹੀ ਬੱਚੇ ਨੂੰ ਏਨੇ ਢੇਰ ਸਾਰੇ ਲਫ਼ਜ਼ ਮਿਲ ਜਾਂਦੇ ਹਨ ਕਿ ਉਹ ਲਗਭਗ ਆਪਣੀ ਮਾਂ-ਬੋਲੀ ਦੇ ਹਰ ਪਹਿਲੂ ਤੋਂ ਵਾਕਫ਼ ਹੋਣ ਲੱਗ ਪੈਂਦਾ ਹੈ ਤੇ ਇਹ ਸਭ ਉਸ ਦੇ ਅਚੇਤ ਦਿਮਾਗ਼ ਵਿਚ ਕਦੋਂ ਸਦੀਵੀ ਛਾਪ ਛੱਡ ਦਿੰਦੇ ਹਨ, ਪਤਾ ਹੀ ਨਹੀਂ ਲੱਗਦਾ।
ਇਕ ਤੋਂ ਦੋ-ਸਾਲ ਦੇ ਬੱਚੇ ਨਾਲ ਵਾਰਤਾ
ਇਕ ਤੋਂ ਦੋ ਸਾਲ ਦਾ ਬੱਚਾ ਨਿੱਕੇ ਨਿੱਕੇ ਚਾਰ ਜਾਂ ਪੰਜ ਅੱਖਰਾਂ ਦੇ ਸੌਖੇ ਗੀਤ ਸਿੱਖਣਾ ਤੇ ਸੁਣਨਾ ਚਾਹੁੰਦਾ ਹੈ, ਜਿਵੇਂ ”ਮੋਟਾ ਸੇਠ, ਸੜਕ ਪਰ ਲੇਟ, ਆ ਗਈ ਮੋਟਰ, ਦਬ ਗਿਆ ਪੇਟ,” ਆਦਿ। ਇਸ ਉਮਰ ਦੀਆਂ ਕਹਾਣੀਆਂ ਛੋਟੀਆਂ, ਪਰ ਸੌਖੇ ਲਫ਼ਜ਼ਾਂ ਨਾਲ ਭਰਪੂਰ ਹੋਣੀਆਂ ਚਾਹੀਦੀਆਂ ਹਨ। ਵੱਡੇ ਅੱਖਰ ਜਿਵੇਂ ਉਨੀਂਦਰਾ ਉੱਦਮ, ਵਧੀਕੀਆਂ ਆਦਿ ਨਾਲ ਬੱਚੇ ਦਾ ਧਿਆਨ ਕਹਾਣੀ ਵੱਲੋਂ ਟੁੱਟਣ ਲੱਗ ਪੈਂਦਾ ਹੈ, ਕਿਉਂਕਿ ਉਸ ਦਾ ਦਿਮਾਗ਼ ਉਸ ਨਵੇਂ ਲਫ਼ਜ਼ ਦੀ ਕੋਡਿੰਗ, ਅਨ-ਕੋਡਿੰਗ ਵਿਚ ਹੀ ਰੁੱਝਿਆ ਰਹਿ ਜਾਂਦਾ ਹੈ। ਕਹਾਣੀ ਵਿਚ ਹੋਰ ਅਪਣੱਤ ਭਰਨ ਲਈ ਅਤੇ ਬੱਚੇ ਦਾ ਰੁਝਾਨ ਵਧਾਉਣ ਲਈ ਕਹਾਣੀ ਵਿਚ ਰਲਵੇਂ-ਮਿਲਵੇਂ ਲਫ਼ਜ਼ ਭਰਨੇ ਚਾਹੀਦੇ ਹਨ, ਜਿਨ੍ਹਾਂ ਦਾ ਕੋਈ ਮਤਲਬ ਨਿਕਲਦਾ ਹੋਵੇ ਜਾਂ ਨਾ ਯਾਨੀ ਊਲ-ਜਲੂਲ ਅੱਖਰ ਜਿਵੇਂ ਸੋਨੂੰ ਦਾ ਮੋਨੂੰ, ਨਿੱਕੂ ਦਾ ਮਿੱਕੂ ਜਾਂ ਉਹ ਡੱਡੂ ਤਾਂ ਬਿਲਕੁਲ ਟੱਪੂ ਦਾ ਪੱਪੂ ਈ ਐ, ਆਦਿ।
ਅਜਿਹੀ ਕਹਾਣੀ ਸੁਣਦੇ ਹੋਏ ਬੱਚੇ ਦਾ ਪੂਰਾ ਧਿਆਨ, ਉਸ ਦੀ ਮੁਸਕਰਾਹਟ ਤੇ ਵਿਚ-ਵਿਚ ਖਿੜਖਿੜਾ ਕੇ ਹੱਸਣਾ ਇਹ ਸਾਬਤ ਕਰ ਦਿੰਦਾ ਹੈ ਕਿ ਅਜਿਹੀ ਕਹਾਣੀ ਉਹ ਸੁਣਨਾ ਚਾਹੁੰਦਾ ਹੈ। ਆਪਣੇ ਹਮ-ਉਮਰ ਬੱਚਿਆਂ ਨਾਲ ਤੇ ਜਾਨਵਰਾਂ ਨਾਲ ਤਾਂ ਏਨਾ ਲਗਾਅ ਹੁੰਦਾ ਹੈ ਇਸ ਉਮਰ ਦੇ ਬੱਚੇ ਜਾਨਵਰਾਂ ਦੀਆਂ ਕਹਾਣੀਆਂ ਸੁਣਨਾ ਜਾਂ ਕਾਰਟੂਨ ਚੈਨਲ ਵੇਖਣਾ ਵੀ ਪਸੰਦ ਕਰਦੇ ਹਨ। ਕਹਾਣੀ ਵਿਚ ਛੋਟੇ ਤੇ ਅੱਛੇ ਜਾਨਵਰ ਦੀ ਵੱਡੇ ਤੇ ਖ਼ੂੰਖਾਰ ਜਾਨਵਰ ਉੱਤੇ ਜਿੱਤ ਹੀ ਦਰਸਾਉਣੀ ਚਾਹੀਦੀ ਹੈ, ਜਿਵੇਂ ਨਿੱਕੇ ਚੂਹੇ ਨੇ ਕਿਵੇਂ ਵੱਡੀ ਤੇ ਖ਼ੂੰਖਾਰ ਬਿੱਲੀ ਤੋਂ ਬਚ ਕੇ ਉਸ ਨੂੰ ਸਬਕ ਸਿਖਾ ਦਿੱਤਾ। ਆਪਣੇ ਸਰੀਰ ਦੇ ਅੰਗਾਂ ਬਾਰੇ ਵੀ ਬੱਚੇ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਕਹਾਣੀ ਵਿਚਲੇ ਪਾਤਰ ਦੇ ਅੰਗਾਂ ਬਾਰੇ ਬੋਲ ਕੇ ਨਾਲ ਦੀ ਨਾਲ ਬੱਚੇ ਦੇ ਅੰਗ ਵੀ ਟੋਹ ਕੇ ਉਸ ਨੂੰ ਦੱਸ ਦੇਣੇ ਚਾਹੀਦੇ ਹਨ। ਜਿਵੇਂ ਚੂਹੇ ਨੇ ਬਾਂਹ ਚੁੱਕ ਕੇ ਆਪਣੇ ਡੌਲੇ ਵਿਖਾਏ, ਆਹ ਵੇਖ ਤੇਰੀ ਬਾਂਹ। ਇਸ ਤਰ੍ਹਾਂ ਬੋਲਣ ਦੇ ਨਾਲ ਬੱਚੇ ਦੀ ਬਾਂਹ ਚੁੱਕ ਕੇ ਉਸ ਦੇ ਡੌਲੇ ਟੋਹ ਕੇ ਵੀ ਵਿਖਾ ਦਿਓ।
