ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਵਿਸ਼ਵ ਵਸੋਂ ਦਿਵਸ
ਡਾ. ਰਿਪੂਦਮਨ ਸਿੰਘ

ਗਿਆਰਾਂ ਜੁਲਾਈ ਦਾ ਸੰਸਾਰ ਵਿਚ ਵਸੋਂ ਦਿਨ ਵਜੋਂ ਮਨਾਇਆ ਜਾਂਦਾ ਹੈ ਅਜ ਮਨਾਇਆ ਵੀ ਗਿਆ। ਅੱਛੀ ਗੱਲ ਹੈ ਦਿਨ ਮਨਾਉਣੇ ਹੀ ਚਾਹੀਦੇ ਹਨ, ਵਰਨਾ ਅਫਸਰ ਤੇ ਨੇਤਾਵਾਂ ਲਈ ਕੰਮ ਹੀ ਕੀ ਰਹਿ ਜਾਵੇਗਾ ਕਰਨ ਲਈ ਵੇਹਲੇ ਨਾ ਹੋ ਜਾਣਗੇ ਸਾਰੇ ਦੇ ਸਾਰੇ, ਨਾਲੇ ਸਕੂਲਾਂ ਦੇ ਛੋਟੇ ਬੱਚੇ ਕੀ ਕੰਮ ਆਉਣਗੇ।

ਅੱਜ ਅਸਲ ਵਿਚ ਹੋਇਆ ਹੀ ਇੰਜ। ਸਵੇਰ ਲਗਭਗ ਹਰ ਸ਼ਹਿਰ ਦੇ ਸਕੂਲਾਂ ਦੀ ਪ੍ਰਾਰਥਨਾ ਬਾਦ ਬੱਚਿਆਂ ਨੂੰ ਕਤਾਰ ਵਿਚ ਇਕੱਠਾ ਕਰ ਸ਼ਹਿਰ ਦੀ ਤਪਦੀਆਂ ਸੜਕਾਂ ਤੇ ਹੱਥਾਂ ਵਿਚ ਬੈਨਰ ਪਕੜਾ ਦਿਤੇ ਗਏ ਤੇ ਉਡੀਕ ਕਰਨ ਲੱਗੇ ਕੇ ਕੋਈ ਵੱਡਾ ਨੇਤਾ ਜਾਂ ਅਫਸਰ ਆਵੇ ਤੇ ਤੁਰਨ ਲਈ ਹਰੀ ਝੰਡੀ ਹਿਲਾਵੇ ਤਾਂ ਕਿ ਵਿਸ਼ਵ ਵਸੋਂ ਦਿਵਸ ਦੀ ਪੈਦਲ ਰੈਲੀ ਤੁਰੇ। ਝੰਡੀ ਵਿਖਾਈ ਗਈ ਰੈਲੀ ਤੁਰ ਪਈ। ਮੂਹਰੇ ਮੂਹਰੇ ਕੁਝ ਪਤਵੰਤੇ ਜਿੰਨਾਂ ਨੇ ਰੰਗ-ਬਿਰੰਗੇ ਰਿਬਨਾਂ ਨਾਲ ਸਜੇ ਬੈਜ ਲਗਾਏ ਹੋਵੇ ਸਨ ਪਿੱਛੇ ਸਨ ਮਾਸਟਰ ਤੇ ਬੱਚੇ।

ਇਹ ਪਤਵੰਤੇ ਕੁਝ ਡਿੰਗ ਤੁਰੇ, ਥੱਕ ਗਏ ਵਿਚਾਰੇ, ਏਅਰ ਕੰਡੀਸ਼ਨ ਕਾਰਾਂ ਗੱਡੀਆਂ ਵਿਚ ਆਣਜਾਣ ਵਾਲੇ ਕਿਹੜਾ ਕਦੇ ਪੈਦਲ ਤੁਰੇ ਸਨ ਉਹ ਵੀ ਹੁੱਮਸ ਭਰੀ ਗਰਮੀ ਵਿਚ। ਇਸ਼ਾਰਾ ਕੀਤਾ ਸ਼ੂ ਸ਼ੂ ਕਰਦੀਆਂ ਗਡੀਆਂ ਆਈਆਂ, ਬੈਠੇ ਤੇ ਉੱਡ ਗਏ। ਰਹਿ ਗਏ ਵਿਚਾਰੇ ਸਕੂਲੀ ਬੱਚੇ ਤੇ ਕੰਟਰੋਲ ਕਰਦੇ ਮਾਸਟਰ ਤੇ ਭੈਣ ਜੀਆਂ।

