ਪੰਜਾਬੀ ਸਭਿਆਚਾਰ ਚ ਗਾਲ੍ਹਾਂ ਚ ਇਸਤਰੀ ਹੀ ਕੇਂਦਰ ਕਿਉਂ
ਡਾ: ਰਿਪੁਦਮਨ ਸਿੰਘ
ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪਕੜ ਕੀਤੀ ਹੋਈ ਹੈ ਕਿ ਹੋਰਨਾ ਦੇ ਉਭਰਨ ਦੀ ਤਾਂ ਗੁੰਜਾਇਸ਼ ਹੀ ਨਹੀਂ। ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾਂਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿੱਧੇ ਤੌਰ ਤੇ ਇਸਤਰੀ ਨੂੰ ਪੂਜਣਾ ਤਾਂ ਕੀ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ। ਸੱਚ ਤਾਂ ਇਹੋ ਹੀ ਹੈ ਕਿ ਹਰ ਧਰਮ ਤੇ ਸਮਾਜ ਵਿਚ ਹਰ ਇਕ ਸਭਿਅਤਾ ਨੇ ਰੱਬ ਨੂੰ “ਹੀ” “HE” ਉਹ ਵੀ ਵੱਡੇ ਅੱਖਰਾਂ ਵਿਚ ਲਿਖ ਕੇ ਸੰਬੋਧਨ ਕੀਤਾ ਹੈ ਇਸੇ ਲਈ ਤਾਂ ਹਰ ਸਮਾਜ ਮਰਦ ਪ੍ਰਧਾਨ ਸਮਾਜ ਬਣਿਆ, ਹੋਰ ਕੁਝ ਨਹੀ, ਮਰਦ ਦੀ ਆਪਣੀ ਹੈਂਕੜ ਹੈ। ਸਮੇਂ ਦੇ ਸਾਗਰ ਅਤੇ ਦਰਿਆਵਾਂ ਦੇ ਬਹਾਅ ਦੇ ਕਿਨਾਰਿਆਂ ਤੇ ਉਪਜੀਆਂ ਸਭਿਅਤਾਵਾਂ ਨੇ ਵੀ ਇਸਤਰੀ ਨੂੰ ਮਨ ਪ੍ਰਚਾਵਣ ਤੇ ਵੰਸ਼ ਉਤਪਤੀ ਦਾ ਸਾਧਨ ਹੀ ਮੰਨਿਆ ਹੈ। ਹਰ ਇਕ ਸਮਾਜਿਕ ਅਧਾਰ ਵਿਚ ਔਰਤ ਪਰਦੇ ਪਿਛੇ ਰੱਖੀ ਗਈ ਅਤੇ ਘਰ ਵਿਚ ਕੈਦ ਕਰ ਦਿੱਤੀ ਗਈ। ਸਦਾ ਤੋਂ ਹੀ ਇਸਤਰੀ ਇਕ ਮਨੋਰੰਜਨ ਦਾ ਸਾਧਨ ਰਹੀ ਹੈ, ਮਰਦਾਂ ਲਈ। ਭਾਵੇਂ ਔਰਤ ਦੀ ਸਰੀਰਕ ਰਚਨਾ ਹੀ ਪਰਮਾਤਮਾ ਵਲੋਂ ਅਜੇਹੀ ਬਣਾਈ ਗਈ ਹੈ, ਸਭ ਨੂੰ ਇਸ ਦਾ ਗਿਆਨ ਹੈ, ਉਸ ਉੱਤੇ ਪਹਿਰਾਵਾ ਕਾਮ ਰੂਪੀ ਅੱਗ ਨੂੰ ਹਵਾ ਦਿੰਦਾ ਹੈ। ਲਗਭਗ ਸੰਸਾਰ ਦੀਆਂ ਕੁਝ ਇਕ ਲੜਾਈਆਂ ਨੂੰ ਛੱਡ ਕੇ ਸਭ ਦਾ ਅਧਾਰ ਸਿੱਧੇ ਅਸਿੱਧੇ ਤੌਰ ਤੇ ਇਸਤਰੀ ਹੀ ਰਿਹਾ ਹੈ। ਸਕੂਲ ਕਾਲਜਾਂ ਵਿਚ ਝਗੜਿਆਂ ਲਈ ਵੀ ਲੜਕੀਆਂ ਹੀ ਮੁੱਖ ਅਧਾਰ ਰਹਿੰਦੀਆਂ ਹਨ।
ਸਮਾਜ ਨੇ ਔਰਤ ਨੂੰ ਸਿਰਫ ਮਰਦ ਦੀ ਸਰੀਰਕ ਤੇ ਮਾਨਸਿਕ ਲੋੜ ਪੂਰਤੀ ਦਾ ਯੰਤਰ ਬਣਾ ਦਿੱਤਾ। ਲੋੜ ਸਮੇਂ ਪੁਚਕਾਰਿਆ ਔਰਤ, ਨਹੀਂ ਦੁਤਕਾਰ ਦਿੱਤਾ। ਡਾ: ਫਰਾਈਡ ਵਲੋਂ ਨੇ ਸਿੱਧ ਕੀਤਾ ਕਿ ਕਾਮ ਤ੍ਰਿਪਤੀ ਉਪਰੰਤ ਮਰਦ ਦਾ ਇਸਤਰੀ ਵੱਲ ਪਿੱਠ ਕਰਨਾ ਵੀ ਉਸ ਦੀ ਨਿਰਾਦਰੀ ਹੀ ਦਰਸਾਉਂਦਾ ਹੈ।
ਯੁਗਾਂ ਯੁੱਗੰਤਰ ਤੋਂ ਜਦ ਵੀ ਮਰਦ ਨੇ ਗੁੱਸੇ ਵਿਚ ਆ ਕੇ ਜਾਂ ਐਵੇਂ ਹੀ ਮੰਨ ਪ੍ਰਚਾਵੇ ਲਈ ਕੋਈ ਗਾਲ੍ਹ ਕੱਢੀ ਤਾਂ ਵੀ ਉਸ ਨੇ ਇਸਤਰੀ ਰਿਸ਼ਤੇ ਨੂੰ ਸੰਬੋਧਨ ਕੀਤਾ। ਹਰ ਵਾਰ ਗਾਲ੍ਹ ਵਿਚ ਉਚਾਰਣ ਕੀਤਾ “ਤੇਰੀ ਮਾਂ ਦੀ…”, “ਤੇਰੀ ਭੈਣ ਦੀ….”, “ਮਾਂ ਚੋ…..”, “ਭੈਣ ਚੋ……”, “ਕੁੜੀ ਚੋ….”। ਬੋਲ ਚਾਲ ਦੀ ਇਹ ਵਿਆਕਰਣ ਤੇ ਸ਼ਬਦਾਵਲੀ ਇਤਨੀ ਪ੍ਰਚਲਤ ਹੋ ਗਈ ਹੈ ਕਿ ਇਨ੍ਹਾਂ ਦੀ ਵਰਤੋਂ ਬਿਨਾ ਸਮਾਜ ਅਸਭਯ ਜਿਹਾ ਲੱਗਦਾ ਹੈ। ਇੰਜ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਵੇਂ ਆਧੁਨਿਕ ਸਮਾਜ ਗੱਲ ਬਾਤ ਕਰਨ ਦਾ ਸਲੀਕਾ ਹੀ ਭੁੱਲ ਗਿਆ ਹੋਵੇ ਅਤੇ ਵਾਕ ਰਚਨਾ ਅਧੂਰੀ ਰਹਿ ਗਈ ਹੋਵੇ, ਬਿਨਾਂ ਗਾਲ੍ਹਾਂ ਤੋਂ। ਗਾਲ੍ਹ ਵਿਚ ਕਿਸ ਰਿਸ਼ਤੇ ਨੂੰ ਵਰਤਿਆ ਗਿਆ ਹੈ ਤੇ ਕਿਸ ਲਈ ਅਤੇ ਕਿਉਂ, ਨਾ ਗਾਲ੍ਹ ਕੱਢਣ ਵਾਲੇ ਨੂੰ ਪਤਾ ਹੁੰਦਾ ਹੈ ਤੇ ਨਾ ਹੀ ਸੁਣਨ ਵਾਲੇ ਨੂੰ, ਬਸ ਗਾਲ੍ਹ ਕੱਢਣ ਲਈ ਕੱਢ ਦਿਤੀ ਜਾਂਦੀ ਹੈ। ਮਹਾਤਮਾ ਬੁੱਧ ਜੀ ਨੇ ਪ੍ਰਵਚਨ ਕੀਤੇ ਸਨ ਕਿ ਜੇ ਕੋਈ ਗਾਲ੍ਹ ਕੱਢਦਾ ਹੈ ਤਾਂ ਉਸ ਦਾ ਉੱਤਰ ਨਾ ਦਿੱਤਾ ਜਾਵੇ ਤਾਂ ਗਾਲ੍ਹ ਕੱਢਣ ਵਾਲੇ ਨੂੰ ਲੱਗਦੀ ਹੈ।
