ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਮੁਹਾਵਰੇ

 

ਹਰੇਕ ਬੋਲੀ ਵਿਚ ਸ਼ਬਦਾਂ ਦਾਂ ਸ਼ਬਦ-ਸਮੂਹਾਂ (ਵਾਕੰਸ਼ਾਂ) ਦੀ ਵਰਤੋਂ ਆਮ ਤੌਰ ਤੇ ਦੋ ਪ੍ਰਕਾਰ ਦੀ ਹੁੰਦੀ ਹੈ ਸਧਾਰਨ ਤੇ ਖਾਸ ਜਾਂ ਮੁਹਾਵਰੇਦਾਰਜਦ ਸ਼ਬਦਾਂ ਜਾਂ ਵਾਕੰਸ਼ਾਂ ਨੂੰ ਉਹਨਾਂ ਦੇ ਅੱਖਰੀ ਅਰਥਾਂ ਵਿਚ ਵਰਤਿਆ ਜਾਵੇ, ਤਾਂ ਇਹ ਵਰਤੋਂ ਸਧਾਰਨ ਵਰਤੋਂ ਹੁੰਦੀ ਹੈ, ਜਿਵੇਂ ਕਿ ਰੋਟੀ ਖਾਣੀ, ਹੱਥ ਸੇਕਣੇ, ਦੁੱਧ ਪੀਣਾ, ਧੋਬੀ ਦਾ ਖੋਤਾ

 

ਜਦ ਸ਼ਬਦਾਂ ਜਾਂ ਵਾਕੰਸ਼ਾਂ ਨੂੰ ਉਨ੍ਹਾਂ ਦੇ ਅੱਖਰੀ ਜਾਂ ਆਮ ਅਰਥਾਂ ਵਿਚ ਨਹੀਂ, ਸਗੋਂ ਹੋਰ ਹੀ ਖਾਸ ਅਰਥਾਂ ਵਿਚ ਵਰਤਿਆ ਜਾਵੇ, ਤਾਂ ਇਸ ਵਰਤੋਂ ਨੂੰ ਖਾਸ ਜਾਂ ਮੁਹਾਵਰੇਦਾਰ ਵਰਤੋਂ ਕਿਹਾ ਜਾਂਦਾ ਹੈ, ਅਤੇ ਅਜਿਹੇ ਵਾਕੰਸ਼ ਨੂੰ ਮੁਹਾਵਰੇਦਾਰ ਵਾਕੰਸ਼ ਜਾਂ ਵਾਕੰਸ਼ ਆਖਦੇ ਹਨ, ਜਿਵੇਂ ਕਿ ਮਾਰ ਖਾਣੀ, ਲੱਕ ਸੇਕਣਾ, ਗੁੱਸਾ ਪੀਣਾ, ਅੱਗ ਦੇ ਭਾ, ਚਿਡ਼ੀਆਂ ਦਾ ਦੁੱਧ, ਖੋਤਾ

 

ਸ਼ਬਦਾਂ ਨੂੰ ਆਮ ਤੋਂ ਹੋਰਵੇਂ ਅਰਥ ਲੈਣ ਲਈ ਕਿਸੇ ਨਾਉਂ ਜਾਂ ਵਾਕੰਸ਼ ਨਾਲ ਭਾਵਾਰਥ ਲਾਇਆਂ ਜੋ ਸ਼ਬਦ ਇਕੱਠ ਬਣਦਾ ਹੈ, ਉਹਨੂੰ ਮੁਹਾਵਰਾ ਆਖਦੇ ਹਨ, ਜਿਵੇਂ ਕਿ ਲੱਕ ਸੇਕਣਾ, ਲੱਕ ਬੰਨ੍ਹਣਾ, ਸਿਰ ਫੇਰਨਾ

 

ਮੁਹਾਵਰਿਆਂ ਦੀ ਵਰਤੋਂ ਬੋਲੀ ਨੂੰ ਸ਼ੰਗਾਰਦੀ, ਸੰਵਾਰਦੀ ਤੇ ਜ਼ੋਰਦਾਰ ਬਣਾਉਂਦੀ ਹੈਇਸ ਨਾਲ ਥੋਡ਼੍ਹੇ ਸ਼ਬਦਾਂ ਵਿਚ ਬਹੁਤਾ ਕੁਝ ਪ੍ਰਗਟ ਕੀਤਾ ਜਾ ਸਕਦਾ ਹੈਆਮ ਕਰਕੇ ਮੁਹਾਵਰਾ ਕਿਸੇ ਕੰਮ ਦੇ ਕਰਨ ਜਾਂ ਹੋਣ ਨੂੰ ਪ੍ਰਗਟ ਕਰਦਾ ਹੈ ਤੇ ਇਸ ਦੇ ਮਗਰ ਭਾਵਾਰਥ ਲੱਗਾ ਹੁੰਦਾ ਹੈਵਰਤੋਂ ਵੇਲੇ ਇਸ ਭਾਵਾਰਥ ਤੋਂ ਬਣੀ ਕਿਰਿਆ ਦੇ ਰੂਪ ਵਿਚ ਲਿੰਗ, ਵਚਨ, ਪੁਰਖ ਤੇ ਕਾਲ ਕਰਕੇ ਤਬਦੀਲੀ ਹੁੰਦੀ ਹੈ,

 

ਜਿਵੇਂ ਕਿ        ਇਸ ਬੁੱਧੂ ਦਾ ਲੱਕ ਸੇਕਣ ਵਾਲਾ ਹੈ

 

ਇਹਦਾ ਲੱਕ ਕੋਣ ਸੇਕੇ ?

ਇਹਦਾ ਲੱਕ ਇਹਦੀ ਮਾਂ ਸੇਕੇਗੀ, ਨਹੀਂ ਤਾਂ ਮੈਂ ਸੇਕ ਦਿਆਂਗਾ

 

(ੳ)

ਉਸਤਾਦੀ ਕਰਨੀ - ਚਲਾਕੀ ਕਰਨੀ, ਧੋਖਾ ਦੇਣਾ

ਉੱਸਰ-ਉੱਸਰ ਕੇ ਬਹਿਣਾ - ਆਪਣੇ ਆਪ ਨੂੰ ਬਹੁਤ ਵੱਡਾ ਪ੍ਰਗਟ ਕਰਨਾ

ਉਂਗਲੀ ਕਰਨੀ - ਦੋਸ਼ ਦੇਣਾ, ਤੁਹਮਤ ਲਾਉਣ ਖ਼ਾਤਰ ਕਿਸੇ ਵੱਲ ਇਸ਼ਾਰਾ ਕਰਨਾ

ਉੱਚਾ ਨੀਵਾਂ ਥਾਂ ਵੇਖਣਾ - ਆਦਮੀ ਕੁਆਦਮੀ ਵੇਖ ਕੇ ਗੱਲ ਕਰਨੀ, ਸੋਚ ਵਿਚਾਰ ਕਰ ਕੇ ਮੌਕੇ ਅਨੁਸਾਰ ਗੱਲ ਕਰਨੀ

ਉੱਡ-ਉੱਡ ਕੇ ਪੈਣਾ - ਲਡ਼ਾਈ ਕਰਨ ਲਈ ਅਗਾਂਹ ਵਧ-ਵਧ ਕੇ ਅਗਲੇ ਦੇ ਗਲ ਪੈਣਾ

ਉੱਡ ਕੇ ਚਿੰਬਡ਼ਨਾ - ਭੱਜ ਕੇ ਗਲ ਲੱਗਣਾ, ਬਹੁਤ ਆਦਰ ਪਿਆਰ ਨਾਲ ਸੁਆਗਤ ਕਰਨਾ

ਉੱਧਡ਼ ਧੰਮੀ ਮਚਾਉਣੀ - ਰੋਲ਼ਾ ਪਾਉਣਾ, ਖੱਪ ਪਾਉਣੀ

ਉਬਾਲ ਕੱਢਣੇ - ਪੁਰਾਣਾ ਗੁੱਸਾ ਕੱਢਣਾ

ਉੱਭੇ ਸਾਹ ਲੈਣੇ - ਰੌਣਾ ਤੇ ਵੱਡੇ-ਵੱਡੇ ਹੌਕੇ ਲੈਣੇ

ਉਰੇ-ਪਰੇ ਹੋ ਜਾਣਾ - ਲੁਕ ਜਾਣਾ

ਉੱਲੀ ਲੱਗਣੀ - ਕਿਸੇ ਇਕ ਥਾਂ ਤੇ ਜਾਂ ਤਰੱਕੀ ਬਿਨਾਂ ਇਕੋ ਪਦਵੀ ਤੇ ਬਹੁਤ ਚਿਰ ਟਿਕੇ ਰਹਿਣਾ

ਉੱਲੀ ਲਾਹੁਣੀ - ਚਿਰਾਂ ਤੋਂ ਇਕੇ ਥਾਂ ਪਈ ਸ਼ੈ ਨੂੰ ਹੋਰ ਥਾਂ ਕਰਨਾ ਜਾਂ ਵਰਤੋਂ ਵਿਚ ਲਿਆਉਣਾ, ਚਿਰਾਂ ਤੋਂ ਇਕ ਪਦਵੀ ਤੇ ਲੱਗੇ ਕਰਮਚਾਰੀ ਨੂੰ ਤਰੱਕੀ ਦੇਣੀ

ਓਪਰੀਂ ਪੈਰੀਂ ਖਡ਼ੋਨਾ - ਪਰਾਏ ਆਸਰੇ ਹੋਣਾ, ਕਿਸੇ ਦੀ ਸਹਾਇਤਾ ਦੇ ਮੁਥਾਜ ਹੋਣਾ

 

(ਅ)

ਅਸਮਾਨ ਤੇ ਚਡ਼੍ਹਾਉਣਾ - ਬਹੁਤ ਵਡਿਆਈ ਕਰਨੀ

ਅਸਮਾਨ ਨਾਲ ਗੱਲਾਂ ਕਰਨੀਆਂ - ਬਹੁਤ ਉੱਚਾ ਹੋਣਾ

ਅਕਲ ਗਿੱਟਿਆਂ ਵਿਚ ਹੋਣੀ - ਮੂਰਖ ਹੋਣਾ

ਅਕਲ ਦੇ ਘੋਡ਼ੇ ਦੁਡ਼ਾਉਣੇ - ਬਹੁਤ ਸੋਚ ਵਿਚਾਰ ਕਰਨੀ

ਅਕਲ ਦੇ ਨਹੁੰ ਲਾਹੁਣੇ - ਅਕਲ ਤੋਂ ਕੰਮ ਲੈਣਾ

ਅਕਲ ਨੂੰ ਜੰਦਰਾ ਮਾਰਨਾ - ਅਕਲ ਤੋਂ ਕੰਮ ਨਾ ਲੈਣਾ

ਅੱਕੀਂ ਪਲਾਹੀਂ ਹੱਥ ਮਾਰਨੇ - ਤਰਲੇ ਲੈਣੇ, ਆਸਰੇ ਭਾਲਦੇ ਫਿਰਨਾ

ਅੱਖ ਉੱਚੀ ਨਾ ਕਰ ਸਕਨੀ -  ਸ਼ਰਮ ਦੇ ਮਾਰੇ ਅੱਖਾਂ ਨੀਵੀਆਂ ਕਰ ਲੈਣੀਆਂ

ਅੱਖ ਆਉਣੀ (ਆ ਜਾਣੀ) - ਅੱਖ ਲਾਲ ਹੋ ਕੇ ਪੀਡ਼ ਕਰਨ ਲੱਗਣੀ

ਅੱਖ ਕੱਢਣੀ - ਗੁੱਸੇ ਭਰੀ ਨਜ਼ਰ ਨਾਲ ਕਿਸੇ ਵੱਲ ਵੇਖਣਾ

ਅੱਖ ਖੁੱਲ੍ਹਣੀ - ਜਾਗ ਆਉਣੀ, ਹੋਸ਼ ਆਉਣੀ

ਅੱਖ ਚੁਰਾਉਣੀ - ਸ਼ਰਮ ਜਾਂ ਹੋਰ ਕਾਰਨਾਂ ਕਰਕੇ ਕਿਸੇ ਵੱਲੋਂ ਧਿਆਨ ਹੋਰ ਪਾਸੇ ਕਰਨਾ

ਅੱਖ ਬਚਾ ਕੇ ਚਲੇ ਜਾਣਾ - ਚੋਰੀ ਚੋਰੀ ਖਿਸਕ ਜਾਣਾ

ਅੱਖ ਮਾਰਨੀ - ਅੱਖ ਨਾਲ ਸੈਨਤ ਕਰਨੀ

ਅੱਖ ਲੱਗਣੀ - ਨੀਂਦ ਆ ਜਾਣੀ, ਸੌਂ ਜਾਣਾ

ਅੱਖ ਲਾਉਣੀ - ਸੌਂਣਾ

ਅੱਖਾਂ ਲੱਗਣੀਆਂ - ਪ੍ਰੀਤ ਹੋ ਜਾਣੀ

ਅੱਖ ਵਿਚ ਰਡ਼ਕਣਾ - ਬੁਰਾ ਲੱਗਣਾ

ਅੱਖਾਂ ਅੱਗੇ ਸਰ੍ਹੋਂ ਫੁੱਲਣੀ - ਹੱਥਾਂ-ਪੈਰਾਂ ਦੀ ਪੈ ਜਾਣੀ, ਘਾਬਰ ਜਾਣ ਕਰਕੇ ਕੁਝ ਸੁਝਣਾ, ਔਡ਼ਨਾ ਨਾ

ਅੱਖਾਂ ਖੁੱਲ੍ਹਣੀਆਂ - ਹੋਸ਼ ਆ ਜਾਣੀ, ਭੁਲੇਖੇ ਦੂਰ ਹੋ ਜਾਣੇ

ਅੱਖਾਂ ਖੋਲ੍ਹ ਕੇ ਵੇਖਣਾ - ਧਿਆਨ ਨਾਲ ਵੇਖਣਾ

ਅੱਖਾਂ ਚਾਰ ਹੋਣੀਆਂ - ਅੱਖਾਂ ਨਾਲ ਅੱਖਾਂ ਰਲਾ ਕੇ ਇਕ ਦੂਜੇ ਵੱਲ ਵੇਖਣਾ

ਅੱਖਾਂ ਪੱਕ ਜਾਣੀਆਂ - ਉਡੀਕ-ਉਡੀਕ ਕੇ ਰਾਹ ਵੇਖ-ਵੇਖ ਕੇ ਥੱਕ ਜਾਣਾ

ਅੱਖਾਂ ਫੇਰ (ਬਦਲ) ਲੈਣੀਆਂ - ਮਿੱਤਰਤਾ ਛੱਡ ਕੇ ਵੈਰੀ ਬਣ ਜਾਣਾ, ਧਿਆਨ ਹੋਰ ਪਾਸੇ ਕਰਨਾ

ਅੱਖਾਂ ਭਰ ਲੈਣੀਆਂ - ਅੱਥਰੂ ਆ ਜਾਣੇ

ਅੱਖਾਂ ਮੀਟ ਛੱਡਣੀਆਂ - ਮਰ ਜਾਣਾ

ਅੱਖਾਂ ਮੀਟ ਜਾਣਾ - ਮਰ ਜਾਣਾ

ਅੱਖਾਂ ਵਿਖਾਉਣੀਆਂ - ਗੁੱਸੇ ਭਰੀਆਂ ਅੱਖਾਂ ਨਾਲ ਕਿਸੇ ਵੱਲ ਵੇਖਣਾ

ਅੱਖਾਂ ਵਿਚ (ਅੱਖੀਂ) ਘੱਟਾ ਪਾਉਣਾ - ਧੋਖਾ ਦੇਣਾ

ਅੱਖਾਂ ਵਿਚ ਚਰਬੀ ਆ ਜਾਣੀ - ਹੰਕਾਰੇ ਜਾਣਾ, ਫਿੱਟ ਜਾਣਾ

ਅੱਖਾਂ ਵਿਚ ਰਾਤ ਕੱਢਣੀ - ਸਾਰੀ ਰਾਤ ਜਾਗਦੇ ਰਹਿਣਾ

ਅੱਗ ਲੱਗ ਜਾਣੀ - ਬਹੁਤ ਗੁੱਸਾ ਚਡ਼੍ਹ ਜਾਣਾ, ਬਹੁਤ ਮਹਿੰਗਾ ਹੋਣਾ

ਅੱਗ ਲਾਉਣੀ - ਭਡ਼ਕਾਉਣਾ, ਫਸਾਦ ਛੇਡ਼ਨਾ, ਲਡ਼ਾਈ ਮਚਾਉਣੀ

ਅੱਗ ਵਰ੍ਹਨੀ - ਅੱਤ ਦੀ ਗਰਮੀ ਪੈਣੀ

ਅੰਗ ਪਾਲਣਾ (ਰੱਖਣਾ) - ਔਖੇ ਵੇਲੇ ਸਹਾਈ ਹੋਣਾ, ਸਾਥ ਦੇਣਾ

ਅੰਗ ਭੰਗ ਹੋਣਾ - ਸਰੀਰ ਦਾ ਕੋਈ ਅੰਗ ਮਾਰਿਆ ਜਾਣਾ

ਅੱਗਾ-ਪਿੱਛਾ ਸੋਚਣਾ - ਹਾਨ-ਲਾਭ ਵਿਚਾਰਨਾ

ਅੱਗਾ ਭਾਰਾ ਕਰਨਾ - ਭੈਡ਼ੇ ਕੰਮ ਕਰ ਕੇ ਨਰਕਾਂ ਦੇ ਅਧਿਕਾਰੀ ਬਣਨਾ

ਅੱਗਾ ਮਾਰਿਆ ਜਾਣਾ - ਔਂਤਰੇ ਜਾਂ ਬੇਔਲਾਦੇ ਹੋਣਾ, ਅਗਾਂਹ ਵਾਧੇ , ਤਰੱਕੀ ਦਾ ਰਾਹ ਬੰਦ ਹੋ ਜਾਣਾ

ਅੱਗਾ ਦੌਡ਼ ਪਿੱਛਾ ਚੌਡ਼ ਹੋਣਾ - ਅਗਾਂਹ ਵਧੀ ਜਾਣਾ ਤੇ ਪਿਛਲੀ ਪਰਾਪਤ ਕੀਤੀ ਨੂੰ ਸੰਭਾਲ ਨਾ ਸਕਣਾ, ਅਗਾਂਹ ਪਡ਼੍ਹੀ ਜਾਣਾ ਤੇ ਪਿਛਲਾ ਪਡ਼੍ਹਿਆ ਭੁਲਾਈ ਜਾਣਾ

