ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਮੰਮੀਪਚਵੰਜਾ ਕੀ ਹੁੰਦੈ?

ਡਾ. ਹਰਸ਼ਿੰਦਰ ਕੌਰ

ਸਿੱਖ ਜਥੇਬੰਦੀਆਂ ਦੇ ਮੋਢੀਆਂ ਦੇ ਇਕ ਗ਼ੈਰ-ਰਸਮੀ ਇਕੱਠ ਵਿਚ ਮੈਨੂੰ ਖੜੇ ਹੋਣ ਦਾ ਮੌਕਾ ਮਿਲਿਆ। ਪੰਜਾਬ ਵਿਚਲੀਆਂ ਚੋਣਾਂ ਬਾਰੇ ਬੜਾ ਸ਼ੋਰੀਲਾ ਵਿਚਾਰ-ਵਟਾਂਦਰਾ ਹੋ ਰਿਹਾ ਸੀ। ਸਿਆਸੀ ਪਾਰਟੀਆਂ ਦੇ ਨੁਮਾਇੰਦੇ ਚੋਣਾਂ ਵਾਸਤੇ ਪੁੱਟੇ ਠੋਸ ਕਦਮਾਂ ਬਾਰੇ ਚਾਨਣਾ ਪਾ ਰਹੇ ਸਨ। ਚੋਣ ਪ੍ਰਚਾਰ ਵਾਸਤੇ ਲੋਕਾਂ ਦਾ ਜ਼ਮੀਰ ਧਾਰਮਿਕ ਪੱਖੋਂ ਹਲੂਣ ਦੇਣ ਦੀ ਗੱਲ ਕੀਤੀ ਗਈ। ਇਸ ਸਾਰੀ ਬਹਿਸ ਵਿਚ ਕਿਤੇ ਪੰਜਾਬੀ ਜਾ ਪੰਜਾਬੀਅਤ ਬਾਰੇ ਉਕਾ ਹੀ ਕੋਈ ਗੱਲ ਨਹੀਂ ਛਿੜੀ। ਮੈਂ ਇਸ ਪੱਖੋਂ ਤਾਂ ਬਿਲਕੁਲ ਹੀ ਸਪਸ਼ਟ ਹਾਂ ਕਿ ਕਿਸੇ ਸਿਆਸੀ ਮੋਢੀ ਨੂੰ ਇਸ ਬਾਰੇ ਸੋਚਣ ਦੀ ਵਿਹਲ ਨਹੀਂ ਹੈ। ਮੇਰਾ ਤਾਂ ਇੱਕੋ ਮਕਸਦ ਹੈ ਕਿ ਹਰ ਪੰਜਾਬੀ ਨੂੰ ਹਲੂਣ ਸਕਾਂ ਕਿ ਉਸ ਦੀ ਪਛਾਣ ਖ਼ਤਰੇ ਵਿਚ ਹੈ।

ਹਰ ਪੰਜਾਬੀ ਦੇ ਸਾਹਮਣੇ ਮੈਂ ਇਹ ਤੱਥ ਰੱਖਣੇ ਚਾਹੁੰਦੀ ਹਾਂ । ਇਹ ਸਾਬਤ ਹੋ ਚੁੱਕਿਆ ਹੈ ਕਿ ਐਸ ਵੇਲੇ ਦੀਆਂ ਪ੍ਰਚਲਿਤ ਭਾਸ਼ਾਵਾਂ ਵਿੱਚੋਂ ਪੰਜਾਬੀ ਬਹੁਤ ਪੁਰਾਣੀ ਭਾਸ਼ਾ ਹੈ।

