ਬੁੱਧਵਾਰ ਦੇ ਵਰਤ ਦੀ ਵਿਧੀ
ਇਸ ਵਰਤ ਵਾਲੇ ਦਿਨ ਕੇਵਲ ਇਕੋ ਵੇਲੇ ਹੀ ਭੋਜਨ ਕਰਨਾ ਹੁੰਦਾ ਹੈ। ਇਸ ਦਿਨ ਹਰੀਆਂ ਚੀਜ਼ਾਂ ਦਾ ਸੇਵਨ ਵਿਸ਼ੇਸ਼ ਫਲ ਦਾਇਕ ਹੁੰਦਾ ਹੈ। ਇਸ ਦਿਨ ਸ਼ੰਕਰ ਜੀ ਮਹਾਰਾਜ ਦਾ ਪੂਜਣ ਕਰਨ ਤੋਂ ਬਾਅਦ ਬੁਧਵਾਰ ਦੀ ਕਥਾ ਸੁਣਨੀ ਚਾਹੀਦੀ ਹੈ।
ਬੁਧਵਾਰ ਦੀ ਕਥਾ
ਇਕ ਮਨੁੱਖ ਆਪਣੇ ਸਹੁਰੇ ਗਿਆ ਅਤੇ ਕੁਝ ਦਿਨਾਂ ਤਕ ਉਥੇ ਰਹਿਣ ਤੋਂ ਬਾਅਦ ਆਪਣੀ ਇਸਤਰੀ ਸਹਿਤ ਵਾਪਿਸ ਜਾਣ ਦੀ ਆਪਣੇ ਸਹੁਰਿਆਂ ਤੋਂ ਆਗਿਆ ਮੰਗੀ ਪਰ ਉਸ ਦੇ ਸਹੁਰੇ ਵਾਲਿਆਂ ਨੇ ਉੱਤਰ ਦਿੱਤਾ, “ਅੱਜ ਤਾਂ ਬੁਧਵਾਰ ਦਾ ਦਿਨ ਹੈ, ਅੱਜ ਵਿਦਾ ਨਹੀਂ ਕਰਾਂਗੇ, ਤੁਸੀਂ ਕੱਲ ਚਲੇ ਜਾਣਾ।” ਪਰੰਤੂ ਉਸ ਦੇ ਵਾਰ ਵਾਰ ਕਹਿਣ ਤੇ ਉਹਨਾਂ ਨੇ ਦੋਨਾਂ ਨੂੰ ਵਿਦਾ ਕਰ ਦਿੱਤਾ, ਜਦੋਂ ਉਸ ਥਾਂ ਤੋਂ ਕੁਝ ਦੂਰ ਚਲੇ ਗਏ ਤਾਂ ਉਸਦੀ ਪਤਨੀ ਨੇ ਕਿਹਾ, “ਮੈਨੂੰ ਪਿਆਸ ਲੱਗੀ ਹੈ, ਜੇਕਰ ਤੁਸੀਂ ਪਾਣੀ ਲੈ ਆਓ ਤਾਂ ਮੈਂ ਪੀ ਲਵਾਂਗੀ।” ਉਹ ਏਨਾ ਸੁਣ ਕਾ ਰਥ ਤੋਂ ਥੱਲੇ ਉਤਰਿਆ ਅਤੇ ਪਾਣੀ ਲੈਣ ਲਈ ਚਲਾ ਗਿਆ ਅਤੇ ਜਦੋਂ ਵਾਪਿਸ ਆਇਆ ਤਾਂ ਕੀ ਵੇਖਦਾ ਹੈ ਕਿ ਉਸ ਦੀ ਪਤਨੀ ਕਿਸੇ ਹੋਰ ਆਦਮੀ ਦੇ ਲੋਟੇ ਵਿੱਚੋਂ ਪਾਣੀ ਪੀ ਰਹੀ ਸੀ ਅਤੇ ਹੱਸ-ਹੱਸ ਗੱਲਾਂ ਕਰ ਰਹੀ ਸੀ। ਗੁੱਸੇ ਵਿੱਚ ਆ ਕੇ ਉਹ ਉਸ ਆਦਮੀ ਦੇ ਨਾਲ ਝਗੜਾ ਕਰਨ ਲੱਗ ਪਿਆ। ਪਰੰਤੂ ਇਹ ਦੇਖ ਕੇ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਉਸ ਆਦਮੀ ਦੀ ਸ਼ਕਲ ਉਸ ਦੇ ਨਾਲ ਬਿਲਕੁਲ ਮਿਲਦੀ ਸੀ। ਇਕੋ ਜੇਹੀਆਂ ਸ਼ਕਲਾਂ ਦਾ ਆਦਮੀਆਂ ਨੂੰ ਝਗੜਦੇ ਹੋਏ ਦੇਖ ਕੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ, ਸਿਪਾਹੀ ਵੀ ਆ ਗਿਆ। ਸਿਪਾਹੀ ਨੇ ਇਸਤਰੀ ਤੋਂ ਪੁੱਛਿਆ ਕਿ ਇਨ੍ਹਾਂ ਦੋਵਾਂ ਵਿੱਚੋਂ ਕਿਹੜਾ ਆਦਮੀ ਤੇਰਾ ਪਤੀ ਹੈ, ਤਾਂ ਉਹ ਵਿਚਾਰੀ ਮੁਸ਼ਕਿਲ ਵਿੱਚ ਪੈ ਗਈ ਕਿਉਂਕਿ ਦੋਨਾਂ ਦੀ ਸ਼ਕਲ ਇੱਕ ਦੂਜੇ ਨਾਲ ਬਿਲਕੁਲ ਮਿਲਦੀ ਸੀ।
