ਸੁੰਦਰ ਦਸਤਾਰ
ਪਿਆਰਾ ਸਿੰਘ ਦਾਤਾ
ਅਕਬਰ ਦੇ ਦਰਬਾਰੀਆਂ ਵਿਚ ਮੁਲਾਂ ਦੋ ਪਿਆਜ਼ਾ ਬਡ਼ੀ ਸੋਹਣੀ ਪਗਡ਼ੀ
ਬੰਨ੍ਹਦਾ ਸੀ ਤੇ ਬੀਰਬਲ ਦੀ ਢਿੱਲੀ ਪੱਗ ਸਾਰਿਆਂ ਦੇ ਮਖੌਲ ਦਾ ਕਾਰਨ ਬਣਦੀ ਸੀ। ਇਕ ਦਿਨ ਬੀਰਬਲ
ਨੇ ਬਡ਼ੀ ਮਿਹਨਤ ਨਾਲ ਸ਼ੀਸ਼ੇ ਅੱਗੇ ਕਿੰਨੀ ਵਾਰੀ ਬੰਨ੍ਹਣ ਖੋਲ੍ਹਣ ਪਿੱਛੋਂ ਬਡ਼ੀ ਸੁੰਦਰ ਦਸਤਾਰ
ਸਜਾਈ, ਤੇ
ਦਰਬਾਰ ਵਿਚ ਆ ਗਿਆ।
ਸਾਰੇ ਦਰਬਾਰੀਆਂ ਬੀਰਬਲ ਦੀ ਪਗਡ਼ੀ ਸਲਾਹੀ ਤੇ ਅਕਬਰ ਮੁਲਾਂ ਦੋ
ਪਿਆਜ਼ਾ ਨੂੰ ਕਹਿਣ ਲੱਗਾ, “ਵੇਖ ਮੁਲਾਂ, ਅੱਜ ਬੀਰਬਲ ਨੇ ਤੇਰੇ ਤੋਂ ਸੋਹਣੀ ਪਗਡ਼ੀ ਬੰਨ੍ਹੀ ਹੈ।”
ਮੁਲਾਂ ਮੁਸਕਰਾਇਆ ਤੇ ਕਹਿਣ ਲੱਗਾ, “ਹਜ਼ੂਰ! ਇਹ ਪਗਡ਼ੀ ਬੀਰਬਲ ਨੇ ਆਪ ਨਹੀਂ ਬੰਨ੍ਹੀ ਹੈ। ਬੀਰਬਲ
ਨੂੰ ਤਾਂ ਪਗਡ਼ੀ ਸਾਜਣੀ ਨਹੀਂ, ਲਪੇਟਨੀ ਆਂਦੀ ਹੈ।”
ਅਕਬਰ ਨੇ ਬੀਰਬਲ ਨੂੰ ਪੁੱਛਿਆ, ਤਾਂ ਉਸ ਸਹੁੰ ਚੁੱਕ ਕੇ ਕਿਹਾ ਕਿ ਮੈਂ ਆਪ ਪਗਡ਼ੀ
ਬੰਨ੍ਹੀ ਹੈ। ਉਧਰ ਮੁਲਾਂ ਆਪਣੀ ਜ਼ਿਦ ਤੇ ਅਡ਼ਿਆ ਹੋਇਆ ਸੀ। ਅਖ਼ੀਰ ਮੁਲਾਂ ਨੇ ਇਹ ਤਜਵੀਜ਼ ਪੇਸ਼
ਕੀਤੀ, ਕਿ
ਦਰਬਾਰ ਵਿਚ ਦੋਵੇਂ ਪਗਡ਼ੀਆਂ ਲਾਹ ਕੇ ਮੁਡ਼ ਬੰਨ੍ਹਣ। ਜੇ ਬੀਰਬਲ ਪਹਿਲਾਂ ਵਰਗੀ ਪਗਡ਼ੀ ਬੰਨ੍ਹ
ਲਵੇ, ਤਾਂ
ਸਮਝੋ ਇਸ ਆਪ ਬੰਨ੍ਹੀ ਏ, ਤੇ ਜੇ ਨਾ ਬੰਨ੍ਹ ਸਕੇ ਤਾਂ ਉਸ ਦੀ ਵਹੁਟੀ ਨੇ ਬੰਨ੍ਹੀ ਹੋਵੇਗੀ।
ਬਾਦਸ਼ਾਹ ਦੇ ਹੁਕਮ ਨਾਲ ਦੋਹਾਂ ਪਗਡ਼ੀਆਂ ਲਾਹ ਕੇ ਮੁਡ਼ ਬੰਨ੍ਹੀਆਂ।
ਮੁਲਾਂ ਦੋ ਪਿਆਜ਼ਾ ਦੀ ਪਗਡ਼ੀ ਅੱਗੇ ਵਾਂਗ ਸੀ, ਪਰ ਬੀਰਬਲ ਦੀ ਢਿਲ-ਮ-ਢਿੱਲੀ ਪਗਡ਼ੀ ਵੇਖ ਕੇ ਮਹਿਫ਼ਲ
ਵਿਚ ਖੂਬ ਹਾਸਾ ਮਚਿਆ।