ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਡੇਰਾਵਾਦ ਕਿਉਂ ਪੈਰ ਫੈਲਾਅ ਗਿਆ

ਜਰਨੈਲ ਘੁਮਾਣ

 

ਡੇਰਾਵਾਦ ਕਿਉਂ ਪੈਰ ਫੈਲਾਅ ਗਿਆ
ਅੱਵਲ ਅੱਲਾ ਨੂਰ ਉਪਾਇਆ , ਕੁਦਰਤ ਕੇ ਸਭ ਬੰਦੇ
ਏਕ ਨੂਰ 'ਤੇ ਸਭ ਜੱਗ ਉਪਜਿਆ , ਕੌਣ ਭਲੇ , ਕੋ ਮੰਦੇ
ਓਸ 'ਏਕ' ਦਾ ਰਾਹ ਦਿਖਲਾਵਣ , ਜੰਮ ਪਏ ਗੁਰੂ ਹਜ਼ਾਰਾਂ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ , ਕਰੀਏ ਆਓ  ਵਿਚਾਰਾਂ

ਕਈ  ਬਾਬੇ ਉਸਾਰ ਬੈਠ ਗਏ , ਆਪਣੇ ਹੀ ਪਰਮ ਦੁਆਰੇ
ਕਈਆਂ ਦੇ ਨਿੱਤ ਪੜ੍ਹਨ , ਸੁਣਨ ਨੂੰ , ਮਿਲਦੇ ਵੱਡੇ ਕਾਰੇ
ਬਿਨਾਂ ਅੱਗ ਤੋਂ ਧੂੰਆਂ ਨਾ ਉੱਠੇ , ਕੀ ਕੀ ਸੱਚ ਉਚਾਰਾਂ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ , ਕਰੀਏ ਆਓ  ਵਿਚਾਰਾਂ
     
ਦਸ਼ਮ ਪਿਤਾ ਗੁਰੂ ਗ੍ਰੰਥ ਸਾਹਿਬ ਨੂੰ , ਦੇ ਗਏ ਸੀ ਗੁਰ ਗੱਦੀ
'
ਧੁਰ ਕੀ ਬਾਣੀ' ਖਰੀਦ ਬੈਠ ਗਏ ,  ਮਨਮੁੱਖ  ਬੰਦੇ  ਜੱਦੀ
ਇੱਕ ਦਸਤਾਰੋਂ ਰੰਗ ਬਰੰਗੀਆਂ , ਹੋਈਆਂ ਕਈ ਦਸਤਾਰਾਂ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ ,  ਰਲ  ਮਿਲ ਕਰੋ  ਵਿਚਾਰਾਂ
 
ਪੜ੍ਹਕੇ ,ਸੁਣਕੇ ,ਵਾਚਕੇ , ਕਰਦੇ ਅਮਲ ਨਾ ਬਾਣੀ ਉੱਤੇ
ਕੀ  ਜਗਾਉਣਗੇ ਲੋਕਾਂ ਤਾਈਂ ,  ਜਿਹੜੇ ਖ਼ੁਦ ਹੀ  ਸੁੱਤੇ
ਦੂਈ, ਦਵੈਤ ,ਈਰਖ਼ਾ ਜਿਹੀਆਂ,ਉਚੀਆਂ ਬਹੁਤ ਦੀਵਾਰਾਂ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ ,  ਰਲ  ਮਿਲ ਕਰੋ  ਵਿਚਾਰਾਂ

ਜ਼ੋਰ ,ਸ਼ੋਰ ਦੇ ਨਾਲ ਉਚਾਰਨ ,ਕਿੱਸਿਆਂ ਜਿਉਂ ਗੁਰਬਾਣੀ
ਕੰਨਰਸ ਹੈ ਨਾ , ਧੂੰਮ ਧੜੱਕਾ , ਵਾਂਗ  ਗਵੱਈਏ  ਢਾਣੀ
ਸ਼ਰਧਾਲੂ ਵੀ ਨੱਚੀਂ ਜਾਂਦੇ , ਨੱਚਦੇ ਵਾਂਗ ਨਚਾਰਾਂ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ ,  ਰਲ  ਮਿਲ ਕਰੋ  ਵਿਚਾਰਾਂ

ਗੁਰੂ -ਡੰਮ ਦੀ ਸੇਵਾ ਖਾਤਿਰ , ਸੇਵਾਦਾਰ ਜਿੱਤ ਆਉਂਦੇ
ਵੋਟਾਂ  ਵਾਲੀ  ਖਿੱਚੋ ਤਾਣੀ , ਸੇਵਾ ਲਈ ਦਿਖਲਾਉਂਦੇ
ਗੋਲਕ ਗਿਣਨ ਵਾਸਤੇ ਨਿੱਤ ਹੀ ,ਹੁੰਦੀਆਂ ਨੇ ਤਕਰਾਰਾਂ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ ,  ਰਲ  ਮਿਲ ਕਰੋ  ਵਿਚਾਰਾਂ

ਕੀਰਤਨ,ਪਾਠ ਤੇ ਧਿਆਨ ਸਭਾਵਾਂ ,ਕਿੱਤੇ ਜਿਉਂ ਅਪਨਾ ਲਏ
ਜੈਸਾ  ਲੋੜ ਦਿਓਂ , ਤੈਸਾ ਬਾਬਾ , ਸਭ  ਨੇ  ਰੇਟ ਬਣਾ ਲਏ
ਨੇਤਾਵਾਂ ਦੇ ਵਾਂਗ ਕਾਫ਼ਲੇ , ਜਾਣ ਛੂਕ ਦੀਆਂ ਕਾਰਾਂ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ ,  ਰਲ  ਮਿਲ ਕਰੋ  ਵਿਚਾਰਾਂ