ਕਾਲੀ ਲੁੱਕ ਦੀ ਸੜਕ ਉਤੇ ਸੂਰਜ ਦੇਵਤਾ ਦੀ ਕ੍ਰਿਪਾ ਅਤੇ ਸਮੇ ਪਹਿਲੋਂ ਪਈ ਬਰਸਾਤ ਦੀ ਮੇਹਰ ਕਾਰਣ ਰੈਲੀ ਵਿਚ ਸਾਮਲ ਸਾਰੇ ਜਣੇ ਮੁੜ੍ਹਕੇ ਨਾਲ ਬੇਹਾਲ ਹੋਈ ਜਾ ਰਹੇ ਸਨ। ਇੰਜ ਲਗ ਰਿਹਾ ਸੀ ਜਿਵੇ ਕੁਦਰਤ ਭੌਤਿਕ ਵਿਗਿਆਨ ਦੇ ਪਾਠ ਪੜ੍ਹਾ ਰਹੀ ਹੋਵੇ।  ਕੇਹੜਾ ਅੱਜ ਨਵੀਂ ਗਲ ਹੋ ਰਹੀ ਹੈ, ਰੋਜ ਹੀ ਅਜੇਹਾ ਵਾਤਾਵਰਣ ਹੰਦਾ ਹੈ ਸਰਕਾਰੀ ਸਕੂਲਾਂ ਵਿਚ ਬਿਜਲੀ ਦੇ ਲੰਮੇ ਕੱਟਾਂ ਸਮੇਂ।

ਮੈਂ ਰੈਲੀ ਦੇ ਬੱਚਿਆਂ ਨੂੰ ਪੁੱਛ ਬੈਠਾ ਕਿ ਪੁੱਤਰੋ ਅੱਜ ਇਹ ਇਕੱਠ ਕਿਸ ਲਈ। ਪਤਾ ਨਹੀਂ ਅੰਕਲ ਜੀ ਰੈਲੀ ਕਾਹਦੇ ਲਈ ਹੈ, ਬੱਚਿਆਂ ਕਿਹਾ। ਇਕ ਵਿਦਿਆਰਥੀ ਨੇ ਦੱਸਿਆ ਕਿ ਅੰਕਲ ਜੀ, ਟੀਚਰ ਕਹਿ ਰਹੇ ਸਨ ਕਿ ਅੱਜ ਸੰਸਾਰ ਵਸੋਂ ਦਿਵਸ ਹੈ, ਦਸਦੇ ਸਨ ਕਿ ਦੁਨੀਆਂ ਦੀ ਅਬਾਦੀ ਵਧ ਰਹੀ ਹੈ ਇਸ ਵੱਲ ਧਿਆਨ ਦਿਵਾਉਣਾ ਹੈ ਲੋਕਾਂ ਦਾ। ਜਿਗਿਆਸਾ ਵਜੋਂ ਮੈਂ ਕਹਿ ਬੈਠਾ ਕੇ ਕੋਣ ਵਧਾ ਰਿਹਾ ਹੈ ਅਬਾਦੀ, ਬੱਚੇ ਨੇ ਤੁੰਰਤ ਉੱਤਰ ਦਿਤਾ ਜੀ ਅਸੀਂ ਤਾਂ ਨਹੀਂ ਵਧਾ ਰਹੇ, ਵਿਆਹੇ ਲੋਕ ਵਧਾਉਂਦੇ ਹਨ ਅਬਾਦੀ ਨੂੰ। ਅੰਕਲ ਨਾਲੇ ਸਾਡਾ ਕੇਹੜਾ ਅਜੇ ਵਿਆਹ ਹੋਇਆ ਹੈ, ਜਦ ਵਿਆਹੇ ਜਾਵਾਂਗੇ ਦੇਖੀ ਜਾਓ ਤਦੋਂ ਸੋਚਾਂਗੇ ਹੁਣੇ ਤੋਂ ਕਿਉਂ ਟੈਨਸ਼ਨ ਲਈਏ। ਬੱਚੇ ਦੇ ਉਤਰ ਨੇ ਮੈਨੂੰ ਹੱਕਾ ਬੱਕਾ ਕਰ ਦਿਤਾ। ਅੰਕਲ ਜੀ ਸਾਨੂੰ ਸਾਰੇ ਦਿਵਸਾਂ ਦਾ ਪਤਾ ਹੈ, ਅਸੀਂ ਹੀ ਤਾਂ ਹੁੰਦੇ ਹਾਂ ਮੁਫਤ ਵਿਚ ਹਰ ਰੈਲੀ ਦੀ ਸ਼ਾਨ।

