ਦੇਸੀ ਮਹੀਨੇ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿਚ ਬਾਰਾਂ ਮਾਹਾ ਦਾ ਉਚਾਰਨ ਕੀਤਾ ਜੋ ਕਿ ਸੁਖੈਨ ਸਮਝ ਨਹੀਂ ਪੈਂਦਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰਲ ਬੋਲੀ ਵਿਚ ਬਾਰਹ ਮਾਹਾ ਮਾਂਝ ਦਾ ਉਚਾਰਨ ਕੀਤਾ।
ਬਾਰਹ ਮਾਹਾ ਮਾਂਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 133 ਤੋਂ ਅਤੇ ਤੁਖਾਰੀ ਪੰਨਾ 1107 ਤੋਂ ਆਰੰਭ ਹੁੰਦੇ ਹਨ। ਬਾਰਹ ਮਾਹਾ ਵਿਚ ਸਤਿਗੁਰੂ ਜੀ ਨੇ ਇਕ ਪ੍ਰੀਤਵਾਨ ਜਗਿਆਸੂ ਨੂੰ ਇਸਤਰੀ ਦੇ ਰੂਪ ਵਿਚ ਆਪਣੇ ਪ੍ਰੀਤਮ ਅਕਾਲ ਪੁਰਖ ਨੂੰ ਪਤੀ ਦੇ ਰੂਪ ਵਿਚ ਵਰਨਣ ਕਰ ਰਿਹਾ ਦਰਸਾਇਆ ਹੈ। ਜਿਸ ਤਰ੍ਹਾਂ ਇਕ ਨੇਕ ਇਸਤਰੀ ਨੂੰ ਆਪਣੇ ਪਤੀ ਦੀ ਤਾਂਘ ਹੁੰਦੀ ਹੈ, ਇਸੇ ਤਰ੍ਹਾਂ ਇਕ ਜਗਿਆਸੂ ਨੂੰ ਆਪਣੇ ਮਾਲਕ ਪਰਮਾਤਮਾ ਨਾਲ ਮਿਲਣ ਦੀ ਤੀਬਰ ਇੱਛਾ ਹੁੰਦੀ ਹੈ।
ਜੋਤਿਸ਼ ਵਿੱਦਿਆ ਅਨੁਸਾਰ ਸੂਰਜ ਦਾ ਕਾਲ ਚੱਕਰ ਬਾਰਾਂ ਰਾਸ਼ੀਆਂ ਵਿਚੋਂ ਲੰਘਦਾ ਹੈ ਤਾਂ ਉਸ ਨੂੰ ਸੰਮਤ (ਸਾਲ) ਕਹਿੰਦੇ ਹਨ। ਜਦ ਸੂਰਜ ਇਕ ਰਾਸ਼ੀ ਨੂੰ ਪੂਰਾ ਕਰਕੇ ਦੂਸਰੀ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦਿਨ ਨੂੰ ਸੰਕਰਾਂਤੀ (ਸੰਗਰਾਂਦ) ਕਿਹਾ ਗਿਆ ਹੈ।
ਮਹੀਨਾ ਵੈਸਾਖਿ
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ।।
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ।।
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ।।
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ।।
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਇਅਹਿ ਖੋਹਿ।।
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ।।
ਪ੍ਰੀਤਮ ਚਰਣੀ ਜੋ ਲਗੇ ਤਿਨੁ ਕੀ ਨਿਰਮਲ ਸੋਇ।।
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ।।
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਸੋਇ।।੩।।