ਇਸ ਉਮਰ ਦੀਆਂ ਕਵਿਤਾਵਾਂ ਜਾਂ ਗਾਣੇ ਵੀ ਲੈਅ ਵਾਲੇ ਹੋਣੇ ਚਾਹੀਦੇ ਹਨ, ਜਿਸ ਨਾਲ ਬੱਚਾ ਕੁੱਝ ਲੱਤ ਪੈਰ ਹਿਲਾ ਵੀ ਸਕੇ। ਜੇ ਕਿਤੇ ਜੰਮਣ ਤੋਂ ਪਹਿਲਾਂ ਵਾਲਾ ਮਧੁਰ ਸੰਗੀਤ ਲਾ ਦਿੱਤਾ ਜਾਵੇ ਤਾਂ ਬੱਚਾ ਮਸਤ ਹੁੰਦਾ ਵੇਖਿਆ ਜਾ ਸਕਦਾ ਹੈ। ਇੱਥੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਾਮ ਭੜਕਾਊ ਗਾਣੇ ਇਸ ਉਮਰ ਵਿਚ ਸੁਣਨ ਨਾਲ ਬੱਚੇ ਦੀ ਮਾਨਸਿਕਤਾ ਹਮੇਸ਼ਾ ਲਈ ਬੀਮਾਰ ਹੋ ਸਕਦੀ ਹੈ। ਕਿਤਾਬ ਵਿੱਚੋਂ ਕਹਾਣੀ ਵਿਚਲੀ ਫ਼ੋਟੋ ਵਿਖਾ ਕੇ ਕਹਾਣੀ ਸੁਣਾਈ ਜਾਏ ਤਾਂ ਕਹਾਣੀ ਵਿਚ ਬੱਚੇ ਦਾ ਰੁਝਾਨ ਹੋਰ ਵੀ ਵੱਧ ਜਾਂਦਾ ਹੈ। ਦੂਜੀ ਵਾਰ ਕਹਾਣੀ ਸੁਣਾਉਣ ਲੱਗਿਆਂ ਬੱਚੇ ਤੋਂ ਤਸਵੀਰ ਉੱਤੇ ਉਂਗਲ ਲਗਵਾਉਣੀ ਚਾਹੀਦੀ ਹੈ। ਫ਼ਰਜ਼ ਕਰੋ ਜੇ ਤਸਵੀਰ ਘੋੜੇ ਦੀ ਹੈ ਤਾਂ ਬੱਚਾ ਘੋੜੇ ਦੀ ਤਸਵੀਰ ਨਾਲ ਘੋੜਾ ਸ਼ਬਦ ਵੀ ਜੋੜ ਲਵੇਗਾ ਤੇ ਨਾਲ ਦੀ ਨਾਲ ਘੋੜੇ ਦੀ ਆਵਾਜ਼ ਵੀ ਸਮਝ ਲਵੇਗਾ। ਇਹ ਉਸ ਦੇ ਵਧਦੇ ਦਿਮਾਗ਼ ਲਈ ਜ਼ਰੂਰੀ ਹੈ। ਇਸ ਨਾਲ ਬੱਚੇ ਦੀ ਯਾਦਦਾਸ਼ਤ ਵੀ ਵਧਦੀ ਹੈ।
ਨਹਾਉਣ ਦਾ ਵਕਤ ਤਾਂ ਇਸ ਉਮਰ ਵਿਚ ਆਵਾਜ਼ਾਂ ਭਰਪੂਰ ਹੋਣਾ ਚਾਹੀਦਾ ਹੈ। ਬੱਚੇ ਨੂੰ ਪਾਣੀ ਦੀ ਆਵਾਜ਼, ਬੁਲਬੁਲੇ ਕੱਢਣ ਦੀ ਆਵਾਜ਼, ਘੜੀ ਦੀ ਟਿਕ ਟਿਕ, ਇੰਜਣ, ਹਵਾਈ ਜਹਾਜ਼ ਤੇ ਵੱਖਰੇ ਵੱਖਰੇ ਜਾਨਵਰਾਂ ਦੀਆਂ ਆਵਾਜ਼ਾ, ਪੀੜ੍ਹੀ ਘੜੀਸਣ ਦੀ ਆਵਾਜ਼, ਕੱਪ ਡਿੱਗਣ ਦੀ ਆਵਾਜ਼ ਆਦਿ ਨਾਲ ਵਾਕਫ਼ੀਅਤ ਜ਼ਰੂਰੀ ਹੈ। ਇਸ ਤਰ੍ਹਾਂ ਨਰਸਰੀ ਵਿਚ ਜਦੋਂ ਆਵਾਜ਼ਾਂ ਸਿਖਾਈਆਂ ਜਾਂਦੀਆਂ ਹਨ ਤਾਂ ਬੱਚਾ ਸਕਿੰਟਾਂ ਵਿਚ ਹੀ ਦਿਮਾਗ਼ ਵਿੱਚੋ ਅਨ-ਕੋਡਿੰਗ ਕਰ ਕੇ ਸਿੱਖ ਲੈਂਦਾ ਹੈ। ਬੱਚੇ ਦੇ ਇਕ ਲਫ਼ਜ਼ ਤੋਂ ਅੱਗੇ ਕਹਾਣੀ ਘੜ ਲਈਦੀ ਹੈ। ਜਿਵੇਂ ਬੱਚੇ ਨੇ ਲਫ਼ਜ਼ ਬੋਲਿਆ, ਕਾਰ। ਤਾਂ ਅੱਗੇ ਮਾਂ ਨੂੰ ਚਾਹੀਦਾ ਹੈ ਕਹੇ, ਕਾਰ ਚੱਲੀ, ਸੋਨੂੰ ਨੂੰ ਲੈ ਕੇ ਦੂਰ ਜੰਗਲ ਵਿਚ ਗਈ, ਉੱਥੇ ਸੋਨੂੰ ਨੇ ਹਾਥੀ ਵੇਖਿਆ। ਹਾਥੀ ਨੇ ਜ਼ੋਰ ਦੀ ਚਿੰਘਾੜ ਕੇ ਸੋਨੂੰ ਨੂੰ ਸਤਿ ਸ੍ਰੀ ਅਕਾਲ ਕਹੀ। ਹਾਥੀ ਕਿਵੇਂ ਚਿੰਘਾੜਿਆ- ‘ਵੌ ਓ’।
