ਕੁਝ ਇਸਮਤ ਚੁਗ਼ਤਾਈ ਬਾਰੇ:
ਡਾ: ਗੁਰਦਿਆਲ ਸਿੰਘ ਰਾਏ
ਇਸਮਤ ਚੁਗ਼ਤਾਈ ਉਰਦੂ ਦੀ ਸੁ-ਪ੍ਰਸਿੱਧ, ਸਿਰ-ਕੱਢ, ਬਹੁ-ਚਰਚਿਤ
ਅਤੇ ਬਹੁ-ਪੱਖੀ ਲੇਖਕਾ ਹੋਈ ਹੈ। ਉਸਦਾ ਜਨਮ 21 ਅਗਸਤ 1915 ਨੂੰ ਬਦਾਯੂੰ (ਯੂ.ਪੀ.) ਵਿਚ
ਹੋਇਆ ਅਤੇ ਉਹ 24 ਅਕਤੂਬਰ 1991 ਨੂੰ 76 ਸਾਲ ਦੀ ਉੱਮਰ ਭੋਗ ਕੇ ਇਸ ਸੰਸਾਰ ਨੂੰ ਅਲਵਿੱਦਾ ਕਹਿ
ਗਈ। ਉਸਦੀ
ਇੱਛਾ ਅਨੁਸਾਰ ਉਸਨੂੰ ਬੰਬਈ ਵਿੱਚ ਹੀ ਦਫ਼ਨਾਇਆ ਗਿਆ।
ਉਹ ਉਰਦੂ ਦੀ ਅਤਿ-ਉਤੱਮ ਅਫਸਾਨਾ-ਨਿਗ਼ਾਰ ਸੀ ਜਾਂ ਨਹੀਂ ਇਸ ਸਬੰਧੀ ਦੋ
ਰਾਵਾਂ ਹੋ ਸਕਦੀਆਂ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਰਦੂ ਸਾਹਿਤ ਦੇ ਚਾਰ ਥੰਮਾਂ ਵਿਚ ਉਸਦੀ
ਗਿਣਤੀ ਜ਼ਰੂਰ ਸੀ। ਉਰਦੂ ਸਾਹਿਤਕ ਜਗਤ ਦੇ ਚਾਰ ਥੰਮ ਸਨ: ਸਆਦਤ ਹਸਨ ਮੰਟੋ, ਕ੍ਰਿਸ਼ਨਚੰਦਰ, ਰਾਜਿੰਦਰ
ਸਿੰਘ ਬੇਦੀ ਅਤੇ ਇਸਮਤ ਚੁਗ਼ਤਾਈ। ਮੁਨਸ਼ੀ ਪ੍ਰੇਮ ਚੰਦ ਤੋਂ ਬਾਅਦ ਕੁਝ ਨਵੇਂ ਲਿਖਾਰੀਆਂ ਨੇ
ਆਪਣੀਆਂ ਕਹਾਣੀਆਂ ਵਿਚ ਕਾਮ ਸਬੰਧਾਂ ਬਾਰੇ ਬੜੀ ਬੇਬਾਕੀ ਅਤੇ ਹੌਸਲੇ ਨਾਲ ਵਰਨਣ ਕਰਨਾ ਆਰੰਭਿਆ। ਇਸਮਤ
ਚੁਗ਼ਤਾਈ ਅਤੇ ਮੰਟੋ ਨੇ ਵੀ ਕੁਝ ਅਜਿਹੀਆਂ ਕਹਾਣੀਆਂ ਲਿਖੀਆਂ ਜਿਹਨਾਂ ਨੇ ਪਾਠਕਾਂ ਨੂੰ ਚੌਂਕਾ
ਦਿੱਤਾ।
ਦਰਅਸਲ ਇਸਮਤ ਚੁਗ਼ਤਾਈ ਨੇ 1938 ਤੋਂ ਕਹਾਣੀਆਂ ਲਿਖਣੀਆਂ ਆਰੰਭ
ਕੀਤੀਆਂ ਅਤੇ ਉਸਦੀ ਪਹਿਲੀ ਡਰਾਮੇ ਵਰਗੀ ਕਹਾਣੀ ‘ਫਸਾਦੀ’ ਛੱਪੀ ਤਾਂ ਉਹ ਚਰਚਾ ਵਿੱਚ ਆ ਗਈ। ਇਸਤੋਂ
ਬਾਅਦ ਸਹੀ ਅਰਥਾਂ ਵਿਚ ਉਸਦੀ ਪਹਿਲੀ ਕਹਾਣੀ ‘ਕਾਫ਼ਰ’ ਇਸੇ ਵਰ੍ਹੇ ਮਾਸਿਕ ‘ਸਾਕੀ’ ਵਿਚ ਛਪੀ। ਇਹ ਕਹਾਣੀ ‘ਕਹਾਣੀ ਕਲਾ ਦੀ ਨਿਪੁੰਨਤਾ’ ਦੀ
ਸਿਖਰ ਸੀ। ਆਰੰਭ ਹੀ
ਇੰਨਾ ਚੰਗਾ ਸੀ ਕਿ ਮੁੜ ਇਸਮਤ ਨੇ ਪਿਛ੍ਹਾਂ ਨਹੀਂ ਤੱਕਿਆ। ਇਸਮਤ
ਨੇ ਲਿਖਣ/ਛਪਣ ਤੋਂ ਪਹਿਲਾਂ ਹੀ ਕਈ ਵਰ੍ਹੇ ਪੂਰੀ ਲਗਨ ਨਾਲ ਨਾ
ਕੇਵਲ ਅੰਗਰੇਜੀ ਅਤੇ ਉਰਦੂ ਸਾਹਿਤ ਨੂੰ ਘੋਖਿਆ-ਪੜਤਾਲਿਆ ਹੀ ਸਗੋਂ ‘ਫਿਕਸ਼ਨ’ ਦਾ
ਨਿਯਮ ਪੂਰਵਕ ਅਧਿਐਨ ਵੀ ਕੀਤਾ ਸੀ। ਇਹੋ ਹੀ ਕਾਰਨ ਸੀ ਕਿ ਉਹ ਨਾ ਕੇਵਲ ਕਹਾਣੀ ਕਹਿਣ ਦੀ ਕਲਾ
ਵਿਚ ਹੀ ਨਿਪੁੰਨ ਸੀ ਸਗੋਂ ਬੋਲੀ ਸਬੰਧੀ ਵੀ ਸੁਚੇਤ ਸੀ।
27 ਸਾਲ ਦੀ ਉੱਮਰ ਵਿਚ ਉਸਦਾ ਪਹਿਲਾ ਕਹਾਣੀ ਸੰਗ੍ਰਹਿ ‘ਕਲੀਆਂ’ ਛਪਿਆ
ਪਰ ਇਸਤੋਂ ਪਹਿਲਾਂ 1941 ਵਿਚ ਹੀ ਉਸਦੀ ਕਹਾਣੀ ‘ਲਿਹਾਫ਼’ ਉਤੇ ਮੁਕੱਦਮਾ ਚੱਲਿਆ। ਆਰੋਪ
ਸੀ ਕਿ ਇਸ ਕਹਾਣੀ ਦਾ ਵਿਸ਼ਾ ਅਸ਼ਲੀਲ ਹੈ। ‘ਸਮਲਿੰਗਿਕ’ ਸਬੰਧਾਂ
ਦਾ ਪ੍ਰਗਟਾਵਾ ਕਰਦੀ ਕਹਾਣੀ ਨੂੰ ਸਮਾਜ ਦੀਆਂ ਪ੍ਰਚਲਿਤ ਕਦਰਾਂ-ਕੀਮਤਾਂ ਦਾ ਅਪਮਾਨ ਸਮਝਿਆ ਗਿਆ। ਮੁਕਦਮੇ
ਵਿਚ ਕਾਨੂੰਨੀ ਮਾਹਿਰਾਂ ਦੀਆਂ ਖਰੀਆਂ ਦਲੀਲਾਂ ਕਾਰਨ ਇਸਮਤ ਨੂੰ ਬਾ-ਇਜ਼ਤ ਬਰੀ ਕੀਤਾ ਗਿਆ। ਕਈ ਆਖਦੇ ਨੇ ਕਿ ਇਸਮਤ ਚੁਗ਼ਤਾਈ ਆਪਣੀ ‘ਲਿਹਾਫ਼’ ਕਹਾਣੀ
ਤੇ ਚੱਲੇ ਮੁਕੱਦਮੇ ਕਾਰਨ ਪ੍ਰਸਿੱਧ ਹੋ ਗਈ। ਇਹ ਗ਼ਲਤ ਹੈ। ਇਹ
