ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਅਰਦਾਸ
ਨਰਿੰਦਰ ਸਿੰਘ ਕਪੂਰ

ਕੇਵਲ ਮਨੁੱਖ ਹੀ ਅਰਦਾਸ ਕਰਦੇ ਹਨ।

ਅਰਦਾਸ ਕੋਈ ਭਾਸ਼ਨ ਨਹੀਂ, ਇਹ ਅੰਤਾਂ ਦੀ ਸੁਹਿਰਦਤਾ ਵਿਚੋਂ ਉਭਰੀ ਮਨੁੱਖੀ ਆਤਮਾ ਦੀ ਹੂਕ ਹੈ।

ਅਰਦਾਸ ਨਿਆਸਰੇਪਣ ਦੀ ਵਿਆਖਿਆ ਨਹੀਂ, ਇਹ ਨਿਆਸਰੇਪਣ ਦਾ ਡੂੰਘਾ ਅਨੁਭਵ ਹੈ। ਅਰਦਾਸ ਅਲੰਕਾਰਾਂ ਜਾਂ ਵਿਸ਼ੇਸ਼ਣਾਂ ਦਾ ਵੇਰਵਾ ਨਹੀਂ ਇਹ ਆਪਣੀ ਹੀ ਆਤਮਾ ਸਨਮੁੱਖ ਹੋ ਕੇ ਦਿੱਤਾ ਹਲਫ਼ੀਆ ਬਿਆਨ ਹੈ।

ਅਰਦਾਸ ਗੁਆਚ ਜਾਣ ਦਾ ਭੈਅ ਨਹੀਂ, ਇਹ ਲੱਭ ਪੈਣ ਦੀ ਖੁਸ਼ੀ ਹੈ। ਅਰਦਾਸ ਇਕ ਅਜਿਹੀ ਸਥਿਤੀ ਹੈ, ਜਦੋਂ ਸਰੀਰ, ਮਨ ਅਤੇ ਆਤਮਾ ਇਕ ਸੁਰ ਹੋ ਜਾਂਦੇ ਹਨ। ਇਹ ਅੰਤਰ ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਇਕ ਨੁਕਤੇ ਉਤੇ ਕੇਂਦਰਿਤ ਕਰਨ ਦਾ ਹੁਨਰ ਹੈ।

ਅਰਦਾਸ ਕਰਦੇ ਹੀ ਉਹ ਹਨ ਜਿਨ੍ਹਾਂ ਵਿਚ ਸਬਰ ਹੋਵੇ, ਆਸ ਦੀ ਚਿਣਗ ਹੋਵੇ, ਭਰੋਸੇ ਦੀ ਦੌਲਤ ਹੋਵੇ, ਪਿਆਰ ਦੀ ਛਾਂ ਹੋਵੇ।

ਅਰਦਾਸ ਆਪਣੀ ਇੱਛਾ ਦਾ ਮੁਹਾਣ ਰੱਬ ਵੱਲ ਮੋੜਨ ਦਾ ਹੁਨਰ ਹੈ। ਕਈ ਪਲ ਅਜਿਹੇ ਹੁੰਦੇ ਹਨ ਜਦੋਂ ਸਰੀਰ ਦੀ ਸਥਿਤੀ ਭਾਵੇਂ ਕਿਹੋ ਜਿਹੀ ਹੋਵੇ, ਆਤਮਾ ਆਪ ਮੁਹਾਰੇ ਅਰਦਾਸ ਵਿਚ ਝੁਕ ਜਾਂਦੀ ਹੈ। ਪੈਰ ਫਰਸ਼ ਉਤੇ ਹੁੰਦੇ ਹਨ, ਧਿਆਨ ਅਰਸ਼ ਉਤੇ ਹੁੰਦਾ ਹੈ।

