ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਇਕ ਅਣਜਨਮੀ ਬੱਚੀ ਦਾ ਆਪਣੀ ਮੰਮੀ ਦੇ ਨਾਂ ਖਤ

ਸਥਾਨ: ਨਿੱਘੀ-ਨਿੱਘੀ ਕੁੱਖ

ਸਮਾਂ: ਇੱਕੀਵੀਂ ਸਦੀ ਦੀ ਸਵੇਰ

ਮੇਰੇ ਪਿਆਰੇ ਪਿਆਰੇ ਮੰਮੀ ਜੀਓ !
ਨਿੱਕੀ ਜਿਹੀ ਮਿੱਠੀ ਪਰਵਾਨ ਕਰਿਓ !

ਮੈਂ ਹਾਲ ਦੀ ਘੜੀ ਰਾਜ਼ੀ ਖੁਸ਼ੀ ਹਾਂ ਅਤੇ ਰੱਬ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਤੁਹਾਨੂੰ ਬਹੁਤ-ਬਹੁਤ ਖੁਸ਼ ਅਤੇ ਸੁਖੀ ਰੱਖੇ। ਮੈਂ ਹਾਲ ਦੀ ਘੜੀ ਦੀ ਇਸ ਲਈ ਲਿਖਿਆ ਹੈ ਮੰਮੀ ਕਿ ਮੈਂ ਇਕ ਸਨਸਨੀਖ਼ੇਜ਼ ਖਬਰ ਸੁਣੀ ਹੈ ਕਿ ਤੁਹਾਨੂੰ ਮੇਰੇ ਧੀ ਹੋਣ ਦਾ ਪਤਾ ਲੱਗ ਗਿਆ ਹੈ ਤੇ ਹੁਣ ਤੁਸੀਂ ਮੈਨੂੰ ਇਸ ਕੱਚੀ ਉਮਰੇ ਹੀ ਆਪਣੀ ਨਿੱਘੀ-ਨਿੱਘੀ ਕੁੱਖ ਵਿਚੋਂ ਕੱਢ ਕੇ ਇਸ ਬੇਦਰਦ ਧਰਤੀ ਉਤੇ ਪਟਕਾ ਮਾਰੋਗੇ । ਸੱਚ ਮੰਮੀ ! ਮੈਨੂੰ ਤਾਂ ਇਸ ਗੱਲ ਦਾ ਯਕੀਨ ਹੀ ਨਹੀਂ ਆਇਆ। ਮੈਂ ਕਿਹਾ, ਮੇਰੀ ਮੰਮੀ ਤਾਂ ਏਦਾਂ ਕਰ ਹੀ ਨਹੀਂ ਸਕਦੀ। ਉਹ ਆਪਣੀ ਨਾਜ਼ੁਕ ਜਿਹੀ ਬੱਚੀ ਦੇ ਸ਼ਰੀਰ ਉਤੇ ਨਸ਼ਤਰਾਂ ਦੀ ਚੋਭ ਕਿਵੇਂ ਸਹੇਗੀ ? ਇੰਝ ਤਾਂ ਹੋ ਹੀ ਨਹੀਂ ਸਕਦਾ ! ਮੈਂ ਠੀਕ ਕਿਹਾ ਨਾ ਮੰਮੀ ? ਬੱਸ ਤੁਸੀਂ ਇਕ ਵਾਰੀ ਕਹਿ ਦਿਓ ਕਿ ਇਹ ਖਬਰ ਝੂਠ ਹੈ ਤਾਂ ਕਿ ਮੇਰੇ ਕੰਬਦੇ ਹੋਏ ਨਿੱਕੇ ਜਿਹੇ ਦਿਲ ਨੂੰ ਧਰਵਾਸ ਆ ਜਾਵੇ। ਮੈਂ ਤਾਂ ਇਹ ਸੁਣ ਕੇ ਬਹੁਤ ਦਹਿਲ ਗਈ ਹਾਂ ਮੰਮੀ ?  ਮੇਰੇ ਤਾਂ ਹੱਥ ਵੀ ਨਿੱਕੇ-ਨਿੱਕੇ ਨੇ, ਛੋਟੇ ਛੋਟੇ ਪਤਾਸਿਆਂ ਵਰਗੇ ਕਿ ਮੈਂ ਡਾਕਟਰ ਦੀ ਕਲੀਨਿਕ ਵੱਲ ਜਾਂਦਿਆਂ ਦੀ ਤੁਹਾਡੀ ਚੁੰਨੀ ਵੀ ਜ਼ੋਰ ਦੀ ਨਹੀਂ ਖਿੱਚ ਸਕਦੀ ! ਮੇਰੀਆਂ ਤਾਂ ਬਾਹਾਂ ਵੀ ਏਨੀਆਂ ਪਤਲੀਆਂ-ਪਤਲੀਆਂ ਨੇ, ਸਰ੍ਹੋਂ ਦੀ ਲੈਰੀ ਜਿਹੀ ਗੰਦਲ ਵਰਗੀਆਂ ਏਡੀਆਂ ਕਮਜ਼ੋਰ ਕਿ ਇਨ੍ਹਾਂ ਨੂੰ ਤੁਹਾਡੇ ਗਲ ਵਿਚ ਪਾ ਕੇ ਐਨੀ ਜ਼ੋਰ ਦੀ ਨਹੀਂ ਚੰਬੜ ਸਕਦੀ ਕਿ ਤੁਸੀਂ ਚਾਹੋ ਤਾਂ ਵੀ ਮੈਨੂੰ ਆਪਣੇ ਨਾਲੋਂ ਲਾਹ ਨਾ ਸਕੋ। ਮੈਂ ਤਾ ਆਪਣੇ ਆਲੇ ਦੁਆਲੇ ਵਿਚ ਆ ਗਈ ਦਵਾਈ ਨਾਲ ਤੁਹਾਡੇ ਸਰੀਰ ਵਿਚੋਂ ਨਾ ਚਾਹੁੰਦਿਆਂ ਹੋਇਆਂ ਵੀ ਇੰਞ ਤਿਲਕ ਜਾਵਾਂਗੀ ਮੰਮੀ! ਜਿਵੇਂ ਗਿੱਲੇ ਹੱਥਾਂ ਵਿਚੋਂ ਸਾਬਣ ਦੀ ਟਿੱਕੀ ਤਿਲਕ ਜਾਂਦੀ ਐ। ਨਾ ਮੰਮੀ ਨਾ! ਇੰਞ ਨਾ ਕਰਿਓ!

