ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਅਖਾਉਤਾਂ ਜਾਂ ਅਖਾਣ

 

ਹਰ ਦੇਸ ਵਿਚ ਕਈ ਅਜੇਹੇ ਵਾਕ ਜਾਂ ਟੱਪੇ ਪ੍ਰਚਲਤ ਹੁੰਦੇ ਹਨ ਜਿਨ੍ਹਾਂ ਵਿਚ ਉਥੋਂ ਦੇ ਤਜ਼ਰਬੇ ਤੋਂ ਪ੍ਰਾਪਤ ਹੋਏ ਸਿਧਾਂਤ ਜਾਂ ਸਿੱਟੇ ਭਰੇ ਹੁੰਦੇ ਹਨਲੋਕਾਂ ਦੇ ਮੂੰਹ ਚਡ਼੍ਹੀ ਹੋਈ ਗੱਲ ਜਾਂ ਵਾਕ ਨੂੰ, ਜੋ ਕਿਸੇ ਪਰਖੀ, ਪਰਤਾਈ ਹੋਈ ਸਚਿਆਈ ਜਾਂ ਸਿਧਾਂਤ ਨੂੰ ਪ੍ਰਗਟ ਕਰੇ, ਅਖਾਉਤ ਜਾਂ ਅਖਾਣ ਆਖਦੇ ਹਨਇਹ ਵਾਕ ਆਮ ਤੌਰ ਤੇ ਛੋਟੇ ਤੇ ਨਿੱਗਰ ਹੁੰਦੇ ਹਨ, ਅਤੇ ਇਹਨਾਂ ਰਾਹੀਂ ਬਹੁਤ ਸਾਰਾ ਭਾਵ ਥੋਡ਼੍ਹੇ  ਸ਼ਬਦਾਂ ਵਿਚ ਪ੍ਰਗਟ ਕੀਤਾ ਹੁੰਦਾ ਹੈਕਈ ਅਖਾਣ ਤੁਕ-ਬੰਦੀ ਦੇ ਰੂਪ ਵਿਚ ਹੁੰਦੇ ਹਨ, ਉਹਨਾਂ ਦੇ ਇੱਕ ਅੰਗ ਦਾ ਦੂਜੇ ਅੰਗ ਨਾਲ ਤੁਕਾਂਤ ਮਿਲਦਾ ਹੈ ਜਿਵੇਂ:-

 

- ਉਹ ਦਿਨ ਡੁੱਬਾ, ਜਦੋਂ ਘੋਡ਼ੀ ਚਡ਼੍ਹਿਆ ਕੁੱਬਾ,

- ਆਉਣ ਪਰਾਈਆਂ ਜਾਈਆਂ, ਵਿਛੋਡ਼ਨ ਸਕਿਆਂ ਭਾਈਆਂ,

- ਘਰ ਵਾਲੇ ਘਰ ਨਹੀ, ਤੇ ਹੋਰ ਕਿਸੇ ਦਾ ਡਰ ਨਹੀਂ

 

ਚੋਣਵੇਂ ਅਖਾਣ

(ਅਰਥ ਤੇ ਵਰਤੋਂ ਦੇ ਮੌਕੇ)

(ੳ)

ਉਹ ਕਿਹਡ਼ੀ ਗਲੀ, ਜਿੱਥੇ ਭਾਬੋ ਨਹੀਂ ਖਲੀ - ਜਿਹਡ਼ਾ ਆਦਮੀ ਹਰ ਥਾਂ ਪੈਂਚ ਬਣ ਬਣ ਬਹਿੰਦਾ ਹੋਵੇ, ਇਹ ਅਖਾਣ ਉਸ ਬਾਰੇ ਵਰਤਦੇ ਹਨ

ਉਹ ਦਿਨ ਡੁੱਬਾ, ਜਦੋਂ ਘੋਡ਼ੀ ਚਡ਼ਿਆ ਕੁੱਬਾ - ਇਹ ਦੱਸਣ ਲਈ ਕਿ ਇਸ ਪਾਸੋਂ ਕਿਸੇ ਕੰਮ ਜਾਂ ਸਹਾਇਤਾ ਦੀ ਆਸ ਨਹੀਂ ਰੱਖਣੀ ਚਾਹੀਦੀ, ਇਹਨੇ ਇਹ ਕੰਮ ਨਹੀਂ ਕਰਨਾ, ਇਹ ਅਖਾਣ ਵਰਤਦੇ ਹਨ

ਉਹ ਨਾਲ ਨਾ ਖਡ਼ੇ, ਉਹ ਘੋਡ਼ੀ ਤੇ ਚਡ਼੍ਹੇ - ਬਦੇ ਬਦੀ ਕਿਸੇ ਦਾ ਸੰਗੀ ਜਾਂ ਭਾਈਵਾਲ ਬਣਨ ਦੇ ਜਤਨ ਕਰਨ ਵਾਲੇ ਲਈ ਵਰਤਦੇ ਹਨ

ਉਹ ਫਿਰੇ ਨੱਥ ਘਡ਼ਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ - ਜਦ ਕੋਈ ਬੰਦਾ ਕਿਸੇ ਉੱਪਰ ਵੱਡੀਆਂ ਆਸਾਂ ਬੰਨ੍ਹ ਬੈਠਾ ਹੋਵੇ, ਪਰ ਉਹ ਅੱਗੋਂ ਉਲਟਾ ਨੁਕਸਾਨ ਕਰਨ ਤੇ ਤੁਲਿਆ ਹੋਵੇ, ਤਾਂ ਇਹ ਅਖਾਣ ਵਰਤਦੇ ਹਨ

ਉੱਖਲੀ ਵਿਚ ਸਿਰ ਦਿੱਤਾ, ਤਾਂ ਮੋਹਲਿਆਂ ਦਾ ਕੀ ਡਰ ? - ਜਦ ਕੋਈ ਜੁੰਮੇਵਾਰੀ ਚੁੱਕ ਲਈ ਜਾਵੇ, ਜਾਂ ਔਖੇ ਕੰਮ ਨੂੰ ਹੱਥ ਪਾ ਲਿਆ ਹੋਵੇ, ਤਾਂ ਉਹਦੀਆਂ ਤਕਲੀਫਾਂ ਤੋਂ ਡਰਨਾ ਨਹੀਂ ਚਾਹੀਦਾ

ਉਂਗਲੀ ਫਡ਼ ਤੇ ਪਹੁੰਚਾ ਫਡ਼ਾ - ਕਿਸੇ ਦੀ ਮਦਦ ਕਰੀਏ, ਤਾਂ ਉਹ ਅੱਗੋਂ ਦੂਣੀ ਚੌਣੀ ਮਦਦ ਕਰਦਾ ਹੈ

ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ - ਜਿਹਡ਼ਾ ਵੇਖਣ ਨੂੰ ਬਡ਼ਾ ਚੰਗਾ ਜਾਪੇ, ਪਰ ਵਿਚੋਂ ਨਿਕੰਮਾਂ ਹੋਵੇ, ਸ਼ਕਲ ਦਾ ਚੰਗਾ ਪਰ ਗੁਣਾਂ ਕਰਕੇ ਮਾਡ਼ਾ, ਉਹਦੇ ਤੇ ਇਹ ਅਖਾਣ ਘਟਾਉਂਦੇ ਹਨ

ਉਜਡ਼ੇ ਬਾਗਾਂ ਦੇ ਗਾਲ੍ਹਡ਼ ਪਟਵਾਰੀ - ਜਦ ਕਿਸੇ ਨਖਸਮੀ ਸ਼ੈ ਦਾ ਕੋਈ ਮਾਮੂਲੀ ਜਿਹਾ ਆਦਮੀ ਬਣ-ਬਣ ਬਹੇ, ਤਾਂ ਕਹਿੰਦੇ ਹਨ

ਉਜਡ਼ੇ ਪਿੰਡ ਭਡੋਲਾ ਮਹਿਲ - ਜਿੱਥੇ ਰੁੱਖ ਨਹੀਂ ਓਥੇ ਹਰਿੰਡ ਪਰਧਾਨਜਦ ਕਿਸੇ ਥਾਂ ਕੋਈ ਚੰਗੀ ਚੀਜ਼ ਨਾ ਲੱਭੇ, ਤਾਂ ਮਾਡ਼ੀ ਮੋਟੀ ਨਿਕੰਮੀ ਸ਼ੈ ਦੀ ਹੀ ਕਦਰ ਪੈ ਜਾਂਦੀ ਹੈ

ਉੱਠ ਨੀ ਨੋਹੇਂ ਨੌ ਨਿੱਸਲ ਹੋ, ਚਰਖਾ ਛੱਡ ਤੇ ਚੱਕੀ ਝੋ - ਜਦ ਕਿਸੇ ਨੂੰ ਕਿਸੇ ਕੰਮ ਤੋਂ ਸਾਹ ਦਿਵਾਉਣ ਦੀ ਥਾਂ ਉਹਨੂੰ ਔਖਿਆਂ ਕਰਨ ਲਈ ਹੋਰ ਵੀ ਔਖੇ ਕੰਮ ਤੇ ਲਾ ਦਿੱਤਾ ਜਾਵੇ, ਤਾਂ ਕਹਿੰਦੇ ਹਨ

ਉੱਠ ਨਾ ਹੰਗਾਂ ਤੇ ਫਿੱਟੇ ਮੂੰਹ ਗੋਡਿਆਂ ਦਾ ; ਉੱਠਿਆ ਜਾਵੇ ਨਾ ਆਪ ਤੋਂ ਤੇ ਫਿੱਟੇ ਮੂੰਹ ਗੋਡਿਆਂ ਦਾ - ਜਿਹਡ਼ਾ ਆਦਮੀ ਕੋਈ ਕੰਮ ਕਰਨ ਦਾ ਚਾਹਵਾਨ ਹੋਵੇ, ਪਰ ਦੋਸ਼ ਹੋਰਨਾਂ ਦੇ ਸਿਰ ਥੱਪੇ, ਉਸ ਬਾਰੇ ਕਹਿੰਦੇ ਹਨ

ਉਤਾਵਲਾ ਸੋ ਬਾਵਲਾ - ਜਿਹਡ਼ਾ ਆਦਮੀ ਕਾਹਲਾ ਪੈ ਜਾਵੇ, ਉਹਦਾ ਦਿਮਾਗ ਸੋਚਣ ਜੋਗਾ ਨਹੀਂ ਰਹਿ ਜਾਂਦਾ, ਇਸੇ ਕਰਕੇ ਉਹ ਪਾਗਲਾਂ ਸ਼ੁਦਾਈਆਂ ਵਾਕੁਰ ਕੰਮ ਵਿਗਾਡ਼ ਬਹਿੰਦਾ ਹੈ

ਉੱਤੋਂ ਬੀਬੀਆਂ ਦਾਡ਼੍ਹੀਆਂ ਵਿਚੋਂ ਕਾਲੇ ਕਾਂ - ਜਦੋਂ ਕੋਈ ਬੰਦਾ ਵੇਖਣ ਨੂੰ ਬਡ਼ਾ ਸਾਊ ਤੇ ਸ਼ਰੀਫ ਹੋਵੇ, ਪਰ ਅਸਲ ਵਿਚ ਹੋਵੇ ਐਬੀ, ਅਤੇ ਐਬ ਕਰਦਾ ਫਡ਼ਿਆ ਜਾਵੇ, ਤਾਂ ਵਰਤਦੇ ਹਨ

ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੋਣ - ਜੀਕੁਰ ਪੱਖਾ ਝੱਲ ਕੇ ਵਗਦੀ ਹਵਾ ਦਾ ਸੁਖ ਲੈ ਲਈਦਾ ਹੈ, ਜੀਕੁਰ ਪੱਖਾ ਪੋਣ ਨੂੰ ਅੱਗੇ ਲਾ ਕੇ ਵਗਾ ਲੈਂਦਾ ਹੈ, ਤਿਵੇਂ ਹੀ ਉੱਦਮ ਕੀਤਿਆਂ ਸਫਲਤਾ ਮਿਲਦੀ ਹੈ, ਦੌਲਤ ਮਿਲਦੀ ਹੈ

ਊਠ ਅਡ਼ਾਉਂਦੇ ਹੀ ਲੱਦੀਦੇ ਹਨ - ਜਦ ਕਿਸੇ ਤੋਂ ਉਹਦੇ ਨਾਂਹ-ਨੁੱਕਰ ਕਰਦਿਆਂ ਹੀ ਕੰਮ ਲੈਣਾ ਹੋਵੇ, ਤਾਂ ਕਹਿੰਦੇ ਹਨ

ਊਠ ਤੇ ਚਡ਼੍ਹੀ ਨੂੰ ਕੁੱਤਾ ਵੱਢ ਖਾਊ ? - ਜਿਹਡ਼ਾ ਆਦਮੀ ਹਰ ਤਰਾਂ ਦੇ ਖਤਰੇ ਤੋਂ ਲੱਗਦੀ ਵਾਹ ਸੁਰਖਿਅਤ ਹੋਵੇ, ਉਹਨੂੰ ਕਾਹਦਾ ਡਰ ?

ਊਠ ਤੇ ਚਡ਼੍ਹੀ ਨੂੰ ਦੋ-ਦੋ ਦਿਸਦੇ ਹਨ - ਜਿਹਡ਼ਾ ਆਪ ਸੌਖਾ ਤੇ ਸੁਖੀ ਹੋਵੇ, ਉਹਨੂੰ ਹੋਰਨਾਂ ਦੇ ਦੁੱਖਾਂ ਦੀ ਸਾਰ ਨਹੀਂ ਹੁੰਦੀ

ਊਠ ਤੋਂ ਛਾਣਨੀ ਲਾਹਿਆਂ ਭਾਰ ਹੌਲਾ ਹੋ ਜਾਊ ? - ਜਿਸ ਦੇ ਸਿਰ ਬਹੁਤ ਸਾਰਾ ਕੰਮ ਪਿਆ ਹੋਵੇ, ਉਹਦੇ ਸਿਰੋਂ ਥੋਡ਼੍ਹਾ ਜਿਹਾ ਨਾਂ ਮਾਤਰ, ਕੰਮ ਘਟਾ ਦੇਣ ਨਾਲ ਉਹਨੂੰ ਕੋਈ ਲਾਭ ਸੁਖਾਲ ਨਹੀਂ ਹੋ ਜਾਂਦਾ

ਊਠ ਦੇ ਗਲ ਟੱਲੀ - ਜਦੋਂ ਕੋਈ ਨਿੱਕੀ ਜਿਹੀ ਕੁਡ਼ੀ ਨੂੰ ਵੱਡੀ ਸਾਰੀ ਉਮਰ ਵਾਲੇ ਮਨੁੱਖ ਨਾਲ ਵਿਆਹ ਦਿੱਤਾ ਜਾਵੇ, ਤਾਂ ਕਹਿੰਦੇ ਹਨ

ਓਡ਼ਕ ਬੱਚਾ ਮੂਲਿਆ, ਤੂੰ ਹੱਟੀ ਬਹਿਣਾ - ਜਦੋਂ ਕੋਈ ਜਣਾ ਥਾਂ-ਥਾਂ ਭਟਕਦਾ ਫਿਰੇ, ਕਿਸੇ ਕੰਮ ਨੂੰ ਹੱਥ ਪਾਵੇ ਤੇ ਕਦੇ ਕਿਸੇ ਨੂੰ, ਪਰ ਸਫਲ ਕਿਸੇ ਵਿਚ ਵੀ ਨਾ ਹੋਵੇ, ਤਾਂ ਅੰਤ ਨੂੰ ਹਾਰ ਕੇ ਉਹਨੂੰ ਉਹੀ ਕੰਮ ਕਰਨਾ ਪੈਂਦਾ ਹੈ ਜਿਸਨੂੰ ਉਹ ਨਖਿਧ ਸਮਝਦਾ ਹੋਵੇਭੌਂ ਰੌਂ ਕੇ ਅੰਤ ਨੂੰ ਉਹਨੂੰ ਉਹੋ ਕਿੱਤਾ ਧਾਰਨਾ ਪੈਂਦਾ ਹੈ ਜਿਹਡ਼ਾ ਉਹਦਾ ਪਿਉ ਦਾਦਾ ਕਰਦੇ ਆਏ ਹੋਣ

(ਅ)

ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਉਤੇ ਮੁਹਰ - ਘਟੀਆ ਚੀਜ਼ਾਂ ਨੂੰ ਸੰਭਾਲ ਸੰਭਾਲ ਕੇ ਰੱਖਣਾ ਤੇ ਵਧੀਆ ਕੀਮਤੀ ਸ਼ੈਆਂ ਦੀ ਪਰਵਾਹ ਸੰਭਾਲ ਨਾ ਕਰਨੀ

ਅਕਲ ਦਾ ਅੰਨ੍ਹਾਂ, ਪਰ ਗੰਢ ਦਾ ਪੂਰਾ - ਜਿਹਡ਼ਾ ਧਨਾਢ ਹੋਵੇ ਤੇ ਨਾਲ ਹੀ ਮੂਰਖ ਹੋਵੇ, ਉਸ ਬਾਰੇ ਵਰਤਦੇ ਹਨ

ਅੱਖ ਅੱਡੀ ਹੀ ਰਹਿ ਗਈ, ਕੱਜਲ ਨੂੰ ਇੱਲ ਲੈ ਗਈ - ਦਿਲ ਦੀਆਂ ਤਾਂਘਾਂ ਆਸਾਂ ਵਿੱਚੇ ਹੀ ਰਹਿ ਗਈਆਂਕਿਸੇ ਸ਼ੈ ਦੇ ਮਿਲ ਜਾਣ ਦੀ ਪੱਕੀ ਆਸ ਧਾਰ ਕੇ ਉਹਨੂੰ ਲੈਣ ਵਰਤਣ ਲਈ ਤਿਆਰ ਹੋਏ ਹੋਣਾ, ਪਰ ਉਹ ਅਚਨਚੇਤ ਹੱਥੋਂ ਖੁੱਸ ਜਾਣੀ

ਅੱਖੀਂ ਡਿੱਠਾ ਭਾਵੇ ਨਾ, ਕੁੱਛਡ਼ ਬਹੇ ਨਿਲੱਜ - ਇਹਨੂੰ ਕੋਈ ਵੇਖਣਾ ਵੀ ਨਹੀਂ ਚਾਹੁੰਦਾ, ਪਰ ਇਹ ਢੀਠ ਨੇਡ਼ੇ ਢੁਕ ਢੁਕ ਕੇ ਬਹਿੰਦਾ ਤੇ ਪਿਆਰ ਕਰਨਾ ਪੈਂਦਾ ਹੈ

ਅੱਗ ਖਾਵੇ, ਅੰਗਿਆਰ ਹੱਗੇ - ਜਿਹੋ ਜਿਹਾ ਕੰਮ ਕੋਈ ਕਰੇਗਾ, ਉਹੋ ਜਿਹਾ ਉਹਦਾ ਸਿੱਟਾ ਨਿਕਲੇਗਾ

ਅੱਗ ਲੈਣ ਆਈ ਘਰ ਵਾਲੀ ਬਣ ਬੈਠੀ - ਕਿਸੇ ਦੇ ਕਿਸੇ ਹੋਰ ਦੀ ਸ਼ੈ ਉਪਰ ਬਦੋ-ਬਦੀ ਕਬਜ਼ਾ ਕਰ ਬਹਿਣ ਤੇ ਕਹਿੰਦੇ ਹਨ

ਅੱਡ ਖਾਏ ਸੋ ਡੱਡ ਖਾਏ, ਵੰਡ ਖਾਏ ਸੋ ਖੰਡ ਖਾਏ - ਕੋਈ ਸ਼ੈ ਇੱਕਲਿਆਂ ਹੀ ਵਰਤਣ ਖਾਣ ਦਾ ਥਾਂ ਹੋਰਨਾਂ ਨਾਲ ਵੰਡ ਕੇ ਖਾਣ ਵਰਤਣ ਦੇ ਹੱਕ ਵਿਚ ਉਪਦੇਸ਼ ਦੇਣ ਲਈ ਵਰਤਦੇ ਹਨ

ਅੰਦਰ ਹੋਵੇ ਸੱਚ ਤਾਂ ਕੋਠੇ ਚਡ਼੍ਹ ਕੇ ਨੱਚ - ਸੱਚੇ ਆਦਮੀ ਨੂੰ ਡਰ-ਡਰ, ਲੁਕ-ਲੁਕ ਬਹਿਣ ਦੀ ਲੋਡ਼ ਨਹੀਂ

ਅੰਨ੍ਹਾਂ ਕੁੱਤਾ ਹਰਨਾਂ ਦਾ ਸ਼ਿਕਾਰੀ - ਕਿਸੇ ਦਾ ਅਜੇਹੇ ਕੰਮ ਨੂੰ ਹੱਥ ਪਾ ਬਹਿਣਾ, ਜਾਂ ਕਿਸੇ ਦੇ ਜੁੰਮੇ ਅਜੇਹਾ ਕੰਮ ਲੱਗ ਜਾਣਾ, ਜਿਸ ਨੂੰ ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ

ਅੰਨ੍ਹੀ ਕੁਕਡ਼ੀ ਖਸ-ਖਸ ਦਾ ਚੋਗਾ - ਅੰਨ੍ਹਾਂ ਕੁੱਤਾ ਹਰਨਾਂ ਦਾ ਸ਼ਿਕਾਰੀ ਵਾਲਾ ਅਰਥ ਹੀ ਢੁਕਦਾ ਹੈ

ਅਨ੍ਹਾਂ ਕੁੱਥਾ ਵਾ ਨੂੰ ਭੋਂਕੇ - ਕਿਸੇ ਗੱਲ ਦਾ ਪਤਾ, ਥਹੁ ਨਾ, ਪਰ ਏਵੇਂ ਹੀ ਸਿਰ ਡਾਹੀ ਤੇ ਅਗਲੇ ਨੂੰ ਖਪਾਈ ਜਾਣਾ

ਅੰਨ੍ਹਾਂ ਵੰਡੇ ਸ਼ੀਰਨੀਆਂ, ਮੁਡ਼ ਮੁਡ਼ ਆਪਣਿਆਂ ਨੂੰ -  ਆਪਣੇ ਸਕਿਆਂ ਸੋਦਰਿਆਂ ਨੂੰ ਹੀ ਘਡ਼ੀ ਮੁਡ਼ੀ ਲਾਭ ਪਹੁੰਚਾਈ ਜਾਣਾ ਤੇ ਹੋਰਨਾਂ ਵੱਲ ਧਿਆਨ ਹੀ ਨਾ ਕਰਨਾ

ਅੰਨ੍ਹੀ ਅੰਨ੍ਹਾ ਰਲਿਆ, ਤਾਂ ਝੁੱਗਾ ਗਲਿਆ - ਜੇ ਵਹੁਟੀ ਤੇ ਘਰ ਵਾਲਾ ਦੋਵੇਂ ਹੀ ਭੈਡ਼ੇ ਜਾਂ ਬੇਸਮਝ ਹੋਣ, ਤਾਂ ਘਰ ਦੀ ਮੂੰਹ ਦੂਜੇ ਪਾਸੇ ਲੱਗ ਜਾਂਦਾ ਹੈ

ਅੰਨ੍ਹੇ ਅੱਗੇ ਰੋਣਾ, ਅੱਖੀਆਂ ਦਾ ਖੌ - ਕਿਸੇ ਅਜੇਹੇ ਬੰਦੇ ਅੱਗੇ ਆਪਣੇ ਰੋਣੇ ਰੋਣੇ ਤੇ ਦੁੱਖ ਫੋਲਣੇ ਜਿਸ ਦੇ ਦਿਲ ਵਿੱਚ ਹਮਦਰਦੀ ਉਪਜੇ ਹੀ ਨਾ, ਜਾਂ ਅਜੇਹੇ ਬੰਦੇ ਨੂੰ ਮੱਤ ਦੇਣ ਹਿਤ ਸਿਰ ਖਪਾਈ ਕਰਨੀ ਜਿਹਡ਼ਾ ਕਿਸੇ ਦੀ ਦਿੱਤੀ ਲੈਣ ਨੂੰ ਤਿਆਰ ਹੀ ਨਾ ਹੋਵੇ, ਸਭ ਵਾਧੂ ਦਾ ਖੱਪਾ ਹੈ

ਅੰਬਾਂ ਦੀ ਭੁੱਖ ਅੰਬਾਕਡ਼ੀਆਂ ਨਾਲ ਨਹੀਂ ਲਹਿੰਦੀ - ਜਦ ਕੋਈ ਚਾਹਵਾਨ ਤੇ ਲੋਡ਼ਵੰਦ ਹੋਵੇ ਕਿਸੇ ਚੰਗੀ ਚੋਖੀ ਵਧੀਆ ਸ਼ੈ ਦਾ, ਤੇ ਉਹਨੂੰ ਉਸੇ ਸ਼ੈ ਵਰਗੀ ਪਰ ਘਟੀਆ ਤੇ ਨਿਕੰਮੀ ਸ਼ੈ ਦੇ ਕੇ ਗਲੋਂ ਲਾਹੁਣ ਦਾ ਜਤਨ ਕੀਤਾ ਜਾਵੇ, ਤਾਂ ਕਹਿੰਦੇ ਹਨ

ਆਂਡੇ ਹੋਰ ਘਰ, ਕੁਡ਼ ਕੁਡ਼ ਸਾਡੇ ਘਰ - ਸੁਖ ਸਹਾਇਤਾ ਹੋਰਨਾਂ ਨੂੰ ਦੇਣੀ ਤੇ ਖੇਚਲ ਪਾਉਣੀ ਹੋਰਨਾਂ ਨੂੰ

ਆਪ ਤਾਂ ਕਿਸੇ ਜਿਹੀ ਨਾ, ਨੱਕ ਚਾਡ਼੍ਹ ਨੇ ਰਹੀ ਨਾ - ਆਪ ਤਾਂ ਭੈਡ਼ੇ ਤੇ ਕੋਝੇ ਹੋਣਾ, ਪਰ ਹੋਰਨਾਂ ਨੂੰ ਨਿੰਦਣਾ ਤੇ ਉਹਨਾਂ ਤੇ ਨਫਰਤ ਕਰਨੀ

ਆਪ ਕੁਚੱਜੀ ਵਿਹਡ਼ੇ ਨੂੰ ਦੋਸ਼ - ਕੁਝ ਕਰਨ ਜੋਗੇ ਆਪ ਨਾ ਹੋਣਾ, ਪਰ ਕਹਿਣਾ ਕਿ ਸੰਦ ਨਹੀਂ ਚੰਗੇ, ਥਾਂ ਨਹੀਂ ਚੰਗਾ, ਮੈਂ ਕੰਮ ਕਿਵੇਂ ਕਰਾਂ ? ਆਪਣੀ ਅਯੋਗਤਾ ਕੁਚੱਜ ਨੂੰ ਲੁਕਾਉਣ ਲਈ ਹੋਰਨਾਂ ਦੇ ਸਿਰ ਦੋਸ਼ ਥੱਪਣਾ

ਆਪ ਨਾ ਜੋਗੀ, ਗੁਆਂਢ ਵਲਾਵੇ - ਹੋਰਨਾਂ ਨੂੰ ਸਹਾਇਤਾ ਦੇ ਲਾਰੇ ਲਾਉਣੇ ਪਰ ਹੋਣਾ ਆਪਣਾ ਕੰਮ ਕਰਨਾ ਜੋਗੇ ਵੀ ਨਾਂ

ਆਪ ਨਾ ਵੰਝੇ ਸਾਹੁਰੇ, ਹੋਰੀਂ (ਲੋਕਾਂ) ਮੱਤੀਂ ਦੇ - ਆਪ ਕੁਝ ਕਰਨਾ ਨਾ, ਪਰ ਹੋਰਨਾਂ ਨੂੰ ਉਪਦੇਸ਼ ਦੇਣਾ ਕਿ ਇੰਜ ਕਰੋ ਤੇ ਉਂਜ ਕਰੋ

ਆਪ ਬੁੱਝੇ ਬੱਤੀ ਸੁਲੱਖਣਾ, ਦਿੱਤੀ ਲਵੇ ਤਾਂ ਤੇਤੀ ਸੁਲੱਖਣਾ - ਜਿਹਡ਼ਾ ਆਪਣੀ ਮੱਤ ਸਿਆਣਪ ਦੇ ਆਸਰੇ ਕੰਮ ਠੀਕ ਕਰ ਲਵੇ ਉਹ ਬਡ਼ਾ ਚੰਗਾ ਹੁੰਦਾ ਹੈ ਪਰ ਜਿਹਡ਼ਾ ਕਿਸੇ ਦੀ ਮੱਤ ਸਲਾਹ ਮੰਨ ਕੇ ਕੰਮ ਕਰ ਲਵੇ, ਉਹ ਹੋਰ ਵੀ ਵਧੇਰੇ ਚੰਗਾ ਹੁੰਦਾ ਹੈਅਮੋਡ਼ ਜਾਂ ਆਪਣੀ ਕੁਮੱਤ ਮਗਰ ਲੱਗਣ ਵਾਲਿਆਂ ਲਈ ਉਪਦੇਸ਼ ਹੈ

ਆਪਣਾ ਘਰ ਤੇ ਹੱਗ ਹੱਗ ਭਰ, ਬਿਗਾਨਾ ਘਰ ਤਾਂ ਥੁੱਕਾਂ ਦਾ ਵੀ ਡਰ - ਆਪਣੀ ਚੀਜ਼ ਨੂੰ ਜਿਵੇਂ ਜੀ ਕਰੇ ਵਰਤ ਸਕੀਦਾ ਹੈ, ਕੋਈ ਡਰ ਮਿਹਣਾ ਨਹੀਂ ਹੁੰਦਾ ਪਰ ਪਰਾਈ ਸ਼ੈ ਵਰਤਣ ਲੱਗਿਆਂ ਸਦਾ ਡਰ ਸਹਿਮ ਰਹਿੰਦਾ ਹੈ ਕਿ ਕਿਤੇ ਖਰਾਬ ਨਾ ਹੋ ਜਾਵੇ ਤੇ ਸ਼ੈ ਵਾਲਾ ਉਲਾਹਮਾ ਨਾ ਦੇਵੇ

ਆਪਣਾ ਨਾ ਭਰੇ ਦੂਜਿਆਂ ਅੱਗੇ ਕੀ ਧਰੇ ? - ਜਿਹਡ਼ਾ ਆਪਣੀਆਂ ਲੋਡ਼ਾਂ ਵੀ ਪੂਰੀਆਂ ਕਰਨ ਜੋਗਾ ਨਾ ਹੋਵੇ, ਉਹਨੇ ਹੋਰਨਾਂ ਦੀ ਕੀ ਸਹਾਇਤਾ ਕਰਨੀ ਹੋਈ ?

