ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਦਿਨ ਨਹੀਂ, ਤੰਬਾਕੂ ਰਹਿਤ ਸੰਸਾਰ ਬਣਾਓ

ਡਾ. ਰਿਪੂਦਮਨ ਸਿੰਘ

ਕੰਧ ਤੇ ਲਟਕਦਾ ਕਲੈਂਡਰ ਦੱਸ ਰਿਹਾ ਹੈ ਕਿ ਅੱਜ 31 ਮਈ ਹੈ ਅਤੇ ਸੰਸਾਰ ਤੰਬਾਕੂ ਰਹਿਤ ਦਿਵਸ ਵੀ ਹੈ। ਅੱਜ ਸੰਸਾਰ ਵਿਚ ਲਗਭਗ 2827 ਲੱਖ ਤੋਂ ਵੀ ਵੱਧ ਲੋਕ ਪੱਕੇ ਤੌਰ ਤੇ ਤੰਬਾਕੂ ਦਾ ਸੇਵਨ ਕਰ ਰਹੇ ਹਨ। ਪਿਛਲੇ ਸਾਲ ਇਹ ਅੰਕਡ਼ੇ 1190 ਸਨ, ਵਾਧਾ ਹੀ ਹੋਇਆ ਹੈ। ਤੰਬਾਕੂ ਭਾਂਵੇ ਸਿਗਰਟ, ਬੀਡ਼ੀ ਜਾਂ ਸਿਗਾਰ ਦੇ ਰੂਪ ਵਿਚ ਵਰਤੀ ਜਾ ਰਹੀ ਹੋਵੇ, ਚਾਹੇ ਜਰਦਾ, ਗੁਟਕਾ ਦੇ ਰੂਪ ਵਿਚ, ਖਤਰਨਾਕ ਹੀ ਹੈ, ਸਮੂਚੇ ਤੌਰ ਤੇ। ਤੰਬਾਕੂ ਸੰਸਾਰ ਵਿਚ ਦੂਜਾ ਸਭ ਤੋਂ ਵੱਡਾ ਮੌਤ ਦਾ ਕਾਰਣ ਹੈ। ਸੱਚਾਈ ਹੈ ਕਿ ਤੰਬਾਕੂ ਦਾ ਅਸਰ ਕੇਵਲ ਉਸ ਦੇ ਸਿੱਧੇ ਤੌਰ ਤੇ ਵਰਤੋਂ ਕਰਨ ਵਾਲਿਆਂ ਤੇ ਹੀ ਨਹੀਂ ਹੁੰਦਾ ਸਗੋਂ ਤੰਬਾਕੂ ਦੇ ਧੂੰਏ ਤੋਂ ਲਗਭਗ 982 ਲੱਖ ਤੋਂ ਵੱਧ ਲੋਕ ਹਰ ਸਾਲ ਪ੍ਰਭਾਵਿਤ ਹੁੰਦੇ ਹਨ ਜਾਂ ਮਰ ਮੁੱਕ ਜਾਂਦੇ ਹਨ। ਸਿਗਰਟ,ਬੀਡ਼ੀ ਦੀ ਵਰਤੋਂ ਕਰਨ ਵਾਲਾ ਆਪ ਤਾਂ ਮਰਦਾ ਹੀ ਹੈ ਹੋਰਾਂ ਨੂੰ ਵੀ ਲੈ ਡੁੱਬਦਾ ਹੈ। ਇਹ ਮੌਤ ਵਾਂਗ ਸੱਚ ਹੈ । ਮੌਤ ਸਭ ਨੂੰ ਆਉਣੀ ਹੈ ਪਰ ਤੰਬਾਕੂ ਨਾਲ ਛੇਤੀ ਅਤੇ ਦੁੱਖ ਦਾਈ ਹੁੰਦੀ ਹੈ।

 