ਅੱਗੇ ਪਿੱਛੇ ਫਿਰਨਾ - ਉਤਸਾਹ ਨਾਲ ਟਹਿਲ ਸੇਵਾ ਕਰਨੀ, ਆਦਰ ਕਰਨਾ

ਅੱਗੇ ਲੱਗ ਤੁਰਨਾ - ਹਾਰ ਜਾਣਾ, ਹਾਰ ਮੰਨ ਲੈਣੀ, ਕੰਮ ਦਾ ਛੇਤੀ ਮੁੱਕਣ ਲੱਗ ਪੈਣਾ

ਅੱਗੇ ਲਾ ਲੈਣਾ - ਭਾਂਜ ਪਾ ਦੇਣੀ, ਛੇਤੀ ਛੇਤੀ ਮੁਕਾਉਣਾ (ਕੰਮ ਨੂੰ)

ਅੱਜ ਕਲ੍ਹ ਕਰਨਾ - ਟਾਲ ਮਟੋਲ ਕਰਨੇ

ਅੱਡੀਆਂ ਗੋਡੇ ਰਗਡ਼ਨੇ - ਤਰਲੇ ਕੱਢਣੇ, ਮਿਹਨਤ ਮਜੂਰੀ ਕਰਨੀ

ਅੱਡੀ ਨਾ ਲੱਗਣੀ - ਇਕ ਥਾਂ ਨਾ ਟਿਕਣਾ, ਥਾਂ-ਥਾਂ ਭੋਂਦੇ ਫਿਰਨਾ, ਨੱਚਦੇ ਟੱਪਦੇ ਫਿਰਨਾ

ਅੱਤ ਚੁੱਕਣੀ - ਵਧੀਕੀ ਕਰਨੀ, ਬਹੁਤ ਖਰੂਦ ਕਰਨਾ

ਅੰਨ-ਜਲ ਮੁੱਕ ਜਾਣਾ - ਕਿਸਮਤ ਦੇ ਲੇਖੇ ਅਨੁਸਾਰ ਕਿਸੇ ਥਾਂ ਤੋਂ ਰੁਜ਼ਗਾਰ ਦਾ ਹਟ ਜਾਣਾ ਤੇ ਓਥੋਂ ਜਾਣਾ ਪੈਣਾ

ਅੰਨ੍ਹੀਂ ਪੈ ਜਾਣੀ - ਹਨੇਰ ਮੱਚ ਜਾਣਾ, ਅਨਰਥ ਹੋਣਾ, ਹਾਲਾਤ ਬਹੁਤ ਵਿਗਡ਼ ਜਾਣੇ

ਅਲਖ ਮੁਕਾਉਣੀ - ਤਬਾਹ (ਨਾਸ) ਕਰ ਦੇਣਾ, ਖਤਮ ਕਰਨਾ, ਮਾਕ ਘੱਤਣਾ

ਅਲਫੋਂ ਬੇ ਨਾ ਕਹਿਣੀ - ਦਡ਼ ਵੱਟ ਛੱਡਣੀ ਤੇ ਮੂੰਹੋਂ  ਕੁਝ ਬੋਲਣਾ ਹੀ ਨਾਂ

ਅਲੂਣੀ ਸਿਲ ਚੱਟਣੀ - ਔਖਾ ਤੇ ਬੇਸੁਆਦਾ ਕੰਮ ਕਰਨਾ

ਆਈ-ਚਲਾਈ ਕਰਨੀ - ਜਿੰਨਾ ਖੱਟਣਾ ਕਮਾਉਣਾ, ਉੱਨਾ ਹੀ ਖਰਚ ਛੱਡਣਾ

ਆਹੂ ਲਾਹੁਣੇ - ਬਹੁਤ ਕੱਟਾ-ਵੱਡ ਕਰਨੀ, ਬਹੁਤ ਸਾਰੇ ਮਾਰ ਛੱਡਣੇ

ਆਪਣਾ ਉੱਲੂ ਸਿੱਧਾ ਕਰਨਾ - ਆਪਣਾ ਮਤਲਬ ਕੱਢਣਾ

ਆਢਾ ਲਾਉਣਾ - ਲਡ਼ਾਈ ਝਗਡ਼ਾ ਛੇਡ਼ ਬਹਿਣਾ

ਆਪਣਾ ਕੀਤਾ ਪਾਉਣਾ - ਆਪਣੀ ਭੈਡ਼ੀ ਕਰਨੀ ਦਾ ਫਲ ਭੁਗਤਣਾ

ਆਪਣੀ ਢਾਈ ਪਾ ਖਿਚਡ਼ੀ ਵੱਖਰੀ ਰਿੰਨ੍ਹਣੀ - ਕਿਸੇ ਦੇ ਨਾਲ ਰਲ ਕੇ ਕੰਮ ਨਾ ਕਰਨਾ, ਇੱਕਲਿਆਂ ਹੀ ਮਨ-ਆਈ ਕਰਨੀ

ਆਪਣੀ ਪੈਰੀਂ ਆਪ ਕੁਹਾਡ਼ਾ ਮਾਰਨਾ - ਆਪਣਾ ਨੁਕਸਾਨ ਆਪ ਕਰ ਲੈਣਾ

ਆਪਣੀਆਂ ਮਾਰੀ ਜਾਣਾ - ਕਿਸੇ ਦੀ ਗੱਲ ਨਾ ਸੁਣਨੀ ਤੇ ਆਪ ਹੀ ਬੋਲੀ ਜਾਣਾ

ਆਲੇ ਕੋਡੀ ਛਿੱਕੇ ਕੋਡੀ ਕਰਨੀ - ਟਾਲ ਮਟੋਲ ਕਰਨੇ, ਅਸਲੀ ਭੇਦ ਨਾ ਦੱਸਣਾ

ਆਵਾ ਹੀ ਊਤ ਜਾਣਾ - ਸਾਰਾ ਲਾਣਾ ਹੀ ਭੈਡ਼ਾ ਨਿਕਲ ਆਉਣਾ

 

(ੲ)

ਇੱਕ ਅੱਖ ਨਾਲ ਵੇਖਣਾ - ਇਕੋ ਜਿਹਾ ਸਮਝਣਾ

ਇੱਕ ਕੰਨ ਸੁਣਨਾ ਤੇ ਦੂਜੇ ਕੰਨ ਕੱਢ ਦੇਣਾ - ਸੁਣਿਆ ਅਣਸੁਣਿਆ ਕਰ ਦੇਣਾ, ਸੁਣ ਕੇ ਗਹੁ ਨਾ ਕਰਨਾ, ਭੁਲਾ ਦੇਣਾ

ਇੱਕ ਜਾਨ ਹੋਣਾ - ਪੂਰਨ ਏਕਤਾ ਸਹਿਤ ਹੋਣਾ

ਇੱਕ ਦੂੰ ਇੱਕ ਕਰ ਛੱਡਣੀ - ਚੰਗੀ ਤਰ੍ਹਾਂ ਨਿਰਨਾ ਕਰਨਾ

ਇੱਕ-ਮੁੱਠ ਹੋਣਾ - ਏਕਤਾ ਸਹਿਤ ਹੋਣਾ

ਇੱਕੇ ਡੱਗੇ ਪਿੰਡ ਮੰਗਣਾ - ਇਕੇ ਵਾਰੀ, ਇਕੇ ਸਾਹ ਵੱਡੇ ਸਾਰੇ ਕੰਮ ਨੂੰ ਮੁਕਾਉਣ ਦੀ ਕਾਹਲ ਕਰਨੀ

(ਸਭ ਨੂੰ) ਇੱਕੋ ਰੱਸੇ ਫਾਹੇ ਦੇਣਾ - ਚੰਗੇ ਮੰਦੇ ਦੀ ਪਰਖ਼ ਕੀਤੇ ਬਿਨਾਂ ਸਭ ਨਾਲ ਇਕੋ ਜਿਹਾ ਸਲੂਕ ਕਰਨਾ

ਇੱਟ ਚੁੱਕਦੇ (ਪੁਟਦੇ) ਨੂੰ ਪੱਥਰ ਤਿਆਰ ਰੱਖਣਾ - ਵੈਰੀ ਤੇਂ ਚੰਗੀ ਤਰ੍ਹਾਂ ਬਦਲਾ ਲੈਣ ਲਈ ਤਿਆਰ ਰਹਿਣਾ

ਇੱਟ ਨਾਲ ਇੱਟ ਵੱਜਣੀ (ਖਡ਼ਕਣੀ) - ਤਬਾਹ ਹੋ ਜਾਣਾ, ਉੱਜਡ਼ ਪੁੱਜਡ਼ ਜਾਣਾ, ਢਹਿ ਜਾਣਾ

ਇੱਟ ਨਾਲ ਇੱਟ ਵਜਾਉਣੀ (ਖਡ਼ਕਾਉਣੀ) - ਤਬਾਹ ਕਰਨਾ, ਥੇਹ ਕਰਨਾ, ਢਾਹ ਲੈਣਾ, ਉਜਾਡ਼ ਦੇਣਾ

 

(ਸ)

ਸੱਤੀਂ ਕੱਪਡ਼ੀਂ ਅੱਗ ਲੱਗਣੀ - ਬਹੁਤ ਕਰੋਧਵਾਨ ਹੋ ਜਾਣਾ

ਸੱਥਰ ਘੱਤਣਾ (ਪਾਉਣਾ) - ਸੌਣ ਲਈ ਡੇਰਾ ਲਾਉਣਾ

ਸੱਥਰ ਲਹਿਣਾ - ਮਰਨਾਊ ਹੋਣ ਕਰਕੇ ਮੰਜੇ ਤੋਂ ਲਾਹ ਕੇ ਭੁੰਜੇ ਪਾਏ ਜਾਣਾ, ਬਡ਼ੀ ਚਿੰਤਾ ਕਰਨੀ

ਸੱਥਰ ਪੈਣਾ - ਕਿਸੇ ਦਾ ਆਹ ਜਾਂ ਬਦਅਸੀਸ ਲੱਗਣੀ

ਸਰ ਹੋਣਾ - ਜਿੱਤਿਆ ਜਾਣਾ, (ਕਿਲ੍ਹੇ, ਮੋਰਚੇ ਆਦਿ ਦਾ)

ਸਰ ਕਰਨਾ - ਜਿੱਤਣਾ (ਕਿਲ੍ਹਾ, ਮੋਰਚਾ)

ਸਰਕਾਰੇ - ਦਰਬਾਰੇ ਚਡ਼੍ਹਣਾ - ਕਚਹਿਰੀ ਵਿਚ ਦਾਹਵਾ ਕਰਨਾ

ਸਾਹ ਸੁੱਕਣਾ - ਡਰੇ ਜਾਂ ਚਿੰਤਾ ਕਾਰਨ ਚੁੱਪ ਹੋ ਜਾਣਾ

ਸਾਖੀ ਭਰਨੀ (ਦੇਣੀ) - ਉਗਾਹੀ ਦੇਣੀ

ਸਿਰ ਸਿਹਰਾ ਹੋਣਾ - ਕਿਸੇ ਕੰਮ ਦੀ ਸਫਲਤਾ ਕਾਰਨ ਵਡਿਆਈ ਮਿਲਨੀ

ਸਿਰ ਸੁਆਹ ਪਾਉਣੀ - ਬਦਨਾਮੀ ਕਰਨੀ, ਕਿਸੇ ਗੱਲ ਦਾ ਧਿਆਨ ਛੱਡ ਦੇਣਾ

ਸਿਰ ਸੁਆਹ ਪੈਣੀ - ਬਦਨਾਮੀ ਹੋਣੀ

ਸਿਰ ਹੋਣਾ - ਪਿੱਛੇ ਪੈ ਜਾਣਾ, ਪਾਸ ਖਡ਼੍ਹੇ ਹੋ ਕੇ ਧਿਆਨ ਹੇਠਾਂ ਰੱਖਣਾ

ਸਿਰ ਚਡ਼੍ਹ ਕੇ ਮਰਨਾ - ਇਸ ਤਰ੍ਹਾਂ ਅਤੇ ਅਜੇਹੇ ਮੌਕੇ ਤੇ ਮਰਨਾ ਕਿ ਮੌਤ ਦੀ ਜੁੰਮੇਵਾਰੀ ਕਿਸੇ ਦੇ ਸਿਰ ਹੋਵੇ

ਸਿਰ ਤੇ ਹੱਥ ਧਰਨਾ (ਰੱਖਣਾ) - ਸਹਾਰਾ ਦੇਣਾ, ਆਸਰਾ ਦੇਣਾ

ਸਿਰ ਤੇ ਹੱਥ ਫੇਰਨਾ - ਪਿਆਰ ਦੇਣਾ

ਸਿਰ ਤੇ ਕੁੰਡਾ ਹੋਣਾ - ਭੈਡ਼ੇ ਕੰਮਾਂ ਤੋਂ ਰੋਕਣ ਵਾਲਾ ਕੋਈ ਵੱਡਾ ਮਨੁੱਖ ਪਾਸ ਹੋਣਾ

ਸਿਰ ਤੇ ਚੁੱਕਣਾ (ਰੱਖਣਾ) - ਬਡ਼ਾ ਆਦਰ ਕਰਨਾ

ਸਿਰ ਤੇ ਲੈਣਾ - ਆਪਣੇ ਜੁੰਮੇ ਲੈਣਾ

ਸਿਰ ਧਡ਼ ਦੀ ਬਾਜੀ ਲਾਉਣੀ - ਜਾਨ ਖਤਰੇ ਵਿਚ ਪਾ ਕੇ ਤੇ ਮਰਨਾ ਕਬੂਲ ਕਰ ਕੇ ਕੋਈ ਕੰਮ ਚੁੱਕਣਾ

ਸਿਰ ਨੂੰ ਆਉਣਾ - ਲਡ਼ਨ ਪੈਣਾ

ਸਿਰ ਫਡ਼ ਕੇ ਬਹਿ ਜਾਣਾ - ਗ਼ਮ ਨਾਲ ਘਾਬਰ ਜਾਣਾ

ਸਿਰ ਫਿਰਨਾ (ਭੋਂ) ਜਾਣਾ - ਮੱਤ ਮਾਰੀ ਜਾਣੀ, ਮੱਤ ਮਾਰਨੀ

ਸਿਰ ਫੇਰਨਾ - ਨਾਂਹ ਕਰਨੀ, ਮੱਤ ਮਾਰਨੀ

ਸਿਰ ਮੁੰਨਣਾ - ਧੋਖਾ ਦੇਣਾ, ਠੱਗਣਾ, ਲੁੱਟਣਾ

ਸਿਰ ਮੁੰਨਾ ਕੇ ਭੱਦਰਾਂ ਪੁੱਛਣੀਆਂ (ਮਹੂਰਤ ਪੁੱਛਣਾ) - ਕੋਈ ਭੁੱਲ ਕਰ ਕੇ ਪੁੱਛਣਾ ਕਿ ਇਹ ਕੰਮ ਕਰਨਾ ਚਾਹੀਦਾ ਸੀ ਕਿ ਨਾ

ਸਿਰੇ ਚਡ਼੍ਹਣਾ (ਚਾਡ਼੍ਹਣਾ) - ਸੰਪੂਰਨ ਹੋਣਾ (ਕਰਨਾ)

ਸਿਰੋਂ ਨੰਗੀ ਹੋਣਾ - ਪਤੀ ਗੁਜ਼ਰ ਜਾਣਾ, ਵਿਧਵਾ ਹੋ ਜਾਣਾ

ਸੁਆਹ ਉੱਡਣੀ (ਉਡਾਉਣੀ) - ਬਦਨਾਮ ਹੋਣਾ (ਕਰਨਾ)

ਸੁੱਤੀ ਕਲਾ ਜਗਾਉਣੀ - ਮੱਠੇ ਪੈ ਚੁੱਕੇ ਝਗਡ਼ੇ ਨੂੰ ਫੇਰ ਛੇਡ਼ਨਾ

ਸੋਹਿਲੇ ਸੁਣਾਉਣੇ - ਬੁਰਾ ਭਲਾ ਕਹਿਣਾ, ਗਾਲ੍ਹਾਂ ਕੱਢਣੀਆਂ, ਭੈਡ਼ੀਆਂ ਖ਼ਬਰਾਂ ਦੱਸਣੀਆਂ

ਸੋਹਿਲੇ ਗਾਉਣੇ - ਸਲਾਹੁਣਾ, ਉਸਤਤ ਕਰਨੀ

 

(ਹ)

 ਹੱਡ ਗੋਡੇ ਭੱਜਣੇ (ਭੰਨਣੇ) - ਬਹੁਤ ਸੱਟਾਂ ਲੱਗਣੀਆਂ (ਲਾਉਣੀਆਂ)