ਆਪਣਾ ਨੀਂਗਰ ਪਰਾਇਆ ਢੀਂਗਰ - ਘੁਮਿਆਰੀ ਆਪਣਾ ਹੀ ਭਾਂਡਾ ਸਲਾਹੁੰਦੀ ਹੈ, ਹਰ ਕਿਸੇ ਨੂੰ ਆਪਣਾ ਸ਼ੈ ਚੰਗੀ ਲਗਦੀ ਹੈ ਤੇ ਪਰਾਈ ਮੰਦੀ ਤੇ ਨੁਕਸਾਂ ਭਰੀ ਦਿੱਸਦੀ ਹੈ

ਆਪਣਿਆਂ ਦੇ ਗਿੱਟੇ ਭੰਨਾਂ, ਚੁੰਮਾਂ ਪੈਰ ਪਰਾਇਆਂ ਦੇ - ਆਪਣੇ ਸਾਕਾਂ ਸਨਬੰਧੀਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਉਹਨਾ ਨਾਲ ਭੈਡ਼ੇ ਸਲੂਕ ਕਰਨਾ, ਪਰ ਓਪਰਿਆਂ ਨੂੰ ਚੰਗਾ ਜਾਣਨਾ ਤੇ ਉਹਨਾ ਦਾ ਆਦਰ ਸਤਕਾਰ ਕਰਨਾ

ਆਪਣੀ ਅਕਲ ਤੇ ਪਰਾਇਆ ਧਨ ਹਰ ਕਿਸੇ ਨੂੰ ਕਈ ਗੁਣਾ ਵੱਧ ਵਿਖਾਈ ਦੇਂਦਾ ਹੈ - ਜਦ ਕੋਈ ਅਗਲਿਆਂ ਦੇ ਨੁਕਸ ਕੱਢੇ ਤੇ ਉਹਨਾਂ ਨੂੰ ਅਕਲਹੀਣ ਆਖੇ, ਜਾਂ ਹੋਰਨਾਂ ਦੇ ਧਨ ਮਾਲ ਦੀ ਗਾਂਜ ਕਰੇ ਤੇ ਆਪਣੇ ਨੂੰ ਲੁਕਾਵੇ ਤੇ ਥੋਡ਼੍ਹਾ ਦੱਸੇ, ਉਸ ਮੌਕੇ ਤੇ ਇਹ ਕਹਿੰਦੇ ਹਨ

ਆਪਣੀ ਗਲੀ ਵਿਚ ਕੁੱਤਾ ਵੀ ਸ਼ੇਰ ਹੁੰਦਾ ਹੈ - ਆਪਣੇ ਘਰ ਤੇ ਆਪਣੇ ਹਮਾਇਤੀਆਂ ਵਿਚ ਬੈਠਾ ਤਾਂ ਹਰ ਕੋਈ ਆਕਡ਼-ਖਾਂ ਬਣ ਬਹਿੰਦਾ ਹੈ, ਜਿੱਥੇ ਕਿਸੇ ਦੇ ਹਮਾਇਤੀ ਸਨਬੰਧੀ ਹੋਣ, ਓਥੇ ਮਾਡ਼ਾ ਬੰਦਾ ਵੀ ਲਲਕਾਰੇ ਮਾਰਨ ਲੱਗ ਪੈਂਦਾ ਹੈ

ਆਪਣੀਆਂ ਜੁੱਤੀਆਂ ਤੇ ਆਪਣਾ ਸਿਰ - ਆਪਣੀ ਹੱਥੀਂ ਆਪਣਾ ਨੁਕਸਾਨ ਕਰਨਾ, ਆਪਣੀਂ ਪੈਰੀਂ ਆਪ ਕੁਹਾਡ਼ਾ ਮਾਰਨਾ

ਆਪਣੀਆਂ ਨਾ ਦੱਸਾਂ, ਤੇ ਪਰਾਈਆਂ ਕਰ ਕਰ ਹੱਸਾਂ - ਆਪਣੀ ਭੁੱਲ ਜਾਂ ਕਮਜ਼ੋਰੀ ਲੁਕਾਉਣੀ ਤੇ ਹੋਰਨਾ ਦੇ ਨੁਕਸ ਕੱਢ ਕੇ, ਭੁੱਲਾਂ ਉਣਤਾਈਆਂ ਨਸ਼ਰ ਕਰ ਕਰ ਕੇ ਖੁਸ਼ ਹੋਣਾ

ਆਪਣੇ ਘਰ ਪਕਾਈਂ ਨਾ, ਤੇ ਸਾਡੇ ਘਰ ਆਈਂ ਨਾ - ਅਗਲੇ ਨੂੰ ਅਜੇਹੇ ਲਾਰੇ ਲਾਈ ਜਾਣੇ ਕਿ ਨਾ ਉਹਦਾ ਕੰਮ ਆਪ ਕਰਨਾ ਤੇ ਨਾਂ ਹੀ ਉਹਨੂੰ ਆਪ ਕਰ ਲੈਣ ਦੇਣਾ

ਆਪਣੇ ਘਰ ਲੱਗੇ ਤਾਂ ਅੱਗ, ਦੂਜੇ ਘਰ ਲੱਗੇ ਤਾ ਬਸੰਤਰ - ਜਿਸ ਨੂੰ ਕੋਈ ਦੁੱਖ ਲਗਦਾ ਹੈ ਬਿਪਤਾ ਪੈਂਦੀ ਹੈ, ਪੀਡ਼ ਕਸ਼ਟ ਦਾ ਗਿਆਨ ਵੀ ਉਹਨੂੰ ਹੀ ਹੁੰਦਾ ਹੈ, ਹੋਰਨਾਂ ਦੇ ਦੁੱਖਾਂ ਨੂੰ ਇਨਸਾਨ ਏਵੇਂ ਕੇਵੇਂ ਹੀ ਗਿਣਦਾ ਹੈ, ਸਗੋਂ ਵੇਖ ਕੇ ਖੁਸ਼ ਹੁੰਦਾ ਹੈਆਪਣੇ ਨੁਕਸਾਨ ਤੋਂ ਤਾਂ ਪੀਡ਼ ਮਨਾਉਣ, ਪਰ ਅਗਲੇ ਦੇ ਨੁਕਸਾਨ ਨੂੰ ਟਿੱਚ ਸਮਝਣ ਵਾਲੇ ਬਾਰੇ ਕਹਿੰਦੇ ਹਨ

 

(ੲ)

ਇਕ ਅਨਾਰ ਤੇ ਸੌ ਬਿਮਾਰ - ਜਦ ਚੀਜ਼ ਥੋਡ਼੍ਹੀ ਹੋਵੇ ਤੇ ਉਸ ਦੇ ਲੋਡ਼ਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ

ਇਕ ਬਿੰਬੂ ਕੇ ਪਿੰਡ ਭੁੱਸਿਆਂ ਦਾ - ਜਦ ਚੀਜ਼ ਥੋਡ਼੍ਹੀ ਹੋਵੇ ਤੇ ਉਸ ਦੇ ਲੋਡ਼ਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ

ਇਕ ਬੋਟੀ ਤੇ ਸੌ ਕੁੱਤਾ - ਜਦ ਚੀਜ਼ ਥੋਡ਼੍ਹੀ ਹੋਵੇ ਤੇ ਉਸ ਦੇ ਲੋਡ਼ਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ

ਇਕ ਇਕ ਤੇ ਦੋ ਯਾਰਾਂ - ਜਮਾਤ ਕਰਾਮਾਤ, ਏਕੇ ਦੀ ਬਰਕਤ ਦੱਸਣ ਲਈ ਵਰਤਦੇ ਹਨਜਿਸ ਤਰ੍ਹਾਂ ਦੋ ਏਕੇ ਰਲ ਕੇ ਯਾਰਾਂ ਬਣ ਜਾਂਦੇ ਹਨ, ਇਸੇ ਤਰ੍ਹਾਂ ਮਾਡ਼ੇ ਬੰਦੇ ਵੀ ਜੇ ਏਕਾ ਕਰ ਲੈਣ ਤਾਂ ਉਹ ਤਕਡ਼ਿਆਂ ਨਾਲ ਵਾਰਾ ਲੈ ਸਕਦੇ ਹਨ

ਇਕ ਸੱਪ ਦੂਜਾ ਉੱਡਣਾ - ਜਦੋਂ ਇਕ ਬੰਦੇ ਵਿਚ ਇਕ ਤੋਂ ਵਧ ਕੇ ਭੈਡ਼ੇ ਗੁਣ ਹੋਣ ਤਾਂ ਕਹਿੰਦੇ ਹਨ

ਇਕ ਚੁੱਪ ਸੌ ਸੁੱਖ - ਕਈ ਮੌਕਿਆਂ ਤੇ ਆਪਣੀ ਰਾਇ ਪ੍ਰਗਟ ਕਰਨ ਨਾਲੋਂ ਚੁੱਪ ਰਹਿਣਾ ਵਧੇਰੇ ਲਾਭਦਾਇਕ ਤੇ ਸੁਖਦਾਈ ਹੁੰਦਾ ਹੈ

ਇਕ ਨੂੰ ਕੀ ਰੋਨੀ ਏਂ, ਏਥੇ ਊਤ ਗਿਆ ਈ ਆਵਾ - ਜਦ ਕੋਈ ਇਕ ਸ਼ੈ ਦੇ ਖਰਾਬ ਹੋ ਜਾਣ ਤੇ ਅਫਸੋਸ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀਆਂ ਤਾਂ ਹੋਰ ਵੀ ਕਈ ਸ਼ੈਆਂ ਖਰਾਬ ਹੋ ਗਈਆਂ ਹਨ, ਜਾਂ ਜਦ ਕੋਈ ਆਪਣੇ ਇਕ ਜਣੇ ਦੇ ਔਗੁਣ ਜਾਂ ਭੈਡ਼ੇ ਕਾਰੇ ਵੇਖ-ਵੇਖ ਝੁਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਸਾਰਾ ਲਾਣਾ ਹੀ ਖਰਾਬ ਹੋ ਗਿਆ ਹੈ ਤਾਂ ਇਹ ਅਖਾਣ ਵਰਤਦੇ ਹਨ

ਇਕ ਬੇਲੇ ਵਿਚ ਦੋ ਸ਼ੇਰ ਨਹੀਂ ਰਹਿ ਸਕਦੇ - ਦੋ ਇਕੋ ਜਿਹੇ ਤਕਡ਼ੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ

ਇਕ ਮਿਆਨ ਵਿਚ ਦੋ ਤਲਵਾਰਾਂ - ਦੋ ਇਕੋ ਜਿਹੇ ਤਕਡ਼ੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ

ਇਕ ਮੱਛੀ ਸਾਰਾ ਜਲ ਗੰਦਾ ਕਰਦੀ ਹੈ - ਇਕ ਭੈਡ਼ਾ ਆਦਮੀ ਸਾਰੇ ਸੰਗੀਆਂ ਸਾਥੀਆਂ ਦਾ ਇਤਬਾਰ ਗੁਆ ਦੇਂਦਾ ਹੈ

ਇਕੋ ਆਂਡਾ ਉਹ ਵੀ ਗੰਦਾ - ਜਦ ਕਿਸੇ ਨੂੰ ਕਿਸੇ ਇਕ ਸ਼ੈ ਜਾਂ ਜਣੇ ਦਾ ਸਹਾਰਾ ਹੋਵੇ, ਜਾਂ ਜਦ ਕਿਸੇ ਦਾ ਇਕੋ ਇਕ ਪੁੱਤ ਹੋਵੇ ਤੇ ਉਹ ਵੀ ਭੈਡ਼ਾ ਨਿਕਲ ਆਵੇ ਤਾਂ ਉਸ ਤੇ ਢੁਕਾਉਂਦੇ ਹਨ

ਇਨ੍ਹਾਂ ਤਿਲਾਂ ਵਿਚ ਤੇਲ ਨਹੀਂ - ਇਸ ਬੰਦੇ ਪਾਸੋਂ ਜਾਂ ਇਸ ਥਾਂ ਤੋਂ ਕੁਝ ਨਹੀਂ ਮਿਲਨਾ, ਆਸ ਪੂਰੀ ਨਹੀਂ ਹੋਣੀ

ਇੱਟ ਚੁੱਕਦੇ ਨੂੰ ਪੱਥਰ ਤਿਆਰ - ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ

ਇੱਟ ਦੀ ਦੇਣੀ, ਪੱਥਰ ਦੀ ਲੈਣੀ ¬- ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ

ਇੱਟ ਦਾ ਜਵਾਬ ਪੱਥਰ - ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ

ਇੱਲ ਦਾ ਨਨਾਣਵਈਆ ਕਾਂ - ਜਦ ਕਿਸੇ ਭੈਡ਼ੇ ਆਦਮੀ ਦੀ ਹਾਮੀ ਉਹਦੇ ਜਿਹਾ ਹੀ ਭਰਨ ਲੱਗੇ ਤਾਂ ਕਹਿੰਦੇ ਹਨ

ਇੱਲ ਮੁੰਡਾ ਲੈ ਗਈ, ਜਠੇਰਿਆਂ ਦਾ ਨਾਂ - ਜਦ ਕਿਸੇ ਦਾ ਬਦੋਬਦੀ ਕੋਈ ਨੁਕਸਾਨ ਹੋ ਜਾਵੇ ਤਾਂ ਉਹਦਾ ਇਹਸਾਨ ਹੋਰਨਾਂ ਸਿਰ ਚਾਡ਼੍ਹਿਆ ਜਾਵੇ ਤਾਂ ਕਹਿੰਦੇ ਹਨ

ਇੱਲਾਂ ਦੇ ਆਲਣਿਓਂ ਮਾਸ ਦੀਆਂ ਮੁਰਾਦਾਂ - ਜਿਹਡ਼ਾ ਆਪ ਹੀ ਕਿਸੇ ਸ਼ੈ ਨਾਲ ਨਾ ਰੱਜੇ ਉਸ ਤੋਂ ਉਸ ਸ਼ੈ ਦੇ ਮਿਲਣ ਦੀ ਆਸ ਕਦੇ ਪੂਰੀ ਨਹੀਂ ਹੋ ਸਕਦੀ

ਈਦੋਂ ਬਾਦ ਤੂੰਬਾ ਫੂਕਣਾ ਏਂ - ਲੋਡ਼ ਦਾ ਸਮਾਂ ਲੰਘ ਜਾਣ ਮਗਰੋਂ ਕਿਸੇ ਸ਼ੈ ਦੇ ਮਿਲਣ ਦਾ ਕੀ ਫਾਇਦਾ

 

(ਸ)

ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇਕ ਵਾਰ - ਸਸਤੀ ਸ਼ੈ ਛੇਤੀ ਖਰਾਬ ਹੋ ਜਾਂਦੀ ਹੈ ਅਤੇ ਘਡ਼ੀ ਮੁਡ਼ੀ ਨਵੀਂ ਖਰੀਦਣੀ ਪੈਂਦੀ ਹੈ, ਪਰ ਮਹਿੰਗੀ ਵਧੀਆ ਸ਼ੈ ਇਕ ਵੇਰਾਂ ਦੀ ਖਰੀਦੀ ਹੋਈ ਕਿੰਨਾਂ ਚਿਰ ਲੰਘਾ ਦੇਂਦੀ ਹੈ

ਸਹੁੰ ਦੇਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ - ਆਦਮੀ ਆਪਣੇ ਆਪ ਬਾਰੇ ਹੀ ਕਿਸੇ ਗੱਲ ਦਾ ਭਰੋਸਾ ਯਕੀਨ ਦਿਵਾ ਜਾਂ ਜੁੰਮੇਵਾਰੀ ਉਠਾ ਸਕਦਾ ਹੈ, ਹੋਰ ਕਿਸੇ ਦੇ ਮਨ ਦਾ ਕੋਈ ਪਤਾ ਨਹੀਂ ਹੁੰਦਾ

ਸਹੇ ਦੀ ਨਹੀਂ, ਮੈਨੂੰ ਪਹੇ ਦੀ ਪਈ ਹੈ - ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ, ਤਦ ਵਰਤਦੇ ਹਨ

ਸਹੇ ਨੂੰ ਨਹੀਂ ਰੋਂਦੀ, ਪਹੇ ਨੂੰ ਰੋਂਦੀ ਹਾਂ - ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ, ਤਦ ਵਰਤਦੇ ਹਨ

ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ - ਉੱਤੋਂ ਬੀਬੀਆਂ ਦਾਡ਼੍ਹੀਆਂ ਵਿਚੋਂ ਕਾਲੇ ਕਾਂ, ਬਾਹਰੋਂ ਨੇਕ ਤੇ ਭਜਨੀਕ ਜਾਪਣਾ, ਪਰ ਕੰਮ ਕਰਨੇ ਭੈਡ਼ੇ ਤੇ ਬੇਧਰਮੀਆਂ ਵਾਲੇ

ਸੱਜਣ ਛੱਡੀਏ ਰੰਗ ਸਿਊ, ਬਹੁਡ਼ ਵੀ ਆਵਣ ਕੰਮ - ਜੇ ਸੱਜਣ ਮਿੱਤਰਾਂ ਤੋਂ ਵਿਛਡ਼ਨਾ ਤੇ ਅੱਡ ਹੋਣਾ ਹੀ ਪਵੇ, ਤਾਂ ਰੁੱਸ ਲਡ਼ ਕੇ ਨਹੀਂ, ਸਗੋਂ ਸੁਲ੍ਹਾ-ਸਫਾਈ ਨਾਲ ਜਾਣਾ ਚਾਹੀਦਾ ਹੈ, ਤਾਂ ਜੁ ਫਿਰ ਵੀ ਕਿਤੇ ਕੰਮ ਆ ਸਕਣ

ਸੱਤ ਡਿੱਗਾ ਜਹਾਨ ਡਿੱਗਾ - ਜਦ ਕਿਸੇ ਦਾ ਆਚਰਨ ਜਾਂ ਧਰਮ ਜਾਂਦਾ ਰਹੇ, ਤਾਂ ਸਮਝੋ ਕਿ ਉਹਦਾ ਸਭ ਕੁਝ ਹੀ ਜਾਂਦਾ ਰਿਹਾ, ਧਰਮ ਹੀਣ, ਤਾਂ ਸਭ ਹੀਣ

ਸੱਦੀ ਨਾ ਪੁੱਛੀ, ਮੈਂ ਲਾਡ਼ੇ ਦੀ ਫੁੱਫੀ - ਜਦ ਕੋਈ ਬਦੇ-ਬਦੀ ਅਗਾਂਹ ਚੌਧਰੀ ਬਣਦਾ ਫਿਰੇ, ਕਿਸੇ ਕੰਮ ਵਿਚ ਵਾਧੂ ਦਖਲ ਦੇਵੇ ਤੇ ਬਦੋ-ਬਦੀ ਖਡ਼ਪੈਂਚ ਬਣਨ ਦੇ ਜਤਨ ਕਰੇ ਤਾਂ ਵਰਤਦੇ ਹਨ

ਸੱਦੀ ਨਾ ਬੁਲਾਈ, ਮੈਂ ਲਾਡ਼ੇ ਦੀ ਤਾਈ - ਜਦ ਕੋਈ ਬਦੇ-ਬਦੀ ਅਗਾਂਹ ਚੌਧਰੀ ਬਣਦਾ ਫਿਰੇ, ਕਿਸੇ ਕੰਮ ਵਿਚ ਵਾਧੂ ਦਖਲ ਦੇਵੇ ਤੇ ਬਦੋ-ਬਦੀ ਖਡ਼ਪੈਂਚ ਬਣਨ ਦੇ ਜਤਨ ਕਰੇ ਤਾਂ ਵਰਤਦੇ ਹਨ

ਸੱਪ ਨੂੰ ਸੱਪ ਲਡ਼ੇ, ਤੇ ਵਿਹੁ ਕੀਹਨੂੰ ਚਡ਼੍ਹੇ ? - ਜਦ ਦੋ ਇਕੋ ਜਿਹੇ ਕੁਪੱਤੇ ਆਦਮੀ ਆਪੋ ਵਿਚ ਲਡ਼ਨ ਲੱਗ ਪੈਣ, ਤਾਂ ਆਖਦੇ ਹਨ ਕਿ ਭਈ ਵੇਖੀਏ ਦੋਹਾਂ ਵਿਚੋਂ ਕਿਹਨੂੰ ਨੁਕਸਾਨ ਪਹੁੰਚਦਾ ਹੈ

ਸੱਭੇ ਭੇਡਾਂ ਮੂੰਹ ਕਾਲੀਆਂ - ਏਥੇ ਸਾਰੇ ਦੇ ਸਾਰੇ ਬੰਦੇ ਹੀ ਭੈਡ਼ੇ ਹਨ

ਸਾਂਝੀ ਹਾਂਡੀ ਚੁਰਾਹੇ ਫੁੱਟੇ - ਜਿਹਡ਼ੇ ਕੰਮ ਦੀ ਜੁੰਮੇਵਾਰੀ ਬਹੁਤਿਆਂ ਦੇ ਸਿਰ ਹੋਵੇ, ਉਹ ਕਦੇ ਵੀ ਨੇਪਰੇ ਨਹੀਂ ਚਡ਼੍ਹਦਾ, ਕੋਈ ਵੀ ਉਹਦੇ ਵੱਲ ਧਿਆਨ ਨਹੀਂ ਕਰਦਾਸਾਂਝੀ ਚੀਜ਼ ਦੀ ਕੋਈ ਸੰਭਾਲ ਨਹੀਂ ਕਰਦਾ

ਸਾਂਝਾ ਬਾਬਾ ਕੋਈ ਨਾ ਪਿੱਟੇ - ਜਿਹਡ਼ੇ ਕੰਮ ਦੀ ਜੁੰਮੇਵਾਰੀ ਬਹੁਤਿਆਂ ਦੇ ਸਿਰ ਹੋਵੇ, ਉਹ ਕਦੇ ਵੀ ਨੇਪਰੇ ਨਹੀਂ ਚਡ਼੍ਹਦਾ, ਕੋਈ ਵੀ ਉਹਦੇ ਵੱਲ ਧਿਆਨ ਨਹੀਂ ਕਰਦਾਸਾਂਝੀ ਚੀਜ਼ ਦੀ ਕੋਈ ਸੰਭਾਲ ਨਹੀਂ ਕਰਦਾ

ਸਾਨੂੰ ਸੱਜਣ ਸੌ ਮਿਲੇ ਗਲੀ ਲੱਗੀਆਂ ਬਾਹੀਂ - ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾਡ਼ੇ ਜਾਂ ਗਰੀਬ ਸਾਕ ਮਿੱਤਰ ਟੱਕਰ ਪੈਣ, ਤਾਂ ਕਹਿੰਦੇ ਹਨ

ਸਾਡੇ ਉੱਤੇ ਜੁੱਲੀਆਂ, ਉਹਨਾਂ ਤੇ ਉਹ ਵੀ ਨਾਹੀਂ - ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾਡ਼ੇ ਜਾਂ ਗਰੀਬ ਸਾਕ ਮਿੱਤਰ ਟੱਕਰ ਪੈਣ, ਤਾਂ ਕਹਿੰਦੇ ਹਨ

ਸਾਰਾ ਜਾਂਦਾ ਵੇਖੀਏ ਤਾਂ ਅੱਧਾ ਦੇਈਏ ਲੁਟਾ - ਜਦੋਂ ਬਹੁਤਾ ਨੁਕਸਾਨ ਹੁੰਦਾ ਦਿਸਦਾ ਹੋਵੇ, ਤੇ ਆਪਣੇ ਆਪ ਹੀ ਥੋਡ਼੍ਹਾ ਜਿਹਾ ਨੁਕਸਾਨ ਝੱਲਿਆਂ ਬਾਕੀ ਦੀ ਰਾਸ ਪੂੰਜੀ ਬਚ ਸਕਦੀ ਹੋਵੇ,ਤਾਂ ਇਹ ਥੋਡ਼੍ਹਾ ਨੁਕਸਾਨ ਖੁਸ਼ਈ ਨਾਲ ਝੱਲ ਲੈਣਾ ਚਾਹੀਦਾ ਹੈ

ਸਾਰੀ ਰਾਤ ਭੰਨੀ, ਤੇ ਕੁਡ਼ੀ ਜੰਮ ਪਈ ਅੰਨ੍ਹੀ - ਮਿਹਨਤ ਤਕਲੀਫ ਬਹੁਤ ਵਧੇਰੇ ਤੇ ਸਿੱਟਾ ਬਹੁਤ ਘਟੀਆ

ਸਿਰ ਤੇ ਨਹੀਂ ਕੁੰਡਾ, ਤੇ ਹਾਥੀ ਫਿਰੇ ਲੁੰਡਾ - ਜਦ ਕਿਸੇ ਨੂੰ ਰੋਕਣ ਵਰਜਣ ਵਾਲਾ ਕੋਈ ਨਾ ਹੋਵੇ, ਤੇ ਉਹ ਬੇ-ਲਗਾਮੇ ਘੋਡ਼ੇ ਵਾਂਙ ਜਿੱਧਰ ਜੀ ਕਰੇ ਪਿਆ ਫਿਰੇ ਤੇ ਜੋ ਜੀ ਕਰੇ ਕਰਦਾ ਫਿਰੇ, ਤਾਂ ਕਹਿੰਦੇ ਹਨ

