ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਮੋਤੀਆਂ ਦੀ ਖੇਤੀ

ਪਿਆਰਾ ਸਿੰਘ ਦਾਤਾ

 

ਇਕ ਵਾਰ ਵਜ਼ੀਰਾਂ ਅਮੀਰਾਂ ਨੇ ਅਕਬਰ ਦੇ ਖ਼ੂਬ ਕੰਨ ਭਰੇ, ਕਿ ਹਜ਼ੂਰ ਬੀਰਬਲ ਸ਼ਾਹੀ ਖਜ਼ਾਨੇ ਤੇ ਹੱਥ ਸਾਫ਼ ਕਰਦਾ ਹੈ, ਤੇ ਕਈ ਸ਼ਾਹੀ ਤੋਹਫ਼ੇ ਮੱਹਲ ਚੋਂ ਚੋਰੀ ਘਰ ਲਿਜਾਂਦਾ ਹੈ। ਬਾਦਸ਼ਾਹ ਨੇ ਕਿਹਾ, ਕਿ ਸਬੂਤ ਪੇਸ਼ ਕਰੋ। ਦੂਤੀਆਂ ਨੇ ਬੀਰਬਲ ਦੇ ਨੌਕਰ ਮੂਰਖੰਦਰ ਬਹਾਦਰ ਰਾਹੀਂ ਸ਼ਾਹੀ ਖਜ਼ਾਨੇ ਚੋਂ ਦੋ ਕੀਮਤੀ ਲਾਲ, ਪੰਜ ਕਸ਼ਮੀਰੀ ਦੋਸ਼ਾਲੇ, ਤੇ ਬਹੁਤ ਸਾਰੇ ਕੀਮਤੀ ਮੋਤੀ ਹੀਰੇ ਇਕ ਸੰਦੂਕ ਵਿਚ ਬੰਦ ਕਰਕੇ ਬੀਰਬਲ ਦੇ ਸੌਣ ਵਾਲੇ ਕਮਰੇ ਵਿਚ ਰਖਾ ਦਿੱਤੇ। ਬਾਦਸ਼ਾਹ ਨੂੰ ਖ਼ਬਰ ਦਿੱਤੀ ਕਿ ਹਜ਼ੂਰ ਅੱਜ ਰਾਤ ਨੂੰ ਬਹੁਤ ਸਾਰੀਆਂ ਕੀਮਤੀ ਚੀਜਾਂ ਦੀ ਚੋਰੀ ਹੋ ਗਈ ਹੈ, ਤੇ ਖ਼ਵਾਜਾ ਸਰਾਂ ਨੇ ਬੀਰਬਲ ਨੂੰ ਇਕ ਸੰਦੂਕ ਲਿਜਾਂਦੇ ਵੇਖਿਆ ਹੈ।

ਬਾਦਸ਼ਾਹ ਕੰਨਾਂ ਦੇ ਕੱਚੇ ਹੁੰਦੇ ਹਨ, ਸੋ ਅਕਬਰ ਨੇ ਬੀਰਬਲ ਨੂੰ ਫਡ਼ਨ ਲਈ ਸਿਪਾਹੀ ਭੇਜ ਦਿੱਤੇ। ਸਿਪਾਹੀ ਸੰਦੂਕ ਸਣੇ ਬੀਰਬਲ ਨੂੰ ਹਾਜ਼ਰ ਕਰ ਦਿੱਤਾ। ਬੀਰਬਲ ਹੈਰਾਨ ਪਰੇਸ਼ਾਨ ਸਿਰ ਝੁਕਾਈ ਖਡ਼ੋਤਾ ਰਿਹਾ, ਕਿਉਂਕਿ ਉਸ ਵਿਰੁੱਧ ਸਬੂਤ ਇਤਨਾ ਪੱਕਾ ਸੀ, ਕਿ ਉਹ ਉਸਦਾ ਖੰਡਨ ਨਹੀਂ ਸੀ ਕਰ ਸਕਦਾ।