ਇਹ ਇਕ ਅਜਿਹੀ ਅਗਰਬੱਤੀ ਜਗਾਉਣ ਦਾ ਯਤਨ ਹੈ ਜਿਸ ਦੀ ਸੁਗੰਧੀ ਅੰਬਰ ਤਕ ਪਹੁੰਚ ਜਾਂਦੀ ਹੈ। ਆਕਾਸ਼ ਧਰਤੀ ਉਤੇ ਨਹੀਂ ਆ ਸਕਦਾ ਪਰ ਅਰਦਾਸ ਰਾਹੀਂ ਅਸੀਂ ਉਥੇ ਪਹੁੰਚ ਜਾਂਦੇ ਹਾਂ। ਅਰਦਾਸ ਦੀ ਸਥਿਤੀ ਹੌਕੇ ਵਾਲੀ ਜਾਂ ਅੱਥਰੂ ਵਾਲੀ ਹੁੰਦੀ ਹੈ।

ਅਜੇ ਤਕ ਕੋਈ ਅਜਿਹਾ ਵਿਅਕਤੀ ਨਹੀਂ ਹੋਇਆ ਜਿਸ ਨੇ ਸਧੇ ਮਨੋ ਅਰਦਾਸ ਕੀਤੀ ਹੋਵੇ ਤੇ ਉਸ ਦੀ ਆਤਮਾ ਨੇ ਅਨੁਭਵ ਦੀਆਂ ਨਵੀਆਂ ਬੁਲੰਦੀਆਂ ਨਾ ਛੋਹੀਆਂ ਹੋਣ।

ਬਹੁਤੇ ਲੋਕ ਡਰ ਕੇ ਅਰਦਾਸ ਕਰਦੇ ਹਨ ਤੇ ਰੱਬ ਤੋਂ ਉਹ ਚੀਜ਼ਾਂ ਮੰਗਦੇ ਹਨ ਜਿਹੜੀਆਂ ਉਨ੍ਹਾਂ ਦੇ ਘਰ ਦੇ ਨੇੜੇ ਦੁਕਾਨ ਤੋਂ ਵੀ ਮਿਲ ਸਕਦੀਆਂ ਹੁੰਦੀਆਂ ਹਨ।

ਸਧਾਰਨ ਲੋਕ ਅਰਦਾਸ ਨਹੀਂ ਕਰਦੇ, ਆਪਣੀਆਂ ਮੰਗਾਂ ਦੀ ਮਿਸਲ ਪੜ੍ਹਦੇ ਹਨ। ਸਧਾਰਨ ਲੋਕ ਮੁਸ਼ਕਲਾਂ ਸੌਖੀਆਂ ਕਰਨ ਲਈ ਰੱਬ ਅੱਗੇ ਅਰਦਾਸ ਕਰਦੇ ਹਨ ਜਦੋਂ ਕਿ ਅਨੁਭਵੀ ਵਿਅਕਤੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਉਚੇਰੀ ਹਿੰਮਤ ਮੰਗਦੇ ਹਨ।

ਪਰਮਾਤਮਾ ਅੱਗੇ ਝੁਕਣਾ ਆਪਣੇ ਆਪ ਵਿਚ ਅੱਧੀ ਕਾਮਯਾਬੀ ਹੈ। ਜਿਨ੍ਹਾਂ ਨੂੰ ਅਰਦਾਸ ਕਰਨ ਦੀ ਜਾਚ ਹੈ, ਕੋਈ ਦੁੱਖ ਜਾਂ ਤਸੀਹਾ ਜਾਂ ਜ਼ੁਲਮ ਉਨ੍ਹਾਂ ਨੂੰ ਡੁਲਾ ਨਹੀਂ ਸਕਦਾ। ਅਜਿਹੇ ਵਿਅਕਤੀ ਹੀ ਅਰਦਾਸ ਕਰਦੇ ਹਨ – “ਹੇ ਵਾਹਿਗੁਰੂ! ਜੋ ਕੁਝ ਬਦਲੇ ਜਾਣ ਯੋਗ ਹੈ, ਉਸ ਨੂੰ ਬਦਲਣ ਦੀ ਸ਼ਕਤੀ ਦੇਹ, ਜੋ ਕੁਝ ਬਦਲਿਆ ਨਹੀਂ ਜਾ ਸਕਦਾ, ਉਸ ਨੂੰ ਸਵੀਕਾਰ ਕਰਨ ਦਾ ਬਲ ਦੇਹ ਅਤੇ ਇਨ੍ਹਾਂ ਵਿਚਲੇ ਅੰਤਰ ਜਾਣਨ ਦੀ ਸੂਝ ਦੇਹ।”

ਅਜਿਹੇ ਵਿਅਕਤੀ ਹੀ ਮੰਗ ਕਰਦੇ ਹਨ – “ਮੈਨੂੰ ਆਪਣੀ ਜਿੱਤ ਵਿਚ ਵਿਸ਼ਵਾਸ ਦੀ ਦਾਤ ਦੇਹ ਤੇ ਜ਼ੁਲਮ ਤੇ ਜ਼ਾਲਮ ਵਿਰੁੱਧ ਇਸ ਨਿਸ਼ਚੇ ਨਾਲ ਟਕਰਾ ਜਾਵਾਂ ਕਿ ਜਿੱਤ ਮੇਰੀ ਹੀ ਹੋਵੇ।” ਸਰੱਬਤ ਦਾ ਭਲਾ ਮੰਗਣ ਵਾਲੇ ਕਹਿੰਦੇ ਹਨ “ਹੇ ਵਾਹਿਗੁਰੂ! ਉਹ ਕੁਝ ਭਾਵੇਂ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ, ਸਗੋਂ ਉਹ ਕੁਝ ਹੋਵੇ ਜੋ ਠੀਕ ਹੈ।” ਅਜਿਹੀ ਅਰਦਾਸ ਵਿਚੋਂ ਤਸੱਲੀ ਮਿਲਦੀ ਹੈ, ਅੰਦਰਲਾ ਰੌਸ਼ਨ ਹੋ ਜਾਂਦਾ ਹੈ ਅਤੇ ਸਬਰ ਸੰਤੋਖ ਵਧ ਜਾਂਦਾ ਹੈ।

ਜਦੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਗੁਰੂਆਂ, ਪੀਰਾਂ, ਦੇਵੀ, ਦੇਵਤਿਆਂ ਨੂੰ ਧਿਆਇਆ ਜਾਂਦਾ ਹੈ। ਸੁਕਰਾਨਾ ਕੀਤਾ ਜਾਂਦਾ ਹੈ, ਦਾਤਾਂ ਮੰਗੀਆਂ ਜਾਂਦੀਆਂ ਹਨ। ਅਰਦਾਸ ਦਾ ਇਹ ਢੰਗ ਸਭ ਧਰਮਾਂ ਅਤੇ ਫ਼ਿਰਕਿਆਂ ਵਿਚ ਸਾਂਝਾ ਹੈ। ਲਗਭਗ ਸਾਰੇ ਧਰਮਾਂ ਨੇ ਅਰਦਾਸ ਦੀ ਵਿਧੀ, ਭਾਸ਼ਾ ਤੇ ਉਚਾਰਣ ਢੰਗ ਨਿਰਧਾਰਤ ਕੀਤੇ ਹੋਏ ਹਨ। ਅਰਦਾਸ ਵਿਚ ਮੁਢਲਾ ਆਧਾਰ ਪਰਮਾਤਮਾ ਦੀ ਸ਼ਕਤੀ ਵਿਚ ਵਿਸ਼ਵਾਸ ਹੁੰਦਾ ਹੈ। ਇਹ ਮੰਨ ਕੇ ਅਰਦਾਸ ਕੀਤੀ ਜਾਂਦੀ ਹੈ ਕਿ ਉਸ ਨਾਲੋਂ ਉਚੇਰੀ ਕੋਈ ਸ਼ਕਤੀ ਨਹੀਂ ਅਤੇ ਉਸ ਕੋਲ ਸਾਡੀ ਹਰ ਮੁਸ਼ਕਲ ਹੱਲ ਕਰਨ ਦੇ ਸਾਧਨ ਹਨ।