ਸੋਚ ਕਰੇ ਸੋ ਸੁੱਘਡ਼ ਨਰ, ਕਰ ਸੋਚੇ ਅਸਲ ਖਰ - ਕੋਈ ਕੰਮ ਕਰਨੋਂ ਪਹਿਲਾਂ ਉਹਦੇ ਸਿੱਟਿਆਂ ਆਦਿਕ ਬਾਰੇ ਪੂਰੀ ਵਿਚਾਰ ਕਰਨੀ ਸਿਆਣਿਆਂ ਦਾ ਕੰਮ ਹੈ, ਮੂਰਖ ਲੋਕ ਕੰਮ ਕਰਨ ਮਗਰੋਂ ਸੋਚਦੇ ਤੇ ਪਛਤਾਉਂਦੇ ਹਨ, ਪਰ 'ਜੇ' ਹੱਥ ਨਹੀਂ ਆਉਂਦੀ

ਸੌ ਸਿਆਣਿਆਂ ਇਕੋ ਮੱਤ, ਮੂਰਖ ਆਪੋ ਆਪਣੀ - ਸਪਸ਼ਟ ਹੈ

ਸੌ ਸੁਨਿਆਰ ਦੀ, ਇਕ ਲੁਹਾਰ ਦੀ - ਮਾਡ਼ੇ ਆਦਮੀ ਸੌ ਸੱਟਾਂ ਮਾਰ ਕੇ ਉੰਨਾ ਨੁਕਸਾਨ ਨਹੀਂ ਕਰ ਸਕਦੇ, ਜਿੰਨਾ ਤਕਡ਼ਾ ਆਦਮੀ ਇਕੋ ਸੱਟ ਨਾਲ ਕਰ ਸਕਦਾ ਹੈ

ਸੌ ਦਾਰੂ ਇਕ ਘਿਉ, ਸੋ ਚਾਚਾ ਇਕ ਪਿਉ - ਸਪਸ਼ਟ ਹੈ

ਸੌ ਦਿਨ ਚੋਰ ਦਾ, ਇਕ ਦਿਨ ਸਾਧ ਦਾ - ਚੋਰਾਂ ਉੱਚਕਿਆਂ ਨੂੰ ਸਦਾ ਸਫਲਤਾ ਨਹੀਂ ਹੁੰਦੀ ਰਹਿੰਦੀ, ਕਦੇ ਨ ਕਦੇ ਸਾਧੂਆਂ (ਭਲੇਮਾਨਸਾਂ) ਨੂੰ ਵੀ ਮੌਕਾ ਮਿਲਦਾ ਹੈ, ਉੱਚਕਿਆਂ ਨੂੰ ਨੰਗੇ ਹੋਏ ਅਤੇ ਕੁੱਟੀਦੇ ਵੇਖਣ ਦਾ

ਸੌਣਾ ਰੂਡ਼ੀਆਂ ਤੇ, ਸੁਫਣੇ ਲੈਣੇ ਸ਼ੀਸ਼ ਮਹਿਲਾਂ ਦੇ - ਆਪਣੀ ਵਿਤੋਂ ਵਧ ਕੇ ਆਸਾਂ ਲਾਉਣੀਆਂ ਤੇ ਖਾਹਿਸ਼ਾਂ ਪ੍ਰਗਟ ਕਰਨੀਆਂ

 

(ਹ)

ਹੱਸਣੇ ਘਰ ਵੱਸਣੇ - ਹੱਸਦੇ ਖੇਡਦੇ ਦੇ ਖਿਡ਼ੇ ਮੱਥੇ ਰਹਿਣ ਵਾਲੇ ਸਦਾ ਸੁਖੀ ਹੁੰਦੇ ਹਨ

ਹਸਾਏ ਦਾ ਨਾਂ ਨਹੀਂ, ਰੁਆਏ ਦਾ ਨਾਂ - ਜਿਹਡ਼ੇ ਸੁੱਖ ਦਿੱਤੇ ਹਨ ਉਹ ਭੁੱਲ ਗਏ, ਅਤੇ ਜੇ ਕਦੀ ਕੋਈ ਤਕਲੀਫ ਦਿੱਤੀ ਗਈ, ਉਹ ਚੇਤੇ ਰਹਿ ਗਈ

ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ - ਕੰਮ ਵਿਗਡ਼ ਤਾਂ ਸਹਿਜ ਹੀ ਜਾਂਦੇ ਹਨ, ਪਰ ਵਿਗਡ਼ੇ ਕੰਮਾਂ ਨੂੰ ਠੀਕ ਕਰਨਾ ਬਡ਼ਾ ਔਖਾ ਹੁੰਦਾ ਹੈ

ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ - ਜੇ ਵਿਰੋਧੀਆਂ ਅੱਗੇ ਝੁਕਦੇ ਜਾਈਏ, ਤਾਂ ਉਹ ਅੱਗੋਂ ਹੋਰ ਭੂਹੇ ਆਈ ਜਾਂਦੇ ਹਨ. ਕਰਡ਼ਾਈ ਵਰਤਿਆਂ ਹੀ ਉਹ ਸੂਤ ਆਉਂਦੇ ਹਨ

ਹਮ ਨਾ ਵਿਆਹੇ, ਤਾਂ ਕਾਹਦੇ ਸਾਹੇ ? - ਕਿਸੇ ਸ਼ੈ ਦਾ ਹੋਰਨਾਂ ਨੂੰ ਭਾਵੇਂ ਕਿੰਨਾਂ ਸੁਖ ਲਾਭ ਪਿਆ ਹੋਵੇ, ਜੇ ਸਾਨੂੰ ਉਹ ਸੁਖ, ਲਾਭ ਨਹੀਂ ਨਸੀਬ ਤਾਂ ਉਹ ਸ਼ੈ ਜਿਹੀ ਹੋਈ ਤਿਹੀ ਨਾ ਹੋਈ

ਹਾਂ ਜੀ, ਹਾਂ ਜੀ ਕਹਿਣਾ ਸਦਾ ਸੁਖੀ ਰਹਿਣਾ - ਨਿਉਂ ਕੇ ਅਗਲੇ ਦਾ ਆਦਰ ਸਤਕਾਰ ਕਰ ਕੇ, ਵਰਤਣਾ ਵਿਚਰਨਾ ਸੁਖੀ ਰਹਿਣ ਦਾ ਸਾਧਨ ਵਸੀਲਾ ਹੈ

ਹਾਂਡੀ ਉਬਲੇਗੀ, ਤਾਂ ਆਪਣੇ ਹੀ ਕੰਢੇ ਸਾਡ਼ੇਗੀ - ਮਾਡ਼ੇ ਨਿਤਾਣੇ ਬੰਦੇ ਦਾ ਗੁੱਸਾ ਉਹਨੂੰ ਹੀ ਸਾਡ਼ਦਾ ਭੁੰਨਦਾ ਤੇ ਦੁਖੀ ਕਰਦਾ ਹੈ, ਹੋਰ ਕਿਸੇ ਦਾ ਕੁਝ ਨਹੀਂ ਵਿਗਾਡ਼ ਸਕਦਾ

ਹਾਥੀ ਲੰਘ ਗਿਆ ਤੇ ਪੂਛ ਬਾਕੀ ਰਹਿ ਗਈ - ਬਹੁਤੀ ਗਈ ਵਿਹਾ, ਤੇ ਥੋਡ਼੍ਹੀ ਗਈ ਆ, ਕੰਮ ਦਾ ਬਹੁਤ ਵਡੇਰਾ ਤੇ ਔਖੇਰਾ ਹਿੱਸਾ ਮੁੱਕ ਗਿਆ, ਏਵੇਂ ਥੋਡ਼੍ਹਾ ਤੇ ਮਾਮੂਲੀ ਜਿਹਾ ਰਹਿ ਗਿਆ ਹੈ

ਹੀਲੇ ਰਿਜਕ, ਬਹਾਨੇ ਮੌਤ - ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ, ਹੱਥ ਪੈਰ ਹਿਲਾਇਆਂ ਬਿਨਾਂ ਕੁਝ ਨਹੀਂ ਬਣਦਾ

ਹੋਰੀ ਨੂੰ ਹੋਰੀ ਦੀ, ਅੰਨ੍ਹੇਂ ਨੂੰ ਡੰਗੋਰੀ ਦੀ - ਜਿਸ ਸ਼ੈ ਦੀ ਕਿਸੇ ਨੂੰ ਲੋਡ਼ ਹੁੰਦੀ ਹੈ, ਉਹਨੂੰ ਉਸੇ ਦਾ ਹੀ ਖਿਆਲ ਫਿਕਰ ਰਹਿੰਦਾ ਹੈ

 

(ਕ)

ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਾਡ਼ਛਾ - ਜਦੋਂ ਕਿਸੇ ਘਟੀਆ ਸਸਤੀ ਚੀਜ਼ ਦੀ ਸਜਾਵਟ ਬਡ਼ੀ ਵਧੀਆ ਕੀਮਤੀ ਸ਼ੈ ਨਾਲ ਕੀਤੀ ਹੋਈ ਹੋਵੇ, ਤਾਂ ਕਹਿੰਦੇ ਹਨ

ਕੱਖਾਂ ਦੀ ਬੇਡ਼ੀ ਤੇ ਬਾਂਦਰ ਮੱਲਾਹ - ਜਦ ਬਹੁਤ ਔਖਾ ਤੇ ਸਿਆਣਿਆਂ ਦੇ ਕਰਨ ਵਾਲਾ ਕੰਮ ਕਿਸੇ ਮੂਰਖ ਤੇ ਅਣਜਾਣ ਬੰਦੇ ਦੇ ਸਪੁਰਦ ਕੀਤਾ ਗਿਆ ਹੋਵੇ, ਤਾਂ ਕਹਿੰਦੇ ਹਨ

ਕੱਛ ਵਿਚ ਛੁਰੀ, ਤੇ ਮੂੰਹ ਵਿਚ ਰਾਮ-ਰਾਮ - ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ

ਕੰਡੇ ਨਾਲ ਹੀ ਕੰਡਾ ਕੱਢੀਦਾ ਹੈ - ਜਿਹੋ ਜਿਹਾ ਕੋਈ ਹੋਵੇ, ਉਸ ਨਾਲ ਵਾਰਾ ਸਾਰਾ ਕੋਈ ਉਹਦੇ ਵਰਗਾ ਤੇ ਸਾਵਾਂ ਬੰਦਾ ਹੀ ਲੈ ਸਕਦਾ ਹੈ

ਕਣਕ ਖੇਤ, ਕੁਡ਼ੀ ਪੇਟ, ਆ ਜਵਾਈਆ ਮੰਡੇ ਖਾ - ਅਜੇ ਹੱਥ ਪੱਲੇ ਕੁਝ ਵੀ ਨਹੀਂ ਆਇਆ ਹੋਣਾ, ਕੇਵਲ ਆਸਾਂ ਦੇ ਆਸਰੇ ਖਰਚ ਕਰਨ ਅਤੇ ਜੁੰਮੇਵਾਰੀਆ ਚੁੱਕਣ ਲੱਗ ਪੈਣਾ

ਕਦੇ ਤੋਲਾ, ਕਦੇ ਮਾਸਾ, ਉਹਦੀ ਗੱਲ ਦਾ ਕੀ ਭਰਵਾਸਾ ? - ਜਿਹਡ਼ਾ ਆਦਮੀ ਕਦੇ ਕੁਝ ਕਹੇ ਤੇ ਕਦੇ ਕੁਝ, ਕਦੇ ਵੱਡੇ ਇਕਰਾਰ ਕਰੇ ਤੇ ਕਦੇ ਮਨਸੂਬੇ ਬੰਨ੍ਹੇ ਅਤੇ ਕਦੇ ਢੇਰੀ ਢਾਹ ਬੈਠੇ, ਉਹਦੇ ਇਕਰਾਰਾਂ ਉਤੇ ਭਰੋਸਾ ਨਹੀਂ ਕੀਤਾ ਜੀ ਸਕਦਾ

ਕੰਧ ਨੂੰ ਵੀ ਕੰਨ ਹੁੰਦੇ ਹਨ - ਲੁਕ ਕੇ ਕੀਤੀ ਗੱਲ ਦੇ ਵੀ ਪ੍ਰਗਟ ਹੋ ਜਾਣ ਦਾ ਡਰ ਹੁੰਦਾ ਹੈ

ਕੰਨਾਂ ਦਾ ਕੱਚਾ, ਕਦੇ ਨਾ ਹੁੰਦਾ ਸੁੱਚਾ - ਲਾਈ ਲੱਗ ਦਾ ਕੋਈ ਇਤਬਾਰ ਨਹੀਂ ਹੋ ਸਕਦਾ, ਉਹ ਤਾਂ ਜਿਸ ਨੇ ਲਾਈ ਗੱਲੀਂ, ਨਾਲ ਉੱਠ ਚੱਲੀ ਵਾਲੀ ਗੱਲ ਕਰਦਾ ਹੈਜਿਹਡ਼ਾ ਆਦਮੀ ਹਰ ਕਿਸੇ ਦੀ ਗੱਲ ਉੱਪਰ ਇਤਬਾਰ ਕਰ ਲਵੇ, ਉਹ ਕਿਸੇ ਗੱਲ ਤੇ ਕਾਇਮ ਨਹੀਂ ਰਹਿ ਸਕਦਾ

ਕੰਮ ਤੇ ਰਹੇ ਤਾਂ ਕਾਜ਼ੀ, ਨਾ ਰਹੇ ਤਾਂ ਪਾਜੀ - ਜਿੰਨਾ ਚਿਰ ਕਿਸੇ ਤੋਂ ਮਤਲਬ ਲੈਣਾ ਹੁੰਦਾ ਹੈ, ਉੱਨਾਂ ਚਿਰ ਉਹਨੂੰ ਸਲਾਹੁਣਾ ਵਡਿਆਉਣਾ, ਤੇ ਮਗਰੋਂ ਉਸੇ ਨੂੰ ਭੰਡਣ ਲੱਗ ਪੈਣਾ

ਕੰਮ ਦਾ ਨਾ ਕਾਜ ਦਾ, ਵੈਰੀ ਅਨਾਜ਼ ਦਾ - ਵਿਹਲਾ ਬਹਿ ਕੇ ਖਾਣ-ਪੀਣ ਤੇ ਹੀ ਲੱਕ ਬੰਨ੍ਹਿਆ ਹੋਣਾ, ਸ਼ਬਦ ਨਾ ਸਲੋਕ, ਬਾਬਾ ਟਿੱਕੀਆਂ ਦਾ ਠੋਕ

ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ - ਫਡ਼੍ਹਾਂ ਬਹੁਤ ਵੱਡੀਆਂ ਵੱਡੀਆਂ ਮਾਰਨੀਆਂ ਪਰ ਹੱਥੀਂ ਕੁਝ ਵੀ ਨਾ ਕਰਨਾ

ਕਰਮ ਹੀਣ ਖੇਤੀ ਕਰੇ, ਸੋਕਾ ਪਵੇ ਜਾਂ ਢੱਗਾ ਮਰੇ - ਭਾਗਾਂ ਬਿਨਾਂ ਉੱਦਮ ਕੀਤੇ ਵੀ ਸਫਲ ਨਹੀਂ ਹੁੰਦੇ, ਤਦਬੀਰ ਨਾਲੋਂ ਤਕਦੀਰ ਵਧੇਰੇ ਜੋਰਾਵਰ ਹੁੰਦੀ ਹੈ

ਕਰ ਮਜੂਰੀ ਖਾ ਚੂਰੀ - ਸੇਵਾ ਨੂੰ ਮੇਵਾ, ਡੋਲ੍ਹ ਰਤ ਤੇ ਖਾ ਭੱਤ, ਰੱਖ ਦੇਹ ਤੇ ਖਾ ਖੇਹ, ਮਿਹਨਤ ਕੀਤਿਆਂ ਹੀ ਸੁਖ ਭੋਗ ਸਕੀਦਾ ਤੇ ਸੁਖ ਭੋਗਣ ਦੇ ਹੱਕਦਾਰ ਬਣੀਦਾ ਹੈ

ਕੱਲ ਜੰਮੀ ਗਿੱਦਡ਼ੀ ਤੇ ਅੱਜ ਹੋਇਆ ਵਿਆਹ - ਉਮਰ ਦਾ ਕੱਚਾ ਹੈ, ਪਰ ਪੈਰ ਵੱਡਿਆਂ ਵੱਡਿਆਂ ਵਿਚ ਵਧ ਕੇ ਰੱਖਦਾ ਹੈ

ਕਲ੍ਹਾ ਕਲੰਦਰ ਵੱਸੇ, ਤੇ ਘਡ਼ਿਓਂ ਪਾਣੀ ਨੱਸੇ - ਜਿੱਥੇ ਫੁੱਟ ਤੇ ਲਡ਼ਾਈ ਹੁੰਦੀ ਰਹੇ, ਉਹ ਟੱਬਰ ਬਰਾਦਰੀ ਕੌਮ ਸਦਾ ਤਬਾਹ ਹੁੰਦੀ ਹੈ

ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ - ਕਾਹਲੀ ਵਿਚ ਕੀਤਾ ਹੋਇਆ ਕੰਮ ਕਦੇ ਸੂਤ ਨਹੀਂ ਬਹਿੰਦਾ

ਕਾਠ ਦੀ ਹਾਂਡੀ ਇੱਕੋ ਵੇਰ ਚਡ਼੍ਹਦੀ ਹੈ - ਧੋਖੇਬਾਜ ਦਾ ਕੋਈ ਦੂਜੀ ਵੇਰ ਇਤਬਾਰ ਨਹੀਂ ਕਰਦਾ, ਧੋਖਾ ਫਰੇਬ ਕਦੇ ਕਾਮਯਾਬ ਨਹੀਂ ਰਹਿੰਦਾ, ਪਾਜ ਉੱਖਡ਼ ਹੀ ਜਾਂਦਾ ਹੈ

ਕਾਲ ਦੀ ਬੱਧੀ ਨਾ ਮੰਗਿਆ, ਪਰ ਬਾਲ ਦੀ ਬੱਧੀ ਮੰਗਿਆ - ਜਦ ਆਪ ਔਖੇ ਹੋਈਏ ਤਾਂ ਔਖਿਆਈ ਝੱਲ ਲਈਦੀ ਹੈ, ਕਿਸੇ ਅੱਗੇ ਹੱਥ ਨਹੀਂ ਅੱਡੀਦੇ ਤੇ ਕਿਸੇ ਨੂੰ ਵਗਾਰ ਖੇਚਲ ਨਹੀਂ ਪਾਈਦੀ, ਪਰ ਜਦ ਧੀ-ਪੁੱਤ ਨੂੰ ਲੋਡ਼ ਜਾਂ ਔਖਿਆਈ ਬਣ ਜਾਵੇ, ਤਾਂ ਮਾਪੇ ਢੀਠ ਹੋ ਕੇ ਮੰਗਣ ਨੂੰ ਜਾਂ ਅਗਲੇ ਨੂੰ ਖੇਚਲ ਪਾਉਣ ਲਈ ਮਜ਼ਬੂਰ ਹੋ ਜਾਂਦੇ ਹਨ

ਕਾਲੇ ਕਦੇ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ - ਪੱਕਿਆ ਹੋਇਆ ਜਾਂ ਜਮਾਂਦਰੂ ਸੁਭਾ ਬਦਲ ਨਹੀਂ ਸਕਦਾ

ਕਿਥੇ ਰਾਜਾ ਭੋਜ, ਕਿੱਥੇ ਗੰਗਾ ਤੇਲੀ ? - ਮਾਡ਼ੇ ਗਰੀਬ ਬੰਦੇ ਤਕਡ਼ਿਆਂ ਧਨਾਢਾਂ ਦੀ ਰੀਸ ਨਹੀਂ ਕਰ ਸਕਦੇ

ਕੀਡ਼ੀ ਦੀ ਮੌਤ ਆਉਂਦੀ ਹੈ ਤਾਂ ਉਸਨੂੰ ਖੰਭ ਲੱਗ ਜਾਂਦੇ ਹਨ - ਜਦੋਂ ਕਿਸੇ ਦੇ ਦਿਨ ਭੈਡ਼ੇ ਆਉਂਦੇ ਹਨ, ਉਹ ਵਿਤੋਂ ਵਧ ਕੇ ਛਾਲਾਂ ਮਾਰਨ ਤੇ ਔਖੇ-ਔਖੇ ਕੰਮਾਂ ਨੂੰ ਹੱਥ ਪਾਉਣ ਲੱਗ ਪੈਂਦਾ ਹੈ, ਅਤੇ ਨੁਕਸਾਨ ਉਠਾਉਂਦਾ ਹੈ

ਕੁੱਕਡ਼ ਖੇਹ ਉਡਾਈ, ਆਪਣੇ ਹੀ ਸਿਰ ਪਾਈ - ਖੱਪ ਪਾ ਕੇ ਆਪਣੀ ਬੇ-ਇੱਜਤੀ ਆਪੇ ਕਰਾ ਲਈ

ਕੁੱਤਾ ਰਾਜ ਬਹਾਲੀਏ, ਊਠ ਚੱਕੀ ਚੱਟੇ - ਜੇ ਮਮੂਲੀ ਸੱਤੇ ਤੇ ਘਟੀਆ ਹੈਸੀਅਤ ਵਾਲੇ ਬੰਦੇ ਨੂੰ ਬਹੁਤ ਉੱਚੀ ਪਦਵੀ ਦਿੱਤੀ ਜਾਵੇ, ਤਾਂ ਉਹ ਆਪਣੀ ਖ਼ਸਲਤ ਮੁਤਾਬਕ ਹੀ ਵਰਤੋਂ ਵਰਤਾਰਾ ਕਰਦਾ ਹੈ

ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ - ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ

ਕੁੱਤੇ ਦੀ ਪੂਛ ਨੂੰ ਬਾਰਾਂ ਵਰ੍ਹੇ ਵੰਝਲੀ ਵਿਚ ਪਾ ਛੱਡਿਆ, ਉਹ ਫੇਰ ਵੀ ਵਿੰਗੀ ਦੀ ਵਿੰਗੀ - ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ

ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਜਾ ਮਸੀਤੇ ਹੱਗਦਾ ਹੈ - ਜਦ ਕਿਸੇ ਦੇ ਦਿਨ ਭੈਡ਼ੇ ਹੋਣ ਤਾਂ ਉਹਦੀ ਮੱਤ ਮਾਰੀ ਜਾਂਦੀ ਹੈ, ਅਤੇ ਉਹ ਅਜੇਹੀ ਕਰਤੂਤ ਕਰਦਾ ਹੈ ਜਿਸ ਤੋਂ ਉਹਨੂੰ ਬਹੁਤ ਨੁਕਸਾਨ ਹੁੰਦਾ ਹੈ

ਕੁੱਤੇ ਭੋਂਕਣ ਤਾਂ ਚੰਦ ਨੂੰ ਕੀ ? - ਬੰਦੇ ਦਾ ਥੁੱਕਿਆ ਚੰਦ ਤੀਕ ਨਹੀਂ ਅੱਪਡ਼ਦਾ, ਸੱਚੇ ਸੁੱਚੇ ਆਦਮੀ ਦੀ ਲੋਕੀਂ ਭਾਵੇਂ ਕਿੰਨੀ ਨਿੰਦਿਆ ਪਏ ਕਰਨ ਉਹ ਉਹਦਾ ਕੁਝ ਨਹੀਂ ਵਿਗਾਡ਼ ਸਕਦੇ

ਕੋਹ ਨਾ ਤੁਰੀ, ਬਾਬਾ ਤਿਹਾਈ - ਜਿਹਡ਼ੀ ਆਦਮੀ ਕੋਈ ਕੰਮ ਕਰਦਿਆਂ ਹੀ ਕਹਿਣ ਲੱਗ ਪਵੇ ਕਿ ਮੈਂ ਥੱਕ ਗਿਆ ਹਾਂ, ਸਾਹ ਲੈ ਲੈਣ ਦਿਓ, ਉਸ ਤੇ ਢੁਕਾਉਂਦੇ ਹਨ

ਕੋਠੀ ਉੱਸਰਿਆ, ਤਰਖਾਣ ਵਿੱਸਰਿਆ - ਜਦ ਕਿਸੇ ਗੋਚਰਾ ਕੰਮ ਪੂਰਾ ਹੋ ਜਾਵੇ ਤੇ ਉਹਦੀ ਲੋਡ਼ ਨਾ ਰਹਿ ਜਾਵੇ, ਤਾਂ ਉਹਦੀ ਕੋਈ ਪਰਵਾਹ ਨਹੀਂ ਕਰਦਾ

ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ - ਇਸ ਮਾਮਲੇ ਵਿਚ ਦਖਲ ਦੇਣ ਦਾ ਲਾਭ ਕੁਝ ਨਹੀਂ ਹੋਣਾ, ਵਾਧੂ ਤਕਲੀਫ ਤੇ ਬਦਨਾਮੀ ਹੀ ਮਿਲੇਗੀ

ਕੌਣ ਕਹੇ ਰਾਣੀਏ ਅੱਗਾ ਢਕ - ਵੱਡੇ ਡਾਢੇ ਲੋਕਾਂ ਦੇ ਔਗੁਣ ਜਾਂ ਭੁੱਲਾਂ ਉਹਨਾਂ ਸਾਹਮਣੇ ਕੋਈ ਨਹੀਂ ਚਿਤਾਰ ਸਕਦਾ

 

(ਖ)

ਖੰਡ, ਖੰਡ ਆਖਿਆਂ ਮੂੰਹ ਮਿੱਠਾ ਨਹੀਂ ਹੋ ਜਾਂਦਾ - ਨਿਰੀਆਂ ਪੂਰੀਆਂ ਗੱਲਾਂ ਤੇ ਮੂੰਹ ਜ਼ਬਾਨੀ ਦੇ ਲਾਰਿਆਂ ਨਾਲ ਕਿਸੇ ਦੀ ਨਿਸ਼ਾ ਨਹੀਂ ਹੋ ਸਕਦੀਰੋਟੀ ਰੋਟੀ ਆਖਿਆਂ ਢਿੱਡ ਨਹੀਂ ਭਰਦਾ ਤੇ ਭੁੱਖ ਨਹੀਂ ਲਹਿੰਦੀ

ਖਾਈ ਭਲੀ ਕਿ ਮਾਈ ? ਖਾਈ ਭਲੀ ਕਿ ਜਾਈ ? - ਜਿਹਡ਼ਾ ਖਾਣ-ਪੀਣ ਨੂੰ ਦੇਵੇ ਉਹਨੂੰ ਮਾਂ, ਧੀਆਂ, ਪੁੱਤਾਂ ਆਦਿ ਨਾਲੋਂ ਚੰਗੇਰਾ ਗਿਣਿਆ ਜਾਂਦਾ ਹੈ

ਖਾਈਏ ਮਨ ਭਾਉਂਦਾ, ਹੰਢਾਈਏ ਜਗ ਭਾਉਂਦਾ - ਖੁਰਾਕ ਆਪਣੀ ਮਰਜ਼ੀ ਲੋਡ਼ ਮੁਤਾਬਕ ਖਾਓ, ਪਰ ਪੁਸ਼ਾਕ ਅਜੇਹੀ ਪਹਿਨੋ ਜਿਸ ਨੂੰ ਲੋਕੀ ਠੀਕ ਸਮਝਣ

ਖਾਣ ਪੀਣ ਨੂੰ ਗੱਲਾਂ, ਤੇ ਮਾਰ ਖਾਣ ਨੂੰ ਇਕੱਲਾ - ਜਦ ਖਾਣ-ਪੀਣ ਤੇ ਮੌਜ ਬਹਾਰਾਂ ਕਰਨ ਦਾ ਵੇਲਾ ਸੀ, ਤਾਂ ਬਹੁਤ ਜਾਣੇ ਭਾਈਵਾਲ ਸਨ, ਜਦ ਇਸ ਖਾਣ ਪੀਣ ਬਦਲੇ ਦੁੱਖ ਜਾਂ ਜੁੰਮੇਵਾਰੀ ਸਿਰ ਆ ਗਈ, ਤਾਂ ਸਭ ਕੁਝ ਇੱਕਲੇ ਨੂੰ ਹੀ ਝੱਲਣਾ ਪਿਆ