ਮੇਰੀ ਤਾਂ ਆਵਾਜ਼ ਵੀ ਐਨੀ ਬਰੀਕ ਐ ਮੰਮੀ! ਕਿ ਮੇਰੀ ਕੋਈ ਮਿੰਨਤ, ਕੋਈ ਅਰਜੋਈ ਮੇਰੇ ਪਾਪਾ ਤੱਕ ਨਹੀਂ ਪਹੁੰਚ ਸਕਦੀ। ਮੈਂ ਤਾਂ ਬਸ ਅਰਦਾਸ ਹੀ ਕਰ ਸਕਦੀ ਆਂ ਮੰਮੀ! ਮੈਂ ਤਾਂ ਬਸ ਇਹ ਖ਼ਤ ਹੀ ਲਿਖ ਸਕਦੀ ਆਂ, ਜੇ ਕਿਤੇ ਇਸਨੂੰ ਤੁਸੀਂ ਪੜ੍ਹ ਸਕੋ! ਪਲੀਜ਼ ਮੰਮੀ! ਇਹ ਖ਼ਤ ਜ਼ਰੂਰ ਪੜ੍ਹਨਾ!

ਮੇਰੀ ਗੱਲ ਮੰਨ ਲੈਣਾ ਮੰਮੀ! ਮੇਰਾ ਜਿਉਣ ਨੂੰ ਬਹੁਤ ਜੀਅ ਕਰਦੈ! ਅਜੇ ਤਾਂ ਤੁਹਾਡੇ ਵਿਹੜੇ ਵਿਚ ਨਿੱਕੇ-ਨਿੱਕੇ ਪੈਰਾਂ ਨਾਲ ਛਮ-ਛਮ ਨੱਚਣੈ ਮੈਂ! ਨਾ ਲੈ ਕੇ ਦਿਓ ਮੈਨੂੰ ਨਵੀਆਂ ਝਾਂਝਰਾਂ, ਮੈਂ ਤਾਂ ਦੀਦੀ ਦੀਆਂ ਛੋਟੀਆਂ ਹੋ ਚੁੱਕੀਆਂ ਝਾਂਝਰਾਂ ਹੀ ਪਾ ਲਉਂਗੀ! ਨਾ ਲੈ ਕੇ ਦੇਣਾ ਮੈਨੂੰ ਨਵੇਂ-ਨਵੇਂ ਕੱਪੜੇ! ਮੈਂ ਤਾਂ ਵੀਰੇ ਦੇ ਤੰਗ ਹੋਏ ਕਪੜੇ ਹੀ ਪਾ ਲਉਂਗੀ! ਪਰ ਮੈਂ ਇਹ ਧਰਤੀ-ਅੰਬਰ-ਪਾਣੀ-ਚੰਨ ਤਾਰੇ ਤਾਂ ਦੇਖ ਲਉਂਗੀ। ਇਹ ਤਾਂ ਨਹੀਂ ਨਾ ਮੁੱਕਦੇ।

