ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਸਿਆਣਾ ਕੌਣ?

ਪਿਆਰਾ ਸਿੰਘ ਦਾਤਾ

 

ਜਦ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਬੀਰਬਲ ਦੀ ਸਿਆਣਪ ਦਾ ਸਿੱਕਾ ਚੰਗੀ ਤਰ੍ਹਾਂ ਜੰਮ ਗਿਆ, ਤਾਂ ਕਈ ਦਰਬਾਰੀ ਉਸ ਤੋਂ ਖਾਰ ਖਾਣ ਲੱਗ ਪਏ। ਇਕ ਦਿਨ ਮੁਲਾਂ ਦੋ ਪਿਆਜ਼ਾ ਨੇ ਇਕ ਵਜ਼ੀਰ ਨੂੰ ਸਿਖਾ ਕੇ ਬਾਦਸ਼ਾਹ ਨੂੰ ਅਖਵਾਇਆ ਹਜ਼ੂਰ! ਮੁਲਾਂ ਦੋ ਪਿਆਜ਼ਾ ਸਿਆਣਪ ਵਿਚ ਬੀਰਬਲ ਤੋਂ ਕਿਸੇ ਤਰ੍ਹਾਂ ਵੀ ਘਟ ਨਹੀਂ, ਇਸ ਲਈ ਉਸਦਾ ਰੁਤਬਾ ਬੀਰਬਲ ਤੋਂ ਨੀਵਾਂ ਨਹੀਂ ਹੋਣਾ ਚਾਹੀਦਾਬਾਦਸ਼ਾਹ ਸਮਝ ਗਿਆ, ਕਿ ਇਹ ਲੋਕ ਬੀਰਬਲ ਨਾਲ ਦਿਲੋਂ ਖਾਰ ਖਾਂਦੇ ਹਨ।

ਉਸ ਵੇਲੇ ਦੂਰ ਸਾਰੇ ਇਕ ਉਠਾਂ ਦੀ ਕਤਾਰ ਜਾ ਰਹੀ ਸੀ। ਅਕਬਰ ਨੇ ਵਾਰੋ ਵਾਰੀ ਮੁਲਾਂ ਦੋ ਪਿਆਜ਼ਾ ਤੇ ਬੀਰਬਲ ਨੂੰ ਭੇਜਿਆ ਕਿ ਪਤਾ ਕਰ ਆਉਣ, ਉਠਾਂ ਤੇ ਕੀ ਲੱਦਿਆ ਹੋਇਆ ਹੈ?

ਜਦ ਦੋਵੇਂ ਵਾਪਿਸ ਆਏ, ਤਾਂ ਪਹਿਲਾਂ ਮੁਲਾਂ ਨੇ ਅਕਬਰ ਨੂੰ ਦੱਸਿਆ, ਕਿ ਜਨਾਬ ਉਠਾਂ ਤੇ ਰੂੰ ਲੱਦੀ ਹੋਈ ਹੈ। ਬਾਦਸ਼ਾਹ ਨੇ ਪੁੱਛਿਆ ਉਠ ਕਿਥੇ ਜਾ ਰਹੇ ਹਨ ਤੇ ਕਿਥੋਂ ਆਏ ਹਨ?”

ਮੁਲਾਂ ਹਜ਼ੂਰ! ਇਹ ਕੁਝ ਪੁੱਛਣ ਲਈ ਤਾਂ ਤੁਸੀਂ ਕਿਹਾ ਹੀ ਨਹੀਂ ਸੀ

ਫਿਰ ਬੀਰਬਲ ਦੀ ਵਾਰੀ ਆਈ।

ਬੀਰਬਲ ਕਹਿਣ ਲੱਗਾ ਸਰਕਾਰ, ਕੁਲ ਬਾਰਾਂ ਉਠ ਹਨ ਤੇ ਤਿੰਨ ਉਠ ਬਾਨ। ਮਥਰਾ ਤੋਂ ਉਠ ਆਗਰੇ ਰੂੰ ਵੇਚਣ ਜਾ ਰਹੇ ਹਨ। ਅਜ ਰਾਤ ਨੂੰ ਟਿਕਾਣੇ ਜਾ ਪੁੱਜਣਗੇ, ਤੇ ਕਲ ਵੇਚ ਕੇ ਘਰ ਪਰਤ ਜਾਣਗੇ। ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਤਿੰਨਾਂ ਭਰਾਵਾਂ ਨੂੰ ਸੌ ਰੁਪਿਆ ਇਕ ਫੇਰਾ ਬਚ ਜਾਂਦਾ ਹੈ, ਤੇ ਮਹੀਨੇ ਵਿਚ ਤਿੰਨ ਫੇਰੇ ਇਹ ਕਰਦੇ ਹਨ

