3) ਤਿੰਨ ਲੋਕ ਕਿਹੜੇ ਹਨ ਅਤੇ ਪਰਮਾਤਮਾ ਸ਼ਿਵ ਦਾ ਧਾਮ ਕਿਹੜਾ ਹੈ ?
ਮਨੁੱਖ-ਆਤਮਾਵਾਂ ਮੁਕਤੀ (ਪੂਰਨ ਸ਼ਾਂਤੀ) ਦੀ ਸ਼ੁਭ ਇੱਛਾ ਰੱਖਦੀਆਂ ਹਨ ਪਰੰਤੂ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਮੁਕਤੀਧਾਮ ਹੈ ਕਿੱਥੇ? ਇਸੇ ਤਰ੍ਹਾਂ, ਪਰਮ-ਪਿਆਰੇ ਪਰਮਾਤਮਾ ਸ਼ਿਵ ਨਾਲ ਮਨੁੱਖ-ਆਤਮਾਵਾਂ ਮਿਲਣਾ ਤਾਂ ਚਾਹੁੰਦੀਆਂ ਹਨ ਅਤੇ ਉਸਨੂੰ ਯਾਦ ਵੀ ਕਰਦੀਆਂ ਹਨ ਪਰੰਤੂ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਉਹ ਪਵਿੱਤਰ ਧਾਮ ਕਿੱਥੇ ਹੈ ਜਿੱਥੋਂ ਤੁਹਾਡੇ ਪਰਮਪਿਤਾ ਸ਼ਿਵ ਇਸ ਸ੍ਰਿਸ਼ਟੀ ਤੇ ਅਵਤਰਿਤ ਹੁੰਦੇ ਹਨ ? ਇਹ ਕਿੰਨੇ ਅਚਰਜ ਦੀ ਗੱਲ ਹੈ ਕਿ ਜਿੱਥੋਂ ਅਸੀਂ ਸਾਰੀਆਂ ਮਨੁੱਖ-ਆਤਮਾਵਾਂ ਸ੍ਰਿਸ਼ਟੀ ਰੂਪੀ ਰੰਗਮੰਚ ਤੇ ਆਈਆਂ ਹਾਂ, ਉਸ ਪਿਆਰੇ ਦੇਸ਼ ਨੂੰ ਸਾਰੀਆਂ ਭੁੱਲ ਗਈਆਂ ਹਾਂ ਅਤੇ ਵਾਪਸ ਨਹੀਂ ਜਾ ਸਕਦੀਆਂ।
1. ਸਾਕਾਰ ਮਨੁੱਖ-ਲੋਕ – ਸਾਕਾਰ ਮਨੁੱਖ ਲੋਕ ਜਿਸ ਵਿਚ ਅਸੀਂ ਇਸ ਵੇਲੇ ਹਾਂ। ਇਸ ਵਿਚ ਸਾਰੀਆਂ ਮਨੁੱਖ-ਆਤਮਾਵਾਂ ਹੱਡ-ਮਾਸ ਦਾ ਸਥੂਲ ਸਰੀਰ ਲੈ ਕੇ ਕਰਮ ਕਰਦੀਆਂ ਹਨ ਅਤੇ ਉਸ ਦਾ ਫਲ ਵੀ ਸੁਖ-ਦੁੱਖ ਦੇ ਰੂਪ ਵਿਚ ਭੋਗਦੀਆਂ ਹਨ ਅਤੇ ਜਨਮ-ਮਰਣ ਦੇ ਚੱਕਰ ਵਿਚ ਆਉਂਦੀਆਂ ਹਨ। ਇਸ ਵਿਚ ਸੰਕਲਪ, ਆਵਾਜ਼ ਅਤੇ ਕਰਮ ਤਿੰਨੋ ਹੀ ਹਨ। ਇਸ ਨੂੰ ਹੀ “ਪੰਜ ਤੱਤਾਂ ਦੀ ਸ੍ਰਿਸ਼ਟੀ” ਅਥਵਾ “ਕਰਮਖੇਤਰ” ਵੀ ਕਹਿੰਦੇ ਹਨ। ਇਹ ਸ੍ਰਿਸ਼ਟੀ ਆਕਾਸ਼ ਤੱਤ ਦੇ ਅੰਸ਼ ਮਾਤਰ ਹੈ। ਇਸ ਨੂੰ ਉਲਟੇ ਦਰਖਤ ਦੇ ਰੂਪ ਵਿਚ ਸਮਝਿਆ ਜਾ ਸਕਦਾ ਹੈ ਅਤੇ ਇਸ ਦੇ ਬੀਜ ਰੂਪ ਪਰਮਾਤਮਾ ਸ਼ਿਵ, ਜੋ ਕਿ ਜਨਮ-ਮਰਣ ਤੋਂ ਨਿਆਰੇ ਹਨ, ਉਪਰ ਰਹਿੰਦੇ ਹਨ।
