ਇਕ ਅਣਜਨਮੀ ਬੱਚੀ ਦਾ ਆਪਣੀ
ਮੰਮੀ ਦੇ ਨਾਂ ਖਤ
ਸਥਾਨ: ਨਿੱਘੀ-ਨਿੱਘੀ ਕੁੱਖ
ਸਮਾਂ: ਇੱਕੀਵੀਂ ਸਦੀ ਦੀ ਸਵੇਰ
ਮੇਰੇ ਪਿਆਰੇ ਪਿਆਰੇ ਮੰਮੀ ਜੀਓ !
ਨਿੱਕੀ ਜਿਹੀ ਮਿੱਠੀ ਪਰਵਾਨ ਕਰਿਓ !
ਮੈਂ ਹਾਲ ਦੀ ਘਡ਼ੀ ਰਾਜ਼ੀ ਖੁਸ਼ੀ ਹਾਂ ਅਤੇ ਰੱਬ ਜੀ
ਅੱਗੇ ਅਰਦਾਸ ਕਰਦੀ ਹਾਂ ਕਿ ਉਹ ਤੁਹਾਨੂੰ ਬਹੁਤ-ਬਹੁਤ ਖੁਸ਼ ਅਤੇ ਸੁਖੀ ਰੱਖੇ। ਮੈਂ ਹਾਲ ਦੀ ਘਡ਼ੀ
ਦੀ ਇਸ ਲਈ ਲਿਖਿਆ ਹੈ ਮੰਮੀ ਕਿ ਮੈਂ ਇਕ ਸਨਸਨੀਖੇਜ਼ ਖਬਰ ਸੁਣੀ ਹੈ ਕਿ ਤੁਹਾਨੂੰ ਮੇਰੇ ਧੀ ਹੋਣ ਦਾ ਪਤਾ ਲੱਗ ਗਿਆ
ਹੈ ਤੇ ਹੁਣ ਤੁਸੀਂ ਮੈਨੂੰ ਇਸ ਕੱਚੀ ਉਮਰੇ ਹੀ ਆਪਣੀ ਨਿੱਘੀ-ਨਿੱਘੀ ਕੁੱਖ ਵਿਚੋਂ ਕੱਢ ਕੇ ਇਸ ਬੇਦਰਦ
ਧਰਤੀ ਉਤੇ ਪਟਕਾ ਮਾਰੋਗੇ । ਸੱਚ ਮੰਮੀ ! ਮੈਨੂੰ ਤਾਂ ਇਸ ਗੱਲ ਦਾ ਯਕੀਨ ਹੀ ਨਹੀਂ ਆਇਆ। ਮੈਂ ਕਿਹਾ, ਮੇਰੀ ਮੰਮੀ ਤਾਂ ਏਦਾਂ ਕਰ ਹੀ ਨਹੀਂ ਸਕਦੀ। ਉਹ ਆਪਣੀ ਨਾਜ਼ੁਕ
ਜਿਹੀ ਬੱਚੀ ਦੇ ਸ਼ਰੀਰ ਉਤੇ ਨਸ਼ਤਰਾਂ ਦੀ ਚੋਭ ਕਿਵੇਂ ਸਹੇਗੀ ? ਇਂਝ ਤਾਂ ਹੋ ਹੀ ਨਹੀਂ ਸਕਦਾ ! ਮੈਂ ਠੀਕ ਕਿਹਾ ਨਾ ਮੰਮੀ ? ਬੱਸ ਤੁਸੀਂ ਇਕ ਵਾਰੀ ਕਹਿ ਦਿਓ ਕਿ ਇਹ ਖਬਰ ਝੂਠ ਹੈ ਤਾਂ ਕਿ ਮੇਰੇ ਕੰਬਦੇ
ਹੋਏ ਨਿੱਕੇ ਜਿਹੇ ਦਿਲ ਨੂੰ ਧਰਵਾਸਾ ਆ ਜਾਵੇ। ਮੈਂ ਤਾਂ ਇਹ ਸੁਣ ਕੇ ਬਹੁਤ
