ਹੀਰਾ ਸਿੰਘ ਦਰਦ
(1889-1964)
ਹੀਰਾ ਸਿੰਘ ਦਰਦ ਦਾ ਜਨਮ ਭਾਈ ਹਰੀ ਸਿੰਘ
ਨਿਰੰਕਾਰੀ ਦੇ ਘਰ 30 ਸਤੰਬਰ 1889 ਈ. ਨੂੰ ਪਿੰਡ ਘਘਰੋਟ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ)
ਵਿਚ ਹੋਇਆ। ਇਨ੍ਹਾਂ ਨੇ ਦਸਵੀਂ ਕਰਕੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਅਜੇ ਤੀਜੀ ਜਮਾਤ ਵਿਚ ਹੀ
ਸਨ ਕਿ ਪੰਜਾਬੀ ਟੱਪੇ ਜੋਡ਼ਨੇ ਸ਼ੁਰੂ ਕਰ ਦਿੱਤੇ। ਪਹਿਲਾਂ ਪਹਿਲ ਹੋਰ ਕਵੀਆਂ ਦੀਆਂ ਕਵਿਤਾਵਾਂ
ਦੀਆਂ ਤੁਕਾਂ ਯਾਦ ਕਰਕੇ ਚਿੱਠੀ ਪੱਤਰਾਂ ਵਿਚ ਵਰਤਦੇ ਹੁੰਦੇ ਸਨ। ਪਰ ਪੰਜਾਬੀ ਅਤੇ ਹਿੰਦੀ ਕਵੀਆਂ
ਦੀਆਂ ਰਚਨਾਵਾਂ ਪਡ਼੍ਹ ਕੇ ਆਪ ਵੀ ਕਵਿਤਾ ਲਿਖਣ ਲੱਗ ਪਏ, 1908-09 ਵਿਚ ਆਪ ਨੇ ਸਿਖ ਵਿਦਿਅਕ
ਕਾਨਫਰੰਸ ਵਿਚ ਇਕ ਧਾਰਮਿਕ ਕਵਿਤਾ ਪਡ਼੍ਹੀ ਜਿਸ ਤੋਂ ਬਾਅਦ ਆਪ ਦਾ ਹੌਸਲਾ ਵਧ ਗਿਆ। ਅਕਾਲੀ ਲਹਿਰ
(1918-19) ਦੇ ਸਮੇਂ ਇਨ੍ਹਾਂ ਨੇ ਧਾਰਮਿਕ ਰਾਜਨੀਤਿਕ ਕਵਿਤਾਵਾਂ ਲਿਖੀਆਂ ਤੇ ਸਟੇਜਾਂ ਤੇ
ਪਡ਼੍ਹੀਆਂ।
ਪਹਿਲਾਂ “ਦੁਖੀਆ” ਉਪਨਾਮ ਹੇਠ ਕਵਿਤਾ ਲਿਖਦੇ ਸਨ। 1918 ਈ. ਤੋਂ “ਦਰਦ” ਉਪਨਾਮ ਵਰਤਣ
ਲੱਗ ਪਏ। 1907 ਵਿਚ ਆਪ ਚੁੰਗੀ ਕਲਰਕ ਲੱਗ ਗਏ ਪਰ ਇਹ ਨੌਕਰੀ ਛੱਡ ਕੇ 1910 ਵਿਚ ਇਕ ਪ੍ਰਾਇਮਰੀ
ਸਕੂਲ ਜਾਰੀ ਕੀਤਾ 1917 ਈ. ਤੋਂ ਰਾਵਲਪਿੰਡੀ ਵਿਚ ਗਿਆਨੀ ਦੀਆਂ ਜਮਾਤਾਂ ਪਡ਼੍ਹਾਉਣੀਆਂ ਸ਼ੁਰੂ
ਕੀਤੀਆਂ। 1920 ਈ. ਨੂੰ ਲਾਹੌਰ ਤੋਂ “ਅਕਾਲੀ” ਅਖ਼ਬਾਰ ਚਾਲੂ ਕੀਤਾ ਤੇ ਜੇਲ੍ਹ ਜਾਣਾ ਪਿਆ। ਕੈਦ
ਤੋਂ ਬਰੀ ਹੋ ਕੇ ਪੰਜਾਬੀ ਵਿਚ “ਅਕਾਲੀ” ਅਖ਼ਬਾਰ ਜਾਰੀ ਕੀਤਾ ਪਰ ਫੇਰ ਇਸ ਤੋਂ ਵੱਖ ਹੋ