ਹੱਡ ਗੋਡੇ ਰਹਿ ਜਾਣੇ - ਕਮਜ਼ੋਰੀ ਦੇ ਕਾਰਨ ਉੱਠਣ ਬਹਿਣ, ਤੁਰਨ, ਫਿਰਨ ਜੋਗੇ ਨਾ ਰਹਿਣਾ

ਹੱਡ ਪੈਰ ਭੱਜਣੇ - ਸਰੀਰ ਟੁੱਟਣਾ, ਖੁਸੱਣਾ, ਥਕੇਵੇਂ ਜਾਂ ਤਾਪ ਨਾਲ ਸਰੀਰ ਦੁਖਣਾ

ਹੱਡ ਰੱਖਣੇ - ਕੰਮ ਨਾ ਕਰਨਾ, ਖੇਚਲੋਂ ਡਰਨਾ

ਹੱਡ-ਰੱਖ ਬਣਨਾ - ਸੁਹਲ ਬਣਨਾ

ਹੱਡੀਆਂ ਨਿਕਲ ਆਉਣੀਆਂ - ਬਹੁਤ ਹੀ ਲਿੱਸੇ ਹੋ ਜਾਣਾ

ਹੱਥ ਉਠਾਉਣਾ (ਚੁੱਕਣਾ) - ਮਾਰਨ ਪੈਣਾ

ਹੱਥ ਆਉਣਾ - ਪਰਾਪਤ ਹੋਣਾ, ਮਿਲਨਾ

ਹੱਥ ਹਿਲਾਉਣਾ - ਕੰਮ ਕਰਨਾ, ਉੱਦਮ ਕਰਨਾ

ਹੱਥ ਕਰਨਾ - ਹੱਥ-ਫੇਰੀ ਕਰਨੀ, ਠੱਗੀ ਕਰਨੀ

ਹੱਥ ਤੰਗ ਹੋਣਾ - ਗ਼ਰੀਬੀ ਆ ਜਾਣੀ

ਹੱਥ ਤੇ ਹੱਥ ਧਰ ਕੇ ਬਹਿਣਾ - ਕੋਈ ਕੰਮ ਨਾ ਕਰਨਾ, ਵਿਹਲੇ ਬਹਿਣਾ

ਹੱਥ ਤੇ ਹੱਥ ਮਾਰਨਾ - ਧੋਖਾ ਦੇਣਾ, ਠੱਗਣਾ

ਹੱਥ ਤੇ ਧਰਨਾ - ਦੇਣਾ

ਹੱਥ ਦੇਣਾ - ਆਸਰਾ ਦੇਣਾ

ਹੱਥ ਧੋ ਕੇ ਪਿੱਛੇ ਪੈਣਾ - ਖਹਿਡ਼ਾ ਨਾ ਛੱਡਣਾ, ਲਗਾਤਾਰ ਸਤਾਉਣਾ

ਹੱਥ ਧੋ ਬਹਿਣਾ - ਆਸ ਲਾਹ ਬਹਿਣਾ, ਨਿਰਾਸ ਹੋ ਜਾਣਾ, ਪਰਾਪਤੀ ਜਾਂ ਵਾਪਸੀ ਦੀ ਆਸ ਤਿਆਗ ਦੇਣੀ

ਹੱਥ ਪੈਰ ਮਾਰਨੇ - ਜਤਨ ਕਰਨਾ, ਵਾਹ ਲਾਉਣੀ, ਕੋਸ਼ਿਸ਼ ਕਰਨੀ

ਹੱਥ ਫਡ਼੍ਹਣਾ - ਸਹਾਰਾ ਦੇਣਾ, ਕੋਈ ਸ਼ੈ ਦੇਣੋਂ, ਲੈਣੋਂ ਜਾਂ ਕੋਈ ਕੰਮ ਕਰਨੋਂ ਰੋਕਣਾ

ਹੱਥ ਮਲ਼ਨਾ - ਪਛਤਾਵਾ ਕਰਨਾ

ਹੱਥ ਮਾਰਨਾ - ਜਤਨ ਕਰਨਾ

ਹੱਥ ਰੰਗਣੇ - ਬਹੁਤ ਧਨ ਖੱਟਣਾ

ਹੱਥ ਲਾਉਣਾ - (ਪੱਠਿਆਂ ਦੇ ਖੇਤ ਨੂੰ) ਵੱਢਣਾ ਸ਼ੁਰੂ ਕਰਨਾ, ਸ਼ੁਰੂ ਕਰਨਾ

ਹੱਥ ਲਾ ਕੇ ਰੋਟੀ ਪਕਾਉਣੀ - ਘਿਓ ਲਾ ਕੇ ਰੋਟੀ (ਪਰੋਂਠੀ) ਪਕਾਉਣੀ

ਹੱਥ ਲਾਇਆਂ ਮੈਲੇ ਹੋਣਾ - ਬਹੁਤ ਹੀ ਸਾਫ, ਗੋਰੇ, ਤੇ ਸੋਹਣੇ ਹੋਣਾ

ਹੱਥ ਵੱਢ (ਕੱਟ) ਕੇ ਦੇਣੇ - ਕਿਸੇ ਨੂੰ ਕੋਈ ਲਿਖਤ ਦੇਣੀ, ਦਸਖਤ ਕਰ ਦੇਣੇ

ਹੱਥ ਵੱਢ ਖਾਣੇ - ਬਹੁਤ ਪਛਤਾਉਣਾ

ਹੱਥ ਉੱਤੇ ਸਰ੍ਹੋਂ ਜਮਾਉਣੀ - ਕਿਸੇ ਕੰਮ ਨੂੰ ਇੰਨੀ ਛੇਤੀ ਮੁਕਾ ਲੈਣਾ ਕਿ ਲੋਕ ਹੈਰਾਨ ਹੋ ਜਾਣ

ਹੱਥ ਵਿਖਾਉਣਾ - ਜੋਤਸ਼ੀ ਨੂੰ ਕਹਿਣਾ ਕਿ ਹੱਥ ਦੀਆਂ ਰੇਖਾਂ ਵੇਖ ਕੇ ਕਿਸਮਤ ਦੱਸੇ, ਹਕੀਮ ਨੂੰ ਕਹਿਣਾ ਕਿ ਨਬਜ਼ ਵੇਖ ਕੇ ਰੋਗ ਪਛਾਣੇ

ਹੱਥ ਵਿਖਾਉਣੇ - ਕੰਮ ਕਰ ਕੇ ਵਿਖਾਉਣਾ, ਤਾਕਤ ਜਾਂ ਫੁਰਤੀ ਵਰਤ ਕੇ ਕੁਝ ਕਰਨਾ

ਹੱਥਾਂ ਉੱਤੇ ਪਾਉਣਾ - ਕਿਸੇ ਨੂੰ ਵੱਸ ਕਰਨਾ ਜਾਂ ਰਿਝਾਉਣਾ

ਹੱਥਾਂ ਦੇ ਤੋਤੇ ਉੱਡ ਜਾਣੇ - ਘਾਬਰ ਜਾਣਾ

ਹੱਥਾਂ ਪੈਰਾਂ ਦੀ ਪੈ ਜਾਣੀ - ਮੁਸੀਬਤ ਦੇ ਕਾਰਨ ਘਾਬਰ ਜਾਣਾ

ਹੱਥਾਂ ਪੈਰਾਂ ਵਿਚ ਹੋ ਜਾਣਾ - ਅਚਨਚੇਤ ਅਜੇਹੇ ਢਿੱਲੇ (ਬਿਮਾਰ) ਹੋ ਜਾਣਾ ਕਿ ਜਾਨ ਦਾ ਖਤਰਾ ਪੈ ਜਾਣਾ

ਹੱਥੀਂ ਛਾਵਾਂ ਕਰਨੀਆਂ - ਬਹੁਤ ਆਦਰ ਭਾੱ ਕਰਨਾ, ਬਡ਼ਾ ਪਿਆਰ, ਸਤਕਾਰ ਕਰਨਾ

ਹੱਥੀਂ ਪੈਣਾ - ਲਡ਼ਨ ਪੈਣਾ, ਗਲ਼ ਪੈਣਾ

ਹਥੋ ਹੱਥੀਂ ਲੱਗ ਜਾਣਾ - ਬਹੁਤ ਛੇਤੀ ਵਿਕ ਜਾ ਮੁੱਕ ਜਾਣਾ

ਹੱਥੋ-ਪਾਈ ਹੋਣਾ - ਲਡ਼ਨ ਡਹਿ ਪੈਣਾ

ਹਰਨ ਹੋ ਜਾਣਾ - ਨੱਸ ਜਾਣਾ, ਮੁਕਰ ਜਾਣਾ

ਹਿੱਕ ਸਾਡ਼ਨੀ - ਬਹੁਤ ਦੁਖੀ ਕਰਨਾ

ਹਿੱਕ ਕੱਢ (ਤਾਣ) ਕੇ ਤੁਰਨਾ - ਆਕਡ਼ ਕੇ, ਧੌਣ ਉੱਚੀ ਕਰ ਕੇ ਤੁਰਨਾ

ਹਿੱਕ ਠੋਕਣੀ - ਵੰਗਾਰਨਾ, ਲਲਕਾਰਨਾ

ਹਿੱਕ ਤੇ ਸੱਪ ਲੇਟਣਾ - ਈਰਖਾ ਕਾਰਨ ਸਡ਼ਨਾ ਭੁੱਜਣਾ

ਹਿੱਕ ਤੇ ਮੂੰਗ ਦਲਨੇ - ਤੰਗ ਕਰਨਾ, ਕਸ਼ਟ ਦੇਣਾ ਸਤਾਉਣਾ

ਹੌਲਿਆਂ ਪੈਣਾ - ਸ਼ਰਮਿੰਦਿਆਂ ਹੋਣਾ, ਕਦਰ ਘਟਣੀ

 

(ਕ)

ਕੱਖ ਭੰਨ ਕੇ ਦੂਹਰਾ ਨਾ ਕਰਨਾ - ਕੋਈ ਕੰਮ ਵੀ ਨਾ ਕਰਨਾ

ਕੱਚਾ ਹੋਣਾ - ਸ਼ਰਮਿੰਦਿਆਂ ਹੋਣਾ

ਕੱਛਾਂ ਮਾਰਨੀਆਂ (ਵਜਾਉਣੀਆਂ)- ਬਹੁਤ ਖੁਸ਼ੀ ਪ੍ਰਗਟ ਕਰਨੀ, ਖੁਸ਼ੀ ਵਿਚ ਆ ਕੇ ਨੱਚਣਾ

ਕੰਘਾ ਹੋ ਜਾਣਾ, ਕੰਘਾ ਕਰਨਾ - ਬਹੁਤ ਨੁਕਸਾਨ ਹੋ ਜਾਣਾ

ਕੰਨ ਹੋਣੇ - ਅਗਾਂਹ ਲਈ ਖ਼ਬਰਦਾਰ ਹੋਣਾ

ਕੰਨ ਕਰਨੇ - ਧਿਆਨ ਦੇਣਾ

ਕੰਨ ਖਡ਼੍ਹੇ ਕਰਨੇ - ਸੁਚੇਤ (ਸਾਵਧਾਨ) ਹੋਣਾ,  ਬਿਡ਼ਕ ਲੈਣੀ

ਕੰਨ ਖਾਣੇ - ਸਿਰ ਖਾਣਾ, ਗੱਲਾਂ ਕਰ-ਕਰ ਕੇ ਜਾਂ ਰੌਲਾ ਪਾ-ਪਾ ਕੇ ਅਕਾ ਦੇਣਾ

ਕੰਨ ਖਿੱਚਣੇ - ਤਾਡ਼ਨਾ

ਕੰਨ ਤੇ ਜੂੰ ਨਾ ਸਰਕਣੀ - ਰੱਤੀ ਭਰ ਪਰਵਾਹ ਨਾ ਕਰਨੀ, ਕੋਈ ਅਸਰ ਨਾ ਹੋਣਾ, ਮੂਲੋਂ ਧਿਆਨ ਨਾ ਦੇਣਾ

ਕੰਨ ਦੇਣਾ - ਧਿਆਨ ਨਾਲ ਸੁਣਨਾ

ਕੰਨ ਨਾ ਹਿਲਾਉਣਾ - ਬਡ਼ਾ ਅਸੀਲ ਹੋਣਾ, ਅੱਗੇ ਬੋਲਣਾ, ਕੁਸਕਣਾ ਨਾ

ਕੰਨ ਭਰਨੇ - ਚੁਗਲੀਆਂ ਕਰਨੀਆਂ, ਵਿਰੁੱਧ ਗੱਲਾਂ ਕਰ ਕੇ, ਦੱਸ ਕੇ, ਭੈਡ਼ੀ ਰਾਇ ਬਣਾਉਣੀ, ਸੀਖਣਾ

ਕੰਨਾਂ ਨੂੰ ਹੱਥ ਲਾਉਣੇ - ਤੌਬਾ ਕਰਨੀ

ਕੰਨਾਂ ਮੁੱਢ ਧਾਰਨੀ - ਸੁਣ ਕੇ ਅਣਸੁਣਿਆਂ ਕਰ ਛੱਡਣਾ, ਪਰਵਾਹ ਨਾ ਕਰਨੀ

ਕੰਨਾਂ ਵਿਚ ਉਂਗਲਾਂ ਦੇਣੀਆਂ - ਜਤਨ ਕਰਨਾ ਕਿ ਸੁਣਿਆ ਨਾ ਜਾਵੇ

ਕੰਨਾਂ ਵਿਚ ਰੂੰ ਦਿੱਤਾ ਹੋਣਾ, ਕੰਨਾਂ ਵਿਚ ਬੂਜੇ ਦਿੱਤੇ ਹੋਣੇ - ਕਿਸੇ ਦੀ ਗੱਲ ਵੱਲ ਗਹੁ ਨਾ ਕਰਨਾ

ਕੰਨੀ ਕਤਰਾਉਣੀ - ਖਿਸਕ ਜਾਣਾ, ਝਕਣਾ, ਕੰਮ ਕਰਨ ਤੋਂ ਪੱਲਾ ਛਡਾਉਣ ਦਾ ਜਤਨ ਕਰਨਾ

ਕਬਰ ਵਿਚ ਪੈਰ ਹੋਣੇ - ਉਮਰ ਵਡੇਰੀ ਹੋਣ ਕਰਕੇ ਮਰਨ ਦੇ ਨੇਡ਼ੇ ਹੋਣਾ

ਕਲਮ ਫੇਰਨੀ - ਲਿਖਤ ਨੂੰ ਕੱਟ ਦੇਣਾ ਜਾਂ ਰੱਦੀ ਕਰ ਦੇਣਾ, ਲੀਕ ਮਾਰਨੀ

ਕੁੱਤੇ ਖੱਸੀ ਕਰਨੇ (ਕਰਦੇ ਫਿਰਨਾ) - ਵਾਧੂ ਨਿਕੰਮੇ ਭੋਂਦੇ ਫਿਰਨਾ, ਸਡ਼ਕਾੰ (ਗਲੀਆਂ) ਕੱਛਦੇ ਫਿਰਨਾ

ਕੁੱਤੇ ਦਾ ਮਗਜ਼ ਖਾਧਾ ਹੋਣਾ - ਕੁੱਤੇ ਵਾਂਙ ਬਹੁਤ ਬਕਦੇ, ਟਊਂ ਟਊਂ ਕਰਦੇ ਰਹਿਣਾ

ਕੁੱਤੇ ਦੇ ਠੀਕਰੇ ਪਾਣੀ ਪਿਆਉਣਾ - ਬਹੁਤ ਹੀ ਨਿਰਾਦਰੀ ਕਰਨਾ, ਬਹੁਤ ਬੁਰਾ ਤੇ ਬੇਇੱਜ਼ਤ ਕਰਨ ਵਾਲਾ ਸਲੂਕ ਕਰਨਾ

 

(ਖ)

ਖੰਡ ਖੀਰ ਹੋਣਾ - ਘਿਉ-ਖਿਚਡ਼ੀ ਹੋਣਾ, ਬਹੁਤ ਗੂਡ਼੍ਹਾ ਪਿਆਰ, ਮਿਲਾਪ ਹੋਣਾ, ਵਿਚਦੀ ਸੂਈ ਨਾ ਲੰਘਣੀ

ਖਾਧਾ ਪੀਤਾ ਲੱਗਣਾ - ਖੁਰਾਕ ਪਚ ਜਾਣੀ ਤੇ ਉਹਦੇ ਕਾਰਨ ਸਰੀਰ ਤਰਡ਼ਾ ਹੋ ਜਾਣਾ

ਖਾਨਿਓਂ ਜਾਣੀ - ਘਾਬਰ ਜਾਣਾ, ਕੁਝ ਉੱਤਰ ਨਾ ਸੁੱਝਣਾ, ਨਿਰਭਰ ਹੋ ਜਾਣਾ

ਖਿਆਲੀ ਪਲਾਅ ਪਕਾਉਣਾ - ਮਨ ਵਿਚ ਨਿਰਮੂਲ ਆਸਾਂ ਧਾਰਨੀਆਂ, ਮਨ ਦੇ ਲੱਡੂ ਭੋਰਨੇ

ਖੂੰਬ ਠੱਪਣੀ - ਭੁਗਤ ਸੁਆਰਨੀ, ਝਾਡ਼ਨਾ ਝੰਬਣਾ, ਮਾਰਨਾ ਕੁੱਟਣਾ

ਖੁੰਬਾਂ ਵਾਙੂ ਉੱਠ ਪੈਣਾ - ਝਟ ਪਟ ਉੱਠ ਖਡ਼ੋਣਾ

ਖੇਹ ਉਠਾਉਣੀ - ਨਿੰਦਿਆ ਕਰਨੀ

ਖੇਹ ਛਾਣਦੇ ਫਿਰਨਾ - ਰੁਜ਼ਗਾਰ ਦੀ ਖਾਤਰ ਥਾਂ-ਥਾਂ ਟੱਕਰਾਂ ਮਾਰਦੇ ਫਿਰਨਾ

ਖੇਡਾਂ ਖੇਡਣੀਆਂ - ਨਿਕੰਮੇ ਕੰਮ ਕਰਨੇ

ਖੇਰੂੰ-ਖੇਰੂੰ ਹੋ ਜਾਣਾ (ਕਰ ਦੇਣਾ) - ਫੁੱਟ ਦੇ ਕਾਰਨ ਆਪੋ ਵਿਚ ਪਾਟ ਜਾਣਾ

 

(ਗ)

ਗੰਗਾ ਨ੍ਹਾਉਣਾ - ਜੁੰਮੇਵਾਰੀ ਤੋਂ ਸੁਰਖਰੂ ਹੋਣਾ

ਗੰਗਾ ਜਲੀ ਚੁੱਕਣੀ - ਗੰਗਾ ਦੀ ਸਹੁੰ ਖਾਣੀ

ਗੰਢ ਭੇਜਣੀ - ਮਿਸ਼ਰੀ ਆਦਿ ਭੇਜ ਕੇ ਕਿਸੇ ਸਾਕ-ਅੰਗ ਨੂੰ ਵਿਆਹ ਤੇ ਆਉਣ ਲਈ ਸੱਦਾ ਦੇਣਾ

ਗਲ਼-ਗਲ਼ਾਵਾਂ ਪੈਣਾ - ਕਜੀਆ ਸਿਰ ਪੈਣਾ, ਅਣਭਾਉਂਦਾ ਕੰਮ ਜੁੰਮੇ ਲੱਗਣਾ, ਕਾਬੂ ਆ ਜਾਣਾ

ਗਲ਼ ਦਾ ਹਾਰ ਬਣਨਾ- ਖਹਿਡ਼ੇ ਪੈਣਾ, ਮਗਰੋਂ (ਗਲ਼ੋਂ) ਨਾ ਲਹਿਣਾ

ਗਲ਼ ਪੱਲਾ, ਮੂੰਹ ਘਆਹ ਲੈਣਾ - ਕਿਸੇ ਅੱਗੇ ਬਡ਼ੀ ਅਧੀਨਗੀ ਪ੍ਰਗਟ ਕਰਨੀ ਤੇ ਤਰਸ ਲਈ ਮਿੰਨਤਾਂ ਕਰਨੀਆਂ

ਗਲ਼ ਪਿਆ ਢੋਲ ਵਜਾਉਣਾ - ਸਿਰ ਪਿਆ ਕੰਮ ਔਖੇ-ਸੌਖੇ ਹੋ ਕੇ ਕਰਨਾ

ਗਲ਼ ਪੈਣਾ - ਲਡ਼ਨ ਨੂੰ ਤਿਆਰ ਹੋਣਾ, ਲਡ਼ਨ ਤੇ ਤੁਲੇ ਹੋਣਾ, ਲਡ਼ਨ ਲੱਗ ਪੈਣਾ

ਗਲੀਆਂ ਕੱਛਣੀਆਂ - ਕੁੱਤੇ ਖੱਸੀ ਕਰਦੇ ਫਿਰਨਾ, ਨਿਕੰਮੇ ਭੋਂਦੇ ਫਿਰਨਾ

ਗਿੱਲਾ ਪੀਹਣ ਪਾ ਬਹਿਣਾ - ਅਜੇਹਾ ਕੰਮ ਅਰੰਭਣਾ ਜਿਹਡ਼ਾ ਮੁੱਕਣ ਵਿਚ ਹੀ ਨਾ ਆਵੇ

ਗੁੱਗਲ ਹੋਣਾ - ਜਾਇਆ ਜਾਂ ਨਾਸ ਹੋ ਜਾਣਾ

ਗੁੱਡੀ ਚਡ਼੍ਹਣੀ - ਤੇਜ-ਪਰਤਾਪ ਬਹੁਤ ਵਧਣਾ

ਗੁਲਸ਼ੱਰੇ ਉਡਾਉਣੇ - ਮੌਜਾਂ ਲੁੱਟਣੀਆਂ, ਐਸ਼ ਕਰਮੇ, ਬੁਲ੍ਹੇ ਲੁੱਟਣੇ

ਗੋਦੀ ਲੈਣਾ - ਮੁਤਬੰਨਾ ਬਣਾਉਣਾ, ਕਿਸੇ ਦੇ ਪੁੱਤ ਨੂੰ ਆਪਣਾ ਬਣਾ ਕੇ ਪਾਲਣਾ

 

(ਘ)

ਘੱਟਾ ਉੱਡਣਾ (ਉਡਾਉਣਾ) - ਬਦਨਾਮੀ ਹੋਣੀ (ਕਰਨੀ)

ਘੱਟਾ ਛਾਣਣਾ, ਘੱਟਾ ਛਾਣਦੇ ਫਿਰਨਾ - ਨਿਕੰਮੇ ਭੋਂਣਾ, ਗਲ਼ੀਆਂ ਕੱਛਣੀਆਂ

ਘੱਟੇ ਕੌਡੀਆਂ ਰਲਾਉਣੀਆਂ - ਗੱਲ ਦਾ ਪੂਰਾ ਥਹੁ-ਪਤਾ ਨਾ ਦੇਣਾ

ਘਰ ਦਾ ਬਾਨ੍ਹਣੂ ਬੰਨ੍ਹਣਾ - ਵਿਆਹ ਕਰਾਉਣਾ ਤੇ ਘਰ ਵਾਲੇ ਬਣਨਾ

ਘਰ ਦਾ ਬੂਹਾ ਦੂਜੇ ਪਾਸੇ ਲੱਗਣਾ (ਲਾਉਣਾ) - ਘਰ ਉੱਜਡ਼ਨਾ

ਘਰ ਪਾ ਲੈਣਾ - ਪੱਕਾ ਡੇਰਾ ਲਾ ਲੈਣਾ, ਕਿਸੇ ਤੀਵੀਂ ਨੂੰ ਰੰਨ ਬਣਾ ਲੈਣਾ

ਘਰ ਪੂਰਾ ਕਰਨਾ - ਉੱਤਰ ਦੇ ਕੇ ਨਿਸ਼ਾ ਕਰਨੀ, ਹੱਕ ਦੇਣਾ, ਹੱਕ ਪੂਰਾ ਕਰਨਾ

ਘਡ਼ੀਆਂ ਪਲਾਂ ਤੇ ਹੋਣਾ - ਮਰਨ ਕਿਨਾਰੇ ਹੋਣਾ

ਘਿਓ-ਖਿਚਡ਼ੀ ਹੋਣਾ - ਖੰਡ ਖੀਰ ਹੋਣਾ

 

(ਚ)

ਚੱਕੀ ਝੋ ਬਹਿਣਾ - ਲੰਮਾ ਕਥਾ, ਕਹਾਣੀ ਛੇਡ਼ ਬਹਿਣਾ

ਚੰਦ (ਚੰਨ) ਚਾਡ਼੍ਹਣਾ - ਕੰਮ ਵਿਗਾਡ਼ਨਾ

ਚੱਪਣੀ ਵਿਚ ਨੱਕ ਡੋਬ ਕੇ ਮਰਨਾ - ਬਹੁਤ ਸ਼ਰਮਿੰਦੇ ਹੋਣਾ

ਚਰਨ, ਧੋ-ਧੋ ਕੇ ਪੀਣੇ - ਬਹੁਤ ਆਦਰ ਸਤਕਾਰ ਕਰਨਾ

ਚਾਦਰ ਪਾਉਣੀ - ਵਿਧਵਾ ਨਾਲ ਵਿਆਹ ਕਰਨਾ

ਚਾਦਰ ਵੇਖ ਕੇ ਪੈਰ ਪਸਾਰਨੇ - ਆਪਣੀ ਵਿਤ ਮਜੂਬ ਖਰਚ ਕਰਨਾ ਜਾਂ ਜੁੰਮੇਵਾਰੀ ਸਿਰ ਲੈਣੀ

ਚਾਂਦੀ ਦੀ ਜੁੱਤੀ ਮਾਰਨੀ - ਰੁਪਏ ਦੇ ਕੇ ਕੰਮ ਕਰਵਾਉਣਾ

ਚਾਰੇ ਚੱਕ ਜਗੀਰ ਹੋਣੀ - ਸਭ ਥਾਈਂ ਅਖਤਿਆਰ ਤੇ ਪਹੁੰਚ ਹੋਣੀ

ਚਿੱਠਾ ਤਾਰਨਾ - ਸਾਰੀ ਗੱਲ ਦੱਸ ਦੇਣੀ, ਹਿਸਾਬ ਚੁਕਾਉਣਾ

ਚਿਡ਼ੀ ਨਾ ਫਡ਼ਕਣੀ - ਕੋਈ ਜਣਾ ਨੇਡ਼ੇ ਨਾ ਢੁੱਕ ਸਕਣਾ

ਚੋਲ਼ਾ ਛੱਡਣਾ - ਮਰ ਜਾਣਾ, ਸਰੀਰ ਤਿਆਗਣਾ

 

(ਛ)

ਛੱਜ ਵਿਚ ਪਾ ਕੇ ਛੱਟਣਾ - ਬੇਹਦ ਡੰਡੀ ਕਰਨੀ, ਬਹੁਤ ਬਦਨਾਮ ਕਰਨਾ

ਛਾਉਣੀ ਪਾਉਣੀ (ਪਾ ਬਹਿਣਾ) - ਡੇਰਾ ਪਾ ਬਹਿਣਾ, ਜਾਣ ਵਿਚ ਹੀ ਨਾ ਆਉਣਾ

ਛਿੱਕੇ ਉੱਤੇ ਟੰਗਣਾ - ਵਿਸਾਰ ਛੱਡਣਾ, ਧਿਆਨ ਨਾ ਦੇਣਾ, ਪਰਵਾਹ ਨਾ ਕਰਨੀ

ਛਿੰਝ ਪਾਉਣੀ - ਘੋਲ਼ ਕਰਨਾ, ਲਡ਼ਨਾ ਝਗਡ਼ਨਾ

ਛਿੱਲ ਲਾਹੁਣੀ - ਧੱਕੇ, ਜ਼ਬਰ ਨਾਲ ਮਾਲ ਧਨ ਖੋਹ ਲੈਣਾ

 

(ਜ)

ਜਖ਼ਮ (ਜਖ਼ਮਾਂ) ਤੇ ਲੂਣ ਛਿਡ਼ਕਣਾ (ਪਾਉਣਾ) - ਦੁਖੀਏ ਨੂੰ ਹੋਰ ਦੁਖਿਆਉਣਾ

ਜੰਗਲ ਵਿਚ ਮੰਗਲ ਹੋਣਾ - ਉਜਡ਼ੇ ਥਾਂ ਰੌਣਕ ਲੱਗ ਜਾਣੀ

ਜਫਰ ਜਾਲਣੇ - ਕਸ਼ਟ ਝੱਲਣੇ, ਸਖਤ ਮਿਹਨਤ ਕਰਨੀ

ਜ਼ਬਾਨ ਸੰਭਾਲ ਕੇ ਬੋਲਣਾ - ਸੋਚ ਵਿਚਾਰ ਕੇ ਗੱਲ ਕਰਨੀ, ਅਯੋਗ ਗੱਲਾਂ ਕਰਨੋਂ ਬਾਜ ਆਉਣਾ

ਜ਼ਬਾਨ ਹਿਲਾਉਣੀ - ਥੋਡ਼੍ਹਾ ਜਿਹਾ ਬੋਲਣਾ

ਜ਼ਬਾਨ ਕਰਨੀ (ਦੇਣੀ) - ਇਕਰਾਰ ਕਰਨਾ

ਜ਼ਬਾਨ ਗੰਦੀ ਕਰਨੀ - ਗੰਦ ਮੰਦ ਬੋਲਣਾ

ਜਬਾਨ ਘਸ ਜਾਣੀ - ਤਰਲੇ ਮਿੰਨਤਾਂ ਕਰ ਕੇ ਥੱਕ ਜਾਣਾ

ਜ਼ਬਾਨ ਤੇ ਚਡ਼੍ਹਣਾ - ਅਜੇਹਾ ਯਾਦ ਹੋਣਾ ਜਾਂ ਪੱਕ ਜਾਣਾ ਕਿ ਝੱਟ ਦੱਸਿਆ, ਬੋਲਿਆ ਜਾ ਸਕਣਾ, ਘਡ਼ੀ ਮੁਡ਼ੀ ਮੂੰਹੋ ਨਿਕਲਦੇ ਰਹਿਣਾ

ਜ਼ਬਾਨ ਦੱਬ ਲੈਣੀ - ਗੱਲ ਕਰਨੋਂ ਰੁਕ ਜਾਣਾ, ਚੁੱਪ ਕਰ ਜਾਣਾ

ਜ਼ਬਾਨ ਪੈਣੀ - ਮਰਨ ਸਮੇਂ ਜਾਂ ਉਂਜ ਕਮਜ਼ੋਰੀ ਕਰ ਕੇ ਬੋਲਣੋ ਰਹਿ ਜਾਣਾ, ਜ਼ਬਾਨ ਬੰਦ ਹੋ ਜਾਣੀ

ਜ਼ਬਾਨ ਬੰਦ ਕਰ ਦੇਣੀ (ਫਡ਼ ਲੈਣੀ) - ਬੋਲਣ ਨਾ ਦੇਣਾ

ਜ਼ਬਾਨ ਫੇਰ ਲੈਣੀ, ਜ਼ਬਾਨੋਂ ਫਿਰ ਜਾਣਾ - ਇਕਰਾਰ ਕਰ ਕੇ (ਬਚਨ ਦੇ ਕੇ) ਮੁਕਰ ਜਾਣਾ

ਜ਼ੁਬਾਨੀ ਜਮ੍ਹਾਂ ਖਰਚ ਕਰਨਾ - ਨਿਰੀਆਂ ਗੱਲਾਂ ਹੀ ਕਰਨੀਆਂ, ਅਸਲੀ ਕੰਮ ਕੋਈ ਨਾ ਕਰਨਾ

ਜਵਾਬ ਦੇਣਾ - ਨਾਂਹ ਕਰਨੀ

ਜਡ਼ ਵੱਢਣੀ - ਨਾਸ ਕਰ ਦੇਣਾ

ਜਡ਼੍ਹੀਂ ਤੇਲ ਦੇਣਾ - ਤਬਾਹ ਕਰਨਾ, ਬੇਡ਼ਾ ਗ਼ਰਕ ਕਰਨ ਦੀ ਜਤਨ ਕਰਨਾ

ਜਾਨ ਤਲੀ ਤੇ ਧਰਨੀ - ਬਹੁਤ ਮਿਹਨਤ ਕਰਨੀ, ਕਰਡ਼ੀ ਘਾਲ ਘਾਲਣੀ

ਜੀ ਕੱਢਣਾ - ਦਲੇਰੀ ਕਰਨੀ

ਜੀ ਲੱਗਣਾ - ਮਨ ਪਰਚ ਜਾਣਾ, ਉਪਰਾਮ ਨਾ ਰਹਿਣਾ

(ਭਿਓਂ-ਭਿਓਂ ਕੇ) ਜੁੱਤੀਆਂ ਮਾਰਨੀਆਂ - ਬਹੁਤ ਸ਼ਰਮਿੰਦਿਆਂ ਕਰਨਾ

ਜ਼ੋਰ ਕਰਨਾ - ਕਸਰਤ ਕਰਨੀ

ਜ਼ੋਰ ਲਾਉਣਾ - ਪੂਰਾ ਜਤਨ ਕਰਨਾ

ਜੋਡ਼-ਤੋਡ਼ ਕਰਨਾ - ਗਾਂਢਾ-ਸਾਂਢਾ ਕਰਨਾ, ਇਕ ਪਾਸਿਓਂ ਜਾਂ ਇਕ ਧਡ਼ੇ ਨਾਲੋਂ ਸਬੰਧ ਤੋਡ਼ ਕੇ ਦੂਜੇ ਪਾਸੇ ਜਾਂ ਦੂਜੇ ਧਡ਼ੇ ਨਾਲ ਜਾ ਮਿਲਣਾ

 

(ਝ)

ਝੱਗ ਸੁੱਟਣੀ (ਸੁੱਟਣੀ) - ਬਹੁਤ ਗੁੱਸੇ ਵਿਚ ਆਉਣਾ

ਝੁਲਕਾ ਫਿਰਨਾ - ਦਿਲ ਵਿਚ ਕਾਹਲੀ ਉੱਠਣੀ

 

(ਟ)

ਟੱਕਰਾਂ ਮਾਰਨੀਆਂ - ਖੱਜਲ ਹੁੰਦੇ ਫਿਰਨਾ, ਭਟਕਦੇ ਤੇ ਖਪਦੇ ਫਿਰਨਾ

ਟਕੋ ਕੋਹ ਤੁਰਨਾ - ਪੈਸੇ ਲੈ ਕੇ ਕੰਮ ਕਰਨਾ

ਟਕੇ ਚਾਲ ਚੱਲਣਾ - ਬਹੁਤ ਹੌਲੀ-ਹੌਲੀ ਕੰਮ ਕਰਨਾ

ਟਕੇ ਵਰਗਾ ਜਵਾਬ ਦੇਣਾ - ਬਿਲਕੁਲ ਨਾਂਹ ਕਰ ਦੇਣੀ, ਕੋਰਾ ਜਵਾਬ ਦੇਣਾ

 

(ਠ)

ਠੰਡੇ ਦੁੱਧ ਨੂੰ ਫੂਕਾਂ ਮਾਰਨੀਆਂ - ਹੰਕਾਰੇ ਜਾਣਾ, ਫਿੱਟ ਸਮਝਣਾ

ਠੁੱਠ ਵਿਖਾਉਣਾ - ਸਾਫ ਨਾਂਹ ਕਰ ਦੇਣੀ, ਤੁੱਛ ਸਮਝਣਾ

ਠੋਕ ਵਜਾ ਕੇ ਵੇਖਣਾ - ਚੰਗੀ ਤਰ੍ਹਾਂ ਪਰਖ, ਜਾਂਚ ਲੈਣਾ

 

(ਡ)

ਡੰਡੇ ਵਜਾਉਣੇ - ਕੋਈ ਕੰਮ ਨਾ ਕਰਨਾ, ਵਿਹਲਡ਼ ਹੋ ਜਾਣਾ, ਮੰਗਦੇ ਫਿਰਨਾ

ਡੁੱਬ ਮਰਨਾ - ਬਦਨਾਮੀ ਕਰ ਕੇ ਸ਼ਰਮਿੰਦੇ ਹੋ ਜਾਣਾ ਤੇ ਲੁਕੇ ਫਿਰਨਾ

ਡੋਲ਼ਾ ਦੇਣਾ - ਧੀ ਦਾ ਸਾਕ ਦੇਣਾ

 

(ਢ)

ਢਿੱਗੀ ਢਾਹੁਣੀ - ਹਿੰਮਤ ਹਾਰ ਬਹਿਣਾ

ਢਿੱਡ ਵਿਚ ਝਲਕਾ ਫਿਰਨਾ - ਭੁੱਖ ਜਾਂ ਚਿੰਤਾ ਦੇ ਕਾਰਨ ਵਿਆਕੁਲ ਜਿਹੋ ਹੋਣਾ

ਢਿੱਡ ਵਿਚ ਰੱਖਣਾ - ਕਿਸੇ ਨੂੰ ਦੱਸਣਾ ਨਾ

ਢਿੱਡ ਨੂੰ ਗੰਢ ਦੇਣੀ - ਖਾਣ-ਪੀਣ ਵਿਚ ਸਰਫਾ ਕਰਨਾ

ਢਿੱਡੀਂ ਪੀਡ਼ਾਂ ਪਾਉਣੀਆਂ - ਇੰਨਾ ਹਸਾਉਣਾ ਕਿ ਹੱਸਦਿਆਂ ਦੀਆਂ ਵੱਖੀਆਂ ਦੁਖਣ ਲੱਗ ਪੈਣੀਆਂ

ਢੇਰੀ ਹੋ ਜਾਣਾ - ਢੱਠ ਪੈਣਾ, ਥੱਕ-ਟੁੱਟ ਕੇ ਪੈ ਜਾਣਾ, ਡੁਲ੍ਹਣਾ, ਡਿੱਗਣਾ

ਢੇਰੀ ਢਾਹੁਣੀ - ਢਿੱਗੀ ਢਾਹੁਣੀ, ਹਿੰਮਤ ਹਾਰ ਬਹਿਣਾ

 

(ਤ)

ਤੱਤੀ ਵਾ ਨਾ ਲੱਗਣ ਦੇਣੀ - ਰਤੀ ਭਰ ਤਕਲੀਫ ਨਾ ਹੋਣ ਦੇਣੀ

ਤੱਤੀ ਵਾ ਨਾ ਲੱਗਣੀ - ਕੋਈ ਦੁੱਖ ਤਕਲੀਫ ਨਾ ਹੋਣੀ

ਤਰੱਟੀ ਚੌਡ਼ ਹੋਣੀ (ਕਰਨੀ) - ਬਹੁਤ (ਨੁਕਸਾਨ ਹੋਣਾ) ਕਰਨਾ

ਤਰਲੇ ਲੈਣੇ - ਆਪਣੀ ਗਰਜ਼ ਪੂਰੀ ਕਰਨ ਲਈ ਬਡ਼ੇ ਔਖੇ ਹੋ ਕੇ ਹੱਥ ਪੈਰ ਮਾਰਨੇ

ਤਲੀ ਦੇਣੀ - ਆਸਰਾ ਦੇਣਾ, ਲਿੰਬਣਾ, ਲੇਂਬੀ ਕਰਨੀ, ਲਿੱਪਣਾ

ਤਰਾਹ ਕੱਢ ਦੇਣੇ - ਬਹੁਤ ਡਰਾ ਦੇਣਾ

ਤਡ਼ਿੰਗ ਹੋ ਜਾਣਾ - ਰੁੱਸ ਜਾਣਾ, ਵਿੱਟਰ ਬਹਿਣਾ, ਗੁੱਸੇ ਹੋ ਜਾਣਾ

ਤਿੱਤਰ ਹੋ ਜਾਣਾ - ਨੱਸ ਜਾਣਾ, ਚਲੇ ਜਾਣਾ, ਖਿਸਕ ਜਾਣਾ

ਤਿੰਨ ਤੇਰਾਂ ਕਰ ਦੇਣਾ - ਖੇਰੂੰ-ਖੇਰੂੰ ਕਰ ਦੇਣਾ

ਤੀਰ ਹੋ ਜਾਣਾ - ਝੱਟ-ਪੱਟ ਤੇ ਤੇਜ਼ੀ ਨਾਲ ਨੱਸ ਜਾਣਾ

ਤੋਡ਼ ਨਿਬਾਹੁਣੀ - ਅੰਤਲੇ ਸਾਹਾਂ ਤੀਕ ਪਿਆਰ, ਮਿਲਾਪ ਕਾਇਮ ਰੱਖਣਾ

 

(ਥ)

ਥਈਆ-ਥਈਆ ਕਰਨਾ - ਥਾਂ-ਥਾਂ ਭਟਕਦੇ ਫਿਰਨਾ, ਖੱਪ ਪਾਉਂਦੇ ਫਿਰਨਾ

ਥਰ-ਥਰ ਕਰਨਾ - ਡਰ ਨਾਲ ਕੰਬਣਾ   

ਥੁੱਕ ਕੇ ਚੱਟਣਾ - ਇਕਰਾਰੋਂ ਮੁੱਕਰਨਾ, ਦਾਨ ਵਜੋਂ ਦੇ ਕੇ ਵਾਪਸ ਮੰਗਣਾ

ਥੁੱਕ ਲੱਗਣਾ - ਠੱਗੇ ਜਾਣਾ, ਧੋਖਾ ਹੋਣਾ, ਧੋਖਾ ਖਾ ਕੇ ਨੁਕਸਾਨ ਉਠਾਉਣਾ

ਥੁੱਕੀਂ ਵਡ਼ੇ ਪਕਾਉਣੇ - ਕਿਸੇ ਕੰਮ ਨੂੰ ਏਵੇਂ ਜ਼ਬਾਨੀ ਪੂਰਾ ਕਰਨਾ, ਖਰਚ, ਖੇਚਲ ਤੋਂ ਬਿਨਾਂ ਕੋਈ ਕੰਮ ਕਰਨ ਦਾ ਜਤਨ ਕਰਨਾ

 

 (ਦ)

ਦਾਡ਼੍ਹੀ ਬਿਗ਼ਾਨੇ ਹੱਥ ਦੇਣੀ - ਆਪਣੀ ਇੱਜਤ ਪਰਾਏ ਵੱਸ ਕਰਨੀ

ਦਾਲ਼ ਗਲਨੀ - ਦਾੱ ਲੱਗਣਾ, ਮਤਲਬ ਪੂਰਾ ਹੋਣਾ

ਦੂਡ਼-ਦੂਡ਼ ਹੋਣੀ (ਕਰਨੀ) - ਬਦਨਾਮ ਹੋਣਾ (ਕਰਨਾ)

ਦੰਦ ਕੱਢਣੇ, ਦੰਦੀਆਂ ਕੱਢਨੀਆਂ - ਹੱਸਣਾ, ਹਿਡ਼ ਹਿਡ਼ ਕਰਨਾ

ਦੰਦ ਖੱਟੇ ਹੋਣੇ - ਦਿਲ ਢਹਿ ਜਾਣਾ, ਖੁੰਬ ਠੱਪੀ ਜਾਣੀ

ਦੰਦ ਖੱਟੇ ਕਰਨੇ - ਚੰਗੀ ਤਰ੍ਹਾਂ ਹਰਾਉਣਾ, ਚੰਗੀ ਤਰ੍ਹਾਂ ਖੁੰਬ ਠੱਪਣੀ

ਦੰਦ ਜੁਡ਼ ਜਾਣੇ - ਹੱਕਾ-ਬੱਕਾ ਹੋ ਜਾਣਾ, ਹੈਰਾਨ ਪਰੇਸ਼ਾਨ ਕਰਨਾ

ਦੰਦ ਪੀਹਣੇ - ਡਾਢੇ ਕਰੋਧ ਵਿਚ ਆਉਣਾ, ਕਚੀਚੀਆਂ ਲੈਣੀਆਂ

ਦੰਦ ਵਿਖਾਉਣੇ - ਹੱਸਣਾ ਤੇ ਕਿਸੇ ਨੂੰ ਝੁਠਲਾ ਦੇਣਾ

ਦੰਦਾਂ ਵਿਚ ਉਂਗਲ ਦੇਣੀ - ਹੈਰਾਨ ਹੋਣਾ

ਦਮਾਂ ਦੀ ਬਾਜ਼ੀ ਲਾਉਣੀ - ਸਿਰ ਧਡ਼ ਦੀ ਬਾਜ਼ੀ ਲਾਉਣੀ, ਜਾਨ ਖਤਰੇ ਵਿਚ ਪਾ ਕੇ ਮਰਨ ਲਈ ਤਿਆਰ ਹੋ ਕੇ ਕੋਈ ਕੰਮ ਚੁੱਕਣਾ

ਦੰਮਾਂ ਦੇ ਬਲ ਕੰਮ ਕੱਢਣਾ - ਧਨ ਖਰਚ ਕੇ ਕੋਈ ਕੰਮ ਕਰਾਉਣਾ

ਦਲੀਜਾਂ ਉਚੇਡ਼ ਮਾਰਨੀਆਂ - ਕਿਸੇ ਦੇ ਘਰ ਘਡ਼ੀ-ਮੁਡ਼ੀ ਫੇਰੇ ਪਾਉਣੇ

ਦਿਨ ਫਿਰਨੇ - ਔਖੇ ਦਿਨਾਂ ਮਗਰੋਂ ਸੌਖੇ ਦਿਨ ਆਉਣੇ, ਭਾਗ ਜਾਗਣੇ

ਦਿਨ ਪੁੱਠੇ ਪੈਣੇ - ਤਕਲੀਫ ਸ਼ੁਰੂ ਹੋ ਜਾਣੀ, ਬਿਪਤਾ ਆ ਪੈਣੀ

ਦਿਲ ਖੱਟਾ ਹੋਣਾ - ਮਨ ਉਪਰਾਮ ਹੋ ਜਾਣਾ, ਗੁੱਸੇ ਹੋ ਜਾਣਾ, ਪਿਆਰ ਨਾ ਰਹਿਣਾ, ਚਾਹ ਨਾ ਰਹਿਣੀ, ਨਫਰਤ ਹੋ ਜਾਣੀ

ਦਿਲ ਧਰਨਾ - ਹੌਂਸਲਾ ਕਰਨਾ, ਉਦਰੇਵਾਂ ਛੱਡਣਾ, ਪਰਚ ਜਾਣਾ

ਦਿਲ ਪਾਉਣਾ (ਪਾ ਲੈਣਾ) - ਸੁੱਭਾ ਤੋਂ ਜਾਣੂੰ ਹੋ ਜਾਣਾ

ਦਿਲ ਫੇਰਨਾ - ਮੋਹ ਤੋਡ਼ ਲੈਣਾ

ਦਿਲ ਭਿੱਜਣਾ - ਪਿਆਰ ਪੈਣਾ, ਰਚ ਮਿਚ ਜਾਣਾ

ਦਿਲ ਲੱਗਣਾ - ਜੀ ਲੱਗਣਾ, ਕਿਸੇ ਥਾਂ ਰਹਿਣ ਲਈ ਮਨ ਮੰਨਣਾ, ਉਦਾਸ ਨਾ ਹੋਣਾ

ਦਿਲ ਵਧੀ ਕਰਨੀ - ਵਿਤੋਂ ਬਾਹਰੇ ਕੰਮ ਨੂੰ ਹੱਥ ਪਾਉਣਾ

ਦਿਲ ਵਿਖਾਉਣਾ - ਹੌਂਸਲਾ ਤੇ ਦਲੇਰੀ ਵਿਖਾਉਣੀ

ਦੁੱਧ-ਪਾਣੀ ਹੋਣਾ - ਘਿਓ-ਖਿਚਡ਼ੀ ਹੋਣਾ, ਬਹੁਤ ਗੂਡ਼੍ਹਾ ਪਿਆਰ ਹੋਣਾ

 

(ਧ)

ਧੱਕੇ ਖਾਣੇ, ਧੱਕੇ ਪੈਣੇ - ਖੱਜਲ ਖੁਆਰ ਹੋਣਾ

ਧੱਜੀਆਂ ਉਡਾਉਣੀਆਂ -ਕਿਸੇ ਦੇ ਸਾਰੇ ਐਬ ਪ੍ਰਗਟ ਕਰਨੇ, ਭੰਡਣਾ

ਅੰਨ੍ਹੀ) ਧਨਾਸਰੀ ਮਚਾਉਣੀ - ਊਲ-ਜ਼ਲੂਲ ਬੋਲਣਾ, ਬੇਥਵ੍ਹੀਆਂ ਗੱਲਾਂ ਕਰਨੀਆਂ

ਧਰਨਾ ਮਾਰ ਕੇ ਬਹਿਣਾ - ਆਪਣੀ ਜ਼ਿਦ ਮਨਾਉਣ ਲਈ ਕਿਸੇ ਦੇ ਦਰ ਤੇ ਅਡ਼ ਕੇ ਬਹਿ ਜਾਣਾ

ਧੋਲ਼ਿਆਂ ਦੀ ਲਾਜ ਰੱਖਣੀ - ਬਿਰਧ ਜਾਣ ਕੇ ਬਦਨਾਮ ਕਰਨੋਂ ਬਾਜ਼ ਰਹਿਣਾ

 

(ਨ)

ਨ੍ਹਾਉਣ ਹੋ ਜਾਣਾ - ਬਹੁਤ ਨੁਕਸਾਨ ਹੋ ਜਾਣਾ

ਨਹੁੰ ਅਡ਼ਨਾ - ਵੱਸ ਚੱਲਣਾ

ਨਹੁੰਆਂ ਤੀਕ ਜ਼ੋਰ ਲਾਉਣਾ - ਅੱਡੀ-ਚੋਟੀ ਦਾ ਜ਼ੋਰ ਲਾਉਣਾ, ਸਾਰਾ ਟਿਲ ਲਾ ਕੇ ਕੰਮ ਕਰਨਾ

ਨੱਕ ਸਡ਼ਨਾ - ਬਹੁਤ ਬਦਬੋ ਆਉਣੀ

ਨੱਕ ਕਾਡ਼੍ਹਣਾ (ਵੱਟਣਾ) - ਪਸਿੰਦ ਨਾ ਕਰਨਾ, ਨਫਰਤ ਪ੍ਰਗਟ ਕਰਨੀ

ਨੱਕ ਤੇ ਮੱਖੀ ਨਾ ਬਹਿਣ ਦੇਣੀ - ਕਿਸੇ ਦੇ ਜਰਾ, ਮਾਸਾ ਹਸਾਨ ਨਾ ਉਠਾਉਣਾ, ਬਹੁਤ ਅਣਖੀ ਹੋਣਾ, ਬਹੁਤ ਮਜਾਜ ਕਰਨੀ, ਆਪਣੇ ਆਪ ਨੂੰ ਬਹੁਤ ਉੱਚਾ ਤੇ ਸੁੱਚਾ ਪ੍ਰਗਟ ਕਰਨਾ

ਨੱਕ ਤੋਂ ਮੱਖੀ ਤੀਕ ਨਾ ਉਡਾਉਣੀ - ਬਹੁਤ ਹੀ ਆਲਸੀ ਹੋਣਾ

ਨੱਕ ਦੀ ਸੇਧੇ ਜਾਣਾ - ਸਿੱਧੇ ਰਾਹ ਜਾਣਾ, ਭੈਡ਼ੇ ਪਾਸੇ ਨਾ ਜਾਣਾ

ਨੱਕ ਨਾ ਦਿੱਤਾ ਜਾਣਾ - ਬਹੁਤ ਬਦਬੋ ਹੋਣੀ

ਨੱਕ ਨਾ ਰਹਿਣਾ - ਹੀਣਤਾ ਹੋਣੀ, ਵਡਿਆਈ ਜਾਂਦੀ ਰਹਿਣੀ

ਨੱਕ ਰੱਖਣਾ - ਇੱਜ਼ਤ ਬਚਾਉਣੀ

ਨੱਕ ਰਗਡ਼ਨਾ - ਤਰਲੇ ਕੱਢਣੇ, ਮਿੰਨਤਾਂ ਕਰਨੀਆਂ

ਨੱਕ ਵੱਢਣਾ - ਭੰਡੀ ਕਰਨੀ, ਅਜੇਹੀ ਕੰਮ ਕਰਨਾ ਜਿਸ ਨਾਲ ਕੋਈ ਬਦਨਾਮ ਹੋ ਜਾਵੇ ਤੇ ਉਹਨੂੰ ਨਮੋਸ਼ੀ ਆਵੇ

ਨੱਕ ਵਿਚ ਦਮ ਹੋਣਾ - ਬਹੁਤ ਤੰਗ ਹੋਣਾ, ਘਾਬਰਨਾ, ਸਤ ਜਾਣਾ

ਨੱਕ ਵਿਚ ਦਮ ਕਰਨਾ - ਬਹੁਤ ਤੰਗ ਕਰਨਾ, ਦਿੱਕ ਕਰਨਾ, ਸਤਾਉਣਾ, ਜੀਉਣਾ ਔਖਾ ਕਰ ਦੇਣਾ

ਨੱਕ ਵਿਚੋਂ ਠੂੰਹੇਂ ਡੇਗਣੇ - ਬਹੁਤ ਤਿਡ਼ੇ ਫਿਰਨਾ, ਹੰਕਾਰੇ ਫਿਰਨਾ, ਫੂੰ-ਫੂੰ ਕਰਦੇ ਫਿਰਨਾ, ਆਪਣੇ ਆਪ ਨੂੰ ਬਹੁਤ ਵੱਡਾ ਤੇ ਸੋਹਣਾ ਸਮਝ ਕੇ ਹੋਰਨਾਂ ਤੋਂ ਨੱਕ ਚਾਡ਼੍ਹਨਾ