ਇਕ ਬੱਚੇ ਨੇ ਕਿਹਾ ਸਰ ਦੋ ਕਿਲੋ ਮੀਟਰ ਤੁਰ ਆਏ ਹਾਂ ਪਿਆਸ ਲਗੀ ਹੈ, ਪਾਣੀ ਹੀ ਪਿਆ ਦਿਓ। ਕਿਸੇ ਨੇ ਨਹੀ ਪੁੱਛਿਆ ਪਾਣੀ ਸਾਨੂੰ। ਮੈਂ ਇਸ ਪੁਕਾਰ ਤੇ ਝੰਜੋਟਿਆ ਗਿਆ, ਸੱਚ ਵਿਚ ਪਾਣੀ ਦਾ ਕਿਤੇ ਵੀ ਕੋਈ ਇੰਤਜ਼ਾਮ ਨਹੀਂ ਸੀ ਕਿਸੇ ਲਈ। ਬਹੁਤ ਭੱਜ ਦੌੜ ਕਰ ਬੱਚੇ ਨੂੰ ਪਾਣੀ ਪਿਲਾ ਸਕਿਆ। ਕਿਉ ਕੱਢੀਆਂ ਜਾਂਦੀਆਂ ਹਨ ਇਸ ਕਿਸਮ ਦੀ ਰੈਲੀਆਂ ਜਿਨ੍ਹਾਂ ਵਿਚ ਯੋਗ ਪ੍ਰਬੰਧ ਨਹੀ ਹੁੰਦੇ ਪਾਣੀ ਦੇ, ਡਾਕਟਰੀ ਸਹੂਲਤਾਂ ਦੇ। ਬੱਚਿਆਂ ਦੀ ਮਲੂਕ ਜਿੰਦਾਂ ਨਾਲ ਕਿਓਂ ਖਿਲਵਾੜ ਕਰਦੇ ਹਾਂ ਅਸੀਂ?

ਪੜ੍ਹੇ ਲਿਖੇ ਅਤੇ ਸਹਿਰਾਂ ਦੇ ਲੋਕਾਂ ਦੇ ਅੱਜਕੱਲ ਮਸਾਂ ਇਕ ਜਾਂ ਦੋ ਬੱਚੇ ਹੀ ਹੁੰਦੇ ਹਨ। ਵੱਧ ਬੱਚੇ ਪਾਲਣ ਦਾ ਹੀਆ ਹੀ ਨਹੀ। ਹਾਸੇ ਵਾਲੀ ਗੱਲ ਹੈ ਕਿ ਵੱਧ ਰਹੀ ਅਬਾਦੀ ਦਾ ਸੁਨੇਹਾ ਜਿਨਾਂ ਨੂੰ ਦੇਣ ਜਾ ਪਹੁੰਚਾਣ ਦੀ ਲੋੜ ਹੈ ਉਨਾਂ ਤੱਕ ਤਾਂ ਕਦੇ ਕੋਈ ਅੱਪੜਦਾ ਹੀ ਨਹੀ। ਮੇਰਾ ਇਸ਼ਾਰਾ ਝੁੱਗੀ ਝੋਪੜੀਆਂ ਤੇ ਪੰਜਾਬ ਦੀ ਅਬਾਦੀ ਵਿਚ ਵਾਧਾ ਕਰਨ ਵਾਲੇ ਪਰਵਾਸੀ ਲੋਕਾਂ ਵੱਲ ਹੈ, ਜਿਨਾਂ ਲਈ ਜਿਤਨੇ ਵੱਧ ਬੱਚੇ ਉਤਨੀ ਵੱਧ ਆਮਦਨ ਦਾ ਹੋਕਾ ਹੈ। ਇਨਾਂ ਨੇ ਕੀ ਲੈਣਾਂ ਹੈ ਅਜਿਹੇ ਦਿਨ ਦਿਹਾੜਿਆਂ ਤੋਂ। ਅਸੀਂ ਤਾਂ ਥਾਂ ਥਾਂ ਲੰਗਰ ਲਾ ਕੇ ਧਰਮ ਦੇ ਨਾ ਤੇ ਪਰਵਾਸੀਆਂ ਨੂੰ ਹੀ ਪਾਲ ਰਹੇ ਹਾਂ।

