ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਚੰਗੇਰੀ ਯਾਦ ਸ਼ਕਤੀ

ਨਰਿੰਦਰ ਸਿੰਘ ਕਪੂਰ

ਚਾਲ੍ਹੀਆਂ ਦੀ ਉਮਰੋਂ ਟੱਪੇ ਆਮ, ਤੇ ਕਈ ਕਈ ਜਵਾਨ ਵੀ, ਆਪਣੀ ਯਾਦ ਸ਼ਕਤੀ ਕਮਜ਼ੋਰ ਹੁੰਦੀ ਜਾਣ ਦੀ ਸ਼ਿਕਾਇਤ ਕਰਦੇ ਹਨ। ਪੜ੍ਹਿਆ ਭੁੱਲ ਜਾਂਦਾ ਹੈ, ਚਿਹਰੇ, ਅੰਕੜੇ ਤੇ ਘਟਨਾਵਾਂ ਯਾਦ ਨਹੀਂ ਰਹਿੰਦੇ। ਉਹ ਏਸ ਨੂੰ ਦਿਮਾਗ ਦੀ ਕਮਜ਼ੋਰੀ ਦਾ ਕਾਰਨ ਖਿਆਲ ਕਰਦੇ ਹਨ। ਪਰ ਯਾਦ ਸ਼ਕਤੀ ਦਿਲ ਜਾਂ ਜਿਗਰ ਵਾਂਗ, ਕਿਸੇ ਵੱਖਰੇ ਸਰੀਰਕ ਭਾਗ ਦੀ ਉਪਜ ਨਹੀਂ, ਕਿ ਖੁਰਾਕ ਜਾਂ ਦਵਾਈ ਨਾਲ ਉਸ ਭਾਗ ਨੂੰ ਮਜ਼ਬੂਤ ਕਰ ਲਿਆ ਜਾਏ। ਇਹ ਸ਼ਕਤੀ ਮਨੁੱਖੀ ਦਿਮਾਗ ਦਾ ਕਰਤਵ ਹੈ, ਜਿਹੜਾ ਹਰ ਤਜਰਬੇ, ਹਰ ਝਾਤੀ, ਹਰ ਸੁਪਨੇ, ਹਰ ਖਿਆਲ ਨੂੰ ਸਿਨੇਮੇ ਦੀ ਤਰ੍ਹਾਂ ਆਪਣੀ ਯਾਦ ਤਖ਼ਤੀ ਉਤੇ ਅੰਕਿਤ ਕਰ ਲੈਂਦਾ ਹੈ। ਪਰ ਸਿਨੇਮੇ ਦੇ ਚਿਤ੍ਰ-ਪਟ ਨਾਲੋਂ ਯਾਦ-ਸ਼ਕਤੀ ਦੀ ਸਮਰਥਾ ਬੇਅੰਤ ਗੁਣਾਂ ਵੱਡੀ ਹੁੰਦੀ ਹੈ, ਜਿਹੜਾ ਅਕਸ ਇਹਦੇ ਉਤੇ ਇਕ ਵਾਰੀ ਪੈ ਗਿਆ, ਉਹ ਕਦੇ ਮਿਟਦਾ ਨਹੀਂ, ਸਦਾ ਸਾਂਭਿਆ ਰਹਿੰਦਾ ਹੈ। ਇਹ ਜਾਣੋ ਮਨੁੱਖੀ ਦਿਮਾਗ ਦਾ ਇਕ ਅਮਿੱਟ ਤੇ ਅਭੁੱਲ ਰਿਕਾਰਡ-ਘਰ ਹੈ, ਜਿਦ੍ਹੇ ਵਿਚ ਇਕ ਜਨਮ ਦੀਆਂ ਹੀ ਨਹੀਂ, ਅਣਗਿਣਤ ਨਸਲਾਂ ਦੀਆਂ ਯਾਦਾਂ ਉਕਰੀਆਂ ਰਹਿੰਦੀਆਂ ਹਨ।

ਕਿਸੇ ਵੀ ਮਨੁੱਖ ਦੀ ਯਾਦ ਸ਼ਕਤੀ ਨਾਕਸ ਨਹੀਂ ਹੁੰਦੀ, ਨਾ ਉਮਰ ਨਾਲ ਨਕਾਰੀ ਹੋ ਜਾਂਦੀ ਹੈ। ਤੋੜ ਉਮਰ ਤੱਕ ਇਹ ਆਪਣਾ ਕਰਤਵ ਪੂਰਾ ਕਰਦੀ ਰਹਿੰਦੀ ਹੈ। ਇਹਦਾ ਕਰਤਵ ਇਹ ਹੈ, ਕਿ ਜੋ ਵੀ ਮਨੁੱਖ ਨਾਲ ਵਾਪਰੇ, ਜਾਂ ਉਹਦੀ ਚੇਤਨਾ ਵਿਚ ਆਵੇ, ਉਹ ਹਮੇਸ਼ਾ ਲਈ ਅਮਿੱਟ ਰਹੇ, ਤੇ ਲੋੜ ਸਮੇਂ ਉਹਦੇ ਨਿਰਣਿਆਂ ਉਤੇ ਸੁਚੇਤ ਜਾਂ ਅਚੇਤ ਅਸਰ ਪਾਵੇ, ਤਾਂ ਤੇ ਚੰਗੇਰੀ ਯਾਦਾਸ਼ਤ ਦੇ ਜਾਚਕ ਸਭ ਤੋਂ ਪਹਿਲਾਂ ਇਹ ਭੁਲੇਖਾ ਆਪਣਾ ਦੂਰ ਕਰ ਲੈਣ ਕਿ ਉਹਨਾਂ ਦੀ ਯਾਦ-ਸ਼ਕਤੀ ਵਿਚ ਕੋਈ ਨੁਕਸ ਪੈ ਗਿਆ ਹੈ। ਜਿਹੜਾ ਕੋਈ ਆਪਣੀ ਯਾਦ-ਸ਼ਕਤੀ ਨੂੰ ਕੋਸਦਾ ਰਹੇਗਾ, ਉਹਦੀ ਯਾਦ-ਸ਼ਕਤੀ ਦਿਨੋ-ਦਿਨ ਅਸਮਰਥ ਹੁੰਦੀ ਜਾਏਗੀ, ਬਹੁਤ ਕੁਝ ਭੁੱਲਾ ਭੁੱਲਾ ਜਾਪਣ ਲੱਗ ਪਏਗਾ।