ਪਰ ਇਥੇ ਤਾਂ ਜਿਹੜੀ ਗਾਲ੍ਹ ਕੱਢੀ ਗਈ ਹੈ ਦਾ ਆਪਣੀ ਮਾਂ, ਭੈਣ ਅਤੇ ਲੜਕੀ ਨਾਲ ਵੀ ਤਾਂ ਰਿਸ਼ਤਾ ਹੈ। ਸਦੀਆਂ ਤੋਂ ਸਾਨੂੰ ਇਹੋ ਸਿੱਖਿਆ ਦਿਤੀ ਜਾਂਦੀ ਰਹੀ ਹੈ ਹਰ ਇਸਤਰੀ ਉਮਰ ਦੇ ਲਿਹਾਜ਼ ਨਾਲ ਹਰ ਇਕ ਦੀ ਮਾਂ, ਭੈਣ ਤੇ ਧੀ ਲਗਦੀ ਹੈ। ਫਿਰ ਕਿਸ ਨੂੰ ਗਾਲ੍ਹਾਂ ਦਿੱਤੀਆਂ ਜਾ ਰਹੀਆਂ ਹਨ, ਆਪਣੀ ਮਾਂ, ਭੈਣ, ਧੀ ਨੂੰ ਹੀ ਨਾ ਆਖਿਰ। ਮਿਤਰੋ ਸਰਮ ਕਰੋ ਕੁਝ ਤਾਂ, ਘੱਟੋ ਘੱਟ ਲੇਖ ਪੜ੍ਹ ਕੇ ਹੀ ਸਹੀ।
ਕਿਸੇ ਇਸਤਰੀ ਸੰਗਠਨ ਨੇ ਕਦੇ ਵਿਰੋਧ ਨਹੀਂ ਕੀਤਾ ਗਾਲ੍ਹਾਂ ਦਾ। ਕਿਸੇ ਔਰਤ ਨੇ ਅਵਾਜ਼ ਨਹੀ ਚੁੱਕੀ ਬਸ ਬੁੱਤ ਬਣ ਸੁਣਦੀ ਰਹੀ ਗਾਲ੍ਹਾਂ, ਮਰਦ ਪਾਸੋਂ। ਪਤਾ ਨਹੀਂ ਕਿਸ ਮਨੋਵਿਗਿਆਨਿਕ ਦੱਬਾ ਹੇਠ ਇੰਜ ਜੁਗਾਂ ਤੋਂ ਹੁੰਦਾ ਆ ਰਿਹਾ ਹੈ। ਸਿੱਖ ਧਰਮ ਵਿਚ ਗੁਰੂ ਸਾਹਿਬਾਨਾਂ ਨੇ ਇਸਤਰੀ ਨੂੰ ਮਾਣ ਦਿਤਾ ਤੇ ਫ਼ੁਰਮਾਇਆ “ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ “। ਅਸਾਂ ਨੇ ਹੀ ਗਾਲ੍ਹਾਂ ਰਾਹੀ ਅੱਜ ਇਸਤਰੀ ਦੀ ਮਾਂ – ਭੈਣ ਇਕ ਕਰ ਦਿਤੀ ।
ਇਸ ਵਿਸ਼ੇ ਤੇ ਅੱਜ ਜਦ ਮੈਂ ਕਈ ਔਰਤਾਂ ਨਾਲ ਚਰਚਾ ਕੀਤੀ ਤਾਂ ਕਹਿਣ ਲੱਗੀਆਂ, ਛੱਡੋ ਜੀ ਆਪਣਾ ਕੀ ਜਾਂਦਾ ਹੈ ਕੱਢੀ ਜਾਣ ਦੋ। ਜੇ ਇਹੋ ਸੋਚ ਰਹੀ ਇਸਤਰੀ ਦੀ ਤਾਂ ਮੇਰਾ ਲਿਖਣਾ ਵਿਅਰਥ ਲੱਗਦਾ ਹੈ ਕੋਈ ਨਹੀਂ ਸੰਵਾਰ ਸਕਦਾ ਕੁਝ ਵੀ, ਇਸਤਰੀ ਦਾ।
ਸਮਾਂ ਬਦਲ ਰਿਹਾ ਹੈ ਪਤਾ ਲੱਗਣ ਲੱਗ ਪਿਆ ਹੈ ਜਦੋਂ ਹੁਣ ਇਸਤਰੀ ਵੀ ਮਰਦਾ ਵਾਂਗ ਮਾਂ, ਭੈਣ ਦੀਆਂ ਗਾਲ੍ਹਾਂ ਕੱਢਣ ਲਗ ਪਈਆਂ ਹਨ। ਕਿਸ ਰਿਸ਼ਤੇ ਨੂੰ ਇਸਤਰੀ ਗਾਲ੍ਹ ਕੱਢ ਰਾਹੀ ਹੈ ਇਸਤਰੀ ਹੀ ਬੇਹਤਰ ਜਾਣਦੀ ਹੈ।
