ਆਪਣੇ ਅਤੇ ਬੇਗਾਨੇ ਦੀ ਪਹਿਚਾਣ
ਜਦੋਂ ਕੋਈ ਸਾਨੂੰ ਪਿਆਰ ਕਰਦਾ ਹੈ ਤਾਂ ਉਹੀ ਸਾਨੂੰ ਪਿਆਰਾ ਲਗਦਾ ਹੈ, ਅਤੇ ਅਸੀਂ ਉਸਦੀ ਇੱਜਤ ਕਰਦੇ ਹਾਂ ਆਪਣਾ ਸਮਝਦੇ ਹਾਂ, ਕਿਉਂ ਕਿ ਇਸ ਨਾਲ ਸਾਡੇ ਕਾਲਪਨਿਕ ਖਜਾਨੇ ਵਿਚ ਵਾਧਾ ਹੁੰਦਾ ਰਹਿੰਦਾ ਹੈ। ਇਸ ਦੇ ਉਲਟ ਜਿਹਡ਼ਾ ਸਾਨੂੰ ਪਿਆਰ ਨਹੀਂ ਕਰਦਾ ਅਸੀਂ ਵੀ ਬਦਲੇ ਵਿਚ ਉਸਦੀ ਪਰਵਾਹ ਨਹੀਂ ਕਰਦੇ, ਅਤੇ ਬੇਗਾਨਾ ਸਮਝਦੇ ਹਾਂ। ਇਥੇ ਬੇਗਾਨੇ ਦਾ ਮਤਲਬ ਹੈ ਨਾ-ਅਪਨਾਉਣਾ। ਆਪਣੇ ਅਤੇ ਬੇਗਾਨੇ ਦੀ ਪਹਿਚਾਣ ਇਕ ਛੋਟਾ ਗੋਦੀ ਚੁੱਕਣ ਵਾਲਾ ਬੱਚਾ ਵੀ ਕਰ ਲੈਂਦਾ ਹੈ। ਇਹ ਦਾ ਅੰਦਾਜਾ ਉਹ ਉਸਦੇ ਚੁੱਕਣ ਦੇ ਅਤੇ ਆਪਣੇ ਸੀਨੇ ਨਾਲ ਲਾਉਣ ਦੇ ਤਰੀਕੇ ਤੋਂ ਜਾਂ ਆਵਾਜਾਂ ਸੁਣ ਕੇ ਲਗਾ ਲੈਂਦਾ ਹੈ।
ਇਸ ਦਾ ਅਰਥ ਇਹ ਹੋਇਆ ਕਿ ਹਰ ਇਨਸਾਨ ਨੂੰ ਮਾਣ (ਸਵੈਮਾਣ) ਦੀ ਭੁੱਖ ਹੁੰਦੀ ਹੈ। ਇਸੇ ਲਈ ਅਸੀਂ ਆਪਣੇ ਸਵੈ-ਮਾਣ ਦੀ ਰੱਖਿਆ ਕਰਦੇ ਹਾਂ। ਜੇ ਅਸੀਂ ਕੋਈ ਔਖਾ ਕੰਮ ਕਰਨ ਦੀ ਕੋਸ਼ਿਸ਼ ਕਰੀਏ ਜਾਂ ਕੋਈ ਕੰਮ ਪਹਿਲੀ ਵਾਰ ਕਰਣ ਦੀ ਕੋਸ਼ਿਸ਼ ਕਰਦੇ ਹੋਈਏ ਅਤੇ ਕੋਈ ਸਾਨੂੰ ਇਹ ਕਾਰਜ ਸੰਪੂਰਨ ਕਰਨ ਲਈ ਹੱਲਾ-ਸ਼ੇਰੀ ਦੇਵੇ (ਹੌਸਲਾ ਵਧਾਵੇ) ਤਾਂ ਸਾਡੇ ਸਵੈਮਾਣ ਵਿਚ ਵਾਧਾ ਹੁੰਦਾ ਹੈ। ਇਸਦੇ ਉਲਟ ਜੇ ਕੋਈ ਨਾਕਾਰਾਤਮਕ (ਨਾਂਹ-ਪੱਖੀ) ਵਿਚਾਰ ਰੱਖੇ ਜਾਂ ਕਹਿ ਦੇਵੇ (ਤੇਰੇ ਤੋਂ ਨਹੀਂ ਹੋਣਾ ਜਾਂ ਕੋਈ ਸਾਡੀ ਕੋਸ਼ਿਸ਼ ਜਾਂ ਨਾਕਾਮੀ ਤੇ ਖੁਸ਼ੀ ਨਾ ਜਤਾਵੇ) ਤਾਂ ਸਾਡੇ ਸਵੈਮਾਣ ਨੂੰ ਠੇਸ ਪਹੁੰਚਦੀ ਹੈ।