ਯਾਦ-ਸ਼ਕਤੀ ਦੇ ਦੋ ਭਾਗ ਹੁੰਦੇ ਹਨ : ਇਕ ਭਾਗ, ਹਰ ਘਟਨਾ ਤੇ ਹਰ ਫੁਰਨੇ ਨੂੰ ਆਪਣੇ ਪਟ ਉਤੇ ਅੰਕਿਤ ਕਰ ਲੈਂਦਾ ਹੈ। ਦੂਜਾ, ਏਸ ਘਟਨਾ ਜਾਂ ਫੁਰਨੇ ਨੂੰ ਲੋੜ ਪੈਣ ਉਤੇ ਸਾਡੇ ਚੇਤੇ ਵਿਚ ਲਿਆਉਂਦਾ ਹੈ। ਇਹਦੇ ਇਹਨਾਂ ਦੋਹਾਂ ਅਮਲਾਂ ਨੂੰ ਏਸ ਦ੍ਰਿਸ਼ਟਾਂਤ ਨਾਲ ਸਮਝਿਆ ਜਾ ਸਕਦਾ ਹੈ : ਸਾਡੇ ਕੋਲ ਕਈ ਖਾਨਿਆਂ ਵਾਲਾ ਮੇਜ਼ ਹੈ, ਜਿਦ੍ਹੇ ਵਿਚ ਆਪਣੇ ਕਾਰ-ਵਿਹਾਰ ਦੇ ਕਈ ਕਿਸਮਾਂ ਦੇ ਕਾਗਜ ਅਸੀਂ ਤਰਤੀਬਵਾਰ ਜਾਂ ਬੇ-ਤਰਤੀਬਵਾਰ ਸਾਂਭ ਸਕਦੇ ਹਾਂ, ਸਾਡੇ ਵਿਚੋਂ ਕੋਈ ਸੁਚੱਜਾ ਵਖ-ਵਖ ਕਿਸਮਾਂ ਦੇ ਕਾਗਜ਼ਾਂ ਨੂੰ ਨਿਸ਼ਾਨੀਆਂ ਲਾ ਕੇ ਏਡੇ ਧਿਆਨ ਤੇ ਏਡੀ ਪਰਖ ਨਾਲ ਖ਼ਾਨੇ-ਵਾਰ ਸਾਂਭਦਾ ਹੈ ਕਿ ਲੋੜੀਂਦਾ ਕਾਗਜ ਉਹ ਤੁਰਤ ਲੱਭ ਲੈਂਦਾ ਹੈ, ਪਰ ਕਈ ਕੁਚੱਜੇ ਮਨੁੱਖ ਬਿਨਾ ਚੱਜ ਤੇ ਬਿਨਾ ਧਿਆਨ ਕਾਹਲੀ ਕਾਹਲੀ ਜਿਹੜਾ ਖ਼ਾਨਾ ਹੱਥ ਆਇਆ ਓਸੇ ਵਿਚ ਕਾਗਜ ਘਸੋੜ ਛੱਡਦੇ ਹਨ। ਗੁਆਚਦਾ ਭਾਵੇਂ ਇਹਨਾਂ ਦਾ ਵੀ ਕੋਈ ਕਾਗਜ ਨਹੀਂ ਪਰ ਲੋੜ ਪਿਆਂ ਖ਼ਾਨਾ ਖ਼ਾਨਾ ਫਰੋਲਿਆਂ ਵੀ ਉਹਨਾਂ ਨੂੰ ਆਪਣੀ ਲੋੜ ਦਾ ਕਾਗਜ ਨਹੀਂ ਲੱਭਦਾ। ਗੁਆਚੇ ਜਾਂ ਨਾ-ਲੱਭੇ ਵਿਚ ਫਰਕ ਵੀ ਕੋਈ ਬਹੁਤਾ ਨਹੀਂ ਹੁੰਦਾ।

ਇਹੀ ਹਾਲ ਸਾਡੀ ਯਾਦ-ਸ਼ਕਤੀ ਦਾ ਹੈ। ਯਾਦ ਵਿਚ ਸਭੇ ਕੁਝ ਕਾਇਮ ਰਹਿੰਦਾ ਹੈ, ਪਰ ਲੋੜੀਂਦਾ ਖਿਆਲ ਵੇਲੇ ਸਿਰ ਚੇਤੇ ਵਿਚ ਆਉਂਦਾ ਨਹੀਂ, ਕਸੂਰ ਯਾਦ-ਸ਼ਕਤੀ ਵਿਚ ਨਹੀਂ ਹੁੰਦਾ, ਏਸ ਸ਼ਕਤੀ ਨੂੰ ਵਰਤਣ ਦੀ ਜਾਚ ਵਿਚ ਹੁੰਦਾ ਹੈ। ਤੇ ਇਹ ਜਾਚ ਅਨੇਕਾਂ ਹੋਰ ਜਾਚਾਂ ਵਾਂਗ, ਸਿੱਖੀ ਤੇ ਸਵਾਰੀ ਜਾ ਸਕਦੀ ਹੈ ਤੇ ਤੋੜ ਉਮਰ ਤੱਕ ਯਾਦ-ਸ਼ਕਤੀ ਨੂੰ ਸਕਾਰਥੀ ਰੱਖਿਆ ਜਾ ਸਕਦਾ ਹੈ।

ਅਸਲ ਵਿਚ ਇਹੋ ਸ਼ਕਤੀ ਹੀ ਹੁਨਰ, ਕਲਾ, ਈਜਾਦ ਤੇ ਹਰ ਉੱਨਤੀ ਦਾ ਸੋਮਾ ਹੈ। ਹਰ ਮਨੁੱਖ ਦੀ ਸ਼ਖ਼ਸੀ ਯਾਦ-ਸ਼ਕਤੀ ਸਮੁੱਚੀ ਮਨੁੱਖਤਾ ਦੀ ਯਾਦ-ਸ਼ਕਤੀ ਦਾ ਅੰਗ ਹੁੰਦਾ ਹੈ। ਇਹ ਸ਼ਕਤੀ ਅਮੁੱਕ ਤੇ ਅਥਾਹ ਹੈ, ਸ੍ਰਿਸ਼ਟੀ ਦੀ ਖਾਸ ਰਚਨਾ ਹੈ। ਜਦੋਂ ਕਿਸੇ ਹਾਦਸੇ ਜਾਂ ਜਜ਼ਬਾਤੀ ਉਂਝਲਾਂ ਗੁੰਝਲਾਂ ਕਾਰਨ ਕੋਈ ਮਨੁੱਖ ਇਹਦੇ ਤੋਂ ਬੇ-ਲਾਭ ਹੋ ਜਾਂਦਾ ਹੈ, ਓਦੋਂ ਵੀ ਉਹਦੀਆਂ ਸਭ ਯਾਦਾਂ ਓਹਦੇ ਅੰਦਰ ਅਮਿੱਟ ਹੁੰਦੀਆਂ ਹਨ, ਸਿਰਫ ਉਹ ਕਿਸੇ ਵੀ ਯਾਦ ਨੂੰ ਹਥਿਆ ਕੇ ਵਰਤਣੋਂ ਅਸਮਰਥ ਹੋ ਜਾਂਦਾ ਹੈ। ਤੇ ਜੇ ਫੇਰ ਕਦੇ ਉਹਦੀ ਪਹਿਲੀ ਮਾਨਸਿਕ ਅਵਸਥਾ ਮੁੜ ਆਵੇ ਤਾਂ ਯਾਦਾਂ ਦਾ ਸਾਰਾ ਭੰਡਾਰ ਓਸੇ ਤਰ੍ਹਾਂ ਉਹਦੇ ਲਈ ਖੁਲ੍ਹ ਜਾਂਦਾ ਹੈ। ਜੇ ਪਾਗ਼ਲਪੁਣੇ ਦੀ ਹਾਲਤ ਵਿਚ ਉਹ ਕੋਈ ਹੋਰ ਵਿਅਕਤੀ ਬਣਿਆ ਬੈਠਾ ਸੀ. ਤਾਂ ਰਾਜੀ ਹੋਇਆਂ ਉਹ ਮੁੜ ਆਪਣਾ ਆਪ ਬਣ ਜਾਂਦਾ ਹੈ।