ਅਰਦਾਸ ਦਾ ਅਸਰ ਪਰਮਾਤਮਾ ਵਿਚ ਪ੍ਰਗਟਾਏ ਗਏ ਵਿਸ਼ਵਾਸ ਦੇ ਅਨੁਪਾਤ ਵਿਚ ਹੀ ਹੁੰਦਾ ਹੈ। ਅਰਦਾਸ ਕਿਸੇ ਤਰਕ ਉਤੇ ਆਧਾਰਤ ਨਹੀਂ ਹੁੰਦੀ, ਇਸ ਦੀ ਸਮੁੱਚੀ ਉਸਾਰੀ ਵਿਸ਼ਵਾਸ ਦੀਆਂ ਨੀਹਾਂ ਉਤੇ ਹੁੰਦੀ ਹੈ। ਜਿਥੇ ਸ਼ੰਕਾ ਹੈ ਉਥੇ ਅਰਦਾਸ ਨਹੀਂ ਕੀਤੀ ਜਾਂਦੀ। ਅਰਦਾਸ ਦੀ ਭਾਵਨਾ ਸੰਪੂਰਨ ਵਿਸ਼ਵਾਸ ਦੀ ਭਾਵਨਾ ਵਿਚੋਂ ਜਨਮਦੀ ਹੈ। ਸੱਚੀ ਅਰਦਾਸ, ਅਰਦਾਸ ਦੇ ਸ਼ਬਦ ਬੋਲਣ ਤੋਂ ਪਹਿਲਾਂ ਹੀ ਮੰਨੀ ਜਾ ਚੁੱਕੀ ਹੈ।
ਅਰਦਾਸ ਵਿਚਲੇ ਸ਼ਬਦ ਥੋੜ੍ਹਾ ਜਿਹਾ ਮੂੰਹ ਉੱਚਾ ਕਰਕੇ ਇਸ ਵਿਸ਼ਵਾਸ ਨਾਲ ਉਚਾਰੇ ਜਾਂਦੇ ਹਨ ਜਿਵੇਂ ਉਹ ਰੱਬ ਨੂੰ ਸੁਣਾਈ ਦੇ ਰਹੇ ਹੋਣ। ਅੱਖਾਂ ਬੰਦ ਹੋ ਜਾਂਦੀਆਂ ਹਨ ਤਾਂ ਜੋ ਅਦਿੱਖ ਸ਼ਕਤੀ ਦੇ ਸਨਮੁੱਖ ਹੋਇਆ ਜਾ ਸਕੇ। ਹੱਥ ਅਤੇ ਪੈਰ ਜੁੜ ਜਾਂਦੇ ਹਨ ਤਾਂ ਜੋ ਸਰੀਰ ਵਿਚ ਇਕਾਗਰਤਾ ਆ ਸਕੇ। ਅਰਦਾਸ ਨਾਲ ਰੱਬ ਵਿਚ ਕੋਈ ਤਬਦੀਲੀ ਨਹੀਂ ਆਉਂਦੀ, ਤਬਦੀਲੀ ਤਾਂ ਅਰਦਾਸ ਕਰਨ ਵਾਲੇ ਵਿਚ ਆਉਂਦੀ ਹੈ। ਅਸੀਂ ਅਰਜ਼ੀ ਨਵੀਸਾਂ ਵਾਂਗ ਅਰਦਾਸੀਏ ਪੈਦਾ ਕਰ ਲਏ ਹਨ। ਪਰ ਅਰਦਾਸ ਉਹ ਹੈ ਜਿਹੜੀ ਆਪ ਕੀਤੀ ਜਾਵੇ। ਇਕੱਲਿਆਂ ਇਕਾਂਤ ਵਿਚ ਚੁੱਪ ਚੁਪੀਤੇ ਕੀਤੀ ਅਰਦਾਸ ਨਾਲ ਸਾਡੀ ਸ਼ਖਸੀਅਤ ਰੂਹਾਨੀ ਖੇਡੇ ਵਿਚ ਆ ਜਾਂਦੀ ਹੈ। ਬਹੁਤ ਘੱਟ ਲੋਕ ਹਨ ਜਿਹੜੇ ਠੋਕ ਵਜਾ ਕੇ ਦੁਨੀਆਂ ਨੂੰ ਦੱਸ ਸਕਣ ਕਿ ਉਨ੍ਹਾਂ ਨੇ ਅਰਦਾਸ ਵਿਚ ਕੀ ਕੀ ਮੰਗਿਆ ਹੈ।