ਰਸਤੇ ਵਿੱਚ ਆਪਣੀ ਪਤਨੀ ਨੂੰ ਇਸ ਤਰ੍ਹਾਂ ਲੁਟਿਆ ਦੇਖ ਕੇ ਆਦਮੀ ਦੀ ਅੱਖ ਭਰ ਆਈ। ਉਹ ਬੁੱਧ ਦੇਵ ਨੂੰ ਪ੍ਰਾਰਥਨਾ ਕਰਨ ਲੱਗਾ ਕਿ “ਹੇ ਭਗਵਾਨ! ਤੁਸੀਂ ਮੇਰੀ ਅਤੇ ਮੇਰੀ ਪਤਨੀ ਦੀ ਰੱਖਿਆ ਕਰੋ। ਮੇਰੇ ਕੋਲੋਂ ਬੜੀ ਭੁੱਲ ਹੋ ਗਈ, ਜਿਹੜਾ ਮੈਂ ਬੁੱਧ ਵਾਰ ਨੂੰ ਆਪਣੀ ਪਤਨੀ ਨੂੰ ਵਿਦਾ ਕਰਕੇ ਲਿਆਇਆ। ਭਵਿੱਖ ਵਿੱਚ ਇਸ ਤਰ੍ਹਾਂ ਦਾ ਅਪਰਾਧ ਕਦੇ ਵੀ ਨਹੀਂ ਕਰਾਂਗਾ।”
ਉਸ ਦੀ ਇਹ ਪ੍ਰਾਰਥਨਾ ਬੁਧ ਦੇਵ ਨੇ ਪ੍ਰਵਾਨ ਕੀਤੀ ਅਤੇ ਦੂਜੇ ਆਦਮੀ ਦੇ ਰੂਪ ਵਾਲੇ ਬੁਧ ਦੇਵ ਅਲੋਪ ਹੋ ਗਏ ਅਤੇ ਉਹ ਆਦਮੀ ਕੁਸ਼ਲਤਾ ਸਹਿਤ ਆਪਣੀ ਪਤਨੀ ਦੇ ਨਾਲ ਆਪਣੇ ਘਰ ਪੁੱਜ ਗਿਆ। ਉਸ ਦਿਨ ਤੋਂ ਬਾਅਦ ਪਤੀ-ਪਤਨੀ ਨਿਯਮ-ਪੂਰਵਕ ਬੁਧਵਾਰ ਦਾ ਵਰਤ ਰੱਖਣ ਲੱਗੇ।
ਇਸ ਕਥਾ ਨੂੰ ਜਿਹੜਾ ਸੁਣਦਾ ਅਤੇ ਕਹਿੰਦਾ ਹੈ, ਉਸ ਨੂੰ ਬੁਧਵਾਰ ਦੇ ਦਿਨ ਯਾਤਰਾ ਕਰਨ ਤੇ ਕੋਈ ਦੋਸ਼ ਨਹੀਂ ਲੱਗਦਾ ਅਤੇ ਉਹ ਸੁਖ ਸ਼ਾਂਤੀ ਪ੍ਰਾਪਤ ਕਰਦਾ ਹੈ।
।। ਇਤਿ ਸ੍ਰੀ ਬੁੱਧ ਵਾਰ ਕਥਾ ਸਮਾਪਤ।।
ਆਰਤੀ ਬੁੱਧ ਵਾਰ ਦੀ
ਆਰਤੀ ਯੁਗਲ ਕਿਸ਼ੋਰ ਕੀਜੈ। ਤਨ ਮਨ ਧਨ ਸਭ ਨਛਾਵਰ ਕੀਜੈ।। ਟੇਕ।।
ਗੌਰ ਸ਼ਿਆਮ ਮੁਖ ਨਿਰਖਤ ਲੀਜੈ। ਹਰਿ ਕੋ ਸਰੂਪ ਨਯਨ ਭਰਿ ਪੀਜੈ।
ਰਵੀ ਸ਼ਸ਼ੀ ਕੋਟਿ ਬਦਨ ਦੀ ਸ਼ੋਭਾ। ਤਾਹਿ ਨਿਰਖਿ ਮੇਰੋ ਮਨ ਲੋਭਾ।।
ਔੜ੍ਹੇ ਨੀਲ ਪੀਤ ਪਟ ਸਾਰੀ। ਕੁੰਜ ਬਿਹਾਰੀ ਗਿਰਵਰ ਧਾਰੀ।।
ਫੂਲਨ ਕੀ ਸੇਜ ਫੂਲਨ ਕੀ ਮਾਲਾ। ਰਤਨ ਸਿੰਘਾਸਣ ਬੈਠੇ ਨੰਦ ਲਾਲਾ।।
ਮੋਰ ਮੁਕਟ ਮੁਰਲੀ ਕਰ ਸੋਹੇ। ਨਟਵਰ ਕਲਾ ਦੇਖ ਮਨ ਮੋਹੇ।।
ਕੰਚਨ ਥਾਰ ਕਪੂਰ ਕੀ ਬਾਤੀ। ਹਰਿ ਆਏ ਨਿਰਮਲ ਭਈ ਛਾਤੀ।।
ਸ੍ਰੀ ਪੁਰਸ਼ੋਤਮ ਗਿਰਿਵਰ ਧਾਰੀ। ਆਰਤੀ ਕਰੇਂ ਸਕਲ ਬ੍ਰਜ ਨਾਰੀ।।
ਨੰਦ ਨੰਦਨ ਵਰਿਸ਼ਭਾਨ ਕਿਸ਼ੋਰੀ। ਪਰਮਾਨੰਦ ਸਵਾਮੀ ਅਵਿਚਲ ਜੋਰੀ।।