ਸਰਕਾਰ ਤੇ ਸਮੂਹ ਸਮਾਜ ਵਲੋ ਅਬਾਦੀ ਨੂੰ ਰੋਕਣ ਦੇ ਜ਼ਰੀਏ ਹਰ ਸਮੇ ਅਸਫਲ ਰਹੇ ਕਿਉਂ ਕਿ ਕੋਈ ਸਹੀ ਟਾਰਗਟ ਹੀ ਨਹੀ ਹੈ। ਗਲਤ ਖੁੱਡ ਛੋਹੋਗੇ ਤਾਂ ਸੱਪ ਡੰਗੇਗਾ ਹੀ। ਜ਼ਬਰਨ ਨਸਬੰਦੀ ਵੀ ਫ਼ੇਲ੍ਹ ਰਹੀ ਸਰਕਾਰ ਦੀ ਤੇ ਡਾਕਟਰਾਂ ਦੀ। ਦਿਨ ਦਿਹਾੜੇ ਛੱਡ, ਸਹੀ ਸਕੀਮਾਂ ਘੜੀਆਂ ਜਾਣ ਤੇ ਸਹੀ ਥਾਂ ਪਹੁੰਚਣ ਦੀ ਲੋੜ ਹੈ। ਸੱਚ ਹੈ ਸਕੂਲ ਦੇ ਬੱਚਿਆਂ ਨੇ ਰੈਲੀਆਂ ਕਰ ਸਮੱਸਿਆ ਦਾ ਹੱਲ ਥੋੜੇ ਹੀ ਹੋਣ ਵਾਲਾ ਹੈ। ਸਮਾਂ ਬਦਲ ਗਿਆ ਹੈ ਅੱਜਕੱਲ ਰੈਲੀਆਂ ਦਾ ਕੋਈ ਪ੍ਰਭਾਵ ਨਹੀਂ ਰਿਹਾ। ਬੱਚਿਆਂ ਨੂੰ ਪੜ੍ਹਨ ਦਿਓ ਤੇ ਅਧਿਆਪਕਾਂ ਨੂੰ ਪੜ੍ਹਾਣ। ਜਿਸ ਵਰਗ ਵਿਚ ਅਬਾਦੀ ਵੱਧ ਹੈ ਜਾਂ ਜਿਨ੍ਹਾਂ ਵੱਲੋ ਵਧਾਈ ਜਾ ਰਹੀ ਹੈ ਉਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਣੀ ਬਹੁਤ ਜਰੂਰੀ ਹੈ ਤਾਂ ਹੀ ਅਜੇਹੇ ਦਿਨਾਂ ਦੀ ਕੋਈ ਸਾਰਥਕਤਾ ਹੋਵੇਗੀ।

ਡਾ: ਰਿਪੁਦਮਨ ਸਿੰਘ
134
-ਐਸਸੰਤ ਨਗਰ,
ਪਟਿਆਲਾ
 147001
ਮੋ:
 9815200134

 

 

Loading spinner