  1. ਪ੍ਰੋ ਪ੍ਰੀਤਮ ਸਿੰਘ ਦੇ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਜਲੰਧਰ ਵਿਚ ਪੜ੍ਹੇ ਕੁੰਜੀਵਤ ਖੋਜ-ਪੱਤਰ ਵਿਚਲੀਆਂ ਇਨ੍ਹਾਂ ਸਤਰਾਂ’ਤੇ ਧਿਆਨ ਦਿੱਤਾ ਜਾਵੇ ਤਾਂ ਸਭ ਨੂੰ ਪਤਾ ਲੱਗ ਗਿਆ ਹੋਣਾ ਹੈ ਕਿ ਅੰਗਰੇਜ਼ੀ ਦੇ ਕਵੀ ਚਾਸਰ ਨੂੰ ਜੇ ਪਹਿਲਾ ਅੰਗਰੇਜ਼ੀ ਦਾ ਸ਼ਾਇਰ ਮੰਨਿਆ ਜਾਵੇ ਤਾਂ ਉਸ ਦਾ ਜਨਮ 1340 ਵਿਚ ਹੋਇਆ ਸੀ, ਜਦ ਕਿ ਬਾਬਾ ਫ਼ਰੀਦ 1178 ਵਿਚ ਜਨਮੇ ਸਨ। ਇਸ ਦਾ ਮਤਲਬ ਇਹ ਹੋਇਆ ਕਿ ਚਾਸਰ ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਦੇ ਪੜਪੋਤਰਿਆਂ ਦੀ ਉਮਰ ਦਾ ਹੋਇਆ ਤਾਂ ਪੰਜਾਬੀ ਬੋਲੀ ਆਪੇ ਹੀ ਅੰਗਰੇਜ਼ੀ ਤੋਂ ਪੁਰਾਣੀ ਭਾਸ਼ਾ ਸਾਬਤ ਹੋ ਗਈ।
  2. ਸੁਲੇਮਾਨ ਪਰਬਤ ਤੋਂ ਜਮਨਾ ਦੇ ਤੱਟ ਤਕ ਫੈਲੀ ਜ਼ਮੀਨ ਵਿਚ ਇਹ ਭਾਸ਼ਾ ਵਰਤੀ ਜਾਂਦੀ ਸੀ।ਇਸ ਪਸਾਰ ਅਨੁਸਾਰ ਪੰਜਾਬੀ ਭਾਸ਼ਾ ਨੂੰ ਧਰਤੀ ਉੱਤੇ ਇਕ ਬਹੁਤ ਵੱਡੇ ਖੇਤਰ ਵਿਚ ਵਰਤੇ ਜਾਣ ਦਾ ਮਾਣ ਪ੍ਰਾਪਤ ਹੈ।
  3. ਐਨਸਾਈਕਲੋਪੀਡੀਆ ਅਨੁਸਾਰ ਹਿੰਦੁਸਤਾਨ ਵਿਚਲੇ ਤਿੰਨ ਕਰੋੜ ਤੇ ਪਾਕਿਸਤਾਨ ਵਿਚਲੇ ਅੱਠ ਕਰੋੜ ਤੋਂ ਇਲਾਵਾ ਇੰਗਲੈਂਡ, ਅਮਰੀਕਾ, ਕੈਨੇਡਾ, ਦੁਬਈ ਸਮੇਤ ਦੁਨੀਆ ਭਰ ਵਿਚਲੇ ਪੰਜਾਬੀ ਬੋਲਣ ਵਾਲੇ ਬੰਦਿਆਂ ਦਾ ਜੋੜ ਐਸ ਵੇਲੇ ਇੱਕੀ ਕਰੋੜ ਤੋਂ ਉੱਪਰ ਹੈ।
  4. ਇੰਗਲੈਂਡ ਵਿਚ ਇਸ ਵੇਲੇ ਪੰਜਾਬੀ ਭਾਸ਼ਾ ਆਮ ਬੋਲਣ ਵਾਲੀਆਂ ਭਾਸ਼ਾਵਾਂ ਵਿੱਚੋਂ ਦੂਜੇ ਨੰਬਰ’ਤੇ ਹੈ ਅਤੇ ਕੈਨੇਡਾ ਵਿਚ ਪੰਜਵੇਂ ਨੰਬਰ ‘ਤੇ।
  5. ਜਰਮਨੀ ਵਿਚ6 ਸਾਲ ਦੇ ਬੱਚੇ ਨੂੰ ਸਕੂਲ ਵਿਚ ਪੜ੍ਹਨੇ ਪਾਇਆ ਜਾਂਦਾ ਹੈ ਤੇ ਤੀਸਰੀ ਜਮਾਤ ਤਕ ਸਿਰਫ਼ ਮਾਂ-ਬੋਲੀ ਯਾਨੀ ਜਰਮਨ ਹੀ ਪੜ੍ਹਾਈ ਜਾਂਦੀ ਹੈ। ਮਾਂ-ਬੋਲੀ ਵਿਚ ਹੀ ਹਿਸਾਬ ਤੇ ਸਾਇੰਸ ਵੀ ਥੋੜੀ ਥੋੜੀ ਨਾਲ ਪੜ੍ਹਾਈ ਜਾਂਦੀ ਹੈ। ਖੇਡਾਂ ‘ਤੇ ਪੂਰਾ ਜ਼ੋਰ ਪਾਇਆ ਜਾਂਦਾ ਹੈ ਤਾਂ ਜੋ ਬੱਚੇ ਦੀ ਸੰਪੂਰਨ ਸ਼ਖ਼ਸੀਅਤ ਉਭਰ ਕੇ ਸਾਹਮਣੇ ਆ ਸਕੇ। ਇਸ ਤਰ੍ਹਾਂ ਬੱਚੇ ਆਤਮ ਵਿਸ਼ਵਾਸ ਨਾਲ ਭਰਪੂਰ ਬਣ ਜਾਂਦੇ ਹਨ ਤੇ ਸਰੀਰਕ ਪੱਖੋਂ ਵੀ ਮਜ਼ਬੂਤ।
  6. ਫ਼ਰਾਂਸ ਵਿਚ ਵੀ ਅਜਿਹਾ ਹੀ ਹਾਲ ਹੈ।ਅੰਗਰੇਜ਼ੀ ਬੋਲੀ ਨੂੰ ਉਹ ਆਪਣੀ ਬੋਲੀ ਨਾਲੋਂ ਨੀਵੀਂ ਸਮਝਦੇ ਹਨ। ਇਸੇ ਲਈ ਬਹੁਤੀ ਵਾਰ ਆਪਣੇ ਦੇਸ ਅੰਦਰ ਅੰਗਰੇਜ਼ੀ ਵਿਚ ਕੁੱਝ ਪੁੱਛਣ ਵਾਲੇ ਨਾਲ ਗੱਲ ਕਰਨੀ ਹੀ ਪਸੰਦ ਨਹੀਂ ਕਰਦੇ ਤੇ ਉਸ ਦੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਅਗਾਂਹ ਤੁਰ ਪੈਂਦੇ ਹਨ।