ਭਾਰਤ ਵਿੱਚ 18 ਵਰ੍ਹਿਆਂ ਦੀ ਉਮਰੇ ਤੱਕ ਆਉਂਦੇ-ਆਉਂਦੇ ਲਗਭਗ ਇਸ ਵਰਗ ਦੇ ਬੱਚਿਆਂ ਨੂੰ ਤੰਬਾਕੂ ਦੀ ਆਦਤ ਪੈ ਚੁੱਕੀ ਹੁੰਦੀ ਹੈ। ਕੁਡ਼ੀਆਂ ਵੀ ਪਿੱਛੇ ਨਹੀਂ ਹਨ ਇਸ ਬੀਮਾਰੀ ਤੋਂ, ਤਕਰੀਬਨ 39 ਫ਼ੀ ਸਦੀ ਕੁਡ਼ੀਆਂ ਜੋ ਕਿ ਮਲਟੀਨੈਸ਼ਨਲ ਕੰਪਨੀਆਂ ਵਿਚ ਚੋਖੀ ਤਨਖਾਹ ਤੇ ਕੰਮ ਕਰਦੀਆਂ ਹਨ, ਇਸ ਲਤ ਦੀ ਗਿਰਫ਼ਤ ਵਿਤ ਆ ਗਈਆਂ ਹਨ। ਨਾਈਟ-ਕੱਲਬਾਂ ਦੀ ਜਾਨ ਅਤੇ ਸ਼ਾਨ ਜੋ ਹਨ, ਸਿਗਰਟ, ਬੀਡ਼ੀਆਂ ਅਤੇ ਸਿਗਾਰ ਅਤੇ ਹੋਰ ਨਸ਼ੇ। ਇਸ ਵਿਚ ਟੀ.ਵੀ.ਚੈਨਲਾਂ ਦਾ ਚੰਗਾ ਖਾਸਾ ਯੋਗਦਾਨ ਹੈ। ਵਿਦੇਸ਼ਈ ਫ਼ਿਲਮਾਂ ਨੇ ਸਾਨੂੰ ਬਹੁਤ ਉਸਤਾਹਿਤ ਕੀਤਾ ਹੈ। ਸਾਹਿਤ ਵਿਚ ਰੱਬ ਨੂੰ ਮਿਲਾਣ ਵਾਲਿਆਂ ਵਲੋਂ ਕਿਸੇ ਨਾ ਕਿਸੇ ਕਿਸਮ ਦਾ ਨਸ਼ੇ ਲਈ ਧਰਮ ਦੇ ਨਾਮ ਤੇ ਸਹਾਰਾ ਲਿੱਤਾ ਜੋ ਗਲਤ ਵੀ ਹੈ ਅਤੇ ਗੈਰ-ਧਾਰਮਿਕ ਵੀ।

 

ਖੋਜਾਂ ਨੇ ਦੱਸਿਆ ਹੈ ਕਿ ਤੰਬਾਕੂ ਦੇ ਧੂੰਏ 67 ਤੋਂ ਵੱਧ ਰਸਾਇਣ ਸਿੱਧੇ ਤੌਰ ਤੇ ਫੇਫਡ਼ਿਆਂ ਦੇ ਕੈਂਸਰ ਨੂੰ ਜਨਮ ਦਿੰਦੇ ਹਨ ਅਤੇ ਇਹ ਧੂੰਆਂ ਕੈਂਸਰ ਨੂੰ ਵਧਣ ਫੈਲਣ ਵਿਚ ਸਹਾਇਤਾ ਕਰਦਾ ਹੈ। ਤੰਬਾਕੂ ਨਾਲ ਦਿਲ ਦੀ ਬੀਮਾਰੀ, ਸਾਹ, ਦਮਾ, ਦਿਮਾਗੀ ਤਬਦੀਲੀਆਂ, ਅਪੰਗਤਾ ਆਦਿ ਪਤਾ ਨਹੀਂ ਕੀ ਕੀ ਬੀਮਾਰੀਆਂ ਲਗ ਜਾਂਦੀ ਆਂ ਹਨ।

 

ਮੇਰੇ ਪੰਜਾਬ ਵਿਚ ਤੰਬਾਕੂ ਦੇ ਭੂਤ ਨੇ ਲਗਭਗ 91 ਪ੍ਰਤੀਸ਼ਤ ਸਮਾਜ ਨੂੰ ਅਪਣੀ ਬੁੱਕਲ ਵਿਚ ਲੁਕੋ ਲਿਆ ਹੈ ਅਤੇ ਪਾਲ ਪੋਸ ਕੇ ਤਬਾਹੀ ਵੱਲ ਧਰੂ ਰਿਹਾ ਹੈ। ਕੋਈ ਵੀ ਨਹੀਂ ਬਚ ਪਾ ਰਿਹਾ ਇਸ ਖਤਰਨਾਕ ਜਿੰਨ ਤੋਂ। ਤੰਬਾਕੂ ਦੀ ਵਰਤੋਂ ਕਰਨ ਵਾਲੇ ਭਾਰਤੀ ਆਪਣੀ ਸਿਹਤ ਤਾਂ ਖਰਾਬ ਕਰ ਹੀ ਰਹੇ ਹਨ ਨਾਲ ਨਾਲ ਲਗਭਗ 456 ਲੱਖ ਭਾਰਤੀ ਬੱਚਿਆਂ ਨੂੰ ਗਰਭ ਵਿਚ ਜਾਂ ਜਨਮ ਬਾਅਦ ਇਸ ਦੇ ਧੂੰਏ ਵਿਚ ਸਾਹ ਦਿਵਾਕੇ ਬੀਮਾਰ ਕਰ ਰਹੇ ਹਨ।