ਦਹਿਲ ਗਈ ਹਾਂ ਮੰਮੀ ? ਮੇਰੇ ਤਾਂ ਹੱਥ ਵੀ
ਨਿੱਕੇ-ਨਿੱਕੇ ਨੇ, ਛੋਟੇ ਛੋਟੇ ਪਤਾਸਿਆਂ
ਵਰਗੇ ਕਿ ਮੈਂ ਡਾਕਟਰ ਦੀ ਕਲੀਨਿਕ ਵੱਲ ਜਾਂਦਿਆਂ ਦੀ ਤੁਹਾਡੀ ਚੁੰਨੀ ਵੀ ਜ਼ੋਰ ਦੀ ਨਹੀਂ ਖਿੱਚ ਸਕਦੀ
! ਮੇਰੀਆਂ ਤਾਂ ਬਾਹਾਂ ਵੀ ਏਨੀਆਂ
ਪਤਲੀਆਂ-ਪਤਲੀਆਂ ਨੇ, ਸਰ੍ਹੋਂ ਦੀ ਲੈਰੀ
ਜਿਹੀ ਗੰਦਲ ਵਰਗੀਆਂ ਏਡੀਆਂ ਕਮਜ਼ੋਰ ਕਿ ਇਨ੍ਹਾਂ ਨੂੰ ਤੁਹਾਡੇ ਗਲ ਵਿਚ ਪਾ ਕੇ ਐਨੀ ਜ਼ੋਰ ਦੀ ਨਹੀਂ
ਚੁੰਬਡ਼ ਸਕਦੀ ਕਿ ਤੁਸੀਂ ਚਾਹੋ ਤਾਂ ਵੀ ਮੈਨੂੰ ਆਪਣੇ ਨਾਲੋਂ ਲਾਹ ਨਾ ਸਕੋ। ਮੈਂ ਤਾ ਆਪਣੇ ਆਲੇ
ਦੁਆਲੇ ਵਿਚ ਆ ਗਈ ਦਵਾਈ ਨਾਲ ਤੁਹਾਡੇ ਸਰੀਰ ਵਿਚੋਂ ਨਾ ਚਾਹੁੰਦਿਆਂ ਹੋਇਆਂ ਵੀ ਇੰਞ ਤਿਲਕ ਜਾਵਾਂਗੀ
ਮੰਮੀ! ਜਿਵੇਂ ਗਿੱਲੇ ਹੱਥਾਂ ਵਿਚੋਂ
ਸਾਬਣ ਦੀ ਟਿੱਕੀ ਤਿਲਕ ਜਾਂਦੀ ਐ। ਨਾ ਮੰਮੀ ਨਾ! ਇੰਞ ਨਾ ਕਰਿਓ!
ਮੇਰੀ ਤਾਂ ਆਵਾਜ਼ ਵੀ ਐਨੀ ਬਰੀਕ ਐ ਮੰਮੀ! ਕਿ ਮੇਰੀ ਕੋਈ ਮਿੰਨਤ, ਕੋਈ ਅਰਜ਼ੋਈ ਮੇਰੇ ਪਾਪਾ ਤੱਕ ਨਹੀਂ ਪਹੁੰਚ ਸਕਦੀ। ਮੈਂ ਤਾਂ ਬਸ ਅਰਦਾਸ
ਹੀ ਕਰ ਸਕਦੀ ਆਂ ਮੰਮੀ! ਮੈਂ ਤਾਂ ਬਸ ਇਹ
ਖਤ ਹੀ ਲਿਖ ਸਕਦੀ ਆਂ, ਜੇ ਕਿਤੇ ਇਸਨੂੰ
ਤੁਸੀਂ ਪਡ਼੍ਹ ਸਕੋ! ਪਲੀਜ਼ ਮੰਮੀ! ਇਹ ਖਤ ਜ਼ਰੂਰ ਪਡ਼੍ਹਨਾ!
ਮੇਰੀ ਗੱਲ ਮੰਨ ਲੈਣਾ ਮੰਮੀ! ਮੇਰਾ ਜਿਉਣ ਨੂੰ ਬਹੁਤ ਜੀਅ ਕਰਦੈ! ਅਜੇ ਤਾਂ ਤੁਹਾਡੇ ਵਿਹਡ਼ੇ ਵਿਚ ਨਿੱਕੇ-ਨਿੱਕੇ ਪੈਰਾਂ
ਨਾਲ ਛਮ-ਛਮ ਨੱਚਣੈ ਮੈਂ! ਨਾ ਲੈ ਕੇ ਦਿਓ
ਮੈਨੂੰ ਨਵੀਆਂ ਝਾਂਜਰਾਂ, ਮੈਂ ਤਾਂ ਦੀਦੀ ਦੀਆਂ
ਛੋਟੀਆਂ ਹੋ ਚੁੱਕੀਆਂ ਝਾਂਜਰਾਂ ਹੀ ਪਾ ਲਉਂਗੀ! ਨਾ ਲੈ ਕੇ ਦੇਣਾ ਮੈਨੂੰ ਨਵੇਂ-ਨਵੇਂ ਕਪੱਡ਼ੇ! ਮੈਂ ਤਾਂ ਵੀਰੇ ਦੇ ਤੰਗ ਹੋਏ ਕਪਡ਼ੇ ਹੀ ਪਾ ਲਉਂਗੀ! ਪਰ ਮੈਂ ਇਹ ਧਰਤੀ-ਅੰਬਰ-ਪਾਣੀ-ਚੰਨ ਤਾਰੇ ਤਾਂ ਦੇਖ
ਲਉਂਗੀ। ਇਹ ਤਾਂ ਨਹੀਂ ਨਾ ਮੁੱਕਦੇ।
ਮੈਂ ਤੇਰੀ ਧੀ ਆਂ! ਤੇਰੀ ਮੁਹੱਬਤ ਦੀ ਸ਼ਹਿਜ਼ਾਦੀ-ਮੈਨੂੰ ਘਰ ਵਿਚ ਉੱਤਰ
ਲੈਣ ਦੇ ਮਾਂ! ਇਹਦੇ ਵਿਚ ਐਡੀ
ਕੀ ਗੱਲ ਹੋ ਗਈ ਕਿ ਸਕੈਨਿੰਗ ਕਰਾ ਕੇ ਜਿਉਂ ਹੀ ਤੈਨੂੰ ਮੇਰੇ ਧੀ ਹੋਣ ਦਾ ਪਤਾ ਲੱਗਿਆ ਤੂੰ ਕੰਬਣ ਲੱਗ
ਪਈ? ਜੇ ਪੁੱਤ ਹੁੰਦਾ ਤਾਂ ਤੂੰ
ਪਾਲ ਲੈਂਦੀ, ਜੇ ਧੀ ਹੈ ਤਾਂ
ਨਹੀਂ! ਨਾ ਮੰਮੀ ਨਾ! ਮੈਂ ਏਡਾ ਨਹੀਂ ਤੇਰੇ ਤੇ ਬੋਝ ਬਣਨ ਵਾਲੀ! ਤੇ ਇਹ ਜਿਹਡ਼ੀ ਦਾਜ ਦੀ ਤੇ ਧੀ ਦੇ ਦੁੱਖ ਦੀ ਗੱਲ
ਕਰਕੇ ਤੂੰ ਆਪਣੇ ਫੈਸਲੇ ਨੂੰ ਠੀਕ ਸਮਝ ਰਹੀ ਐਂ ਨਾ ਮਾਂ, ਇਹ ਤਾਂ ਨਿਰਾ ਧੋਖਾ ਹੀ ਦੇ ਰਹੀ ਐਂ ਆਪਣੇ ਆਪ ਨੂੰ। ਕੋਈ ਹੋਰ ਗੱਲ ਸੋਚੋ! ਕਿਉਂ ਨਹੀਂ ਤੂੰ ਵੀਰ ਦੇ ਵਿਆਹ ਤੇ ਇਹੋ ਜਿਹੀ ਉਦਾਹਰਣ