ਦਾਦ ਦੇਣੀ ਚਾਹੀਦੀ ਹੈ ਮੁੱਠੀ ਭਰ ਅੰਗਰੇਜ਼ਾਂ ਨੂੰ, ਜਿਨ੍ਹਾਂ ਨੇ ਭਾਰਤ ਵਰਗੇ ਵਿਸ਼ਾਲ ਦੇਸ ਉੱਤੇ ਰਾਜ ਕਰ ਕੇ ਇੱਥੇ ਅੰਗਰੇਜ਼ੀ ਦਾ ਬੀਜ ਬੋਅ ਦਿੱਤਾ। ਉਨ੍ਹਾਂ ਦੇ ਸਿਆਣੇ ਸਲਾਹਕਾਰਾਂ ਨੂੰ ਪੂਰੀ ਸਮਝ ਸੀ ਕਿ ਦੁਨੀਆ ਭਰ ਵਿਚ ਛਾ ਜਾਣ ਅਤੇ ਆਪਣੇ ਆਪ ਨੂੰ ਸਰਬੋਤਮ ਸਾਬਤ ਕਰਨ ਦਾ ਇਸ ਤੋਂ ਵਧੀਆ ਜ਼ਰੀਆ ਕੋਈ ਨਹੀਂ ਕਿ ਆਪਣੀ ਬੋਲੀ ਨੂੰ ਸਾਰੀ ਦੁਨੀਆ ਵਿਚ ਫੈਲਾ ਦਿੱਤਾ ਜਾਵੇ।  ਅੰਗਰੇਜ਼ਾਂ ਨੂੰ ਇਹ ਪੂਰੀ ਤਰ੍ਹਾਂ ਪਤਾ ਸੀ ਕਿ ਜਦੋਂ ਵੀ ਬੱਚੇ ਨੂੰ ਸਕੂਲ ਦੇ ਬੁਨਿਆਦੀ ਸਮੇਂ ਵਿਚ, ਜਿਸ ਵੇਲੇ ਅਜੇ ਬੱਚੇ ਦਾ ਦਿਮਾਗ਼ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਹੁੰਦਾ, ਜੇ ਮਾਂ-ਬੋਲੀ ਤੋਂ ਦੂਰ ਕਰ ਕੇ ਅੰਗਰੇਜ਼ੀ ਸਿੱਖਣ ਵੱਲ ਲਾ ਦਿੱਤਾ ਜਾਏ ਤਾਂ ਉਹ ਬੱਚਾ ਕਮਜ਼ੋਰ ਸ਼ਖ਼ਸੀਅਤ ਦਾ ਬਣ ਜਾਂਦਾ ਹੈ। ਬੋਲੀ ਸਿੱਖਣ ਦਾ ਇਹ ਅਸੂਲ ਹਰ ਵਿਕਸਤ ਦੇਸ ਨੂੰ ਪਤਾ ਹੈ ਕਿ ਜੇ ਬੱਚਾ ਸਕੂਲ ਦੇ ਪਹਿਲੇ ਛੇ ਸਾਲ ਸਿਰਫ਼ ਮਾਂ-ਬੋਲੀ ਵਿਚ ਪੜ੍ਹੇ ਤਾਂ ਉਸ ਦੇ ਦਿਮਾਗ਼ ਦਾ ਕੰਪਿਊਟਰ ਏਨਾ ਕੁ ਰਵਾਂ ਹੋ ਜਾਂਦਾ ਹੈ ਕਿ ਉਸ ਤੋਂ ਬਾਅਦ ਕੋਈ ਵੀ ਹੋਰ ਬੋਲੀ ਦਾ ਅੱਖਰ ਉਹ ਆਪਣੇ ਪਹਿਲਾਂ ਦੇ ਸਿੱਖੇ ਅੱਖਰਾਂ ਨਾਲ ਮੇਲ ਕੇ ਫੱਟ ਸਿੱਖ ਲੈਂਦਾ ਹੈ।

ਜਿਹੜਾ ਦੂਜਾ ਪੱਖ ਅੱਖੋਂ ਪਰੋਖੇ ਹੋ ਰਿਹਾ ਹੈ, ਉਹ ਇਹ ਹੈ ਕਿ ਬੋਲੀ ਦੀਆਂ ਬਰੀਕੀਆਂ ਸਮਝੇ ਬਗ਼ੈਰ ਆਪਣੀ ਸਭਿਅਤਾ ਨਾਲ ਡੂੰਘਿਆਈ ਨਾਲ ਵਾਕਫ਼ੀਅਤ ਨਹੀਂ ਹੋ ਸਕਦੀ ਤੇ ਬੱਚਾ ਆਪਣੀ ਵੱਖਰੀ ਪਛਾਣ ਕਾਇਮ ਨਹੀਂ ਕਰ ਸਕਦਾ। ਇਸ ਤਰ੍ਹਾਂ ਬੱਚੇ ਦਾ ਦਿਮਾਗ਼ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਨਾ ਤਾਂ ਉਹ ਆਪਣੀ ਸਭਿਅਤਾ ਵਿਚ ਰਚਿਆ ਤੇ ਨਾ ਹੀ ਦੂਜੀ ਸਭਿਅਤਾ ਦਾ ਰੰਗ ਉਸ ਉੱਤੇ ਪੂਰੀ ਤਰ੍ਹਾਂ ਚੜ੍ਹ ਸਕਦਾ ਹੈ। ਕਿਸੇ ਵੀ ਸਭਿਅਤਾ ਦੇ ਰੰਗ ਵਿਚ ਰੰਗੇ ਜਾਣ ਲਈ ਬੋਲੀ ਦੀ ਪਕੜ ਮਜ਼ਬੂਤ ਹੋਣੀ ਜ਼ਰੂਰੀ ਹੈ, ਆਤਮ-ਵਿਸ਼ਵਾਸ ਕੁੱਟ ਕੁੱਟ ਕੇ ਭਰਿਆ ਹੋਣਾ ਚਾਹੀਦਾ ਹੈ ਤੇ ਉਸ ਸਭਿਅਤਾ ਦੇ ਇਤਿਹਾਸ ਦੇ ਹਰ ਪਹਿਲੂ ਤੋਂ ਵਾਕਿਫ਼ ਹੋਣਾ ਜ਼ਰੂਰੀ ਹੈ। ਅੰਗਰੇਜ਼ ਹਾਕਮਾਂ ਦੀ ਬੱਚੇ ਦੀ ਮਾਨਸਿਕਤਾ ਨੂੰ ਏਨੀ ਬਾਰੀਕੀ ਨਾਲ ਸਮਝ ਕੇ ਚੱਲੀ ਚਾਲ ਨੇ ਮੈਨੂੰ ਕਾਇਲ ਕਰ ਛੱਡਿਆ ਹੈ। ਨਤੀਜਾ ਸਾਡੇ ਸਭ ਦੇ ਸਾਹਮਣੇ ਹੈ:

  1. ਪੰਜਾਬ ਵਿਚ ਆਪਣੀ ਬੋਲੀ ਨੂੰ ਉਕਾ ਹੀ ਤਰਜੀਹ ਨਹੀਂ ਦਿੱਤੀ ਜਾਂਦੀ।
  2. ਪੰਜਾਬ ਦੇ ਵੱਡੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਪੰਜਾਬੀ ਬੋਲਣ’ਤੇ ਬੱਚਿਆਂ ਨੂੰ ਜੁਰਮਾਨਾ ਦੇਣਾ ਪੈਂਦਾ ਹੈ ਜਾਂ ਸਜ਼ਾ ਦਿੱਤੀ ਜਾਂਦੀ ਹੈ।
  3. ਸਕੂਲ ਵਿਚ ਤੀਜੀ ਜਮਾਤ ਤਕ ਸਿਰਫ਼ ਮਾਂ-ਬੋਲੀ ਪੜ੍ਹਾਈ ਜਾਣ’ਤੇ ਨਾ ਤਾਂ ਹੁਕਮਰਾਨ ਤਿਆਰ ਹਨ ਤੇ ਨਾ ਹੀ ਮਾਪੇ।
  4. ਪੰਜਾਬੀ ਮਾਪੇ ਆਪਣੀ ਬੋਲੀ ਉਪਰ ਮਾਣ ਕਰਨ ਦੀ ਬਜਾਇ ਇਸ ਨੂੰ ਅਨਪੜ੍ਹਾਂ ਦੀ ਬੋਲੀ ਕਹਿਣ ਲੱਗ ਪਏ ਹਨ।

ਜੇ ਯਕੀਨ ਨਹੀਂ ਤਾਂ ਇਸ ਵਾਕਿਆ ਨੂੰ ਸੁਣ ਲਵੋ। ਇਕ ਇਕੱਠ ਵਿਚ ਬੋਲੀ ਦੀ ਮਹੱਤਾ ਬਾਰੇ ਜਦੋਂ ਮੈਂ ਦੱਸਣਾ ਸ਼ੁਰੂ   ਕੀਤਾ ਤਾਂ ਪੇਂਡੂ ਤੇ ਸ਼ਹਿਰੀ ਮਾਪੇ ਅਗਾਂਹ ਵਧ ਵਧ ਕੇ ਬੋਲ ਰਹੇ ਸਨ, ”ਅੰਗਰੇਜ਼ੀ ਨਾ ਪੜ੍ਹਾ ਕੇ ਕੀ ਬੱਚੇ ਅਨਪੜ੍ਹ ਬਣਾ ਲਈਏ ?” ਹੁਣ ਦੱਸੋ, ਕੀ ਸਿਰਫ਼ ਉਮਰ ਦੇ ਪਹਿਲੇ ਸੱਤ ਜਾਂ ਅੱਠ ਸਾਲ ਬੱਚੇ ਨੂੰ ਮਾਂ-ਬੋਲੀ ਤੇ ਆਪਣੀ ਸਭਿਅਤਾ ਵਿਚ ਪਰਪੱਕ ਕਰਨ ਨਾਲ ਤੇ ਅੱਗੋਂ ਭਾਵੇਂ ਜ਼ਿੰਦਗੀ ਭਰ ਅੰਗਰੇਜ਼ੀ ਜਾਂ ਕੋਈ ਵੀ ਹੋਰ ਜ਼ੁਬਾਨ ਪੜ੍ਹਨ ਨਾਲ ਬੱਚੇ ਅਨਪੜ੍ਹ ਬਣ ਜਾਣਗੇ ?