ਬਾਦਸ਼ਾਹ ਨੇ ਹੁਕਮ ਦਿੱਤਾ ਕਿ ਬੀਰਬਲ ਨੂੰ ਜੇਲ੍ਹ ਭੇਜ ਦਿੱਤਾ ਜਾਵੇ। ਸਿਪਾਹੀ ਹੁਕਮ ਦੀ ਪਾਲਣਾ ਕਰਨ ਹੀ ਵਾਲੇ ਸਨ ਕਿ ਬੀਰਬਲ ਦੀ ਪਤਨੀ ਦੌਡ਼ਦੀ ਦੌਡ਼ਦੀ ਆਈ। ਉਹ ਰੋ ਰੋ ਕੇ ਕਹਿਣ ਲੱਗੀ ਹਜ਼ੂਰ! ਮੇਰੇ ਪਤੀ ਦੀ ਜਾਨ ਬਖਸ਼ੀ ਕੀਤੀ ਜਾਵੇ। ਜੇ ਬੀਰਬਲ ਮਾਰ ਦਿੱਤਾ ਗਿਆ, ਤਾਂ ਦੁਨੀਆਂ ਤੋਂ ਮੋਤੀ ਹੀਰਿਆਂ ਦੀ ਪਾਲਕ ਮਿਟ ਜਾਏਗਾ

ਕੀ ਮਤਲਬ ?” ਬਾਦਸ਼ਾਹ ਨੇ ਪੁੱਛਿਆ।

ਹਜ਼ੂਰ! ਮੇਰੇ ਪਤੀ ਪਾਸ ਇਕ ਅਜਿਹਾ ਮਸਾਲਾ ਹੈ, ਜਿਸ ਨਾਲ ਇਹ ਹੀਰੇ ਮੋਤੀਆਂ ਦੀ ਫ਼ਸਲ ਉਗਾ ਸਕਦਾ ਹੈ, ਨਾ ਇਤਬਾਰ ਹੋਵੇ ਤਾਂ ਪਰਤਾ ਵੇਖੋ

ਅਕਬਰ ਨੇ ਬੀਰਬਲ ਤੋਂ ਪੁੱਛਿਆ, ਕਿਉਂ ਬਈ, ਇਹ ਠੀਕ ਗੱਲ ਹੈ?”

ਬਿਲਕੁਲ ਸੱਚ ਹੈ, ਹਜ਼ੂਰ!” ਬੀਰਬਲ ਨੇ ਉੱਤਰ ਦਿੱਤਾ, ਪਰ ਇਸ ਕੰਮ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਹੀਰੇ ਮੋਤੀਆਂ ਲਈ ਯੋਗ ਜ਼ਮੀਨ ਦੀ ਪ੍ਰਵਾਨਗੀ ਦਿੱਤੀ ਜਾਵੇ

ਬਾਦਸ਼ਾਹ ਨੇ ਕਿਹਾ ਮਨਜ਼ੂਰ ਹੈ, ਤੇ ਏਸੇ ਸ਼ਰਤ ਤੇ ਤੇਰੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ

ਬੀਰਬਲ ਜਾਨ ਬਚਾ ਕੇ ਘਰ ਪੁੱਜਾ ਤੇ ਪਤਨੀ ਨਾਲ ਸਲਾਹ ਕਰ ਕੇ ਬਾਦਸ਼ਾਹ ਨੂੰ ਮੁਲਾਂ ਦੋ ਪਿਆਜ਼ਾ, ਖਾਨ ਖਾਨਾਂ ਆਦਿ ਉਨ੍ਹਾਂ ਵਜ਼ੀਰਾਂ ਅਮੀਰਾਂ ਦੀ ਸੂਚੀ ਦਿੱਤੀ, ਜਿਨ੍ਹਾਂ ਉਹਨੂੰ ਫਸਾਣ ਦੀ ਕੋਸ਼ਿਸ਼ ਕੀਤੀ ਸੀ। ਸੂਚੀ ਵਿਚ ਦਰਜ਼ ਸੀ, ਕਿ ਇਹਨਾਂ ਮਕਾਨਾ ਵਾਲੀ ਥਾਂ ਹੀਰੇ ਮੋਤੀਆਂ ਦੀ ਖੇਤੀ ਲਈ ਯੋਗ ਜ਼ਮੀਨ ਹੈ।