ਖਾਣ ਪੀਣ ਨੂੰ ਢਾਈ ਮੰਨੀਆਂ, ਕੰਮ ਕਰਨ ਨੂੰ ਬਾਹੀਂ ਭੰਨੀਆਂ - ਜਿਹਡ਼ਾ ਆਦਮੀ ਖਾਣ-ਪੀਣ ਨੂੰ ਤਾਂ ਚੌਖਾ ਢਿੱਡ ਭਰਵਾਂ ਮੰਗੇ ਪਰ ਕੰਮ ਦੇ ਵੇਲੇ ਅੱਜ ਪੱਜ ਲਾਵੇ ਤੇ ਕੁਝ ਵੀ ਨਾ ਕਰੇ, ਉਸ ਬਾਰੇ ਕਹਿੰਦੇ ਹਨ

ਖਾਣ ਪੀਣ ਨੂੰ ਬਾਂਦਰੀ ਤੇ ਫਾਹੇ ਚਡ਼੍ਹਨ ਨੂੰ ਰਿੱਛ - ਖਾਣ ਪੀਣ ਨੂੰ ਭਾਗ ਭਰੀ ਤੇ ਧੌਣ ਭਨਾਉਣ ਨੂੰ ਜੁੰਮਾ - ਕਮਾਵੇ ਕੋਈ ਤੇ ਖਾਵੇ ਕੋਈ, ਮਿਹਨਤ ਮਜੂਰੀ ਤੇ ਖਪਖਾ ਕੋਈ ਕਰੇ ਪਰ ਫਲ ਕੋਈ ਹੋਰ ਹੀ ਖਾਵੇ

ਖਾਲੀ ਸੰਖ ਵਜਾਵੇ ਦੀਪਾ - ਜਦ ਕੋਈ ਬੰਦਾ ਫੋਕੀਆਂ ਫਡ਼੍ਹਾਂ ਮਾਰੇ, ਤਾਂ ਉਸ ਤੇ ਘਟਾਉਂਦੇ ਹਨ

ਖੁਦਾ ਨੇਡ਼ੇ ਕਿ ਘਸੁੰਨ ? - ਡਾਢੇ ਦਾ ਸੱਤੀਂ ਵੀਹੀਂ ਸੌਰੱਬ ਦਾ ਵਾਸਤਾ ਸੁਣ ਕੇ ਉੱਨਾ ਕੰਮ ਨਹੀਂ ਕਰਦੇ ਤੇ ਆਖੇ ਨਹੀਂ ਲੱਗਦੇ ਜਿੰਨਾ ਘਸੁੰਨ ਕੁਟਾਪੇ ਦੇ ਡਰ ਤੋਂ ਕਰਦੇ ਹਨ

ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਜਾਂਦੀ ਹੈ - ਏਥੋਂ ਜਿੰਨੀ ਖੱਟੀ ਹੁੰਦੀ ਹੈ ਉੱਨਾ ਹੀ ਏਥੇ ਖਰਚ ਆ ਜਾਂਦਾ ਹੈ

ਖੂਹ ਪੁੱਟਦੇ ਨੂੰ ਖਾਤਾ ਤਿਆਰ - ਜਿਹਡ਼ਾ ਆਦਮੀ ਕਿਸੇ ਦੇ ਰਾਹ ਵਿਚ ਕੰਡੇ ਬੀਜਦਾ ਹੈ, ਉਹਦੇ ਆਪਣੇ ਪੈਰ ਵੀ ਵਿਨ੍ਹੇ ਜਾਂਦੇ ਹਨਕਿਸੇ ਦਾ ਬੁਰਾ ਕਰਨ ਵਾਲੇ ਦਾ ਵੀ ਬੁਰਾ ਹੀ ਹੁੰਦਾ ਹੈ

ਖੇਤੀ ਖਸਮਾਂ ਸੇਤੀ - ਵਾਹੀ ਜਾਂ ਹੋਰ ਕਾਰ-ਵਿਹਾਰ ਵਿਚ ਤਾਂ ਹੀ ਸਫਲਤਾ ਹੁੰਦੀ ਹੈ ਜੇ ਮਾਲਕ ਸਿਰ ਹੋ ਕੇ ਕੰਮ ਕਰੇ ਕਰਾਵੇ

ਖੈਰ ਕਲੰਦਰਾਂ, ਹੁੱਝਾਂ ਬਾਂਦਰਾਂ - ਕਮਾਵੇ ਕੋਈ ਤੇ ਖਾਵੇ ਕੋਈ, ਖੇਚਲ ਕੋਈ ਹੋਰ ਕਰੇ ਤੇ ਫਾਇਦਾ ਕੋਈ ਉਠਾਵੇ

 

(ਗ)

ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ - ਮਾਡ਼ੇ ਮਨੁੱਖ ਦੀ ਚੀਜ਼ ਨੂੰ ਹਰ ਕੋਈ ਧੱਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦਾ ਹੈ

ਗ਼ਰੀਬ ਰੱਖੇ ਰੋਜ਼ੇ, ਦਿਨ ਵੱਡੇ ਆਏ - ਜਦ ਕੋਈ ਬੰਦਾ ਅਜੇਹਾ ਕੰਮ ਅਰੰਭ ਕਰੇ ਜਿਹਡ਼ਾ ਹੋਰ ਬਥੇਰੇ ਕਰਦੇ ਹੋਣ, ਪਰ ਉਹਨੂੰ ਹੋਰਨਾਂ ਨਾਲੋਂ ਵਧੇਰੇ ਔਖਿਆਈ ਦਾ ਟਾਕਰਾ ਕਰਨੀ ਪਵੇ, ਤਾਂ ਕਹਿੰਦੇ ਹਨ

ਗੱਲ ਹੋਈ ਪੁਰਾਣੀ, ਬੁਕਲ ਮਾਰ ਬੈਠੀ ਚੁਧਰਾਣੀ - ਜਦੋਂ ਕੋਈ ਬੰਦਾ ਨਮੋਸ਼ੀ ਵਾਲਾ ਕੋਈ ਕੰਮ ਕਰ ਕੇ ਕੁਝ ਚਿਰ ਤਾਂ ਸ਼ਰਮ ਮਹਿਸੂਸ ਕੇ ਪਿਛਾਂਹ ਪਿਛਾਂਹ ਰਹੇ, ਪਰ ਸਮਾਂ ਲੰਘ ਜਾਣ ਤੇ ਬਡ਼ਾ ਸਾਊ ਤੇ ਚੌਧਰੀ ਬਣ-ਬਣ ਬਹੇ, ਤਾਂ ਕਹਿੰਦੇ ਹਨ

ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਘਰੋਂ ਕਢਾਊਂ - ਮੂੰਹੋਂ ਕੱਢੀ ਗੱਲ ਝੱਟ ਖਿੱਲਰ ਜਾਂਦੀ ਹੈ ਅਤੇ ਉਹ ਅਜੇਹੀ ਹੋਵੇ ਜਿਸ ਤੋਂ ਲੋਕ ਉਹ ਗੱਲ ਕਹਿਣ ਵਾਲੇ ਦੇ ਮਗਰ ਪੈ ਜਾਣ, ਤਾਂ ਉਹਨੂੰ ਔਖਿਆਂ ਹੋਣਾ ਪੈਂਦਾ ਹੈ

ਗੱਲ ਕਰਾਂ ਗੱਲ ਨਾਲ, ਤੇ ਨੱਕ ਵੱਢਾਂ ਵੱਲ ਨਾਲ, ਗੱਲ ਲਾਈਏ ਗਿੱਟੇ, ਕੋਈ ਰੋਵੇ ਕੋਈ ਪਿੱਟੇ - ਕਿਸੇ ਦੇ ਸਿਰ ਫਾਹ-ਸੋਟਾ ਮਾਰਨ ਦੀ ਥਾਂ ਗੱਲ ਅਜੇਹੇ ਸਿਆਣੇ ਢੰਗ ਨਾਲ ਕਿਸੇ ਨੂੰ ਲਾਉਣੀ ਕਿ ਉੱਤੋਂ ਉੱਤੋਂ ਉਹ ਬੁਰੀ ਨਾ ਲੱਗੇ ਪਰ ਜਦ ਉਹ ਬਹਿ ਕੇ ਸੋਚੋ, ਤਾਂ ਉਹਨੂੰ ਖੂਬ ਮਿਰਚਾਂ ਲੱਗਣ

ਗਲ ਪਿਆ ਢੋਲ ਵਜਾਉਣਾ ਪੈਂਦਾ ਹੈ - ਜਦ ਕਿਸੇ ਨੂੰ ਕੋਈ ਅਜੇਹਾ ਕੰਮ ਕਰਨਾ ਪੈ ਜਾਵੇ, ਜੋ ਉਹ ਉੱਕਾ ਹੀ ਕਰਨਾ ਨਾ ਚਾਹੁੰਦਾ ਹੋਵੇ ਤਾਂ ਉਹ ਇਹ ਅਖਾਣ ਪਾਉਂਦਾ ਹੈ

ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ - ਜਿਹਡ਼ਾ ਬੰਦਾ ਫੋਕੀਆਂ ਫਡ਼੍ਹਾਂ ਮਾਰਦਾ ਫਿਰੇ ਪਰ ਹੱਥੀਂ ਕੁਝ ਵੀ ਨਾ ਕਰੇ, ਕੰਮ ਜਾਂ ਖਰਚ ਦੇ ਵੇਲੇ ਆਪ ਪਿਛਾਂਹ ਹਟ ਜਾਵੇ ਤੇ ਹੋਰ ਕਿਸੇ ਨੂੰ ਅੱਗੇ ਡਾਹਵੇ, ਤਾਂ ਉਸ ਬਾਰੇ ਕਹਿੰਦੇ ਹਨ

ਗਿੱਦਡ਼ ਦੇ ਗੂੰਹ ਦੀ ਲੋਡ਼ ਪਈ ਤਾਂ ਆਖੇ ਯਾਰ ਪਹਾਡ਼ੀਂ ਹੱਗਦੇ ਨੇ - ਜਦ ਕਿਸੇ ਮਾਮੂਲੀ ਜਿਹੇ ਆਦਮੀ ਦੀ ਮਾਮੂਲੀ ਜੇਹੀ ਸਹਾਇਤਾ ਦੀ ਲੋਡ਼ ਪਵੇ, ਤੇ ਉਹ ਅੱਗੋਂ ਆਕਡ਼ ਕੇ ਨਾਂਹ ਕਰ ਦੇਵੇ, ਤਾਂ ਕਹਿੰਦੇ ਹਨ

ਗੂੰਗੇ ਦੀਆਂ ਸੈਨਤਾਂ ਗੂੰਗੇ ਦੀ ਮਾਂ ਹੀ ਜਾਣੇ - ਜਦ ਕੋਈ ਜਣਾ ਕੋਈ ਗੋਲ ਮੋਲ ਜਿਹੀ ਗੱਲ ਕਰੇ ਜਿਸ ਦੀ ਆਮ ਲੋਕਾਂ ਨੂੰ ਸਮਝ ਨਾ ਆਵੇ ਤਾਂ ਇਹ ਅਖਾਣ ਵਰਤਦੇ ਹਨ

ਗੁਡ਼ ਘਿਉ ਮੈਦਾ ਤੇਰਾ, ਜਲ ਫੂਕ ਬਸੰਤਰ ਮੇਰਾ - ਜਦ ਕੋਈ ਆਦਮੀ ਹਿੱਸਾ ਤਾਂ ਪੂਰਾ ਲੈਣਾ ਚਾਹੇ ਪਰ ਖਰਚ ਦੀ ਵਾਰੀ ਪਿਛਾਂਹ ਹਟੇ, ਤਾਂ ਕਹਿੰਦੇ ਹਨ

ਗੁਡ਼ ਦਿੱਤਿਆਂ ਮਰੇ ਤਾਂ ਮਹੁਰਾ ਕਿਉਂ ਦੇਈਏ ? - ਜਦ ਕੋਈ ਕੰਮ ਮਿੱਠੇ ਢੰਗ ਨਾਲ ਕੀਤਾ ਜਾ ਸਕਦਾ ਹੋਵੇ, ਤਾਂ ਅਗਲੇ ਨੂੰ ਔਖਿਆਂ ਕਰ ਕੇ ਉਹ ਕੰਮ ਲੈਣ ਦੀ ਕੀ ਲੋਡ਼ ?

ਗੋਲੀ ਕਿਹਦੀ ਤੇ ਗਹਿਣੇ ਕਿਹਦੇ ? - ਅਸੀਂ ਤੁਹਾਡੇ ਹਾਂ ਅਤੇ ਸਾਡਾ ਸਭ ਕੁਝ ਤੁਹਾਡਾ ਹੀ ਹੈ, ਜਿਵੇਂ ਚਾਹੇ ਤਿਵੇਂ ਵਰਤੋ

ਗੋਲੇ ਹੋ ਕੇ ਕਮਾਈਏ, ਤੇ ਵਿਹਲੇ ਹੋ ਕੇ ਖਾਈਏ - ਕਰ ਮਜੂਰੀ ਤੇ ਖੀ ਚੂਰੀ, ਕੰਮ ਦਿਲ ਲਾ ਕੇ ਕਰੀਏ ਤਾਂ ਹੀ ਫਲ ਸੁਆਦੀ ਲਗਦਾ ਹੈ

 

(ਘ)

ਘਰ ਸਭ ਤੋਂ ਭਾਵੇਂ ਪੂਰਬ ਭਾਵੇਂ ਪੱਛਮ - ਜੋ ਸੁਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ, ਜੋ ਸੁਖ, ਅਨੰਦ ਘਰ ਵਿਚ ਮਿਲ ਸਕਦਾ ਹੈ, ਉਹ ਬਾਹਰ ਨਹੀਂ ਮਿਲਦਾ

ਘਰ ਖਾਣ ਨੂੰ ਨਹੀਂ, ਮਾਂ ਪਰੀਹਣ ਗਈ - ਘਰ ਵਿਚ ਤਾਂ ਆਪਣੇ ਖਾਣ ਜੋਗਾ ਵੀ ਨਹੀਂ ਤੇ ਕਹਿੰਦਾ ਹੈ ਮੇਰੀ ਮਾਂ ਪਿੰਡ ਵਿਚ ਸੀਰਾ ਵੰਡਣ ਗਈ ਹੈਅਸਲੀਅਤ ਦੇ ਵਿਰੁੱਧ ਫਡ਼੍ਹਾਂ ਮਾਰਨ ਵਾਲੇ ਤਾਂ ਘਟਾਉਂਦੇ ਹਨ

ਘਰ ਘਰ ਵਾਲੀ ਨਾਲ - ਇਸਤਰੀ ਬਿਨਾਂ ਮਨੁੱਖ ਦਾ ਘਰ ਨਹੀਂ ਵਸਦਾ

ਘਰ ਦਾ ਜੋਗੀ ਜੋਗਡ਼ਾ, ਬਾਹਰ ਦਾ ਜੋਗੀ ਸਿੱਧ - ਜਦ ਕੋਈ ਆਪਣੇ ਘਰ ਦੇ ਸਿਆਣੇ ਬੰਦਿਆਂ ਨੂੰ ਛੱਡ ਕੇ ਹੋਰਨਾਂ ਕੋਲੋਂ ਸਲਾਹ ਲੈਣ ਜਾਵੇ ਤਾਂ ਕਹਿੰਦੇ ਹਨ

ਘਰ ਦੀ ਕੁਕਡ਼ੀ ਦਾਲ ਬਰਾਬਰ - ਘਰ ਦੀ ਪਲੀ ਹੋਈ ਕੁਕਡ਼ੀ ਬਜਾਰੋਂ ਲਿਆਂਦੀ ਦਾਲ ਨਾਲੋਂ ਸਸਤੀ ਪੈਂਦੀ ਹੈਘਰ ਬਣਾਈ ਚੰਗੀ ਸੋਹਣੀ ਚੀਜ਼ ਮੁੱਲ ਦੀ ਮਮੂਲੀ ਚੀਜ਼ ਨਾਲੋਂ ਸਸਤੀ ਹੁੰਦੀ ਹੈ

ਘਰ ਦਾ ਪਾਟਾ ਰਿਜ਼ਕ ਦਾ ਘਾਟਾ - ਕਲ੍ਹਾ ਕਲੰਦਰ ਵਸੇ ਘਡ਼ਿਉਂ ਪਾਣੀ ਨੱਸੇ

ਘਰ ਵਾਲੇ ਘਰ ਨਹੀਂ, ਹੋਰ ਕਿਸੇ ਦਾ ਡਰ ਨਹੀਂ - ਸਿਰ ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ

ਘਰੋਂ ਜਾਈਏ ਖਾ ਕੇ, ਤਾਂ ਬਾਹਰੋਂ ਮਿਲਨ ਪਕਾ ਕੇ, ਜਾਈਏ ਭੁੱਖੇ ਤੇ ਅੱਗੋਂ ਕੋਈ ਨਾ ਪੁੱਛੇ - ਰੱਬ ਰੱਜਿਆਂ ਨੂੰ ਹੀ ਰਜਾਉਂਦਾ ਹੈਜਿਹਡ਼ਾ ਹੋਰਨਾਂ ਦੀ ਆਸ ਉੱਤੇ ਘਰੋਂ ਤੁਰ ਪੈਂਦਾ ਹੈ ਅਤੇ ਆਪਣੀ ਸਹਾਇਤਾ ਤੇ ਲੋਡ਼-ਪੂਰਤੀ ਲਈ ਆਪ ਉੱਦਮ ਨਹੀਂ ਕਰਦਾ, ਉਹਨੂੰ ਨਿਰਾਸ ਹੀ ਹੋਣਾ ਪੈਂਦਾ ਹੈਜਿਹਡ਼ਾ ਆਪਣੇ ਲਈ ਆਪ ਉੱਦਮ ਕਰੇ, ਉਹਦੀ ਹੋਰ ਵੀ ਸਹਾਇਤਾ ਕਰਦੇ ਹਨ

ਘਡ਼ੀ ਦੇ ਘੁਥਿਆਂ ਸੌ ਕੋਹਾਂ ਤੇ ਜਾ ਪਈਦਾ ਹੈ - ਵੇਲੇ ਤੋਂ ਖੁੰਝ ਜਾਈਏ ਤਾਂ ਬਹੁਤ ਔਖੇ ਹੋਣਾ ਤੇ ਨੁਕਸਾਨ ਝੱਲਣਾ ਪੈਂਦਾ ਹੈ

ਘਡ਼ੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ - ਜਦ ਕਿਸੇ ਇਕ ਜਣੇ ਨੂੰ ਕੋਈ ਚੀਜ਼ ਦੇਣ ਲੱਗੀਏ ਤੇ ਪਾਸੋਂ ਹੋਰ ਬਹੁਤ ਸਾਰੇ ਉਹ ਸ਼ੈ ਮੰਗਣ ਲੱਗ ਪੈਣ ਤਾਂ ਕਹਿੰਦੇ ਹਨ

ਘਿਉ ਵਿਚ ਰੰਬਾ ਬਡ਼ਾ ਅਚੰਬਾ - ਕਿਸੇ ਸ਼ੈ ਦੀ ਹੱਦੋਂ ਵੱਧ ਵਰਤੋਂ ਕਰਨ ਵਾਲੇ ਉਤੇ ਘਟਾਉਂਦੇ ਹਨ

ਘੁਮਿਆਰੀ ਆਪਣਾ ਹੀ ਭਾਂਡਾ ਸਲਾਹੁੰਦੀ ਹੈ - ਹਰ ਕਿਸੇ ਨੂੰ ਆਪਣੀ ਸ਼ੈ ਹੀ ਚੰਗੀ ਲੱਗਦੀ ਹੈ, ਆਪਣਾ ਨੀਂਗਰ ਪਰਾਇਆ ਢੀਂਗਰ

 

(ਚ)

ਚੱਕੀ ਦਾ ਪੀਠਾ ਚੰਗਾ, ਤੇ ਦੰਦਾਂ ਦਾ ਪੀਠਾ ਮੰਦਾ - ਮਿਹਨਤ ਕਰ ਕੇ ਕਮਾਇਆ ਮੰਗ ਮੰਗ ਕੇ ਲਏ ਨਾਲੋਂ ਚੰਗਾ ਹੈ, ਮੰਗਣ ਨਾਲੋਂ ਮਜੂਰੀ ਚੰਗੀ

ਚੰਗੀ ਕਰ ਬਹਾਲੀ ਪੇਡ਼ੇ ਲਏ ਚੁਰਾ - ਜਦ ਕਿਸੇ ਨੂੰ ਚੰਗਾ ਸਮਝ ਕੇ ਜੁੰਮੇਵਾਰੀ ਵਾਲੇ ਥਾਂ ਬਹਾ ਦੇਈਏ ਅਤੇ ਉਹ ਅੱਗੋਂ ਬੇਈਮਾਨੀ ਕਰ ਕੇ ਆਪਣਾ ਉੱਲੂ ਸਿੱਧਾ ਕਰਨ ਕੇ ਤੇ ਆਪਣੀਆਂ ਨੂੰ ਪਾਲਣ ਲੱਗ ਪਵੇ, ਤਾਂ ਕਹਿੰਦੇ ਹਨ

ਚੰਦ ਚਡ਼੍ਹੇ ਗੁੱਝੇ ਨਹੀਂ ਰਹਿੰਦੇ - ਚੰਗੇ ਸ਼ੁਭ ਕੰਮ ਕਰਨ ਵਾਲੇ ਬੰਦੇ ਬਦੋ-ਬਦੀ ਮਸ਼ਹੂਰ ਹੋ ਜਾਂਦੇ ਹਨ

ਚੰਦ ਤੇ ਥੁੱਕਿਆ ਮੂੰਹ ਤੇ ਪੈਂਦਾ ਹੈ - ਸੱਚੇ ਸੁੱਚੇ ਬੰਦੇ ਦੀ ਨਿੰਦਿਆ ਕੀਤਿਆਂ ਉਸ ਦਾ ਕੁਝ ਨਹੀਂ ਵਿਗਡ਼ਦਾ, ਸਗੋਂ ਨਿੰਦਕ ਨੂੰ ਹੀ ਨੁਕਸਾਨ ਹੁੰਦਾ ਹੈ, ਉਹਦੀ ਹੀ ਭੰਡੀ ਹੁੰਦੀ ਹੈ

ਚਮਡ਼ੀ ਜਾਵੇ, ਦਮਡ਼ੀ ਨਾ ਜਾਵੇ- ਜੋ ਪੈਸਾ ਹੱਥੋਂ ਨਹੀਂ ਛੱਡਦਾ, ਭਾਵੇਂ ਮੁੱਠ ਹੀ ਵੱਢ ਦਿਓ - ਜਿਹਡ਼ਾ ਕੰਜੂਸ ਬੰਦਾ ਵੱਧ ਤੋਂ ਵੱਧ ਔਖਿਆਈ ਝੱਲ ਕੇ ਵੀ ਪੈਸਾ ਬਚਾਉਣ ਦਾ ਜਤਨ ਕਰੇ, ਉਸ ਤੇ ਘਟਾਉਂਦੇ ਹਨ

ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ - ਆਪਣੀ ਵਿਤੋਂ ਵਧ ਖਰਚ ਨਹੀਂ ਕਰਨਾ, ਚੁੱਕਣਾ ਚਾਹੀਦਾ

ਚਾਰ ਦਿਨ ਦੀ ਚਾਨਣੀ ਫੇਰ ਉਹੋ ਹਨੇਰੀ ਰਾਤ - ਦੁਨੀਆ ਵਿਚ ਸੁਖ ਥੋਡ਼੍ਹਾ ਹੈ ਤੇ ਦੁੱਖ ਬਹੁਤਾਥੋਡ਼੍ਹੇ ਦਿਨ ਸੁਖ ਦੇ ਲੰਘੇ ਫਿਰ ਦੁੱਖ ਨੇ ਡੇਰੇ ਲਾ ਲਏ

ਚਿਡ਼ੀਆਂ ਦੀ ਮੌਤ ਗਵਾਰਾਂ ਦਾ ਹਾਸਾ - ਮਾਡ਼ੇ ਬੰਦੇ ਦੇ ਸਿਰ ਦੁੱਖ ਆ ਪਵੇ, ਤਾਂ ਮੂਰਖ ਲੋਕ ਦੁੱਖ ਘਟਾਉਣ ਦੀ ਥਾਂ ਹੱਸਦੇ ਤੇ ਖੁਸ਼ ਹੁੰਦੇ ਹਨ, ਤਮਾਸ਼ਾ ਵੇਖਦੇ ਹਨ

ਚੋਰ ਉੱਚਕਾ ਚੌਧਰੀ, ਗੁੰਡੀ ਰਨ ਪਰਧਾਨ - ਜਦ ਲੁੱਚੇ, ਲੁੰਡੇ ਆਦਮੀ ਕਿਸੇ ਥਾਂ ਦੇ ਚੌਧਰੀ ਬਣ ਜਾਣ ਤੇ ਭਲੇਮਾਣਸਾਂ ਦੀ ਪੁੱਛ ਪਰਤੀਤ ਨਾ ਰਹੇ ਤਾਂ ਕਹਿੰਦੇ ਹਨ

ਚੋਰ ਨੂੰ ਖਾਂਦੇ ਨਾ ਵੇਖੀਏ, ਕੁੱਟੀਦੇ ਨੂੰ ਵੇਖੀਏ - ਚੋਰ ਨੂੰ ਚੋਰੀ ਦਾ ਮਾਲ ਖਾਂਦੇ ਨੂੰ ਨਾ ਵੇਖੀਏ, ਸਗੋਂ ਮਾਰ ਖਾਂਦੇ ਨੂੰ ਵੇਖੀਏ - ਮਾਡ਼ੇ ਕੰਮਾਂ ਤੋਂ ਜੇ ਥੋਡ਼੍ਹਾ ਲਾਭ ਵੀ ਹੁੰਦਾ ਹੋਵੇ,ਤਾਂ ਵੀ ਉਹਦਾ ਲਾਲਚ ਨਹੀਂ ਕਰਨਾ ਚਾਹੀਦਾ, ਸਗੋਂ ਮੰਦੇ ਕੰਮਾਂ ਦੇ ਮੰਦੇ ਸਿੱਟਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਮੰਦੇ ਕੰਮਾਂ ਤੋਂ ਬਚਣਾ ਚਾਹੀਦਾ ਹੈ

ਚੋਰੀ ਦੇ ਕੱਪਡ਼ੇ ਡਾਂਗਾਂ ਦੇ ਗਜ਼ - ਹਰਾਮ ਦੀ ਕਮਾਈ ਭੰਗ ਦੇ ਭਾਡ਼ੇ ਜਾਂਦੀ ਹੈ

ਚੋਰਾਂ ਨੂੰ ਕਹਿਣਾ ਲੱਗੋ, ਸਾਧਾਂ ਨੂੰ ਕਹਿਣਾ ਜਾਗੋ - ਜਿਹਡ਼ਾ ਆਦਮੀ ਟਾਕਰੇ ਦੇ ਦੋਹੀਂ ਪਾਸੀਂ ਵਗੇ, ਦੋਹਾਂ ਧਿਰਾਂ ਨੂੰ ਸਲਾਹ ਤੇ ਹੱਲਾਸ਼ੇਰੀ ਦੇਵੇ, ਉਸ ਬਾਰੇ ਵਰਤਦੇ ਹਨ

ਚੋਰੀ ਲੱਖ ਦੀ ਵੀ ਚੋਰੀ ਕੱਖ ਦੀ ਵੀ - ਚੋਰੀ ਚੋਰੀ ਹੀ ਹੈ, ਮਾਡ਼ਾ ਕੰਮ ਹੀ ਹੈ, ਚੁਰਾਈ ਭਾਵੇਂ ਮਾਮੂਲੀ ਚੀਜ਼ ਜਾਵੇ ਭਾਵੇਂ ਕੀਮਤੀ

 

(ਛ)