 

ਸਾਰੇ ਕਹਿੰਦੇ ਹਨ ਕਿ ਪਹਿਲੋਂ ਪਹਿਲ ਸਮਾਜ ਨੂੰ ਇਸ ਬਾਰੇ ਸੁਚੇਤ ਕਰੋ, ਸੁਚੇਤ ਤਾਂ 31 ਮਈ 1987 ਤੋਂ ਸੰਸਾਰ ਕਰ ਰਿਹਾ ਹੈ, ਪਰ ਇਸ ਦਾ ਕੋਈ ਅਸਰ ਨਹੀਂ ਦਿਖ ਰਿਹਾ। ਕਿਉਂਕਿ ਸਾਰਵਜਨਿਕ ਥਾਂ ਤੇ ਵਰਤੋਂ ਤੇ ਰੋਕ ਹੈ ਪਰ ਵੇਚਣ ਤੇ ਨਹੀਂ। ਇਸੇ ਲਈ ਬਸ-ਸਟੈਂਡਾਂ, ਰੇਲਵੇ ਸਟੇਸ਼ਨਾਂ ਅਤੇ ਬਾਜ਼ਾਰਾਂ ਵਿਚ ਧਡ਼ਲੇ ਨਾਲ ਵਿਕ ਰਿਹਾ ਹੈ ਸਾਰਾ ਸਾਜੋ-ਸਮਾਨ। ਕੋਈ ਰੋਕ-ਟੋਕ ਨਹੀਂ, ਕੋਈ ਸਜ਼ਾ ਨਹੀਂ ਇਨ੍ਹਾਂ ਵੇਚਣ ਵਾਲਿਆਂ ਅਤੇ ਤਿਆਰ ਕਰਨ ਵਾਲਿਆਂ ਨੂੰ। ਖਾਣ ਵਾਲੇ ਨੂੰ ਕਿਵੇਂ ਰੋਕ ਸਕਦੇ ਹਾਂ। ਮੇਰੇ ਸ਼ਹਿਰ ਪਟਿਆਲਾ ਵਿਚ ਸਰਕਾਰੀ ਹੁਕਮ ਲਾਗੂ ਹੋਇਆਂ 8 ਮਹੀਨੇ ਹੋ ਗਏ ਹਨ ਪਰ ਖਾਨਾ-ਪੂਰਤੀ ਲਈ, ਸਿਰਫ਼ ਚਾਰ ਚਲਾਨ ਹੀ ਕੱਟੇ ਗਏ ਹਨ ਅੱਜ ਤੱਕ। ਇਸ ਤੋਂ ਲਗਦਾ ਨਹੀਂ ਕਿ ਪੰਜਾਬ ਵਿਚ ਤੰਬਾਕੂ-ਨੋਸ਼ੀ ਬੰਦ ਹੋ ਗਈ ਹੈ, ਕਾਲਾ ਝੂਠ ਹੈ ਇਹ।

 

ਭਾਰਤ ਸਰਕਾਰ ਵਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਤੇ ਅੱਜ 31 ਮਈ 2009 ਤੋਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ ਜਿਸ ਅਧੀਨ ਤੰਬਾਕੂ ਦੇ ਪੈਕਟਾਂ ਤੇ ਫੋਟੋਆਂ ਸਹਿਤ ਚੇਤਾਵਨੀਆਂ ਛਾਪਣਾ ਕਾਨੂੰਨ ਲਾਜ਼ਮੀ ਕਰਾਰ ਦਿੱਤਾ ਗਿਆ ਹੈ, ਫਿਰ ਵਿਕਦੇ ਖੁੱਲ੍ਹੇ ਤੰਬਾਕੂ ਤੇ ਕੀ ਛਾਪਾਂਗੇ?

 

ਸੱਚ ਤੰਬਾਕੂ ਵਾਂਗ ਕੌਡ਼ਾ ਹੈ, ਅਸਲ ਵਿਚ ਅਸੀਂ ਸਾਰੇ ਇਸ ਮਾਡ਼ੀ ਲਤ ਦੀ ਜਡ਼੍ਹ ਹੀ ਨਹੀਂ ਮੁਕਾਉਣਾ ਚਾਹੁੰਦੇ। ਸਿਰਫ਼ ਬੈਨਰ ਜਾਂ ਪੋਸਟਰ ਲਗਾਉਣ ਨਾਲ ਇਸ ਬੁਰਾਈ ਤੋਂ ਨਿਜ਼ਾਤ ਨਹੀਂ ਪਾਈ ਜਾ ਸਕਦੀ। ਛੁਟਕਾਰਾ ਪਾਉਣ ਲਈ ਮਨ ਪੱਕਾ ਕਰਨਾ ਹੋਵੇਗਾ ਤੇ ਹਰ ਉਸ ਨੂੰ ਰੋਕਣਾ ਹੋਵੇਗਾ ਜੋ ਇਸ ਦੀ ਵਰਤੋਂ ਕਰ ਰਿਹਾ ਹੋਵੇ ਭਾਵੇਂ ਉਸ ਕੋਈ ਵੀ ਕਿਉਂ ਨਾ ਹੋਵੇ।

