ਆ ਗਏ ਬੱਦਲ, ਆ ਗਏ ਬੱਦਲ
ਵਿਚ ਅਸਮਾਨੀਂ ਛਾ ਗਏ
ਬੱਦਲ।
ਅਹੁ ਦੇਖੋ ਕਿੰਞ ਭੱਜਦੇ
ਬੱਦਲ
ਇਕ ਦੂਜੇ ਗਲ ਲੱਗਦੇ ਬੱਦਲ।
ਜ਼ੋਰ-ਜ਼ੋਰ ਟਕਰਾਉਂਦੇ
ਬੱਦਲ
ਬਿਜਲੀ ਕਿਤੇ ਗਿਰਾਉਂਦੇ
ਬੱਦਲ।
ਗਡ਼-ਗਡ਼ ਸ਼ੋਰ ਮਚਾਉਂਦੇ
ਬੱਦਲ
ਬਾਗੀਂ ਮੋਰ ਨਚਾਉਂਦੇ
ਬੱਦਲ।
ਭੂਰੇ, ਚਿੱਟੇ, ਕਾਲੇ ਬੱਦਲ
ਇਹ ਤਾਂ ਵਰਖਾ ਵਾਲੇ ਬੱਦਲ।
ਕੁਝ ਹਲਕੇ ਕੁਝ ਭਾਰੇ
ਬੱਦਲ
ਲੱਗਦੇ ਬਡ਼ੇ ਪਿਆਰੇ ਬੱਦਲ।
ਛਮ-ਛਮ ਕਰਦੇ ਵਰ੍ਹਦੇ
ਬੱਦਲ
ਛੱਪਡ਼-ਟੋਭੇ ਭਰਦੇ ਬੱਦਲ।
ਗਰਮੀ ਦੂਰ ਭਜਾਉਂਦੇ ਬੱਦਲ
ਥਾਂ-ਥਾਂ ਠੰਢ ਵਰਤਾਉਂਦੇ
ਬੱਦਲ।
ਹਰ ਇਕ ਮਨ ਨੂੰ ਭਾਉਂਦੇ
ਬੱਦਲ
ਸਭ ਦੀ ਪਿਆਸ ਬੁਝਾਉਂਦੇ
ਬੱਦਲ।