ਏਨਾ ਵਿਸਥਾਰ ਸਿਰਫ ਇਹ ਅਸਲੀਅਤ ਉਘਾੜਨ ਲਈ ਕੀਤਾ ਗਿਆ ਹੈ, ਕਿ ਯਾਦ-ਸ਼ਕਤੀ ਸਾਡੀ ਜਮਾਂਦਰੂ ਵਿਰਾਸਤ ਹੈ, ਇਹਦੇ ਵਿਚ ਨਿਰਾ ਸਾਡਾ ਹੀ ਤਜਰਬਾ ਨਹੀਂ, ਸਾਡੀਆਂ ਬੇ-ਸ਼ੁਮਾਰ ਪੀੜ੍ਹੀਆਂ ਦੇ ਤਜਰਬਿਆਂ ਦਾ ਨਚੋੜ ਵੀ ਸਾਡੀ ਰਾਹ-ਨੁਮਾਈ ਲਈ ਸਾਂਭਿਆ ਹੁੰਦਾ ਹੈ। ਇਹ ਵਿਰਸਾ ਸਾਡੇ ਕੋਲੋਂ ਕਦੇ ਖੋਹਿਆ ਨਹੀਂ ਜਾ ਸਕਦਾ। ਇਹਨੂੰ ਕਦੇ ਕੋਸਿਆ ਨਾ ਜਾਏ, ਸਗੋਂ ਇਹਦਾ ਮਾਣ ਕੀਤਾ ਜਾਏ, ਤੇ ਇਹਦੇ ਤੋਂ ਵਧ ਤੋਂ ਵਧ ਲਾਭ ਉਠਾਣ ਦੀ ਅਕਲ ਜਿਥੋਂ ਵੀ ਸਿੱਖੀ ਜਾ ਸਕੇ, ਸਿੱਖੀ ਜਾਵੇ, ਹਰ ਕਾਮਯਾਬੀ ਜੀਵਨ ਦੀ ਕੋਈ ਸੁਚੱਜੀ ਜਾਚ ਹੁੰਦੀ ਹੈ।

ਏਸ ਸ਼ਕਤੀ ਦੇ ਬੜੇ ਸਾਰਥਕ ਕਰਤਵ ਦਾ ਗਿਆਨ ਵੀ ਸਾਡੀ ਜੀਵਨ-ਜਾਚ ਵਿਚ ਸਹਾਈ ਹੋ ਸਕਦਾ ਹੈ। ਇਹ ਕਰਤਵ ਹੈ: ਘਟ ਜ਼ਰੂਰੀ ਯਾਦਾਂ ਨੂੰ ਏਡਾ ਪਿਛਾਂਹ ਕਰ ਕੇ ਰਖ ਦੇਣਾ ਕਿ ਉਹ ਜ਼ਰੂਰੀ ਯਾਦਾਂ ਦਾ ਰਾਹ ਨਾ ਮੱਲਣ। ਉਮਰ ਵੱਡੀ ਹੁੰਦੀ ਜਾਣ ਦੇ ਨਾਲ ਕਈ ਗੱਲਾਂ ਸਾਨੂੰ ਭੁੱਲਣ ਲੱਗ ਪੈਂਦੀਆਂ ਹਨ। ਇਹ ਕੋਈ ਨੁਕਸ ਨਹੀਂ, ਦਿਮਾਗ ਨੂੰ ਜ਼ਰੂਰੀ ਕੰਮਾਂ ਲਈ ਸ਼ਕਤੀਵਾਨ ਤੇ ਸੁਖਾਲਿਆਂ ਰੱਖਣ ਦੀ ਕੁਦਰਤੀ ਵਿਉਂਤ ਹੁੰਦੀ ਹੈ। ਸਾਡਾ ਜੀਵਨ-ਮਨੋਰਥ ਉਮਰ ਨਾਲ ਸਪਸ਼ਟ ਹੋ ਗਿਆ ਹੁੰਦਾ, ਤੇ ਮੰਜ਼ਲ ਨਜ਼ਰੀਂ ਆ ਗਈ ਹੁੰਦੀ ਹੈ, ਏਸ ਲਈ ਕਈ ਬੇ-ਲੋੜੀਆਂ ਗੱਲਾਂ ਭੁੱਲ ਜਾਂਦੀਆਂ ਹਨ, ਦੁਖਾਵੀਂਆਂ ਘਟਨਾਵਾਂ ਤੇ ਨਾ ਚੰਗੀਆਂ ਲੱਗਣ ਵਾਲੀਆਂ ਜਾਂ ਸਾਡੇ ਵਰਤਮਾਨ ਕਰਤਵ ਨਾਲ ਅਣਸਬੰਧਤ ਗੱਲਾਂ ਸਾਨੂੰ ਯਾਦ ਨਹੀਂ ਰਹਿੰਦੀਆਂ ਹਨ। ਇਹ ਘਾਟਾ ਨਹੀਂ ਬਰਕਤ ਹੈ। ਜਦੋਂ ਲਿਖਿਆ ਖ਼ਤ ਚਿੱਠੀ-ਬਕਸ ਵਿਚ ਪਾਣਾ ਭੁੱਲ ਜਾਂਦੇ ਹਾਂ, ਕੋਈ ਸੁਨੇਹਾ ਦੇਣਾ ਵਿਸਰ ਜਾਂਦੇ ਹਾਂ, ਜਾਂ ਕਿਸੇ ਦਾ ਨਾਂ ਮੂੰਹ ਵਿਚ ਫਿਰਦਾ ਬੁਲ੍ਹਾਂ ਉਤੇ ਨਹੀਂ ਲਿਆ ਸਕਦੇ, ਓਦੋਂ ਵੀ ਸਾਡੀ ਯਾਦ-ਸ਼ਕਤੀ ਵਿਚ ਕੋਈ ਕਮਜ਼ੋਰੀ ਨਹੀਂ ਆਈ ਹੁੰਦੀ – ਇਹ ਸਿਰਫ ਸਾਡੇ ਅਚੇਤ ਮਨ ਦੀ ਸੁਖਾਵੀਂ ਕਾਢ ਹੁੰਦੀ ਹੈ, ਜਿਵੇਂ ਸੁਪਨੇ ਸਾਡੀ ਕਿਸੇ ਜਜ਼ਬਾਤੀ ਖਿਚਾਈ ਨੂੰ ਢਿੱਲਿਆਂ ਕਰਦੇ ਹਨ, ਉਵੇਂ ਹੀ ਸਮੇਂ-ਸਮੇਂ ਸਾਡੀਆਂ ਭੁੱਲਾਂ ਸਾਡੇ ਮਨ ਦੇ ਬਚਾਓ-ਵਾਲਵ ਬਣ ਜਾਂਦੀਆਂ ਹਨ।