ਬਾਦਸ਼ਾਹ ਇਹ ਉੱਤਰ ਸੁਣ ਕੇ ਬਡ਼ਾ ਪ੍ਰਸੰਨ ਹੋਇਆ, ਤੇ ਫਿਰ ਸਾਰੇ ਦਰਬਾਰੀਆਂ ਸਾਹਮਣੇ ਉਸ ਨੇ ਇਕ ਲਕੀਰ ਖਿੱਚੀ, ਤੇ ਕਹਿਣ ਲੱਗਾ ਇਸ ਲਾਈਨ ਨੂੰ ਹਥ ਨਾ ਲਾਇਓ, ਪਰ ਇਸ ਨੂੰ ਛੋਟੀ ਕਰ ਕੇ ਵਿਖਾਓਸਾਰੇ ਸੋਚੀਂ ਪੈ ਗਏ, ਤੇ ਉੱਤਰ ਕਿਸੇ ਨੂੰ ਅਹੁਡ਼ੇ ਹੀ ਨਾ।

ਬਾਦਸ਼ਾਹ ਨੇ ਬੀਰਬਲ ਵੱਲ ਇਸ਼ਾਰਾ ਕੀਤਾ। ਬੀਰਬਲ ਨੇ ਉਸ ਲਕੀਰ ਦੇ ਸਾਹਮਣੇ ਇਕ ਵੱਡੀ ਲਕੀਰ ਪਾ ਦਿੱਤੀ ਤੇ ਬਾਦਸ਼ਾਹ ਨੂੰ ਕਹਿਣ ਲੱਗਾ ਜਨਾਬ! ਹੁਣ ਵੇਖੋ, ਆਪ ਵਾਲੀ ਲਕੀਰ ਛੋਟੀ ਹੋ ਗਈ ਹੈ

ਬਾਦਸ਼ਾਹ ਉਸਦੀ ਸਿਆਣਪ ਤੇ ਬਹੁਤ ਖੁਸ਼ ਹੋਇਆ, ਤੇ ਕਹਿਣ ਲੱਗਾ ਅੱਜ ਦੇ ਦੋਹਾਂ ਇਮਤਿਹਾਨਾਂ ਸਮੇਂ ਤੁਸਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ  ਕਿ ਅਕਬਰ ਦੇ ਦਰਬਾਰ ਵਿਚ ਬੀਰਬਲ ਦੀ ਕਦਰ ਕਿਉਂ ਵਧੇਰੇ ਹੈਸਾਰੇ ਦਰਬਾਰੀ ਸ਼ਰਮਿੰਦੇ ਹੋ ਗਏ।

ਇਸ ਪਿਛੋਂ ਦਰਬਾਰ ਵਿਚ ਕਿੰਨਾ ਚਿਰ ਖਾਮੋਸ਼ੀ ਛਾਈ ਰਹੀ, ਤੇ ਅਖ਼ੀਰ ਬਾਦਸ਼ਾਹ ਨੇ ਬੀਰਬਲ ਤੇ ਪ੍ਰਸ਼ਨ ਕੀਤਾ ਮੇਰੇ ਸਾਰੇ ਸਰੀਰ ਤੇ ਵਾਲ ਹਨ, ਪਰ ਹਥੇਲੀ ਤੇ ਨਹੀਂ ਹਨ, ਇਸ ਦਾ ਕਾਰਨ ਕੀ ਹੈ?”

ਹਜ਼ੂਰ! ਦਾਨ ਕਰਦਿਆਂ ਕਰਦਿਆਂ ਆਪ ਦੇ ਵਾਲ ਘਸ ਗਏ ਹਨ

ਤੇ ਜਿਹਡ਼ੇ ਦਾਨ ਨਹੀਂ ਕਰਦੇ, ਉਨ੍ਹਾਂ ਦੇ ਵਾਲ ਕਿਉਂ ਨਹੀਂ ਹੁੰਦੇ?”

ਸਰਕਾਰ! ਉਨ੍ਹਾਂ ਦੇ ਦਾਨ ਲੈਂਦਿਆਂ ਲੈਂਦਿਆਂ ਘਸ ਜਾਂਦੇ ਹਨ

ਤੇ ਜਿਹਡ਼ੇ ਨਾ ਦਾਨ ਲੈਂਦੇ ਹਨ, ਤੇ ਨਾ ਦਿੰਦੇ ਹਨ, ਉਹਨਾਂ ਦੇ ਵਾਲ ਕਿਓਂ ਨਹੀਂ ਹੁੰਦੇ?”

ਹਜ਼ੂਰ! ਉਹ ਇਸੇ ਅਫ਼ਸੋਸ ਵਿਚ ਹਥ ਮਲਦੇ ਰਹੇ ਹਨ, ਕਿ ਹਾਏ ਦੁਨੀਆਂ ਵਿਚ ਆ ਕੇ ਨਾ ਦਾਨ ਦਿੱਤਾ, ਨਾ ਲਿਆ। ਇਸ ਤਰ੍ਹਾਂ ਉਨ੍ਹਾਂ ਦੇ ਵਾਲ ਘਸ ਗਏ ਹਨ

ਇਹ ਉੱਤਰ ਸੁਣ ਕੇ ਅਕਬਰ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਬੀਰਬਲ ਨੂੰ ਇਕ ਸੋਨੇ ਦਾ ਕੰਠਾ ਇਨਾਮ ਦਿੱਤਾ।


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172008
Website Designed by Solitaire Infosys Inc.