ਛੱਜ ਤਾਂ ਬੋਲੇ ਛਾਣਨੀ ਕੀ ਬੋਲੇ - ਜਦ ਕੋਈ ਐਬਾਂ, ਨੁਕਸਾਂ ਵਾਲਾ ਬੰਦਾ ਆਪਣੇ ਨਾਲੋਂ ਚੰਗੇਰਿਆਂ ਦੇ ਨੁਕਸ ਕੱਢੇ ਤੇ ਐਬ ਫੋਲੇ ਤਾਂ ਕਹਿੰਦੇ ਹਨ

ਛਿੱਕਾ ਟੁੱਟਾ ਬਿੱਲੀ ਦੀ ਭਾਗੀਂ - ਜਦ ਕਿਸੇ ਧਿਰ ਦਾ ਅਚਨਚੇਤ ਨੁਕਸਾਨ ਹੋ ਜਾਵੇ ਤੇ ਉਸ ਤੋਂ ਕੋਈ ਹੋਰ ਜਣਾ ਲਾਭ ਉਠਾ ਲਵੇ, ਤਾਂ ਕਹਿੰਦੇ ਹਨ

ਛੋਟਾ ਮੂੰਹ ਤੇ ਵੱਡੀ ਬਾਤ - ਜਦ ਕਿਸੇ ਵੱਡੇ ਪਰਤਾਪੀ ਬੰਦੇ ਦਾ ਕੋਈ ਨੁਕਸ ਦੱਸਣ ਲੱਗਿਆਂ ਆਦਮੀ ਝਕੇ ਕਿ ਮੈਂ ਮਮੂਲੀ ਬੰਦਾ ਹਾਂ ਤੇ ਗੱਲ ਹੈ ਬਹੁਤ ਵੱਡੇ ਆਦਮੀ ਬਾਰੇ ਤੇ ਭੈਡ਼ੀ, ਤਾਂ ਕਹਿੰਦੇ ਹਨ

 

(ਜ)

ਜਸ ਜੀਉਣਾ, ਅਪਜਸ ਮਰਨਾ - ਬਦਨਾਮੀ ਭਰੀ ਜਿੰਦਗੀ ਨਾਲੋਂ ਮੌਤ ਚੰਗੀ - ਅਸਲੀ ਅਰਥਾਂ ਵਿਚ ਜੀਉਂਦਾ ਉਹੋ ਹੈ ਜਿਸ ਨੂੰ ਲੋਕ ਸਲਾਹੁੰਦੇ ਹੋਣਬਦਨਾਮ ਹੋਇਆ ਬੰਦਾ ਮੋਇਆਂ ਬਰਾਬਰ ਹੈ

ਜਾਗਦਿਆਂ ਦੀਆਂ ਕੱਟੀਆਂ, ਤੇ ਸੁੱਤਿਆਂ ਦੇ ਕੱਟੇ - ਜਿਹਡ਼ੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ, ਜਿਹਡ਼ੇ ਅਣਗਹਿਲੀ ਕਰਦੇ ਹਨ, ਉਹ ਨੁਕਸਾਨ ਉਠਾਉਂਦੇ ਹਨ

ਜਾਗਦੇ ਦਾ ਲੱਖ ਤੇ ਸੁੱਤੇ ਦਾ ਕੱਖ -  ਜਿਹਡ਼ੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ, ਜਿਹਡ਼ੇ ਅਣਗਹਿਲੀ ਕਰਦੇ ਹਨ, ਉਹ ਨੁਕਸਾਨ ਉਠਾਉਂਦੇ ਹਨ

ਜਿਸ ਨੂੰ ਚਾਹ, ਉਸ ਨੂੰ ਲੱਭੇ ਰਾਹ - ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ

ਜਿਥੇ ਚਾਹ, ਓਥੇ ਰਾਹ - ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ

ਜਿਹਡ਼ਾ ਜਾਣੇ ਆਪ ਨੂੰ ਉਹਦੇ ਜਾਣੀਏ ਮਾਂ ਬਾਪ ਨੂੰ - ਜਦ ਕੋਈ ਤੁਹਾਡੇ ਨਾਲ ਨੇਕੀ ਕਰੇ, ਤਾਂ ਉਹਦੇ ਪਿਤਾ ਆਦਿ ਨਾਲ ਨੇਕੀ ਕਰੋ ਤੇ ਉਹਦੀ ਨੇਕੀ ਸਦਾ ਯਾਦ ਰੱਖੋ

ਜਿਹਡ਼ੇ ਗੱਜਦੇ ਹਨ, ਉਹ ਵਰ੍ਹਦੇ ਨਹੀਂ - ਬਹੁਤੀਆਂ ਫਡ਼੍ਹਾਂ ਸ਼ੇਖੀਆਂ ਮਾਰਨ ਵਾਲੇ ਹੱਥੀਂ ਕੁਝ ਨਹੀਂ ਕਰ ਵਿਖਾਉਂਦੇਬਹੁਤੇ ਡਰਾਵੇ ਧਮਕੀਆਂ ਦੇਣ ਵਾਲੇ ਬੰਦੇ ਕਰਨ ਜੋਗੇ ਕੁਝ ਨਹੀਂ ਹੁੰਦੇ

ਜਿਹਡ਼ੇ ਭੋਂਕਦੇ ਹਨ ਉਹ ਵੱਢਦੇ ਨਹੀਂ -  ਬਹੁਤੀਆਂ ਫਡ਼੍ਹਾਂ ਸ਼ੇਖੀਆਂ ਮਾਰਨ ਵਾਲੇ ਹੱਥੀਂ ਕੁਝ ਨਹੀਂ ਕਰ ਵਿਖਾਉਂਦੇਬਹੁਤੇ ਡਰਾਵੇ ਧਮਕੀਆਂ ਦੇਣ ਵਾਲੇ ਬੰਦੇ ਕਰਨ ਜੋਗੇ ਕੁਝ ਨਹੀਂ ਹੁੰਦੇ

ਜਿਹਾ ਤੇਰਾ ਅੰਨ ਪਾਣੀ, ਤਿਹਾ ਮੇਰਾ ਕੰਮ ਜਾਣੀ - ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ

ਜਿੰਨਾ ਗੁਡ਼ ਪਾਓਗੇ ਉੱਨਾ ਹੀ ਮਿੱਠਾ ਹੋਵੇਗਾ - ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ

ਜਿਹਾ ਦੁੱਧ ਤੇਹੀ ਬੁੱਧ - ਮਾਂ ਦੇ ਸੁਭਾ ਦੇ ਗੁਣਾਂ ਦਾ ਅਸਰ ਧੀ ਪੁੱਤ ਦੇ ਸੁਭਾ ਦੇ ਗੁਣਾਂ ਉੱਪਰ ਜ਼ਰੂਰ ਪੈਂਦਾ ਹੈ

ਜਿਹਾ ਮੂੰਹ ਤਿਹੀ ਚਪੇਡ਼ - ਜਿਸ ਸਲੂਕ ਦਾ ਇਹ ਹੱਕਦਾਰ ਸੀ, ਉਹ ਹੀ ਇਸ ਨਾਲ ਹੋਇਆ

ਜਿਹਾ ਬੀਜਣਾ, ਤਿਹਾ ਵੱਢਣਾ - ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ, ਚੰਗੇ ਦਾ ਚੰਗਾ, ਮੰਦੇ ਦਾ ਮੰਦਾ

ਜਿਹੀ ਕਰਨੀ ਤਿਹੀ ਭਰਨੀ - ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ, ਚੰਗੇ ਦਾ ਚੰਗਾ, ਮੰਦੇ ਦਾ ਮੰਦਾ

ਜਿਹੀ ਚੋਰਾਂ ਖਡ਼ੀ, ਤਿਹੀ ਕਿੱਲੇ ਬੱਧੀ - ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ ਹਨ

ਜਿਹੇ ਲਾਲ ਘਰ ਰਹੇ, ਤਿਹੇ ਗਏ ਪਰਦੇਸ - ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ ਹਨ

ਜਿੱਥੇ ਜਾਵੇ ਤੱਤ ਭਲੱਤੀ, ਤਾਂਦਲਾ ਵਿਕੇ ਉਸੇ ਹੱਟੀ - ਚੰਦਰਾ ਬੰਦਾ ਜਿੱਥੇ ਵੀ ਜਾਵੇਗਾ, ਓਥੇ ਵੀ ਚੰਦਰੇ ਕੰਮ ਕਰੇਗਾ

ਜਿੱਥੇ ਰੁੱਖ ਨਹੀਂ, ਓਥੇ ਹਰਿੰਡ ਪਰਧਾਨ - ਜਿੱਥੇ ਚੰਗੇ ਗੁਣੀ ਬੰਦਿਆਂ ਦੀ ਘਾਟ ਹੋਵੇ, ਓਥੇ ਮਮੂਲੀ ਯੋਗਤਾ ਵਾਲੇ ਵੱਡੇ ਬਣ ਬਹਿੰਦੇ ਹਨ

ਜਿੱਥੇ ਵੇਖਾਂ ਤਵਾ ਤੇ ਪਰਾਤ, ਓਥੇ ਗਾਵਾਂ ਦਿਨ ਰਾਤ - ਜਦੋਂ ਕੋਈ ਜਣਾ ਨਿੱਤ ਉਸ ਆਦਮੀ ਦੇ ਅੱਗੇ ਪਿੱਛੇ ਫਿਰੇ ਤੇ ਹਾਜ਼ਰੀ ਭਰੇ, ਜਿਸ ਪਾਸੋਂ ਉਹਨੂੰ ਖਾਣ-ਪੀਣ ਨੂੰ ਮਿਲੇ, ਤਾਂ ਉਸ ਬਾਰੇ ਕਹਿੰਦੇ ਹਨ

ਜਿੰਨ੍ਹਾਂ ਖਾਧਾ ਲੱਪ ਗਡ਼ੱਪੀਂ, ਉਹਨਾਂ ਕੀ ਬਣੇ ਉਂਗਲ ਚੱਟੀ - ਬਹੁਤ ਖਾਣ ਹੰਢਾਉਣ ਵਾਲੇ ਨੂੰ ਸੰਗ ਸਰਫੇ ਨਾਲ ਮਿਲੀ ਸ਼ੈ ਖੁਸ਼ ਨਹੀਂ ਕਰ ਸਕਦੀਜਿਸ ਨੇ ਬਗਾਨੇ ਮਾਲ ਜਾਂ ਸਾਂਝੇ ਖਾਤਿਓਂ ਮਨ ਆਏ ਗੱਫੇ ਉਡਾਏ ਹੋਣ, ਉਹਨੂੰ ਗਿਣਵੀਂ ਮਿਣਵੀਂ ਆਮਦਨ ਨਾਲ ਕੁਝ ਨਹੀਂ ਬਣਦਾ

ਜਿੰਨੇ ਮੂੰਹ ਉੱਨੀਆਂ ਗੱਲਾਂ - ਜਦ ਕਿਸੇ ਗੱਲ ਦੀ ਥਾਂ ਥਾਂ ਚਰਚਾ ਹੋਣ ਲੱਗ ਪਵੇ, ਕੋਈ ਕੁਝ ਆਖੇ ਤੇ ਕੋਈ ਕੁਝ, ਤਾਂ ਕਹਿੰਦੇ ਹਨ

ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ - ਬਖ਼ਤਾਵਰ ਘਰਾਂ ਦੇ ਸਾਧਾਰਨ ਜਿਹੇ ਬੰਦੇ ਵੀ ਗ਼ਰੀਬ ਘਰਾਂ ਦੇ ਚੰਗੀ ਲਿਆਕਤ ਸਿਆਣਪ ਵਾਲਿਆਂ ਨਾਲੋਂ ਚੰਗੇਰੇ ਗਿਣੇ ਜਾਂਦੇ ਹਨ, ਉਹਨਾਂ ਦੀਆਂ ਝੱਲੀਆਂ ਗੱਲਾਂ ਵੀ ਸਿਆਣਪ ਭਰੀਆਂ ਮੰਨੀਆਂ ਜਾਂਦੀਆਂ ਹਨ

ਜਿਹਦੇ ਹੱਥ ਡੋਈ, ਉਹਦਾ ਸਭ ਕੋਈ - ਜਿਸ ਕੋਲੋਂ ਖਾਣ-ਪੀਣ ਨੂੰ ਮਿਲੇ ਉਹਦੇ ਹਰ ਕੋਈ ਮਗਰ ਲੱਗ ਤੁਰਦਾ ਹੈ

ਜੂਠਾ ਖਾਈਦਾ ਹੈ ਮਿੱਠੇ ਦੇ ਤਾਣ - ਕਿਸੇ ਲਾਲਚ ਕਰਕੇ ਹੀ ਆਦਮੀ ਕਿਸੇ ਦੀ ਖਾਤਰ ਔਖਾ ਹੁੰਦਾ ਹੈ ਅਤੇ ਮਨ ਨੂੰ ਨਾ-ਭਾਉਂਦੇ ਕੰਮ ਕਰਦਾ ਹੈ

ਜੇ ਸੁਖੀ ਚਾਹੇਂ ਜੀ, ਤਾਂ ਪਾਣੀ ਮੰਗ ਨਾ ਪੀ - ਆਪਣੀ ਕਮਾਈ ਖਾਣ ਵਰਤਣ ਵਿਚ ਹੀ ਸੁਖ ਹੈ, ਬਿਗਾਨੇ ਆਸਰੇ ਲੱਭਿਆਂ ਸੁਖ ਨਹੀਂ ਮਿਲਦਾਅਣਖੀ ਬੰਦਾ ਮੰਗ ਕੇ ਖਾਣ-ਪੀਣ ਨੂੰ ਬੁਰਾ ਸਮਝਦਾ ਹੈ

ਜੋਰਾਵਰ ਨਾਲ ਭਿਆਲ਼ੀ, ਉਹ ਮੰਗੇ ਹਿੱਸਾ ਉਹ ਦੇਵੇ ਗਾਲੀ - ਮਾਡ਼ੇ ਬੰਦੇ ਦਾ ਡਾਢੇ ਨਾਲ ਭਿਆਲ਼ੀ ਨਹੀਂ ਪੁੱਗਦੀਜਦ ਕੋਈ ਆਪਣਾ ਹੱਕ ਮੰਗੇ ਤੇ ਅਗਲਾ ਅੱਗੋਂ ਗਾਲਾਂ ਦੇਵੇ, ਤਾਂ ਕਹਿੰਦੇ ਹਨ

 

(ਝ)

ਝੂਠ ਚਾਹੇ ਭੇਸ, ਸੱਚ ਕਹੇ ਮੈਂ ਨੰਗਾ ਸੱਚ - ਝੂਠੀ ਗੱਲ ਨੂੰ ਕੱਜਣ, ਮਨਾਉਣ ਲਈ ਕਈ ਝੂਠ ਘਡ਼ਨੇ ਤੇ ਬਹਾਨੇ ਲੱਭਣੇ ਪੈਂਦੇ ਹਨ, ਸੱਚੀ ਗੱਲ ਆਪਣੇ ਆਪ ਵਿਚ ਹੀ ਇਤਬਾਰ-ਯੋਗ ਹੁੰਦੀ ਹੈ

ਝੂਠ ਦੇ ਪੈਰ ਨਹੀਂ ਹੁੰਦੇ - ਝੂਠਾ ਬੰਦਾ ਕਦੇ ਕੁਝ ਕਹਿੰਦਾ ਹੈ ਤੇ ਕਦੇ ਕੁਝ, ਉਹ ਸਦਾ ਥਿਡ਼ਕਦਾ ਹੀ ਰਹਿੰਦਾ ਹੈ

 

 

(ਟ)

ਟਕੇ ਸਹਿਆ ਮਹਿੰਗਾ, ਤੇ ਰੁਪੱਯੇ ਸਹਿਆ ਸਸਤਾ - ਜਦੋਂ ਕੋਲ ਪੈਸੇ ਹੋਣ ਤਾਂ ਕਿਸੇ ਸ਼ੈ ਦੀ ਬਹੁਤਾ ਮੁੱਲ ਦੇਣਾ ਵੀ ਸੌਖਾ ਹੁੰਦਾ ਹੈ, ਪਰ ਜਦ ਪੱਲੇ ਪੈਸੇ ਨਾ ਹੋਣ ਤਾਂ ਸਸਤੀ ਚੀਜ਼ ਲੈਣੀ ਵੀ ਔਖੀ ਹੁੰਦੀ ਹੈ

ਟਟੂਆ ਖਾ ਗਿਆ ਬਟੂਆ, ਫੇਰ ਵੀ ਟਟੂਏ ਦਾ ਟਟੂਆ - ਟੱਟੂ ਨੂੰ ਭਾਵੇਂ ਕਿੰਨਾ ਖੁਆ ਦੇਈਏ, ਉਹ ਘੋਡ਼ਾ ਨਹੀਂ ਬਣ ਸਕਦਾਭੈਡ਼ੇ ਬੰਦੇ ਉੱਪਰ ਭਾਵੇਂ ਕਿੰਨਾ ਖਰਚ ਕਰ ਦੇਈਏ, ਇਹ ਬਦਲਦਾ ਨਹੀਂ

ਟੱਟੂ ਭਾਡ਼ੇ ਕਰਨਾ ਹੈ, ਤਾਂ ਕੁਡ਼ਮਾਂ ਦਾ ਹੀ ਕਰਨਾ ਹੈ ? - ਜਦ ਕੋਈ ਸ਼ੈ ਪੈਸੇ ਦੇ ਕੇ ਹੀ ਲੈਣੀ ਹੈ, ਤਾਂ ਸਾਕ ਸਨਬੰਧੀ ਜਾਂ ਮਿੱਤਰਾਂ ਪਾਸੋਂ ਲੈ ਕੇ ਵਾਧੂ ਹਸਾਨ ਕਿਉਂ ਝੱਲੀਏ ?

ਟਿੰਡਾਂ ਪੱਥ ਨਾ ਜਾਣਦਾ ਮੇਰਾ ਮੱਘੀਆਂ ਦਾ ਉਸਤਾਦ - ਮਮੂਲੀ ਸੌਖਾ ਕੰਮ ਕਰਨਾ ਜੋਗੇ ਨਾ ਹੋਣਾ ਤੇ ਹੱਥ ਪਾਉਣਾ ਵੱਡੇ ਵੱਡੇ ਕੰਮ ਨੂੰ

ਟੁੱਟੇ ਰਾਸ ਨਾ ਆਉਂਦੇ ਗੰਢ ਹੰਢੀਲੇ ਹੋਏ - ਜਦ ਕੋਈ ਚੀਜ਼ ਟੁੱਟ ਜਾਵੇ, ਤਾਂ ਗੰਢ ਲਾਇਆਂ ਹੀ ਉਹ ਪਹਿਲਾਂ ਜਿਹੀ ਸੂਤ ਨਹੀਂ ਬਣਦੀਜੇ ਦੋ ਮਿੱਤਰ ਜਾਂ ਸਾਕ ਆਪੋ ਵਿਚ ਲਡ਼-ਝਗਡ਼ ਪੈਣ ਤੇ ਇਕ ਵੇਰ ਵਿਗਡ਼ ਜਾਣ, ਫੇਰ ਉਹਨਾਂ ਵਿਚ ਪਹਿਲਾਂ ਜਿਹੀ ਮਿੱਤਰਤਾ ਜਾਂ ਪ੍ਰੇਮ ਗੁਡ਼੍ਹ ਮੁਡ਼ ਕਾਇਮ ਨਹੀਂ ਹੁੰਦਾ, ਏਵੇਂ ਗਾਂਢਾ-ਸਾਂਢਾ ਹੀ ਰਹਿੰਦਾ ਹੈ

 

(ਡ)

ਡਾਢਾ ਮਾਰੇ ਤੇ ਰੋਣ ਵੀ ਨਾ ਦੇਵੇ - ਜਦ ਕੋਈ ਸਖਤ ਤੇ ਜ਼ੋਰਾਵਰ ਬੰਦਾ ਕਿਸੇ ਨੂੰ ਦੁੱਖ ਦੇਵੇ ਅਤੇ ਫਰਿਆਦ ਵੀ ਨਾ ਕਰਨ ਦੇਵੇ ਤਾਂ ਕਹਿੰਦੇ ਹਨ

ਡਾਢੇ ਦਾ ਸੱਤੀਂ ਵੀਹੀਂ ਸੌ - ਜੋਰਾਵਰ ਦਾ ਸੱਤੀਂ ਵੀਂਹ ਸੌ

ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ - ਤਕਲੀਫ ਮਿਲਣੀ ਕਿਸੇ ਹੋਰ ਪਾਸੋਂ ਤੇ ਗੁੱਸਾ ਕੱਢਣਾ ਕਿਸੇ ਹੋਰ ਉੱਤੇ

ਡੁੱਬੀ ਤਦ ਜੇ ਸਾਹ ਨਾ ਆਇਆ - ਜਦ ਆਪਣੇ ਯਤਨਾਂ, ਕੋਸ਼ਿਸ਼ਾਂ ਦੇ ਹੁੰਦਿਆਂ ਵੀ ਨੁਕਸਾਨ ਹੋ ਜਾਵੇ, ਤੇ ਅੱਗੋਂ ਕੋਈ ਸਲਾਹ ਦੇਵੇ ਕਿ ਆਹ ਕਰਨਾ ਸੀ ਤੇ ਔਹ ਕਰਨਾ ਸੀ, ਤਾਂ ਕਹਿੰਦੇ ਹਨ

ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗਡ਼ਿਆ - ਜਦ ਕੋਈ ਕੰਮ ਕਸੂਤਾ ਹੋ ਜਾਵੇ, ਪਰ ਮਮੂਲੀ ਯਤਨਾਂ ਨਾਲ ਸੂਤ ਹੋ ਸਕਦਾ ਹੋਵੇ, ਤਾਂ ਕਹਿੰਦੇ ਹਨ

ਡੋਲ੍ਹ ਰੱਤ ਤੇ ਖਾ ਭੱਤ - ਕਰ ਮਜੂਰੀ ਤੇ ਖਾ ਚੂਰੀ

 

(ਢ)

ਢੱਕੀ ਰਿੱਝੇ ਕੋਈ ਨਾ ਬੁੱਝੇ - ਜਦ ਕੋਈ ਗੱਲ ਗੁਪਤ ਰੱਖਣੀ ਹੋਵੇ ਜਾਂ ਇਹ ਦੱਸਣਾ ਹੋਵੇ ਕਿ ਫਲਾਨੇ-ਫਲਾਨੇ ਉੱਪਰੋਂ-ਉੱਪਰੋਂ ਰਲੇ ਮਿਲੇ ਜਾਪਦੇ ਹਨ, ਪਰ ਅਸਲ ਵਿਚ ਉਹ ਪਡ਼ਦੇ ਅੰਦਰ ਲਡ਼ਦੇ ਝਗਡ਼ਦੇ ਰਹਿੰਦੇ ਹਨ, ਤਾਂ ਕਹਿੰਦੇ ਹਨ

ਢੱਗੀ ਨਾਂ ਵੱਛੀ, ਤੇ ਨੀਂਦ ਆਵੇ ਹੱਛੀ - ਜਦ ਕਿਸੇ ਪਾਸ ਕੁਝ ਵੀ ਨਾ ਹੋਵੇ, ਤਾਂ ਉਹ ਹੋਕੇ ਭਰਨ ਦੀ ਥਾਂ ਅਜੇਹੀ ਹਾਲਤ ਦੇ ਸੁਖ ਦੱਸਣ ਲਈ ਇਉਂ ਕਹਿੰਦਾ ਹੈ ਕਿ ਭਈ ਧਨ ਮਾਲ ਨਹੀਂ ਤਾਂ ਮੌਜਾਂ ਹਨ, ਰਾਖੀ ਕਰਨ ਤੋਂ ਬਚੇ ਹੋਏ ਹਾਂ

ਢਿੱਡ ਭਰਿਆ ਤੇ ਕੰਮ ਸਰਿਆ -  ਜਿਹਡ਼ੀ ਆਦਮੀ ਮਤਲਬ ਕੱਢ ਕੇ ਪੱਤਰਾ ਵਾਚੇ, ਉਸ ਬਾਰੇ ਕਹਿੰਦੇ ਹਨਕੋਠਾ ਉੱਸਰਿਆ ਤਰਖਾਣ ਵਿੱਸਰਿਆ

ਢਿੱਡੋਂ ਭੁੱਖੀ ਨੂੰ ਮੇਲੇ ਦੱਖ ਨਾ ਦੇਵੇ - ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂਭੁੱਖ ਦੇ ਸਤਾਏ ਹੋਏ ਬੰਦੇ ਨੂੰ ਕੋਈ ਸ਼ੈ ਚੰਗੀ ਨਹੀਂ ਲੱਗਦੀ

ਢੋਲ ਵੱਜੇ ਢੱਮਕੇ ਵੱਜੇ, ਮੁਡ਼ਦੀ ਵਹੁਟੀ ਦੇ ਪੈਰ ਨਾ ਕੱਜੇ - ਜਦ ਕਿਸੇ ਨੂੰ ਕਿਸੇ ਬੁਰੀ ਆਦਤ ਤੋਂ ਹਟਾਉਣ ਲਈ ਸਮਝਾਉਣ ਬੁਝਾਉਣ ਦਾ ਸਾਰਾ ਟਿੱਲ ਲਾ ਲਈਏ, ਪਰ ਉਹਦੇ ਉੱਤੇ ਕੋਈ ਅਸਰ ਨਾ ਹੋਵੇ ਤਾਂ ਕਹਿੰਦੇ ਹਨ

 

(ਤ)

ਤਕਦੀਰ ਅੱਗੇ ਕਿ ਤਦਬੀਰ ? - ਜਦ ਕਿਸਮਤ ਵੱਲ ਨਾ ਹੋਵੇ, ਤਾਂ ਸਿਆਣਪ ਕੁਝ ਨਹੀਂ ਸੁਆਰ ਸਕਦੀ

ਤਰਤ ਦਾਨ ਮਹਾਂ ਪੁੰਨ - ਤੁਰਤ ਦਾਨ ਮਹਾਂ ਕਲਿਆਣ - ਇਹ ਗੱਲ ਸਮਝਾਉਣ ਲਈ ਕਿ ਦਾਨ ਦੇਣ ਲੱਗਿਆਂ ਢਿੱਲ ਨਹੀਂ ਕਰਨੀ ਚਾਹੀਦੀ, ਇਹ ਅਖਾਣ ਵਰਤਦੇ ਹਨ

ਤੇਹ ਲੱਗਣ ਤੇ ਖੂਹ ਨਹੀਂ ਪੁੱਟੀਦਾ - ਹਰ ਸ਼ੈ ਲਈ ਪਹਿਲਾਂ ਵੇਲੇ ਸਿਰ ਪ੍ਰਬੰਧ ਕਰਨ ਦੀ ਲੋਡ਼ ਹੁੰਦੀ ਹੈ

ਤੇਲ ਵੇਖੋ ਤੇਲ ਦੀ ਧਾਰ ਵੇਖੋ - ਕਾਹਲੇ ਨਾ ਪਵੋ, ਹੌਂਸਲਾ ਨਾ ਹਾਰੋ, ਵੇਖੋ ਤਾਂ ਸਹੀ ਹਾਲਾਤ ਕੀ ਪਲਟਾ ਖਾਂਦੇ ਹਨ

ਤੇਲੀ ਵੀ ਕੀਤਾ ਤੇ ਰੁੱਖ ਵੀ ਖਾਧਾ - ਜਦ ਕੋਈ ਜਣਾ ਕਿਸੇ ਘਟੀਆ ਪਾਏ ਦੇ ਬੰਦੇ ਨਾਲ ਕਿਸੇ ਖਾਲ ਲਾਲਚ ਕਰਕੇ ਦੋਸਤੀ ਗੰਢੇ, ਪਰ ਉਹ ਲਾਲਚ ਪੂਰਾ ਨੀ ਹੋਵੇ, ਤਾਂ ਕਹਿੰਦੇ ਹਨ