ਜੇ ਯਾਦ ਸ਼ਕਤੀ ਦੀ ਅਸਲੀਅਤ ਨੂੰ ਤੁਸਾਂ ਸਮਝ ਲਿਆ ਹੈ ਤਾਂ ਏਸ ਸ਼ਕਤੀ ਨੂੰ ਆਪਣੇ ਜੀਵਨ-ਮਨੋਰਥ ਦੀ ਪ੍ਰਾਪਤੀ ਲਈ ਠੀਕ ਤਰ੍ਹਾਂ ਵਰਤਣਾ ਤੁਸੀਂ ਆਪਣੀ ਜੀਵਨ-ਜਾਚ ਵਿਚ ਸ਼ਾਮਿਲ ਕਰਨਾ ਜ਼ਰੂਰ ਚਾਹੋਗੇ। ਇਹਦੀ ਠੀਕ ਵਰਤੋਂ ਦੇ ਸਬੰਧ ਵਿਚ ਕੁਝ ਆਖਣ ਤੋਂ ਪਹਿਲਾਂ ਮੈਂ ਓਸ ਬੇਅੰਤ ਖਾਨਿਆਂ ਵਾਲੇ ਮੇਜ਼ ਦਾ ਚਿੱਤਰ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ। ਏਸ ਮੇਜ਼ ਵਿਚ ਜਿਵੇਂ ਆਏ, ਤਿਵੇਂ ਢੇਰ ਕਰ ਛੱਡੇ ਕਾਗਜ਼ਾਂ ਵਿਚੋਂ ਲੋੜੀਂਦਾ ਕਾਗਜ਼ ਇਤਫ਼ਾਕ ਨਾਲ ਹੀ ਲੱਭ ਸਕਦਾ ਹੈ। ਹਰ ਕਾਗਜ਼ ਦੀ ਰੂਪ ਰੰਗ ਧਿਆਨ ਵਿਚ ਬਿਠਾ ਕੇ, ਕਾਗਜ਼ਾਂ ਤੇ ਖਾਨਿਆਂ ਨੂੰ ਨਿਸ਼ਾਨ ਲਾ ਕੇ ਸੱਜੇ ਖੱਬੇ, ਉਪਰਲੇ ਹੇਠਲੇ ਨੀਯਤ ਖਾਨਿਆਂ ਵਿਚ ਰਖਿਆ, ਤੁਸੀਂ ਤੁਰੰਤ ਲੋੜੀਂਦਾ ਕਾਗਜ਼ ਲੱਭ ਸਕਦੇ ਹੋ।

ਓਸੇ ਹੀ ਤਰ੍ਹਾਂ ਤੁਸੀਂ ਆਪਣੀ ਕਰਾਮਾਤੀ ਯਾਦ-ਸ਼ਕਤੀ ਦੀ ਵਰਤੋਂ ਕਰ ਸਕਦੇ ਹੋ। ਪਹਿਲਾਂ ਏਸ ਸ਼ਕਤੀ ਨੂੰ ਆਪਣੇ ਅਮਲਾਂ, ਖਿਆਲਾਂ, ਰੀਝਾਂ ਤੇ ਸੁਪਨਿਆਂ ਦਾ ਅਭੁੱਲ ਮੋਦੀ ਸਮਝ ਕੇ ਇਹਦਾ ਸਤਿਕਾਰ ਕਰੋ। ਫੇਰ ਜਿਸ ਯਾਦ ਨੂੰ ਆਪਣੇ ਮਨੋਰਥ ਲਈ ਜ਼ਰੂਰੀ ਸਮਝਦੇ ਹੋ, ਉਹਨੂੰ ਗ਼ੌਰ ਨਾਲ ਚਿਤਾਰੋ। ਜਿਹੜੇ ਵਿਦਿਆਰਥੀਆਂ ਨੂੰ ਆਪਣਾ ਯਾਦ ਕੀਤਾ ਸਬਕ ਭੁੱਲ ਜਾਂਦਾ ਹੈ, ਉਹ ਜਾਂ ਤਾਂ ਆਪਣੇ ਸਬਕ ਦੇ ਵਿਸ਼ੇ ਨੂੰ ਨਫ਼ਰਤ ਕਰਦੇ ਹਨ, ਤੇ ਜਾਂ ਉਹਨਾਂ ਨੇ ਆਪਣੇ ਸਬਕ ਨੂੰ ਪੂਰੀ ਦਿਲਚਸਪੀ ਨਾਲ ਯਾਦ ਨਹੀਂ ਕੀਤਾ ਹੁੰਦਾ। ਨਿਰੀ ਰਟਾਈ ਸਿਰਫ ਇਕ ਸਮੇਂ ਲਈ ਯਾਦ ਕਰਾ ਸਕਦੀ ਹੈ, ਯਾਦ-ਤਖ਼ਤੀ ਉਤੇ ਕੋਈ ਗੂੜ੍ਹੀ ਲਕੀਰ ਨਹੀਂ ਖਿੱਚ ਸਕਦੀ, ਤੁਸੀਂ ਕੋਈ ਕਵਿਤਾ, ਕੋਈ ਵਖਿਆਨ ਜਾਂ ਘਟਨਾ ਯਾਦ ਕਰਨਾਂ ਚਾਹੁੰਦੇ ਹੋ, ਬਾਰ-ਬਾਰ ਰਟਨ ਦੀ ਥਾਂ ਉਹਦਾ ਸਮੁੱਚਾ ਚਿੱਤਰ ਅੱਖਾਂ, ਕੰਨਾਂ ਤੇ ਜ਼ਜ਼ਬਿਆਂ ਵਿਚ ਰਚਾਓ, ਫੇਰ ਉਹਨਾਂ ਸਤਰਾਂ ਨੂੰ ਉਸ ਚਿੱਤਰ ਵਿਚ ਧਰਦੇ ਜਾਓ। ਲਫ਼ਜ਼ ਰੂਪ ਧਾਰਦਾ ਜਾਏਗਾ, ਤੇ ਭੁੱਲੇਗਾ ਨਹੀਂ। ਆਪਣੀ ਰਚੀ ਕਵਿਤਾ, ਜਾਂ ਆਪੀਂ ਲਿਖਿਆ ਲੇਖ ਸਾਨੂੰ ਕਿਉਂ ਛੇਤੀ ਯਾਦ ਹੋ ਜਾਂਦਾ ਹੈ? ਉਹਦਾ ਚਿੱਤਰ ਸਾਡੇ ਮਨ ਵਿਚ ਸਮਾਇਆ ਹੁੰਦਾ ਹੈ? ਜੇਡੇ ਧਿਆਨ ਨਾਲ ਤੁਸੀਂ ਕਿਸੇ ਦ੍ਰਿਸ਼ ਨੂੰ ਵੇਖੋਗੇ, ਕਿਸੇ ਸ਼ਖਸ ਦਾ ਨਾਂ ਸੁਣੋਗੇ, ਕਿਸੇ ਦਾ ਚਿਹਰਾ ਤੱਕੋਗੇ, ਓਡਾ ਹੀ ਗੂੜ੍ਹਾ ਉਹਦਾ ਚਿੱਤਰ ਤੁਹਾਡੀ ਯਾਦ-ਸ਼ਕਤੀ ਉਤੇ ਉੱਕਰਿਆ ਜਾਏਗਾ, ਤੇ ਓਡੀ ਹੀ ਆਸਾਨੀ ਨਾਲ ਓਸ ਚਿੱਤਰ ਨੂੰ ਪਛਾਣ ਕੇ ਤੁਸੀਂ ਫੇਰ ਵਰਤ ਸਕੋਗੇ।