ਦੋ ਤੋਂ ਤਿੰਨ ਸਾਲ ਦੇ ਬੱਚੇ ਨਾਲ ਵਾਰਤਾ
ਦੋ ਤੋਂ ਤਿੰਨ ਸਾਲ ਦੇ ਬੱਚੇ ਦੀ ਸਮਝ ਕੁੱਝ ਜ਼ਿਆਦਾ ਹੋ ਜਾਂਦੀ ਹੈ। ਉਹ ਦਰਵਾਜ਼ੇ ਦੀ ਘੰਟੀ, ਟੈਲੀਫ਼ੋਨ ਦੀ ਘੰਟੀ, ਉੱਪਰ ਜਾਣਾ, ਥੱਲੇ ਉਤਰਨਾ, ਬਾਰੇ ਪੂਰੀ ਤਰ੍ਹਾਂ ਸਮਝ ਲੈਂਦਾ ਹੈ। ਗੱਲ ਬਾਤ ਵਿਚ ਵੀ ਕਿਰਿਆ ਬਾਰੇ ਸਮਝਣ ਲੱਗ ਪੈਂਦਾ ਹੈ, ਜਿਵੇਂ ”ਗੇਂਦ ਲਿਆ ਕੇ ਮੇਰੇ ਵੱਲ ਸੁੱਟ।” ਟੈਲੀਵੀਜ਼ਨ ਨਾ ਵੇਖਦੇ ਹੋਏ ਵੀ ਉਹ ਦੂਜੇ ਕਮਰੇ ਵਿੱਚੋਂ ਹੀ ਆਵਾਜ਼ ਸੁਣ ਕੇ ਇਸ਼ਤਿਹਾਰ ਬਾਰੇ ਦੱਸ ਸਕਦਾ ਹੈ। ਚੀਜ਼ਾਂ ਦਾ ਨਾਂ ਲੈ ਕੇ ਬੱਚਾ ਪੁੱਛਣਾ ਵੀ ਸ਼ੁਰੂ ਕਰ ਦਿੰਦਾ ਹੈ, ”ਮੇਰਾ ਬਸਤਾ ਕਿੱਥੇ?” ਜਾਂ ”ਮੰਮੀ ਕਿੱਥੇ?” ਇਸ ਵੇਲੇ ਬੱਚੇ ਨੂੰ ਸਿਖਾਉਣ ਦਾ ਤਰੀਕਾ ਵੱਖਰਾ ਹੋ ਜਾਂਦਾ ਹੈ। ਫ਼ਰਜ਼ ਕਰੋ ਬੱਚੇ ਨੇ ਕਿਹਾ, ”ਫੁੱਲ।” ਮਾਪੇ ਕਹਿਣਗੇ, ”ਹਾਂ, ਸੋਹਣਾ ਫੁੱਲ, ਲਾਲ ਰੰਗ ਦਾ ਐ। ਖ਼ੁਸ਼ਬੂ ਵੀ ਸੋਹਣੀ ਹੈ। ਮੇਰਾ ਸੋਨੂੰ ਸੁੰਘੇਗਾ?” ਇਸ ਤਰੀਕੇ ਨਾਲ ਫੁੱਲ ਦੀ ਪੂਰੀ ਜਾਣਕਾਰੀ ਬੱਚੇ ਨੂੰ ਮਿਲ ਗਈ। ਇਹੀ ਕੁੱਝ ਕਹਾਣੀ ਦੀ ਕਿਤਾਬ ‘ਤੇ ਲਿਖਿਆ ਹੋਣਾ ਚਾਹੀਦਾ ਹੈ।
ਜੇ ਭੈਣ ਬਾਰੇ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ, ”ਦੀਦੀ- ਕੁੜੀ, ਵੱਡੀ ਹੋ ਕੇ ਮੰਮੀ ਵਾਂਗ ਔਰਤ। ਸੋਨੂੰ ਮੁੰਡਾ- ਵੱਡਾ ਹੋ ਕੇ ਪਾਪਾ ਵਾਂਗ ਆਦਮੀ।” ਇਸੇ ਹੀ ਤਰ੍ਹਾਂ ਕੋਈ ਚੀਜ਼ ਬਾਲਟੀ ਵਿਚ ਪਾ ਕੇ, ਬੱਚੇ ਤੋਂ ਕਢਵਾ ਕੇ ਉਸ ਚੀਜ਼ ਦਾ ਵਿਸਥਾਰ ਦੱਸਿਆ ਜਾ ਸਕਦਾ ਹੈ। ਕਹਾਣੀ ਦੀ ਕਿਤਾਬ ਚੁੱਕ ਕੇ ਉਸ ਵਿਚਲੇ ਤਰਦੇ ਹੋਏ ਬੱਚੇ ਵੱਲ ਇਸ਼ਾਰਾ ਕਰ ਕੇ ਕਹਾਣੀ ਸੁਣਾਈ ਜਾ ਸਕਦੀ ਹੈ- ”ਕਾਕਾ ਤਰ ਰਿਹਾ ਹੈ, ਪਾਣੀ ਵਿਚ। ਪਾਪਾ ਤਰਦੇ ਨੇ। ਸੋਨੂੰ ਵੀ ਤਰੇਗਾ।” ਬੱਚੇ ਨੂੰ ਸਵਾਲ ਵੀ ਅਜਿਹੇ ਪੁੱਛਣੇ ਚਾਹੀਦੇ ਹਨ, ਜਿਸ ਦਾ ਉਸ ਨੂੰ ਦੋ ਜਾਂ ਤਿੰਨ ਸ਼ਬਦਾਂ ਵਿਚ ਜਵਾਬ ਦੇਣਾ ਪਵੇ ਨਾ ਕਿ ਸਿਰਫ਼ ਹਾਂ ਜਾਂ ਨਾ ਵਿਚ। ਜਿਵੇਂ ”ਦੁੱਧ ਪੀਣੈ” ਪੁੱਛਣ ਦੀ ਬਜਾਇ ਪੁੱਛੋ, ”ਮੰਮੀ ਕੀ ਖਾਣ ਲਈ ਲਿਆਏ? ਸੋਨੂੰ ਕੀ ਖਾਏਗਾ?”