ਮੈਂ ਤੇਰੀ ਧੀ ਆਂ! ਤੇਰੀ ਮੁਹੱਬਤ ਦੀ ਸ਼ਹਿਜ਼ਾਦੀ-ਮੈਨੂੰ ਘਰ ਵਿਚ ਉੱਤਰ ਲੈਣ ਦੇ ਮਾਂ! ਇਹਦੇ ਵਿਚ ਐਡੀ ਕੀ ਗੱਲ ਹੋ ਗਈ ਕਿ ਸਕੈਨਿੰਗ ਕਰਾ ਕੇ ਜਿਉਂ ਹੀ ਤੈਨੂੰ ਮੇਰੇ ਧੀ ਹੋਣ ਦਾ ਪਤਾ ਲੱਗਿਆ ਤੂੰ ਕੰਬਣ ਲੱਗ ਪਈ? ਜੇ ਪੁੱਤ ਹੁੰਦਾ ਤਾਂ ਤੂੰ ਪਾਲ ਲੈਂਦੀ, ਜੇ ਧੀ ਹੈ ਤਾਂ ਨਹੀਂ! ਨਾ ਮੰਮੀ ਨਾ! ਮੈਂ ਏਡਾ ਨਹੀਂ ਤੇਰੇ ਤੇ ਬੋਝ ਬਣਨ ਵਾਲੀ! ਤੇ ਇਹ ਜਿਹੜੀ ਦਾਜ ਦੀ ਤੇ ਧੀ ਦੇ ਦੁੱਖ ਦੀ ਗੱਲ ਕਰਕੇ ਤੂੰ ਆਪਣੇ ਫੈਸਲੇ ਨੂੰ ਠੀਕ ਸਮਝ ਰਹੀ ਐਂ ਨਾ ਮਾਂ, ਇਹ ਤਾਂ ਨਿਰਾ ਧੋਖਾ ਹੀ ਦੇ ਰਹੀ ਐਂ ਆਪਣੇ ਆਪ ਨੂੰ। ਕੋਈ ਹੋਰ ਗੱਲ ਸੋਚੋ! ਕਿਉਂ ਨਹੀਂ ਤੂੰ ਵੀਰ ਦੇ ਵਿਆਹ ਤੇ ਇਹੋ ਜਿਹੀ ਉਦਾਹਰਣ ਪੇਸ਼ ਕਰਦੀ ਕਿ ਕਿਸੇ ਗਰੀਬ ਦੀ ਧੀ ਨੂੰ ਜ਼ਿੰਦਗੀ ਦੀਆਂ ਸਭ ਖੁਸ਼ੀਆਂ ਮਿਲਣ? ਕਿਉਂ ਨਹੀਂ ਦੂਜੀਆਂ ਆਂਟੀਆਂ ਵੀ ਇਵੇਂ ਕਰਦੀਆਂ? ਆਖਿਰ ਜਿਨ੍ਹਾਂ ਦੇ ਧੀਆਂ ਨੇ, ਪੁੱਤ ਵੀ ਤਾਂ ਉਨ੍ਹਾਂ ਦੇ ਈ ਨੇ! ਇਹ ਕੀ ਹੋਇਆ ਕਿ ਆਪਣੀ ਧੀ ਨੂੰ ਮਾਰ ਦਿਓ ਤੇ ਪੁੱਤ ਲਈ ਮੂੰਹ ਮੰਗਿਆ ਦਾਜ ਲੈ ਆਓ। ਇਹ ਤਾਂ ਨਿਰਾ ਬਹਾਨਾ ਹੈ, ਆਪਣੇ ਆਪ ਨੂੰ ਗੁਨਾਹ ਤੋਂ ਮੁਕਤ ਮਹਿਸੂਸ ਕਰਨ ਦਾ। ਪਰ ਦਰਗਾਹ ਵਿਚ ਬਹਾਨਾ ਕਰ ਕੇ ਥੋੜਾ ਮੁਕਤੀ ਮਿਲਦੀ ਐ? ਨਾਲੇ ਮੰਮੀ! ਇੱਕ ਪੁੱਤ ਲਈ ਜਿੰਨੀਆਂ ਧੀਆਂ ਮਾਰੋਗੇ ਨਾ! ਉਨ੍ਹਾਂ ਸਾਰਿਆਂ ਦਾ ਪਾਪ ਉਸ ਵਿਚਾਰੇ ਬੇਕਸੂਰ ਦੇ ਸਿਰ ਚੜ੍ਹੇਗਾ! ਫਿਰ ਉਹ ਇੰਨਾ ਪਾਪ ਆਪਣੇ ਸਿਰ ਤੇ ਲੈਕੇ ਕਿੰਜ ਜੀਏਗਾ? ਨਾ ਮੇਰੀ ਮੰਮੀ! ਤੂੰ ਪਾਪਣ ਨਾ ਬਣੀਂ। ਤੂੰ ਹਤਿਆਰੀ ਨਾ ਬਣੀ। ਕੁਝ ਹਿੰਮਤ ਤੂੰ ਕਰੇਂਗੀ ਤੇ ਕੁਝ ਹਿੰਮਤ ਮੈਂ ਕਰੂੰਗੀ ਤਾਂ ਮੈਂ ਆਪਣੇ ਪੈਰਾਂ ਤੇ ਖੜ੍ਹੀ ਹੋ ਜਾਉਂਗੀ। ਫਿਰ ਮੇਰੇ ਹੱਥਾਂ ਉਤੇ ਵੀ ਮਹਿੰਦੀ ਚਮਕੂਗੀ-ਮੇਰੇ ਵੀ ਸ਼ਗਨਾਂ ਵਾਲੀ ਡੋਲੀ ਤੁਰੁਗੀ। ਮੈਂ ਵੀ ਤੇਰੇ ਵਿਹੜੇ ਵਿਚੋਂ ਚਿੜੀਆਂ ਦਾ ਚੰਬਾ ਬਣ ਕੇ ਉੱਡਾਂਗੀ। ਤੂੰ ਮੈਨੂੰ ਇੰਜ ਨਾ ਉਡਾ! ਸਿਰਫ ਵਿਆਹ ਹੀ ਨਹੀਂ ਮੰਮੀ! ਇਹ ਵੀ ਕੀ ਪਤੈ ਕਿ ਮੈਂ ਜੱਗ ਤੇ ਕੋਈ ਮਹਾਨ ਕਾਰਨਾਮਾ ਕਰ ਜਾਵਾਂ।