ਤੂੰ ਪਾਈ ਤੇ ਮੈਂ ਬੁੱਝੀ, ਕਾਣੀ ਅੱਖ ਨਾ ਰਹਿੰਦੀ ਗੁੱਝੀ - ਜਦ ਕੋਈ ਚਲਾਕੀ ਭਰੀਆਂ ਗੱਲਾਂ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀ ਚਲਾਕੀ ਸਮਝ ਗਏ ਹਾਂ, ਤਾਂ ਵਰਤਦੇ ਹਨ

 

(ਥ)

ਥੁੱਕੀਂ ਵਡ਼ੇ ਨਹੀਂ ਪਕਦੇ - ਖਰਚ, ਖੇਚਲ ਬਿਨਾਂ ਕੋਈ ਕੰਮ ਨਹੀਂ ਹੁੰਦਾ

ਥੋਡ਼੍ਹਾ ਜੁੱਸਾ, ਕਰੋਧ ਵਧੀਕ - ਮਾਡ਼ੇ ਆਦਮੀ ਨੂੰ ਗੁੱਸਾ ਬਹੁਤ ਆਉਂਦਾ ਹੈ

ਥੋਡ਼੍ਹੀ ਛੱਡ ਬਹੁਤੀ ਨੂੰ ਧਾਵੇ, ਅਗਲੀ ਵੀ ਉਸ ਹੱਥੋਂ ਜਾਵੇ - ਸਪਸ਼ਟ ਹੈ

 

(ਦ)

ਦਾਨ, ਵਿਤ ਸਮਾਨ - ਪੁੰਨ ਦਾਨ ਆਪਣੀ ਪਾਇਆਂ, ਪਸਲੀ ਮੁਤਾਬਕ ਕਰਨਾ ਚਾਹੀਦਾ ਹੈ

ਦਾਲ਼ ਅਲੂਣੀ, ਕੱਪਡ਼ੇ ਸਬੂਣੀ - ਜਿਹਡ਼ਾ ਬੰਦਾ ਵਿਤੋਂ ਵਧ ਡਾਟ ਫਾਟ ਲਾਵੇ, ਉਸ ਬਾਰੇ ਕਹਿੰਦੇ ਹਨ

ਦਾਲ਼ ਵਿਚ ਕੁਝ ਕਾਲ਼ਾ-ਕਾਲ਼ਾ ਹੈ - ਇਸ ਗੱਲ ਵਿਚ ਕੁਝ ਲੁਕਾ ਜਾਂ ਧੋਖਾ ਜਾਪਦਾ ਹੈ

ਦਿਲ ਹੋਵੇ ਚੰਗਾ, ਕਟੋਰੇ ਵਿਚ ਗੰਗਾ - ਜਿਸਦਾ ਹਿਰਦਾ ਸਾਫ, ਸ਼ੁੱਧ ਹੋਵੇ, ਉਹਨੂੰ ਤੀਰਥਾਂ ਤੇ ਭਟਕਣ ਦੀ ਲੋਡ਼ ਨਹੀਂ

ਦੀਵੇ ਥੱਲੇ ਹਨੇਰਾ - ਜਦ ਕਿਸੇ ਅਫਸਰ ਦੇ ਸਾਹਮਣੇ ਹੀ ਕੋਈ ਬੇ-ਈਮਾਨੀ ਕਰੇ ਤੇ ਅਫਸਰ ਨੂੰ ਪਤਾ ਨਾ ਲੱਗੇ, ਤਾਂ ਕਹਿੰਦੇ ਹਨ

ਦੂਰ ਦੇ ਢੋਲ ਸੁਹਾਵਣੇ - ਜਦ ਕੋਈ ਚੀਜ਼ ਦੂਰੋਂ ਚੰਗੀ ਲੱਗੇ, ਪਰ ਨੇਡ਼ੇ ਆਉਣ ਤੇ ਤੰਗ ਕਰੇ ਤੇ ਬੁਰੀ ਲੱਗੇ ਤਾਂ ਕਹਿੰਦੇ ਹਨ

ਦੇਖਾ-ਦੇਖੀ ਸਾਧਿਆ ਜੋਗ, ਛਿੱਜੀ ਕਾਇਆਂ ਵਧਿਆ ਰੋਗ - ਜਦ ਕੋਈ ਜਣਾ ਹੋਰਨਾਂ ਦੀ ਰੀਸੇ ਕੋਈ ਔਖਾ ਕੰਮ ਅਰੰਭ ਲਵੇ ਤੇ ਮਗਰੋਂ ਉਹਨੂੰ ਨਿਬਾਹ ਨਾ ਸਕੇ, ਸਗੋਂ ਨੁਕਸਾਨ ਉਠਾਵੇ, ਤਾਂ ਕਹਿੰਦੇ ਹਨ

ਦੇਣਾ ਭਲਾ ਨਾ ਬਾਪ ਦਾ, ਬੇਟੀ ਭਲੀ ਨਾ ਇੱਕ - ਕਰਜ਼ਾ ਪਿਓ ਪਾਸੋਂ ਲਿਆ ਵੀ ਮਾਡ਼ਾ ਹੁੰਦਾ ਹੈਧੀ ਇਕ ਵੀ ਮਾਪਿਆਂ ਲਈ ਚਿੰਤਾ ਦੁੱਖ ਦਾ ਕਾਰਨ ਹੁੰਦੀ ਹੈ

ਦੋਂਹ ਘਰਾਂ ਦਾ ਪਰਾਹੁਣਾ ਭੁੱਖਾ ਰਹਿੰਦਾ ਹੈ - ਦੋਂਹ ਬੇਡ਼ੀਆਂ ਵਿਚ ਲੱਤਾਂ ਰੱਖਣ ਵਾਲਾ ਪਾਰ ਨਹੀਂ ਪੁੱਜਦਾ

 

(ਧ)

ਧਾਗਾ ਲੰਮਾ, ਕਾਹਦਾ ਗੰਮਾ - ਜਿਸ ਪਾਸ ਧਨ-ਦੌਲਤ ਕਾਫੀ ਹੋਵੇ, ਉਹਨੂੰ ਕਾਹਦਾ ਫਿਕਰ? ਜਾਂ ਵਧੀ ਨੂੰ ਕੋਈ ਡਰ ਨਹੀਂ ਤੇ ਘਟੀ ਦੀ ਕੋਈ ਦਾਰੂ ਨਹੀਂ

ਧੀਏ ਨੀ ਤੂੰ ਕੰਮ ਕਰ, ਨੋਹੇਂ ਨੀ ਤੂੰ ਕੰਨ ਕਰ - ਜਦ ਕੋਈ ਗੱਲ ਕਿਸੇ ਹੋਰ ਨੂੰ ਕਹੀਏ, ਪਰ ਇਸ ਰਾਹੀਂ ਸਮਝਾਉਣੀ ਕਿਸੇ ਪਾਸ ਬੈਠੇ ਹੋਰ ਨੂੰ ਚਾਹੀਏ, ਤਾਂ ਕਹਿੰਦੇ ਹਨ

ਧੌਲਾ ਨਾ ਦੇਵੇ, ਧੌਲੀ ਦੇਵੇ - ਜਦ ਕੋਈ ਮੰਗਿਆਂ ਥੋਡ਼੍ਹੀ ਜਿਹੀ ਵਸਤੂ ਵੀ ਨਾ ਦੇਵੇ, ਪਰ ਮਗਰੋਂ ਅਡ਼ਿੱਕੇ ਵਿਚ ਫਸ ਕੇ ਬਹੁਤ ਸਾਰੀ ਦੇਣ ਲਈ ਮਜ਼ਬੂਰ ਹੋ ਜਾਵੇ, ਤਾਂ ਵਰਤਦੇ ਹਨ

ਧੋਤੇ ਮੂੰਹ ਚਪੇਡ਼ ਪਈ - ਜਦ ਕੋਈ ਬੰਦਾ ਕਿਸੇ ਸ਼ੈ ਦੀ ਬਹੁਤ ਆਸ ਲਾ ਬੈਠੇ ਤੇ ਉਹਨੂੰ ਲੈਣ ਵਰਤਣ ਦੀ ਤਿਆਰੀ ਕਰ ਬੈਠੇ, ਪਰ ਐਨ ਵੇਲੇ ਤੇ ਉਹਨੂੰ ਨਿਰਾਸ ਹੋਣਾ ਪਵੇ, ਤਾਂ ਕਹਿੰਦੇ ਹਨ

ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ - ਜਦ ਕੋਈ ਜਣਾ ਕਦੇ ਇਸ ਪਾਸੇ ਹੋਵੇ ਤੇ ਕਦੇ ਉਸ ਪਾਸੇ, ਕਦੇ ਇਕ ਥਾਂ ਜਾਵੇ ਤੇ ਕਦੀ ਦੂਜੇ ਥਾਂ, ਪਰ ਟਿਕੇ ਕਿਤੇ ਵੀ ਨਾ,ਤਾਂ ਉਹ ਦੋਹਾਂ ਪਾਸਿਆਂ ਤੋਂ ਰਹਿ ਜਾਂਦਾ ਹੈ, ਨਾ ਏਧਰ ਜੋਗਾ ਰਹਿੰਦਾ ਹੈ ਨਾ ਓਧਰ ਜੋਗਾ ਹੁੰਦਾ ਹੈ

ਧੌਲਾ ਝਾਟਾ ਆਟਾ ਖਰਾਬ - ਜਦ ਕੋਈ ਵਡੇਰੀ ਉਮਰ ਦਾ ਬੰਦਾ ਕੋਈ ਨੀਚ ਕੰਮ ਕਰੇ ਤੇ ਉਸ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ

 

(ਨ)

ਨ੍ਹਾਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ - ਧੋਤੇ ਮੂੰਹ ਤੇ ਚਪੇਡ਼ ਪਈ

ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ - ਭਰਾ-ਭਰਾ ਜਾਂ ਗੂਡ਼੍ਹੇ ਸਾਕ ਮਿੱਤਰ ਬੇਸ਼ਕ ਕਦੇ ਆਪੋ ਵਿਚ ਲਡ਼ ਪੈਣ, ਤਾਂ ਵੀ ਉਹ ਸਦਾ ਲਈ ਟੁੱਟੇ ਨਹੀਂ ਰਹਿੰਦੇ

ਨਾਨੀ ਖਸਮ ਕਰੇ, ਤੇ ਦੋਹਤਾ ਚੱਟੀ ਭਰੇ - ਜਦ ਕਸੂਰ ਕੋਈ ਕਰੇ, ਤੇ ਉਹਦਾ ਡੰਨ ਕਿਸੇ ਹੋਰ ਨੂੰ ਭਰਨਾ ਪਵੇ, ਤਾਂ ਕਹਿੰਦੇ ਹਨ

ਨਾਲੇ ਚੋਪਡ਼ੀਆਂ ਨਾਲੇ ਦੋ ਦੋ - ਜਿਹਡ਼ਾ ਆਦਮੀ ਹਰ ਪਾਸਿਓਂ ਹੀ ਲਾਭ ਦੀ ਇੱਛਾ ਆਸ ਕਰੇ ਉਸ ਸਬੰਧੀ ਵਰਤਦੇ ਹਨ

ਨਾਲੇ ਚੋਰ ਨਾਲੇ ਚਤਰ - ਕਸੂਰਵਾਰ ਹੋ ਕੇ ਚਤੁਰਾਈਆਂ ਕਰਨੀਆਂ, ਸਾਊ ਬਣ ਬਣ ਬਹਿਣਾ, ਤੇ ਹੋਰਨਾਂ ਨੂੰ ਕੋਸਣਾ

ਨਾਲੇ ਮਾਸੀ ਨਾਲੇ ਚੂੰਢੀਆਂ - ਜਦ ਕੋਈ ਜਾਣਾ ਉੱਤੋਂ ਉੱਤੋਂ ਤਾਂ ਪਿਆਰ ਕਰੇ ਤੇ ਹੇਤੂ ਬਣ-ਬਣ ਵਿਖਾਵੇ, ਪਰ ਅੰਦਰੋਂ ਨੁਕਸਾਨ ਕਰੀ ਤੇ ਔਖਿਆਈ ਦੇਈ ਜਾਵੇ, ਤਾਂ ਕਹਿੰਦੇ ਹਨ

ਨਾਲੇ ਰਾਹ ਵਿਚ ਹੱਗੇ, ਨਾਲੇ ਆਨੇ ਪਿਆ ਟੱਡੇ - ਜਦ ਕੋਈ ਜਣਾ ਕਸੂਰ ਕਰ ਕੇ ਅੱਗੋਂ ਆਕਡ਼ੇ ਤਾਂ ਕਹਿੰਦੇ ਹਨ

ਨੈਂ ਲੰਘੀ, ਖਾਜਾ ਵਿੱਸਰਿਆ - ਕੋਠਾ ਉੱਸਰਿਆ ਤਰਖਾਣ ਵਿੱਸਰਿਆ

ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ - ਜਦ ਕੋਈ ਬੰਦਾ ਸਾਰੀ ਉਮਰ ਮਾਡ਼ੇ ਕੰਮ ਕਰਦਾ ਤੇ ਪਾਪ ਕਮਾਉਂਦਾ ਰਿਹਾ ਹੋਵੇ, ਤੇ ਮਗਰੋਂ ਬਡ਼ਾ ਭਗਤ ਲੋਕ ਤੇ ਨੇਕ ਪੁਰਸ਼ ਬਣ-ਬਣ ਵਿਖਾਵੇ, ਤਾਂ ਕਹਿੰਦੇ ਹਨ

ਨੌਕਰ ਕੀ ਤੇ ਨਖਰਾ ਕੀ ? - ਨੌਕਰ ਨੂੰ ਆਕਡ਼ ਕਰਨੀ ਨਹੀਂ ਬਣਦੀ

ਨੌਂ ਕੋਹ ਦਰਿਆ, ਸੁੱਥਣ ਮੋਢੇ ਤੇ, ਨੌਂ ਕੋਹ ਦਰਿਆ, ਤੰਬਾ ਕੱਛ ਵਿਚ - ਕਿਸੇ ਕੰਮ ਦੇ ਕਰਨ ਦਾ ਸਮਾਂ ਆਉਣ ਤੋਂ ਬਹੁਤ ਸਮਾਂ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੋ ਬਹਿਣਾ

ਨੌਂਵੀ ਰੂੰ ਤੇ ਤੇਰ੍ਹੀਂ ਕਪਾਹ - ਘਟੀਆ ਚੀਜ਼ ਮਹਿੰਗੀ ਤੇ ਵਧੀਆ ਸ਼ੈ ਸਸਤੀ

 

(ਪ)

ਪੰਜੇ ਉਂਗਲਾਂ ਇਕੋ ਜਿਹੀਆਂ (ਬਰਾਬਰ) ਨਹੀਂ ਹੁੰਦੀਆਂ - ਸਾਰੇ ਮਨੁੱਖ ਇਕੋ ਜਿਹੇ ਨਹੀਂ ਹੁੰਦੇ

ਪੱਤਣ ਮਲਾਹ ਨਾ ਛੇਡ਼ੀਏ ਹੱਟੀ ਦੇ ਕਰਾਡ਼ - ਬੰਨੇ ਜੱਟ ਨਾ ਛੇਡ਼ੀਏ ਭੰਨ ਛੱਡੇ ਬੁਥਾਡ਼ - ਕਿਸੇ ਨਾਲ ਉਹਦੇ ਆਪਣੇ ਅੱਡੇ, ਟਿਕਾਣੇ ਤੇ ਲਡ਼ਨਾ ਨਹੀਂ ਚਾਹੀਦਾ

ਪਰ-ਹੱਥੀਂ ਵਣਜ ਸੁਨੇਹੀਂ ਖੇਤੀ, ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ - ਕਾਰ ਵਿਹਾਰ ਵਿਚ ਸਫਲਤਾ ਤਾਂ ਹੀ ਹੋ ਸਕਦੀ ਹੈ ਜੇ ਬੰਦਾ ਆਪ ਸਿਰ ਹੋ ਕੇ ਕੰਮ ਕਰਾਵੇ

ਪਰਾਈ ਜੰਝ ਤੇ ਅਹਿਮਕ ਨੱਚੇ - ਮਾਮੇ ਕੰਨੀ ਬੀਰਬਲੀਆਂ ਤੇ ਭਣੇਵਾਂ ਫਿਰੇ ਆਕਡ਼ਿਆ, ਕਿਸੇ ਹੋਰ ਦੀ ਵਡਿਆਈ ਦੇ ਕਾਰਨ ਫੁੱਲੇ ਤੇ ਆਕਡ਼ੇ ਫਿਰਨ ਵਾਲੇ ਤੇ ਘਟਾਉਂਦੇ ਹਨ

ਪਡ਼੍ਹੇ ਨਾ ਲਿਖੇ, ਨਾਂ ਵਿਦਿਆ ਸਾਗਰ - ਜਦ ਕੋਈ ਅਸਲ ਵਿਚ ਮਾਡ਼ਾ ਤੇ ਗੁਣਹੀਣ ਹੋਵੇ, ਪਰ ਚੰਗਾ ਤੇ ਗੁਣਵਾਣ ਬਣ-ਬਣ ਬਹੇ ਤੇ ਫਡ਼੍ਹਾਂ ਮਾਰੇ, ਤਾਂ ਕਹਿੰਦੇ ਹਨ

ਪਾਣੀ ਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦਾ - ਜਦ ਕਿਸੇ ਟੱਬਰ ਜਾਂ ਕੌਮ ਵਿਚ ਪੂਰਨ ਏਕਤਾ ਹੋਵੇ, ਤਾਂ ਹੋਰਨਾਂ ਦੇ ਜਤਨ ਕਰਨ ਤੇ ਵੀ ਓਥੇ ਫੁੱਟ ਨਹੀਂ ਪੈਂਦੀ, ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ

ਪਿੰਡ ਨੂੰ ਅੱਗ ਲੱਗੀ ਤਾਂ ਕੁੱਤਾ ਰੂਡ਼ੀ ਤੇ - ਜਿਹਡ਼ਾ ਬੰਦਾ ਔਖੇ ਵੇਲੇ ਕੰਮ ਨਾ ਆਵੇ ਤੇ ਪਰ੍ਹਾਂ ਹੋ ਬੈਠੇ, ਉਸ ਤੇ ਘਟਾਉਂਦੇ ਹਨ

ਪਿੰਡ ਬੱਝਾ ਨਾ, ਉੱਚਕੇ ਅੱਗੋਂ ਹੀ ਤਿਆਰ - ਜਦ ਕੋਈ ਚੀਜ਼ ਬਣ ਕੇ ਅਜੇ ਤਿਆਰ ਨਾ ਹੋਈ ਹੋਵੇ, ਪਰ ਉਹਨੂੰ ਆਪਣੇ ਢੰਗ ਨਾਲ ਵਰਤਣ ਵਾਲੇ ਪਹਿਲਾਂ ਹੀ ਕੱਛਾਂ ਮਾਰਨ ਲੱਗ ਪੈਣ, ਤਾਂ ਕਹਿੰਦੇ ਹਨ

ਪਿੰਡਾ ਵੇ ਅਗਾਂਹ, ਪੁੱਤਾ ਵੇ ਪਿਛਾਂਹ - ਜਦ ਕੋਈ ਔਖਿਆਈ ਸਮੇਂ ਹੋਰਨਾਂ ਨੂੰ ਵੰਗਾਰ-ਵੰਗਾਰ ਕੇ ਅੱਗੇ ਕਰੇ ਤੇ ਖਤਰੇ ਵਿਚ ਪਾਉਣ ਦਾ ਯਤਨ ਕਰੇ, ਪਰ ਆਪਣਿਆਂ ਨੂੰ ਪਿਛਾਂਹ ਬਚਾ-ਬਚਾ ਕੇ ਰੱਖੇ, ਤਾਂ ਕਹਿੰਦੇ ਹਨ

ਪੁੱਟਿਆ ਪਹਾਡ਼ ਤੇ ਨਿੱਕਲਿਆ ਚੂਹਾ - ਸਾਰੀ ਰਾਤ ਭੰਨੀ ਤੇ ਕੁਡ਼ੀ ਜੰਮ ਪਈ ਅੰਨ੍ਹੀ, ਮਿਹਨਤ ਬਹੁਤ ਸਾਰੀ ਤੇ ਫਲ ਕੁਝ ਵੀ ਨਾ

ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ - ਪੁੱਤ ਮਾਪਿਆਂ ਸਬੰਧੀ ਆਪਣੇ ਫਰਜ਼ ਭੁੱਲ ਸਕਦੇ ਹਨ, ਪਰ ਮਾਪੇ ਪੁੱਤਾਂ ਸਬੰਧੀ ਆਪਣੇ ਫਰਜ਼ਾਂ ਤੋਂ ਕਦੇ ਪਿਛਾਂਹ ਨਹੀਂ ਹਟਦੇ

ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ - ਢਿੱਡੋਂ ਭੁੱਖੀ ਨੂੰ ਮੇਲਾ ਦੱਖ ਨਾ ਦੇਵੇ - ਜਦ ਬੰਦਾ ਭੁੱਖਾ ਹੋਵੇ ਤਾਂ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ

ਪੈਸਾ ਸੋ ਜੋ ਹੋਵੇ ਗੰਠ, ਵਿੱਦਿਆ ਸੋ ਜੋ ਹੋਵੇ ਕੰਠ - ਸਪਸ਼ਟ ਹੈ

ਪੈਸਾ ਖੋਟਾ ਆਪਣਾ, ਬਾਣੀਏ ਨੂੰ ਕੀ ਦੋਸ਼ ? - ਜਦ ਆਪਣਾ ਹੀ ਬੰਦਾ ਭੈਡ਼ਾ ਹੋਵੇ, ਤੇ ਉਸ ਕਾਰਨ ਆਪਣਾ ਕਾਰਜ ਨਾ ਸਰ ਸਕੇ, ਤਾਂ ਕੰਮ ਨਾ ਸਾਰਨ ਵਾਲਿਆਂ ਨੂੰ ਬੁਰਾ ਕਹਿਣਾ ਠੀਕ ਨਹੀਂ ਹੁੰਦਾ

ਪੈਂਚਾਂ ਦਾ ਆਖਿਆ ਸਿਰ ਮੱਥੇ, ਪਰਨਾਲਾ ਓਥੇ ਹੀ - ਜਦ ਕੋਈ ਆਦਮੀ ਜਿੱਦ ਨਾ ਛੱਡੇ ਅਤੇ ਹੋਰਨਾਂ ਦੇ ਸਮਝਾਉਣ ਤੇ ਉੱਤੋਂ-ਉੱਤੋਂ ਤਾਂ ਚੰਗਾ ਜੀ ਕਹਿ ਛੱਡੇ, ਪਰ ਰਹੇ ਆਪਣੇ ਹਠ ਉੱਤੇ ਡਟਿਆ, ਤਾਂ ਕਹਿੰਦੇ ਹਨ

 

(ਫ)

ਫਸੀ ਤਾਂ ਫਟਕਣ ਕੀ ? - ਉੱਖਲੀ ਵਿਚ ਸਿਰ ਦਿੱਤਾ, ਤਾਂ ਮੌਹਲਿਆਂ ਦਾ ਕੀ ਡਰ

ਫੱਫੇ ਕੁੱਟਣ ਲੱਗੀ ਲੁੱਟਣ - ਕਿਸੇ ਫਰੇਬੀ ਧੋਖੇਬਾਜ ਨੂੰ ਧੋਖਾ ਠੱਗੀ ਕਰਨ ਦਾ ਯਤਨ ਕਰਦਿਆਂ ਵੇਖ ਕੇ ਕਹਿੰਦੇ ਹਨ

ਫਾਥੀਆਂ ਨੂੰ ਛੱਡ ਕੇ, ਉੱਡਦੀਆਂ ਮਗਰ ਨਹੀਂ ਪਈਦਾ - ਜਿਹਡ਼ਾ ਸ਼ੈ ਹੱਥ ਵਿਚ ਆਈ ਹੋਵੇ, ਉਹਨੂੰ ਛੱਡ ਕੇ ਅਜੇਹੀ ਸ਼ੈ ਦੇ ਮਗਰ ਪੈਣਾ ਜਿਸ ਦੀ ਪਰਾਪਤੀ ਸੌਖੀ ਜਾਂ ਯਕੀਨੀ ਨਾ ਹੋਵੇ, ਮੂਰਖਾਂ ਦਾ ਕੰਮ ਹੈ

ਫੂਹੀ-ਫੂਹੀ ਤਲਾ ਭਰ ਜਾਂਦਾ ਹੈ - ਜੇ ਥੋਡ਼੍ਹੀ ਥੋਡ਼੍ਹੀ ਸ਼ੈ ਲਗਾਤਾਰ ਜੋਡ਼ੀ ਜਾਈਏ, ਤਾਂ ਉਹ ਚੋਖੀ ਬਣ ਜਾਂਦੀ ਹੈ

ਫੋਲਿਆ ਪਹਾਡ਼ ਤੇ ਨਿਕਲਿਆ ਚੂਹਾ - ਪੁੱਟਿਆ ਪਹਾਡ਼ ਤੇ ਨਿਕਲਿਆ ਚੂਹਾ

 

(ਬ)

ਬਹੁਤ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ, ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ - ਬਹੁਤਾ ਬੋਲਣਾ, ਬਹੁਤੀ ਚੁੱਪ, ਬਹੁਤਾ ਮੀਂਹ, ਬਹੁਤੀ ਧੁੱਪ - ਇਹ ਸਭ ਠੀਕ ਨਹੀਂ

ਬੱਕਰੀ ਆਪਣੀ ਜਾਨੋਂ ਵੀ ਗਈ, ਖਾਣ ਵਾਲੇ ਨੂੰ ਸੁਆਦ ਨਾ ਆਇਆ - ਜਦੋਂ ਇਕ ਜਣਾ ਤਾਂ ਬਡ਼ਾ ਔਖਾ ਹੋ ਕੇ, ਬਹੁਤੀ ਸਾਰੀ ਕੁਰਬਾਨੀ ਕਰ ਕੇ, ਦੂਜੇ ਦਾ ਕੰਮ ਸੁਆਰਨ ਦਾ ਯਤਨ ਕਰੇ, ਪਰ ਉਹ ਅੱਗੋਂ ਕੀਤੇ ਦੀ ਕਦਰ ਨਾ ਪਾਵੇ, ਤਾਂ ਕਹਿੰਦੇ ਹਨ

ਬੱਕਰੀ ਨੇ ਦੁੱਧ ਦਿੱਤਾ, ਪਰ ਮੇਂਙਣਾਂ ਪਾ ਕੇ - ਜਦ ਕੋਈ ਜਣਾ ਕੰਮ ਕਰੇ ਤਾਂ ਸਹੀ, ਪਰ ਕਾਫੀ ਅਡ਼ੀ ਤੇ ਨਾਂਹ ਨੁੱਕਰ ਕਰ ਕੇ, ਤਾਂ ਕਹਿੰਦੇ ਹਨ

ਬੱਦਲ ਵੀ ਨੀਵਾਂ ਹੋ ਕੇ ਵਰ੍ਹਦਾ ਹੈ - ਕਿਸੇ ਦਾ ਹੰਕਾਰ ਵੇਖ ਕੇ ਉਹਨੂੰ ਨਿਮਰਤਾ ਧਾਰਨ ਲਈ ਉਪਦੇਸ਼ ਹਿਤ ਇਹ ਅਖਾਣ ਵਰਤਦੇ ਹਨ

ਬਾਹਰੋਂ ਆਇਆ ਕੱਤਣਾ ਤੇ ਘਰੋਂ ਪਿਆ ਘੱਤਣਾ - ਨਾਲੇ ਤਾਂ ਕਿਸੇ ਦਾ ਕੰਮ ਕਰਨਾ ਤੇ ਨਾਲੇ ਕੁਝ ਪੱਲਿਓਂ ਭਰਨਾ ਪਿਆ