ਬਾਦਸ਼ਾਹ ਦੀ ਪ੍ਰਵਾਨਗੀ ਤੇ ਬੀਰਬਲ ਨੇ ਉਹਨਾਂ ਸਾਰੇ ਮਕਾਨਾਂ ਨੂੰ ਢੁਹਾ ਕੇ ਉਨ੍ਹਾਂ ਤੇ ਹਲ ਫਿਰਾ ਦਿੱਤਾ, ਤੇ ਉਨ੍ਹਾਂ ਦੇ ਮਾਲਕਾਂ ਨੂੰ ਖੇਤ ਦੀਆਂ ਨੁਕਰਾਂਤੇ ਝੋਂਪਡ਼ੀਆਂ ਪਵਾ ਦਿੱਤੀਆਂ।

 ਦੂਜੇ ਦਿਨ ਭਰੇ ਦਰਬਾਰ ਵਿਚ ਬੀਰਬਲ ਪੁੱਜਾ, ਤੇ ਬੇਨਤੀ ਕੀਤੀ ਹਜ਼ੂਰ! ਖੇਤੀ ਤਿਆਰ ਹੈ, ਪਰ ਬੀਜ ਕਿਸੇ ਨੇਕ ਆਦਮੀ ਪਾਸੋਂ ਪਵਾਣਾ ਠੀਕ ਹੈ, ਮੈਂ ਤਾ ਚੋਰ ਹੋਇਆ, ਮੁਲਾਂ ਦੋ ਪਿਆਜ਼ਾ ਆਦਿ ਸਾਰੇ ਵਜ਼ੀਰ ਚੋਰ ਨਹੀਂ, ਇਸ ਲਈ ਉਹਨਾਂ ਤੋਂ ਬੀਜ ਪਵਾਓ ਜੇ ਉਹ  ਚੋਰ ਨਾ ਹੋਏ, ਤਾਂ ਮੋਤੀ ਉਗ ਪੈਣਗੇ, ਵਰਨਾ ਖੇਤੀ ਬੰਜਰ ਦੀ ਬੰਜਰ ਰਹੇਗੀ

ਅਕਬਰ ਨੇ ਆਪਣੇ ਵਜ਼ੀਰਾਂ ਵੱਲ ਦੇਖਿਆ, ਪਰ ਕੋਈ ਵੀ ਇਸ ਕੰਮ ਲਈ ਤਿਆਰ ਨਾ ਹੋਇਆ। ਇਹ ਹਾਲ ਵੇਖ ਕੇ ਬੀਰਬਲ ਕਹਿਣ ਲੱਗਾ, ਹਜ਼ੂਰ! ਇਹ ਵੀ ਚੋਰ ਹੀ ਜਾਪਦੇ ਹਨ, ਨਹੀਂ ਤਾਂ ਮੋਤੀ ਬੀਜਣ ਤੋਂ ਕਿਉਂ ਕਤਰਾਉਣ?”

ਅਕਬਰ ਬਾਦਸ਼ਾਹ ਨੂੰ ਸਾਰੀ ਗੱਲ ਸਮਝ ਆ ਗਈ। ਉਸ ਨੇ ਵਜ਼ੀਰਾਂ ਨੂੰ ਡਾਂਟ ਕੇ ਪੁੱਛਿਆ, ਠੀਕ ਠੀਕ ਦੱਸੋ, ਇਹ ਕੀ ਗੱਲ ਹੈ, ਵਰਨਾ ਸਾਰਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ

ਮੁਲਾਂ ਦੋ ਪਿਆਜ਼ਾ ਨੇ ਜਦ ਸਾਰੀ ਕਥਾ ਸੁਣਾਈ, ਕਿ ਬੀਰਬਲ ਨੇ ਚੋਰੀ ਨਹੀਂ ਸੀ ਕੀਤੀ, ਸਗੋਂ ਉਸਨੂੰ ਫਸਾਇਆ ਗਿਆ ਸੀ, ਤਾਂ ਬੀਰਬਲ ਤੇ ਦੂਤੀਆਂ ਤੇ ਤਕਡ਼ੇ ਜ਼ੁਰਮਾਨੇ ਹੋਏ, ਅਰ ਬੀਰਬਲ ਨੂੰ ਭਾਰੀ ਇਨਾਮ ਦਿੱਤਾ ਗਿਆ।


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2083083
Website Designed by Solitaire Infosys Inc.