ਏਸ ਲਈ ਜੋ ਕੁਝ ਯਾਦ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ, ਪਹਿਲਾਂ ਉਹਦੀ ਜ਼ਰੂਰਤ ਦਾ ਪੂਰਾ ਅਹਿਸਾਸ ਕਰ ਲਵੋ। ਤੁਸੀਂ ਇੰਜੀਨੀਅਰ ਬਣਨਾ ਚਾਹੁੰਦੇ ਹੋ। ਇੰਜੀਨੀਅਰ ਲਈ ਹਿਸਾਬ ਤੇ ਸਾਇੰਸ ਜ਼ਰੂਰੀ ਹੁੰਦੇ ਹਨ, ਜਿਸ ਕਰਕੇ ਇਹ ਦੋਵੇਂ ਤੁਹਾਡੇ ਮਨੋਰਥ ਦਾ ਭਾਗ ਬਣੇ ਦਿਸ ਪੈਣਗੇ, ਤੇ ਹੌਲੀ ਹੌਲੀ ਤੁਹਾਡੀ ਦਿਲਚਸਪੀ ਬਣਦੇ ਜਾਣਗੇ। ਇਹ ਦਿਲਚਸਪੀ ਓੜਕ ਮੁਹੱਬਤ ਦੀ ਹੱਦ ਤਕ ਪਹੁੰਚ ਜਾਏਗੀ। ਮੈਂ ਹਿਸਾਬ ਦੇ ਇਕ ਪ੍ਰੋਫੈਸਰ ਨੂੰ ਜਾਣਦਾ ਹਾਂ। ਉਹ ਆਪਣੇ ਵਿਸ਼ੇ ਦੇ ਇਸ਼ਕ ਵਿਚ ਦੁਨੀਆ ਨੂੰ ਭੁੱਲ ਗਿਆ ਸੀ। ਉਹ ਇਕ ਯੂਨੀਵਰਸਿਟੀ ਵਿਚ ਹਿਸਾਬ ਦਾ ਸ਼ਰੋਮਣੀ ਪ੍ਰੋਫੈਸਰ ਸੀ, ਪਰ ਉਹਨੂੰ ਆਪਣੀ ਤਨਖਾਹ ਦਾ ਪਤਾ ਨਹੀਂ ਸੀ। ਉਹਦੇ ਘਰ ਦਾ ਇੰਤਜ਼ਾਮ ਯੂਨੀਵਰਸਿਟੀ ਕਰਦੀ, ਉਹਦੀ ਹਰ ਲੋੜ ਦਾ ਧਿਆਨ ਰੱਖਦੀ ਸੀ, ਜਿਵੇਂ ਕੋਈ ਮਾਂ ਆਪਣੇ ਬੱਚੇ ਦਾ ਧਿਆਨ ਰੱਖਦੀ ਹੈ। ਉਹ ਪ੍ਰੋਫੈਸਰ ਦਿਨ ਰਾਤ ਆਪਣੇ ਵਿਸ਼ੇ ਦੇ ਗਿਆਨ-ਭੰਡਾਰ ਵਿਚ ਵਾਧਾ ਕਰੀ ਜਾਂਦਾ ਸੀ।

ਭੁੱਲ ਜਾਣਾ ਮਨ ਦੇ ਇਕਾਗਰ ਨਾ ਰਹਿਣ ਦੀ ਸੂਚਨਾ ਹੈ। ਜੇ ਤੁਸੀਂ ਇਕਾਗਰ ਹੋ ਕੇ ਪੂਰੇ ਧਿਆਨ ਨਾਲ ਪੜ੍ਹਦੇ, ਸੋਚਦੇ ਤੇ ਵੇਖਦੇ ਹੋ, ਤੇ ਆਪਣੇ ਕੰਨਾ, ਅੱਖਾਂ, ਤੇ ਜ਼ਜ਼ਬਿਆਂ, ਸਭ ਦੀ ਮਦਦ ਲੈਂਦੇ ਹੋ, ਤਾਂ ਤੁਹਾਨੂੰ ਕਦੇ ਉਹ ਗੱਲ ਨਹੀਂ ਭੁੱਲੇਗੀ ਜਿਹੜੀ ਤੁਹਾਡੇ ਜੀਵਨ-ਵਿਕਾਸ ਲਈ ਜ਼ਰੂਰੀ ਹੈ। ਜੋ ਤੁਹਾਡੇ ਲਈ ਜ਼ਰੂਰੀ ਹੈ, ਉਹ ਤੁਸੀਂ ਤੋੜ ਉਮਰ ਤਕ ਯਾਦ ਰੱਖ ਸਕਦੇ ਹੋ, ਕਵਿਤਾਵਾਂ ਜ਼ੁਬਾਨੀ ਦੁਹਰਾ ਸਕਦੇ ਹੋ। ਚਿਹਰੇ, ਘਟਨਾਵਾਂ, ਅੰਕੜੇ. ਇਤਲਾਹਾਂ ਨੀਯਤ ਸੂਚੀ ਅਨੁਸਾਰ ਯਾਦ ਵਿਚ ਸਾਂਭਣ ਦੀ ਇਕ ਜਾਚ ਹੈ, ਤੇ ਇਹ ਜਾਚ ਸਿੱਖੀ ਜਾ ਸਕਦੀ ਹੈ।