ਉਪਰੋਕਤ ਦਿੱਤੀ ਜਾਣਕਾਰੀ ਉਪਰੰਤ ਅਸੀਂ ਘੱਟੋ-ਘੱਟ ਇਹ ਜਾਨਣ ਵਿਚ ਤਾਂ ਸਫਲ ਹੋ ਹੀ ਜਾਂਦੇ ਹਾਂ ਕਿ ਹੋਰ ਲੋਕਾਂ ਦੀਆਂ ਸਾਡੇ ਪ੍ਰਤੀ ਕਿਹੋ ਜਿਹੀਆਂ ਭਾਵਨਾਵਾਂ ਹਨ। ਸਾਡੇ ਪ੍ਰਤੀ ਸਨੇਹ ਦੀਆਂ ਭਾਵਨਾਵਾਂ ਰੱਖਣ ਵਾਲੇ ਸਾਡੇ ਪਰਿਵਾਰ ਦੇ ਜੀਅ ਹਨ ਜਾਂ ਕੋਈ ਗਵਾਂਢੀ, ਮਿੱਤਰ ਜਾਂ ਦੂਰ ਦੇ ਰਿਸ਼ਤੇਦਾਰ ਜਾਂ ਬਿਲਕੁਲ ਪਰਾਏ ਹਨ। ਜਾਂ ਫਿਰ ਉਹ ਸਾਡੇ ਤੋਂ ਉਲਟ ਲਿੰਗ (ਪੁਰਸ਼ ਜਾਂ ਇਸਤਰੀ) ਦੇ ਹੋਣ ਕਾਰਨ ਸਾਡੇ ਵਿਚ ਖਾਸ ਰੂਚੀ ਰੱਖਦੇ ਹਨ ਆਪਣਾ ਬਣਨ ਜਾਂ ਬਣਾਉਣ ਦੀ ਬਦੋ-ਬਦੀ ਕੋਸ਼ਿਸ਼ ਕਰ ਰਹੇ ਹਨ। ਇਥੇ ਇਹ ਜਰੂਰੀ ਨਹੀਂ ਕਿ ਇਹੋ ਜਿਹੇ ਵਿਅਕਤੀ ਸਾਡੀ ਉਮਰ ਦੇ ਹੀ ਹੋਣ।
ਆਪਣੀ ਪਹਿਚਾਣ ਅਤੇ ਦੋਸਤੀ
ਇਕ ਇਨਸਾਨ ਦੀ ਪਹਿਚਾਣ ਉਸਦੇ ਲਿੰਗ ਤੋਂ ਵੀ ਹੁੰਦੀ ਹੈ। ਲਿੰਗ (ਲਡ਼ਕੀ ਜਾਂ ਲਡ਼ਕਾ) ਬਾਰੇ ਜਾਣਕਾਰੀ ਹੋਣ ਤੇ ਅਸੀਂ ਉਸ ਇਨਸਾਨ ਦੇ ਸੁਭਾਅ ਬਾਰੇ ਅਤੇ ਉਸ ਵਲੋਂ ਅਤੇ ਉਸ ਨਾਲ ਕੀਤੇ ਜਾਣ ਵਾਲੇ ਵਿਹਾਰ ਬਾਰੇ ਕਾਫੀ ਜਾਣਕਾਰ ਹੋ ਜਾਂਦੇ ਹਾਂ, ਕਿਉਂਕਿ ਸਾਨੂੰ ਇਹ ਪਤਾ ਹੈ ਕਿ ਲਡ਼ਕੀ (ਜਾਂ ਲਡ਼ਕੇ) ਨਾਲ ਗੱਲ ਕਰਨ ਵੇਲੇ ਕਿਸ ਤਰ੍ਹਾਂ ਨਾਲ ਪੇਸ਼ ਆਉਣਾ ਚਾਹੀਦਾ ਹੈ। ਅਸੀਂ ਸਮਾਜ ਦੇ ਜਿੰਮੇਵਾਰ ਇਨਸਾਨ ਦੀ ਭੂਮਿਕਾ ਅਦਾ ਕਰਨਾ ਚਾਹੁੰਦੇ ਹਾਂ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਜੇ ਅਸੀਂ ਦੂਸਰੇ ਇਨਸਾਨ ਦੀ ਇੱਜਤ ਨਹੀਂ ਕਰਾਂਗੇ ਜਾਂ ਸਲੀਕੇ ਨਾਲ ਪੇਸ਼ ਨਹੀਂ ਆਵਾਂਗੇ ਤਾਂ ਉਹ ਵੀ ਸਾਡੇ ਨਾਲ ਉਸੇ ਤਰ੍ਹਾਂ ਪੇਸ਼ ਆਵੇਗਾ। ਹਰ ਇਨਸਾਨ ਆਦਰ-ਸਨਮਾਨ ਦੇ ਕਾਬਿਲ ਹੈ, ਅਤੇ ਅਸੀਂ ਆਪਣਾ ਅਤੇ ਦੂਸਰੇ ਇਨਸਾਨਾਂ ਦੇ ਸਵੈਮਾਣ ਦੀ ਰੱਖਿਆ ਵੀ ਕਰਨਾ ਚਾਹੁੰਦੇ ਹਾਂ।
