9.ਮਨ ਦੀ ਚੰਚਲਤਾ ਨੂੰ ਗਿਆਨ ਅਤੇ ਬੁੱਧੀ ਯੋਗ - ਬਲ ਨਾਲ ਰੋਕਣਾ ਜਗਦੀਸ਼ ਰਾਮ ਆਨੰਦ ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ) ਮਨ ਦੀ ਚੰਚਲਤਾ ਜਾਂ ਮਨ ਦਾ ਭਟਕਣਾ ਇਕੋ ਗੱਲ ਹੈ। ਜਦ ਤੱਕ ਕਿਸੇ ਰਾਹੀ ਨੂੰ ਆਪਣੇ ਟਿਕਾਣੇ ਦਾ ਪਤਾ ਨਾ ਹੋਵੇ ਅਤੇ ਨਾ ਹੀ ਸਿੱਧੇ ਸੱਚੇ ਰਾਹ ਦਾ ਪਤਾ ਹੋਵੇ ਉਦੋਂ ਤੱਕ ਭਟਕਦਾ ਹੀ ਰਹਿੰਦਾ ਹੈ। ਕਦੇ ਇਧਰ ਤੇ ਕਦੇ ਉਧਰ ਜਾਂਦਾ ਹੈ ਅਤੇ ਬਹੁਤ ਸਮਾਂ ਭਟਕਦੇ ਰਹਿਣ ਨਾਲ ਅਸ਼ਾਂਤ ਅਤੇ ਪਰੇਸ਼ਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਅਗਿਆਨੀ ਤੇ ਰਾਹ ਭੁੱਲਿਆ ਹੋਇਆ ਮਨੁੱਖ ਜਿਸ ਨੂੰ ਮੁਕਤੀ ਤੇ ਜੀਵਨ ਮੁਕਤੀ ਰੂਪੀ ਆਪਣੀ ਮੰਜ਼ਲ ਦਾ ਪਤਾ ਨਹੀਂ ਅਤੇ ਨਾ ਹੀ ਉਸ ਮੰਜ਼ਲ ਤੇ ਲੈ ਜਾਣ ਵਾਲੇ ਸੱਚੇ ਈਸ਼ਵਰੀ ਮਾਰਗ ਦਾ ਪਤਾ ਹੈ, ਉਹ ਮਨ, ਮਤ, ਗੁਰੂ ਮਤ ਆਦਿ ਅਨੇਕ ਰਾਹਾਂ ਤੇ ਚਲ ਕੇ ਭਟਕਦਾ ਰਹਿੰਦਾ ਹੈ। ਇਹ ਰਾਹਾਂ ਉਸ ਨੂੰ ਕਿਤੇ ਪਹੁੰਚਾਉਂਦੀਆਂ ਤੇ ਨਹੀਂ ਸਗੋਂ ਤੜਫਾਉਂਦੀਆਂ ਤੇ ਰੁਲਾਉਂਦੀਆਂ ਜ਼ਰੂਰ ਹਨ। ਵਿਕਾਰਾਂ ਵਿਚ ਉਲਝਿਆ ਮਨੁੱਖ ਨਿਸ਼ਚੇ ਹੀ ਜੀਵਨ ਤੇ ਅਸਲੀ ਮਕਸਦ ਨੂੰ ਨਹੀਂ ਜਾਣਦਾ। ਇਕ ਗੀਤ ਵੀ ਹੈ - “ਕਹਾਂ ਤੇਰੀ ਮੰਜ਼ਲ, ਕਹਾਂ ਹੈ ਠਿਕਾਣਾ, ਮੁਸਾਫ਼ਿਰ ਬਤਾ ਦੇ ਹੈ ਕਹਾਂ ਤਮਕੋ ਜਾਣਾ”। ਸੱਚ ਮੁਚ ਅੱਜ ਦਾ ਮਨੁੱਖ ਮੁਕਤੀ ਅਤੇ ਜੀਵਨ-ਮੁਕਤੀ ਦੀ ਮੰਜ਼ਲ ਨੂੰ ਭੁੱਲ ਕੇ ਵਿਸ਼ੇ ਵਿਕਾਰਾਂ ਦੀ ਰਾਹ ਵਿਚ ਭਟਕ ਰਿਹਾ ਹੈ। ਵਿਕਾਰਾਂ ਨਾਲ ਤੇ ਕਦੀ ਤ੍ਰਿਪਤੀ ਨਹੀਂ ਹੋ ਸਕਦੀ। ਜਿਵੇਂ-ਜਿਵੇਂ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਵਿਕਾਰਾਂ ਵਿਚ ਫਸ ਕੇ ਮਨ ਦੀ ਚੰਚਲਤਾ ਹੋਰ ਵੱਧਦੀ ਹੈ। ਮਨ ਦੀ ਚੰਚਲਤਾ ਨੂੰ ਦੂਰ ਕਰਨ ਵਾਸਤੇ ਮਨ ਨੂੰ ਟਿਕਾਉਣਾ ਚਾਹੀਦਾ ਹੈ। ਇਸ ਟਿਕਾਣੇ ਨੂੰ ਜਾਨਣਾ ਹੀ ਗਿਆਨ ਹੈ ਅਤੇ ਯੋਗ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਉਸ ਟਿਕਾਣੇ ਤੇ ਪੁੱਜ ਸਕਦਾ ਹੈ। ਇਥੋ ਯੋਗ ਤੋਂ ਭਾਵ ਅਧਿਆਤਮਿਕ ਯੋਗ ਵਾ ਸਾਧਨਾ ਹੈ। ਯੋਗ ਯਾਨੀ ਪਰਮਾਤਮਾ ਦੀ ਸੱਚੀ ਲਗਨ ਹੀ ਉਹ ਅਗਨੀ ਹੈ ਜਿਹੜੀ ਵਿਕਾਰਾਂ ਤੇ ਪਾਪ ਕਰਮਾਂ ਨੂੰ ਭਸਮ ਕਰਦੀ ਹੈ। ਜਿਹੜਾ ਮਨੁੱਖ ਭਗਵਾਨ ਦੇ ਹੱਥ ਵਿਚ ਹੱਥ ਦਿੰਦਾ ਹੈ ਭਾਵ ਉਸ ਸੱਚ ਰਹਿਬਰ ਦਾ ਹੱਥ ਫੜ੍ਹ ਕੇ ਪੁਰਸ਼ਾਰਥ ਕਰਦਾ ਹੈ, ਉਹ ਸਹਿਜੇ ਹੀ ਜੀਵਨ-ਮੁਕਤੀ ਰੂਪੀ ਲਕਸ਼ ਪ੍ਰਾਪਤ ਕਰ ਲੈਂਦਾ ਹੈ। ਫੇਰ ਮਨ ਦੀ ਚੰਚਲਤਾ ਸਦਾ ਲਈ ਮਿਟ ਜਾਂਦੀ ਹੈ। ਇਸ ਵਾਸਤੇ ਮਨ ਦੀ ਸ਼ਾਂਤੀ ਲਈ ਯੋਗੀ ਜੀਵਨ ਬਨਾਉਣ ਦੀ ਲੋੜ ਹੈ। ਯਾਦ ਰੱਖੋ ਕਿ ਮਨ ਦੀ ਚੰਚਲਤਾ ਨੂੰ ਦੂਰ ਕਰਨਾ ਹੀ ਮਨ ਨੂੰ ਅਮਨ ਜਾਂ ਸੁਮਨ ਬਨਾਉਣਾ ਹੈ।