ਕੁੱਝ ਕੁ ਨੇਤਾ , ਕੁੱਝ ਅਭਿਨੇਤਾ , ਜਾ ਜਦ ਚਰਨੀਂ ਬਹਿੰਦੇ
ਬਾਬਾ ਜੀ ਦੇ ਚਰਨ ਫੇਰ ਨਹੀਂ , ਏਸ ਧਰਤ 'ਤੇ  ਰਹਿੰਦੇ
ਮੋਬਾਇਲ ਫੋਨ ,ਅਸਲੇ ਦੀ ਛਹਿਬਰ ,ਸਿੱਧੀਆਂ ਸਭ ਥਾਂ ਤਾਰਾਂ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ ,  ਰਲ  ਮਿਲ ਕਰੋ  ਵਿਚਾਰਾਂ

ਧਰਮਾਂ ਦੇ ਵਿੱਚ ਸਿਆਸਤ ਵੜ ਗਈ , ਸਿਆਸਤ ਧਰਮ ਚਲਾਵੇ
ਧਰਮ ਚਲਾਉਣ ਵਾਸਤੇ 'ਮੁੱਖੀਆ', 'ਮੁਖੀਆ' ਗੱਦੀ ਬਿਠਾਵੇ
ਹੋਰ ਕੀ ਬੋਲਾਂ ਚਾਰੇ ਪਾਸੇ , 'ਆਪਣੀਆਂ ਸਰਕਾਰਾਂ'
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ ,  ਰਲ  ਮਿਲ ਕਰੋ  ਵਿਚਾਰਾਂ

ਫ਼ਰਕ ਰਹਿ ਗਿਆ ਇਨਸਾਨਾਂ ਤੋਂ , ਤਾਹੀਂਓ ਵਧ ਗਏ ਪਾੜੇ
ਬੰਦਿਆਂ ਤਾਂਈਂ ਬਿਗਾੜ ਗਈ ਮਾਇਆ , ਕੁੱਝ ਚੌਧਰ ਦੇ ਸਾੜੇ
ਲੱਭਦੇ ਲੱਭਦੇ 'ਤੁਹੀਂ ਤੂੰ' ਨੂੰ , ਖਾ ਗਏ 'ਮੈਂ' ਤੋਂ ਮਾਰਾਂ  ।      
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ ,  ਰਲ  ਮਿਲ ਕਰੋ  ਵਿਚਾਰਾਂ

ਰੱਬ ਦੇ ਨਾਂ 'ਤੇ  ਖੁਲ੍ਹਣ ਰੋਜ਼ਾਨਾ , ਧਰਮ ਵਧਾਊ ਦੁਕਾਨਾਂ
'
ਓਸ ਭਗਵਾਨ' ਦੀ ਖੋਜ ਕਰੀ ਨਾ , ਕਲਯੁਗ ਦੇ ਭਗਵਾਨਾਂ
'
ਸ਼ਬਦ' ਨਾ ਚੇਤਿਆ , ਜੋ ਸਮਝਾਇਆ , ਭਗਤਾਂ 'ਤੇ ਅਵਤਾਰਾਂ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ ,  ਰਲ  ਮਿਲ ਕਰੋ  ਵਿਚਾਰਾਂ

ਕੌਣ ਬੇਗ਼ਾਨਾ , ਕੌਣ ਆਪਣਾ , ਸਭ ਹੀ ਉਸ ਦੇ ਬੰਦੇ
ਫਿਰ ਕਿਸ ਗੱਲ ਦੀ ਮਾਰਾ ਮਾਰੀ ,ਬੰਦ ਕਰੋ ਇਹ ਧੰਦੇ
ਛੱਡ ਈਰਖ਼ਾ, ਇੱਕ ਹੋ ਜਾਓ , ਰੁਮਕਣ ਪਿਆਰ ਬਹਾਰਾਂ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ ,  ਰਲ  ਮਿਲ ਕਰੋ  ਵਿਚਾਰਾਂ

ਪਿੰਡ ਵੰਡ ਲਏ , ਖੰਡ ਵੰਡ ਲਏ , ਵੰਡ ਲਏ ਵੱਖ ਪ੍ਰਾਣੀ
ਹਾੜਾ੍ਹ  ਰੱਬ ਦੇ ਬੰਦਿਓ , ਵੰਡਨ ਨ ਬਹਿਜਿਓ ਰੱਬੀ ਬਾਣੀ
ਸੀਅ ਲੈ ਬੁੱਲ੍ਹ 'ਘੁਮਾਣ' , ਤੇਰੀਆਂ ਸੁਣਦੈ ਕੌਣ ਪੁਕਾਰਾਂ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ,ਬਹਿ ਕੇ ਕਰੋ ਵਿਚਾਰਾਂ
ਬਾਬਾਵਾਦ  ਫੈਲਦਾ  ਜਾਂਦਾ ,  ਰਲ  ਮਿਲ ਕਰੋ  ਵਿਚਾਰਾਂ

 

 ਜਰਨੈਲ ਘੁਮਾਣ

ਮੋਬਾਇਲ ਨੰਬਰ : +91-98885-05577 begin_of_the_skype_highlighting 

 +91-98885-05577      end_of_the_skype_highlighting

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1792819
Website Designed by Solitaire Infosys Inc.