ਅਸ਼ਕੇ ਅੰਗਰੇਜ਼ਾਂ (ਮੈਕਾਲੇ) ਦੀ ਇਸ ਨੀਤੀ ਦੇ, ਜਿਨ੍ਹਾਂ ਨੇ ਬੋਲੀ ਦੇ ਗੇੜ ਵਿਚ ਪੰਜਾਬੀਆਂ ਨੂੰ ਰੋੜ੍ਹ ਕੇ ਸਦੀਆਂ ਦੀ ਭਾਸ਼ਾਈ ਗ਼ੁਲਾਮੀ ਦੇ ਛੱਡੀ ਹੈ। ਕੀ ਕੋਈ ਪੰਜਾਬੀ ਮੈਨੂੰ ਇਹ ਦੱਸ ਸਕਦਾ ਹੈ ਕਿ ਪਹਿਲੀਆਂ ਤਿੰਨ ਜਾਂ ਚਾਰ ਜਮਾਤਾਂ ਵਿਚ ਆਪਣੀ ਬੋਲੀ ਨਾ ਪੜ੍ਹਨ ਜਾਂ ਨਾ ਬੋਲਣ ਨਾਲ ਕੀ ਉਹ ਪੰਜਾਬੀ ਦੀ ਥਾਂ ਅੰਗਰੇਜ਼ ਬਣ ਜਾਏਗਾ ? ਇਹ ਉਕਾ ਹੀ ਗ਼ਲਤ ਖ਼ਿਆਲ ਹੈ ਕਿ ਬਾਅਦ ਵਿਚ ਬੱਚਾ ਦੂਜੀ ਜ਼ਬਾਨ ਨਹੀਂ ਸਿੱਖ ਸਕਦਾ। ਖੋਜ ਇਹ ਸਾਬਤ ਕਰ ਚੁੱਕੀ ਹੈ ਕਿ ਦੁਭਾਸ਼ੀ ਜਾਂ ਤਿਭਾਸ਼ੀ ਇਨਸਾਨ ਉਹੀ ਕਾਮਯਾਬ ਹਨ, ਜਿਹੜੇ ਆਪਣੀ ਮਾਂ-ਬੋਲੀ ਵਿਚ ਪਹਿਲਾਂ ਪਰਪੱਕ ਹੁੰਦੇ ਹਨ।

ਅੰਗਰੇਜ਼ੀ ਭਾਸ਼ਾ ਇਸ ਲਈ ਕਾਮਯਾਬ ਹੈ, ਕਿਉਂਕਿ ਹਰ ਅੰਗਰੇਜ਼ ਵਿਗਿਆਨੀ, ਹਰ ਅੰਗਰੇਜ਼ ਸਾਹਿਤਕਾਰ, ਹਰ ਅੰਗਰੇਜ਼ ਲੇਖਕ ਆਪਣੀ ਬੋਲੀ ਨੂੰ ਵਧੀਆ ਸਾਹਿਤ ਨਾਲ ਭਰਪੂਰ ਕਰਨ ਦਾ ਇੱਛੁਕ ਹੈ। ਜਦ ਕਿ ਹਰ ਪੰਜਾਬੀ ਆਪਣੀ ਬੋਲੀ ਦਾ ਪਿਛੋਕੜ ਜਾਣੇ ਬਗ਼ੈਰ ਆਪਣੇ ਆਪ ਨੂੰ ਨੀਵਾਂ ਮੰਨ ਕੇ ਆਪਣੀ ਬੋਲੀ ਨੂੰ ਦਫ਼ਨ ਕਰਨ ਦੇ ਹੱਕ ਵਿਚ ਹੈ। ਆਪਣੀ ਸਭਿਅਤਾ ਤੇ ਆਪਣੀ ਪਛਾਣ ਨੂੰ ਖ਼ਤਮ ਕਰ ਕੇ ਜਿੱਥੇ ਅਸੀਂ ਆਪਣੀ ਮਾਂ-ਬੋਲੀ ਨਾਲ ਧੱਕਾ ਕਰ ਰਹੇ ਹਾਂ, ਉੱਥੇ ਅਸੀਂ ਪੰਜਾਬੀ ਲੋਕ ਬਿਨਾਂ ਕਾਰਨ ਅੰਗਰੇਜ਼ੀ ਦੇ ਪਿੱਛਲਗ ਬਣਦੇ ਜਾ ਰਹੇ ਹਾਂ। ਸਾਡੇ ਬੱਚੇ ਅੱਧੇ ਪੰਜਾਬੀ ਤੇ ਅੱਧੇ ਅੰਗਰੇਜ਼ ਬਣ ਕੇ ਆਤਮ-ਵਿਸ਼ਵਾਸ ਭਰਪੂਰ ਨਹੀਂ ਬਣ ਸਕਦੇ। ਆਪਣੀ ਪਛਾਣ ਗੁਆ ਕੇ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਹਨ ? ਕਿਉਂ ਨਹੀਂ ਪੰਜਾਬੀ ਆਪਣੀ ਬੋਲੀ ਨੂੰ ਏਨਾ ਭਰਪੂਰ ਕਰ ਸਕਦੇ ਕਿ ਅੰਗਰੇਜ਼ ਵੀ ਪੰਜਾਬੀ ਸਿੱਖਣ ਨੂੰ ਤਰਜੀਹ ਦੇਣ ਤੇ ਪੰਜਾਬੀਆਂ ਨੂੰ ਇੱਜ਼ਤ ਨਾਲ ਵੇਖਣ ਤਾਂ ਜੋ ਪੰਜਾਬੀਆਂ ਦਾ ਪੂਰੀ ਦੁਨੀਆ ਵਿਚ ਮਾਣ ਨਾਲ ਸਿਰ ਉੱਚਾ ਹੋ ਸਕੇ।