ਜਦੋਂ ਤੁਹਾਨੂੰ ਜਾਪੇ ਕਿ ਤੁਹਾਡੀ ਯਾਦ-ਸ਼ਕਤੀ ਕਮਜ਼ੋਰ ਹੁੰਦੀ ਜਾ ਰਹੀ ਹੈ, ਓਦੋਂ ਸੁਚੇਤ ਹੋ ਜਾਓ, ਜ਼ਿੰਦਗੀ ਨਾਲ ਆਪਣੀਆਂ ਸਾਂਝਾਂ ਦੀ ਪੜਤਾਲ ਕਰੋ। ਜ਼ਰੂਰ ਆਪਣੇ ਸਾਥੀਆਂ ਤੇ ਆਪਣੇ ਕੰਮਾਂ ਵਿਚ ਤੁਹਾਡੀ ਦਿਲਚਸਪੀ ਘਟਦੀ ਜਾ ਰਹੀ ਹੋਵੇਗੀ। ਜ਼ਿੰਦਗੀ ਓਨਾ ਚਿਰ ਹੀ ਸਾਨੂੰ ਜੀਉਣ ਜੋਗੀ ਜਾਪਦੀ ਰਹੇਗੀ, ਜਿੰਨਾ ਚਿਰ ਵਾਪਰ ਰਹੀਆਂ ਗੱਲਾਂ ਨਾਲ ਸਾਡੀ ਦਿਲਚਸਪੀ ਕਾਇਮ ਰਹਿੰਦੀ ਹੈ। ਦਿਲਚਸਪੀ ਸਾਡੀ ਯਾਦ-ਸ਼ਕਤੀ ਉਤੇ ਗੂੜ੍ਹਾ ਜਾਂ ਫਿੱਕਾ ਚਿੱਤਰ ਉੱਕਰਨ ਵਾਲਾ ਹਥਿਆਰ ਹੈ, ਜਦੋਂ ਉਕਰੇ ਚਿਤਰਾਂ ਦਾ ਕੋਈ ਨਕਸ਼ ਸਾਫ ਨਹੀਂ ਦਿਸਦਾ, ਓਦੋਂ ਜ਼ਿੰਦਗੀ ਜੀਉਣ-ਯੋਗ ਨਹੀਂ ਰਹਿੰਦੀ – ਮੌਤ ਜਾਂ ਆਤਮ-ਹੱਤਿਆ ਵਿਚ ਅੰਤ ਹੋ ਜਾਂਦੀ ਹੈ।

ਏਸ ਲਈ ਜਦੋਂ ਵੀ ਯਾਦ-ਸ਼ਕਤੀ ਸਬੰਧੀ ਤਸੱਲੀ ਘਟ ਜਾਏ, ਤਾਂ ਆਪਣੀ ਜੀਵਨ-ਜਾਚ ਨੂੰ ਪੜਚੋਲੋ, ਆਪਣੇ ਸਾਥੀਆਂ, ਆਪਣੇ ਪਰਿਵਾਰ, ਆਪਣੇ ਦੇਸ਼ ਤੇ ਆਪਣੀ ਦੁਨੀਆ ਨਾਲ ਦਿਲਚਸਪੀ ਦੀ ਗੁਆਚੀ ਤੰਦ ਦਾ ਸਿਰਾ ਢੂੰਡੋ, ਤੇ ਆਪਣੀ ਜੀਵਨ-ਡੋਰ ਨਾਲ ਉਹਦੀ ਗੰਢ ਪਾ ਦਿਓ, ਸਮੇਂ ਦੀਆਂ ਖੁਸ਼ੀਆਂ, ਗ਼ਮੀਆਂ, ਚਾਨਣੀਆਂ ਤੇ ਹਨੇਰੀਆਂ ਘੜੀਆਂ ਦੀ ਪਤੰਗ ਫੇਰ ਗਗਨਾਂ ਵਿਚ ਫਰ-ਫਰ ਕਰਦੀ ਉਤਾਂਹ ਚੜ੍ਹ ਜਾਏਗੀ।
ਯਾਦ-ਤਖਤੀ ਉਤੇ ਪੈਂਦੇ ਅਕਸਾਂ ਨੂੰ ਸਹੀ ਪੜ੍ਹਨ ਦੀਆਂ ਜਾਚਾਂ ਕਈ ਹਨ, ਪਰ ਸਭ ਜਾਚਾਂ ਦੀ ਬੁਨਿਆਦ ਹਰ ਗੱਲ ਨੂੰ ਧਿਆਨ ਨਾਲ ਸੁਣਨਾ ਤੇ ਹਰ ਦ੍ਰਿਸ਼ ਨੂੰ ਧਿਆਨ ਨਾਲ ਵੇਖਣਾ, ਉਹਨਾਂ ਦੇ ਗੂੜ੍ਹੇ ਅਕਸ ਆਪਣੀ ਯਾਦ-ਤਖਤੀ ਉੱਤੇ ਖਿੱਚਣਾ ਹੈ। ਕਈ ਮਨੁੱਖ ਗੱਲ ਕਰਨ ਵਾਲੇ ਨੂੰ ਧਿਆਨ ਨਾਲ ਸੁਣਦੇ ਨਹੀਂ, ਤੇ ਹਰ ਗੱਲ ਦੁਹਰਾਣ ਲਈ ਆਖਦੇ ਹਨ। ਇਹ ਚੰਗੀ ਆਦਤ ਨਹੀਂ। ਜਿਥੋਂ ਤੱਕ ਹੋ ਸਕੇ ਆਪਣੀ ਗੱਲ ਹਰ ਲਫ਼ਜ਼ ਨਿਖੇੜ ਕੇ ਸੁਣੇ ਜਾ ਸਕਣ ਵਾਲੇ ਲਹਿਜੇ ਵਿਚ ਕੀਤੀ ਜਾਏ, ਤੇ ਜੋ ਦੂਜਾ ਆਖੇ ਉਹ ਪੂਰੇ ਗਹੁ ਨਾਲ ਸੁਣਿਆ ਜਾਵੇ – ਦੁਹਰਾਣ ਦਾ ਕਸ਼ਟ ਉਹਨੂੰ ਬਾਰ-ਬਾਰ ਦੇਣਾ ਆਪਣੀ ਅਸਾਵਧਾਨੀਆਂ ਦਾ ਸਬੂਤ ਦੇਣਾ ਹੁੰਦਾ ਹੈ। ਇਹ ਆਦਤ ਦੂਜਿਆਂ ਨੂੰ ਮਾੜੀ ਲਗਦੀ ਹੈ। ਕਈਆਂ ਨੂੰ ਪ੍ਰੀਚੇ ਕਰਾਏ ਨਾਂ ਯਾਦ ਨਹੀਂ ਰਹਿੰਦੇ, ਤੇ ਕਿਸੇ ਵੇਲੇ ਇਹ ਭੁੱਲ ਚੌਖੀ ਪਰੇਸ਼ਾਨੀ ਬਣ ਜਾਂਦੀ ਹੈ। ਥੋੜੀ ਜਿੰਨੀ ਸਾਵਧਾਨੀ ਨਾਲ ਸੁਣੋ ਨਾਂ ਵੇਲੇ ਸਿਰ ਯਾਦ ਆ ਜਾਂਦੇ ਹਨ। ਯਾਦ-ਸ਼ਕਤੀ ਦਾ ਮੂਲ ਗੁਰ ਧਿਆਨ ਹੈ। ਧਿਆਨ ਦਿਲਚਸਪੀ ਪੈਦਾ ਕਰਦਾ ਹੈ, ਤੇ ਦਿਲਚਸਪੀ ਦ੍ਰਿਸ਼ਾਂ ਦੇ ਗੂੜ੍ਹੇ ਚਿੱਤਰ ਉੱਕਰਦੀ ਜਾਂਦੀ ਹੈ। ਇਹਨਾਂ ਚਿਤਰਾਂ ਉਤੇ ਲੋੜ ਪੈਣ ਸਮੇਂ ਉਂਗਲ ਧਰ ਸਕਣ ਦੀਆਂ ਕਈ ਤਰਕੀਬਾਂ ਮਨੁੱਖ ਆਪ ਸੋਚ ਸਕਦਾ ਹੈ। ਇਹ ਸਾਰੀਆਂ ਤਸਵੀਰਾਂ ਇਕੋ ਜੋੜਨ-ਮੇਲਣ ਦੇ ਨੇਮ ਦੇ ਅਧੀਨ ਹੁੰਦੀਆਂ ਹਨ। ਜੋ ਕੁਝ ਯਾਦ ਰੱਖਣਾ ਜ਼ਰੂਰੀ ਹੋਵੇ, ਉਹ ਕਿਸੇ ਚਿੱਤਰ ਨਾਲ ਜੋੜ ਲਿਆ। ਇਕ ਮਿੱਤਰ ਨੇ ਆਪਣਾ ਟੈਲੀਫ਼ੋਨ ਨੰਬਰ 42010 ਰਾਹ ਜਾਂਦੇ ਜਾਂਦੇ ਦੱਸਿਆ, ਨੋਟ ਕਰਨ ਦਾ ਸਮਾਂ ਨਹੀਂ ਸੀ। ਮੈਂ ਚਿੱਤਰ ਬਣਾਇਆ ਇਨ੍ਹਾਂ ਦੇ ਕਲਰਕ ਨੇ 420 ਕੀਤੀ ਤੇ ਉਹਦਾ ਨਾਂ ਪੁਲਿਸ ਦੇ ਦਸ ਨੰਬਰ ਰਜਿਸਟਰ ਵਿਚ ਦਰਜ਼ ਕੀਤਾ ਗਿਆ। ਇਕ ਹੋਰ ਮਿੱਤਰ ਨੇ ਆਪਣਾ ਟੈਲੀਫ਼ੋਨ ਨੰਬਰ 3507 ਦੱਸਿਆ। ਮੈਂ ਚਿੱਤਰ ਬਣਾਇਆ ਪੰਜਾਬੀ ਦੀ ਪੈਂਤੀ ਅੱਖਰੀਂ ਜਦੋਂ ਮੈਂ ਪੜ੍ਹੀ ਉਦੋਂ ਸਤ ਸਤਰਾਂ ਵਿਚ ਲਿਖੀ ਹੁੰਦੀ ਸੀ। ਇਹ ਨੰਬਰ ਮੈਨੂੰ ਕਦੇ ਭੁੱਲੇ ਨਹੀਂ।