2. ਸੂਖਮ-ਦੇਵਤਿਆਂ ਦਾ ਲੋਕ – ਇਸ ਮਨੁੱਖ ਲੋਕ ਦੇ ਸੂਰਜ ਅਤੇ ਤਾਰਿਆਂ ਤੋਂ ਪਾਰ ਅਤੇ ਆਕਾਸ਼ ਤੱਤ ਤੋਂ ਵੀ ਪਾਰ ਇਕ ਸੂਖਮ ਲੋਕ ਹੈ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਉਸ ਪ੍ਰਕਾਸ਼ ਦੇ ਅੰਸ਼ ਮਾਤਰ ਵਿਚ ਬ੍ਰਹਮਾ, ਵਿਸ਼ਨੂੰ ਅਤੇ ਮਹਾਦੇਵ ਦੀਆਂ ਅੱਡ-ਅੱਡ ਪੁਰੀਆਂ (ਧਾਮ) ਹਨ। ਇਹਨਾਂ ਦੇਵਤਿਆਂ ਦੇ ਸਰੀਰ ਹੱਡ-ਮਾਸ ਆਦਿ ਦੇ ਨਹੀਂ ਹਨ ਸਗੋਂ ਪ੍ਰਕਾਸ਼ ਦੇ ਹਨ। ਇਨ੍ਹਾਂ ਨੂੰ ਦਿਵਯ (ਦਿਵ) ਚਕਸ਼ੂ ਨਾਲ ਹੀ ਵੇਖਿਆ ਜਾ ਸਕਦਾ ਹੈ। ਇਥੇ ਦੁੱਖ ਅਥਵਾ ਅਸ਼ਾਂਤੀ ਨਹੀਂ ਹੁੰਦੀ। ਇਥੇ ਸੰਕਲਪ ਤਾਂ ਹੁੰਦੇ ਹਨ ਅਤੇ ਕਿਰਿਆਵਾਂ ਵੀ ਹੁੰਦੀਆਂ ਹਨ ਅਤੇ ਗੱਲ-ਬਾਤ ਵੀ ਹੁੰਦੀ ਹੈ, ਪਰੰਤੂ ਆਵਾਜ਼ ਨਹੀਂ ਹੁੰਦੀ।
3. ਬ੍ਰਹਮਲੋਕ ਅਥਵਾ ਪਰਲੋਕ – ਇਨ੍ਹਾਂ ਪੁਰੀਆਂ ਤੋਂ ਪਾਰ ਵੀ ਇਕ ਲੋਕ ਹੈ ਜਿਸ ਨੂੰ “ਬ੍ਰਹਮਲੋਕ”, “ਪਰਲੋਕ”, “ਨਿਰਵਾਣ-ਧਾਮ”, “ਮੁਕਤੀਧਾਮ”, “ਸ਼ਿਵ ਲੋਕ” ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਵਿਚ ਸੁਨਹਿਰੇ ਲਾਲ ਰੰਗ ਦਾ ਪ੍ਰਕਾਸ਼ ਫੈਲਿਆ ਹੋਇਆ ਹੈ ਜਿਸ ਨੂੰ ਹੀ ਬ੍ਰਹਮ-ਤੱਤ, ਛੇਵਾਂ ਤੱਤ ਅਥਵਾ “ਮਹਾਂਤੱਤ” ਕਿਹਾ ਜਾ ਸਕਦਾ ਹੈ। ਇਸ ਦੇ ਅੰਸ਼ ਮਾਤਰ ਵਿਚ ਹੀ ਜੋਤੀ ਬਿੰਦੂ ਆਤਮਾਵਾਂ ਮੁਕਤੀ ਦੀ ਅਵਸਥਾ ਵਿਚ ਰਹਿੰਦੀਆਂ ਹਨ। ਇਥੇ ਹਰੇਕ ਧਰਮ ਦੀਆਂ ਆਤਮਾਵਾਂ ਦੇ ਅੱਡ-ਅੱਡ ਸਥਾਨ ਹਨ।
ਉਨ੍ਹਾਂ ਸਾਰਿਆਂ ਦੇ ਉਪਰ ਸਦਾ-ਮੁਕਤ, ਚੇਤਨ, ਜੋਤੀ ਬਿੰਦੂ ਰੂਪ ਪਰਮਾਤਮਾ “ਸਦਾਸ਼ਿਵ” ਦਾ ਨਿਵਾਸ ਸਥਾਨ ਹੈ। ਇਸ ਲੋਕ ਵਿਚ ਮਨੁੱਖ ਆਤਮਾਵਾਂ ਕਲਪ ਦੇ ਅਖੀਰ ਵਿਚ, ਸ੍ਰਿਸ਼ਟੀ ਦਾ ਮਹਾਂਵਿਨਾਸ਼ ਹੋਣ ਤੋਂ ਬਾਅਦ ਆਪਣੇ ਆਪਣੇ ਕਰਮਾ ਦਾ ਫਲ ਭੋਗ ਕੇ ਅਤੇ ਪਵਿੱਤਰ ਹੋ ਕੇ ਹੀ ਜਾਂਦੀਆਂ ਹਨ। ਇਥੇ ਮਨੁੱਖ ਆਤਮਾਵਾਂ ਦੇਹ ਬੰਧਨ, ਕਰਮ ਬੰਧਨ ਅਤੇ ਜਨਮ-ਮਰਣ ਤੋਂ ਰਹਿਤ ਹੁੰਦੀਆਂ ਹਨ। ਇਥੇ ਨਾ ਸੰਕਲਪ ਹੈ, ਨਾ ਵਚਨ ਅਤੇ ਨਾ ਕਰਮ। ਇਸ ਲੋਕ ਵਿਚ ਪਰਮਪਿਤਾ ਪਰਮਾਤਮਾ ਸ਼ਿਵ ਦੇ ਸਿਵਾਏ ਦੂਜਾ ਕੋਈ “ਗੁਰੂ” ਆਦਿ ਨਹੀਂ ਲੈ ਜਾ ਸਕਦਾ। ਇਸ ਲੋਕ ਵਿਚ ਜਾਣਾ ਹੀ ਅਮਰਨਾਥ, ਰਾਮੇਸ਼ਵਰ ਅਥਵਾ ਵਿਸ਼ਵੇਸ਼ਵਰਨਾਥ ਦੀ ਸੱਚੀ ਯਾਤਰਾ ਕਰਨਾ ਹੈ। ਕਿਉਂਕਿ ਅਮਰਨਾਥ ਪਰਮਾਤਮਾ (ਸ਼ਿਵ) ਇਥੇ ਰਹਿੰਦੇ ਹਨ।