ਦੋਸਤ ਸਾਡੇ ਜੀਵਨ ਦਾ ਇੱਕ ਜਰੂਰੀ ਹਿੱਸਾ ਹੁੰਦੇ ਹਨ। ਅਸੀਂ ਆਪਣੇ ਸੁਭਾਅ ਵਰਗੇ ਇਨਸਾਨਾਂ ਦੀ ਚੋਣ ਕਰਦੇ ਹਾਂ ਜਿਨ੍ਹਾਂ ਨਾਲ ਅਸੀਂ ਆਪਣੇ ਨਿੱਜੀ ਫੈਸਲੇ ਸਾਂਝੇ ਕਰਦੇ ਹਾਂ। ਉਮਰ ਦੇ ਹਿਸਾਬ ਨਾਲ ਦੋਸਤਾਂ ਦੀ ਚੋਣ ਵਿਚ ਤਬਦੀਲੀ ਆ ਸਕਦੀ ਹੈ।
ਦਸ ਕੁ ਸਾਲ ਦੀ ਉਮਰ ਤੱਕ ਦੇ ਬੱਚੇ ਦੋਸਤੀ ਕਰਨ ਵੇਲੇ ਇਸ ਗੱਲ ਬਾਰੇ ਸੋਚਣ ਦੇ ਕਾਬਿਲ ਹੀ ਨਹੀਂ ਹੁੰਦੇ ਕਿ ਦੋਸਤ ਦਾ ਲਿੰਗ ਕੀ ਹੈ। ਲਡ਼ਕੇ ਅਤੇ ਲਡ਼ਕੀਆਂ ਇਕੱਠੇ ਖੇਡਦੇ ਅਤੇ ਲਡ਼ਾਈ ਵੀ ਕਰਦੇ ਹਨ। ਉਮਰ ਦੇ ਇਨ੍ਹਾਂ ਸੁਨਹਿਰੀ ਵਰ੍ਹਿਆਂ ਪਿਛੋਂ ਲਡ਼ਕੇ ਅਤੇ ਲਡ਼ਕੀ ਦੇ ਲਿੰਗ ਭੇਦ ਕਾਰਣ ਸਰੀਰਿਕ ਅਤੇ ਮਾਨਸਿਕ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਲਡ਼ਕੀ ਦਾ ਸੁਭਾਅ ਸ਼ਰਮੀਲਾ ਹੁੰਦਾ ਹੈ ਅਤੇ ਸਰੀਰਿਕ ਪੱਖੋਂ ਵੀ ਲਡ਼ਕੇ ਨਾਲੋਂ ਘੱਟ ਤਾਕਤਵਰ ਹੁੰਦਾ ਹੈ। ਲਡ਼ਕੀ ਜਾਂ ਲਡ਼ਕੇ ਦਾ ਪਹਿਰਾਵਾ ਉਸਦੇ ਲਿੰਗ ਬਾਰੇ ਕਾਫੀ ਹੱਦ ਤੱਕ ਪਹਿਚਾਣ ਕਰਵਾ ਦਿੰਦਾ ਹੈ।
ਗਿਆਰਾਂ ਤੋਂ ਬਾਰਾਂ ਸਾਲ ਦੀ ਉਮਰ ਤੋਂ ਬਾਅਦ ਵਿਚ ਲਡ਼ਕੀ ਦੀ ਮਾਤਾ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣੀ ਬੱਚੀ ਨੂੰ ਉਸ ਵਿਚ ਹੋਣ ਵਾਲੀਆਂ ਸਰੀਰਿਕ ਤਬਦੀਲੀਆਂ ਤੋਂ ਜਾਣੂ ਕਰਾਉਣ ਵਿਚ ਸਹਾਈ ਹੋਵੇ। ਲਡ਼ਕੀਆਂ ਵਿਚ ਹਾਰਮੋਨ ਦੇ ਵਿਕਾਸ ਨਾਲ ਉਸ ਦੀਆਂ ਛਾਤੀਆਂ ਵਿਕਸਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤਬਦੀਲੀ ਲਈ ਉਮਰ ਦਾ ਕੋਈ ਸਾਲ ਤਾਂ ਤੈਅ ਨਹੀਂ ਹੈ, ਪਰ ਇਕ ਤੰਦਰੁਸਤ ਲਡ਼ਕੀ ਦੇ 16 ਸਾਲ ਦੀ ਉਮਰ ਹੋਣ ਤੇ ਛਾਤੀਆਂ ਦੇ ਉਭਾਰ ਦਿਖਣੇ ਸ਼ੁਰੂ ਹੋ ਜਾਂਦੇ ਹਨ। ਲਡ਼ਕਿਆਂ ਵਿਚ ਹਾਰਮੋਨ ਦੀ ਤਬਦੀਲੀ ਕਾਰਣ ਮੁੱਛਾਂ ਜਾਂ ਦਾਡ਼੍ਹੀ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਆਵਾਜ਼ ਵਿਚ ਭਾਰਾਪਣ ਆ ਜਾਂਦਾ ਹੈ। ਇਨ੍ਹਾਂ ਦੇ ਸਰੀਰ ਵਿਚ ਹੋਰ ਕੋਈ ਖ਼ਾਸ ਤਬਦੀਲੀ ਨਜ਼ਰ ਨਹੀਂ ਆਉਂਦੀ।
ਇਸ ਉਮਰ ਦੇ ਲਡ਼ਕੇ, ਲਡ਼ਕੀਆਂ ਆਪਣੇ ਦੋਸਤ ਚੁਣਨ ਵੇਲੇ ਕਾਫੀ ਸਮਝ ਵਰਤਣ ਲੱਗ ਪੈਂਦੇ ਹਨ। ਲਡ਼ਕੀਆਂ ਨੂੰ ਸਹੇਲੀਆਂ ਬਣਾਉਣ ਲਈ ਹੀ ਪਰੇਰਿਤ ਕੀਤਾ ਜਾਂਦਾ ਹੈ, ਇਹ ਇਸ ਨਾਜੁਕ ਉਮਰ ਨੂੰ ਵੇਖਦੇ ਹੋਏ ਇਕ ਅਹਿਤਿਆਤ ਵਜੋਂ ਹੀ ਕੀਤਾ ਜਾਂਦਾ ਹੈ। ਦੋਸਤੀ ਦੀ ਮਹੱਤਤਾ ਬਾਰੇ ਉਦੋਂ ਸਭ ਕੁਝ ਸਮਝ ਵਿਚ ਆ ਜਾਂਦਾ ਹੈ ਜਦ ਹਾਲਾਤ ਅਜਿਹੇ ਹੋਣ ਜਿਵੇਂ ਕਿ ਮੰਨ ਲਓ ਤੁਸੀਂ ਇਕ ਨਵੇਂ ਸਕੂਲ ਵਿਚ ਦਾਖਲਾ ਲਿਆ ਹੈ ਜਿੱਥੇ ਤੁਹਾਨੂੰ ਕੋਈ ਨਹੀਂ ਜਾਣਦਾ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀਆਂ ਸੋਚਾਂ ਵਿਚ ਇਕੱਲੇ ਹੀ ਹੋ। ਇਸ ਇੱਕਲੇਪਣ ਨੂੰ ਖ਼ਤਮ ਕਰਨ ਲਈ ਇਕ ਸਾਂਝ ਦੀ ਲੋਡ਼ ਪੈਂਦੀ ਹੈ ਜੋ ਕਿ ਦੋਸਤੀ ਨਾਲ ਆਉਂਦੀ ਹੈ।