ਜੋੜਨ-ਮੇਲਣ ਦੇ ਨੇਮ ਦੀ ਸਾਰਥਕਤਾ ਇਕ ਮਿਸਾਲ ਨਾਲ ਸਮਝਾਣ ਦਾ ਜਤਨ ਕਰਦਾ ਹਾਂ। ਦਸ, ਵੀਹ, ਸੌ ਜਾਂ ਘਟ ਵਧ ਨਾਂ ਤੁਸੀਂ ਕਿਸੇ ਤਰਤੀਬ ਨਾਲ ਯਾਦ ਕਰ ਲਵੋ। 1. ਨੱਕ, 2. ਅੱਖਾਂ, 3. ਤਿਪਾਈ, 4. ਚਾਰਪਾਈ, 5. ਪੰਜ ਉਂਗਲਾਂ ਵਾਲਾ ਹੱਥ, 6. ਛਾਂਗਾ (ਖਜ਼ਾਨ ਸਿੰਘ ਕੋਈ ਛਾਂਗਾ ਸਿੰਘ ਜੋ ਤੁਹਾਡੀ ਜ਼ਿੰਦਗੀ ਵਿਚ ਆਇਆ ਹੋਵੇ), 7. ਸੱਤ ਰਿਖੀ ਤਾਰੇ, 8. ਮਿਡਲ ਸਕੂਲ, 9. ਨੌਂ ਨਿਧਾਂ ਬਾਰਾਂ ਸਿਧਾਂ, 10. ਦਸਾਂ ਨਹੁੰਆਂ ਦੀ ਕਮਾਈ। ਇਹ ਦੱਸੇ ਚਿੱਤਰ ਹਮੇਸ਼ਾ ਲਈ ਯਾਦ ਰੱਖਣੇ ਕੋਈ ਮੁਸ਼ਕਲ ਨਹੀਂ, ਪਰ ਹਰ ਕੋਈ ਆਪਣੀ ਚੋਣ ਦੇ ਚਿੱਤਰ ਯਾਦ ਕਰ ਰੱਖੇ। ਤੁਸੀਂ ਆਪਣੇ ਕਿਸੇ ਮਿੱਤਰ ਨੂੰ ਆਖੋ ਕਿ ਉਹ ਕੋਈ ਦਸ ਚੀਜਾਂ ਨੰਬਰਵਾਰ ਲਿਖ ਲਵੇ। ਫਰਜ਼ ਕਰੋ ਉਹ ਹੇਠ ਲਿਖੇ ਦਸ ਚਿਤਰਾਂ ਦੀ ਫ਼ਹਿਰਿਸਤ ਬਣਾਂਦਾ ਹੈ, ਕਿਤਾਬ, ਨੌਕਰ, ਮੇਜ਼, ਇਸਤ੍ਰੀ, ਦਰਿਆ, ਫੋੜਾ, ਮੰਜੀ, ਕਲਰਕ, ਜਾਪਾਨ, ਹਰਦਵਾਰ।