ਮੈਂ ਜ਼ਰੂਰ ਦੱਸਣਾ ਚਾਹਾਂਗੀ ਉਸ ਫ਼ਰਾਂਸੀਸੀ ਵਿਦਵਾਨ ਬਾਰੇ, ਜੋ ਬਾਬਾ ਫ਼ਰੀਦ ਉੱਤੇ ਖੋਜ ਕਰਨ ਪੰਜਾਬ ਆਇਆ ਸੀ। ਉਹ ਦਿੱਲੀ ਵਿਚ ਸਾਨੂੰ ਹਵਾਈ ਅੱਡੇ ‘ਤੇ ਮਿਲਿਆ ਤੇ ਜਹਾਜ਼ ਦੀ ਉਡੀਕ ਕਰਦਿਆਂ ਟੁੱਟੀ ਫੁੱਟੀ ਅੰਗਰੇਜ਼ੀ ਵਿਚ ਗੱਲਬਾਤ ਕਰਨ ਲੱਗ ਪਿਆ। ਕਹਿਣ ਲੱਗਾ, ””ਮੈਂ ਬਹੁਤ ਉਮੀਦ ਨਾਲ ਇੱਥੇ ਆਇਆ ਸੀ। ਮੈਂ ਬਾਬਾ ਫ਼ਰੀਦ ਤੋਂ ਪਹਿਲਾਂ ਦੀ ਪੰਜਾਬੀ ਬਾਰੇ ਖੋਜ ਕਰਨ ਆਇਆ ਸੀ। ਪੂਰੇ ਪੰਜਾਬ ਦੀਆਂ ਯੂਨੀਵਰਸਿਟੀਆਂ, ਬਹੁਤ ਸਾਰੇ ਕਾਲਜਾਂ ਤੇ ਸਕੂਲਾਂ ਵਿਚ ਮੈਂ ਘੁੰਮਿਆ ਪਰ ਇਕ ਵੀ ਬੱਚੇ ਨੂੰ ਉਸ ਬਾਰੇ ਪਤਾ ਨਹੀਂ ਸੀ। ਹੋਰ ਤਾਂ ਹੋਰ ਨੱਬੇ ਪ੍ਰਤੀਸ਼ਤ ਉਸਤਾਦਾਂ ਨੂੰ ਵੀ ਪੂਰਾ ਪਤਾ ਨਹੀਂ ਸੀ। ਜਿਨ੍ਹਾਂ ਉਸਤਾਦਾਂ ਨੂੰ ਪਤਾ ਸੀ, ਉਹ ਵੀ ਏਨਾ ਘੱਟ ਕਿ ਉਨ੍ਹਾਂ ਤੋਂ ਵੱਧ ਮੈਨੂੰ ਉਸ ਬਾਰੇ ਪਤਾ ਹੈ। ਮੈਂ ਆਪਣੇ ਇਕ ਵਿਦਿਆਰਥੀ ਨੂੰ ਲਾਲਾ ਕਿਰਪਾ ਸਾਗਰ ਉੱਤੇ ਖੋਜ ਕਰਨ ਦਾ ਕੰਮ ਦਿੱਤਾ ਹੋਇਆ ਹੈ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਹੈ। ਬਾਬਾ ਫ਼ਰੀਦ ਤੋਂ ਪਹਿਲਾਂ ਦੀ ਪੰਜਾਬੀ ਤਾਂ ਕਿਤੇ ਰਹੀ, ਲੋਕ ਬਾਬਾ ਫ਼ਰੀਦ ਬਾਰੇ ਹੀ ਪੁਰੀ ਤਰ੍ਹਾਂ ਨਹੀਂ ਜਾਣਦੇ ਤਾਂ ਲਾਲਾ ਕਿਰਪਾ ਸਾਗਰ ਬਾਰੇ ਕੀ ਜਾਣਦੇ ਹੋਣਗੇ? ਤੁਹਾਡੇ ਪੰਜਾਬ ਦੇ ਸਕੂਲਾਂ ਦੇ ਬੱਚਿਆਂ ਵਿਚ ਤਾਂ ਬਹੁਤਿਆਂ ਨੂੰ ਆਪਣੇ ਗੁਰੂਆਂ ਦੇ ਨਾਂ ਵੀ ਨਹੀਂ ਪਤਾ। ਤੁਹਾਡੇ ਧਰਮ ਦਾ ਪਿਛੋਕੜ ਏਨਾ ਤਾਜ਼ਾ ਹੈ, ਫਿਰ ਵੀ ਇਸ ਬਾਰੇ ਪੂਰਾ ਗਿਆਨ ਬੜੇ ਘੱਟ ਲੋਕਾਂ ਨੂੰ ਹੈ।

”ਮੇਰੀ ਚਮੜੀ ਵੇਖ ਕੇ ਪਿੰਡਾਂ ਵਿਚਲੇ ਬਹੁਤੇ ਬੱਚੇ ਮੇਰੇ ਵੱਲ ਭੱਜੇ ਆਉਂਦੇ ਸਨ ਤੇ ਆਉਂਦੇ ਸਾਰ ਮੈਨੂੰ ‘ਹੈਲੋ’ ਕਹਿੰਦੇ ਸਨ। ਕਮਾਲ ਦੀ ਗੱਲ ਹੈ ਕਿ ਕਿਸੇ ਬੱਚੇ ਨੇ ਮੈਨੂੰ ਹੱਥ ਜੋੜ ਕੇ ‘ਸਤਿ ਸ੍ਰੀ ਅਕਾਲ’ ਨਹੀਂ ਆਖੀ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਤੁਸੀਂ ਸਭ ਆਪਣੀ ਸਭਿਅਤਾ ਛੱਡ ਰਹੇ ਹੋ। ਇਸ ਤਰ੍ਹਾਂ ਪੂਰੀ ਦੁਨੀਆ ਵਿਚ ਤੁਸੀਂ ਅਣਗੌਲੇ ਰਹਿ ਜਾਵੋਗੇ। ਤੁਸੀਂ ਆਪਣੀ ਪਛਾਣ ਛੱਡੀ ਨਹੀਂ ਕਿ ਦੁਨੀਆ ਭਰ ਦੇ ਲੋਕ ਤੁਹਾਨੂੰ ਛੱਡ ਦੇਣਗੇ।”  ਏਨੀ ਦੇਰ ਨੂੰ ਹੀ ਇਕ ਹੋਰ ਪੰਜਾਬੀ ਡਾਕਟਰ ਦਾ ਟੱਬਰ ਉੱਥੇ ਪਹੁੰਚ ਗਿਆ। ਉਹ ਵੀ ਸਾਡੇ ਕੋਲ ਹੀ ਆ ਕੇ ਖੜੇ ਹੋ ਗਏ। ਮੈਂ ਉਨ੍ਹਾਂ ਨੂੰ ਕਿਹਾ, ”ਜਹਾਜ਼ ਇਕ ਘੰਟਾ ਪਚਵੰਜਾ ਮਿੰਟ ਲੇਟ ਹੈ।” ਉਨ੍ਹਾਂ ਦੀ ਬੇਟੀ ਜੋ ਸੱਤਵੀਂ ਜਮਾਤ ਵਿਚ ਪੜ੍ਹਦੀ ਸੀ, ਇਕਦਮ ਬੋਲੀ, ”ਮੰਮੀ, ਪਚਵੰਜਾ ਕੀ ਹੁੰਦੈ?”