ਬੱਚੇ ਲਈ ਲਿਖੀ ਕਹਾਣੀ ਦੀ ਕਿਤਾਬ ਵੀ ਕਹਾਣੀ ਦੇ ਅਖ਼ੀਰ ‘ਤੇ ਅਜਿਹੇ ਹੀ ਸਵਾਲਾਂ ‘ਤੇ ਖ਼ਤਮ ਹੋਣੀ ਚਾਹੀਦੀ ਹੈ, ”ਸੋਨੂੰ ਵੀ ਹੁਣ ਤਰੇਗਾ, ਕਿੱਥੇ ਤਰੇਗਾ? ਕਦੋਂ ਤਰੇਗਾ? ” ਅਜਿਹੀ ਕਿਤਾਬ ਦੇ ਇਕ ਪਾਸੇ ਖ਼ਾਲੀ ਥਾਂ ਹੋਣੀ ਚਾਹੀਦੀ ਹੈ, ਜਿੱਥੇ ਘਰ ਵਾਲਿਆਂ ਦੀ ਫ਼ੋਟੋ ਲਾਈ ਜਾ ਸਕੇ। ਜਿਵੇਂ ਤਰਨ ਵਾਲੀ ਕਹਾਣੀ ਦੇ ਇਕ ਪਾਸੇ ਬੱਚੇ ਦੀ ਆਪਣੀ ਫ਼ੋਟੋ, ਜਿਸ ਵਿਚ ਬੱਚਾ ਪਾਣੀ ਵਿਚ ਖੇਡ ਰਿਹਾ ਹੋਵੇ ਜਾਂ ਉਸ ਦੇ ਪਾਪਾ ਤਰ ਰਹੇ ਹੋਣ, ਦੀ ਤਸਵੀਰ ਲਾਈ ਜਾ ਸਕੇ। ਇਸ ਉਮਰ ਵਿਚ ਬੱਚਾ 150 ਤੋਂ 900 ਨਵੇਂ ਅੱਖਰਾਂ ਨੂੰ ਸਮਝਣ ਤੇ ਯਾਦ ਰੱਖਣ ਦੀ ਸ਼ਕਤੀ ਰੱਖਦਾ ਹੈ। ਕਹਾਣੀ ਪੱਕਿਆਂ ਕਰਨ ਲਈ ਬੱਚੇ ਨੂੰ ਬਾਅਦ ਵਿਚ ਸਵਾਲ ਪੱਛੇ ਜਾ ਸਕਦੇ ਹਨ; ਜਿਵੇਂ, ”ਪਾਪਾ ਕੀ ਕਰਦੇ ਸੀ? ਕੀ ਕਾਕਾ ਤਰ ਰਿਹਾ ਸੀ? ਕਾਕਾ ਮੁੰਡਾ ਹੈ? ਕੀ ਸੋਨੂੰ ਵੀ ਮੁੰਡਾ ਹੈ? ਸੋਨੂੰ ਦਾ ਨਾਮ ਕੀ ਹੈ? ਕਾਕੇ ਦਾ ਨਾਮ ਕੀ ਸੀ?” ਆਦਿ।
ਤਿੰਨ ਤੋਂ ਚਾਰ ਸਾਲ ਦੇ ਬੱਚੇ ਨਾਲ ਵਾਰਤਾ
ਤਿੰਨ ਤੋਂ ਚਾਰ ਸਾਲ ਦਾ ਬੱਚਾ ਤਾਂ ਚਾਰ ਪੰਜ ਲਫ਼ਜ਼ਾਂ ਦੀ ਲਾਈਨ ਵੀ ਬੋਲ ਸਕਦਾ ਹੈ। ਹੁਣ ਤਕ ਦੇ ਸਿੱਖੇ ਹਜ਼ਾਰ ਲਫ਼ਜ਼ਾਂ ਦੇ ਨਾਲ ਨਾਲ ਬੱਚਾ ਹਜ਼ਾਰ ਹੋਰ ਲਫ਼ਜ਼ ਵੀ ਸਿੱਖ ਲੈਂਦਾ ਹੈ ਤੇ ਔਸਤਨ 4 ਤੋਂ 6 ਨਵੇਂ ਲਫ਼ਜ਼ ਰੋਜ਼ ਸਿੱਖ ਸਕਦਾ ਹੈ। ਇਸ ਉਮਰ ਵਿਚ ਬੱਚਾ ਹੱਸਣ ਤੇ ਰੋਣ ਬਾਰੇ ਸਮਝਣਾ ਸ਼ੁਰੂ ਕਰ ਦਿੰਦਾ ਹੈ। ਉਸ ਨੂੰ ਗੁੱਸਾ, ਉਦਾਸੀ ਤੇ ਡਰ ਬਾਰੇ ਵੀ ਸਮਝ ਆਉਣ ਲੱਗ ਪੈਂਦੀ ਹੈ। ਇਸੇ ਲਈ ਇਨ੍ਹਾਂ ਭਾਵਾਂ ਨੂੰ ਕਹਾਣੀ ਵਿਚ ਪਰੋਇਆ ਜਾ ਸਕਦਾ ਹੈ। ਇਸ ਉਮਰ ਵਿਚ ਬੱਚਾ ਕੁੱਝ ਲੰਬੀਆਂ ਕਵਿਤਾਵਾਂ ਤੇ ਕੁੱਝ ਲੰਬੀਆ ਕਹਾਣੀਆਂ ਵੀ ਸੁਣ ਲੈਂਦਾ ਹੈ। ਮਾਪਿਆਂ ਦੇ ਲੰਬੇ ਆਦੇਸ਼ ਵੀ ਉਸਦਾ ਦਿਮਾਗ਼ ਸਮਝਣ ਲੱਗ ਪੈਂਦਾ ਹੈ, ਜਿਵੇਂ- ”ਪੀਲਾ ਤੇ ਨੀਲਾ ਰੰਗ ਮਿਲਾ ਕੇ ਇਕ ਨਵਾਂ ਰੰਗ ਬਣਾਇਆ ਜਾ ਸਕਦਾ ਹੈ।”
ਕਿਤਾਬ ਪੜ੍ਹ ਕੇ ਸੁਣਾਉਂਦਿਆਂ ਹੋਇਆਂ ਵੱਡਾ ਮੂੰਹ ਖੋਲ੍ਹਣਾ ਜਾਂ ਅੱਖਾਂ ਘੁਮਾਉਣੀਆਂ ਤੇ ਉੱਚੀਆਂ ਆਵਾਜ਼ਾਂ ਕੱਢਣ ਦੀ ਲੋੜ ਨਹੀਂ ਪੈਂਦੀ, ਬਲਕਿ ਪੜ੍ਹ ਕੇ ਕਹਾਣੀ ਸੁਣਾਉਂਦਿਆਂ ਆਵਾਜ਼ ਵਿਚ ਹਲਕੇ ਬਦਲਾਵ ਤੋਂ ਹੀ ਬੱਚਾ ਸਮਝ ਸਕਦਾ ਹੈ। ਇਸ ਉਮਰ ਵਿਚ ਦੂਜੀ ਭਾਸ਼ਾ ਦਾ ਕੋਈ ਕੋਈ ਲਫ਼ਜ਼ ਵੀ ਕਹਾਣੀ ਸੁਣਾਉਣ ਜਾਂ ਪੜ੍ਹਨ ਲੱਗਿਆਂ ਵਰਤਿਆ ਜਾ ਸਕਦਾ ਹੈ, ਜਿਸ ਨੂੰ ਬੱਚਾ ਪਹਿਲੇ ਸਿੱਖੇ ਅੱਖਰ ਨਾਲ ਸਾਂਝ ਕੱਢ ਕੇ ਯਾਦ ਰੱਖ ਲੈਂਦਾ ਹੈ।