ਨੰਗੇ ਧਡ਼ ਲਡ਼ਨਾ - ਇਕੱਲਿਆਂ ਹੀ ਔਖੇ-ਸੌਖੇ ਹੋ ਕੇ ਔਖਾ ਕੰਮ ਕਰਨ ਦਾ ਜਤਨ ਕਰੀ ਜਾਣਾ

ਨਵਾਂ  ਕਰਨਾ - ਕੋਈ ਫਲ ਆਦਿਕ ਪਹਿਲੀ ਵੇਰ ਖਾਣਾ

ਨਵੇਂ ਸਿਰਿਓਂ ਜਨਮ ਹੋਣਾ - ਕਿਸੇ ਵੱਡੀ ਬਿਮਾਰੀ ਜਾਂ ਖਤਰੇ ਚੋਂ ਬਚ ਨਿਕਲਨਾ

ਨਾਂ ਕੱਢਣਾ - ਨਸ਼ਰ ਹੋਣਾ, ਮਸ਼ਹੂਰ ਹੋਣਾ, ਉਜਾਗਰ ਹੋਣਾ

ਨਾਂ ਧਰਨਾ - ਨਿੰਦਣਾ, ਨਾਂ ਤੋਂ ਕੁ ਨਾਂ ਪਾਉਣਾ

ਨਾਨੀ ਚੇਤੇ ਆਉਣੀ - ਬਹੁਤ ਔਖੇ ਹੋਣਾ

 

(ਪ)

ਪਸਮਾ ਲੈਣਾ - ਕਿਸੇ ਨੂੰ ਆਪਣੀ ਇੱਛਾ ਅਨੁਸਾਰ ਪ੍ਰੇਰ ਲੈਣਾ

ਪੱਗ ਨੂੰ ਹੱਥ ਪਾਉਣਾ - ਬੇ-ਇੱਜ਼ਤੀ ਕਰਨੀ

ਪੱਗ ਲਾਹੁਣੀ - ਬੇ-ਇੱਜ਼ਤੀ ਕਰਨੀ

ਪੱਗ ਵਟਾਉਣੀ - ਗੂਡ਼੍ਹੇ ਮਿੱਤਰ ਬਣਨਾ

ਪੱਗੋ-ਪੱਗੀ ਹੋਣਾ - ਹੱਥੋ-ਪਾਈ ਹੋਣਾ, ਇਕ ਦੂਜੇ ਦੀ ਪੱਗ ਲਾਹੁਣੀ ਤੇ ਲਡ਼ਨ ਲੱਗ ਪੈਣਾ

ਪੱਚ-ਪੱਚ ਮਰਨਾ - ਔਖੇ ਹੋ ਕੇ ਮਰਨਾ, ਦੁਖ ਭੋਗ ਕੇ ਮਰਨਾ

ਪੱਛਾਂ ਉੱਤੇ ਲੂਣ ਛਿਡ਼ਕਣਾ - ਦੁਖੀਏ ਨੂੰ ਹੋਰ ਦੁਖੀ ਕਰਨਾ

ਪੱਟੀ ਪਡ਼੍ਹਾਉਣੀ - ਭੈਡ਼ੀ ਮੱਤ ਦੇਣੀ, ਸੀਖਣਾ ਸਿਖਾਉਣਾ

ਪੱਤਰਾ ਵਾਚਣਾ - ਖਿਸਕ ਜਾਣਾ, ਤੁਰਦੇ ਹੋਣਾ

ਪਡ਼ਛੇ ਲਾਹ ਛੱਡਣੇ - ਖੱਲਡ਼ੀ ਉਧੇਡ਼ ਛੱਡਣੀ, ਬਹੁਤ ਕੁੱਟਣਾ

ਪੱਲਾ ਛੁਡਾਉਣਾ - ਖਲਾਸੀ ਕਰਾਉਣੀ, ਕਾਬੂ ਵਿਚੋਂ ਨਿੱਕਲਣਾ

ਪੱਲਾ ਪਾਉਣਾ - ਕਿਸੇ ਦੇ ਮਰਨ ਤੇ ਸਿਆਪਾ ਕਰਨਾ ਜਾਂ ਸਿਆਪੇ ਬਹਿਣਾ

ਪੱਲੇ ਕੁਝ ਨਾ ਰਹਿਣਾ - ਸਖ਼ਤ ਬੇਇੱਜਤੀ ਹੋਣੀ, ਕਂਗਾਲ ਹੋ ਜਾਣਾ

ਪੱਲੇ ਕੁਝ ਨਾ ਰਹਿਣ ਦੇਣਾ - ਸਖ਼ਤ ਬੇਇੱਜਤੀ ਕਰਨੀ, ਕਂਗਾਲ ਕਰ ਦੇਣਾ

ਪੱਲੇ ਪਾਉਣਾ - ਦੇਣਾ

ਪੱਲੇ ਬੰਨ੍ਹਣਾ - ਚੇਤੇ ਰੱਖਣਾ, ਚੇਤੇ ਕਰ ਲੈਣਾ

ਪਾਣੀ ਪਾਣੀ ਹੋ ਜਾਣਾ - ਸ਼ਰਮ ਦੇ ਮਾਰੇ ਤਰੇਲੀਓਂ ਤਰੇਲੀ ਹੋ ਜਾਣਾ

ਪਾਣੀ ਭਰਨਾ - ਸੇਵਾ ਕਰਨਾ, ਅਧੀਨ ਹੋਣਾ

ਪਾਪਡ਼ ਵੇਲਣੇ - ਛੋਟੇ ਮੋਟੇ ਕੰਮ ਕਰਨੇ, ਫੁਟਕਲ ਕੰਮ ਕਰਨੇ

ਪਿਉ ਦੇ ਪਿਉ ਨੂੰ ਫਡ਼ਨਾ - ਬਰੀਕ ਛਾਣ-ਬੀਣ ਕਰਨੀ

ਪਿੱਸੂ ਪੈਣੇ - ਚਿੰਤਾ ਹੋਣੀ, ਘਾਬਰ ਜਾਣਾ, ਫਿਕਰ ਲੱਗਣਾ

ਪਿੱਛਾ ਕਰਨਾ - ਮਗਰ ਜਾਣਾ, ਮਗਰ ਪੈ ਕੇ ਫਡ਼ਨ ਦਾ ਜਤਨ ਕਰਨਾ

ਪਿੱਛਾ ਛੱਡਣਾ - ਗਲੋਂ ਲਹਿਣਾ, ਖਹਿਡ਼ਾ ਛੱਡਣਾ, ਖਲਾਸੀ ਕਰਨੀ

ਪਿੱਛਾ ਛੁਡਾਉਣਾ - ਮਗਰੋਂ ਲਾਹੁਣਾ, ਖਹਿਡ਼ਾ ਛੁਡਾਉਣਾ, ਖਲਾਸੀ ਕਰਾਉਣੀ

ਪਿੱਛੇ ਪੈਣਾ - ਖਹਿਡ਼ੇ ਪੈਣਾ, ਮਗਰ-ਮਗਰ ਪਏ ਫਿਰਨਾ

ਪਿੱਠ ਠੋਕਣੀ - ਹੱਲਾ ਸ਼ੇਰੀ ਦੇਣੀ

ਪਿੱਠ ਤੇ ਹੋਣਾ, ਪਿੱਠ ਪੂਰਨੀ - ਮਦਦ ਕਰਨੀ, ਸਹਾਇਤਾ ਗੇਣੀ

ਪਿੱਠ ਦੇਣੀ ਜਾਂ ਦੇ ਜਾਣੀ - ਭੱਜ ਜਾਣਾ, ਸਾਥ ਛੱਡ ਜਾਣਾ

ਪਿੱਤਾ ਮਾਰਨਾ - ਕਰੋਧ ਮਰ ਜਾਣਾ, ਗੁੱਸਾ ਆਉਣਾ ਹੀ ਨਾ, ਬੇਇੱਜ਼ਤੀ ਹੋਣ ਤੇ ਵੀ ਗੁੱਸਾ ਨਾ ਆਉਣਾ, ਅਣਖ ਨਾ ਰਹਿਣੀ

ਪੁਚ-ਪੁਚ ਕਰਨਾ - ਲਾਡ ਲਡਾਉਣਾ

ਪੋਟੇ ਪਾਉਣਾ - ਜੁੰਮੇ ਲੈਣਾ, ਜੁੰਮੇ ਲਾਉਣਾ

ਪੈਰ ਉਖਡ਼ਨੇ - ਹਰ ਕੇ ਨੱਸ ਜਾਣਾ, ਥਾਂ ਤੇ ਕਾਇਮ ਨਾ ਰਹਿਣਾ

ਪੈਰ ਉੱਖੇਡ਼ਨੇ - ਹਰਾ ਕੇ ਨਸਾ ਦੇਣਾ, ਕਾਇਮ ਨਾ ਰਹਿਣ ਦੇਣਾ

ਪੈਰ ਅਡ਼ਾਉਣੇ - ਖਾਹ-ਮਖਾਹ ਦਖ਼ਲ ਦੇਣਾ, ਰੋਕ ਪਾਉਣੀ

ਪੈਰ ਕੱਢਣੇ - ਦਖ਼ਲ ਹਟਾ ਲੈਣਾ, ਨੀਂਹ ਢਾਹੁਣੀ, ਕਿਸੇ ਮਰ ਗਏ ਬੁੱਢੇ ਨੂੰ ਵੱਡਾ ਕਰਨਾ

ਪੈਰ ਚੱਟਣੇ - ਬਹੁਤ ਖੁਸ਼ਾਮਦ ਕਰਨੀ

ਪੈਰ ਚੁੱਕ ਕੇ ਤੁਰਨਾ - ਛੇਤੀ-ਛੇਤੀ ਤੁਰਨਾ

ਪੈਰ ਚੁੱਕ ਕੇ ਧਰਨਾ - ਉੱਦਮ ਨਾਲ ਛੇਤੀ ਛੇਤੀ ਤੁਰਨਾ

ਪੈਰ ਚੁੰਮਣੇ - ਬਹੁਤ ਆਦਰ ਕਰਨਾ, ਪੂਜਣਾ

ਪੈਰ ਜੰਮਣੇ - ਟਿਕ ਜਾਣਾ, ਕਾਇਮ ਹੋਣਾ, ਸੰਭਲ ਜਾਣਾ

ਪੈਰ ਜ਼ਮੀਨ (ਭੋਂ) ਤੇ ਨਾ ਰੱਖਣੇ - ਆਪਣੇ ਆਪ ਨੂੰ ਬਹੁਤ ਵੱਡਾ ਸਮਝਣਾ

ਪੈਰ ਜ਼ਮੀਨ (ਭੋਂ) ਤੇ ਨਾ ਲੱਗਣਾ - ਬਹੁਤ ਖੁਸ਼ ਹੋਣਾ

ਪੈਰ ਧੋ-ਧੋ ਕੇ ਪੀਣੇ - ਬਹੁਤ ਆਦਰ ਸਤਕਾਰ ਕਰਨਾ

ਪੈਰ ਪਸਾਰਨੇ - ਵਿਛ ਬਹਿਣਾ, ਕਬਜ਼ਾ ਕਰਨ ਦਾ ਜਤਨ ਕਰਨਾ, ਬਹੁਤੀ ਥਾਂ ਮੱਲਣਾ

ਪੈਰ ਪਸਾਰ ਕੇ ਸੌਂਣਾ - ਨਿਸ਼ਚਿੰਤ ਹੋ ਕੇ ਸੌਂਣਾ, ਸੁਖੀ ਤੇ ਬੇ-ਫਿਕਰ ਹੋਣਾ

ਪੈਰ ਪਾਉਣੇ - ਅੰਦਰ ਆਣਾ

ਪੈਰ ਪੂਜਣੇ - ਬਹੁਤ ਆਦਰ ਸਤਕਾਰ ਕਰਨਾ

ਪੈਰ ਫਡ਼ਨੇ - ਮਿੰਨਤਾਂ, ਤਰਲੇ ਕਰਨੇ

ਪੈਰ ਲੱਗਣੇ - ਪੈਰ ਜੰਮਣੇ, ਬੱਚੇ ਦਾ ਪਹਿਲਾਂ ਪਹਿਲ ਤੁਰਨ ਲੱਗਣੇ, ਤੁਰਨ ਦੀ ਜਾਚ ਆਉਣੀ

ਪੈਰਾਂ ਵਿਚ ਚੱਕਰ ਹੋਣਾ - ਸਦਾ ਭੋਂਦੇ ਫਿਰਨਾ

ਪੈਰੀਂ ਪੈਣਾ - ਮੱਥਾ ਟੇਕਣਾ, ਪਰਨਾਮ ਕਰਨਾ

ਪੈਰੀਂ ਮਹਿੰਦੀ ਲਾ ਬਹਿਣੀ (ਲੱਗੀ ਹੋਣੀ) - ਉੱਠਣੋਂ ਤੇ ਤੁਰਣੋਂ-ਫਿਰਨੋਂ ਸੰਕੋਚ ਕਰਨਾ

ਪੋਚਾ ਪਾਉਣਾ - ਕਿਸੇ ਮੰਦੇ ਕੰਮ ਨੂੰ ਏਧਰ-ਓਧਰ ਦੀਆਂ ਗੱਲਾਂ ਕਰ ਕੇ ਢਕਣਾ

ਪੋਟੇ ਮਿਣ-ਮਿਣ ਪਾਲਣਾ - ਜਫਰ ਜਾਲ ਕੇ ਪਾਲਣਾ, ਬਡ਼ੇ ਧਿਆਨ ਤੇ ਰੀਝਾਂ ਨਾਲ ਪਾਲਣਾ ਕਰਨੀਂ

 

(ਫ)

ਫੱਕਾ ਨਾ ਛੱਡਣਾ - ਪੱਲੇ ਝਾਡ਼ਨੇ, ਕੱਖ ਨਾ ਰਹਿਣ ਦੇਣਾ, ਪਤ ਲਾਹੁਣੀ

ਫਾਹ (ਫਲਾਹ) ਸੋਟਾ ਮਾਰਨਾ - ਬਿਨਾ ਸੋਚੇ ਸਮਝੇ ਬੋਲ ਪੈਣਾ ਜਾਂ ਗੱਲ ਕਹਿ ਦੇਣੀ

ਫੁੱਲ-ਫੁੱਲ ਬਹਿਣਾ - ਉੱਸਰ ਉੱਸਰ ਬਹਿਣਾ

ਫੂਹਡ਼ੀ ਪਾਉਣੀ - ਕਿਸੇ ਸਨਬੰਧੀ, ਦੇ ਮਰਨ ਤੇ ਸੋਗ ਵਾਸਤੇ ਸੱਥ ਵਿਛਾ ਕੇ ਬਹਿਣਾ, ਸਿਆਪਾ ਖਡ਼ਾ ਕਰਨਾ

ਫੂਹੀ ਪਾਉਣੀ - ਮਾਤਾ (ਚੇਚਕ) ਨਿੱਕਲ ਕੇ ਮੋਡ਼ਾ ਪੈਣ ਤੇ ਹਿੰਦੂ ਇਸਤ੍ਰੀਆਂ ਦਾ ਸੀਤਲਾ ਨੂੰ ਪੂਜਣਾ

ਫੂਕ ਚਡ਼੍ਹਨੀ - ਆਫਰਨਾ, ਲਡ਼ਾਈ ਤੇ ਤੁਲੇ ਹੋਣਾ, ਹੰਕਾਰ ਹੋਣਾ

ਫੂਕ ਚਾਡ਼੍ਹਨੀ - ਲਡ਼ਾਈ ਲਈ ਭਡ਼ਕਾਉਣਾ

ਫੂਕ ਨਿੱਕਲਨੀ - ਸਾਹ ਆਉਣੋਂ ਹਟ ਜਾਣਾ, ਮਰਨਾ

ਫੇਰ ਵਿਚ ਆਉਣਾ - ਔਖ ਵਿਚ ਫਸਣਾ

ਫੇਰੇ ਦੇਣਾ - ਲਾਵਾਂ ਦੇਣੀਆਂ, ਲਡ਼ਕੀ ਵਿਆਹ ਦੇਣੀ

ਫੌਜਦਾਰੀ ਕਰਨੀ - ਲਡ਼ਾਈ, ਫਸਾਦ ਕਰਨਾ

 

(ਬ)

ਬਣ-ਬਣ ਬਹਿਣਾ - ਆਪਣੇ ਆਪ ਨੂੰ ਸ਼ੰਗਾਰਨਾ ਸਜਾਉਣਾ

ਬਰ-ਸਰ ਆਉਣਾ - ਬਣ ਆਉਣੀ, ਆਪੋ ਵਿਚ ਝੱਟ ਲੰਘਣਾ, ਪੂਰਾ ਉੱਤਰਨਾ

ਬਰ ਮਿਚਣਾ - ਨਿਰਬਾਹ ਹੋਣਾ, ਇੱਕਠੇ ਰਹਿ, ਬਹਿ ਸਕਣਾ, ਬਰ ਸਰ ਆਉਣਾ

ਬਲ਼ਦੀ ਉੱਤੇ ਤੇਲ ਪਾਉਣਾ - ਲਡ਼ਾਈ ਨੂੰ ਹੋਰ ਮਚਾਉਣਾ, ਅਜੇਹੀ ਗੱਲ ਕਰਨੀ ਜਿਸ ਨਾਲ ਲਡ਼ਾਈ, ਝਗਡ਼ਾ ਹੋਰ ਵਧੇਰੇ ਭਡ਼ਕ ਉੱਠੇ