ਪੇਸ਼ ਕਰਦੀ ਕਿ ਕਿਸੇ ਗਰੀਬ ਦੀ ਧੀ ਨੂੰ ਜਿੰਦਗੀ ਦੀਆਂ ਸਭ ਖੁਸ਼ੀਆਂ ਮਿਲਣ? ਕਿਉਂ ਨਹੀਂ ਦੂਜੀਆਂ ਆਂਟੀਆਂ ਵੀ ਇਵੇਂ ਕਰਦੀਆਂ? ਆਖਿਰ ਜਿਨ੍ਹਾਂ ਦੇ ਧੀਆਂ ਨੇ, ਪੁੱਤ ਵੀ ਤਾਂ ਉਨ੍ਹਾਂ ਦੇ ਈ ਨੇ! ਇਹ ਕੀ ਹੋਇਆ ਕਿ ਆਪਣੀ ਧੀ ਨੂੰ ਮਾਰ ਦਿਓ ਤੇ ਪੁੱਤ
ਲਈ ਮੂੰਹ ਮੰਗਿਆ ਦਾਜ਼ ਲੈ ਆਓ। ਇਹ ਤਾਂ ਨਿਰਾ ਬਹਾਨਾ ਹੈ, ਆਪਣੇ ਆਪ ਨੂੰ ਗੁਨਾਹ ਤੋਂ ਮੁਕਤ ਮਹਿਸੂਸ ਕਰਨ ਦਾ। ਪਰ ਦਰਗਾਹ ਵਿਚ ਬਹਾਨਾ
ਕਰ ਕੇ ਥੋਡ਼ਾ ਮੁਕਤੀ ਮਿਲਦੀ ਐ? ਨਾਲੇ ਮੰਮੀ! ਇੱਕ ਪੁੱਤ ਲਈ ਜਿੰਨੀਆਂ ਧੀਆਂ ਮਾਰੋਗੇ ਨਾ! ਉਨ੍ਹਾਂ ਸਾਰਿਆਂ ਦਾ ਪਾਪ ਉਸ ਵਿਚਾਰੇ ਬੇਕਸੂਰ ਦੇ
ਸਿਰ ਚਡ਼੍ਹੇਗਾ! ਫਿਰ ਉਹ ਇੰਨਾ ਪਾਪ
ਆਪਣੇ ਸਿਰ ਤੇ ਲੈਕੇ ਕਿੰਜ ਜੀਏਗਾ? ਨਾ ਮੇਰੀ ਮੰਮੀ! ਤੂੰ ਪਾਪਣ ਨਾ ਬਣੀਂ। ਤੂੰ ਹਤਿਆਰੀ ਨਾ
ਬਣੀ। ਕੁਝ ਹਿੰਮਤ ਤੂੰ ਕਰੇਂਗੀ ਤੇ ਕੁਝ ਹਿੰਮਤ ਮੈਂ ਕਰੂੰਗੀ ਤਾਂ ਮੈਂ ਆਪਣੇ ਪੈਰਾਂ ਤੇ ਖਡ਼੍ਹੀ ਹੋ
ਜਾਉਂਗੀ। ਫਿਰ ਮੇਰੇ ਹੱਥਾਂ ਉਤੇ ਵੀ ਮਹਿੰਦੀ ਚਮਕੂਗੀ-ਮੇਰੇ ਵੀ ਸ਼ਗਨਾਂ ਵਾਲੀ ਡੋਲੀ ਤੁਰੂਗੀ। ਮੈਂ ਵੀ ਤੇਰੇ ਵਿਹਡ਼ੇ