ਬਾਂਦਰਾਂ ਨੂੰ ਬਣਾ ਤੀਆਂ ਟੋਪੀਆਂ - ਬਾਂਦਰ ਨੂੰ ਅਦਰਕ ਦਾ ਅਚਾਰ - ਜਦ ਕੋਈ ਘਟੀਆ ਦਰਜੇ ਦਾ ਬੰਦਾ ਵਧੀਆ ਸੈ ਦੀ ਚਾਹ ਕਰੇ ਜਾਂ ਜਦ ਅਜਿਹੇ ਬੰਦੇ ਨੂੰ ਅਜੇਹੀ ਸ਼ੈ ਮਿਲ ਜਾਵੇ ਤੇ ਉਹ ਉਹਦੀ ਕਦਰ ਨਾ ਕਰੇ, ਤਾਂ ਕਹਿੰਦੇ ਹਨ

ਬਾਲ ਦਾ ਪੱਜ, ਤੇ ਮਾਂ ਦਾ ਰੱਜ - ਜਦ ਕੋਈ ਜਣਾ ਕਿਸੇ ਹੋਰ ਦਾ ਬਹਾਨਾ ਲਾ ਕੇ ਕੋਈ ਸ਼ੈ ਆਪਣੇ ਲਈ ਪਰਾਪਤ ਕਰੇ ਤਾੰ ਕਹਿੰਦੇ ਹਨ

ਬਾਲ ਦੀ ਨਾ ਮਰੇ ਮਾਂ, ਬੁੱਢੇ ਦੀ ਜੋਰੂ - ਮਾਂ-ਮਹਿੱਟਰ ਬਾਲ ਤੇ ਰੰਡਾ ਬੁੱਢਡ਼ਾ ਦੋਵੇਂ ਔਖੇ ਤੇ ਦੁਖੀ ਹੁੰਦੇ ਹਨ

ਬਿਗ਼ਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਸਾਡ਼ ਲਈਦੀ - ਕਿਸੇ ਹੋਰ ਪਾਸ ਚੰਗੀ ਵਧੀਆ ਸ਼ੈ ਵੇਖ ਕੇ ਆਪਣੀਆਂ ਸ਼ੈਆਂ ਬੇਸਿੰਦ ਕਰ ਦੇਣੀਆਂ ਠੀਕ ਨਹੀਂ

ਬਿਗੀਨੀ ਛਾਹ ਤੇ ਮੁੱਛਾਂ ਨਹੀਂ ਮੁਨਾਈਦੀਆਂ - ਕਿਸੇ ਤੋਂ ਲਾਭ ਪਰਾਪਤ ਕਰਨ ਦੀ ਆਸ ਵਿਚ ਆਪਣਾ ਨੁਕਸਾਨ ਨਹੀਂ ਕਰ ਲੈਣਾ ਚਾਹੀਦਾ

ਬਿਗਾਨੀ ਦੰਮੀਂ ਸ਼ਾਹੂਕਾਰ - ਜਦ ਕੋਈ ਜਣਾ ਕਿਸੇ ਪਾਸੋਂ ਮੰਗ ਕੇ ਲਈ ਸ਼ੈ ਉਪਰ ਨਖ਼ਰਾ ਮਾਣ ਕਰੇ ਤੇ ਆਕਡ਼ ਵਿਖਾਵੇ, ਤਾਂ ਕਹਿੰਦੇ ਹਨ

ਬਿਗਾਨੇ ਪੁੱਤ ਚੁੰਮੇ ਲਾਲੀਂ ਭਰਿਆ - ਪਰਾਏ ਭਾਵੇਂ ਆਪਣੇ ਵੀ ਬਣਾ ਲਈਏ, ਉਹ ਪਰਾਏ ਹੀ ਰਹਿੰਦੇ ਹਨ, ਸਗੋਂ ਦੁਖੀ ਕਰਦੇ ਹਨ

ਬਿਨ ਬੁਲਾਏ ਬੋਲਣਾ ਅਹਿਮਕਾਂ ਦਾ ਕੰਮ - ਜਦ ਕੁਝ ਬੰਦੇ ਆਪੋ ਵਿਚ ਗੱਲਾਂ ਕਰ ਰਹੇ ਹੋਣ, ਤੇ ਲਾਗੋਂ ਇਕ ਜਣਾ ਆਪਣੇ ਆਪ ਹੀ ਆਪਣੀ ਰਾਏ ਜਾਂ ਸਲਾਹ ਦੇਣ ਲੱਗ ਪਵੇ, ਤਾਂ ਕਹਿੰਦੇ ਹਨ

ਬਿਨਾਂ ਰੋਇਆਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ - ਜਿੰਨਾ ਚਿਰ ਉੱਦਮ, ਉਪਾ ਨਾ ਕਰੀਏ, ਕਿਸੇ ਨੂੰ ਆਪਣੀ ਲੋਡ਼ ਦੱਸੀਏ ਨਾ, ਕੋਈ ਲੋਡ਼ ਪੂਰੀ ਨਹੀਂ ਹੋ ਸਕਦੀ

ਬਿੱਲੀ ਦੁੱਧ ਦੀ ਰਾਖੀ - ਜਦ ਕਿਸੇ ਨੂੰ ਕਿਸੇ ਸ਼ੈ ਦੀ ਸੌਂਪਨਾ ਕੀਤੀ ਜਾਂ ਰਾਖੀ ਦਿੱਤੀ ਜਾਵੇ ਜਿਸ ਦਾ ਉਹ ਆਪ ਹੀ ਬਹੁਤ ਸ਼ੌਕੀਨ ਤੇ ਲਾਲਚੀ ਹੋਵੇ ਤੇ, ਖਾ-ਪੀ ਛੱਡੇ, ਤਾਂ ਆਖਦੇ ਹਨ

ਬਿੱਲੀ ਨੂੰ ਚੂਹਿਆਂ ਦੇ ਸੁਫ਼ਨੇ - ਜਦ ਕਿਸੇ ਨੂੰ ਆਪਣੇ ਹੀ ਮਤਲਬ ਦੀ ਗੱਲ ਸੁੱਝੇ, ਤਾਂ ਕਹਿੰਦੇ ਹਨ

ਬਿੱਲੀ ਨੇ ਸ਼ੀਂਹ ਪਡ਼੍ਹਾਇਆ ਤੇ ਸ਼ੀਂਹ ਬਿੱਲੀ ਨੂੰ ਖਾਣ ਆਇਆ - ਸਾਡੀ ਬਿੱਲੀ ਸਾਨੂੰ ਹੀ ਮਿਆਉਂ - ਜਦ ਕਿਸੇ ਆਦਮੀ ਨੂੰ ਪਾਲ ਪੋਸ ਕੇ, ਸਿਖਾ-ਪਡ਼੍ਹਾ ਕੇ ਵੱਡਾ ਕਰੀਏ, ਅਤੇ ਅੱਗੋਂ ਆਪਣਾ ਜ਼ੋਰ ਸਿਆਣਪ ਸਾਡੇ ਵਿਰੁਧ ਹੀ ਵਰਤਣ ਲੱਗ ਪਵੇ, ਤਾਂ ਇਹ ਅਖਾਣ ਵਰਤੀਦਾ ਹੈ

ਬੀਜਿਆ ਨਾ ਵਾਹਿਆ, ਘਡ਼ੰਮ ਪੱਲਾ ਡਾਹਿਆ - ਜਦ ਕੋਈ ਜਣਾ ਕਿਸੇ ਦੇ ਕੰਮ ਵਿਚ ਤਾਂ ਹਿੱਸਾ ਨਾ ਲਵੇ, ਪਰ ਇਸ ਕੰਨ ਦੇ ਫਲ ਵਿਚੋਂ ਧੱਕੇ ਨਾਲ ਹਿੱਸਾ ਮੰਗੇ, ਤਾਂ ਕਹਿੰਦੇ ਹਨ

ਬੁੱਢਾ ਚੋਰ ਮਸੀਤੇ ਡੇਰਾ - ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ

ਬੂਹੇ ਬੈਠੀ ਜੰਝ,ਤੇ ਵਿੰਨ੍ਹੋ ਕੁਡ਼ੀ ਦੇ ਕੰਨ - ਘਰ ਨੂੰ ਲੱਗੀ ਅੱਗ, ਤਾਂ ਖੂਹ ਪੁੱਟਣ ਜਾਓ - ਜਦ ਕੋਈ ਜਣਾ ਆਉਣ ਵਾਲੀ ਲੋਡ਼ ਲਈ ਪਹਿਲਾਂ ਵੇਲੇ ਸਿਰ ਤਿਆਰੀ ਨਾ ਕਰੇ, ਤੇ ਲੋਡ਼ ਸਿਰ ਤੇ ਪੈਣ ਤੇ ਨੱਸਣ-ਭੱਜਣ ਲੱਗ ਪਵੇ ਤਾਂ ਕਹਿੰਦੇ ਹਨ

ਬੇਕਾਰ ਨਾਲੋਂ ਵਗਾਰ ਚੰਗੀ - ਬਹਿ ਕੇ ਮੱਖੀਆਂ ਮਾਰਨ ਨਾਲੋਂ ਕਿਸੇ ਹੋਰ ਦਾ ਸਖਤ ਕੰਮ ਕਰ ਦੇਣਾ ਚੰਗਾ ਹੈ

 

(ਭ)

ਭਜਦਿਆਂ ਨੂੰ ਵਾਹਣ ਇਕੋ ਜਿਹਾ - ਜਦ ਕੋਈ ਕੰਮ ਮੁਕਾਬਲੇ ਤੇ ਕਰਨਾ ਹੋਵੇ, ਤੇ ਸਾਰਿਆਂ ਵਾਕੁਰ ਹੀ ਕਰਨਾ ਹੋਵੇ ਤਾਂ ਕਹਿੰਦੇ ਹਨ

ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਹਨ - ਜਦ ਕਿਸੇ ਨੂੰ ਦੁਖ, ਭੀਡ਼ ਆ ਪਵੇ, ਤਾਂ ਉਹ ਆਪਣੇ ਭਰਾਵਾਂ ਜਾਂ ਸੱਜਣਾਂ ਮਿੱਤਰਾਂ ਵੱਲ ਹੀ ਆਸਰੇ ਮਹਾਇਤਾ ਲਈ ਦੌਡ਼ਦਾ ਹੈ, ਪਹਿਲਾਂ ਭਾਵੇਂ ਉਹ ਉਨ੍ਹਾਂ ਨਾਲ ਰੁੱਸਿਆ ਹੀ ਰਿਹਾ ਹੋਵੇ

ਭੱਠ ਪਿਆ ਸੋਨਾ ਜਿਹਡ਼ਾ ਕੰਨ ਪਾਡ਼ੇ - ਉਹ ਧਨ, ਪਦਾਰਥ ਕਿਸ ਕੰਮ ਜਿਸ ਤੋਂ ਸੁਖ ਦੀ ਥਾਂ ਦੁਖ ਮਿਲੇ ?

ਭੱਠ ਪਿਆ ਦਿੱਤਾ ਜਿਹਡ਼ਾ ਸਾਡ਼ੇ ਪਿੱਤਾ - ਜਦ ਕੋਈ ਜਣਾ ਪਹਿਲਾਂ ਤਾਂ ਕੋਈ ਸ਼ੈ ਕਿਸੇ ਨੂੰ ਦੇਵੇ , ਪਰ ਮਗਰੋਂ ਮਿਹਣੇ ਮਾਰਨ ਲਗ ਪਵੇ, ਤਾਂ ਕਹਿੰਦੇ ਹਨ

ਭੰਡਾ ਭੰਡਾਰੀਆ ਕਿਤਨਾ ਕੁ ਭਾਰ ? - ਇਕ ਮੁੱਠੀ ਚੁੱਕ ਲੈ ਦੂਜੀ ਤਿਆਰ - ਦੁਨੀਆ ਦੇ ਧੰਦੇ ਮੁਕਦੇ ਹੀ ਨਹੀਂ, ਇਕ ਨਿਬਡ਼ਦਾ ਹੈ, ਤਾਂ ਦੋ ਹੋਰ ਆ ਪੈਂਦੇ ਹਨ

ਭਰਾ ਭਰਾਵਾਂ ਦੇ, ਚਿੱਚਡ਼ ਕਾਵਾਂ ਦੇ - ਅਖੀਰ ਨੂੰ ਭਰਾ ਭਰਾਵਾਂ ਦੀ ਜ਼ਰੂਰ ਹੀ ਸਹਾਇਤਾ ਕਰਦੇ ਹਨ

ਭੁੱਖ ਲੱਗੇ ਤਾਂ ਤੰਦੂਰ ਦੀ, ਢਿੱਡ ਭਰੇ ਤਾਂ ਦੂਰ ਕੀ - ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ - ਭੁੱਖੇ ਆਦਮੀ ਨੂੰ ਜਦ ਤੀਕ ਰੋਟੀ ਨਾ ਮਿਲੇ,ਉਹ ਕਿਸੇ ਕੰਮ ਨੂੰ ਜਾਣਾ ਨਹੀਂ ਚਾਹੁੰਦਾ, ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ

ਭੁੱਖਾਂ ਭਡ਼ਥੂ ਘੱਤਿਆ ਲੱਗਾ ਕਲੇਜੇ ਡੌਂ, ਭੁੱਖਿਆਂ ਨੀਂਦ ਨਾ ਜੇ ਕੋਈ ਆਖੇ ਸੋਂ - ਭੁੱਖਾ ਤਾਂ ਸੋਂ ਵੀ ਨਹੀਂ ਸਕਦਾ, ਉਹਨੇ ਹੋਰ ਕੀ ਕਰਨਾ ਹੋਇਆ?

ਭੁੱਖੇ ਅੱਗੇ ਬਾਤ ਪਾਈ, ਉਹ ਆਖੇ ਟੁੱਕ - ਜਦ ਕੋਈ ਕਿਸੇ ਸ਼ੈ ਲਈ ਅਜੇਹਾ ਬੇਤਾਵਲਾ ਹੋਵੇ ਕਿ ਉਹਦੇ ਨਾਲ ਭਾਵੇਂ ਕੋਈ ਗੱਲ ਕਰੀਏ, ਉਹ ਮੁਡ਼ ਘਿਡ਼ ਉਸੇ ਸ਼ੈ ਦਾ ਝੋਣਾ ਝੋ ਬਹੇ, ਤਾਂ ਕਹਿੰਦੇ ਹਨ

ਭੁੱਖੇ ਜੱਟ ਕਟੋਰੀ ਲੱਭੀ, ਪਾਣੀ ਪੀ-ਪੀ ਆਫਰਿਆ - ਜਦ ਕਿਸੇ ਗਰੀਬ, ਥੁਡ਼੍ਹੇ ਹੋਏ ਬੰਦੇ ਨੂੰ ਕੇਈ ਛੋਟੀ ਮੋਟੀ ਚੀਜ਼ ਮਿਲ ਜਾਵੇ, ਤਾਂ ਉਹ ਘਡ਼ੀ ਮੁਡ਼ੀ ਉਹਨੂੰ ਵਰਤੇ ਤੇ ਵਿਖਾਵੇ ਤਾਂ ਕਹਿੰਦੇ ਹਨ

ਭੁੱਖੇ ਦੀ ਧੀ ਰੱਜੀ, ਤੇ ਖੇਹ ਉਡਾਉਣ ਲੱਗੀ - ਜਦ ਕੋਈ ਗਰੀਬ ਬੰਦਾ ਧਨ ਵਾਲਾ ਬਣ ਜਾਵੇ ਅਤੇ ਉਹ ਘੁਮੰਡ ਵਿਚ ਆ ਕੇ ਫੁਕਾਰੇ ਮਾਰਦਾ ਫਿਰੇ, ਤਾਂ ਕਹਿੰਦੇ ਹਨ, ਇਹ ਨਵਾਂ ਰੱਜਿਆ ਹੈ, ਇਸ ਤੋਂ ਮਾਇਆ ਪਚਾਈ ਨਹੀਂ ਗਈ

ਭੁੱਲ ਗਏ ਰਾਗ ਰੰਗ, ਭੁੱਲ ਗਈਆਂ ਜੱਕਡ਼ੀਆਂ, ਤਿੰਨੇ ਗੱਲਾਂ ਯਾਦ ਰਹੀਆਂ, ਲੂਣ, ਤੇਲ, ਲੱਕਡ਼ੀਆਂ - ਜਦ ਤਕ ਕਿਸੇ ਦੇ ਸਿਰ ਟੱਬਰ ਦੀ ਜੁੰਮੇਵਾਰੀ ਦਾ ਭਾਰ ਨਾ ਪਵੇ, ਉਹ ਮੌਜਾਂ ਬਹਾਰਾਂ ਕਰ ਸਕਦਾ ਹੈ, ਪਰ ਜਦੋਂ ਟੱਬਰ ਗਲ ਪੈ ਜਾਵੇ ਤਾਂ ਉਹਨੂੰ ਘਰ ਦੀਆਂ ਲੋਡ਼ਾ ਪੂਰੀਆਂ ਕਰਨ ਵਿਚ ਹੀ ਰੁੱਝੇ ਰਹਿਣਾ ਪੈਂਦਾ ਹੈ

ਭੁੱਲਾ ਉਹ ਜਾਣੀਏ, ਜੇ ਮੁਡ਼ ਘਰ ਆਵੇ - ਜਿਹਡ਼ਾ ਆਦਮੀ ਕੋਈ ਭੁੱਲ ਕਰ ਤਾਂ ਬਹੇ, ਪਰ ਮਗਰੋਂ ਉਹਨੂੰ ਸੋਧ ਲਵੇ, ਉਸ ਸਬੰਧੀ ਵਰਤਦੇ ਹਨ

ਭੇਡ ਦੇ ਖੂਨ ਪਿੰਡ ਨਹੀਂ ਮਾਰੀਦਾ - ਜਦ ਕੋਈ ਜਣਾ ਨਿੱਕੀ ਜਿਹੀ ਗੱਲੋਂ ਗੁੱਸੇ ਹੋ ਕੇ ਅਗਲੇ ਦਾ ਬਹੁਤ ਵਧੇਰੇ ਨੁਕਸਾਨ ਕਰਨ ਤੇ ਤੁਲ ਪਵੇ, ਤਾਂ ਕਹਿੰਦੇ ਹਨ

 

(ਮ)

ਮੰਗੀ ਸੀ ਹੇਠ ਨੂੰ ਮਿਲ ਗਈ ਉੱਤੇ ਨੂੰ - ਜਦ ਜਤਨ ਤਾਂ ਕਰੀਏ ਕੋਈ ਵਰਤਣਯੋਗ ਸ਼ੈ ਲਈ, ਤੇ ਅੱਗੋਂ ਮਿਲ ਜਾਵੇ ਉਹ ਜਿਸ ਦਾ ਉਲਟਾ ਭਾਰ ਚੁੱਕਣਾ ਪਵੇ ਤੇ ਖੇਚਲ ਝੱਲਣੀ ਪਵੇ, ਤਾਂ ਕਹਿੰਦੇ ਹਨ

ਮੱਝ ਫਿਰੇ ਠੱਕੇ ਦੀ ਮਾਰੀ, ਮਾਹੀ ਕਰੇ ਚੁੰਘਣ ਦੀ ਤਿਆਰੀ - ਜਦ ਕੋਈ ਅਗਲੇ ਦੇ ਦੁਖ, ਪੀਡ਼ ਦੀ ਪਰਵਾਹ ਨਾ ਕਰਦਾ ਹੋਇਆ ਉਹਨੂੰ ਆਪਣੀ ਗਰਜ਼ ਲਈ ਵਰਤਣਾ ਚਾਹੇ, ਤਾਂ ਕਹਿੰਦੇ ਹਨ

ਮੱਝ ਵੇਚ ਕੇ ਘੋਡ਼ੀ ਲਈ, ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ - ਜਦ ਕੋਈ ਆਪਣੇ ਵਲੋਂ ਤਾਂ ਚੰਗਾ ਸੋਦਾ ਕਰੇ, ਪਰ ਉਹ ਨਿੱਕਲੇ ਘਾਟੇ-ਵੰਦਾ, ਤਾਂ ਕਹਿੰਦੇ ਹਨ

ਮਣਖੱਟੂ ਪੁੱਤ ਨਾ ਜੰਮਦੇ, ਧੀ ਅੰਨ੍ਹੀਂ ਚੰਗੀ - ਵਿਹਲਡ਼ ਤੇ ਘਰ-ਉਜਾਡ਼ੂ ਪੁੱਤ ਤੋਂ ਅੱਕ ਸਡ਼ ਕੇ ਉਹਨੂੰ ਸਮਝਾਉਣ ਲਈ ਇਹ ਅਖਾਣ ਵਰਤਦੇ ਹਨ

ਮੰਤਰ ਨਾ ਜਾਣੇ ਠੂੰਹੀਆਂ, ਹੱਥ ਸੱਪੀਂ ਪਾਵੇ - ਜਦ ਕੋਈ ਆਪਣੀ ਵਿਤ ਬਾਹਰੇ ਕਿਸੇ ਔਖੇ ਕੰਮ ਨੂੰ ਹੱਥ ਪਾਉਣ ਨੂੰ ਤਿਆਰ ਹੋ ਪਵੇ, ਤੇ ਫਡ਼੍ਹਾਂ ਮਾਰੇ ਤਾਂ ਕਹਿੰਦੇ ਹਨ

ਮਨ ਹਰਾਮੀ ਤੇ ਹੁਜੱਤਾਂ ਢੇਰ - ਜਦ ਕੋਈ ਜਣਾ ਕੋਈ ਕੰਮ ਕਰਨਾ ਚਾਹੇ, ਤਾਂ ਉਹ ਕਈ ਬਹਾਨੇ ਘਡ਼ ਲੈਂਦਾ ਹੈ

ਮਨ ਜੀਤੇ ਜਗ ਜੀਤ - ਜਿਹਡ਼ਾ ਆਪਣੇ ਦਿਲ ਨੂੰ, ਦਿਲ ਦੀਆਂ ਖਾਹਿਸ਼ਾਂ ਵਲ-ਵਲਿਆਂ ਨੂੰ, ਆਪਣੇ ਵੱਸ ਵਿਚ ਕਰ ਲਵੇ, ਉਹਦੀ ਹਰ ਮਦਾਨੇ ਜੈ ਹੁੰਦੀ ਹੈ

ਮਰਦਾ ਕੀ ਨਾ ਕਰਦਾ ? - ਮਜਬੂਰੀ ਵਿਚ ਫਸਿਆ ਆਦਮੀ ਅਣਭਾਉਂਦੇ ਤੇ ਅਣਸੋਭਦੇ ਕੰਮ ਵੀ ਕਰਨ ਨੂੰ ਤਿਆਰ ਹੋ ਪੈਂਦਾ ਹੈ

ਮਰਦਾਂ ਤੇ ਘੋਡ਼ਿਆਂ ਕੰਮ ਪੈਣ ਅਵੱਲੇ - ਜਦ ਕਿਸੇ ਜਣੇ ਨੂੰ ਕੋਈ ਔਖਾ ਕੰਮ ਅਚਨ-ਚੇਤ ਆ ਪਵੇ, ਤਾਂ ਉਹਨੂੰ ਹੱਲਾਸ਼ੇਰੀ ਦੇਣ ਲਈ ਵਰਤਦੇ ਹਨ

ਮਾਂ ਨਾਲੋਂ ਹੇਜਲੀ, ਉਹ ਫੱਫੇਕੁੱਟਣ - ਜੇ ਕੋਈ ਕਿਸੇ ਨਾਲ ਉਹਦੇ ਘਰਦਿਆਂ ਨਾਲੋਂ ਵੀ ਵਧੇਰੇ ਪਿਆਰ ਹਮਦਰਦੀ ਪ੍ਰਗਟ ਕਰੇ ਤਾਂ ਉਹ ਧੋਖੇਬਾਜ਼ ਹੁੰਦਾ ਹੈਕਿਸੇ ਨੂੰ ਅਜੇਹਾ ਵਰਤਾਉ ਕਰਦਿਆਂ ਵੇਖ ਕੇ ਕਹਿੰਦੇ ਹਨ

ਮਾਨ ਨਾ ਮਾਨ ਮੈਂ ਤੇਰਾ ਮਹਿਮਾਨ - ਬਦੋ-ਬਦੀ ਦਾ ਪਰਾਹੁਣਾ ਬਨਣ ਤੇ ਪਿਆਰ, ਅਪੱਣਤ ਜਤਾਉਣ ਵਾਲੇ ਸਬੰਧੀ ਵਰਤਦੇ ਹਨ

ਮਾਂ-ਪੁਰ ਧੀ ਪਿਤਾ ਪੁਰ ਘੋਡ਼ਾ, ਬਹੁਤਾ ਨਹੀਂ ਤਾ ਥੋਡ਼੍ਹਾ ਥੋਡ਼੍ਹਾ - ਧੀ ਦਾ ਸੁਭਾ ਮਾਂ ਦੇ ਸੁਭਾ ਉਪਰ ਤੇ ਪੁੱਤ ਦਾ ਸੁਭਾ ਪਿਉ ਦੇ ਸੁਭਾ ਵਰਗਾ ਹੁੰਦਾ ਹੈ

ਮਾਂ ਫਿਰੇ ਫੋਸੀ ਫੋਸੀ ਨੂੰ, ਤੇ ਪੁੱਤ ਗੁਹਾਰੇ ਬਖਸ਼ੇ - ਜਦ ਕੋਈ ਗ਼ਰੀਬ ਆਦਮੀ ਵਿਤੋਂ ਵਧ ਕੇ ਦਾਨ ਜਾਂ ਖਰਚ ਕਰਨ ਲੱਗ ਪਵੇ, ਤਾਂ ਕਹਿੰਦੇ ਹਨ

ਮਾਡ਼ਾ ਢੱਗਾ ਛੱਤੀ ਰੋਗ - ਜਦ ਕਿਸੇ ਮਾਡ਼ੇ, ਗ਼ਰੀਬ ਦੇ ਸਿਰ ਕੋਈ ਨਾ ਕੋਈ ਦੁੱਖ, ਮੁਸੀਬਤ ਆਈ ਰਹੇ,ਤਾਂ ਵਰਤਦੇ ਹਨ

ਮਿਲਦਿਆਂ ਦੇ ਸਾਕ ਤੇ ਵਾਹੁੰਦਿਆਂ ਦੀਆਂ ਭੋਆਂ - ਸਾਕਾਗੀਰੀ ਤਾਂ ਹੀ ਕਾਇਮ ਰਹਿ ਸਕਦੀ ਹੈ, ਸਾਕ ਤਾਂ ਹੀ ਆਪਣੇ ਬਣੇ ਰਹਿ ਸਕਦੇ ਹਨ, ਜੇ ਉਹਨਾਂ ਨੂੰ ਮਿਲਦੇ-ਗਿਲਦੇ ਰਹੀਏ, ਅਤੇ ਜ਼ਮੀਨ ਤਾਂ ਹੀ ਕੰਮ ਦੀ ਤੇ ਆਪਣੀ ਰਹਿ ਸਕਦੀ ਹੈ, ਜੇ ਉਹਨੂੰ ਵਾਹੁੰਦੇ, ਬੀਜਦੇ ਰਹੀਏ

ਮੀਆਂ ਬੀਵੀ ਰਾਜ਼ੀ, ਤਾਂ ਕੀ ਕਰੂਗਾ ਕਾਜ਼ੀ ? - ਜਦ ਦੋ ਧਿਰਾਂ ਆਪੋ ਵਿਚ ਘਿਉ-ਖਿਚਡ਼ੀ ਹੋਣ,ਤਾਂ ਤੀਜੇ ਸੁਲ੍ਹਾ-ਕਰਾਉ ਦੀ ਲੋਡ਼ ਨਹੀਂ ਹੁੰਦੀ,ਤੇ ਨਾ ਹੀ ਕੋਈ ਤੀਜਾ ਵਿਚ ਲੱਤ ਡਾਹ ਸਕਦਾ ਹੈ

ਮੁੱਦਈ ਸੁਸਤ, ਗਵਾਹ ਚੁਸਤ - ਜਿਸ ਦਾ ਕੰਮ ਹੋਵੇ, ਜਿਸ ਨੂੰ ਗੋਂ ਹੋਵੇ, ਉਹ ਤਾਂ ਢਿੱਲਾ-ਮੱਠਾ ਹੋਵੇ, ਤੇ ਉਹਦੀ ਸਹਾਇਤਾ ਕਰਨ ਵਾਲੇ ਨੱਸਦੇ, ਭੱਜਦੇ ਫਿਰਨ, ਤਾਂ ਕਹਿੰਦੇ ਹਨ