ਵਾਲਟੇਅਰ ਨੇ ਅਰਦਾਸ ਕੀਤੀ ਸੀ, “ਹੇ ਪਰਮਾਤਮਾ! ਮੇਰੇ ਦੁਸ਼ਮਣਾਂ ਨੂੰ ਹਾਸੋਹੀਣਾ ਬਣਾ ਦੇ”

ਇਕ ਨਾਸਤਿਕ ਨੇ ਕਿਹਾ ਸੀ, “ਹੇ ਵਾਹਿਗੁਰੂ! ਮੈਨੂੰ ਤੰਗ ਨਾ ਕਰਿਆ ਕਰ।”

ਇਕ ਫ਼ਿਲਾਸਫ਼ਰ ਨੇ ਕਹੀ ਸੀ, “ਹੇ ਖੁਦਾ! ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ ਕਿ ਤੂੰ ਮੇਰੀਆਂ ਸਾਰੀਆਂ ਬੇਨਤੀਆਂ ਨਹੀਂ ਮੰਨੀਆਂ।”

ਅਰਦਾਸ ਆਮ ਕਰਕੇ ਉਦੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਮੁਸ਼ਕਲਾਂ ਵਿਚ ਘਿਰੇ ਹੁੰਦੇ ਹਾਂ। ਅਰਦਾਸ ਨਾਲ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ, ਮੁਸ਼ਕਲਾਂ ਨਾਲ ਵਧੇਰੇ ਜਾਣ-ਪਛਾਣ ਹੋ ਜਾਂਦੀ ਹੈ। ਅਰਦਾਸ ਨਾਲ ਅਸੀਂ

ਆਪਣਾ ਸਬਰ ਵਧਾ ਲੈਂਦੇ ਹਾਂ ਤੇ ਮੁਸ਼ਕਲ ਮੁਸ਼ਕਲ ਪ੍ਰਤੀਤ ਹੋਣੋਂ ਹਟ ਜਾਂਦੀ ਹੈ। ਉਂਜ ਵੀ ਅਰਦਾਸ ਵਿਚ ਗੁਜ਼ਾਰਿਆ ਹੋਇਆ ਸਮਾਂ ਸਮੇਂ ਦੀ ਸਭ ਤੋਂ ਵਧੀਆ ਵਰਤੋਂ ਹੈ।

ਇਸ ਨਿਰਮਾਣਤਾ ਨਾਲ ਅਰਦਾਸ ਕਰਨੀ ਚਾਹੀਦੀ ਹੈ ਜਿਵੇਂ ਸਾਡੇ ਕੋਲ ਕੁਝ ਵੀ ਨਹੀਂ ਅਤੇ ਇਸ ਵਿਸ਼ਵਾਸ ਨਾਲ ਅਰਦਾਸ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਹਿੰਮਤ ਨਾਲ ਸਭ ਕੁਝ ਕਰ ਲਵਾਂਗੇ।