ਉਹ ਫ਼ਰਾਂਸੀਸੀ ਮੇਰੇ ਵੱਲ ਵੇਖ ਕੇ ਬੋਲਿਆ, ”ਮੈਡਮ, ਏਨੀ ਕੁ ਪੰਜਾਬੀ ਤਾਂ ਮੈਂ ਪਹਿਲਾਂ ਹੀ ਸਿੱਖ ਕੇ ਆਇਆਂ। ਅੱਜ ਮੈਨੂੰ ਧੱਕਾ ਲੱਗਿਆ ਹੈ। ਤੁਹਾਡੇ ਬੱਚੇ ਤੁਹਾਡੀ ਬੋਲੀ ਤੋਂ ਪੂਰੀ ਤਰ੍ਹਾਂ ਟੁੱਟ ਰਹੇ ਹਨ। ਤੁਹਾਡੇ ਵਿੱਚੋਂ ਕੋਈ ਵੀ ਫਿਕਰਮੰਦ ਨਹੀਂ। ਮੈਂ ਸ਼ਾਇਦ ਹੁਣ ਦੁਬਾਰਾ ਪੰਜਾਬ ਕਦੇ ਨਾ ਆਵਾਂ, ਪਰ ਏਨਾ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਮੇਰੇ ਪੜਪੋਤਰੇ ਵੇਲੇ ਤਕ ਅੱਧੀ ਪੰਜਾਬੀ ਸਭਿਅਤਾ ਦਾ ਖ਼ਾਤਮਾ ਜ਼ਰੂਰ ਹੋ ਚੁੱਕਿਆ ਹੋਵੇਗਾ ਤੇ ਰਹਿੰਦੀ ਦੁਨੀਆ ਤੁਹਾਡਾ ਗਿੱਧਾ ਤੇ ਭੰਗੜਾ ਪਿਛਲੀਆਂ ਰਿਕਾਰਡ ਕੀਤੀਆਂ ਕੈਸਟਾਂ ਵਿਚ ਹੀ ਵੇਖ ਸਕੇਗੀ।” ਕੀ ਕਿਸੇ ਹੁਕਮਰਾਨ ਤਕ ਇਹ ਆਵਾਜ਼ ਪਹੁੰਚੀ ਹੈ ਜਾਂ ਕਿਸੇ ਪੰਜਾਬੀ ਦੀ ਜ਼ਮੀਰ ਇਸ ਨਾਲ ਕੰਬੀ ਹੈ?  ਅਸੀਂ ਆਪਣੀ ਮਾਂ-ਬੇਲੀ ਦਾ ਘੇਰਾ ਸੀਮਿਤ ਕਰ ਕੇ ਹੌਲੀ ਹੌਲੀ ਉਸ ਨੂੰ ਚਾਰ-ਦੀਵਾਰੀ ਅੰਦਰ ਬੰਦ ਕਰ ਕੇ ਰੱਖ ਰਹੇ ਹਾਂ।

ਚਾਰ-ਦੀਵਾਰੀ ਵਿਚ ਵੀ ਆਪਣੇ ਬੱਚੇ ਨੂੰ ਬਿਜਲੀ ਦੀ ਥਾਂ ‘ਲਾਈਟ’ ਕਹਿਣ ਲਈ ਪ੍ਰੇਰਦੇ ਹਾਂ।

ਆਪਣੀ ਬੋਲੀ ਤੇ ਆਪਣੀ ਸਭਿਅਤਾ ਵਿਚ ਪਰਪੱਕ ਹੋਣ ਤੋਂ ਬਾਅਦ ਜੇ ਕੋਈ ਪੰਜਾਬੀ ਅਮਰੀਕਾ, ਇੰਗਲੈਂਡ ਜਾ ਕੈਨੇਡਾ ਵਿਚ ਉੱਚੇ ਅਹੁਦੇ ‘ਤੇ ਆਪਣੀ ਮਿਹਨਤ ਨਾਲ ਪਹੁੰਚਦਾ ਹੈ ਤਾਂ ਸਾਰੇ ਉਸ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਹਨ ਤੇ ਉਸ ਇਕ ਇਨਸਾਨ ਕਾਰਨ ਪੂਰੇ ਪੰਜਾਬੀਆਂ ਦਾ ਨਾਂ ਰੌਸ਼ਨ ਹੁੰਦਾ ਹੈ ਨਾ ਕਿ ਅਮਰੀਕਨਾਂ ਦਾ। ਯਾਨੀ ਆਪਣੇ ਪਿਛੋਕੜ ਨਾਲ ਬੰਦੇ ਦੀਆਂ ਜੜ੍ਹਾਂ ਤੋੜਨ ‘ਤੇ ਵੀ ਟੁੱਟਦੀਆਂ ਨਹੀਂ। ਜੇ ਅਜਿਹਾ ਬੰਦਾ ਆਪਣੀ ਪਛਾਣ ਛੱਡ ਦੇਵੇਗਾ ਤਾਂ ਕਿਸੇ ਜੋਗਾ ਵੀ ਨਹੀਂ ਰਹਿ ਸਕਦਾ। ਉਹ ਵੀ ਭੀੜ ਵਿਚਲਾ ਇਕ ਬੰਦਾ ਹੀ ਬਣ ਕੇ ਰਹਿ ਜਾਵੇਗਾ।