ਵਿਚੋਂ ਚਿਡ਼ੀਆਂ ਦਾ ਚੰਬਾ ਬਣ ਕੇ ਉਡੂੰਗੀ। ਤੂੰ ਮੈਨੂੰ ਇੰਜ ਨਾ ਉਡਾ! ਸਿਰਫ ਵਿਆਹ ਹੀ ਨਹੀਂ ਮੰਮੀ! ਇਹ ਵੀ ਕੀ ਪਤੈ ਕਿ ਮੈਂ ਜੱਗ ਤੇ ਕੋਈ ਮਹਾਨ ਕਾਰਨਾਮਾ
ਕਰ ਜਾਵਾਂ।
ਮੈਂ ਤੇਰੇ ਪਿਆਰ ਦਾ ਬੀਜ ਆਂ ਮਾਂ! ਮੈਨੂੰ ਆਪਣੀ ਵੱਖੀ ਦੀ ਡਾਲ ਤੇ ਫੁੱਲ ਬਣ ਕੇ ਖ੍ਡ਼
ਲੈਣ ਦੇ! ਦੇਖ ਮੈਂ ਤੇਰੇ ਅੱਗੇ ਨਿੱਕੇ-ਨਿੱਕੇ
ਪਤਾਸਿਆਂ ਵਰਗੇ ਹੱਥ ਬੰਨ੍ਹਦੀ ਆਂ ਪਈ,
ਮੈਨੂੰ ਮਹਿਸੂਸ ਕਰ ਮਾਂ! ਮੈਨੂੰ ਬਚਾ ਲੈ
ਅੰਮੀਏ! ਤੇ ਹੁਣ ਜਦੋਂ ਪਾਪਾ ਤੈਨੂੰ
ਕਿਸੇ ਕਲੀਨਿਕ ਲੈ ਜਾਣ ਤਾਂ ਤੂੰ ਅਡ਼ ਜਾਈਂ ਮਾਂ! ਮੇਰਾ ਵਾਸਤਾ ਪਾ ਦਈਂ! ਉਨ੍ਹਾਂ ਨੂੰ ਸਮਝਾ ਦਈਂ ਮਾਂ! ਪਰ ਮੈਨੂੰ ਕਤਲ ਕਰਵਾਉਣ ਲਈ ਕਿਤੇ ਨਾ ਜਾਵੀਂ! ਜੇ ਤੈਨੂੰ ਕਿਸੇ ਕਲੀਨਿਕ ਲੈ ਵੀ ਜਾਣ ਤਾਂ ਤੂੰ ਉਨ੍ਹਾਂ
ਨੂੰ ਮਨਾ ਕੇ ਘਰ ਵਾਪਸ ਲੈ ਆਵੀਂ ਮਾਂ! ਕਿਤੇ ਉਥੇ ਹੀ ਮੈਨੂੰ
ਲਾਸ਼ ਨਾ ਬਣਵਾ ਦੇਵੀਂ! ਤੂੰ ਮੈਥੋਂ ਨਿੱਕੇ-ਨਿੱਕੇ
ਸਾਹ ਲੈਂਦੀ ਤੋਂ ਜਿੰਦਗੀ ਨਾ ਖੋਹੀਂ! ਨਾ ਮੰਮੀ ਨਾ! ਮੈਨੂੰ ਇੰਜ ਬੇ-ਰਹਿਮੀ ਨਾਲ ਨਾ ਮਾਰੀਂ। ਨਾ ਮੰਮੀ ਨਾ! ਨਾ ਮੰਮੀ ਨਾ!
ਤੇਰੀ ਨਿੱਕੀ ਜਿਹੀ
ਅਣਜਨਮੀ ਬੱਚੀ
ਡਾ. ਗੁਰਮਿੰਦਰ ਸਿੱਧੂ
ਡਾ. ਬਲਦੇਵ ਸਿੰਘ
ਸੀਨੀਅਰ ਮੈਡੀਕਲ ਅਫਸਰ
658, ਫੇਜ਼ 3 ਬੀ-1, ਮੋਹਾਲੀ 160059
0172-22273728