ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਅਣਖੀ ਮਨੁੱਖ

ਪਿਆਰਾ ਸਿੰਘ ਦਾਤਾ

 

ਅਕਬਰ ਨੇ ਆਪਣੀ ਇਕ ਤਕਡ਼ੀ ਫੌਜੀ-ਜਿੱਤ ਪਿਛੋਂ ਸ਼ਾਹੀ ਮਹੱਲਾਂ ਦੇ ਨੇਡ਼ੇ ਹੀ ਲੰਗਰ ਜਾਰੀ ਕਰ ਦਿੱਤਾ, ਜਿਥੇ ਹਰ ਲੋਡ਼ਵੰਦ ਮੁਫ਼ਤ ਰੋਟੀ ਖਾਂਦਾ ਸੀ। ਇਸ ਤਰ੍ਹਾਂ ਇਹ ਲੰਗਰ ਕਈ ਦਿਨ ਜਾਰੀ ਰਿਹਾ।

ਇਕ ਦਿਨ ਅਕਬਰ ਤੇ ਉਸਦੇ ਦਰਬਾਰੀ ਸੈਰ ਕਰਦਿਆਂ ਲੰਗਰ ਕੋਲੋਂ ਲੰਘੇ। ਕਈ ਚੰਗੇ ਰਜੇ ਪੁੱਜੇ ਵੀ ਮੁਫ਼ਤ ਦੀਆਂ ਰੋਟੀਆਂ ਤੋਡ਼ ਰਹੇ ਸਨ। ਉਨ੍ਹਾਂ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਅਕਬਰ ਨੇ ਬੀਰਬਲ ਨੂੰ ਪੁੱਛਿਆ – “ਬੀਰਬਲ ਅਣਖੀ ਆਦਮੀ ਦੀ ਕੀ ਪਛਾਣ ਹੈ?”

ਬੀਰਬਲ ਹਜ਼ੂਰ! ਅਣਖ ਵਾਲੇ ਆਦਮੀ ਦੀ ਪਛਾਣ ਇਹ ਹੈ ਕਿ ਉਸ ਨੂੰ ਆਪਣੀਆਂ ਬਾਹਾਂ ਦੀ ਸ਼ਕਤੀ ਤੇ ਮਾਣ ਹੁੰਦਾ ਹੈ, ਤੇ ਉਹ ਆਪਣੀ ਹਕ ਹਲਾਲ ਦੀ ਕਮਾਈ ਤੇ ਸੰਤੁਸ਼ਟ ਰਹਿੰਦਾ ਹੈ। ਉਹ ਦੂਜਿਆਂ ਦੇ ਹੱਥਾਂ ਵੱਲ ਨਹੀਂ ਵੇਖਦਾ, ਸਗੋਂ ਆਪਣੀ ਕਮਾਈ ਚੋਂ ਲੋਡ਼ਵੰਦਾਂ ਦੀ ਸਹਾਇਤਾ ਕਰਦਾ ਹੈ

ਅਕਬਰ ਨੇ ਕਿਹਾ ਇਸਦੀ ਪ੍ਰੋਡ਼ਤਾ ਵਿਚ ਕੋਈ ਸਬੂਤ?”

ਬੀਰਬਲ ਹਾਲੀਂ ਸੋਚ ਹੀ ਰਿਹਾ ਸੀ ਕਿ ਉਨ੍ਹਾਂ ਨੇ ਨੇਡ਼ੇ ਹੀ ਇਕ ਬੁੱਢੇ ਆਦਮੀ ਨੂੰ ਘਾਹ ਖੋਦਦਿਆਂ ਵੇਖਿਆ। ਉਹ ਵਿਚਾਰਾ ਸਵੇਰ ਤੋਂ ਸ਼ਾਮ ਤੀਕ ਘਾਹ ਖੋਦ ਰਿਹਾ ਸੀ। ਕਪਡ਼ੇ ਉਸ ਦੇ ਫਟ ਕੇ ਲੀਰਾਂ ਹੋ ਗਏ ਸਨ, ਤੇ ਸਰੀਰ ਮੁਡ਼੍ਹਕੋ ਮੁਡ਼੍ਹਕੀ ਸੀ। ਬੀਰਬਲ ਨੇ ਉਸ ਤੋਂ ਪੁੱਛਿਆ ਭਲਿਆ ਲੋਕਾ! ਤੂੰ ਇਨੀਂ ਕਠਨ ਮਿਹਨਤ ਕਿਉਂ ਕਰ ਰਿਹਾ ਏਂ, ਜਦ ਕਿ ਤੇਰੇ ਨੇਡ਼ੇ ਹੀ ਕਈ ਦਿਨਾਂ ਤੋਂ ਮੁਫ਼ਤ ਦਾ ਸ਼ਾਹੀ ਲੰਗਰ ਜਾਰੀ ਹੈ, ਤੇ ਸਭ ਵੱਡੇ ਛੋਟੇ, ਅਮੀਰ ਗ਼ਰੀਬ ਉਥੋਂ ਭੋਜਨ ਖਾ ਰਹੇ ਹਨ

ਬੁੱਢਾ ਬੋਲਿਆ ਸਰਕਾਰ! ਆਪਣੀ ਕਿਰਤ ਕਰਕੇ ਰੋਟੀ ਖਾਣ ਵਿਚ ਸ਼ਾਹੀ ਭੋਜਨ ਨਾਲੋਂ ਵਧੇਰੇ ਸਵਾਦ ਹੈ। ਜਦ ਤੀਕ ਇਸ ਸਰੀਰ ਵਿਚ ਜਾਨ ਹੈ, ਹਕ ਹਲਾਲ ਦੀ ਕਿਰਤ ਕਮਾਈ ਕਰ ਕੇ ਖਾਵਾਂਗਾ। ਜਿਹਡ਼ੇ ਲੋਕ ਦੂਜਿਆਂ ਦੇ ਹੱਥਾਂ ਵੱਲ ਵੇਖਦੇ ਹਨ, ਉਹ ਜਿੰਦਗੀ ਦੀਆਂ ਕਠਿਨਾਈਆਂ ਤੋਂ ਡਰਨ ਵਾਲੇ ਬੁਜ਼ਦਿਲ, ਬੇ-ਗ਼ੈਰਤ, ਤੇ ਮੁਫ਼ਤ ਖੋਰੇ ਹੁੰਦੇ ਹਨ। ਮੈਂ ਅਜਿਹੇ ਜੀਵਨ ਨਾਲੋਂ ਮੌਤ ਨੂੰ ਚੰਗਾ ਸਮਝਦਾ ਹਾਂ 

ਬੀਰਬਲ ਨੇ ਕਿਹਾ ਹਜ਼ੂਰ! ਇਹ ਹੈ ਹਿੰਮਤ ਵਾਲੇ ਤੇ ਅਣਖੀ ਮਨੁੱਖਾਂ ਦੀ ਜੀਂਦੀ ਜਾਗਦੀ ਤਸਵੀਰ

ਅਕਬਰ ਬਾਦਸ਼ਾਹ ਉਸ ਬੁੱਢੇ ਤੇ ਬਡ਼ਾ ਮਿਹਰਬਾਨ ਹੋਇਆ ਤੇ ਕਹਿਣ ਲੱਗਾ ਅਸੀਂ ਤੇਰੇ ਤੇ ਬਡ਼ੇ ਖੁਸ਼ ਹਾਂ, ਮੰਗ ਜੋ ਕੁਝ ਮੰਗਣਾ ਈ

ਬੁੱਢਾ ਚੁੱਪ ਹੋ ਗਿਆ, ਮੁਲਾਂ ਨੇ ਉਸ ਦੀ ਚੁੱਪ ਤੋਡ਼ਦਿਆਂ ਹੋਇਆਂ ਕਿਹਾ –“ਬਜ਼ੁਰਗਾ! ਬਾਦਸ਼ਾਹ ਸਲਾਮਤ ਅਜ ਤੇਰੇ ਤੇ ਨਿਹਾਲ ਹਨ, ਮੂੰਹ ਮੰਗੀਆਂ ਮੁਰਾਦਾਂ ਪਾਵੇਂਗਾ, ਬੋਲ ਛੇਤੀ ਕਰ

ਬੁੱਢੇ ਨੇ ਅਸਮਾਨ ਵਲ ਹਥ ਕਰ ਕੇ ਕਿਹਾ ਮਿਹਰਬਾਨੋ! ਉਹ ਉਪਰ ਨੀਲੀ ਛਤਰੀ ਵਾਲਾ ਇਸ ਤੋਂ ਵੀ ਵੱਡਾ ਬਾਦਸ਼ਾਹ ਏ, ਜਿਸ ਦੇ ਦਰਬਾਰ ਚੋਂ ਕਈ ਵੱਡੇ ਵੱਡੇ ਬਾਦਸ਼ਾਹ ਮੰਗਾਂ ਮੰਗਦੇ ਹਨ, ਮੈਂ ਜੋ ਕੁਝ ਮੰਗਣਾ ਹੋਇਆ, ਉਸ ਦਾਤੇ ਤੋਂ ਹੀ ਮੰਗਾਂਗਾ, ਕਿਉਂਕਿ ਦਾਤਾ ਉਹ ਨ ਮੰਗੀਏ, ਮੁਡ਼ ਮੰਗਣ ਜਾਈਏ

ਬੁੱਢੇ ਦੇ ਇਹ ਸੁਨਹਿਰੀ ਕਥਨ ਸੁਣ ਕੇ ਅਕਬਰ ਤੇ ਬਾਕੀ ਦੇ ਦਰਬਾਰੀ ਬਡ਼ੇ ਪ੍ਰਸੰਨ ਹੋਏ, ਤੇ ਉਸ ਨੂੰ ਸਲਾਮ ਕਰ ਕੇ ਅੱਗੇ ਤੁਰ ਪਏ।

ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2083173
Website Designed by Solitaire Infosys Inc.