ਏਸ ਫ਼ਹਿਰਿਸਤ ਵਿਚ ਤੁਹਾਡਾ ਮਿੱਤਰ ਕਿਸੇ ਵੀ ਤਰਤੀਬ ਵਿਚ ਆਪਣੇ ਚਿੱਤਰ ਪੜ੍ਹ ਕੇ ਸੁਣਾਂਦਾ ਜਾਏ। ਜਿਵੇਂ ਅੱਠਵਾਂ ਚਿੱਤਰ – ਕਲਰਕ। ਪੰਜਵਾਂ ਚਿੱਤਰ – ਦਰਿਆ। ਸਤਵਾਂ ਚਿੱਤਰ ਮੰਜੀ, ਛੇਵਾਂ ਚਿੱਤਰ ਫੋੜਾ, ਪਹਿਲਾ ਚਿੱਤਰ ਕਿਤਾਬ ਤੇ ਉਹਨਾਂ ਦਾ ਨੰਬਰ ਦੱਸਦਾ ਜਾਏ। ਜਦੋਂ ਉਹ ਦੱਸੇ, ਤੁਸੀਂ ਓਸੇ ਛਿਨ ਇਕ ਚਿੱਤਰ ਮਨ ਵਿਚ ਬਣਾਓ। ਜਦੋਂ ਉਹ ਅੱਠਵਾਂ ਚਿੱਤਰ ਕਲਰਕ ਆਖੇ, ਤਾਂ ਤੁਸੀਂ ਆਪਣੇ ਅੱਠਵੇਂ ਚਿੱਤਰ, ਮਿਡਲ ਸਕੂਲ ਨਾਲ ਉਹਨੂੰ ਜੋੜ ਲਵੋ – ਕਿ ਫਲਾਣਾ ਮੁੰਡਾ ਮਸਾਂ ਮਿਡਲ ਪਾਸ ਹੀ ਕਰ ਸਕਿਆ, ਏਸ ਲਈ ਉਸਨੂੰ ਮਾੜਾ ਜਿਹਾ ਕਲਰਕ ਹੀ ਬਣਨਾ ਪਿਆ। ਉਹਦੇ ਪੰਜਵੇਂ ਚਿੱਤਰ, ਦਰਿਆ ਨਾਲ ਤੁਸੀਂ ਆਪਣੇ ਪੰਜਵੇਂ ਚਿੱਤਰ, ਹੱਥ ਨੂੰ ਜੋੜੋ – ਦਰਿਆ ਵਿਚ ਮੈਂ ਹੱਥ ਪਾਇਆ, ਪਾਣੀ ਮੈਨੂੰ ਠੰਡਾ ਲੱਗਾ। ਉਹਦੇ ਸਤਵੇਂ ਚਿੱਤਰ ਮੰਜੀ ਨਾਲ ਆਪਣਾ ਸਤਵਾਂ ਚਿੱਤਰ ਸਤ ਰਿਖੀ ਤਾਰੇ ਜੋੜੋ – ਰਾਤੀਂ ਮੰਜੇ ਉਤੇ ਲੰਮਾ ਪਿਆ ਸਾਂ ਸੱਤ ਰਿਖੀ ਚਮਕਦੇ ਦਿਸੇ। ਛੇਵੇਂ ਚਿੱਤਰ, ਫੌੜੇ ਨਾਲ ਅਪਣਾ ਛੇਵਾਂ ਚਿੱਤਰ ਛਾਂਗਾ ਸਿੰਘ ਜੋੜੋ – ਛਾਂਗਾ ਸਿੰਘ ਸਾਡਾ ਨਾਈ ਹੁੰਦਾ ਸੀ, ਉਹ ਫੋੜਿਆਂ ਦੀ ਚੀਰ-ਫਾੜ ਚੰਗੀ ਤਰ੍ਹਾਂ ਕਰਦਾ ਸੀ। ਉਹਦੇ ਪਹਿਲੇ ਚਿੱਤਰ, ਕਿਤਾਬ ਨਾਲ ਆਪਣੇ ਪਹਿਲੇ ਚਿੱਤਰ ਨੱਕ ਨੂੰ ਜੋੜੋ – ਗੁੱਸੇ ਵਿਚ ਆਏ ਫਲਾਣੇ ਮਨੁੱਖ ਨੇ ਹੱਥਲੀ ਕਿਤਾਬ ਮੇਰੇ ਨੱਕ ਉੱਤੇ ਕੱਢ ਮਾਰੀ। ਉਹਦੇ ਚੌਥੇ ਚਿੱਤਰ ਇਸਤ੍ਰੀ ਨਾਲ ਆਪਣਾ ਚੌਥਾ ਚਿੱਤਰ ਚਾਰਪਾਈ ਜੋੜੋ – ਇਕ ਸੋਹਣੀ ਇਸਤ੍ਰੀ ਥੱਕੀ ਹੋਈ ਆਈ, ਮੈਂ ਉਹਨੂੰ ਚਾਰਪਾਈ ਉਤੇ ਬਿਠਾਇਆ।

ਇਹ ਚਿੱਤਰ ਤੁਸੀਂ ਆਪਣੀਆਂ ਅੱਖਾਂ ਵਿਚ ਰਚਾ ਲਵੋ। ਤੁਹਾਡੇ ਮਿੱਤਰ ਨੂੰ ਆਪਣੇ ਚਿਤਰਾਂ ਦੇ ਨੰਬਰ ਯਾਦ ਨਹੀਂ ਰਹਿ ਸਕਦੇ। ਪਰ ਤੁਸੀਂ ਜਿਹੜਾ ਨੰਬਰ ਆਪਣੇ ਉਹ ਪੁੱਛੇ – (ਮੇਰਾ ਚੌਥਾ ਦੱਸੋ) ਉਹਦਾ ਉੱਤਰ ਝੱਟ ਤੁਸੀਂ ਇਸਤ੍ਰੀ ਦੇ ਸਕੋਗੇ।

ਏਸ ਤਰ੍ਹਾਂ ਤੁਸੀਂ ਵੀਹ, ਤੀਹ, ਪੰਜਾਹ ਜਾਂ ਵੱਧ ਚਿੱਤਰ ਵੀ ਯਾਦ ਕਰ ਸਕਦੇ, ਤੇ ਆਪਣੇ ਮਿੱਤਰ ਦੀ ਲਿਸਟ ਦਾ ਠੀਕ ਉੱਤਰ ਦੇ ਕੇ ਉਨ੍ਹਾਂ ਨੂੰ ਹੈਰਾਨ ਕਰ ਸਕਦੇ ਹੋ। ਸਾਲ ਦੋ ਸਾਲਾਂ ਬਾਅਦ ਵੀ ਉਹ ਮਿੱਤਰ ਆਪਣੀ ਸਾਂਭੀ ਹੋਈ ਲਿਸਟ ਵਿਚੋਂ ਤੁਹਾਨੂੰ ਪੁੱਛੇ, ਤਾਂ ਤੁਸੀਂ ਸਹੀ ਜਵਾਬ ਦੇ ਸਕੋਗੇ।

ਯਾਦ-ਸ਼ਕਤੀ ਨੂੰ ਚਮਕਾਈ ਰੱਖਣ ਦੀਆਂ ਕਈ ਤਰਕੀਬਾਂ ਤੁਸੀਂ ਆਪ ਸੋਚ ਸਕਦੇ ਹੋ। ਸਭ ਦਾ ਗੁਰ ਇਕੋ ਹੈ, ਕਿ ਧਿਆਨ ਨਾਲ ਸਭ ਕੁਝ ਵੇਖਣਾ ਤੇ ਸੁਣਨਾ ਤੇ ਹਰ ਯਾਦ ਰੱਖਣ ਯੋਗ ਦ੍ਰਿਸ਼ ਦੇ ਚਿੱਤਰ ਬਣਾ ਕੇ ਉਹਨੂੰ ਦਿਮਾਗ ਵਿਚ ਸਾਂਭ ਰੱਖਣਾ। ਫਾਸਲੇ, ਹਿੰਦਸੇ, ਨਾਂ, ਫਾਰਮੂਲੇ ਏਸੇ ਤਰ੍ਹਾਂ ਯਾਦ ਰੱਖੇ ਜਾ ਸਕਦੇ ਹਨ।

ਯਾਦ-ਸ਼ਕਤੀ ਮਨੁੱਖ ਦੀਆਂ ਅਤਿ ਵੱਡੀਆਂ ਬਰਕਤਾਂ ਵਿਚੋਂ ਹੈ, ਤੇ ਇਹ ਬਰਕਤ ਉਹਦੇ ਕੋਲੋਂ ਕਦੇ ਖੋਹੀ ਨਹੀਂ ਜਾ ਸਕਦੀ।

Loading spinner