ਬਡ਼ੀ ਮੁਸ਼ਕਿਲ ਨਾਲ ਮੀਆਂ-ਬੀਵੀ ਘਰ ਦਾ ਥੋਡ੍ਹਾ ਜਿਹਾ ਸਮਾਨ ਬਚਾਉਣ ਵਿਚ ਕਾਮਯਾਬ ਹੋ ਗਏ।
ਇਕ ਜਵਾਨ ਲਡ਼ਕੀ ਸੀ, ਉਸ ਦਾ ਪਤਾ ਨਾ ਚੱਲਿਆ।
ਇਕ ਛੋਟੀ ਜਿਹੀ ਬੱਚੀ ਸੀ, ਉਸਨੂੰ ਮਾਂ ਨੇ ਆਪਣੀ ਛਾਤੀ ਨਾਲ ਚਿਪਕਾ ਕੇ ਰੱਖਿਆ।
ਇਕ ਬੂਰੀ ਮੱਝ ਸੀ, ਉਸਨੂੰ ਠੱਗ ਹੱਕ ਕੇ ਲੈ ਗਏ।
ਇਕ ਗਊ ਸੀ, ਉਹ ਬਚ ਗਈ ਪਰ ਉਸਦਾ ਵੱਛਾ ਨੀ ਮਿਲਿਆ
ਮੀਆਂ-ਬੀਵੀ, ਉਸਦੀ ਛੋਟੀ ਲਡ਼ਕੀ ਅਤੇ ਗਊ ਇਕ ਜਗ੍ਹਾ ਲੁਕੇ ਹੋਏ ਸਨ।
ਸਖ਼ਤ ਹਨੇਰੀ ਰਾਤ ਸੀ, ਬੱਚੀ ਨੇ ਡਰ ਕੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਇਂਝ ਲੱਗ ਰਿਹਾ ਸੀ ਕਿ ਕੋਈ ਖ਼ਾਮੋਸ਼ ਵਾਤਾਵਰਣ ਵਿਚ ਢੋਲ ਵਜਾ ਰਿਹਾ ਹੋਵੇ।
ਮਾਂ ਨੇ ਘਬਰਾ ਕੇ ਬੱਚੀ ਦੇ ਮੂੰਹ ਉੱਤੇ ਹੱਥ ਰੱਖ ਦਿੱਤਾ, ਕਿ ਦੁਸ਼ਮਣ ਸੁਣ ਨਾ ਲੈਣ, ਆਵਾਜ਼ ਦਬ ਗਈ - ਬਾਪ ਨੇ ਜ਼ਰੂਰੀ ਸਮਝਦੇ ਹੋਏ ਬੱਚੀ ਦੇ ਮੂੰਹ ਉੱਪਰ ਮੋਟੀ ਚਾਦਰ ਪਾ ਦਿੱਤੀ।
ਥੋਡ਼੍ਹੀ ਦੂਰ ਜਾਣ ਦੇ ਬਾਅਦ ਦੂਰੋਂ ਕਿਸੇ ਵੱਛੇ ਦੀ ਆਵਾਜ਼ ਆਈ, ਗਊ ਦੇ ਕੰਨ ਖਡ਼੍ਹੇ ਹੋ ਗਏ - ਉਹ ਉੱਠੀ ਤੇ ਪਾਗਲਾਂ ਦੀ ਤਰ੍ਹਾਂ ਦੌਡ਼ਦੀ ਹੋਈ ਰੀਂਗਣ ਲੱਗੀ, ਉਸਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਬੇਕਾਰ।
ਰੌਲਾ ਸੁਣ ਕੇ ਦੁਸ਼ਮਣ ਕਰੀਬ ਆ ਗਏ, ਮਸ਼ਾਲਾਂ ਦੀ ਰੌਸ਼ਨੀ ਦਿਖਣ ਲੱਗੀ।
ਬੀਵੀ ਨੇ ਆਪਣੇ ਮੀਆਂ ਨੂੰ ਬਡ਼ੇ ਗੁੱਸੇ ਨਾਲ ਕਿਹਾ : "ਤੂੰ ਕਿਉਂ ਇਸ ਹੈਵਾਨ ਨੂੰ ਆਪਣੇ ਨਾਲ ਲੈ ਆਇਆ ਸੀ ?"