ਜਿਹੜੇ ਲੋਕ ਅਰਦਾਸ ਉਪਰੰਤ ਅਰਦਾਸੇ ਗਏ ਕਾਰਜ ਵਿਚ ਰੁਝ ਜਾਂਦੇ ਹਨ, ਉਹ ਸਦਾ ਸਫਲ ਹੁੰਦੇ ਹਨ। ਅਰਦਾਸ ਕਰ ਕੇ ਸੌਂ ਜਾਣ ਵਾਲਿਆਂ ਦੀ ਅਰਦਾਸ ਕਦੇ ਲੇਖੇ ਨਹੀਂ ਲਗਦੀ।

ਅਰਦਾਸ ਨਲ ਹਿੰਮਤ ਨਹੀਂ ਆਉਂਦੀ, ਅਰਦਾਸ ਕਰਕੇ ਹੀ ਹਿੰਮਤ ਵਾਲੇ ਹਨ। ਜਿਨ੍ਹਾਂ ਨੂੰ ਪਿਆਰ ਕਰਨ ਦੀ ਜਾਚ ਹੈ। ਉਹੀ ਅਰਦਾਸ ਕਰਦੇ ਹਨ।

ਅਰਦਾਸ ਦਾ ਤਰਕ ਸਭ ਤਰਕਾਂ ਤੋਂ ਉਪਰਲਾ ਤਰਕ ਹੈ। ਅਰਦਾਸ ਨਾਲ ਅਰਦਾਸ ਕਰਨ ਵਾਲੇ ਦਾ ਆਪਣੇ ਉਤੇ ਕਾਬੂ ਵਧ ਜਾਂਦਾ ਹੈ ਅਤੇ ਇਹ ਕਾਬੂ ਹੀ ਸਭ ਮੁਸ਼ਕਲਾਂ ਦਾ ਰਾਹ ਖੁਲ੍ਹ ਜਾਂਦਾ ਹੈ।

ਬੱਚਿਆਂ ਨੂੰ ਪਰਮਾਤਮਾ ਵਿਚ ਵੱਡਿਆਂ ਦੇ ਮੁਕਾਬਲੇ ਵਧੇਰੇ ਵਿਸ਼ਵਾਸ ਹੁੰਦਾ ਹੈ। ਅਰਦਾਸ ਕਰਨ ਵੇਲੇ ਅਰਦਾਸ ਕਰਨ ਵਾਲੇ ਦੀ ਸਥਿਤੀ ਮਾਸੂਮ ਬੱਚੇ ਦੇ ਮਨ ਵਾਲੀ ਹੁੰਦੀ ਹੈ। ਅਰਦਾਸ ਵਿਚ ਕੋਈ ਚਲਾਕੀ ਜਾਂ ਚਤੁਰਾਈ ਨਹੀਂ ਚਲਦੀ।

ਇਹ ਉਹ ਅਵਸਥਾ ਹੈ ਜਦੋਂ ਸਾਡਾ ਸਰੀਰ ਸੌਂ ਜਾਂਦਾ ਹੈ ਅਤੇ ਆਤਮਾ ਜਾਗ ਪੈਂਦੀ ਹੈ।

ਜਿਥੇ ਜੀਵਨ ਵਧੇਰੇ ਕਠਿਨ ਤੇ ਕਠੋਰ ਹੈ, ਉਥੇ ਅਰਦਾਸ ਕਰਨ ਦੀ ਬਿਰਤੀ ਵਧੇਰੇ ਹੈ। ਤਿੱਬਤ ਵਿਚ ਪ੍ਰਕ੍ਰਿਤਕ ਮੁਸ਼ਕਲਾਂ ਕਾਰਨ ਲਾਮਾ ਲੋਕਾਂ ਦਾ ਸਾਰਾ ਜੀਵਨ ਹੀ ਅਰਦਾਸ ਵਿਚ ਲੰਘਦਾ ਹੈ। ਜਿਥੇ ਭੁਚਾਲ ਜਾਂ ਹੜ੍ਹ ਜਾਂ ਸੋਕਾ ਜਾਂ ਜਵਾਲਾ ਮੁਖੀ ਆਦਿ ਕਾਰਨ ਜੀਵਨ ਮੁਸ਼ਕਿਲ ਹੈ, ਉਥੇ ਲੋਕ ਰਲ ਕੇ ਗਾ ਕੇ ਅਰਦਾਸ ਕਰਦੇ ਹਨ। ਸੁਭਾਵਕ ਹੀ ਅਜਿਹੇ ਲੋਕ ਦਿਮਾਗ ਦੀ ਨਹੀਂ ਦਿਲ ਦੀ ਬੋਲੀ ਬੋਲਦੇ ਹਨ। ਕਈ ਥਾਂਵਾਂ ਉਤੇ ਅਰਦਾਸ ਵੱਖਰੀਆਂ ਵੱਖਰੀਆਂ ਸ਼ਕਤੀਆਂ ਦੇ ਮਾਲਕ ਦੇਵਤਿਆਂ ਸਾਹਮਣੇ ਕੀਤੀ ਜਾਂਦੀ ਹੈ।

ਬੱਚੇ, ਅਨਪੜ੍ਹ ਅਤੇ ਅਲਪ ਬੁੱਧੀ ਵਾਲੇ ਲੋਕ ਪਰਮਾਤਮਾ ਨੂੰ ਆਪਣੇ ਅੰਦਰ ਨਹੀਂ, ਬਾਹਰ ਕਿਸੇ ਉੱਚੀ ਥਾਂ ਖਿਆਲ ਕਰਦੇ ਹਨ ਇਸੇ ਲਈ ਅਰਦਾਸ ਉੱਚੀ ਬੋਲ ਕੇ ਕਰਦੇ ਹਨ।

ਨਾਸਤਿਕ ਲੋਕਾਂ ਦਾ ਅਰਦਾਸ ਵਿਚ ਵਿਸ਼ਵਾਸ ਨਹੀਂ ਕਿਉਂਕਿ ਉਹ ਸਾਰੀ ਪ੍ਰਕ੍ਰਿਤੀ ਨੂੰ ਨੇਮਾਂ ਵਿਚ ਬੱਝਾ ਹੋਇਆ ਵੇਖਦੇ ਹਨ ਅਤੇ ਉਨ੍ਹਾਂ ਦੇ ਮਤ ਅਨੁਸਾਰ ਅਰਦਾਸ ਵਿਚ ਅਸੀਂ ਰੱਬ ਨੂੰ ਉਸ ਦੇ ਆਪਣੇ ਹੀ ਬਣਾਏ ਹੋਏ ਕਾਨੂੰਨ ਤੋੜਨ ਲਈ ਕਹਿੰਦੇ ਹਾਂ। ਜੰਗ ਵਿਚ ਦੋਵੇਂ ਧਿਰਾਂ ਜਿੱਤ ਲਈ ਅਰਦਾਸ ਕਰਦੀਆਂ ਹਨ। ਇਕ ਵਿਅਕਤੀ ਮੀਂਹ ਲਈ ਅਰਦਾਸ ਕਰਦਾ ਹੈ, ਦੂਜਾ ਮੀਂਹ ਨਾਂ ਪੈਣ ਦੀ ਅਰਦਾਸ ਕਰਦਾ ਹੈ। ਜਦੋਂ ਕਿ ਸੱਚ ਇਹ ਹੈ ਕਿ ਮੀਂਹ ਤਾਂ ਪ੍ਰਕ੍ਰਿਤਕ ਨੇਮਾਂ ਅਨੁਸਾਰ ਹੀ ਪੈ ਸਕਦਾ ਹੈ। ਕਿਸੇ ਚਿੱਠੀ ਲਈ ਅਰਦਾਸ ਕੀਤੀ ਜਾਂਦੀ ਹੈ ਪਰ ਚਿੱਠੀ ਰੱਬ ਵੱਲੋਂ ਨਹੀਂ ਡਾਕਖ਼ਾਨੇ ਰਾਹੀਂ ਆ ਸਕਦੀ ਹੈ। ਪ੍ਰਕ੍ਰਿਤਕ ਨੇਮ ਅਟਲ ਹਨ, ਰੱਬ ਵੀ ਉਨ੍ਹਾਂ ਵਿਚ ਦਖ਼ਲ ਨਹੀਂ ਦੇ ਸਕਦਾ। ਨਾਸਤਿਕਾਂ ਅਨੁਸਾਰ ਅਰਦਾਸ ਕਰਨ ਨਾਲ ਮਨੁੱਖ ਕਮਜ਼ੋਰ ਹੋ ਜਾਂਦਾ ਹੈ। ਜੇ ਕਿਸੇ ਵਿਅਕਤੀ ਦਾ ਆਪਣੇ ਆਪ ਵਿਚ ਵਿਸ਼ਵਾਸ ਹੈ ਤਾਂ ਉਸ ਨੂੰ ਅਰਦਾਸ ਦੀ ਲੋੜ ਨਹੀਂ।