ਆਪਣੀ ਬੋਲੀ ਤੇ ਆਪਣੀ ਸਭਿਅਤਾ ਨਾਲ ਮੋਹ ਤਿਆਗ ਕੇ ਪੰਜਾਬੀ ਵੀ ਇਕ ਵੱਡੀ ਭੀੜ ਵਿਚ ਗੁੰਮ ਹੋ ਜਾਣ ਲਈ ਤਿਆਰ ਹੋ ਰਹੇ ਹਨ। ਜੇ ਕਿਸੇ ਪੰਜਾਬੀ ਦੀ ਜ਼ਮੀਰ ਹਲੂਣੀ ਗਈ ਹੋਵੇ ਤਾਂ ਹੁਣ ਵੀ ਵੇਲਾ ਹੈ ਜਾਗਣ ਦਾ ਤੇ ਆਪਣੀ ਬੋਲੀ ਪ੍ਰਤੀ ਧ੍ਰੋਹ ਦਾ, ਖ਼ਾਤਮਾ ਕਰਨ ਦਾ।

ਆਓ, ਰਲ ਕੇ ਹੰਭਲਾ ਮਾਰੀਏ ਤੇ ਆਪਣੀ ਬੋਲੀ ਤੇ ਆਪਣੀ ਸਭਿਅਤਾ ਉੱਤੇ ਫ਼ਖ਼ਰ ਕਰੀਏ, ਆਪਣੇ ਬੱਚਿਆਂ ਨੂੰ ਪੰਜਾਬੀ ਅਤੇ ਪੰਜਾਬੀਅਤ ਉੱਤੇ ਮਾਣ ਕਰਨਾ ਸਿਖਾਈਏ ਤੇ ਆਪਣੀ ਬੋਲੀ ਨੂੰ ਵਧੀਆ ਸਾਹਿਤ ਨਾਲ ਭਰਪੂਰ ਕਰੀਏ।  ਆਓ, ਪੰਜਾਬੀ ਜ਼ੁਬਾਨ ਦੀ ਇਬਾਦਤ ਕਰਨੀ ਸਿੱਖੀਏ ਤਾਂ ਜੋ ਦੂਸਰੀ ਸਭਿਅਤਾ ਦੇ ਲੋਕ ਵੀ ਇਸ ਬੋਲੀ ਨੂੰ ਸਿੱਖਣ ਦੇ ਚਾਹਵਾਨ ਹੋਣ ਤੇ ਸਾਡੀ ਬੋਲੀ ਦਾ ਘੇਰਾ ਫੇਰ ਵਧਣ ਲੱਗ ਪਵੇ। ਸਾਡੇ ਬੱਚੇ ਜੇ ਤੀਜੀ ਜਮਾਤ ਤੋਂ ਬਾਅਦ ਦੋ ਜਾਂ ਤਿੰਨ ਭਾਸ਼ਾਵਾਂ ਵੀ ਸਿੱਖਦੇ ਹਨ ਤਾਂ ਬਹੁਤ ਵਧੀਆ ਗੱਲ ਹੈ। ਪਰ ਸੋਚੋ ਜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਹੋਰ ਧਾਰਮਿਕ ਗ੍ਰੰਥਾਂ ਦਾ ਅਰਥ ਸਮਝਣ ਲਈ ਪੰਜਾਬੀ ਦੀ ਥਾਂ ਅੰਗਰੇਜ਼ੀ ਵਿਚ ਕੀਤੇ ਤਰਜਮੇ ਨੂੰ ਪੜ੍ਹਦੇ ਹਨ ਤਾਂ ਕੀ ਇਹ ਠੀਕ ਹੈ? ਆਪਣੇ ਪਿਛੋਕੜ ਬਾਰੇ ਕੀ ਅਸੀਂ ਦੂਜਿਆਂ ਦੀ ਭਾਸ਼ਾ ਰਾਹੀਂ ਸਿੱਖਣਾ ਚਾਹ ਰਹੇ ਹਾਂ?

ਕਾਸ਼! ਜਾਗੇ ਕੋਈ ਊਧਮ ਸਿੰਘ ਵਰਗਾ ਵੀਰ ਤੇ ਆਪਣੀ ਮਾਂ-ਬੋਲੀ ਦੇ ਪ੍ਰੇਮ ਦੀ ਗੋਲੀ ਹਰ ਪੰਜਾਬੀ ਦੇ ਸੀਨੇ ਵਿਚ ਦਾਗ਼ ਦੇਵੇ।ਕੋਈ ਤਾਂ ਨਿਤਰੇ ਜਿਹੜਾ ਪੰਜਾਬੀ ਬੱਚਿਆਂ ਨੂੰ ਪੰਜਾਬ ਦੇ ਵਿਚ ਇਹ ਦੱਸ ਸਕੇ ਕਿ ਪਚਵੰਜਾ ਕੀ ਹੁੰਦਾ ਹੈ?

Loading spinner