ਦੋਸਤੀ ਜਰੂਰੀ ਹੈ, ਪਰ ਦੋਸਤੀ ਵਿਚ ਇਮਾਨਦਾਰੀ ਸਭ ਤੋਂ ਵੱਧ ਜਰੂਰੀ ਹੈ। ਦੋਸਤੀ ਦੀ ਪਰਿਭਾਸ਼ਾ ਹੈ ਕਿ ਇਕ-ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣਾ, ਖੁਸ਼ੀ-ਗ਼ਮੀ ਵਿਚ ਸਾਥ ਦੇਣਾ, ਔਕਡ਼ ਵੇਲੇ ਕੰਮ ਆਉਣਾ। ਦੋਵਾਂ ਵੱਲੋਂ ਇਕ-ਦੂਜੇ ਲਈ ਇਮਾਨਦਾਰੀ ਹੋਣਾ ਹੀ ਇਸ ਦੋਸਤੀ ਦੇ ਰਿਸ਼ਤੇ ਦੀ ਬੁਨਿਆਦ (ਜਡ਼੍ਹ) ਹੈ।
ਬਚਪਨ ਤੋਂ ਜਵਾਨੀ ਵੱਲ ਵਧਦਿਆਂ ਸਾਡੇ ਦੋਸਤਾਂ ਦੀ ਟੋਲੀ ਵਿਚ ਵੀ ਬਦਲਾਅ ਆਉਂਦਾ ਰਹਿੰਦਾ ਹੈ। ਇਸਦਾ ਮੁੱਖ ਕਾਰਣ ਇਹ ਹੈ ਕਿ ਸਾਡੇ ਸਰੀਰਿਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਮੁਤਾਬਕ ਦੋਸਤਾਂ ਪ੍ਰਤੀ ਸੁਭਾਅ ਵਿਚ ਤਬਦੀਲੀ ਆਉਂਦੀ ਹੈ। ਸਾਡਾ ਸੁਭਾਅ ਸਾਡੀ ਪਰਵਰਿਸ਼ ਵਾਲੇ ਸਥਾਨ, ਪਰਿਵਾਰ ਆਦਿ ਤੇ ਕਾਫੀ ਹੱਦ ਤੱਕ ਨਿਰਭਰ ਕਰਦਾ ਹੈ। ਸਾਡੇ ਆਲੇ-ਦੁਆਲੇ ਦਾ ਇਸ ਵਿਚ ਅਹਿਮ ਯੋਗਦਾਨ ਰਹਿੰਦਾ ਹੈ। ਇਸ ਕਾਰਣ ਦੋਸਤਾ ਦੇ ਮਾਅਣੇ ਹਰ ਵਿਅਕਤੀ ਲਈ ਵੱਖਰੇ ਹੋ ਸਕਦੇ ਹਨ। ਕੁਝ ਲੋਕਾਂ ਨੂੰ ਆਪਣੇ ਹਾਸੀ-ਮਜਾਕ ਵਾਲਾ ਖੁਸ਼-ਤਬੀਅਤ ਸੁਭਾਅ ਕਾਰਣ ਦੋਸਤਾਂ ਦੀ ਜਰੂਰਤ ਹੁੰਦੀ ਹੈ। ਕੁਝ ਨੂੰ ਸਿਰਫ ਸੰਜੀਦਾ ਸੁਭਾਅ ਵਾਲਿਆਂ ਨੂੰ ਪੰਸਦ ਕਰਦੇ ਹਨ। ਦੋਸਤ ਦੀ ਚੋਣ ਕਰਨ ਵੇਲੇ ਇਸ ਗੱਲ ਤੇ ਜਰੂਰ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਮੇਰੇ ਲਈ ਕੀ ਜਰੂਰੀ ਹੈ ਅਤੇ ਮੈਨੂੰ ਪਸੰਦ ਕੀ ਹੈ।
ਜਿਆਦਾਤਰ ਲੋਕ ਦੋਸਤ ਚੁਣਨ ਵੇਲੇ ਵਿਸ਼ਵਾਸ, ਇਮਾਨਦਾਰੀ, ਗੱਲ ਸੁਣਨ ਦੀ ਮਹਾਰਤ, ਰੋਚਕ ਸੁਭਾਅ, ਹਮਦਰਦੀ ਵਾਲੀਆਂ ਵਿਸ਼ੇਸ਼ਤਾਈਆਂ ਲੱਭਦੇ ਹਨ। ਇਥੇ ਇਸ ਗੱਲ ਦਾ ਜਿਕਰ ਕਰਨਾ ਵੀ ਜਰੂਰੀ ਹੈ ਕਿ ਬਚਪਨ ਵਿਚ ਦੋਸਤ ਬਣਾਉਣ ਵੇਲੇ ਇਨ੍ਹਾਂ ਤੋਂ ਵੱਖ ਹੋਰ ਹੀ ਵਿਸ਼ੇਸ਼ਤਾਈਆਂ ਜਰੂਰੀ ਹੁੰਦੀਆਂ ਹਨ। ਇਹ ਜਰੂਰੀ ਨਹੀਂ ਕਿ ਦੋਸਤੀ ਹਮ-ਉਮਰ ਇਨਸਾਨਾਂ ਵਿਚ ਹੀ ਹੁੰਦੀ ਹੈ। ਦੋਸਤੀ ਲਈ ਉਮਰ ਦੀ ਸੀਮਾਂ ਆਡੇ ਨਹੀਂ ਆਉਂਦੀ, ਗੱਲ ਤਾਂ ਸੁਭਾਅ ਮਿਲਣ ਦੀ ਹੁੰਦੀ ਹੈ।
ਪਰ ਇਹ ਵੀ ਬਹੁਤ ਜਰੂਰੀ ਹੈ ਕਿ ਘੱਟੋ-ਘੱਟ ਇਕ ਦੋਸਤ ਹਮ-ਉਮਰ ਜਰੂਰ ਹੋਣਾ ਚਾਹੀਦਾ ਹੈ ਕਿਉਂਕਿ ਉਸ ਨਾਲ ਸਾਡੀ ਸੋਚ, ਸਮਝ ਦਾ ਪੱਧਰ ਕਾਫੀ ਮਿਲਦਾ ਜੁਲਦਾ ਹੁੰਦਾ ਹੈ। ਇਥੇ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਮੁਟਿਆਰਪੁਣੇ ਵੇਲੇ ਆਪਣਾ ਦੋਸਤ ਬਣਾਉਣ ਵੇਲੇ ਕਿੰਨਾ ਗੱਲਾਂ ਦਾ ਧਿਆਨ ਰੱਖੀਏ।
ਦੋਸਤੀ ਵਿਚ ਇਮਾਨਦਾਰੀ ਅਤੇ ਹਮਦਰਦੀ, ਮੁੱਖ ਵਿਸ਼ੇਸ਼ਤਾਈਆਂ ਹਨ ਅਤੇ ਜੇ ਕੋਈ ਤੁਹਾਡਾ ਕਿਸੇ ਵੀ ਤਰ੍ਹਾਂ ਦੀ ਸ਼ੋਸ਼ਣ (ਸਰੀਰਿਕ, ਮਾਨਸਿਕ, ਯੋਨ ਜਾਂ ਕਿਸੇ ਹੋਰ ਤਰ੍ਹਾਂ ਦਾ) ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਦੋਸਤ ਨਹੀਂ ਹੋ ਸਕਦਾ, ਉਹ ਸਿਰਫ ਮੌਕਾਪ੍ਰਸਤ ਅਤੇ ਲਾਲਚੀ ਇਨਸਾਨ ਹੈ ਜੋ ਕਿ ਆਪਣੇ ਗੰਦੇ ਵਿਚਾਰਾਂ ਜਾਂ ਇਰਾਦਿਆਂ ਨਾਲ ਸਾਨੂੰ ਸਰੀਰਿਕ ਜਾਂ ਮਾਨਸਿਕ ਤੌਰ ਤੇ ਠੇਸ ਪਹੁੰਚਾਉਣਾ ਚਾਹੁੰਦਾ ਹੈ, ਅਜਿਹੇ ਲੋਕ ਮਾਨਸਿਕ ਤੌਰ ਤੇ ਰੋਗੀ ਹੁੰਦੇ ਹਨ ਜਿਸ ਦਾ ਮੁੱਖ ਕਾਰਨ ਉਨ੍ਹਾਂ ਦੀ ਮਾਡ਼ੀ ਪਰਵਰਿਸ਼ ਅਤੇ ਮਾਡ਼ਾ ਆਲਾ-ਦੁਆਲਾ ਹੀ ਹੁੰਦਾ ਹੈ। ਆਪਣੇ ਸਰੀਰਿਕ ਅਤੇ ਮਾਨਸਿਕ ਸਾਖ ਨੂੰ ਕਿਸੇ ਵੀ ਤਰ੍ਹਾਂ ਦੀ ਠੇਸ ਤੋਂ ਬਚਾਉਣ ਲਈ ਸਾਡੇ ਕੋਲ ਕੁਝ ਅਧਿਕਾਰ ਰਾਖਵੇਂ ਹਨ।