ਪਰ ਸੁਕਰ ਹੈ ਹਾਲੇ ਤਕ ਸਿੱਖਿਆ ਸ਼ਾਸਤ੍ਰੀਆਂ ਵਲੋਂ ਗਾਲ੍ਹਾਂ ਨੂੰ ਕਿਸੇ ਜਮਾਤ ਦੇ ਸਿਲੇਬਸ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਨਾ ਹੀ ਅੱਜ ਤੱਕ ਇਸ ਨੂੰ ਚੋਣਵਾਂ ਵਿਸ਼ਾ ਹੀ ਬਣਾਇਆ, ਨਹੀਂ ਤਾਂ ਪੇਪਰਾਂ ਵਿਚ ਇਸ ਬਾਰੇ ਪ੍ਰਸ਼ਨ ਵੀ ਆਉਂਦੇ ਅਤੇ ਨੰਬਰ ਵੀ ਦਿਤੇ ਜਾਂਦੇ। ਸਮਾਂ ਦੂਰ ਨਹੀ ਜਦੋਂ ਗੱਲ ਗੱਲ ਵਿਚ ਗਾਲ੍ਹਾਂ ਦੀ ਵਰਤੋਂ ਦੇ ਮੁਕਾਬਲੇ ਵੀ ਹੋਣ ਲੱਗ ਜਾਣਗੇ ਜਿਵੇ ਗਾਣੇ ਗਾਣ ਤੇ ਡਾਂਸ ਆਦਿ ਦੇ ਹੁੰਦੇ ਹਨ।
ਭਾਵੇਂ ਆਧੁਨਿਕ ਸਮੇਂ ਔਰਤ ਨੂੰ ਅਗਾਂਹ ਵਧੂ ਕਰਾਰ ਦਿਤਾ ਜਾ ਰਿਹਾ ਹੈ ਪਰ ਫਿਰ ਵੀ ਬਹੁਤ ਦੂਰੀ ਹੈ ਮਰਦ ਤੇ ਔਰਤ ਵਿਚ ਅਤੇ ਆਪਸੀ ਸੋਚ ਵਿਚਾਰ ਵਿੱਚ। ਹਾਲੇ ਵੀ ਬਰਾਬਰੀ ਤੇ ਨਹੀ ਆ ਰਹੀ।
ਜਰਾ ਸੋਚੋ ਕੇ ਮਰਦ ਦੇ ਮਨ ਦੇ ਕਿਸੇ ਕੋਨੇ ਵਿਚ ਥੋੜੀ ਬਹੁਤ ਸੰਗ ਸ਼ਰਮ ਅਤੇ ਹਯਾ ਤਾਂ ਬਾਕੀ ਬਚੀ ਹੈ ਹਾਲੇ ਵੀ। ਇਸੇ ਲਈ ਕਿਸੇ ਨੇ ਕਦੇ ਵੀ ਗਾਲ੍ਹ ਨਹੀ ਦਿੱਤੀ ਕਿ “ਤੇਰੀ ਘਰ ਵਾਲੀ ਦੀ….”। ਇਹ ਸ਼ਾਇਦ ਮਰਦ ਦਾ ਆਪਣੀ ਪਤਨੀ ਪ੍ਰਤੀ ਆਪਣਾ ਪਨ ਦਰਸਾਉਂਦਾ ਹੋਵੇ। ਇਸਤਰੀ ਵਰਗ ਇਸੇ ਤੇ ਮਾਣ ਕਰੇ ਕਿ ਮਰਦ ਨੇ ਕਿਸੇ ਰਿਸ਼ਤੇ ਵਿਚ ਤਾਂ ਔਰਤ ਨੂੰ ਆਪਣਾ ਮੰਨਿਆ। ਵਧਾਈ ਹੋਵੇ, ਇਸਤਰੀ ਸਮਾਜ ਨੂੰ ਇਸੇ ਲਈ। ਅੱਗੇ ਵਧੇ ਔਰਤ, ਰੋਕੇ ਗਾਲ੍ਹਾਂ ਵਿਚ ਆਪਣੇ ਰਿਸ਼ਤੇ ਦੀ ਵਰਤੋਂ ਨੂੰ, ਮਰਦ ਖਾ ਤਾਂ ਨਹੀਂ ਜਾਉ ਤੁਹਾਨੂੰ ਇਸ ਰੋਕ ਤੇ, ਆਪੇ ਬੰਦ ਹੋ ਜਾਵੇਗਾ ਗਾਲ੍ਹਾਂ ਕੱਢਣ ਦਾ ਰਿਵਾਜ ਸਮਾਜ ਵਿਚੋਂ, ਸੱਚ ਜਾਣਿਓ ਜੀ ਮੇਰਾ ਲਿਖਣਾ ਵੀ ਸਾਰਥਕ ਹੋ ਜਾਵੇਗਾ।
( ਡਾ. ਰਿਪੁਦਮਨ ਸਿੰਘ )
134-ਐਸ, ਸੰਤ ਨਗਰ,
ਪਟਿਆਲਾ 147001
ਮੋਬਾਈਲ: 9815200134