ਮੈਂ ਤੇਰੇ ਪਿਆਰ ਦਾ ਬੀਜ ਆਂ ਮਾਂ! ਮੈਨੂੰ ਆਪਣੀ ਵੱਖੀ ਦੀ ਡਾਲ ਤੇ ਫੁੱਲ ਬਣ ਕੇ ਖਿੜ ਲੈਣ ਦੇ! ਦੇਖ ਮੈਂ ਤੇਰੇ ਅੱਗੇ ਨਿੱਕੇ-ਨਿੱਕੇ ਪਤਾਸਿਆਂ ਵਰਗੇ ਹੱਥ ਬੰਨ੍ਹਦੀ ਆਂ ਪਈ, ਮੈਨੂੰ ਮਹਿਸੂਸ ਕਰ ਮਾਂ! ਮੈਨੂੰ ਬਚਾ ਲੈ ਅੰਮੀਏ! ਤੇ ਹੁਣ ਜਦੋਂ ਪਾਪਾ ਤੈਨੂੰ ਕਿਸੇ ਕਲੀਨਿਕ ਲੈ ਜਾਣ ਤਾਂ ਤੂੰ ਅੜ ਜਾਈਂ ਮਾਂ! ਮੇਰਾ ਵਾਸਤਾ ਪਾ ਦਈਂ! ਉਨ੍ਹਾਂ ਨੂੰ ਸਮਝਾ ਦਈਂ ਮਾਂ! ਪਰ ਮੈਨੂੰ ਕਤਲ ਕਰਵਾਉਣ ਲਈ ਕਿਤੇ ਨਾ ਜਾਵੀਂ! ਜੇ ਤੈਨੂੰ ਕਿਸੇ ਕਲੀਨਿਕ ਲੈ ਵੀ ਜਾਣ ਤਾਂ ਤੂੰ ਉਨ੍ਹਾਂ ਨੂੰ ਮਨਾ ਕੇ ਘਰ ਵਾਪਸ ਲੈ ਆਵੀਂ ਮਾਂ! ਕਿਤੇ ਉਥੇ ਹੀ ਮੈਨੂੰ ਲਾਸ਼ ਨਾ ਬਣਵਾ ਦੇਵੀਂ! ਤੂੰ ਮੈਂਥੋਂ ਨਿੱਕੇ-ਨਿੱਕੇ ਸਾਹ ਲੈਂਦੀ ਤੋਂ ਜ਼ਿੰਦਗੀ ਨਾ ਖੋਹੀਂ! ਨਾ ਮੰਮੀ ਨਾ! ਮੈਨੂੰ ਇੰਜ ਬੇ-ਰਹਿਮੀ ਨਾਲ ਨਾ ਮਾਰੀਂ। ਨਾ ਮੰਮੀ ਨਾ! ਨਾ ਮੰਮੀ ਨਾ!

ਤੇਰੀ ਨਿੱਕੀ ਜਿਹੀ
ਅਣਜਨਮੀ ਬੱਚੀ

ਡਾ. ਗੁਰਮਿੰਦਰ ਸਿੱਧੂ, ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫਸਰ 658, ਫੇਜ਼ 3 ਬੀ-1, ਮੋਹਾਲੀ 160059 0172-22273728

 

Loading spinner