ਮੂੰਹੋਂ ਨਿਕਲੀ ਤੁਰਤ ਪਰਾਈ - ਭੇਤ ਜਾਂ ਲੁਕਵੀਂ ਗੱਲ, ਉਨਾਂ ਚਿਰ ਹੀ ਲੁਕੀ ਰਹਿ ਸਕਦੀ ਹੈ, ਜਿਚਰ ਉਹ ਕਿਸੇ ਨੂੰ ਦੱਸੀ ਨਾ ਜਾਵੇ

ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ - ਧੀਆਂ ਪੁੱਤਾਂ ਨਾਲੋਂ ਦੋਹਤੇ-ਪੋਤੇ ਵਧੇਰੇ ਪਿਆਰੇ ਲਗਦੇ ਹਨ

ਮੈਂ ਵੀ ਰਾਣੀ, ਤੂੰ ਵੀ ਰਾਣੀ, ਤੇ ਕੌਣ ਭਰੇ ਪਾਣੀ ? - ਜਦ ਸੱਭੇ ਆਕਡ਼ ਖਾਂ ਹੋਣ, ਤੇ ਸਾਰਿਆਂ ਲਈ ਜ਼ਰੂਰੀ ਕੰਮ ਕਰਨ ਨੂੰ ਕੋਈ ਵੀ ਤਿਆਰ ਨਾ ਹੋਵੇ, ਤਾਂ ਕਹਿੰਦੇ ਹਨ

ਮੋਏ ਬਾਬੇ ਦੀਆਂ ਵੱਡੀਆਂ ਅੱਖਾਂ - ਜਦ ਕੋਈ ਕਿਸੇ ਦੀ ਸਲਾਹੁਤ ਉਹਦੇ ਮਰਨ ਪਿੱਛੋਂ ਕਰੇ, ਜੀਉਂਦੇ ਨੂੰ ਭਾਵੇਂ ਭੰਡਦਾ ਹੀ ਰਿਹਾ ਹੋਵੇ, ਤਾਂ ਕਹਿੰਦੇ ਹਨ

 

(ਯ)

ਯੱਕਾ ਵੇਖ ਕੇ ਹੀ ਪੈਰ ਭਾਰੇ ਹੁੰਦੇ ਹਨ - ਜਦ ਕੋਈ ਪਹਿਲਾਂ ਤੇ ਕਿਸੇ ਕੰਮ ਨੂੰ ਚੰਗਾ ਭਲਾ ਕਰੀ ਜਾਵੇ, ਪਰ ਕੋਈ ਸਹਾਇਕ ਆਉਂਦਾ ਵੇਖ ਕੇ ਵਿਡ-ਵਿੱਟਰ ਬਹੇ ਤਾਂ ਕਹਿੰਦੇ ਹਨ

ਯਰਾਨੇ ਲਾਉਣੇ ਊਠਾਂ ਵਾਲਿਆਂ ਨਾਲ, ਤੇ ਬੂਹੇ ਰੱਖਣੇ ਭੀਡ਼ੇ - ਜੇ ਕੋਈ ਸਧਾਰਨ ਹੈਸੀਅਤ ਦਾ ਆਦਮੀ ਤਕਡ਼ਿਆਂ ਧਨਾਢਾਂ ਨਾਲ ਮਿੱਤਰਤਾ ਗੰਢ ਲਵੇ, ਤਾਂ ਉਹਨੂੰ ਵੱਡੀਆਂ ਵੱਡੀਆਂ ਖੇਚਲਾਂ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈਜਿਹਡ਼ਾ ਆਦਮੀ ਵੱਡੇ ਲੋਕਾਂ ਨਾਲ ਯਰਾਨੇ ਗੰਢ ਲਵੇ, ਪਰ ਉਹਨਾਂ ਦੀ ਸੇਵਾ ਲਈ ਖਰਚ ਖੇਚਲ ਕਰਨੋਂ ਝਿੱਸੀਆਂ ਵੱਟੇ, ਉਸ ਬਾਰੇ ਕਹਿੰਦੇ ਹਨ

ਯਾਰ ਦੀ ਯਾਰੀ ਵੱਲ ਜਾਈਏ, ਐਬਾਂ ਵੱਲ ਨਾ ਜਾਈਏ - ਮਿੱਤਰਤਾ ਤਾਂ ਹੀ ਬਣੀ ਰਹਿ ਸਕਦੀ ਹੈ, ਜੇ ਮਿੱਤਰ ਦੇ ਐਬਾਂ ਦਾ ਖਿਆਲ ਨਾ ਕਰੀਏਚੰਗੇ ਮਿੱਤਰ ਆਪਣੇ ਮਿੱਤਰਾਂ ਦੇ ਐਬਾਂ ਨੂੰ ਅਣਡਿੱਠਾ ਕਰ ਕੇ ਮਿੱਤਰਤਾ ਨਿਬਾਹੁੰਦੇ ਹਨ

 

(ਰ)

ਰੱਸੀ ਸਡ਼ ਗਈ ਪਰ ਵਲ ਨਾ ਗਿਆ - ਜਦ ਕੋਈ ਪਹਿਲਾਂ ਅਮੀਰ ਜਾਂ ਉੱਚੀ ਪਦਵੀ ਵਾਲਾ ਤੇ ਆਕਡ਼ ਖਾਂ ਹੋਵੇ, ਤੇ ਫੇਰ ਗ਼ਰੀਬ ਹੋ ਜਾਵੇ, ਜਾਂ ਪਦਵੀ ਤੋਂ ਲੱਥ ਜਾਵੇ, ਪਰ ਆਕਡ਼ ਨਾ ਛੱਡੇ, ਤਾਂ ਕਹਿੰਦੇ ਹਨ

ਰੱਖ ਪਤ, ਰਖਾ ਪਤ - ਜੀ ਆਖ ਤੇ ਜੀ ਅਖਵਾ, ਜੇ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ, ਤਾਂ ਤੁਸੀਂ ਲੋਕਾਂ ਦੀ ਇੱਜ਼ਤ ਕਰੋ

ਰੰਡਾ ਗਿਆ ਕਰਾਉਣ ਕੁਡ਼ਮਾਈ, ਆਪਣੀ ਕਰੇ ਕਿ ਪਰਾਈ ? - ਜਦ ਕਿਸੇ ਨੂੰ ਆਪਨੂੰ ਹੀ ਕਿਸੇ ਸ਼ੈ ਦੀ ਲੋਡ਼ ਹੋਵੇ, ਅਤੇ ਉਹ ਸ਼ੈ ਉਹਦੇ ਹੱਥ ਲੱਗ ਜਾਵੇ, ਤਾਂ ਉਹ ਹੋਰਨਾਂ ਨੂੰ ਕੀਕੁਰ ਦੇ ਸਕਦਾ ਹੈ ? ਉਹ ਤਾਂ ਆਪਣੇ ਪਾਸ ਹੀ ਰੱਖੇਗਾ, ਉਹ ਸ਼ੈ

ਰੱਬ ਨੇਡ਼ੇ ਕਿ ਘਸੁੰਨ ? - ਜੋਰਾਵਰ ਦਾ ਸੱਤੀਂ ਵੀਹੀਂ ਸੌ- ਜੋਰਾਵਰ ਬੰਦਾ ਮਾਡ਼ੇ ਨੂੰ ਮਨ-ਆਈ ਮਨਾ ਲੈਂਦਾ ਹੈ, ਰੱਬ ਦੇ ਵਾਸਤੇ ਪਾਉਣ ਤੇ ਤਰਲੇ ਮਿੰਨਤਾਂ ਕਰਨ ਨਾਲੋਂ ਡਾਢੇ ਦਾ ਡਰਾਵਾ ਵਧੇਰੇ ਸਫਲ ਹੁੰਦਾ ਹੈ

ਰਾਹ ਪਿਆ ਜਾਣੇ, ਜਾਂ ਵਾਹ ਪਿਆ ਜਾਣੇ - ਕੋਈ ਕੰਮ ਕਿੰਨਾ ਕੁ ਔਖਾ ਜਾਂ ਸੌਖਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹ ਕਰਨਾ ਪਵੇ, ਕੋਈ ਬੰਦਾ ਕਿੰਨਾ ਕੁ ਚੰਗਾ ਜਾਂ ਮੰਦਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹਦੇ ਨਾਲ ਵਾਹ ਪਵਾ

ਰਾਕੀ ਨੂੰ ਸੈਨਤ, ਗਧੇ ਨੂੰ ਸੋਟਾ - ਸਿਆਣਾ ਬੰਦਾ ਇਸ਼ਾਰਾ ਹੀ ਸਮਝ ਜਾਂਦਾ ਹੈ ਪਰ ਮੂਰਖ ਨੂੰ ਦੋ ਠੁਕਣ, ਤਾਂ ਹੀ ਸਮਝਦਾ ਹੈ

ਰਾਜ ਪਿਆਰਾ ਰਾਜਿਆਂ, ਵੀਰ ਦੁਪਿਆਰੇ - ਧਨ ਦੌਲਤ ਦੇ ਲਾਲਚ ਵਿਚ ਲੋਕ ਸਕੇ ਭਰਾਵਾਂ ਨੂ ਵੀ ਛੱਡ ਜਾਂਦੇ ਹਨ

ਰਾਜੇ ਦੇ ਘਰ ਮੋਤੀਆਂ ਦਾ ਕਾਲ ਹੈ ? - ਜਦ ਇਹ ਦੱਸਣਾ ਹੋਵੇ ਕਿ ਏਥੇ ਕਿਸੇ ਸ਼ੈ ਦੀ ਥੁਡ਼੍ਹ, ਪਰਵਾਹ ਨਹੀਂ, ਸਭ ਕੁਝ ਮਿਲ ਜਾਵੇਗਾ, ਤਾਂ ਕਹਿੰਦੇ ਹਨ

ਰਾਮ ਰਲਾਈ ਜੋਡ਼ੀ, ਇੱਕ ਅੰਨ੍ਹਾਂ ਇਕ ਕੋਹਡ਼ੀ - ਜਦ ਦੋ ਇਕੋ ਜਿਹੇ ਭੈਡ਼ੇ ਆਦਮੀਆਂ ਦਾ ਮੇਲ ਹੋ ਜਾਵੇ, ਜਾਂ ਜੋਡ਼ ਬਣ ਜਾਵੇ, ਤਾਂ ਕਹਿੰਦੇ ਹਨ

ਰਾਮ ਰਾਮ ਜਪਣਾ, ਪਰਾਇਆ ਮਾਲ ਅਪਣਾ - ਮੂੰਹ ਵਿਚ ਰਾਮ ਰਾਮ, ਤੇ ਕੱਛ ਵਿਚ ਛੁਰੀ, ਬਗਲਾ ਭਗਤ ਬਣ ਕੇ ਹੋਰਨਾਂ ਨੂੰ ਠੱਗਣ ਵਾਲੇ ਬਾਬਤ ਕਹਿੰਦੇ ਹਨ

ਰੀਸੀਂ ਪੁੱਤ ਨਾਂ ਜੰਮਦੇ ਹੋਰ ਸੱਭੇ ਗੱਲਾਂ - ਜਿਹਡ਼ਾ ਕਿਸੇ ਦੀ ਰੀਸ ਕਰ ਕੇ ਕੁਝ ਕਰਨਾ ਚਾਹੇ, ਪਰ ਸਫਲ ਨਾ ਹੋ ਸਕੇ, ਉਸ ਤੇ ਘਟਾਉਂਦੇ ਹਨ

ਰੁਪਏ ਦੀ ਵਡਿਆਈ, ਆ ਬਹੁ ਭਾਈ - ਧਨ ਵਾਲੇ ਦਾ ਹਰ ਕੋਈ ਆਦਰ ਕਰਦਾ ਹੈ

ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ - ਹੀਲਾ ਉੱਦਮ ਕੀਤੇ ਬਿਨਾਂ ਕੁਝ ਪਰਾਪਤ ਨਹੀਂ ਹੁੰਦਾ, ਆਖਣ ਵੇਖਣ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ

ਰੋਗ ਦਾ ਘਰ ਖਾਂਸੀ, ਲਡ਼ਾਈ ਦਾ ਘਰ ਹਾਂਸੀ - ਖੰਘ ਤੋਂ ਕਈ ਰੋਗ ਪੈਦਾ ਹੋ ਜਾਂਦੇ ਹਨ, ਤੇ ਹਾਸੇ ਮਖੌਲ ਤੋਂ ਲਡ਼ਾਈ

 

(ਲ)

ਲੰਮੀ ਜੀਭ ਤੇ ਛੇਤੀ ਮੌਤ - ਜਦ ਕੋਈ ਐਵੇਂ ਵਾਧੂ ਘਾਟੂ ਗੱਲਾਂ ਕਰੀ ਜਾਵੇ ਅਤੇ ਅਜੇਹੇ ਸੁਭਾ ਦੇ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ

ਲਡ਼ਦਿਆਂ ਦੇ ਪਿੱਛੇ ਤੇ ਭੱਜਦਿਆਂ ਦੇ ਅੱਗੇ - ਜਦ ਇਹ ਦੱਸਣਾ ਹੋਵੇ ਕਿ ਇਹ ਬੰਦਾ ਬਡ਼ਾ ਡਰਾਕਲ ਹੈ, ਖਤਰੇ ਦੇ ਨੇਡ਼ੇ ਨਹੀਂ ਜਾਂਦਾ, ਤਾਂ ਕਹਿੰਦੇ ਹਨ

ਲਡ਼ੀ ਘਰਦਿਆਂ ਨਾਲ, ਤੇ ਦਾਦੇ ਪਿੱਟੇ ਗੁਆਂਢੀਆਂ ਦੇ - ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ - ਕੋਠੇ ਤੋਂ ਡਿੱਗ ਪਈ ਤੇ ਵਿਹਡ਼ੇ ਨਾਲ ਰੁੱਸ ਪਈ

ਲਾਗੀਆਂ ਨੇ ਲਾਗ ਲੈਣਾ ਏ, ਭਾਵੇਂ ਜਾਂਦੀ ਹੀ ਰੰਡੀ ਹੋ ਜਾਵੇ - ਜਿਸ ਨੇ ਮਿਹਨਤ ਕਰਕੇ ਕਿਸੇ ਲਈ ਕੋਈ ਸ਼ੈ ਤਿਆਰ ਕੀਤੀ ਜਾਂ ਲਿਆਂਦੀ ਹੋਵੇ, ਉਹਨੇ ਤਾਂ ਆਪਣੀ ਮਜੂਰੀ ਲੈ ਹੀ ਲੈਣੀ ਹੈ, ਉਹ ਚੀਜ਼ ਦੇ ਮਾਲਕ ਦੇ ਭਾਵੇਂ ਕੰਮ ਆਵੇ ਤੇ ਭਾਵੇਂ ਨਾ ਆਵੇ

ਲਾਜ ਮਰੇਂਦਾ ਅੰਦਰ ਵਡ਼ੇ, ਮੂਰਖ ਆਖੇ ਮੈਥੋਂ ਡਰੇ - ਜਦ ਕੋਈ ਕੁੱਪਤਾ ਮੂਰਖ ਆਦਮੀ ਕਿਸੇ ਸਾਊ ਬੰਦੇ ਨੂੰ ਸਤਾਵੇ, ਅਤੇ ਉਹ ਅੱਗੋਂ ਆਪਣੀ ਇੱਜ਼ਤ ਦਾ ਖਿਆਲ ਕਰਕੇ ਚੁੱਪ ਰਹੇ, ਤੇ ਇਹ ਵੇਖ ਕੇ ਮੂਰਖ ਹੋਰ ਵੀ ਮੱਛਰ ਜਾਵੇ, ਤਾਂ ਕਹਿੰਦੇ ਹਨ

ਲਾਠੀ ਮਾਰਿਆਂ ਪਾਣੀ ਦੋ ਨਹੀਂ ਹੁੰਦੇ - ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ

ਲਿਖੇ ਮੂਸਾ ਪਡ਼੍ਹੇ ਖੁਦਾ - ਜਦ ਕਿਸੇ ਦੀ ਲਿਖਤ ਭੈਡ਼ੀ ਹੋਵੇ ਤੇ ਕਿਸੇ ਤੋਂ ਪਡ਼੍ਹੀ ਨਾ ਜਾ ਸਕੇ, ਤਾਂ ਕਹਿੰਦੇ ਹਨ

ਲੇਖਾ ਮਾਵਾਂ ਧੀਆਂ ਦਾ, ਟਕਾ ਲੇਖ ਬਖਸ਼ੀਸ਼ - ਜੌਂ-ਜੌਂ ਦਾ, ਦਾਨ ਸੌ ਸੌ ਦਾ - ਲੇਖਾ ਕਰਨ ਲੱਗੀਏ ਤਾਂ ਪੂਰਾ ਪੂਰਾ ਕਰੀਏ, ਲੇਖੇ ਵਿਚ ਲਿਹਾਜ਼ ਨਹੀ ਕੀਤਾ ਜਾ ਸਕਦਾ, ਉਂਜ ਦਾਨ ਜਾਂ ਛੱਡ ਜਿੰਨੀ ਦਿਲ ਆਵੇ ਕਰ ਦੇਈਏ

ਲੈਣ ਦਾ ਸ਼ਾਹ, ਦੇਣ ਦਾ ਦਿਵਾਲੀਆ - ਜਦ ਕੋਈ ਹੋਰਨਾਂ ਪਾਸੋਂ ਸ਼ੈਆਂ ਜਾਂ ਪੈਸੇ ਲੈਣ ਵਿਚ ਤਾ ਬਡ਼ਾ ਤੁਰਤ ਫੁਰਤ ਤੇ ਦਲੇਰ ਹੋਵੇ, ਪਰ ਲੈ ਕੇ ਵਾਪਸ ਨਾ ਦੇਵੇ, ਜਾਂ ਕਿਸੇ ਨੂੰ ਕੁਝ ਮੰਗਵਾਂ ਨਾ ਦੇਵੇ, ਤਾਂ ਕਹਿੰਦੇ ਹਨ

ਲੈਣ ਵਿਆਜੀ ਦੇਣ ਹੁਦਾਰੇ, ਉਹਨਾਂ ਦੇ ਕਿਉਂ ਨਾਂ ਰਹਿਣ ਕੁਆਰੇ ? - ਜਿਹਡ਼ਾ ਆਪ ਕਰਜ ਲੈ ਕੇ ਹੋਰਨਾਂ ਨੂੰ ਹੁਦਾਰ ਦੇ ਛੱਡੇ, ਉਹ ਗ਼ਰੀਬ ਹੀ ਰਹਿੰਦਾ ਹੈ

ਲੈਣੀ ਇਕ ਨਾ ਦੇਣੀ ਦੋ - ਸਾਡਾ ਇਸ ਮਾਮਲੇ ਨਾਲ ਉੱਕਾ ਹੀ ਕੋਈ ਵਾਸਤਾ ਨਹੀਂ

ਲੋਹੇ ਨੂੰ ਲੋਹਾ ਹੀ ਕੱਟਦਾ ਹੈ - ਅਮੀਰ ਦਾ ਟਾਕਰਾ ਅਮੀਰ ਹੀ ਕਰ ਸਕਦਾ ਹੈਐਸੇ ਨਾਲ ਤੈਸਾ ਹੀ ਵਾਰਾ-ਸਾਰਾ ਲੈ ਸਕਦਾ ਹੈ

ਲੋਕਾਂ ਨੂੰ ਲੋਕਾਂ ਨਾਲ, ਗਗਡ਼ੀ ਨੂੰ ਜੋਕਾਂ ਨਾਲ - ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ - ਜਿਸ ਸ਼ੈ ਦੀ ਕਿਸੇ ਨੂੰ ਗਰਜ਼ ਲੋਡ਼ ਹੁੰਦੀ ਹੈ, ਉਹਨੂੰ ਉਹਦਾ ਹੀ ਖਿਆਲ ਫਿਕਰ ਹੁੰਦਾ ਹੈ

ਲੋਡ਼ ਵੇਲੇ ਤਾਂ ਖੋਤੇ ਨੂੰ ਵੀ ਪਿਓ ਆਖ ਲਈਦਾ ਹੈ - ਕਈ ਵੇਰ ਆਪਣਾ ਬੁੱਤਾ ਸਾਰਨ (ਮਤਲਬ ਕੱਢਣ) ਲਈ ਭੈਡ਼ਿਆਂ ਦੀ ਵੀ ਖੁਸ਼ਾਮਦ ਕਰਨੀ ਪੈਂਦੀ ਹੈ

 

(ਵ)

ਵੰਝਲੀ ਦਾ ਕੀ ਵਜਾਉਣਾ, ਮੂੰਹ ਹੀ ਵਿੰਗਾ ਕਰਨਾ ਹੈ - ਜਦ ਕੋਈ ਆਦਮੀ ਕਿਸੇ ਔਖੇ ਕੰਮ ਬਾਰੇ ਆਖੇ ਕਿ ਇਹ ਬਡ਼ਾ ਸੌਖਾ ਹੈ, ਉਹਨੂੰ ਮਖੌਲ ਵਜੋਂ ਕਹਿੰਦੇ ਹਨ

ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਜਾਂਦੀਆਂ ਹਨ - ਤਕਡ਼ੇ ਤੇ ਧਨਾਢ ਆਦਮੀ ਮਾਡ਼ੇ ਤੇ ਗ਼ਰੀਬ ਆਦਮੀਆਂ ਨੂੰ ਲੁੱਟ ਕੇ ਖਾ ਜਾਂਦੇ ਹਨ

ਵਧੀ ਨੂੰ ਕੋਈ ਖਤਰਾ ਨਹੀਂ ਤੇ ਘਟੀ ਦਾ ਕੋਈ ਦਾਰੂ ਨਹੀਂ - ਜਦ ਕੋਈ ਬਿਮਾਰ ਹੋਵੇ, ਤਾਂ ਇਹ ਦੱਸਣ ਲਈ ਕਿ ਜੇ ਇਸ ਦੇ ਭਾਗਾਂ ਵਿਚ ਅਜੇ ਕੁਝ ਹੋਰ ਸਮਾਂ ਜੀਉਣਾ ਲਿਖਿਆ ਹੈ, ਤਾਂ ਇਸ ਨੂੰ ਕੋਈ ਖ਼ਤਰਾ ਨਹੀਂ, ਪਰ ਜੇ ਇਸ ਦੀ ਉਮਰ ਪੁੱਗ ਚੁੱਕੀ ਹੈ, ਤਾੰ ਇਹਨੂੰ ਕੋਈ ਵੀ ਦਵਾਈ ਬਚਾ ਨਹੀਂ ਸਕਦੀ, ਤਾਂ ਇਹ ਅਖਾਣ ਵਰਤਦੇ ਹਨ

ਵਾਹ ਕਰਮਾਂ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ - ਜਦ ਕੋਈ ਜਤਨ ਚੰਗੇ ਫਲ ਲਈ ਕਰੇ, ਪਰ ਮਿਲੇ ਉਹਨੂੰ ਘਟੀਆ, ਤਾਂ ਕਹਿੰਦੇ ਹਨ

ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ - ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ

ਵਾਹੁੰਦਿਆ ਦੀ ਜੋਗ ਗਈ ਤੇ ਚੋਬਰਾਂ ਦੇ ਜੰਮ ਪਈ - ਜਦ ਕੋਈ ਜਣਾ ਮਿਹਨਤ ਕਰ ਕਰ ਕੇ ਖਪਦਾ ਰਹੇ, ਪਰ ਉਹਨੂੰ ਤਾਂ ਹੱਥ ਕੁਝ ਵੀ ਨਾ ਆਵੇ, ਤੇ ਵਿਹਲਡ਼ ਹੱਥ ਰੰਗ ਬਹਿਣ, ਤਾਂ ਕਹਿੰਦੇ ਹਨ

ਵਾਦਡ਼ੀਆਂ ਸਜਾਦਡ਼ੀਆਂ ਨਿਭਣ ਸਿਰਾਂ ਦੇ ਨਾਲ - ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ - ਖਾਰੇ ਖੂਹ ਨਾ ਹੁੰਦੇ ਮਿੱਠੇ, ਭਾਵੇਂ ਸੌ ਮਣ ਗੁਡ਼ ਘੱਤੀਏ - ਨਿੰਮ ਨਾ ਮਿੱਠੀ ਹੋਵਂਦੀ ਸ਼ੱਕਰ ਘੀ ਨਾਲ - ਪੱਕੇ ਹੋਏ ਸੁਭਾ ਵਟਾਏ ਬਦਲਾਏ ਨਹੀਂ ਜਾ ਸਕਦੇ

ਵਿਹਲੀ ਜੱਟੀ ਉੱਨ ਵੇਲੇ - ਵਿਹਲੀ ਰੰਨ ਪਰਾਹੁਣਿਆਂ ਜੋਗੀ - ਜਦ ਕੋਈ ਜਣਾ ਵਿਹਲਾ ਹੋਣ ਕਰਕੇ ਏਵੇਂ ਫਜ਼ੂਲ ਜਿਹੀ ਕੰਮ ਕਰ ਰਿਹਾ ਹੋਵੇ, ਤਾਂ ਕਹਿੰਦੇ ਹਨ

ਵਿਆਹ ਵਿਚ ਬੀ ਦਾ ਲੇਖਾ - ਜਦ ਕੋਈ ਵੱਡੀ ਜ਼ਰੂਰੀ ਗੱਲ ਹੋ ਰਹੀ ਹੋਵੇ, ਤੇ ਲਾਗੇਂ ਕੋਈ ਜਣਾ ਨਿਕੰਮੀ ਤੇ ਗ਼ੈਰ-ਜ਼ਰੂਰੀ ਜਿਹੀ ਗੱਲ ਛੇਡ਼ ਬੈਠੇ, ਤਾਂ ਕਹਿੰਦੇ ਹਨ

ਵੇਲਾ ਨਿਕਲ ਜਾਂਦਾ ਹੈ, ਗੱਲ਼ ਚੇਤੇ ਰਹਿ ਜਾਂਦੀ ਹੈ - ਜਦੋਂ ਕਿਸੇ ਗੋਚਰਾ ਕੋਈ ਕੰਮ ਹੋਵੇ ਤੇ ਉਹ ਅੱਗੋਂ ਨਾਂਹ ਕਰ ਦੇਵੇ, ਤਾਂ ਇਹ ਅਖਾਣ ਵਰਤਦੇ ਹਨਇਹ ਗੱਲ ਸਮਝਾਉਣ ਲਈ ਕਿ ਭਾਈ ਵੇਲਾ ਤਾਂ ਔਖੇ ਸੌਖੇ ਟੱਪ ਹੀ ਜਾਵੇਗਾ, ਪਰ ਤੁਹਾਡੀ ਇਹ ਨਾਂਹ ਜ਼ਰੂਰ ਚੇਤੇ ਰਹੇਗੀ

ਵੇਲਾ ਵਖ਼ਤ ਵਿਹਾਇਆ, ਹੁਣ ਕੀ ਬਣੇ ਪਛਤਾਇਆਂ ? - ਹੁਣ ਪਛਤਾਇਆਂ ਕੀ ਬਣੇ, ਜਦ ਚਿਡ਼ੀਆਂ ਚੁਗ ਗਈ ਖੇਤ ?

ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ - ਕੰਮ ਵੇਲੇ ਸਿਰ ਕੀਤਾ ਜਾਵੇ, ਤਾਂ ਹੀ ਠੀਕ ਰਹਿੰਦਾ ਹੈ, ਜਦ ਕੰਮ ਦਾ ਅਸਲੀ ਵੇਲਾ ਲੰਘ ਜਾਵੇ, ਤਾਂ ਮਗਰੋਂ ਵਾਧੂ ਖੱਪਾ ਹੀ ਹੁੰਦਾ ਹੈ, ਲਾਭ ਨਹੀਂ ਹੁੰਦਾ


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2172004
Website Designed by Solitaire Infosys Inc.