ਬਾਂਹ ਫਡ਼ਨੀ (ਦੇਣੀ) - ਸਹਾਇਤਾ ਦੇਣੀ, ਸਹਾਰਾ ਦੇਣਾ

ਬਾਂਹ ਭੱਜਣੀ - ਭਰਾ ਜਾਂ ਮਦਦਗਾਰ ਮਰ ਜਾਣਾ

ਬਾਚੀਆਂ ਹਿਲਾ ਦੇਣੀਆਂ - ਮੂੰਹ ਭੁਆ ਦੇਣਾ, ਬੁਰਾ ਹਾਲ ਕਰਨਾ

ਬਾਚੀਆਂ ਖੁਲ੍ਹ ਜਾਣੀਆਂ - ਬਹੁਤ ਖੁਸ਼ੀ ਹੋਣੀ, ਖੁਸ਼ੀ ਦੇ ਕਾਰਨ ਹਾਸਾ ਨਿੱਕਲਣਾ

ਬਾਚੀਆਂ ਮੇਲਣੀਆਂ - ਮਾਰ-ਕੁਟਾਈ ਕਰ ਕੇ ਚੁੱਪ ਕਰਾ ਦੇਣਾ

ਬਾਨ੍ਹਣੂੰ ਬੰਨ੍ਹਣਾ - ਕੋਈ ਸਲਾਹ ਕਰਨੀ, ਵਿਓਂਤ ਕਰਨੀ, ਸਫਲਤਾ ਦਾ ਰਾਹ ਲੱਭਣਾ

ਬਿਚ-ਬਿਚ ਕਰਨੀ - ਤਰਲੇ ਕਰਨੇ, ਫਜੂਲ ਜਿਹੀਆਂ ਗੱਲਾਂ ਕਰਨੀਆਂ

ਬਿਟ-ਬਿਟ ਵੇਖਣਾ - ਹੈਰਾਨ ਹੋ ਕੇ ਕਿਸੇ ਵੱਲ ਵੇਖਣਾ

ਬਿਧ ਮਿਲਾਉਣੀ - ਸਲਾਹ ਕਰਨੀ, ਵਿਓਂਤ ਕੱਢਣੀ, ਲੇਖਾ ਠੀਕ ਕਰਨਾ

ਬੀਡ਼ਾ ਚੁੱਕਣਾ - ਔਖੇ ਕੰਮ ਨੂੰ ਆਪਣੇ ਜੁੰਮੇ ਲੈਣਾ

ਬੁਹਾਰੀ ਫਿਰ ਜਾਣੀ - ਕੱਖ ਨਾ ਰਹਿਣਾ, ਹੂੰਝਾ ਫਿਰਨਾ, ਤਬਾਹੀ ਹੋ ਜਾਣੀ

ਬੁੱਕਲ ਵਿਚ ਰੋਡ਼ੀ ਭੰਨਣੀ - ਕਿਸੇ ਪਾਸੋਂ ਭੇਤ ਲੁਕਾ ਕੇ ਰੱਖਣਾ

ਬੁੱਲੇ ਲੁੱਟਣੇ - ਮੌਜਾਂ ਕਰਨੀਆਂ, ਐਸ਼ ਉਡਾਉਣੇ

ਬੇਡ਼ੀਆਂ ਵਿਚ ਵੱਟੇ ਪੈਣੇ - ਬਰਬਾਦੀ ਦਾ ਮੁੱਢ ਬੱਝਣਾ

ਬੋਟ ਹੋ ਜਾਣਾ - ਨਿਆਸਰੇ ਹੋ ਜਾਣਾ, ਆਸਰਾ, ਸਹਾਰਾ ਨਾ ਰਹਿਣਾ

ਬੋਲੀ ਮਾਰਨੀ - ਮਿਹਣਾ ਦੇਣਾ, ਤਾਹਣਾ ਮਾਰਨਾ

 

(ਭ)

ਭਸਰ-ਭਸਰ ਖਾਣਾ - ਲਬ ਵਿਚ ਆ ਕੇ ਛੇਤੀ ਛੇਤੀ ਖਾਣਾ

ਭਖ-ਭਖ ਕਰਨਾ - ਦਗ-ਦਗ ਕਰਨਾ, ਚਮਕਣਾ

ਭਖ ਲੌਣੇ - ਅੱਤ ਦੀ ਧੁੱਪ ਪੈਣੀ

ਭੰਗ ਪਾਉਣਾ - ਵਿਘਨ ਪਾਉਣਾ, ਰੁਕਾਵਟ ਪਾਉਣੀ

ਭੰਗ ਦੇ ਭਾਣੇ ਜਾਣਾ - ਭੋਹ ਦੇ ਭਾ ਜਾਣਾ, ਅਜਾਂਈ ਜਾਣਾ, ਜ਼ਾਇਆ ਹੋਣਾ

ਭੰਗ ਭੁੱਜਣੀ - ਅੱਤ ਦੀ ਗ਼ਰੀਬੀ ਹੋਣੀ

ਭਰਤ ਭਰਨਾ - ਰੱਜ-ਰੱਜ ਕੇ ਖਾਣਾ, ਤੁੰਨ-ਤੁੰਨ ਕੇ ਢਿੱਡ ਭਰਨਾ

ਭਰਮ ਭਾੱ ਬਣਾਉਣਾ - ਲੋਕਾਂ ਦੀਆਂ ਨਜ਼ਰਾਂ ਵਿਚ ਚੰਗੇ ਬਣਨਾ

ਭਰੀਆਂ ਬੰਨ੍ਹਣੀਆਂ - ਦਬਾ-ਦਬਾ ਇੱਕਠਾ ਕਰਨਾ

ਭਡ਼ਥੂ ਪਾਉਣਾ - ਤਰਥੱਲ ਮਚਾਉਣੀ

ਭਾਂ-ਭਾਂ ਕਰਨਾ - ਸੁੰਞਾ- ਸੁੰਞਾ ਮਲੂਮ ਹੋਣਾ

ਭਾ ਪੈਣੀ - ਵਾਹ ਪੈਣੀ, ਪੇਸ਼ ਆਉਣੀ

ਭਾਰ ਚਾਡ਼੍ਹਨਾ - ਇਹਸਾਨ ਕਰਨਾ

ਭਾਰ ਲਾਹੁਣਾ - ਜੁੰਮੇਵਾਰੀ ਵਾਲਾ ਕੰਮ ਕਰਕੇ ਸੁਰਖਰੂ ਹੋਣਾ, ਫਰਜ਼ ਪੂਰਾ ਕਰਨਾ, ਕਿਸੇ ਦੇ ਇਹਸਾਨ ਬਦਲੇ ਉਹਦੇ ਨਾਲ ਗੁਣ ਕਰਕੇ ਲੇਖਾ ਬਰਾਬਰ ਕਰਨਾ

ਭਾਰਾਂ ਤੇ ਪੈਣਾ - ਮਿੰਨਤਾਂ ਤਰਲੇ ਕਰਾਉਣ ਦੇ ਖਿਆਲ ਨਾਲ ਕਿਸੇ ਦਾ ਕੰਮ ਕਰਨੋਂ ਟਾਲ-ਮਟੋਲਾ ਕਰਨਾ

ਭਿਉਂ-ਭਿਉਂ ਕੇ ਜੁੱਤੀਆਂ ਮਾਰਨੀਆਂ- ਬਹੁਤ ਸ਼ਰਮਿੰਦਿਆਂ ਕਰਨਾ

ਭਿਣਕ ਪੈਣੀ - ਕੰਨਸੋ ਪੈਣੀ, ਖ਼ਬਰ ਮਿਲਨੀ

ਭੀਡ਼ ਬਣਨੀ - ਬਿਪਤਾ ਪੈਣੀ

ਭੁਗਤ ਸੁਆਰਨੀ - ਖੁੰਬ ਠੱਪਣੀ, ਸਜ਼ਾ ਦੇਣੀ, ਕੁਟਾਪਾ ਚਾਡ਼੍ਹਨਾ, ਮੁਰੰਮਤ ਕਰਨੀ

ਭੁੰਜੇ ਲਹਿਣਾ - ਚਿੰਤਾ ਜਾਂ ਗ਼ਮ ਦੇ ਕਾਰਨ ਸਾਹ ਸਤ ਛੱਡ ਬਹਿਣਾ

ਭੁੰਜੇ ਲਾਹੁਣਾ - ਅਤੀ ਨਿਰਾਸ ਤੇ ਨਿਤਾਣੇ ਕਰ ਦੇਣਾ, ਅੰਤਲੇ ਸੁਆਸਾਂ ਤੇ ਆਏ ਹੋਏ ਬੰਦੇ ਨੂੰ ਮੰਜੇ ਤੋਂ ਲਾਹ ਕੇ ਜ਼ਮੀਨ ਤੇ ਲਿਟਾ ਦੇਣਾ, ਸੱਥਰ ਲਾਹੁਣਾ

ਭੁੰਨੇ ਤਿੱਤਰ ਉਡਾਉਣੇ - ਅਣਹੋਣੀਆਂ ਗੱਲਾਂ ਕਰਨੀਆਂ

ਭੂੰਡਾਂ ਦੀ ਖੱਖਰ ਨੂੰ ਛੇਡ਼ਨਾ - ਲਡ਼ਾਕੇ ਕੁਪੱਤੇ ਮਨੁੱਖਾਂ ਨਾਲ ਮੱਥਾ ਲਾ ਬਹਿਣਾ

ਭੂਤ ਸਿਰ ਤੇ ਸੁਆਰ ਹੋਣਾ - ਕਰੋਧ ਦੇ ਕਾਰਨ ਮੱਤ ਮਾਰੀ ਜਾਣੀ

ਭੇਤ ਪਾਉਣਾ - ਕਿਸੇ ਦੇ ਸੁਭਾੱ ਤੋਂ ਜਾਣੂੰ ਹੋਣਾ

ਭੋਹ ਦੇ ਭਾਡ਼ੇ ਜਾਣਾ - ਭੰਗ ਦੇ ਭਾਡ਼ੇ ਜਾਣਾ, ਏਵੇਂ ਨਾਸ ਹੋਣਾ

 

(ਮ)

ਮੱਸ ਫੁੱਟਣੀ - ਮੁੱਛਾ ਆਉਣੀਆਂ ਸ਼ੁਰੂ ਹੋਣੀਆਂ, ਥੋਡ਼੍ਹੀ-ਥੋਡ਼੍ਹੀ ਦਾਡ਼ੀ ਆਉਣੀ

ਮਸਲੇ ਛਾਂਟਣੇ - ਹੁੱਜਤਾਂ ਡਾਹੁਣੀਆਂ

ਮੱਖੀ ਤੇ ਮੱਖੀ ਮਾਰਨੀ - ਬਿਨਾਂ ਸੋਚੇ ਵਿਚਾਰੇ ਕਿਸੇ ਦੀ ਪੂਰੀ ਪੂਰੀ ਨਕਲ ਕਰਨੀ, ਅੱਖਰ-ਅੱਖਰ ਉਤਾਰਾ ਕਰ ਲੈਣਾ ਤੇ ਆਪਣੀ ਅਕਲ ਨਾ ਵਰਤਣੀ

ਮੱਖੀਆਂ ਮਾਰਨੀਆਂ - ਨਿਕੰਮੇ ਬਹਿਣਾ

ਮੱਖਣ ਵਿਚੋਂ ਵਾਲ ਵਾਂਙ ਕੱਢਣਾ - ਬਡ਼ੇ ਸੌਖ ਨਾਲ ਔਖੇ ਕੰਮ ਨੂੰ ਕਰ ਲੈਣਾ, ਕਿਸੇ ਨੂੰ ਪਿਛਾਂਹ ਹਟਾ ਦੇਣਾ

ਮੰਗ ਪਾਉਣੀ - ਫਸਲ ਦੀ ਵਾਢੀ ਜਾਂ ਮਕਾਨ ਦੀ ਉਸਾਰੀ ਲਈ ਹੋਰਨਾਂ ਦੀ ਮਦਦ ਇਕੱਠੀ ਕਰਨੀ

ਮਗਜ਼ ਮਾਰਨਾ - ਸਿਰ ਖਪਾਉਣਾ

ਮਗਰੋਂ ਲਾਹੁਣਾ - ਖਲਾਸੀ ਕਰਾਉਣੀ, ਖਹਿਡ਼ਾ ਛਡਾਉਣਾ

ਮੱਥਾ ਡੰਮ੍ਹਣਾ - ਮੰਦੀ ਚੰਗੀ ਸ਼ੈ ਦੇ ਕੇ ਗਲ਼ੋਂ ਲਾਹੁਣਾ

ਮੱਥਾ ਡਾਹੁਣਾ - ਕਿਸੇ ਨਾਲ ਲਡ਼ਾਈ ਲਾ ਬਹਿਣਾ

ਮੱਥਾ ਰਗਡ਼ਨਾ - ਤਰਲੇ ਕਰਨੇ, ਹਾਡ਼ੇ ਕੱਢਣੇ

ਮੱਥਾ ਲਾਉਣਾ - ਟਾਕਰਾ ਕਰਨਾ, ਰਿਸ਼ਤਾ ਕਾਇਮ ਕਰਨਾ

ਮੱਥੇ ਮਾਰਨਾ - ਨਿਰਾਦਰੀ ਜਾਂ ਗੁੱਸੇ ਨਾਲ ਕੋਈ ਸ਼ੈ ਕਿਸੇ ਨੂੰ ਦੇਣੀ ਜਾਂ ਮੋਡ਼ਨੀ

ਮੱਥੇ ਲੱਗਣਾ - ਅੱਗੋਂ ਮਿਲ਼ਨਾ, ਟੱਕਰਨਾ

ਮੱਥੇ ਵੱਟ ਪਾਉਣਾ - ਨੱਕ ਵੱਟਣਾ, ਗੁੱਸੇ ਹੋਣਾ

ਮਨ ਦੇ ਲੱਡੂ ਭੋਰਨਾ - ਖਿਆਲੀ ਪੁਲਾੱ ਪਕਾਉਣਾ

ਮਨ ਭਰਨਾ - ਰੱਜ ਜਾਣਾ, ਹੋਰ ਦੀ ਪਰਾਪਤੀ ਦੀ ਚਾਹ ਨਾ ਰਹਿਣੀ

ਮਨ ਮਾਰਨਾ - ਖਾਹਿਸ਼ਾਂ ਨੂੰ ਵੱਸ ਵਿਚ ਕਰਨਾ

ਮਨ ਮਿਲਨਾ - ਖਿਆਲ ਮਿਲ ਜਾਣੇ, ਰਚ ਮਿਚ ਜਾਣਾ

ਮਾਰ ਵਗਣੀ - ਮੱਤ ਮਾਰੀ ਜਾਣੀ, ਸਰਾਪ ਲੱਗਣਾ

ਮਾਰੋ ਮਾਰ ਕਰਨਾ - ਬਡ਼ੇ ਜੋਸ਼ ਨਾਲ ਕੰਮ ਕਰਨਾ

ਮਿੱਟੀ ਹੋਣਾ - ਨਾਸ ਹੋਣਾ, ਸ਼ਰਮਿੰਦੇ ਹੋਣਾ, ਕਿਸੇ ਕੰਮ ਦਾ ਨਾ ਰਹਿਣਾ

ਮਿੱਟੀ ਖ਼ਰਾਬ ਹੋਣੀ - ਬੇਇੱਜ਼ਤੀ ਹੋਣੀ

ਮਿੱਟੀ ਪਾਉਣੀ - ਭੈਡ਼ੀ ਗੱਲ ਨੂੰ ਲੁਕਾਉਣਾ

ਮਿੱਟੀ ਵਿਚ ਮਿਲ ਜਾਣਾ - ਬਰਬਾਦ ਹੋ ਜਾਣਾ

ਮਿਰਚਾਂ ਲੱਗਣੀਆਂ - ਗੱਲ ਬੁਰੀ ਜਾਂ ਕੌਡ਼ੀ ਲੱਗਣੀ, ਸਡ਼-ਭੁਜ ਜਾਣਾ

ਮੁੱਛ-ਮੁੱਛ ਖਾਣਾ - ਹੋਰਨਾਂ ਦਾ ਮਾਲ ਠੱਗ ਕੇ ਗੁਜ਼ਾਰਾ ਕਰਨਾ

ਮੁੱਛਾਂ ਵੱਟਣੀਆਂ - ਮੁੱਛਾਂ ਨੂੰ ਤਾੱ ਦੇਣਾ, ਮੁੱਛਾਂ ਨੂੰ ਵੱਟ ਦੇ ਕੇ ਉਤਾਂਹ ਨੂੰ ਕਰਨਾ

ਮੁੱਠ ਚਲਾਉਣੀ - ਜਾਦੂ, ਟੋਣਾ ਕਰਨਾ, ਵੱਢੀ ਚਾਡ਼੍ਹਨੀ

ਮੂੰਹ ਆਉਣਾ - ਫਸ ਜਾਣਾ, ਚਰਚਾ ਹੋਣੀ

ਮੂੰਹ ਸੀਊਣਾ - ਮੂੰਹ ਨੂੰ ਜੰਦਰਾ ਮਾਰ ਲੈਣਾ, ਕੁਸਕਣਾ ਨਾ, ਦਡ਼ ਵੱਟ ਛੱਡਣੀ

ਮੂੰਹ ਸੁਜਾਉਣਾ, ਮੂੰਹ ਮੋਟਾ ਕਰਨਾ - ਰੁੱਸ ਪੈਣਾ

ਮੂੰਹ ਜੂਠਾ ਕਰਨਾ - ਥੋਡ਼੍ਹਾ ਬਹੁਤ ਖਾਣਾ

ਮੂੰਹ ਟੱਡਣਾ - ਲਾਲਚ ਕਰਨਾ

ਮੂੰਹ ਦੇ ਭਾਰ ਡਿੱਗਣਾ, ਮੂਧੇ ਮੂੰਹ ਡਿੱਗਣਾ - ਸਖ਼ਤ ਨੁਕਸਾਨ ਉਠਾਉਣਾ

ਮੂੰਹ ਧੋ ਛੱਡਣਾ (ਬਹਿਣਾ) - ਆਸ ਲਾਹ ਬਹਿਣਾ, ਆਸ ਛੱਡ ਦੇਣੀ

ਮੂੰਹ ਨੂੰ ਲਹੂ ਲੱਗਣਾ - ਹਰਾਮ ਦੀ ਖੱਟੀ ਖਾਣ ਦਾ ਚਸਕਾ ਪੈ ਜਾਣਾ

ਮੂੰਹ ਪੈਣਾ - ਵਾਦੀ ਪੈ ਜਾਣੀ

ਮੂੰਹ ਮਰੋਡ਼ਨਾ - ਗੁੱਸੇ ਹੋ ਜਾਣਾ

ਮੂੰਹ ਮਾਰਨਾ - ਚੁਗਲੀ ਕਰਨੀ, ਕਿਸੇ ਵਿਰੁੱਧ ਖ਼ਬਰ, ਰਪੋਟ ਦੇਣੀ

ਮੂੰਹ ਲਾਉਣਾ - ਆਦਰ ਨਾਲ ਮਿਲਨਾ, ਚੰਗਾ ਜਾਣ ਕੇ ਮੇਲ ਮਿਲਾਪ ਕਰਨਾ

ਮੋਠਾਂ ਦੀ ਛਾਂਵੇ ਬਹਿਣਾ - ਝੂਠੀਆਂ ਆਸਾਂ ਕਰਨੀਆਂ

ਮੋਤੀ ਪਰੋਣੇ - ਨੀਝ ਵਾਲਾ ਬਰੀਕ ਕੰਮ ਕਰਨਾ

 

