ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਜੇਹਾ ਦਿਸਿਆ- ਤੇਹਾ ਲਿਖਿਆ
ਓਏ ਅਣਖੀ ਪੰਜਾਬੀਓ! ਕੀ ਧੀਆਂ ਦੀ ਇੱਜ਼ਤ ਹੀ ਦਾਅ
 ਤੇ ਲਾਉਣੀ ਬਾਕੀ ਸੀ?
ਮਨਦੀਪ ਖੁਰਮੀ

ਪੰਜਾਬੀਆਂ ਬਾਰੇ ਆਮ ਹੀ ਪ੍ਰਚਲਿਤ ਹੈ ਕਿ ਇਹ ਇੱਜ਼ਤ, ਅਣਖ ਤੇ ਸ਼ਾਨ ਨਾਲ ਜ਼ਿੰਦਗੀ ਜਿਉਣ ਲਈ ਜਾਨ ਲੈ ਵੀ ਸਕਦੇ ਹਨ ਤੇ ਜਾਨ ਵਾਰ ਵੀ ਸਕਦੇ ਹਨ। ਪੰਜਾਬੀ ਰਹਿਣ ਸਹਿਣ ਵਿੱਚੋਂ ਅਜਿਹੀਆਂ ਆਪਾ- ਵਾਰੂ ਕਹਾਣੀਆਂ ਆਮ ਹੀ ਮਿਲ ਸਕਦੀਆਂ ਹਨ। ਆਪਣੇ ਘਰ ਦੀਆਂ ਧੀਆਂ- ਧਿਆਣੀਆਂ ਦੀ ਗੱਲ ਤਾਂ ਇੱਕ ਪਾਸੇ ਰਹੀ, ਕਿਸੇ ਅਣਜਾਣ ਮੁਟਿਆਰ ਦੀ ਇੱਜ਼ਤ ਨੂੰ ਗੈਰਾਂ ਹੱਥੋਂ ਪਾਟੋ ਧਾੜ ਹੋਣੋਂ ਬਚਾਉਣ ਲਈ ਪੰਜਾਬੀਆਂ ਵੱਲੋਂ ਹੁਣ ਤੱਕ ਲਾਈਆਂ ਜਾਨ ਦੀਆਂ ਬਾਜ਼ੀਆਂ ਦੀਆਂ ਕਹਾਣੀਆਂ ਵੀ ਬਜ਼ੁਰਗਾਂ ਤੋਂ ਸੁਣੀਆਂ ਜਾ ਸਕਦੀਆਂ ਹਨ।

ਇਹ ਤਾਂ ਸਨ ਕਿਸੇ ਲੰਘੇ ਵੇਲੇ ਦੇ ਅਣਖੀ ਪੰਜਾਬੀਆਂ ਦੇ ਅਣਖੀ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਪਰ ਅੱਜ, ਸਿਰ ਸ਼ਰਮ ਨਾਲ ਸਿਰਫ ਝੁਕ ਹੀ ਨਹੀਂ ਰਿਹਾ ਸਗੋਂ ਇੱਕ ਵਾਰ ਝੁਕ ਕੇ ਮੁੜ ਉੱਚਾ ਉੱਠਣ ਦਾ ਨਾਂਅ ਨਹੀਂ ਲੈ ਰਿਹਾ। ਉਹ ਇਸ ਕਰਕੇ ਕਿ ਮੇਰੇ ਸੋਹਣੇ ਪੰਜਾਬ ਦੇ ਅਣਖੀ ਸ਼ੇਰ ਵਿਦੇਸ਼ਾਂ ਵਿੱਚ ਆਵਦੇ ਪਰਿਵਾਰ ਦੀ ਤਿੜ੍ਹ ਬੀਜਣ ਦੇ ਆਹਰ ‘ਚ ਆਪਣੀਆਂ ਧੀਆਂ ਧਿਆਣੀਆਂ ਦੀ ਹੱਥੀਂ ਇੱਜ਼ਤ ਲੁਟਾਉਣ ਵਾਲੇ ਰਾਹ ਪਏ ਫਿਰਦੇ ਹਨ। ਬੇਸ਼ੱਕ ਤੁਹਾਨੂੰ ਇੰਝ ਜਾਪੇ ਕਿ ਐਸ ਬੰਦੇ ਨੂੰ ਬਾਹਲਾ ਈ ਫਿਕਰ ਪਿਆ ਫਿਰਦੈ…. ਮਿੱਤਰੋ ਸਚਮੁਚ ਹੀ ਜਦ ਦੀਆਂ ਮੇਰੇ ਖ਼ੁਦ ਅਤੇ ਮੇਰੇ ਮਿੱਤਰਾਂ ਨਾਲ ਵਾਪਰੀਆਂ ਸੌ ਫੀਸਦੀ ਸੱਚੀਆਂ ਗੱਲਾਂ ਦਾ ਦਿਮਾਗ ਉੱਪਰ ਗੱਡੇ ਜਿੰਨਾ ਬੋਝ ਬਣਿਆ ਹੈ ਤਾਂ ਉਹ ਗੱਲਾਂ ਤੁਹਾਡੇ ਸਭ ਨਾਲ ਸਾਂਝੀਆਂ ਕਰਨ ਲਈ ਕਾਹਲਾ ਸਾਂ। ਗੱਲ ਕਰੀਏ ਵਿਦੇਸ਼ ਆਉਣ ਦੀ.., ਰੱਜ ਰੱਜ ਆਓ…, ਆਪ ਵੀ ਆਓ ਤੇ ਆਪਣੀਆਂ ਧੀਆਂ ਨੂੰ ਵੀ ਭੇਜੋ ਪਰ ਆਓ ਇਸ ਢੰਗ ਨਾਲ ਕਿ ਜਿਸਨੇ ਆਉਣਾ ਹੈ, ਉਹਦੇ ਠਹਿਰਨ, ਖਾਣ ਪੀਣ ਜਾਂ ਕੰਮ ਕਾਰ ਦਾ ਬੰਦੋਬਸਤ ਪਹਿਲਾਂ ਹੀ ਮੁਕਰਰ ਹੋਇਆ ਹੋਵੇ। ਪਰ ਜੋ ਆਲਮ ਮੈਂ ਪਿਛਲੇ ਇੱਕ ਹਫ਼ਤੇ ਦੇ ਅੰਦਰ ਅੰਦਰ ਖੁਦ ਦੇਖਿਆ ਤੇ ਸੁਣਿਆ ਹੈ ਉਸ ਤੋਂ ਤਾਂ ਇਹੀ ਲਗਦੈ ਕਿ ਹੁਣ ਸਾਡੇ ਪੰਜਾਬੀ ਵੀਰਾਂ ਲਈ ਵਿਦੇਸ਼ਾਂ ‘ਚ ‘ਪੈਰ ਪਾਉਣ’ ਲਈ ਆਪਣੀਆਂ ਧੀਆਂ- ਭੈਣਾਂ ਦੀ ਇੱਜ਼ਤ ਵੀ ਦਾਅ ‘ਤੇ ਲਾ ਦੇਣੀ ਮਾਮੂਲੀ ਜਿਹੀ ਗੱਲ ਬਣ ਗਈ ਹੈ। ਪਿਛਲੇ ਦਿਨਾਂ ਤੋਂ ਇੰਗਲੈਂਡ ਲਈ ਖੁੱਲ੍ਹੇ ਵਿਦਿਆਰਥੀ ਵੀਜ਼ਿਆਂ ਨੇ ਇੱਕ ਵਾਰ ਫੇਰ ਪੰਜਾਬੀਆਂ ਨੂੰ ਕਮਲੇ ਜਿਹੇ ਬਣਾ ਦਿੱਤੈ। ਕੀ ਮੁੰਡਾ, ਕੀ ਕੁੜੀ, ਹਰ ਕੋਈ ਇੰਗਲੈਂਡ ਪਹੁੰਚਣ ਨੂੰ ਹੀ ਸਵਰਗਾਂ ਦੀ ਟਿਕਟ ਹਾਸਲ ਕਰਨ ਵਾਂਗ ਮੰਨੀ ਬੈਠਾ ਹੈ। ਬੇਸ਼ੱਕ ਪੰਜਾਬੋਂ ਤੁਰਨ ਤੋਂ ਪਹਿਲਾਂ ਏਜੰਟਾਂ ਵੱਲੋਂ ਇਹੀ ਸਬਜ਼ਬਾਗ ਦਿਖਾਏ ਜਾਂਦੇ ਹਨ ਕਿ ਇੰਗਲੈਂਡ ਪਹੁੰਚਣ ਸਾਰ ਏਅਰ ਪੋਰਟ ਤੇ ਤੁਹਾਡਾ ‘ਸੁਆਗਤ’ ਕਰਨ ਵਾਲੇ ਖੜ੍ਹੇ ਹੋਣਗੇ, ਇੱਕ ‘ਵੀਕ’ ਦਾ ਰਹਿਣ ਸਹਿਣ ਮੁਫ਼ਤ, ਬਾਦ ‘ਚ ਤੁਸੀਂ ਆਪਣਾ ਵੀ ਇੰਤਜ਼ਾਮ ਕਰ ਸਕਦੇ ਹੋ…. ਵਗੈਰਾ ਵਗੈਰਾ।

ਅਜਿਹੀਆਂ ਮਨ ਲੁਭਾਊ ਗੱਲਾਂ ‘ਚ ਅਸੀਂ ਅਕਸਰ ਹੀ ਇਹ ਭੁੱਲ ਜਾਂਦੇ ਹਾਂ ਕਿ ਸਾਡਾ ਮੁੰਡਾ ਜਾਂ ਕੁੜੀ ‘ਭੂਆ’ ਕੋਲ ਨਹੀਂ ਜਾ ਰਹੇ ਸਗੋਂ ਉਸ ਧਰਤੀ ‘ਤੇ ਜਾ ਰਹੇ ਹਨ ਜਿਸ ਬਾਰੇ ਆਮ ਹੀ ਪ੍ਰਚਲਿਤ ਹੈ ਕਿ ਇਥੇ ਆ ਕੇ ਬੰਦੇ ਦਾ ਖੂਨ ਬਦਰੰਗ ਹੋ ਜਾਂਦੈ। ਇਹਨਾਂ ਗੱਲਾਂ ਵਿੱਚ ਫਸ ਕੇ ਹੀ ਪੁੱਟੇ ਗਏ ਪੈਰਾਂ ਤੋਂ ਸ਼ੋਸ਼ਣ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਸਾਡੇ ਪੰਜਾਬੀਆਂ ਵਿੱਚ ਘਰ ਦੀ ਨਾਰੀ ਨੂੰ ਘਰ ਦੀ ਇੱਜ਼ਤ ਦਾ ਰੁਤਬਾ ਦਿੱਤਾ ਜਾਂਦੈ। ਇਸ਼ਕ- ਵਿਸ਼ਕ, ਪਿਆਰ-ਵਿਆਰ ਸਾਡੇ ਪੰਜਾਬੀ ਸਮਾਜ ‘ਚ ਕੋਈ ਮਾਅਨਾ ਨਹੀਂ ਰੱਖਦੇ। ਕੋਈ ਮੁੰਡਾ- ਕੁੜੀ ਪਿਆਰ ਵਿਆਹ ਕਰਵਾ ਕੇ ਜਿੰਦਗੀ ਜਿਉਣੀ ਚਾਹੁਣ ਤਾਂ ਉਹ ਲੋਕਾਂ ਦੀ ਨਿਗਾਹ ‘ਚ ‘ਲੰਡਰ’ ਬਣ ਜਾਂਦੇ ਹਨ। ਪਰ ਉਹਨਾਂ ਮਾਪਿਆਂ ਜਾਂ ਮਾਪਿਆਂ ਦੀਆਂ ਉਹਨਾਂ ਔਲਾਦਾਂ ਨੂੰ ਤੁਸੀਂ ਕਿਹੜੇ ਵਿਸ਼ੇਸ਼ਣ ਨਾਲ ਨਿਵਾਜੋਗੇ ਜੋ ਹਾਲਾਤਾਂ ਦੇ ਝੰਬੇ ਹੋਏ ਇਹਨਾਂ ਵਿਸ਼ੇਸ਼ਣਾਂ ਨੂੰ ਵੀ ਲੱਖਾਂ ਕੋਹਾਂ ਦੂਰ ਛੱਡ ਜਾਂਦੇ ਹਨ। ਤੁਸੀਂ ਵੀ ਕਹਿੰਦੇ ਹੋਵੋਗੇ ਕਿ ਕੀ ਬੁਝਾਰਤਾਂ ਜਿਹੀਆਂ ਪਾਈ ਜਾਂਦੈ? ਲਓ ਸੁਣੋ, ਬੀਤੇ ਦਿਨੀਂ ਇੱਕ ਪਰਮ ਮਿੱਤਰ ਨੇ ਹਿਥਰੋ ਏਅਰ ਪੋਰਟ ਤੋਂ ਇੱਕ ਸਟੂਡੈਂਟ ਵੀਜ਼ੇ ‘ਤੇ ਆ ਰਹੀ ਬੀਬੀ ਨੂੰ ਲੈ ਕੇ ਆਉਣ ਦਾ ਹੁਕਮ ਕੀਤਾ। ਚਾਰ ਘੰਟੇ ਦੀ ਲੰਮੀ ਉਡੀਕ ਬਾਦ ਬੀਬੀ ਬਾਹਰ ਆਈ ਤਾਂ ਸਾਡੇ ਹੱਥਾਂ ‘ਚ ਉਹਦੇ ਨਾਂਅ ਵਾਲਾ ਫੱਟਾ ਦੇਖ ਕੇ ਉਹਦੇ ਸਾਹ ‘ਚ ਸਾਹ ਆਇਆ ਕਿਉਂਕਿ ਉਸ ਬੀਬੀ ਦੇ ਪਰਿਵਾਰ ਦਾ ਇੰਗਲੈਂਡ ‘ਚ ਕੋਈ ਜਾਣੂ ਨਹੀਂ ਸੀ। ਸ਼ੁੱਧ ਪੇਂਡੂ ਉਸ ਬੀਬੀ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਸਨੇ ਅੱਗੇ ਕਿੱਥੇ ਜਾਣਾ ਹੈ?, ਉਹਦਾ ਕਾਲਜ ਕਿੱਥੇ ਹੈ? ਉਹਨੇ ਠਹਿਰਨਾ ਕਿੱਥੇ ਹੈ? ਬਜਾਏ ਇਸਦੇ ਕਿ ਉਸ ਕੋਲ ਇੱਕ ਕਾਗਜ਼ ਸੀ, ਜਿਸ ਉੱਪਰ ਰਿਹਾਇਸ਼ ਦਾ ਪਤਾ ਲਿਖਿਆ ਹੋਇਆ ਸੀ। ਉਸਨੂੰ ਘਰ ਲਿਆਂਦਾ, ਘਰਵਾਲੀ ਨੇ ਭੋਜਨ ਛਕਾਇਆ ਤਾਂ ਬੀਬੀ ਏਜੰਟ ਵਾਲੀ ਮੁਹਾਰਨੀ ਰਟੀ ਜਾਵੇ, “ਵੀਰ ਜੀ ਮੈਂ ਈ-ਮੇਲ ਭੇਜੀ ਹੋਈ ਆ, ਹੋਸਟਲ ਵਾਲੇ ‘ਡੀਕਦੇ ਹੋਣਗੇ, ਮੈਨੂੰ ਹੋਸਟਲ ਛੱਡ ਆਓ।” ਉਹਦੀ ਜਿਦ ਅੱਗੇ ਮੈਂ ਤੇ ਮੇਰੇ ਦੋਸਤ ਗਾਇਕ ਰਾਜ ਸੇਖੋਂ ਤੇ ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ ਉਸਨੂੰ ਛੱਡਣ ਚਲੇ ਗਏ। ਜਦ ਏਜੰਟਾਂ ਵੱਲੋਂ ਦਿੱਤੇ ਐਡਰੈੱਸ ‘ਤੇ ਪਹੁੰਚੇ ਤਾਂ ਉੱਥੇ ਰਹਿ ਰਿਹਾ ਆਦਮੀ ਇਹ ਕਹਿ ਕੇ ਝੱਗਾ ਚੁੱਕ ਗਿਆ ਕਿ “ਸਾਨੂੰ ਤਾਂ ਕੋਈ ਸੂਚਨਾ ਨਹੀਂ ਮਿਲੀ, ਨਾ ਹੀ ਸਾਡੇ ਕੋਲ ਕੋਈ ਰੂਮ ਖਾਲੀ ਹੈ।” ਚੱਲੋ ਜੀ ਕਿਵੇਂ ਨਾ ਕਿਵੇਂ ਰਾਤ ਵੇਲੇ 2 ਘੰਟੇ ਦੀ ਭੱਜ ਦੌੜ ਤੋਂ ਬਾਦ ਬੀਬੀ ਲਈ ਕਮਰੇ ਦਾ ਪ੍ਰਬੰਧ ਕਰਕੇ ਘਰ ਮੁੜੇ। ਜੇ ਉਸ ਰਾਤ ਅਸੀਂ ਉਸ ਕੁੜੀ ਨਾਲ ਨਾ ਹੁੰਦੇ ਤਾਂ ਖੌਰੇ ਉਸ ਵਿਚਾਰੀ ‘ਕੰਨਿਆ’ ਦਾ ਕੀ ਹੋਣਾ ਸੀ।

ਇਹ ਤਾਂ ਉਹ ਬੀਬੀ ਸੀ ਜਿਸਦੀ ਇੱਜ਼ਤ ਦੇ ਸਹੀ ਸਲਾਮਤ ਹੋਣ ਬਾਰੇ ਅਸੀਂ ਖੁਦ ਵੀ ਉਸ ਕੁੜੀ ਦੇ ਮਾਪਿਆਂ ਨੂੰ ਫੋਨ ਕਰ ਦਿੱਤਾ ਸੀ। ਪਰ ਇੱਕ ਉਸ ਪਿਉ ਦਾ ਜ਼ੇਰਾ ਵੀ ਦੇਖ ਲਓ ਜਿਸ ਨੇ ਅੰਮ੍ਰਿਤਸਰ ਏਅਰ ਪੋਰਟ ਤੋਂ ਕੁੜੀ ਨੂੰ ਅਣਜਾਣ ਮੁਲਕ ਵੱਲ ਤੋਰਨ ਲੱਗੇ ਨੇ ਆਪਣੀ ਕੁੜੀ ਦੀ ਬਾਂਹ ਇੱਕ ਹੋਰ ਅਣਜਾਣ ਸਟੂਡੈਂਟ ਵੀਜ਼ੇ ‘ਤੇ ਹੀ ਜਾ ਰਹੇ ਮੁੰਡੇ ਨੂੰ ਫੜਾ ਦਿੱਤੀ ਕਿ “ਪੁੱਤ ਇਹਨੂੰ ਵੀ ਉੱਥੇ ਕੋਈ ਨਹੀਂ ਜਾਣਦਾ, ਜਿਥੇ ਤੂੰ ਰਿਹਾ, ਇਹਨੂੰ ਵੀ ਨਾਲ ਹੀ ਰੱਖਲੀਂ।” ਜਦ ਕਿ ਉਸ ਮੁੰਡੇ ਨੂੰ ਏਅਰ ਪੋਰਟ ਤੋਂ ਲਿਆਉਣ ਲਈ ਮੇਰੇ ਹੀ ਇੱਕ ਦੋਸਤ ਦੀ ‘ਡਿਊਟੀ’ ਲੱਗੀ ਹੋਈ ਸੀ। ਲੈਣ ਇੱਕ ਨੂੰ ਗਏ ਸੀ, ਪਰ ਆ ਦੋ ਗਏ। ਦੋਸਤ ਵੀ ਹੈਰਾਨ ਸੀ। ਜਦ ਸਾਰੀ ਕਹਾਣੀ ਦਾ ਪਤਾ ਲੱਗਾ ਤਾਂ ਰਾਤ ਦੇ 9 ਵਜੇ ਉੱਤਰੀ ਫਲਾਇਟ ਤੋਂ ਬਾਦ ਉਹਨਾਂ ਦੇ ਠਹਿਰਨ ਦਾ ਬੰਦੋਬਸਤ ਨਹੀਂ ਹੋ ਰਿਹਾ ਸੀ। ਅੰਤ ਇੱਕ ਹੋਟਲ ‘ਚ ਇੱਕ ਕਮਰਾ ਹੀ ਮਿਲਿਆ ਤੇ ਇੱਕ ਸਿਆਣੇ ਪਿਉ ਦੀ ਸਟੂਡੈਂਟ ਧੀ ਸਾਰੀ ਰਾਤ ਇੱਕ ਅਣਜਾਣ ਮੁੰਡੇ ਨਾਲ ਇੱਕੋ ਕਮਰੇ ‘ਚ ਹੀ ਰਹੀ। ਇਹ ਸੀ ਉਸ ਸਿਆਣੇ ਪਿਉ ਦੀ ਆਪਣੀ ਧੀ ਹੱਥੋਂ ਕਰਵਾਈ ਗਈ ਵਿਦੇਸ਼ਾਂ ਦੀ ਪਹਿਲੀ ‘ਕਮਾਈ’। ਪਿਆਰੇ ਵੀਰੋ, ਇਸ ਤੋਂ ਅੱਗੇ ਤੁਸੀਂ ਆਪਣੇ ਦਿਮਾਗਾਂ ਦੇ ਘੋੜੇ ਭਜਾ ਸਕਦੇ ਹੋ ਕਿ ਕੀ ਉਸ ਕੁੜੀ ਦੀ ਇੱਜ਼ਤ ਸਲਾਮਤ ਰਹੀ ਹੋਵੇਗੀ ਜਾਂ ਉਸ ਪਿਉ ਦੀ ਅਣਖ ਨੂੰ ਚਾਰ ਚੰਨ ਲੱਗ ਗਏ ਹੋਣਗੇ ਜਿਸਨੇ ਆਪਣੇ ਘਰ ਦੀ ਇੱਜ਼ਤ ਕਿਸੇ ਅਣਜਾਣ ਨੂੰ ਇਹ ਕਹਿ ਕੇ ਸੌਂਪ ਦਿੱਤੀ ਕਿ “ਜਿਥੇ ਤੂੰ ਰਿਹਾ, ਉੱਥੇ ਨਾਲ ਹੀ ਰੱਖਲੀਂ।” ਇਸ ਗੱਲ ਦਾ ਹਰ ਪੰਜਾਬੀ ਨੂੰ ਭਲੀ ਭਾਂਤ ਪਤੈ ਕਿ “ਕੱਟੇ ਦੀ ਵੱਛੀ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ।” ਇਹ ਵੀ ਹਰ ਕਿਸੇ ਨੂੰ ਪਤੈ ਕਿ ਜਦ ਘਿਓ ਕੋਲ ਅੰਗਿਆਰੀ ਰੱਖਾਂਗੇ ਤਾਂ ਘਿਓ ਨੇ ਪਿਘਲਣਾ ਹੀ ਹੁੰਦੈ। ਗੱਲ ਇਥੇ ਹੀ ਠੱਪ ਹੋ ਜਾਂਦੀ ਤਾਂ ਚੰਗਾ ਹੁੰਦਾ, ਪਰ ਜਦ ਲੀਰਾਂ ਦੀ ਖੁੱਦੋ ਉੱਧੜਦੀ ਐ ਤਾਂ ਲੀਰਾਂ ਹੀ ਲੀਰਾਂ ਨਿਕਲਦੀਆਂ ਨੇ।

ਸੁਣੋ, ਹਿਥਰੋ ਏਅਰ ਪੋਰਟ ਤੇ ਇਹਨਾਂ ਦੋਵੇਂ ਬੀਬੀਆਂ ਵਾਂਗ ਪਤਾ ਹੀ ਨਹੀਂ ਕਿੰਨੀਆਂ ਕੁ ਬੀਬੀਆਂ ਆਉਂਦੀਆਂ ਨੇ ਜਿਹਨਾ ਨੂੰ ਲੈ ਕੇ ਜਾਣ ਵਾਲਾ ਕੋਈ ਨਹੀਂ ਹੁੰਦਾ, ਜਾਂ ਫਿਰ ਪਹਿਲਾਂ ਲੈ ਕੇ ਆਉਣ ਦੀ ਹਾਮੀ ਓਟਣ ਵਾਲੇ ਰਿਸ਼ਤੇਦਾਰ ਵੀ ਬਾਦ ਵਿੱਚ ਫੋਨ ਨਹੀਂ ਚੁੱਕਦੇ ਕਿਉਂਕਿ ਖੁਦਗਰਜੀਂ ਦੇ ਰਾਹ ਤੁਰੀ ਯੂ.ਕੇ. ਦੀ ਜਿੰਦਗੀ ਵਿੱਚ ਕਿਸੇ ਕੋਲ ਕਿਸੇ ਲਈ ਕੋਈ ਵਕਤ ਨਹੀਂ। ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜਿਹੇ ਵਕਤ ਦੇ ਝੰਬਿਆਂ ਨੂੰ ‘ਸਹਾਰਾ’ ਦੇਣ ਵਾਲਾ ਇੱਕ ਪੰਜਾਬੀ ਗਰੋਹ ਵੀ ਅੱਜ ਕੱਲ੍ਹ ਸਰਗਰਮ ਹੋਇਆ ਦੱਸਿਆ ਜਾਂਦਾ ਹੈ ਜਿਸਦਾ ਕੰਮ ਹੀ ਸਿਰਫ ‘ਵੱਗ ਵਿੱਚੋਂ ਗੁਆਚੀ ਗਾਂ’ ਵਾਂਗ ਰੁਲੇ ਜਿਹੇ ਫਿਰਦੇ ਚਿਹਰਿਆਂ ਨੂੰ ਲੱਭਣਾ ਹੈ। ਜੇ ਕੋਈ ਮੁੰਡਾ ਹੈ ਤਾਂ ਉਸਨੂੰ ਰਾਤ ਕਟਾਉਣ ਤੇ ਖਾਣਾ- ਦਾਣਾ ਦੇਣ ਦੇ ਪੌਂਡ ਵਸੂਲ ਲਏ ਜਾਂਦੇ ਹਨ। ਜੇ ਕੋਈ ਕੁੜੀ ਹੈ ਤਾਂ ਉਸਨੂੰ ਰਾਤ ਕਟਾਉਣ ਦੇ ਨਾਂਅ ‘ਤੇ ਖੁਦ ਉਸ ਨਾਲ ‘ਰਾਤ ਕੱਟਦੇ’ ਹਨ। ਆਉਣ ਵਾਲੇ ਅਣਜਾਣ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਰਾਤ ਦੇ ਹਨੇਰੇ ‘ਚ ਉਹਨਾਂ ਦੀ ਕਾਰ ਕਿਸ ਪਾਸੇ ਨੂੰ ਦੌੜ ਰਹੀ ਹੈ। ਅਜਿਹੀ ਪ੍ਰਾਹੁਣਾਚਾਰੀ ‘ਚ ਕੋਈ ਵੀ ਤੁਹਾਡੀ ਇੱਜ਼ਤ ਦੀਆਂ ਲੀਰਾਂ ਲੀਰਾਂ ਕਰ ਸਕਦਾ ਹੈ। ਅਜਿਹੇ ਹਾਲਾਤ ‘ਚ ਆਪਣੀ ਇੱਜ਼ਤ ਆਪਣੇ ਹੱਥੀਂ ਉਹਨਾਂ ਦਿਆਨਤਦਾਰਾਂ ਨੂੰ ਸੌਂਪਣ ਤੋਂ ਬਿਨਾਂ ਕੋਈ ਚਾਰਾ ਵੀ ਤਾਂ ਨਹੀਂ ਰਹਿ ਜਾਂਦਾ ਹੋਵੇਗਾ ਜਿਹਨਾਂ ਨੇ ਰਾਤ- ਬਰਾਤੇ ਬੇਗਾਨੇ ਮੁਲਕ ‘ਚ ਥੋਡੀ ‘ਬਾਂਹ’ ਫੜ੍ਹੀ ਹੈ।

ਓਏ ਅਣਖੀ ਪੰਜਾਬੀਓ! ਕਿੱਥੇ ਘਾਹ ਚਰ ਰਹੀ ਹੈ ਥੋਡੀ ਅਣਖ ਕਿ ਤੁਹਾਡੀਆਂ ਧੀਆਂ ਸਿਰਫ ਵਿਦੇਸ਼ ‘ਚ ‘ਸੈਟਲ’ ਹੋਣ ਦੇ ਨਾਂ ‘ਤੇ ਹੀ ਅਜਿਹੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋ ਰਹੀਆਂ ਹਨ। ਬੇਸ਼ੱਕ ਅਜਿਹੇ ਹਾਲਾਤ ਹਰ ਕਿਸੇ ਨੂੰ ਸਹਿਣੇ ਵੀ ਨਹੀਂ ਪਏ ਹੋਣਗੇ। ਬੇਸ਼ੱਕ ਹਰ ਕੁੜੀ ਦਾ ਅਜੇਹਾ ਕਿਰਦਾਰ ਨਹੀਂ ਹੋ ਸਕਦਾ ਕਿ ਉਹ ਆਪਣੇ ਮਾਪਿਆਂ ਦੇ ਮੂੰਹ ਕਾਲਖ ਮਲੇ, ਪਰ ਮਿੱਤਰੋ! ਵਿਦੇਸ਼ਾਂ ‘ਚ ਵਸਦਿਆਂ ਜੋ ਜੋ ਹਾਲਾਤਾਂ ਨਾਲ ਸਮਝੌਤੇ ਔਰਤ ਜ਼ਾਤ ਨੂੰ ਕਰਨੇ ਪੈਂਦੇ ਹਨ, ਉਹ ਲਿਖ ਕੇ ਵੀ ਬਿਆਨ ਨਹੀਂ ਕੀਤੇ ਜਾ ਸਕਦੇ। ਇਹਨਾਂ ਹਾਲਾਤਾਂ ‘ਚੋਂ ਉਪਜੇ ਹਾਲਾਤ ਹੀ ਹਨ ਕਿ ਪੰਜਾਬੀ ਬੀਬੀਆਂ ਵੀ ਇੰਗਲੈਂਡ ਵਿੱਚ ‘ਦੇਹ ਵਪਾਰ’ ਵਰਗੇ ਧੰਦੇ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਜਦੋਂ ਮੈਨੂੰ ਕਿਸੇ ਨੇ ਦੱਸਿਆ ਸੀ ਤਾਂ ਮੈਂ ਵੀ ਤੁਹਾਡੇ ਵਾਂਗ ਮੰਨਣ ਨੂੰ ਤਿਆਰ ਨਹੀਂ ਸੀ ਪਰ ਇਹ ਤਲਖ਼ ਹਕੀਕਤ ਹੈ ਕਿ ਖਾਸ ਕਰਕੇ ਪੰਜਾਬੀ ਕੁੜੀਆਂ ਇੰਗਲੈਂਡ ਦੇ ‘ਮਸਾਜ਼ ਪਾਰਲਰਾਂ’ ਵਿੱਚ ਮਾਲਸ਼ ਰਾਹੀਂ ਗਾਹਕਾਂ ਨੂੰ ਖੁਸ਼ ਕਰਨ ਦੇ ਆਹਰ ‘ਚ ਵੀ ਰੁੱਝੀਆਂ ਹੋਈਆਂ ਹਨ। ਇਹ ਧੰਦਾ ਸਾਊਥਾਲ ਵਿੱਚ ਵੀ ਬੜੀ ਚੰਗੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ ਜਿਥੇ ਬਹੁ ਗਿਣਤੀ ਵੀ ਪੰਜਾਬੀ ਭਾਈਆਂ ਦੀ ਹੈ। ਅਜਿਹੇ ‘ਮਸਾਜ਼ ਪਾਰਲਰਾਂ’ ਦੇ ਦਿਨ ਢਲੇ ਦੇ ਬਹੁਤੇ ਗਾਹਕ ਵੀ ਆਪਣੇ ਹੀ ਪੰਜਾਬੀ ਭਾਈ ਹੁੰਦੇ ਹਨ ਤੇ ਜਿਬ੍ਹਾ ਹੋਣ ਵਾਲੀਆਂ ਬੀਬੀਆਂ ਵਿੱਚ ਵੀ ਜਿਆਦਾਤਰ ਆਪਣੀਆਂ ਪੰਜਾਬਣ ਕੁੜੀਆਂ ਹੀ ਹੁੰਦੀਆਂ ਹਨ। ਮੇਰੇ ਖੁਦ ਲਈ ਵੀ ਇਹ ਗੱਲ ਬੜੀ ਹੀ ਹੈਰਾਨੀ ਭਰੀ ਸੀ। ਇਹ ਹੈਰਾਨੀ ਉਦੋਂ ਅਸਲੀਅਤ ‘ਚ ਬਦਲੀ ਜਦ ਮੈਂ ਸ਼ਾਮ ਵੇਲੇ ਕੰਮ ਤੋਂ ਪਰਤਦਿਆਂ ਸਾਊਥਾਲ ਦੇ ਹੈਵਲਾਕ ਰੋਡ ਗੁਰਦੁਆਰਾ ਸਾਹਿਬ ਦੀਆਂ ਟਰੈਫ਼ਿਕ ਲਾਈਟਾਂ ਪਾਰ ਕਰਨ ਦੀ ਉਡੀਕ ਕਰ ਰਿਹਾ ਸਾਂ। ਅਚਾਨਕ ਹੀ ਮੇਰੇ ਲਾਗੇ ਖੜ੍ਹੀ ਛੇ ਫੁੱਟ ਲੰਮੀ ਤਿੱਖੇ ਨੈਣ ਨਕਸ਼ਾਂ ਅਤੇ ਅੱਖ ਨਾਲ ਗੱਲ ਕਰਨ ਵਾਲੀ ਕਾਲੀ ਔਰਤ ਨੇ ਮੈਨੂੰ ‘ਹੈਲੋ’ ਕਹੀ। ਮੈਂ ਚੌਂਕ ਜਿਹਾ ਗਿਆ ਤੇ ਬਦਲੇ ‘ਚ ਹੈਲੋ ਕਹਿਣ ‘ਤੇ ਉਸਨੇ ਮੈਨੂੰ ਅੰਗਰੇਜ਼ੀ ‘ਚ ਪੁੱਛਿਆ ਕਿ “ਤੂੰ ਕਾਫੀ ਦੇਰ ਤੋਂ ਪਾਰਲਰ ਕਿਉਂ ਨਹੀਂ ਆਇਆ?” ਮੈਂ ਵੀ ਸਮਝ ਗਿਆ ਕਿ ਉਹ ਭੁਲੇਖਾ ਖਾ ਗਈ ਹੈ। ਮੈਂ ਜਵਾਬ ‘ਚ ਕਿਹਾ ਕਿ “ਕੰਮ ‘ਚ ਜਿਆਦਾ ਬਿਜ਼ੀ ਸੀ।” ਉਸ ਨੇ ਜਾਣ ਲੱਗੀ ਨੇ ਮੈਨੂੰ ਆਪਣੇ ‘ਮਸਾਜ਼ ਪਾਰਲਰ’ ਦਾ ਵਿਜਟਿੰਗ ਕਾਰਡ ਦਿੰਦਿਆਂ ਬੜੀ ਚਾਲਾਕ ਜਿਹੀ ਤੱਕਣੀ ਨਾਲ ਕਿਹਾ ਸੀ “ਮੰਗਲਵਾਰ ਤੇ ਸ਼ਨੀਵਾਰ ਨੂੰ ਸਾਡੇ ਕੋਲ ‘ਪੰਜਾਬੀ ਗਰਲਜ਼’ ਆਉਂਦੀਆਂ ਹਨ, ਆ ਜਾਣਾ।” ਉਹ ਤਾਂ ਚਲੀ ਗਈ ਪਰ ਉਸ ਕਾਲੀ ਦੇ ਮੂੰਹੋਂ ‘ਪੰਜਾਬੀ ਗਰਲਜ਼’ ਲਫ਼ਜ਼ ਸੁਣ ਕੇ ਮੈਂ ਆਪਣੇ ਆਪ ਨੂੰ ਉਸੇ ਹੀ ਚੌਕ ਵਿੱਚ ਗੱਡਿਆ ਜਿਹਾ ਮਹਿਸੂਸ ਕਰ ਰਿਹਾ ਸਾਂ। ਮੈਨੂੰ ਇਉਂ ਲੱਗ ਰਿਹਾ ਸੀ ਕਿ ਜਿਵੇਂ ਉਹ ਮੈਨੂੰ ਜਾਣ ਕੇ ਚਿੜਾ ਗਈ ਹੋਵੇ ਕਿ “ਤੁਸੀਂ ਲੋਕ ਐਵੇਂ ਹੀ ਅਣਖੀ ਹੋਣ ਬਾਰੇ ਠੂੰਹੇਂ ਵਾਂਗੂੰ ਪੂਛ ਉਤਾਂਹ ਚੁੱਕੀ ਫਿਰਦੇ ਹੋ, ਥੋਡੀਆਂ ਪੰਜਾਬਣ ਕੁੜੀਆਂ ਤਾਂ ਨੰਗ- ਧੜੰਗੇ ਲੰਮੇ ਪਏ ਮਰਦਾਂ ਦੇ ਮਾਲਸ਼ ਕਰ ਕੇ ਆਵਦੇ ਮਾਂ ਪਿਉ ਨੂੰ ਪੈਸੇ ਭੇਜਦੀਆਂ ਹਨ।”

ਓਏ ਅਣਖੀ ਪੰਜਾਬੀਓ! ਜਾਗੋ ਭਰਾਵੋ ਜਾਗੋ। ਇੱਕ ਵਾਰ ਦੋ ਜਣਿਆਂ ਦੀਆਂ ਮੱਝਾਂ ਸੂਣ ਵਾਲੀਆਂ ਸਨ। ਮੱਝਾਂ ਵੀ ਨੇੜੇ ਨੇੜੇ ਹੀ ਬੰਨ੍ਹੀਆਂ ਹੋਈਆਂ ਸਨ। ਦੋਵੇਂ ਮਾਲਕ ਵੀ ਰਾਤ ਵੇਲੇ ਰਾਖੀ ‘ਤੇ ਸਨ ਤਾਂ ਜੋ ਮੱਝਾਂ ਨੂੰ ਕਿਸੇ ਕੁੱਤੇ ਬਿੱਲੇ ਤੋਂ ਪ੍ਰੇਸ਼ਾਨੀ ਨਾ ਹੋਵੇ। ਇੱਕ ਮੱਝ ਮਾਲਕ ਨੂੰ ਨੀਂਦ ਨੇ ਘੇਰਾ ਪਾ ਲਿਆ। ਉਹਦੇ ਸੌਣ ਦੀ ਦੇਰ ਸੀ ਕਿ ਦੋਵਾਂ ਦੀਆਂ ਮੱਝਾਂ ਨੇ ਕੱਟੜੂ ਜਨਮ ਦਿੱਤੇ। ਜੋ ਜਾਗਦਾ ਸੀ, ਉਹਦੀ ਮੱਝ ਨੇ ਕੱਟਾ ਜੰਮਿਆ ਤੇ ਜੋ ਸੌਂ ਰਿਹਾ ਸੀ ਉਹਦੀ ਮੱਝ ਨੇ ਕੱਟੀ। ਫਿਰ ਕੀ ਸੀ ਜਾਗਦੇ ਨੇ ਆਪਣੀ ਮੱਝ ਦਾ ਕੱਟੜੂ ਚੁੱਕ ਕੇ ਸੁੱਤੇ ਪਏ ਦੀ ਮੱਝ ਦੀ ਕੱਟੀ ਨਾਲ ਬਦਲ ਲਿਆ। ਜਦ ਸੁੱਤੇ ਮਾਲਕ ਦੀ ਜਾਗ ਖੁੱਲ੍ਹੀ ਤਾਂ ਪਹਿਲਾਂ ਤੋਂ ਹੀ ਜਾਗਦੇ ਮਾਲਕ ਦਾ ਕਥਨ ਸੀ “ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੀ ਹੁੰਦੇ ਹਨ।” ਅਜਿਹਾ ਨਾ ਹੋਵੇ ਕਿ ਵਿਦੇਸ਼ਾਂ ‘ਚ ਕਿਸੇ ਨਾ ਕਿਸੇ ਢੰਗ ‘ਪੈਰ ਪਾਉਣ’ ਦੀ ਲਾਲਸਾ ‘ਚ ਤੁਸੀਂ ਤੇ ਤੁਹਾਡੇ ਧੀਆਂ- ਪੁੱਤ ਵੀ ਇੱਕ ਦੂਜੇ ਨਾਲ ਅੱਖ ਮਿਲਾਉਣ ਜੋਗੇ ਵੀ ਨਾ ਰਹੋ। ਅਜਿਹਾ ਵੀ ਨਾ ਹੋਵੇ ਕਿ ਇਸ ਲਾਲਚ ਦੀ ਨੀਂਦ ‘ਚੋਂ ਜਾਗਣ ਤੋਂ ਬਾਦ ਤੁਹਾਡੇ ਪੱਲੇ ਕੱਟਿਆਂ ਜਾਂ ਕੱਟੀਆਂ ਦੀ ਬਜਾਏ ‘ਮੁਰਦਾ’ ਕੱਟੜੂ ਹੀ ਪੈਣ। ਫੈਸਲਾ ਤੁਸੀਂ ਖੁਦ ਕਰਨਾ ਹੈ। ਦੋ ਘੜੀਆਂ ਕੱਲੇ ਬਹਿ ਕੇ ਸੋਚ ਲੈਣਾ।

ਮਨਦੀਪ ਸਿੰਘ ਖੁਰਮੀ ਹਿੰਮਤਪੁਰਾ (ਇੰਗਲੈਂਡ)

Loading spinner