ਜੇ ਬੱਚੇ ਨੂੰ ਲਫ਼ਜ਼ ਬਹੁਤ ਛੇਤੀ ਸਿਖਾ ਦਿੱਤੇ ਜਾਣ ਜਾਂ ਢੇਰ ਸਾਰੇ ਲਫ਼ਜ਼ ਇਕੱਠੇ ਦੱਸੇ ਜਾਣ ਤਾਂ ਕਈ ਵਾਰ ਉਹ ਪਛਾਣਨ ਵੇਲੇ ਗੜਬੜ ਕਰ ਸਕਦਾ ਹੈ। ਜਿਵੇਂ ਘੋੜਾ ਵੇਖਦੇ ਸਾਰ ਬੱਚਾ ਇਕਦਮ ਕਹੇ, ”ਉਹ ਵੇਖੋ ਹਾਥੀ ਆਉਂਦਾ ਪਿਆ।” ਨਾਂਵ, ਪੜਨਾਂਵ ਆਦਿ ਵਿਚ ਵੀ ਬੱਚਾ ਥੋੜੀ ਬਹੁਤ ਗੜਬੜ ਕਰ ਸਕਦਾ ਹੈ। ਕਈ ਵਾਰ ਅਜਿਹੇ ਮੌਕੇ ਇੰਨੇ ਹਾਸੋ-ਹੀਣੇ ਹੋ ਜਾਂਦੇ ਹਨ ਕਿ ਪੁੱਛੋ ਨਾ। ਜਿਵੇਂ ਇਕ ਬੱਚੇ ਨੇ ਕਿਹਾ, ”ਓ ਵੇਖੋ, ਕਬਰੀਆਂ ਛੂਹਣ ਛੂਹਣ ਖੇਡਦੀਆਂ।” ਦਰਅਸਲ ਬੱਕਰੀਆਂ ਭੱਜ ਰਹੀਆਂ ਸਨ।
ਇਸੇ ਉਮਰ ਵਿਚ ਬੱਚਾ ਆਪਣੇ ਆਪ ਨੂੰ ਕਹਾਣੀ ਵਿਚ ਵੀ ਵੇਖਣਾ ਚਾਹੁੰਦਾ ਹੈ। ਮਸਲਨ, ”ਇਕ ਚਿੜੀ ਤੇ ਕਾਂ ਨੇ ਖਿਚੜੀ ਖਾਣੀ ਸੀ। ਕਾਂ ਨੇ ਕਿਹਾ ਮੈਂ ਚੌਲ ਲਿਆਵਾਂਗਾ, ਤੂੰ ਦਾਲ ਲੈ ਕੇ ਆ। ਚਿੜੀ, ਸੋਨੂੰ ਦੇ ਘਰ ਗਈ, ਦਾਲ ਦਾ ਦਾਣਾ ਲੈ ਕੇ ਆਈ। ਕਾਂ, ਸੋਨੂੰ ਦੇ ਘਰ ਗਿਆ, ਉਹ ਚੌਲ ਦਾ ਦਾਣਾ ਲੈ ਕੇ ਆਇਆ,” ਆਦਿ। ਇਕ ਹੋਰ ਨਵੀਂ ਚੀਜ਼ ਜੋ ਬੱਚਾ ਇਸੇ ਉਮਰ ਵਿਚ ਸਿੱਖਦਾ ਹੈ, ਉਹ ਹੈ ‘ਅਸਮਾਨਤਾ’। ਇੱਕੋ ਜਿਹੀਆਂ ਪੰਜ ਚੀਜ਼ਾਂ ਵਿਚ ਇਕ ਵੱਖਰੀ ਚੀਜ਼ ਪਾ ਕੇ ਬੱਚੇ ਨੂੰ ਇਨ੍ਹਾਂ ਵਿੱਚੋਂ ਅਲੱਗ ਚੀਜ਼ ਨੂੰ ਲੱਭਣ ਲਈ ਕਿਹਾ ਜਾ ਸਕਦਾ ਹੈ। ਮਸਲਨ ਚਾਰ ਜਾਨਵਰਾਂ ਦੀਆਂ ਤਸਵੀਰਾਂ ਤੇ ਇਕ ਚਿੜੀ ਦੀ ਤਸਵੀਰ ਰੱਖ ਕੇ ਇਨ੍ਹਾਂ ਵਿੱਚੋਂ ਵੱਖਰੀ ਚੀਜ਼ ਬੱਚੇ ਨੂੰ ਲੱਭਣ ਲਈ ਕਹੀ ਜਾ ਸਕਦੀ ਹੈ।
ਬੱਚੇ ਨੂੰ ਕਹਾਣੀ ਸੁਣਾਉਣ ਤੋਂ ਬਾਅਦ ਉਸ ਤੋਂ ਵਾਪਸ ਕਹਾਣੀ ਵੀ ਸੁਣੀ ਜਾਣੀ ਚਾਹੀਦੀ ਹੈ। ਬੱਚਾ ਸਿਰਫ਼ ਕਹਾਣੀ ਵਿਚਲੇ ਸਭ ਤੋਂ ਮਜ਼ੇਦਾਰ ਹਿੱਸੇ ਨੂੰ ਹੀ ਦੁਹਰਾਉਂਦਾ ਹੈ। ਇਸ ਨਾਲ ਅੰਦਾਜ਼ਾ ਲੱਗ ਸਕਦਾ ਹੈ ਕਿ ਬੱਚੇ ਨੂੰ ਕਹਾਣੀ ਵਿਚ ਕੀ ਪਸੰਦ ਹੈ। ਬੱਚੇ ਨੂੰ ਸਵਾਲ ਵੀ ਪੁੱਛਣ ਦੇਣੇ ਚਾਹੀਦੇ ਹਨ ਤੇ ਮਾਪਿਆਂ ਨੂੰ ਜਾਣ ਬੁੱਝ ਕੇ ਬੇਵਕੂਫ਼ ਬਣ ਜਾਣਾ ਚਾਹੀਦਾ ਹੈ ਤਾਂ ਜੋ ਬੱਚਾ ਰੱਜ ਕੇ ਹੱਸ ਸਕੇ ਤੇ ਕਹਾਣੀ ਵਿਚ ਰੁੱਝਿਆ ਰਹੇ। ਮਸਲਨ, ਜੇ ਬੱਚਾ ਪੁੱਛੇ, ”ਸੋਨੂੰ ਦੇ ਘਰੋਂ ਚਿੜੀ ਕੀ ਲੈ ਕੇ ਗਈ?” ਤਾਂ ਮਾਪਿਆਂ ਨੂੰ ਜਾਣ ਬੁੱਝ ਕੇ ਪੁੱਠਾ ਜਵਾਬ ਦੇਣਾ ਚਾਹੀਦਾ ਹੈ, ”ਚੌਲ।” ਇਸ ‘ਤੇ ਬੱਚਾ ਖੁੱਲ੍ਹ ਕੇ ਹੱਸੇਗਾ ਤੇ ਕਹੇਗਾ, ”ਓਹੋ, ਏਨਾ ਵੀ ਨਹੀਂ ਪਤਾ ਚਿੜੀ ਦਾਲ ਲੈ ਕੇ ਗਈ ਸੀ।”
ਕਹਾਣੀ ਸੁਣਾਉਣ ਲੱਗਿਆਂ ਮਾਂ ਨੂੰ ਹਲਕੀ ਨਾਟਕੀਅਤਾ ਜ਼ਰੂਰ ਲਿਆਉਣੀ ਚਾਹੀਦੀ ਹੈ। ਮਸਲਨ ਜੇ ਕਹਾਣੀ ਵਿਚ ਲਿਖਿਆ ਹੈ, ‘ਸੌਂ ਗਿਆ’ ਤਾਂ ਬੱਚੇ ਦਾ ਸਿਰ ਗੋਦ ਵਿਚ ਰੱਖ ਕੇ ਕੋਹ ‘ਇੰਝ ਸੌਂ ਗਿਆ’ ਜਾਂ ਗੁੱਡੀ ਨੂੰ ਲਿਟਾ ਕੇ ਥਾਪੜ ਕੇ ਦਿਖਾ ਦਿਓ। ਬਿਲਕੁਲ ਇਸੇ ਹੀ ਤਰ੍ਹਾਂ ਜੇ ਕਹਾਣੀ ਵਿਚ ਕੁਕੜੀ ਖਾਣਾ ਬਣਾਉਂਦੇ ਦਿਖਾਈ ਗਈ ਹੈ ਤਾਂ ਆਪ ਖਾਣਾ ਬਣਾਉਂਦੇ ਹੋਏ ਕੁਕੜੀ ਦੀ ਕਹਾਣੀ ਫੇਰ ਛੇੜ ਲਵੋ।
ਚਾਰ ਤੋਂ ਪੰਜ ਸਾਲ ਦੇ ਬੱਚੇ ਨਾਲ ਵਾਰਤਾ
ਚਾਰ ਤੋਂ ਪੰਜ ਸਾਲ ਦੇ ਬੱਚੇ ਥੋੜੀਆਂ ਲੰਬੀਆਂ ਕਹਾਣੀਆਂ ਵੀ ਸੁਣ ਲੈਂਦੇ ਹਨ। ਲਫ਼ਜ਼ ਏਨੇ ਔਖੇ ਨਹੀਂ ਹੋਣੇ ਚਾਹੀਦੇ ਕਿ ਬੱਚਾ ਦੁਹਰਾ ਨਾ ਸਕੇ। ਜੇ ਕੋਈ ਲਫ਼ਜ਼ ਬਹੁਤ ਔਖਾ ਹੈ, ਜਿਵੇਂ ‘ਗਡਰੀਆ’ ਤਾਂ ਉਹ ਲਫ਼ਜ਼ ਰੋਜ਼ ਦਿਨ ਵਿਚ ਸੱਤ ਅੱਠ ਵਾਰ ਦੁਹਰਾਓ ਤੇ ਬੱਚੇ ਨੂੰ ਮਤਲਬ ਵੀ ਦੱਸਦੇ ਰਹੋ ਤਾਂ ਬੱਚਾ ਹੌਲੀ ਹੌਲੀ ਯਾਦ ਕਰ ਲੈਂਦਾ ਹੈ। ਇਸ ਉਮਰ ਵਿਚ ਬੱਚਾ ਭਾਰਾ, ਹਲਕਾ, ਖੁਰਦਰਾ, ਨਰਮ ਆਦਿ ਵਿਚ ਫ਼ਰਕ ਮਹਿਸੂਸ ਕਰਨ ਲੱਗ ਪੈਂਦਾ ਹੈ, ਇਸ ਲਈ ਕਹਾਣੀ ਵਿਚ ਇਹ ਸਭ ਸ਼ਾਮਿਲ ਕੀਤਾ ਜਾ ਸਕਦਾ ਹੈ। ਮਸਲਨ, ”ਖ਼ਰਗੋਸ਼ ਜਦੋਂ ਸ਼ੇਰ ਕੋਲ ਗਿਆ ਤਾਂ ਉਸ ਨੇ ਖ਼ਰਗੋਸ਼ ਦੇ ਨਰਮ ਨਰਮ ਵਾਲਾਂ ਉੱਤੇ ਆਪਣਾ ਭਾਰਾ ਤੇ ਖੁਰਦਰਾ ਹੱਥ ਰੱਖ ਦਿੱਤਾ।”
ਇਸ ਉਮਰ ਵਿਚ ਬੱਚੇ ਦੇ ਦਿਮਾਗ਼ ਵਿਚ ਬਹੁਤ ਸਾਰੇ ਸਵਾਲ ਹੁੰਦੇ ਹਨ, ਜਿਹੜੇ ਬੱਚਾ ਕਹਾਣੀ ਦੌਰਾਨ ਪੁੱਛਣਾ ਚਾਹੁੰਦਾ ਹੈ। ਬੱਚੇ ਨੂੰ ਟੋਕਣਾ ਨਹੀਂ ਚਾਹੀਦਾ, ਬਲਕਿ ਉਸਦੇ ਹਰ ਸਵਾਲ ਦਾ ਜਵਾਬ ਕਹਾਣੀ ਰੋਕ ਕੇ ਦੇਣਾ ਚਾਹੀਦਾ ਹੈ। ਇਸ ਉਮਰ ਵਿਚ ਬੱਚੇ ਦੇ ਹੱਥ ਵਿਚ ਦੋ ਗੁੱਡੀਆਂ ਫੜਾ ਕੇ ਕਹਾਣੀ ਉਨ੍ਹਾਂ ਦੇ ਮੂੰਹੋਂ ਬੁਲਵਾਈ ਜਾ ਸਕਦੀ ਹੈ। ਜਿਵੇਂ ਇਕ ਗੁੱਡੀ ਫੜ ਕੇ ਉਸ ਵੱਲੋਂ ਇਕ ਲਾਈਨ ਫ਼ਰਜ਼ੀ ਬੋਲ ਦਿੱਤੀ ਤੇ ਅਗਲੀ ਲਾਈਨ ਦੂਜੀ ਗੁੱਡੀ ਵੱਲੋਂ। ਬੱਚੇ ਨੂੰ ਕਹਾਣੀ ਦੀ ਕਿਤਾਬ ਵਿਚ ਬਣੀਆਂ ਸੌਖੀਆਂ ਤਸਵੀਰਾਂ ਵਾਹੁਣ ਲਈ ਵੀ ਕਿਹਾ ਜਾ ਸਕਦਾ ਹੈ।