(ਯ)

ਯੱਕਡ਼ ਮਾਰਨੇ - ਗੱਪਾਂ ਮਾਰਨੀਆਂ, ਏਧਰ-ਓਧਰ ਦੀਆਂ ਗੱਲਾਂ ਕਰਨੀਆਂ

 

(ਰ)

ਰਹਿ ਚੁੱਕਣਾ - ਹਿੰਮਤ ਹਾਰ ਬਹਿਣੀ, ਨਿਰਬਲ ਹੋ ਜਾਣਾ

ਰਹਿ ਆਉਣੀ - ਇੱਜਤ ਰਹਿਣੀ

ਰੱਖ ਵਿਖਾਉਣੀ - ਪਤ ਰੱਖ ਲੈਣੀ, ਸੋਭਾ ਵਾਲਾ ਕੰਮ ਕਰਨਾ

ਰੰਗ ਲੱਗਣਾ - ਮੌਜ ਬਣ ਜਾਣੀ, ਚੰਗੇ ਭਾਗ ਜਾਗ ਪੈਣੇ

ਰੰਗ ਵਿਚ ਭੰਗ ਪਾਉਣਾ (ਪੈਣਾ) - ਖੁਸ਼ੀ ਵਿਚ ਭੰਗ ਪਾਉਣਾ (ਪੈਣਾ)

ਰੰਘਡ਼ ਵਾਲੀ ਲੱਤ ਉੱਚੀ ਰੱਖਣੀ - ਮਾਡ਼ੇ ਹੁੰਦਿਆਂ ਵੀ ਉੱਚੇ ਹੋਣ ਦੀ ਸ਼ੇਖੀ ਮਾਰਨੀ

ਰਟ ਲੈਣਾ - ਜ਼ਬਾਨੀ ਯਾਦ ਕਰ ਲੈਣਾ

ਰਫੂ ਚੱਕਰ ਹੋਣਾ - ਨੱਸ ਜਾਣਾ, ਪੱਤਰਾ ਵਾਚਣਾ

ਰਾਈ ਦਾ ਪਹਾਡ਼ ਬਣਾਉਣਾ - ਗੱਲ ਦਾ ਗਲੈਨ ਬਣਾਉਣਾ, ਨਿੱਕੀ ਜਿਹੀ ਗੱਲ ਨੂੰ ਬਹੁਤ ਵਧਾ ਕੇ ਬਿਆਨ ਕਰਨਾ, ਅੱਤ-ਕੱਥਨੀ ਕਰਨੀ

ਰਾਹ ਜਾਂਦੇ ਨਾਲ ਲਡ਼ਨਾ - ਬਦੋ-ਬਦੀ ਲਡ਼ਾਈ ਛੇਡ਼ਨੀ

ਰਾਹ ਵਿਚ ਰੋਡ਼ਾ ਅਟਕਾਉਣਾ - ਹੁੰਦੇ ਕੰਮ ਵਿਚ ਰੁਕਾਵਟ ਪਾਉਣੀ

ਰਾਹ ਵੇਖਣਾ (ਤੱਕਣਾ) - ਉਡੀਕਣਾ

ਰੂਹ ਭਟਕਣੀ - ਜੀ ਤਰਸਣਾ

ਰੂੰ ਦੇ ਗੋਡ਼ਿਆਂ ਵਿਚ ਹੀ ਅੱਗ ਲੱਗ ਜਾਣੀ - ਛੋਟੀ ਉਮਰੇ ਹੀ ਵੈਰਾਗ ਹੋ ਜਾਣਾ

ਰੇਖ ਵਿਚ ਮੇਖ ਮਾਰਨੀ - ਕਿਸੇ ਸੰਤ ਮਹਾਤਮਾ ਦਾ ਆਪਣੀ ਆਤਮਿਕ ਸ਼ਕਤੀ ਨਾਲ ਕਿਸੇ ਦੀ ਖੋਟੀ ਕਿਸਮਤ ਸੁਧਾਰ ਦੇਣੀ

(ਲ)

ਲਹੂ ਸੁੱਕਣਾ -ਦਮ ਖੁਸ਼ਕ ਹੋ ਜਾਣਾ, ਸਾਹ ਸੁੱਕਣਾ, ਸਹਿਮ ਜਾਣਾ

ਲਹੂ ਨਾਲ ਹੱਥ ਭਰਨੇ - ਕਿਸੇ ਨੂੰ ਜਾਨੋਂ ਮਾਰ ਦੇਣਾ, ਕਤਲ ਕਰਨਾ, ਜ਼ੁਲਮ ਕਰਨਾ

ਲਹੂ ਪੰਘਰਨਾ  - ਮੋਹ ਜਾਗਣਾ, ਜੀ ਭਰ ਆਉਣਾ

ਲਹੂ ਪਾਣੀ ਇਕ ਕਰਨਾ - ਮੁਡ਼੍ਹਕੋ ਮੁਡ਼੍ਹਕੀ ਹੋ ਕੇ ਮਿਹਨਤ ਕਰਨੀ

ਲੱਕ ਸਿੱਧਾ ਕਰਨਾ - ਲੰਮੇ ਪੈਣਾ, ਅਰਾਮ ਕਰਨਾ, ਕੁੱਟਣਾ, ਮੁਰੰਮਤ ਕਰਨੀ

ਲੱਕ ਸੇਕਣਾ - ਕੁੱਟਣਾ

ਲੱਕ ਫਡ਼ ਕੇ ਬਹਿ ਜਾਣਾ - ਢੇਰੀ ਢਾਹ ਬਹਿਣਾ, ਹਿੰਮਤ ਹਾਰ ਬਹਿਣਾ

ਲੱਕ ਬੰਨ੍ਹਣਾ - ਤਿਆਰ ਹੋ ਪੈਣਾ, ਹੌਂਸਲਾ ਕਰਨਾ, ਕਮਰ-ਕਸਾ ਕਰਨਾ

ਲਗਨ ਠੰਢਾ ਹੋਣਾ - ਸਮਾਂ ਠੀਕ ਨਾ ਹੋਣਾ, ਕੰਮ ਵਿਚ ਢਿੱਲ ਪੈਣੀ

ਲੰਗਰ ਮਸਤਾਨਾ ਹੋਣਾ - ਰਸਦ ਮੁੱਕ ਜਾਣ ਕਾਰਨ ਲੰਗਰ ਬੰਦ ਹੋਣਾ

ਲੱਛਮੀ ਘਰ ਵਿਚ ਆਉਣੀ - ਧਨ ਪਦਾਰਥ ਮਿਲਨਾ

ਲਛੂ-ਲਛੂ ਕਰਨਾ - ਭੁੱਖ-ਭੁੱਖ ਕਰਨਾ, ਲਾਲਚ ਵਿਚ ਆ ਕੇ ਭਟਕਦੇ ਫਿਰਨਾ

ਲੱਟੂ ਹੋਣਾ - ਮੋਹਿਤ ਹੋ ਜਾਣਾ

ਲੱਤ ਅਡ਼ਾਉਣੀ - ਵਾਧੂ ਦਖ਼ਲ ਦੇਣਾ

ਲੱਤ ਹੇਠਾਂ ਕੱਢਣਾ - ਵੱਸ ਵਿਚ ਕਰਨਾ, ਅਧੀਨ ਕਰਨਾ, ਨਿਵਾਉਣਾ

ਲੱਤ ਹੋਠੋਂ ਲੰਘਣਾ - ਹਾਰ ਮੰਨ ਲੈਣੀ, ਅਧੀਨ ਹੋਣਾ

ਲੱਤ ਮਾਰਨੀ, ਚੂਲ ਮਾਰਨੀ - ਕਿਸੇ ਦੇ ਕੰਮ ਵਿਚ ਵਿਘਨ ਪਾਉਣਾ

ਲੰਮੀ ਤਾਣ ਕੇ ਸੌਂਣਾ - ਬੇਪਰਵਾਹ ਹੋ ਜਾਣਾ, ਚਿੰਤਾ ਫਿਕਰ ਤੋਂ ਆਜ਼ਾਦ ਹੋ ਜਾਣਾ

ਲਡ਼ ਫਡ਼ਨਾ - ਆਸਰਾ ਲੈਣਾ

ਲਡ਼ ਲੱਗਣਾ - ਇਸਤ੍ਰੀ ਦਾ ਕਿਸੇ ਮਨੁੱਖ ਨਾਲ ਵਿਆਹੇ ਜਾਣਾ

ਲਡ਼ੂੰ ਲਡ਼ੂੰ ਕਰਨਾ - ਲਡ਼ਾਈ ਲਈ ਤੁਲੇ ਹੋਣਾ

ਲਾਂਘਾ ਲੰਘਣਾ - ਗੁਜ਼ਾਰਾ ਹੁੰਦਾ ਜਾਣਾ

ਲਾਟ ਦੀ ਪਰਵਾਹ ਨਾ ਕਰਨੀ - ਕਿਸੇ ਤੋਂ ਵੀ ਨਾ ਡਰਨਾ

ਲਾਲੀ ਰਹਿਣੀ - ਸਾਕਾਂ ਨਾਲ ਪਿਆਰ ਭਾੱ ਬਣਿਆ ਰਹਿਣਾ

ਲਿੱਦ ਕਰ ਦੇਣੀ - ਹਿੰਮਤ ਹਾਰ ਬਹਿਣਾ, ਨਕੰਮਾ ਸਾਬਤ ਹੋਣਾ

ਲੀਕ ਲੱਗਣੀ (ਲਾਉਣੀ) - ਊਜ ਲੱਗਣੀ (ਲਾਉਣੀ), ਬਦਨਾਮੀ ਹੋਣੀ (ਕਰਨੀ)

ਲੀਕ ਪੈਣੀ - ਵਾਦੀ ਪੈਣੀ, ਰਿਵਾਜ ਤੁਰ ਪੈਣਾ, ਕਰ ਪੈਣੀ

ਲੂੰ ਕੰਡੇ ਖਡ਼ੇ ਹੋਣੇ - ਸਖ਼ਤ ਡਰ ਆਉਣਾ, ਸਖ਼ਤ ਹੈਰਾਣੀ ਹੋਣੀ

ਲੂਣ ਹਰਾਮ ਕਰਨਾ - ਕੀਤਾ ਨਾ ਜਾਣਨਾ, ਨਾਸ਼ੁਕਰੇ ਹੋਣਾ, ਬੇਵਫਾਈ ਕਰਨੀ

ਲੂਣ ਤੋਲਣਾ - ਝੂਠ ਮਾਰਨਾ, ਗੱਲ ਵਧਾ ਕੇ ਕਰਨੀ

ਲੇਖ ਸਡ਼ਨੇ - ਕਿਸਮਤ ਮਾਡ਼ੀ ਹੋਣੀ

ਲੇਖਾ ਦੇਣਾ - ਹਿਸਾਬ ਦੇਣਾ, ਕੀਤੇ ਕੰਮਾਂ ਤੇ ਪਾਪਾਂ ਦਾ ਫਲ ਭੁਗਤਣਾ

ਲੇਡਾ ਫੁੱਲ ਜਾਣਾ - ਹੰਕਾਰੀ ਹੋ ਜਾਣਾ

ਲੈ ਉੱਠਣਾ, ਲੈ ਉੱਡਣਾ - ਰੌਲਾ ਪਾ ਦੇਣਾ, ਅਸਚਰਜ ਗੱਲ ਆਖਣ ਲੱਗ ਪੈਣਾ, ਗੱਲ ਧੁਮਾ ਦੇਣੀ

ਲੈ ਲੱਗਣੀ - ਇਕ ਪਾਸੇ ਬਹੁਤ ਪ੍ਰੇਮ ਹੋ ਜਾਣਾ, ਲਗਨ ਲੱਗਣੀ

ਲੋਹਾ ਲਾਖਾ ਹੋ ਜਾਣਾ - ਬਹੁਤ ਗੁੱਸੇ ਵਿਚ ਆਉਣਾ  

 

(ਵ)

ਵਖ਼ਤ ਨੂੰ ਫਡ਼ੇ ਜਾਣਾ - ਬਿਪਤਾ ਵਿਚ ਫਸ ਜਾਣਾ

ਵਧ ਵਧ ਕੇ ਪੈਰ ਮਾਰਨੇ - ਆਪਣੇ ਆਪ ਨੂੰ ਬਹੁਤ ਵੱਡਾ ਜਾਹਿਰ ਕਰਨਾ

ਵਰ ਆਉਣਾ - ਸੂਤ ਆ ਜਾਣਾ, ਚੰਗਾ ਅਸਰ ਕਰਨਾ

ਵਲ ਖਾਣਾ - ਅੰਦਰੋਂ ਅੰਦਰ ਰਿੱਝਣਾ, ਕੁਡ਼੍ਹਨਾ

ਵਲ ਛਲ ਕਰਨਾ - ਧੋਖਾ ਕਰਨਾ, ਠੱਗੀ ਕਮਾਉਣੀ

ਵਲਾ ਕੇ ਗੱਲ ਕਰਨੀ - ਦਿਲ ਦੇ ਭਾਵ ਨੂੰ ਲੁਕਾ ਕੇ ਹੋਰ ਹੀ ਪਾਸੇ ਦੀ ਗੱਲ ਛੇਡ਼ ਦੇਣੀ

ਵਾ ਨੂੰ ਤਲਵਾਰਾਂ ਮਾਰਨੀਆਂ - ਬਦੋ-ਬਦੀ ਦੀ ਲਡ਼ਾਈ ਸਹੇਡ਼ਨੀ

ਵਾ ਵਗਣੀ (ਵਗ ਜਾਣੀ) - ਮੱਤ ਮਾਰੀ ਜਾਣੀ, ਭੈਡ਼ਾ ਤੋਰਾ (ਰਿਵਾਜ਼) ਤੁਰ ਪੈਣਾ

ਵਾਸਤੇ ਪਾਉਣੇ - ਤਰਲੇ ਕੱਢਣੇ, ਮਿਨਤਾਂ ਕਰਨੀਆਂ

ਵਾਹ ਪੈਣੀ - ਕੰਮ ਧੰਧਾ ਪੈਣਾ, ਵਾਸਤੇ ਪੈਣਾ

ਵਾਗ ਹੱਥੋਂ ਛੁੱਟਣੀ - ਮੌਕਾ ਖੁਂਝ ਜਾਣਾ, ਕੰਮ ਵਸੋਂ ਬਾਹਰ ਹੋ ਜਾਣਾ

ਵਾਗਾਂ ਕੱਸਣੀਆਂ (ਖਿੱਚਣੀਆਂ) - ਵੱਸ ਵਿਚ ਰੱਖਣਾ, ਰੋਕਣਾ

ਵਾਲ ਬੰਨ੍ਹੀਂ ਕੌਡੀ ਮਾਰਨੀ - ਠੀਕ ਠੀਕ  ਕੰਮ ਕਰਨਾ, ਪੂਰਾ ਨਿਆਂ ਕਰਨਾ

ਵਾਲ ਵਿੰਗਾ ਨਾ ਹੋਣਾ - ਰਤੀ ਭਰ ਵੀ ਨੁਕਸਾਨ ਨਾ ਹੋਣਾ, ਰਤੀ ਭਰ ਵੀ ਤਕਲੀਫ ਨਾ ਹੋਣੀ

ਵਿਸ ਵਿਸ ਕਰਨਾ - ਝੂਰਨਾ

ਵਿਚ ਕੁੱਝ ਨਾ ਰਹਿ ਜਾਣਾ - ਸਾਹ ਸਤ ਮੁੱਕ ਜਾਣਾ

ਵਿਚੋ ਵਿਚ ਪੀ ਜਾਣਾ - ਚੁੱਪ ਕੀਤੇ ਜਰ ਲੈਣਾ

ਵਾ ਆਉਣੀ - ਸੁਖ ਸਾਂਦ ਦੀ ਖ਼ਬਰ ਆਉਣੀ

 ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2172319
Website Designed by Solitaire Infosys Inc.