 ਪੰਜਾਬ ਨੂੰ ਮੋਢੀ ਹੋਣਾ ਪਵੇਗਾ ਇਸ ਕਾਰਜ ਲਈ। ਉਹ ਵੀ ਮੌਜੂਦਾ ਸਰਕਾਰ ਨੂੰ, ਕਿਉਂਕਿ ਪੰਜਾਬ ਵਿਚ ਧਾਰਮਿਕ ਅਤੇ ਸਿਧਾਂਤਕ ਤੌਰ ਤੇ ਤੰਬਾਕੂ ਦੀ ਸਿੱਧੇ ਅਤੇ ਅਸਿੱਧੇ ਰੂਪ ਵਿਚ ਵਰਤੋਂ ਦੀ ਸਖ਼ਤ ਮਨਾਹੀ ਹੈ। ਪੰਜਾਬ ਵਿਚ ਇਸ ਦੀ ਆਮਦ ਹੀ ਰੋਕ ਦਿੱਤੀ ਜਾਵੇ, ਕਿਉਂਕਿ ਇਨ੍ਹਾਂ ਵਿਚੋਂ ਕਿਸੇ ਵੀ ਵਸਤੂ ਦੀ (ਬੀਡ਼ੀ, ਸਿਗਰਟ, ਪਾਨ, ਸਿਗਾਰ) ਪੰਜਾਬ ਵਿਚ ਪੈਦਾਵਾਰ ਨਹੀਂ ਹੁੰਦੀ ਅਤੇ ਨਾਂ ਬਣਦੀ ਹੈ। ਹੁਣ ਸਰਕਾਰ ਨੂੰ ਲੋਕ ਹਿੱਤ ਵਿਚ ਹੁਕਮ ਜਾਰੀ ਕਰ ਦੇਣਾ ਚਾਹੀਦਾ ਹੈ। ਸਾਰਾ ਸੰਸਾਰ ਸਾਡੇ ਨਾਲ ਹੋਵੇਗਾ। ਫਿਰ ਜਿਹਡ਼ੇ ਇਸ ਦੀ ਵਰਤੋਂ ਤੋਂ ਨਾ ਰੁਕਨ ਉਨ੍ਹਾਂ ਦੇ ਲੱਲ੍ਹੇ ਪਾ ਦੇਣੇ ਚਾਹੀਦੇ ਹਨ, ਕੁੱਟ-ਕੁੱਟ ਦੇ, ਆਖ਼ਰ ਅਸੀਂ ਪੀਰ ਹਾਂ ਡੰਡੇ ਦੇ, ਕਿਉਂਕਿ ਡੰਡੇ ਮੂਹਰੇ ਹੀ ਭੂਤ ਨੱਚਦਾ ਹੈਸਿਰਫ ਕਾਗਜ਼ੀ ਕਾਰਵਾਈ ਨਾਲ ਕੁਝ ਨਹੀਂ ਹੋਣ ਲੱਗਾ।

 

ਹੁਣ ਸਮਾਂ ਵੀ ਹੈ ਦਿਨ ਵੀ ਹੈ, ਅਦਾਲਤਾਂ ਵੀ ਨਾਲ ਹਨ, ਬਸ ਮੂਲ ਜਡ਼੍ਹੋਂ ਹੀ ਪੁੱਟ ਸੁੱਟੀਏ। ਹਿੰਮਤ ਕਰੀਏ ਕੁਝ, ਅਸਲ ਵਿਚ ਕਰ ਵਿਖਾਉਣ ਦਾ, ਨਾ ਕੇ ਰੈਲੀਆਂ ਤੇ ਬੈਠਕਾਂ ਦਾ, ਫੋਟੋ ਛਪਵਾਉਣ ਦਾ, ਬਸ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਜਿੱਤ ਦਾ ਨਗਾਡ਼ਾ ਵਜਾ ਹੀ ਦੇਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ।

 ਡਾ. ਰਿਪੂਦਮਨ ਸਿੰਘ

134-ਐਸ, ਸੰਤ ਨਗਰ, ਪਟਿਆਲਾ

98152 00134


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2031275
Website Designed by Solitaire Infosys Inc.