ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਬਾਬੇ ਮੋਟੀਆਂ ਗੋਗੜਾਂ ਵਾਲੇ

ਜਰਨੈਲ ਘੁਮਾਣ

 

ਅੰਧ ਵਿਸ਼ਵਾਸਾਂ ਵਿੱਚ ਡੁੱਬੀ ਹੋਈ ਲੋਕਾਈ ਨੂੰ ,

ਭੇਡ ਚਾਲਾਂ ਵਿੱਚ ਫਸੇ , ਸਭ ਮਾਈ ਭਾਈ ਨੂੰ ,

ਜੋੜ ਚੇਲਿਆਂ ਦੀ ਜਮਾਤ ,

ਵਿਖਾਕੇ ਝੂਠੀ ਕਰਾਮਾਤ ,

ਲਾਹਕੇ ਚਿੱਟੇ ਲੀੜੇ , ਚੋਗੇ ਪਾ ਲਏ ਕਾਲੇ ।

ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ , ਬਾਬੇ ਮੋਟੀਆਂ ਗੋਗੜਾਂ ਵਾਲੇ ।

ਕੋਈ ਕਹੇ ਬਾਬਾ ਤੋੜ ਦਿੰਦਾਂ ਹੈ ਬਿਮਾਰੀਆਂ ,

ਕੋਈ ਕਹੇ ਬਾਬੇ ਦੀਆਂ ਖੇਡਾਂ ਨੇ ਨਿਆਰੀਆਂ ,

ਕੁੱਖੋਂ ਸੱਖਣੀ ਸੀ ਭਾਨੀ ,

ਲੰਘੀਂ ਜਾਂਦੀ ਸੀ ਜਵਾਨੀ ,

ਇੱਕ ਮੰਗਦੀ ਸੀ , ਦੋ ਦੋ ਪੁੱਤ ਪਾਲੇ ।

ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਕਹਿੰਦੇ ਆਉਂਦੀ ਬਾਬੇ ਕੋਲ , ਕਾਲੀ ਦੇਵੀ ਰਾਤ ਨੂੰ ,

ਚੌਂਕੀ  ਭਰਵਾਕੇ , ਤੁਰ ਜਾਂਦੀ ਪ੍ਰਭਾਤ ਨੂੰ ,

ਬਾਬਾ ਤੀਵੀਆਂ ਖਿਡਾਉਂਦਾ ,

ਸੁੱਖਾਂ ਪੂਰੀਆਂ ਕਰਾਉਂਦਾ ,

ਉਹੀਓ ਮਿਲਦਾ , ਜਿਹੜਾ ਜੋ ਵੀ ਭਾਲੇ ।

ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਬਾਬਾ ਜੀ ਦੇ ਚਿਮਟੇ , ਸ਼ਿਵਜੀ ਦਾ ਵਾਸ ਹੈ ।

ਚਿਮਟੇ ਦੀ ਮਾਰ  ਕਰੇ  ,ਕਸ਼ਟਾਂ ਦਾ ਨਾਸ ਹੈ ।

ਕੱਢੇ ਭੂਤ ਤੇ ਪ੍ਰੇਤ ,

ਹੋਵੇ ਘਰ ਭਾਂਵੇਂ ਖੇਤ ,

ਖੋਹਲ ਦਿੰਦਾਂ ਹੈ ਮੁਕੱਦਰਾਂ ਦੇ ਤਾਲੇ ।

ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਸੱਸ ਨੂੰਹ ਦੀ ਬਣਦੀ ਨਾ , ਰਹਿੰਦੀ ਐ ਲੜਾਈ ਜੇ ।

ਵੀਰਵਾਰ ਵਾਲੇ ਦਿਨ  , ਚਾੜ੍ਹ ਦਿਓ ਕੜਾਹੀ ਜੇ ।

ਕਾਲਾ ਕੁੱਕੜ , ਸ਼ਰਾਬ ,

ਕਰੂ ਦਿਨਾਂ ਵਿੱਚ ਲਾਭ ,

ਭੈਣਾਂ ਸਕੀਆਂ ਜਿਉਂ , ਘੁੰਮਣ ਦੁਆਲੇ ।

ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਲੱਭਦਾ ਨਾ ਵਰ ਜੇ , ਕੁੜੀ ਨੂੰ ਕੋਈ ਚੱਜਦਾ ।

ਵੇਖਿਓ ਕਨੇਡਿਓ ਸਿੱਧਾ  , ਦਰ ਵਿੱਚ ਵੱਜਦਾ ।

ਇਕੱਤੀ ਸੌ ਦਾ ਇੱਕ ਪੁੰਨ ,

ਕਰੋ ਕਾਲੀ ਭੇਢ ਮੁੰਨ ,

ਦਿਨਾਂ ਵਿੱਚ ਵੇਖਿਓ , ਫੇਰੇ ਵੀ ਕਰਾਲੇ ।

ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਚੱਜਿਆਂ , ਕੁਚੱਜਿਆਂ , ਜਿਹਨਾਂ ਨੂੰ ਕੋਈ ਕੰਮ ਨਾ ।

ਕੜਕਦੀ ਧੁੱਪ , ਮਚਾਇਆ ਜਿਹਨਾ ਚੰਮ ਨਾ ।

ਉਹ ਧਾਰ ਢੱਕਮੰਜ ,

ਕੱਢਵਾਕੇ ਸਿਰ ਗੰਜ ,

ਬਣੀ ਫਿਰਦੇ , ਭੈਰੋਂ ਦੇ ਸਕੇ ਸਾਲੇ ।

ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਕਿਰਤਾਂ ਬਗੈਰ ਲੋਕੋ ਜ਼ਿੰਦਗੀ ਚ ਸੁੱਖ ਨਾ ।

ਦਵਾ ਦਾਰੂ ਬਿਨਾਂ ਜਾਣ ਲੱਗੇ ਹੋਏ ਦੁੱਖ ਨਾ ।

ਜਾਗੋ ! ਜਾਗ ਜਾਓ ਘੁਮਾਣ

ਇਹ ਪਾਖੰਡੀ ਥੋਨੂੰ ਖਾਣ ,

ਇਹਨਾਂ ਉੱਤੇ ਨਾ , ਭਰੋਸੇ ਕਰੋ ਵਾਹਲੇ ।

ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਜਰਨੈਲ ਘੁਮਾਣ

ਮੋਬਾਇਲ ਨੰਬਰ : +91-98885-05577

 



ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1792850
Website Designed by Solitaire Infosys Inc.