ਕਹਾਣੀ ਵਿਸ਼ੇ ਪਖੋਂ ਭਾਵੇਂ ਵੱਖਰੀ ਹੈ ਅਤੇ ਇਸ ਵਿੱਚ ਵੀ ‘ਕਹਾਣੀ-ਕਲਾ’ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਗਿਆ ਪਰ ਇਸਮਤ ਦੀਆਂ ‘ਲਿਹਾਫ਼’ ਕਹਾਣੀ
ਤੋਂ ਪਹਿਲਾਂ ਛਪੀਆਂ ਕਹਾਣੀਆਂ ਜਿਵੇਂ ਕਿ ਗੈਂਦਾ, ਕਾਫ਼ਰ ਜਾਂ ਫਸਾਦੀ ਆਦਿ ਨੇ ਤਾਂ ਪਹਿਲਾਂ ਹੀ ਇਸਮਤ
ਚੁਗ਼ਤਾਈ ਨੂੰ ਅਵੱਲ ਦਰਜੇ ਦੀ ਕਹਾਣੀਕਾਰਾ ਦੀ ਪਦਵੀ ਦਿਲਵਾ ਦਿੱਤੀ ਸੀ।
ਇਸ ਪਿੱਛੋਂ ਇਸਮਤ ਦੇ ਹੋਰ ਵੀ ਕਈ ਕਹਾਣੀ ਸੰਗ੍ਰਹਿ ਛਪੇ। ਅੰਤਿਮ
ਕਹਾਣੀ ਸੰਗ੍ਰਹਿ ‘ਛੂਈ
ਮੂਈ’, (ਪਾਕਿਸਤਾਨ
ਐਡੀਸ਼ਨ) 1972 ਵਿਚ ਜਦੋਂ ਛਪਿਆ ਤਾਂ ਉਸਦੀ ਉੱਮਰ 57 ਸਾਲ ਦੀ ਸੀ। ਤਰੱਕੀ
ਪਸੰਦ ਅਤੇ ਇਸਤਰੀ ਜ਼ਾਤੀ ਦੀ ਬੇਹਤਰੀ ਲਈ ਲਿਖਣ ਵਾਲੀ ਇਸਮਤ ਚੁਗ਼ਤਾਈ ਆਪਣੇ ਸਮਾਜ-ਵਿਰੋਧੀ
ਵਿਚਾਰਾਂ ਕਾਰਨ ਭਾਵੇਂ ਵਿਵਾਦ-ਗ੍ਰਸਤ ਰਹੀ ਪਰ ਉਸਨੇ ਆਪਣੇ ਵਿਚਾਰਾਂ ਉਤੇ ਬੜੀ ਦ੍ਰਿੜਤਾ ਨਾਲ
ਪਹਿਰਾ ਦਿੱਤਾ। ਲੇਖਿਕਾ ਇਸਮਤ ਚੁਗਤਾਈ ਨੇ 1978 ਵਿਚ, ਸ਼ਿਆਮ
ਬੈਨੇਗਲ ਦੀ ਫਿਲਮ ‘ਜ਼ਨੂੰਨ’ ਵਿਚ ਵੀ
ਭਾਗ ਲਿਆ।
ਭਾਵੇਂ ਇਸਮਤ ਚੁਗ਼ਤਾਈ ਨੂੰ ਕਹਾਣੀਆਂ ਅਤੇ ਨਾਵਲ ਲਿੱਖਣ ਵਿਚ ਇੱਕੋ
ਜਿਹੀ ਨਿਪੁੰਨਤਾ ਹਾਸਲ ਸੀ ਪਰ ਉਸਦੇ ਲੇਖ (ਇਨਸ਼ਾਈਏ) ਵੀ ਕਮਾਲ ਦੀ ਨਿਪੁੰਨਤਾ ਦਾ ਪ੍ਰਗਟਾਵਾ
ਕਰਦੇ ਸਨ। ਇਹਨਾਂ
ਲੇਖਾਂ ਦੇ ਵਿਸ਼ੇ ਅੱਜ ਵੀ ‘ਨਵੇਂ
ਨਕੋਰ’ ਅਤੇ
ਸਮਾਜਕ ਚੇਤਨਾ ਜਗਾਉਣ ਵਾਲੇ ਹਨ।