11.ਮਨ ਨੂੰ ਜਿੱਤਣ ਦਾ ਅਰਥ ਹੈ–ਮਾਨਸਿਕ ਵਿਕਾਰਾਂ ਉੱਤੇ ਜਿੱਤ ਹਾਸਲ ਕਰਨਾ
ਜਗਦੀਸ਼ ਰਾਮ ਆਨੰਦ ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ) ਮਨ ਨੂੰ ਵੱਸ ਕਰਨਾ ਜਾਂ ਮਨ ਨੂੰ ਜਿੱਤਣਾ ਇਕੋ ਗੱਲ ਹੈ। ਮਨ ਨੂੰ ਵੱਸ ਕਰਨਾ ਮਨ ਦੇ ਮਾਰਨੇ ਨੂੰ ਕਿਹਾ ਜਾਂਦਾ ਹੈ। ਮਨ ਨੂੰ ਵੱਸ ਕਰਨ ਦਾ ਮਤਲਬ ਇਹ ਹੈ ਕਿ ਮਨ ਵਿਚ ਕੇਵਲ ਉਹੀ ਸੰਕਲਪ ਉੱਠੇ ਜਿਹੜਾ ਮਨੁੱਖ ਨੂੰ ਸਨਮਾਰਗ ਵੱਲ ਲੈ ਜਾਣ ਵਾਲਾ ਹੋਵੇ। ਮਨ ਬੁਰੇ ਸੰਕਲਪ ਯਾਨੀ ਵਿਕਲਪ ਕਰਨਾ ਛੱਡ ਦੇਵੇ, ਅਸ਼ੁੱਧ ਸੰਕਲਪ ਮਨ ਵਿਚ ਆਉਣ ਹੀ ਨਾ, ਇਸ ਨੂੰ ਮਨ ਉੱਤੇ ਜਿੱਤ ਪ੍ਰਾਪਤ ਕਰਨਾ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਘੋੜੇ ਨੂੰ ਵੱਸ ਕਰਨ ਦਾ ਅਰਥ ਇਹ ਨਹੀਂ ਕਿ ਉਹ ਦੌੜਨਾ ਬੰਦ ਕਰ ਦੇਵੇ ਅਤੇ ਇਕ ਥਾਂ ਹੀ ਰੁਕਿਆ ਰਹੇ ਪਰੰਤੂ ਉਹ ਦੌੜੇ ਬੇਸ਼ਕ ਪਰ ਜਿਧਰ ਮਾਲਕ ਲੈ ਜਾਣਾ ਚਾਹੇ ਉੱਧਰ ਹੀ ਜਾਵੇ, ਮਨ-ਮੰਨੇ ਰਾਹ ਤੇ ਨਹੀਂ। ਮਨ ਰੂਪੀ ਘੋੜੇ ਵਾਸਤੇ ਵਿਕਾਰੀ ਮਾਰਗ ਹੀ ਕੁਮਾਰਗ ਹੈ। ਜੀਵਨ ਦੀ ਰਾਹ ਅੰਦਰ ਵਿਸ਼ੇ ਵਿਕਾਰ ਹੀ ਖੱਡੇ ਹਨ ਜਿਨ੍ਹਾਂ ਵਿਚ ਡਿੱਗਣ ਕਰਕੇ ਹੀ ਮਨੁੱਖ ਨੂੰ ਦੁੱਖ, ਅਸ਼ਾਂਤੀ ਰੂਪੀ ਸੱਟ ਖਾਣੀ ਪੈਂਦੀ ਹੈ।