ਕਹਾਣੀ ਦੀ ਕਿਤਾਬ ਵਿਚ ਖ਼ੂਬਸੂਰਤ ਵੱਡੀਆਂ ਤਸਵੀਰਾਂ, ਹਰ ਸਫ਼ੇ ‘ਤੇ ਦੋ ਜਾਂ ਤਿੰਨ ਲਾਈਨਾਂ ਵਿਚ ਵੱਡੇ ਵੱਡੇ ਲਿਖੇ ਅੱਖਰਾਂ ਦੇ ਸ਼ਬਦ ਤੇ ਅੰਤ ਵਿਚ ਕੋਈ ਸਿੱਖਿਆ ਹੋਣੀ ਜ਼ਰੂਰੀ ਹੈ। ਪੰਜ ਸਾਲ ਤਕ ਦੇ ਹੁੰਦੇ ਹੁੰਦੇ ਬੱਚਾ ਇਕ ਸਫ਼ੇ ‘ਤੇ ਵੱਡੀ ਤਸਵੀਰ ਨਾਲ ਪੰਜ ਛੇ ਲਾਈਨਾਂ ਦੀ ਕਹਾਣੀ ਤੇ ਦਸ ਕੁ ਸਫ਼ਿਆਂ ਦੀ ਕਿਤਾਬ ਪੂਰੇ ਧਿਆਨ ਨਾਲ ਸੁਣ ਸਕਦਾ ਹੈ, ਪਰ ਢੇਰ ਸਾਰੀਆਂ ਫ਼ੋਟੋਆਂ ਹੋਣੀਆਂ ਜ਼ਰੂਰੀ ਹਨ। ਪੰਜ ਸਾਲ ਤੋਂ ਪਹਿਲਾਂ ਬੱਚਾ ਮੌਤ ਬਾਰੇ ਬਹੁਤਾ ਸਮਝਦਾ ਨਹੀਂ, ਇਸ ਲਈ ਅਫ਼ਸੋਸ ਵਾਲੀਆਂ ਕਹਾਣੀਆਂ ਨਹੀਂ ਸੁਣਾਉਣੀਆਂ ਚਾਹੀਦੀਆਂ। ਬੱਚੇ ਲਈ ਮੌਤ ਇਕ ਮਜ਼ਾਕ ਜਿਹਾ ਹੁੰਦਾ ਹੈ ਕਿ ਹੁਣੇ ਕਹਾਣੀ ਦਾ ਪਾਤਰ ਫੇਰ ਉਠ ਪਵੇਗਾ।
ਸੱਤ ਅੱਠ ਸਾਲ ਦੇ ਬੱਚੇ ਨਾਲ ਵਾਰਤਾ
ਸੱਤ ਅੱਠ ਸਾਲ ਦੀ ਉਮਰ ਤੋਂ ਬਾਅਦ ਹੌਲੀ ਹੌਲੀ ਬੱਚਾ ਮੌਤ ਤੇ ਜ਼ਿੰਦਗੀ ਦੇ ਸੱਚ ਨੂੰ ਥੋੜਾ ਥੋੜਾ ਸਮਝਣਾ ਸ਼ੁਰੂ ਕਰ ਦਿੰਦਾ ਹੈ ਤੇ ਦੁੱਖ ਭਰੀ ਕਹਾਣੀ ਸੁਣ ਕੇ ਰੋਣ ਵੀ ਲੱਗ ਪੈਂਦਾ ਹੈ। ਅਜਿਹੀ ਕਹਾਣੀ ਜਾਂ ਤਾਂ ਬੱਚਾ ਅੱਧ ਵਿਚ ਹੀ ਸੁਣਨ ਤੋਂ ਨਾਂਹ ਕਰ ਦਿੰਦਾ ਹੈ ਜਾਂ ਦੁਬਾਰਾ ਸੁਣਨੀ ਹੀ ਨਹੀਂ ਚਾਹੁੰਦਾ। ਬੱਚੇ ਨੂੰ ਜਾਦੂਗਰੀ ਦੀਆਂ ਕਹਾਣੀਆਂ ਜਾਂ ਪਰਾ-ਸਰੀਰਕ ਕਹਾਣੀਆਂ ਇਸ ਉਮਰ ਵਿਚ ਬਹੁਤ ਭਾਉਂਦੀਆ ਹਨ। ਕੁੱਝ ਬੱਚੇ ਡਰਾਵਨੀਆ ਕਹਾਣੀਆਂ ਵੇਖਣ ਜਾਂ ਸੁਣਨ ਦਾ ਸ਼ੌਕ ਪਾਲ ਲੈਂਦੇ ਹਨ।
ਵੱਡੀ ਪੱਧਰ ‘ਤੇ ਹਿੰਸਾ ਅਤੇ ਜਿਸਮਾਨੀ ਸ਼ੋਸ਼ਣ ਦੀਆਂ ਵਾਰਦਾਤਾਂ ਹੁੰਦੀਆਂ ਰਹਿਣ ਕਾਰਨ ਛੋਟੇ ਛੋਟੇ ਬੱਚੇ ਵੀ ਹਿੰਸਾ ਤੇ ਤਾਕਤਵਰਾਂ ਦੀਆਂ ਕਹਾਣੀਆਂ ਪਸੰਦ ਕਰਨ ਲੱਗ ਪਏ ਹਨ। ਇਸ ਨਾਲ ਛੋਟੇ ਬੱਚਿਆਂ ਦੀ ਮਾਨਸਿਕ ਬਣਤਰ ਹਮੇਸ਼ਾ ਲਈ ਖ਼ਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਬਾਲ-ਸਾਹਿਤ ਨੂੰ ਜੇ ਹਰ ਵਰਗ ਦੇ ਬੱਚਿਆਂ ਲਈ ਉਨ੍ਹਾਂ ਦੀ ਲੋੜ ਦੇ ਮੁਤਾਬਿਕ ਮਾਂ-ਬੋਲੀ ਵਿਚ ਸੁਆਦਲੇ ਤਰੀਕੇ ਨਾਲ ਘੜ ਦਿੱਤਾ ਜਾਵੇ ਤਾਂ ਇਕ ਪਾਸੇ ਤਾਂ ਇਹ ਬੱਚਿਆਂ ਲਈ ਵਡਮੁੱਲੀ ਸੌਗ਼ਾਤ ਹੋਵੇਗੀ ਤੇ ਦੂਜੇ ਪਾਸੇ ਬੇਹਤਰ ਸਮਾਜ ਦੀ ਹੋਂਦ ਵਿਚ ਆ ਜਾਣ ਦੀ ਉਮੀਦ, ਕਿਉਂਕਿ ਇਨ੍ਹਾਂ ਬਾਲਾਂ ਨੇ ਹੀ ਸਾਡਾ ਆਉਣ ਵਾਲਾ ਕੱਲ੍ਹ ਸਿਰਜਣਾ ਹੈ।