ਪਰ ਇਸ ਗੱਲ ਤੋਂ ਨਾਸਤਿਕ ਵੀ ਇਨਕਾਰ ਨਹੀਂ ਕਰਦੇ ਕਿ ਅਰਦਾਸ ਰਾਹੀਂ ਆਤਮਾ ਨਵੀਆਂ ਬੁਲੰਦੀਆਂ ਛੂੰਹਦੀ ਹੈ। ਨਾਸਤਿਕਾਂ ਦਾ ਇਤਰਾਜ਼ ਅਰਦਾਸ ਪ੍ਰਤੀ ਨਹੀਂ, ਉਸ ਸ਼ਕਤੀ ਪ੍ਰਤੀ ਹੈ ਜਿਸ ਅੱਗੇ ਅਰਦਾਸ ਕੀਤੀ ਜਾਂਦੀ ਹੈ।

ਉਹਨਾਂ ਅਨੁਸਾਰ ਮਰੀਜ਼ ਦੀ ਅਰਦਾਸ ਰੱਬ ਪ੍ਰਤੀ ਨਹੀਂ ਡਾਕਟਰ ਪ੍ਰਤੀ ਹੋਣੀ ਚਾਹੀਦੀ ਹੈ। ਉਹ ਮੰਨਦੇ ਹਨ ਕਿ ਅਰਦਾਸ ਨਾਲ ਕਈ ਭਰਮ ਭੁਲੇਖੇ ਦੂਰ ਹੁੰਦੇ ਹਨ ਅਤੇ ਸਮੁਹਿਕ ਯਤਨਾਂ ਨਾਲ ਸਭ ਕੁਝ ਸੰਭਵ ਹੁੰਦਾ ਹੈ। ਇਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰਦਾ ਕਿ ਅਰਦਾਸ ਨਾਲ ਮਾਨਸਿਕ ਸ਼ਾਂਤੀ, ਸਮੁਹਿਕ ਭਾਵਨਾ ਅਤੇ ਵਿਸ਼ਵਾਸ ਵਿਚ ਵਾਧਾ ਹੁੰਦਾ ਹੈ ਅਤੇ ਸਰੱਬਤ ਦੇ ਭਲੇ ਵਲ ਰੁਚਿਤ ਹੋਣ ਦੀ ਪ੍ਰੇਰਨਾ ਮਿਲਦੀ ਹੈ। ਨਿਰਸੰਦੇਹ ਅਰਦਾਸ ਰੱਬ ਨੂੰ ਪਸਮਾਉਣ ਦਾ ਨਹੀਂ ਆਪਣੇ ਆਪ ਨੂੰ ਸਮਝਣ ਦਾ ਯਤਨ ਹੈ।

Loading spinner