ਪਿਆਰਾ ਸਿੰਘ ਦਾਤਾ
ਇਕ ਦਿਨ ਸ਼ਾਹੀ ਮਹੱਲ ਚੋਂ ਬਹੁਤ ਸਾਰੇ ਕੀਮਤੀ ਹੀਰੇ ਚੁਰਾਏ ਗਏ। ਸਵੇਰੇ
ਬਾਦਸ਼ਾਹ ਨੇ ਸਾਰੀ ਗਲ ਬੀਰਬਲ ਨੂੰ ਸੁਣਾਈ। ਬੀਰਬਲ ਨੇ ਸਭ ਨੌਕਰਾਂ ਨੂੰ ਬੁਲਾਇਆ, ਤੇ ਬਾਦਸ਼ਾਹ ਨੂੰ ਕਹਿਣ ਲੱਗਾ – “ਹਜ਼ੂਰ! ਜਿਸ ਜੋਤਸ਼ੀ ਵਲ ਤੁਸੀਂ ਘੱਲਿਆ ਸੀ, ਉਸ ਦੱਸਿਆ ਹੈ, ਕਿ ਜਿਸ ਨੇ ਹੀਰੇ ਚੁਰਾਏ ਹਨ, ਉਹਦੀ ਦਾਡ਼੍ਹੀ ਵਿਚ ਤੀਲਾ
ਹੋਵੇਗਾ”। ਝਟ ਇਕ
ਨੌਕਰ ਨੇ ਆਪਣੀ ਦਾਡ਼੍ਹੀ ਤੇ ਹੱਥ ਮਾਰਿਆ। ਬੀਰਬਲ ਨੇ ਉਸ ਨੂੰ ਫਡ਼੍ਹ ਲਿਆ। ਉਸਦੇ ਘਰ ਦੀ ਤਲਾਸ਼ੀ
ਤੇ ਸਾਰੇ ਗੁੰਮ ਹੋਏ ਹੀਰੇ ਲਭ ਪਏ। ਸ਼ਾਹੀ ਦੰਡ ਦੇ ਕੇ ਚੋਰ ਨੂੰ ਨੌਕਰੀਉਂ ਜਵਾਬ ਮਿਲ ਗਿਆ।
ਅਗਲੇ ਸਾਲ ਫਿਰ ਕੀਮਤੀ ਹੀਰੇ ਚੋਰੀ ਹੋ ਗਏ। ਬੀਰਬਲ ਨੂੰ ਬੁਲਾਇਆ ਗਿਆ।
ਉਸਨੇ ਸਾਰੇ ਨੌਕਰਾਂ ਨੂੰ ਇਕ ਸੋਟੀ ਦੇ ਕੇ ਕਿਹਾ – “ਜੋਤਸ਼ੀ ਨੇ ਦੱਸਿਆ ਹੈ, ਹਜ਼ੂਰ! ਚੋਰ ਦੀ ਸੋਟੀ ਰਾਤ ਨੂੰ ਇਕ ਗਿੱਠ ਲੰਮੀ ਹੋ ਜਾਵੇਗੀ, ਸਵੇਰੇ ਵੇਖਾਂਗੇ, ਜਿਸ ਦੀ ਸੋਟੀ ਬਾਕੀਆਂ ਨਾਲੋਂ
ਲੰਮੀ ਹੋਈ, ਉਹੀ
ਚੋਰ ਹੋਵੇਗਾ”।
ਇਹ ਆਖ ਕੇ ਉਸ ਨੇ ਸਾਰੇ ਨੌਕਰਾਂ ਨੂੰ ਸੋਟੀ ਤੇ ਚਾਕੂ ਦੇ ਕੇ ਵਖ ਵਖ
ਕਮਰਿਆਂ ਵਿਚ ਡਕ ਦਿੱਤਾ।
ਚੋਰ ਨੇ ਸੋਚਿਆ ਕਿ ਉਸ ਦੀ ਸੋਟੀ ਜ਼ਰੂਰ ਬਾਕੀਆਂ ਨਾਲੋਂ ਵੱਡੀ ਹੋ
ਜਾਵੇਗੀ, ਤੇ ਉਹ
ਪਕਡ਼ਿਆ ਜਾਵੇਗਾ, ਸੋ ਉਸ ਨੇ ਚਾਕੂ ਨਾਲ ਇਕ ਗਿਠ ਸੋਟੀ ਕੱਟ ਦਿੱਤੀ।
ਸਵੇਰ ਸਾਰ ਸਾਰੇ ਨੌਕਰਾਂ ਤੋਂ ਸੋਟੀਆਂ ਮੰਗਾਈਆਂ ਗਈਆਂ, ਤਾਂ ਚੋਰ ਦੀ ਸੋਟੀ ਕਟੀ ਹੋਈ ਸੀ, ਸੋ ਉਹ ਫਡ਼ ਲਿਆ ਗਿਆ। ਇਸ
ਤਰ੍ਹਾਂ ਸਾਰੇ ਚੋਰੀ ਕੀਤੇ ਹੀਰੇ ਉਸ ਦੇ ਘਰੋਂ ਨਿਕਲ ਆਏ।