ਗਏ।
ਇਨ੍ਹਾਂ ਨੇ ਅਕਾਲੀ ਲਹਿਰ, ਕਾਂਗਰਸ ਲਹਿਕ ਤੇ
ਕਮਿਊਨਿਸਟ ਪਾਰਟੀ ਦੇ ਅੰਦੋਲਨਾਂ ਵਿਚ ਭਾਗ ਲਿਆ ਤੇ ਆਪਣੀ ਕਵਿਤਾ ਰਾਹੀਂ ਇਨ੍ਹਾਂ ਲਹਿਰਾਂ ਨੂੰ
ਯੋਗਦਾਨ ਦਿੱਤਾ। 1919 ਈ. ਵਿਚ ਜਦੋਂ ਅਕਾਲੀ ਲਹਿਰ ਵੇਲੇ ਸਰਕਾਰ ਵਲੋਂ ਸਖਤੀ ਕੀਤੀ ਗਈ ਤਾਂ ਕਵੀ
ਦਾ ਕੋਮਲ ਹਿਰਦਾ ਵਿਲਕ ਉਠਿਆ ਤੇ ਇਨ੍ਹਾਂ ਨੇ “ਦਰਦ ਸੁਨੇਹੇ” (ਤਿੰਨ ਭਾਗ) ਰਚੇ। 1926 ਵਿਚ ਪੰਜਾਬੀ ਵਿਚ “ਫੁਲਵਾਡ਼ੀ” ਮਾਸਕ ਪੱਤਰ
ਜਾਰੀ ਕੀਤਾ। ਇਸ ਪੱਤਰ ਰਾਹੀਂ ਆਪ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਖੂਬ ਸੇਵਾ ਕੀਤੀ।
1925 ਈ. ਵਿਚ ਦਰਦ ਜੀ ਨੇ ਮੁਸ਼ਤਾਕ, ਮੌਲਾ ਬਖ਼ਸ਼
ਕੁਸ਼ਤਾ ਅਤੇ ਧਨੀ ਰਾਮ ਚਾਤ੍ਰਿਕ ਨਾਲ ਮਿਲ ਕੇ ਪੰਜਾਬੀ ਸਭਾ ਦੀ ਨੀਂਹ ਰੱਖੀ। 1960 ਵਿਚ ਆਪ ਨੂੰ
ਪੰਜਾਬੀ ਸਰਕਾਰ ਨੇ ਸਨਮਾਨਿਆ। ਆਪ ਦਾ ਦੇਹਾਂਤ 1964 ਵਿਚ ਹੋਇਆ
ਰਚਨਾਵਾਂ – ਦਰਦ ਸੁਨੇਹੇ
(ਤਿੰਨ ਭਾਗ), ਹੋਰ ਅਗੇਰੇ, ਚੌਣਵੇਂ ਦਰਦ ਸੁਨੇਹੇ।
ਦਰਦ ਦੀਆਂ ਕਵਿਤਾਵਾਂ ਵਿਚ ਸਾਦਗੀ, ਗੰਭੀਰਤਾ, ਰਸ
ਤੇ ਕਲਪਣਾ ਹੈ। ਇਨ੍ਹਾਂ ਦੀ ਸਾਰੀ ਕਵਿਤਾ ਸਿੱਖੀ ਪਿਆਰ ਅਤੇ ਦੇਸ਼ ਪਿਆਰ ਦੇ ਧੁਰਿਆਂ ਦੁਆਲੇ
ਘੁੰਮਦੀ ਹੈ। ਆਪਦਾ ਕੇਵਲ ਇਕੋ ਇਕ ਨਿਸ਼ਾਨਾ ਤੇ ਆਸ਼ਾ ਸੀ।
“ਅਸਾਂ ਦੇਵੀ
ਆਜ਼ਾਦੀ ਦੇ ਭੇਟ ਵੇਖੇ,
ਜਾਨ ਮਾਲ ਸਰਬੰਸ
ਚਡ਼੍ਹਾਵਣਾ ਏ।
ਇਕ ਵੇਰ ਫਰੰਗੀ ਦੀ ਕੈਦ
ਵਿਚੋਂ,
ਭਾਰਤ ਦੇਸ਼ ਆਜ਼ਾਦ
ਕਰਵਾਵਣਾ ਏ।”
ਇਨ੍ਹਾਂ ਦੇ ਵਿਚਾਰ ਨਵੀਨ ਹਨ ਪਰ ਕਵਿਤਾ ਦਾ ਰੂਪ
ਪਰੰਪਰਾਗਤ ਹੈ।