ਇਹ ਤਾਂ ਹੋਈ ਵਿਗਿਆਨਕ ਗੱਲ। ਮੈਂ ਹਰ ਬਾਲ-ਸਾਹਿਤਕਾਰ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਬਾਲਾਂ ਲਈ ਸਾਹਿਤ ਘੜਨ ਵੇਲੇ ਇਹ ਗੱਲਾਂ ਯਾਦ ਰੱਖ ਸਕਣ ਤਾਂ ਉਹ ਬੱਚਿਆਂ ਲਈ ਮਾਂ-ਬੋਲੀ ਨਾਲ ਪਿਆਰ ਵਧਾਉਣ ਵਿਚ ਵੀ ਸਹਾਈ ਸਿੱਧ ਹੋ ਸਕਦੇ ਹਨ। ਮਾਂ-ਬੋਲੀ ਵਿਚਲੇ ਨਿੱਕੇ ਨਿੱਕੇ ਭੇਦ ਤਾਂ ਕਹਾਣੀਆਂ ਰਾਹੀ ਹੀ ਬੱਚਿਆਂ ਦੇ ਦਿਮਾਗ਼ ਵਿਚ ਭਰੇਂ ਜਾ ਸਕਦੇ ਹਨ। ਭਾਸ਼ਾ ਦੀਆਂ ਵੱਖ ਵੱਖ ਕਿਰਿਆਵਾਂ ਬੱਚਿਆਂ ਦੀਆਂ ਕਹਾਣੀਆਂ ਵਿਚ ਭਰਨੀਆਂ ਜ਼ਰੂਰੀ ਹਨ। ਮਸਲਨ, ਬਜਾਇ ਇਹ ਕਹਿਣ ਦੇ ਕਿ ਬੱਚਾ ਖਾਣਾ ਖਾ ਰਿਹਾ ਸੀ, ‘ਖਾਣੇ’ ਦੀਆਂ ਅਲੱਗ ਅਲੱਗ ਕਿਰਿਆਵਾਂ ਲਈ ਅਲੱਗ ਅਲੱਗ ਸ਼ਬਦ ਵਰਤੇ ਜਾ ਸਕਦੇ ਹਨ, ਜਿਵੇਂ ਪਪੋਲਣਾ, ਹੜੱਪਣਾ, ਚਿੱਥਣਾ, ਨਿਗਲਣਾ, ਚੱਬਣਾ, ਆਦਿ। ਨਿੱਕਾ ਜਿਹਾ ਬੱਚਾ ਜਿਸਦੇ ਦੰਦ ਹੀ ਨਹੀਂ, ਉਹ ਤਾਂ ਪਪੋਲ ਹੀ ਸਕਦਾ ਹੈ ਜਾਂ ਨਿਗਲ ਸਕਦਾ ਹੈ, ਖਾ ਨਹੀਂ ਸਕਦਾ। ਇਸੇ ਲਈ ਕਿਸੇ ਵੀ ਕਿਰਿਆ ਲਈ ਨਿਸ਼ਚਿਤ ਸ਼ਬਦ ਵਰਤਣੇ ਚਾਹੀਦੇ ਹਨ ਤਾਂ ਜੋ ਅਜਿਹੇ ਸ਼ਬਦ ਹੌਲੀ ਹੌਲੀ ਲੋਪ ਹੀ ਨਾ ਹੋ ਜਾਣ।
ਬਾਲ-ਸਾਹਿਤ ਦੀ ਕਲਪਨਾ ਕਰਦੇ ਹੋਏ ਮਨੋ-ਵਿਗਿਆਨਕ ਤੇ ਵਿਗਿਆਨਕ ਪੱਖ ਜੇ ਰਲਾ ਲਏ ਜਾਣ ਤਾਂ ਹੋਰ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਜ਼ਿਆਦਾ ਖ਼ਿਆਲ ਰੱਖਿਆ ਜਾ ਸਕਦਾ ਹੈ। ਬੱਚੇ ਨੂੰ ਆਵਾਜ਼ਾਂ ਬਾਰੇ ਡੂੰਘੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਚਿੜੀ ਚੂਕਦੀ ਹੈ, ਕੁੱਤਾ ਭੌਂਕਦਾ ਹੈ, ਸ਼ੇਰ ਗਰਜਦਾ ਹੈ, ਆਦਿ। ਇਸ ਨੂੰ ਕੁੱਤਾ ਬੋਲਿਆ ਜਾਂ ਸ਼ੇਰ ਬੋਲਿਆ ਨਾਲ ਹੀ ਨਹੀਂ ਸਾਰ ਲੈਣਾ ਚਾਹੀਦਾ। ਜੇ ਇਹ ਪੱਖ ਅੱਖੋਂ ਪਰੋਖੇ ਕੀਤੇ ਗਏ ਤਾਂ ਸਾਡੇ ਬੱਚੇ ਮਾਂ-ਬੋਲੀ ਦੇ ਨਿੱਕੇ ਨਿੱਕੇ ਭੇਦਾਂ ਤੋਂ ਤਾਂ ਵਾਂਝੇ ਰਹਿ ਹੀ ਜਾਣਗੇ, ਸਗੋਂ ਅੱਗੇ ਜਾ ਕੇ ਉਨ੍ਹਾਂ ਦੇ ਜ਼ਿਆਦਾ ਲਾਇਕ ਬਣਨ ਦੇ ਆਸਾਰ ਵੀ ਘੱਟ ਜਾਣਗੇ।